ਯੁਵਰਾਜ ਸਿੰਘ ਦੀ ਸੰਸਥਾ ਦਾ ਬ੍ਰੈਸਟ ਕੈਂਸਰ ਬਾਰੇ ਇਸ਼ਤਿਹਾਰ ਵਿਵਾਦਾਂ 'ਚ ਕਿਉਂ ਹੈ? ਕੀ ਮਕਸਦ ਪੂਰਾ ਹੋ ਗਿਆ

ਤਸਵੀਰ ਸਰੋਤ, Getty Images
ਸਾਬਕਾ ਕ੍ਰਿਕਿਟਰ ਯੁਵਰਾਜ ਸਿੰਘ ਦੀ ਸੰਸਥਾ ਯੂ ਵੀ ਕੈਨ ਬ੍ਰੈਸਟ ਕੈਂਸਰ ਨਾਲ ਜੁੜੇ ਆਪਣੇ ਇੱਕ ਇਸ਼ਤਿਹਾਰ ਕਾਰਨ ਵਿਵਾਦਾਂ ਵਿੱਚ ਆ ਗਈ ਹੈ।
ਇਸ ਸੰਸਥਾ ਨੇ ਦਿੱਲੀ ਮੈਟਰੋ ਵਿੱਚ ਇੱਕ ਇਸ਼ਤਿਹਾਰ ਦਿੱਤਾ ਸੀ, ਜਿਸ ਬਾਰੇ ਸੋਸ਼ਲ ਮੀਡੀਆ ਵਰਤਣ ਵਾਲੇ ਕਈ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਹਨ।
ਵਿਵਾਦ ਤੋਂ ਬਾਅਦ ਦਿੱਲੀ ਮੈਟਰੋ ਨੇ ਕਿਹਾ ਹੈ ਕਿ ਇਹ ਇਸ਼ਤਿਹਾਰ ਹਟਾ ਦਿੱਤਾ ਗਿਆ ਹੈ।
ਉੱਥੇ ਹੀ ਸੰਸਥਾ ਨੇ ਕਿਸੇ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, “ਸਾਡਾ ਮਕਸਦ ਇਸ ਇਸ਼ਤਿਹਾਰ ਰਾਹੀਂ ਬ੍ਰੈਸਟ ਕੈਂਸਰ ਬਾਰੇ ਜਾਗਰੂਕਤਾ ਫੈਲਾਉਣਾ ਸੀ, ਅਸੀਂ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਸੀ।”

