ਜਾਰਜੀਆ ਮੇਲੋਨੀ: ਇਟਲੀ ਦੀ ਪੀਐੱਮ, ਜੋ ਔਰਤਾਂ ਬਾਰੇ ਭੱਦੀ ਟਿੱਪਣੀ ਕਾਰਨ ਪਤੀ ਤੋਂ ਅਲੱਗ ਹੋ ਗਈ ਸੀ

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੀਆਂ ਤਸਵੀਰਾਂ ਜਿੱਥੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ, ਉੱਥੇ ਹੀ ਹੈਸ਼ਟੈਗ ਮੈਲੋਡੀ ਵੀ ਟਵਿੱਟਰ ’ਤੇ ਟਰੈਂਡ ਕਰਨ ਲੱਗਿਆ।
ਦਰਅਸਲ ਜੌਰਜੀਆ ਨੇ ਪਿਛਲੇ ਸਾਲ ਦਸੰਬਰ ਵਿੱਚ ਦੁਬਈ ਵਿੱਚ ਕਲਾਈਮੈਟ ਸਮਿੱਟ ਮੌਕੇ ਪੀਐਮ ਮੋਦੀ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਮੈਲੋਡੀ ( ਮੇਲੋਨੀ ਤੇ ਮੋਦੀ ਲਈ ਸਾਂਝਾ ਸ਼ਬਦ) ਹੈਸ਼ਟੈਗ ਵਰਤਿਆ ਸੀ।
ਦੋਵਾਂ ਦੀ ਇਸ ਦੁਵੱਲੀ ਗੱਲਬਾਤ 'ਚ ਰੱਖਿਆ ਅਤੇ ਸੁਰੱਖਿਆ ਸਹਿਯੋਗ 'ਤੇ ਚਰਚਾ ਹੋਈ।
ਇਸ ਤੋਂ ਇਲਾਵਾ, ਦੋਵਾਂ ਨੇ ਭਾਰਤ ਅਤੇ ਇਟਲੀ ਦਰਮਿਆਨ ਰੱਖਿਆ ਉਦਯੋਗਿਕ ਸਹਿਯੋਗ ਨੂੰ ਹੋਰ ਵਧਾਉਣ ਬਾਰੇ ਵੀ ਗੱਲ ਕੀਤੀ।
ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਜੀ-7 ਆਊਟਰੀਚ ਸੰਮੇਲਨ 'ਚ ਹਿੱਸਾ ਲੈਣ ਲਈ ਇਟਲੀ ਪਹੁੰਚੇ ਸਨ। ਭਾਰਤ ਜੀ-7 ਦਾ ਹਿੱਸਾ ਨਹੀਂ ਹੈ ਪਰ ਮਹਿਮਾਨ ਵਜੋਂ ਸੱਦਿਆ ਗਿਆ ਸੀ।
ਜੀ 7 ਦੀ ਮੇਜ਼ਬਾਨੀ ਕਾਰਨ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਦੇਣ ਤੋਂ ਬਾਅਦ ਜੌਰਜੀਆ ਮੇਲੋਨੀ ਭਾਰਤੀ ਤੇ ਕੌਮਾਂਤਰੀ ਮੀਡੀਆਂ ਦੀਆਂ ਸੁਰਖੀਆਂ ਵਿੱਚ ਹਨ।
ਜਾਣਦੇ ਹਾਂ ਜੌਰਜੀਆਂ ਕੌਣ ਹਨ ਤੇ ਉਨ੍ਹਾਂ ਦੇ ਸਿਆਸੀ ਸਫ਼ਰ ਬਾਰੇ ਵੀ।
ਮੇਲੋਨੀ ਕੌਣ ਹੈ

ਤਸਵੀਰ ਸਰੋਤ, Getty Images
ਆਪਣੀ ਅਲੱੜ੍ਹ ਉਮਰ ਤੋਂ ਸਿਆਸੀ ਤੌਰ ਉੱਤੇ ਸਰਗਮਰ ਰਹਿਣ ਵਾਲੇ ਜੌਰਜੀਆਂ ਨੇ ਜਦੋਂ ਇੱਕ ਸਿਆਸੀ ਪਾਰਟੀ ਬਣਾਈ ਤਾਂ ਉਹ ਸੱਤਾ ’ਤੇ ਵੀ ਕਾਬਜ ਹੋਏ।
ਰੋਮ ਵਿੱਚ ਇੱਕ ਨਵ-ਫਾਸ਼ੀਵਾਦੀ ਪਾਰਟੀ ਦੇ ਯੂਥ ਵਿੰਗ ਦੇ ਕਾਰਕੁਨ ਵਜੋਂ ਸਫ਼ਰ ਸ਼ੁਰੂ ਕਰਨ ਵਾਲੇ ਮੇਲੋਨੀ ਇਟਲੀ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੇ।
ਕਈ ਸਿਆਸੀ ਮਾਹਰਾਂ ਦੀ ਕਹਿਣਾ ਸੀ ਕਿ ਮੇਲੋਨੀ ਕਿਸਮਤ ਨਾਲ ਹੀ ਸੱਤਾ ’ਤੇ ਕਾਬਜ ਹੋਏ।