ਵਿਵਾਦ ਸ਼ੁਰੂ ਕਿਵੇਂ ਹੋਇਆ
ਬੁੱਧਵਾਰ 23 ਅਕਤੂਬਰ ਨੂੰ ਦਿੱਲੀ ਮੈਟਰੋ ਵਿੱਚ ਬ੍ਰੈਸਟ ਕੈਂਸਰ ਨਾਲ ਜੁੜਿਆ ਇੱਕ ਇਸ਼ਤਿਹਾਰ ਪਬਲਿਸ਼ ਹੋਇਆ ਜਿਸ ਵਿੱਚ ਬ੍ਰੈਸਟ ਦੀ ਤੁਲਨਾ ਸੰਤਰਿਆਂ ਨਾਲ ਕੀਤੀ ਗਈ ਸੀ।
ਛਾਤੀ ਦੇ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਦਾਅਵਾ ਕਰਨ ਵਾਲੇ ਇਸ਼ਤਿਹਾਰ ਵਿੱਚ ਕਿਹਾ ਗਿਆ, “ਚੈਕ ਯੂਅਰ ਆਰੇਂਜ ਵਨਸ ਇਨ ਮੰਥ”।
ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਵਰਤਣ ਵਾਲੇ ਕਈ ਲੋਕਾਂ ਨੇ ਸਵਾਲ ਖੜ੍ਹੇ ਕੀਤੇ।
ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ਉੱਤੇ ਪੱਤਰਕਾਰ ਰਿਤੁਪਰਣਾ ਚਟਰਜੀ ਨੇ ਦਿੱਲੀ ਮੈਟਰੋ ਉੱਤੇ ਲੱਗੇ ਇਸ ਪੋਸਟਰ ਦੀ ਤਸਵੀਰ ਸਾਂਝੀ ਕੀਤੀ।
ਉਨ੍ਹਾਂ ਨੇ ਲਿਖਿਆ, “ਯੁਵਰਾਜ ਸਿੰਘ ਦੀ ਸੰਸਥਾ ਨੇ ਬ੍ਰੈਸਟ ਕੈਂਸਰ ਨਾਲ ਜੁੜੇ ਇਸ਼ਤਿਹਾਰ ‘ਚੈਕ ਯੂਅਰ ਆਰੇਂਜ’ ਨਾਲ ਜੁੜੇ ਮੇਰੇ ਸਵਾਲ ਦਾ ਜਵਾਬ ਦਿੰਦਿਆਂ ਇਸ ਨੂੰ ‘ਬੋਲਡ ਕ੍ਰਿਏਟਿਵ ਚੁਆਇਸ’ ਦੱਸਿਆ ਹੈ। ਮੈਂ ਇਸ ਨਾਲ ਸਹਿਮਤ ਨਹੀਂ ਹਾਂ।”
ਐਕਸ ਉੱਤੇ ਪੋਸਟ ਕਰਦਿਆਂ ਕਿਸੇ ਨੇ ਲਿਖਿਆ, “ਬ੍ਰੈਸਟ ਕੈਂਸਰ ਬਾਰੇ ਜਾਗਰੂਕਤਾ ਲਿਆਉਣ ਲਈ ਦਿੱਲੀ ਮੈਟਰੋ ਵਿੱਚ ਪੋਸਟਰ ਲਾਏ ਗਏ ਹਨ। ਇਹ ਪੋਸਟਰ ਯੁਵਰਾਜ ਸਿੰਘ ਦੀ ਸੰਸਥਾ ਨੇ ਲਾਏ ਹਨ ਅਤੇ ਇਨ੍ਹਾਂ ਵਿੱਚ ਔਰਤਾਂ ਦੀ ਬ੍ਰੈਸਟ ਦੀ ਤੁਲਨਾ ਆਰੇਂਜ ਨਾਲ ਕੀਤੀ ਗਈ ਹੈ।”
''ਕੋਈ ਵੀ ਇਸ ਆਈਡੀਏ ਨੂੰ ਦੇਖੇਗਾ ਤਾਂ ਔਰਤਾਂ ਪ੍ਰਤੀ ਅਸੰਵੇਦਨਸ਼ੀਲ ਦੇਖੇਗਾ।''
ਇੱਕ ਹੋਰ ਨੇ ਲਿਖਿਆ, “ਕੀ ਤੁਹਾਡਾ ਦਿਮਾਗ ਸਹੀ ਹੈ ਇਸ ਇਸ਼ਤਿਹਾਰ ਲਈ ਕੌਣ ਜ਼ਿੰਮੇਵਾਰ ਹੈ, ਇਹ ਪੂਰੀ ਤਰ੍ਹਾਂ ਸੰਵੇਦਨਾਹੀਣ ਹੈ।“
ਕਿਸੇ ਨੇ ਲਿਖਿਆ, “ਤੁਹਾਡੀ ਕੈਂਸਰ ਨਾਲ ਲੜਨ ਦੀ ਲੜਾਈ ਪ੍ਰੇਰਣਾ ਦਿੰਦੀ ਹੈ। ਲੇਕਿਨ ਇਸ਼ਤਿਹਾਰ ਦੇਣ ਵਾਲੀ ਇਸ ਕੰਪਨੀ ਨੂੰ ਬਦਲ ਦਿਓ। ਬ੍ਰੈਸਟ ਦੀ ਆਰੇਂਜ ਨਾਲ ਤੁਲਨਾ ਕਰਨਾ ਸਹੀ ਨਹੀਂ ਹੈ।”

ਤਸਵੀਰ ਸਰੋਤ, @PoojaPriyam_
ਦਿੱਲੀ ਮੈਟਰੋ ਨੇ ਕੀ ਕਿਹਾ
ਦਿੱਲੀ ਮੈਟਰੋ ਨੇ ਕਿਹਾ ਕਿ ਬੁੱਧਵਾਰ ਯਾਨੀ 23 ਅਕਤੂਬਰ ਨੂੰ ਰਾਤ 7.45 ਵਜੇ ਹੀ ਇਸ ਇਸ਼ਤਿਹਾਰ ਨੂੰ ਹਟਾ ਦਿੱਤਾ ਗਿਆ ਹੈ।

ਤਸਵੀਰ ਸਰੋਤ, Getty Images
ਦਿੱਲੀ ਮੈਟਰੋ ਨੇ ਐਕਸ ਉੱਤੇ ਲਿਖਿਆ, “ਦਿੱਲੀ ਮੈਟਰੋ ਟਰੇਨ ਵਿੱਚ ਕੈਂਸਰ ਦੀ ਜਾਗਰੂਕਤਾ ਨਾਲ ਜੁੜਿਆ ਇੱਕ ਇਸ਼ਤਿਹਾਰ ਲਾਇਆ ਗਿਆ ਸੀ। ਡੀਐੱਮਆਰਸੀ ਨੇ ਇਸ ਨੂੰ ਸਹੀ ਨਹੀਂ ਪਾਇਆ ਅਤੇ ਤੁਰੰਤ ਕਾਰਵਾਈ ਕੀਤੀ।”
“ਇਹ ਇਸ਼ਤਿਹਾਰ 23 ਅਕਤੂਬਰ ਨੂੰ ਇੱਕ ਵਾਰ ਮੈਟਰੋ ਟਰੇਨ ਵਿੱਚ ਦਿਖਾਈ ਦਿੱਤਾ ਅਤੇ ਉਸੇ ਦਿਨ 7.45 ਵਜ ਹਟਾ ਲਿਆ ਗਿਆ। ਡੀਐੱਮਆਰਸੀ ਲੋਕਾਂ ਦੀਆਂ ਭਾਵਨਾਵਾਂ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੈ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਉਤਸ਼ਾਹਿਤ ਨਹੀਂ ਕਰਦਾ।”
ਦਿੱਲੀ ਮੈਟਰੋ ਨੇ ਅੱਗੇ ਲਿਖਿਆ, “ਇਹ ਇਸ਼ਤਿਹਾਰ ਸਹੀ ਨਹੀਂ ਸੀ ਅਤੇ ਇਹ ਜਨਤਕ ਥਾਵਾਂ ਉੱਤੇ ਇਸ਼ਤਿਹਾਰ ਲਾਉਣ ਦੀਆਂ ਘੱਟੋ-ਘੱਟ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ। ਦਿੱਲੀ ਮੈਟਰੋ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਭਵਿੱਖ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਇਸ਼ਤਿਹਾਰ ਮੈਟਰੋ ਵਿੱਚ ਜਾਰੀ ਨਾ ਹੋ ਸਕੇ।”