ਉਨ੍ਹਾਂ ਨੇ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਆਪਣੀ ਪਾਰਟੀ ਦੀ ਅਗਵਾਈ ਕੀਤੀ। ਉਨ੍ਹਾਂ ਨੇ 2008-11 ਤੱਕ ਦੇਸ਼ ਦੇ ਸਭ ਤੋਂ ਛੋਟੀ ਉਮਰ ਦੀ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ।
ਉਨ੍ਹਾਂ ਦੀ ਪਾਰਟੀ ਨੇ ਸਤੰਬਰ 2022 ਦੀਆਂ ਚੋਣਾਂ 26 ਫ਼ੀਸਦੀ ਵੋਟਾਂ ਜਿੱਤੀਆਂ, ਭਾਵੇਂ ਕਿ ਚਾਰ ਸਾਲ ਪਹਿਲਾਂ ਇਸ ਨੂੰ ਮਹਿਜ਼ 4.3 ਫ਼ੀਸਦੀ ਵੋਟਾਂ ਮਿਲੀਆਂ ਸਨ।
ਉਨ੍ਹਾ ਨੂੰ 2019 ਵਿੱਚ ਦਿੱਤੇ ਇੱਕ ਭਾਸ਼ਣ ਲਈ ਵੀ ਸਰਾਹਿਆ ਗਿਆ। ਜਦੋਂ ਉਨ੍ਹਾਂ ਨੇ ਕਿਹਾ ਸੀ,“ ਮੈਂ ਜਾਰਜੀਆ ਹਾਂ, ਮੈਂ ਇੱਕ ਔਰਤ ਹਾਂ, ਮੈਂ ਇੱਕ ਮਾਂ ਹਾਂ... ਮੈਂ ਈਸਾਈ ਹਾਂ।"
ਮੇਲੋਨੀ ਨੇ ਆਪਣੀ ਸਰਕਾਰ ਵਿੱਚ ਨਿਊ ਫ਼ੈਮਿਲੀ ਤੇ ਬਰਥ ਮੰਤਰੀ ਇਊਗੇਨੀਆ ਰੋਸੈਲਾ ਨੂੰ ਚੁਣਿਆ, ਜੋ ਦੇਸ਼ ਵਿੱਚ ਗਰਭਪਾਤ ਵਿਰੋਧੀ ਵਿਚਾਰਾਂ ਤੇ ਸਮਲਿੰਗੀ ਮਾਪਿਆਂ ਦੇ ਵਿਰੁੱਧ ਬੋਲਣ ਲਈ ਜਾਣੇ ਜਾਂਦੇ ਹਨ।
ਹਾਲਾਂਕਿ ਮੇਲੋਨੀ ਨੇ ਦੇਸ਼ ਵਿੱਚ ‘ਹਰ ਇੱਕ ਦੀ ਸਰਕਾਰ’ ਬਣਾਉਣ ਦਾ ਦਾਅਵਾ ਕੀਤਾ।

ਤਸਵੀਰ ਸਰੋਤ, EPA
ਮਾਂ ਨੇ ਪਾਲਿਆ
ਮੇਲੋਨੀ ਦੇ ਬਚਪਨ ਵਿੱਚ ਮਾਪੇ ਅੱਡ ਹੋ ਗਏ ਤੇ ਉਨ੍ਹਾਂ ਨੂੰ ਮਾਂ ਨੇ ਇਕੱਲਿਆਂ ਪਾਲਿਆ ਸੀ।
ਇਸ ਦੌਰਾਨ ਉਹ ਇਟਾਲੀਅਨ ਸੋਸ਼ਲ ਮੂਵਮੈਂਟ ਦੇ ਯੂਥ ਵਿੰਗ ਵੱਲ ਖਿੱਚੇ ਗਏ ਜੋ ਕਿ ਜੰਗ ਦੇ ਸਮੇਂ ਦੇ ਫਾਸ਼ੀਵਾਦੀਆਂ ਦੇ ਪਰਛਾਵਿਆਂ ਦੀ ਦੇਣ ਸੀ।
19 ਸਾਲ ਦੀ ਉਮਰ ਵਿੱਚ, ਉਨ੍ਹਾਂ ਨੂੰ 1996 ਵਿੱਚ ਇੱਕ ਪਾਰਟੀ ਕਾਰਕੁਨ ਵਜੋਂ ਫਿਲਮਾਇਆ ਗਿਆ ਸੀ।
ਉਨ੍ਹਾਂ ਨੇ ਇੱਕ ਫ਼ਰੈਂਚ ਟੀਵੀ ਪ੍ਰੋਗਰਾਮ ਵਿੱਚ ਕਿਹਾ ਸੀ ਕਿ, "ਮੈਨੂੰ ਲੱਗਦਾ ਹੈ ਕਿ ਮੁਸੋਲਿਨੀ ਇੱਕ ਚੰਗਾ ਸਿਆਸੀ ਆਗੂ ਸੀ। ਉਸ ਨੇ ਜੋ ਵੀ ਕੀਤਾ, ਇਟਲੀ ਲਈ ਕੀਤਾ। ਸਾਡੇ ਕੋਲ ਪਿਛਲੇ 50 ਸਾਲਾਂ ਵਿੱਚ ਅਜਿਹਾ ਕੋਈ ਸਿਆਸਤਦਾਨ ਨਹੀਂ ਆਇਆ।”
ਇਸ ਪ੍ਰੋਗਰਾਮ ਵਿੱਚ ਉਨ੍ਹਾਂ ਦੀ ਮਾਂ, ਅੰਨਾ ਪਰਾਟੋਰ ਦੀ ਵੀ ਇੱਕ ਕਲਿੱਪ ਵੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਖ਼ੁਦ ਦੇ ਤੇ ਆਪਣੀ ਧੀ ਦੇ ਸੱਜੇ-ਪੱਖੀ ਵਿਚਾਰਾਂ ਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਜਾਰਜੀਆ ਮੇਲੋਨੀ ਨੇ ਬਾਅਦ ਵਿੱਚ ਅੰਦੋਲਨ ਦੇ ਉੱਤਰਾਧਿਕਾਰੀ, ਨੈਸ਼ਨਲ ਅਲਾਇੰਸ ਦੀ ਵਿਦਿਆਰਥੀ ਸ਼ਾਖਾ ਦੀ ਅਗਵਾਈ ਕੀਤੀ।

ਤਸਵੀਰ ਸਰੋਤ, Getty Images
ਆਪਣੇ ਪਾਰਟਨਰ ਤੋਂ ਅਲੱਗ ਹੋਣਾ
ਮੇਲੋਨੀ ਅਕਤੂਬਰ 2023 ਵਿੱਚ ਆਪਣੇ ਸਾਥੀ ਨਾਲੋਂ ਵੱਖ ਹੋ ਗਏ ਸਨ।
ਇੱਕ ਟੀਵੀ ਹੋਸਟ ਵਜੋਂ ਕੰਮ ਕਰਦੇ ਉਨ੍ਹਾਂ ਦੇ ਸਾਥੀ ਐਂਡਰਿਆ ਗਿਆਮਬਰੁਨੋ ਵੱਲੋਂ ਆਪਣੀਆਂ ਮਹਿਲਾ ਸਹਿਕਰਮੀਆਂ ਬਾਰੇ ਵਰਤੇ ਇਤਰਾਜ਼ਯੋਗ ਸ਼ਬਦ ਇੱਕ ਟੀਵੀ ਸ਼ੋਅ ਉੱਤੇ ਪ੍ਰਸਾਰਿਤ ਕੀਤੇ ਗਏ ਸਨ।
ਇਸ ਤੋਂ ਘੰਟਿਆਂ ਬਾਅਦ ਹੀ ਮੇਲੋਨੀ ਨੇ ਆਪਣੇ ਸਾਥੀ ਨਾਲੋਂ ਵੱਖ ਹੋਣ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਸੀ।
ਮੇਲੋਨੀ ਨੇ ਦੋਵਾਂ ਦੇ ਰਿਸ਼ਤੇ ਬਾਰੇ ਕਿਹਾ ਸੀ, “ਕਰੀਬ 10 ਸਾਲਾਂ ਤੱਕ ਚੱਲਿਆ ਸਾਡਾ ਰਿਸ਼ਤਾ ਇੱਥੇ ਹੀ ਖ਼ਤਮ ਹੁੰਦਾ ਹੈ, ਸਾਡੇ ਰਾਹ ਕੁਝ ਸਮੇਂ ਤੋਂ ਵੱਖ ਵੱਖ ਰਹੇ ਹਨ, ਇਹ ਇਸ ਗੱਲ ਨੂੰ ਮੰਨਣ ਦਾ ਸਮਾਂ ਹੈ।”
ਦੋਵਾਂ ਦੀ ਮੁਲਾਕਾਤ ਸਾਲ 2015 ਵਿੱਚ ਹੋਈ ਸੀ। ਉਨ੍ਹਾਂ ਦੀ ਵੀ ਬੱਚੀ ਵੀ ਹੈ।
ਆਪਣੀ ਪੋਸਟ ਵਿੱਚ ਮੇਲੋਨੀ ਨੇ ਕਿਹਾ ਸੀ, “ਜੋ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਮੈਨੂੰ ਕਮਜ਼ੋਰ ਕਰਨ ਦੀ ਸੋਚ ਰਹੇ ਹਨ ਉਨ੍ਹਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਭਾਵੇਂ ਪਾਣੀ ਦੀ ਬੂੰਦ ਇਹ ਉਮੀਦ ਕਰ ਸਕਦੀ ਹੈ ਕਿ ਉਹ ਪੱਥਰ ਨੂੰ ਤੋੜ ਦੇਵੇਗੀ ਪਰ ਪੱਥਰ ਹਮੇਸ਼ਾ ਪੱਥਰ ਰਹਿੰਦਾ ਹੈ ਅਤੇ ਬੂੰਦ ਸਿਰਫ਼ ਪਾਣੀ ਹੈ।”