ਯੁਵਰਾਜ ਸਿੰਘ ਦੀ ਸੰਸਥਾ ਨੇ ਕੀ ਕਿਹਾ
ਹਾਲਾਂਕਿ ਯੁਵਰਾਜ ਸਿੰਘ ਦੀ ਸੰਸਥਾ ਨੇ ਆਪਣੇ ਬਿਆਨ ਵਿੱਚ ਇਸ ਇਸ਼ਤਿਹਾਰ ਦਾ ਬਚਾਅ ਕੀਤਾ ਸੀ।
ਸੋਸ਼ਲ ਮੀਡੀਆ ਉੱਤੇ ਪੱਤਰਕਾਰ ਰਿਤੁਪਰਣਾ ਚਟਰਜੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਸੰਸਥਾ ਨੇ ਕਿਹਾ,“ਅਸੀਂ ਜਾਣਦੇ ਹਾਂ ਕਿ ਲੋਕਾਂ ਨਾਲ ਬ੍ਰੈਸਟ ਕੈਂਸਰ ਦੇ ਬਾਰੇ ਖੁੱਲ੍ਹ ਕੇ ਗੱਲ ਕਰਨਾ ਕਿੰਨਾ ਮੁਸ਼ਕਿਲ ਹੈ।
''ਇਹ ਅਜਿਹਾ ਵਿਸ਼ਾ ਹੈ ਜਦੋਂ ਤੱਕ ਕੋਈ ਉਨ੍ਹਾਂ ਦਾ ਨਜ਼ਦੀਕੀ ਪ੍ਰਭਾਵਿਤ ਨਹੀਂ ਹੁੰਦਾ ਉਦੋਂ ਤੱਕ ਇਸ ਬਾਰੇ ਗੱਲ ਕਰਨ ਤੋਂ ਜ਼ਿਆਦਾਤਰ ਲੋਕ ਬਚਦੇ ਹਨ।“
ਯੂ ਵੀ ਕੈਨ ਨੇ ਕਿਹਾ, “ਇਸ਼ਤਿਹਾਰ ਲਈ ਆਰੇਂਜ ਦੀ ਵਰਤੋਂ ਕਰਨਾ ਸਾਡੀ ਬੋਲਡ ਚੁਆਇਸ ਸੀ ਅਤੇ ਅਸੀਂ ਇਸ ਬਾਰੇ ਧਿਆਨ ਨਾਲ ਸੋਚਿਆ ਸੀ। ਇਸਦਾ ਮਸਕਸ ਕੈਂਸਰ ਬਾਰੇ ਚੁੱਪੀ ਨੂੰ ਤੋੜਨਾ ਸੀ।”
“ਅਸੀਂ ਅਜਿਹਾ ਕੋਈ ਇਸ਼ਤਿਹਾਰ ਇਸਤੇਮਾਲ ਨਹੀਂ ਕਰਾਂਗੇ ਜਿਸ ਨਾਲ ਤੁਹਾਨੂੰ ਦੁੱਖ ਪਹੁੰਚੇ। ਸਾਨੂੰ ਲਗਦਾ ਹੈ ਕਿ ਇਸ ਇਸ਼ਤਿਹਾਰ ਨੇ ਢੁੱਕਵੀਂ ਸਫ਼ਲਤਾ ਹਾਸਲ ਕੀਤੀ ਹੈ ਅਤੇ ਲੋਕ ਇਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਗੱਲ ਕਰ ਰਹੇ ਹਨ। ਸਾਡਾ ਮਕਸਦ ਲੋਕਾਂ ਦੀ ਜਾਨ ਬਚਾਉਣ ਵਾਲੇ ਕਦਮਾਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਅਸੀਂ ਇਸ ਮਕਸਦ ਉੱਤੇ ਕੰਮ ਕਰਨਾ ਜਾਰੀ ਰੱਖਾਂਗੇ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












