ਜੀ7 ਕੀ ਹੈ ਜਿਸ ਵਿੱਚ ਮੋਦੀ ਹਿੱਸਾ ਲੈ ਰਹੇ ਹਨ, ਇਸ ਕੋਲ ਕਿੰਨੀ ਤਾਕਤ ਹੈ - 7 ਨੁਕਤਿਆਂ ’ਚ ਜੀ7 ਨੂੰ ਸਮਝੋ

ਜੀ 7

ਤਸਵੀਰ ਸਰੋਤ, Getty Images

ਦੁਨੀਆ ਦੇ ਸੱਤ ਸਭ ਤੋਂ ਅਮੀਰ ਦੇਸ਼ਾਂ ਦੇ ਆਗੂ ਇਹ ਫੈਸਲਾ ਕਰਨ ਲਈ ਇਟਲੀ ਵਿੱਚ ਇਕੱਠੇ ਹੋ ਰਹੇ ਹਨ ਕਿ ਗਾਜ਼ਾ ਅਤੇ ਯੂਕਰੇਨ ਵਿੱਚ ਚੱਲ ਰਹੀ ਜੰਗ ਬਾਰੇ ਕੀ ਕਰਨਾ ਹੈ।

ਜੀ-7 ਸਿਖਰ ਸੰਮੇਲਨ ਵਿੱਚ ਅਫਰੀਕਾ ਅਤੇ ਇੰਡੋ-ਪੈਸੀਫਿਕ ਖੇਤਰ ਦੇ ਆਗੂ ਵੀ ਸ਼ਾਮਲ ਹੋਣਗੇ ਅਤੇ ਉਹ ਵਿਕਾਸਸ਼ੀਲ ਦੇਸ਼ਾਂ ਨਾਲ ਆਰਥਿਕ ਸਹਿਯੋਗ 'ਤੇ ਚਰਚਾ ਕਰਨਗੇ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜੀ 7 ਕੀ ਹੈ?

ਜੀ7 (ਸੱਤ ਦਾ ਸਮੂਹ) ਦੁਨੀਆ ਦੀਆਂ ਸੱਤ ਸਭ ਤੋਂ ਵੱਡੀਆਂ ਅਖੌਤੀ "ਉੱਨਤ" ਅਰਥਵਿਵਸਥਾਵਾਂ ਦਾ ਇੱਕ ਸੰਗਠਨ ਹੈ,

ਜੋ ਕੌਮਾਂਤਰੀ ਵਪਾਰ ਅਤੇ ਅੰਤਰਰਾਸ਼ਟਰੀ ਵਿੱਤੀ ਪ੍ਰਣਾਲੀ 'ਤੇ ਹਾਵੀ ਹਨ।

ਉਹ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, ਯੂਕੇ ਅਤੇ ਸੰਯੁਕਤ ਰਾਜ ਅਮਰੀਕਾ ਹਨ।

ਰੂਸ 1998 ਵਿੱਚ ਸ਼ਾਮਲ ਹੋਇਆ ਤਾਂ ਜੀ 8 ਬਣਾਇਆ, ਪਰ 2014 ਵਿੱਚ ਕ੍ਰੀਮੀਆ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਬਾਹਰ ਕਰ ਦਿੱਤਾ ਗਿਆ।

ਚੀਨ ਆਪਣੀ ਵੱਡੀ ਆਰਥਿਕਤਾ ਤੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲਾ ਦੇ ਬਾਵਜੂਦ ਵੀ ਕਦੇ ਮੈਂਬਰ ਨਹੀਂ ਬਣਿਆ।

ਪ੍ਰਤੀ ਵਿਅਕਤੀ ਆਮਦਨ ਦੇ ਮੁਕਾਬਲਤਨ ਘੱਟ ਪੱਧਰ ਦਾ ਮਤਲਬ ਹੈ ਕਿ ਇਸ ਨੂੰ ਜੀ7 ਮੈਂਬਰਾਂ ਦੇ ਤਰੀਕੇ ਨਾਲ ਇੱਕ ਉੱਨਤ ਅਰਥਵਿਵਸਥਾ ਵਜੋਂ ਨਹੀਂ ਦੇਖਿਆ ਜਾਂਦਾ ਹੈ।

ਇਹ ਦੋਵੇਂ ਦੇਸ਼ ਰੂਸ ਤੇ ਚੀਨ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਜੀ-20 ਸਮੂਹ ਵਿੱਚ ਸ਼ਾਮਲ ਹਨ।

ਯੂਰਪੀ ਸੰਘ ਜੀ 7 ਦਾ ਮੈਂਬਰ ਨਹੀਂ ਹੈ ਪਰ ਸਾਲਾਨਾ ਸੰਮੇਲਨ ਵਿੱਚ ਸ਼ਾਮਲ ਹੁੰਦਾ ਹੈ।

ਪੂਰੇ ਸਾਲ ਦੌਰਾਨ, ਜੀ 7 ਮੰਤਰੀ ਅਤੇ ਅਧਿਕਾਰੀ ਮੀਟਿੰਗਾਂ ਕਰਦੇ ਹਨ, ਸਮਝੌਤੇ ਬਣਾਉਂਦੇ ਹਨ ਅਤੇ ਗਲੋਬਲ ਸਮਾਗਮਾਂ 'ਤੇ ਸਾਂਝੇ ਬਿਆਨ ਜਾਰੀ ਕਰਦੇ ਹਨ।

ਇਟਲੀ 2024 ਵਿੱਚ ਜੀ 7 ਦੀ ਪ੍ਰਧਾਨਗੀ ਕਰ ਰਿਹਾ ਹੈ।

ਜੌਰਜੀਆ ਮੇਲੋਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ 2024 ਦੇ ਜੀ7 ਸੰਮੇਲਨ ਦੀ ਮੇਜ਼ਬਾਨੀ ਕਰਨਗੇ

2024 ਸੰਮੇਲਨ ਲਈ ਇਟਲੀ ਦਾ ਏਜੰਡਾ ਕੀ ਹੈ?

2024 ਜੀ 7 ਸਿਖਰ ਸੰਮੇਲਨ 13 ਤੋਂ 15 ਜੂਨ ਤੱਕ ਇਟਲੀ ਦੇ ਅਪੁਲੀਆ ਵਿੱਚ ਹੋਵੇਗਾ।

ਅਕਤੂਬਰ 2022 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲਾ ਵੱਡਾ ਕੌਮਾਂਤਰੀ ਮੰਚ ਹੋਵੇਗਾ ਜਿਸਦੀ ਮੇਜ਼ਬਾਨੀ ਇਟਲੀ ਦੇ ਪ੍ਰਧਾਨ ਮੰਤਰੀ, ਜੌਰਜੀਆ ਮੇਲੋਨੀ ਕਰਨਗੇ।

ਇਟਲੀ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਸੰਮੇਲਨ ਯੂਕਰੇਨ ਅਤੇ ਗਾਜ਼ਾ ਜੰਗ, ਅਫਰੀਕਾ ਅਤੇ ਪਰਵਾਸ, ਆਰਥਿਕ ਸੁਰੱਖਿਆ ਅਤੇ ਮਨਸੂਈ ਬੁੱਧੀ (ਏਆਈ) 'ਤੇ ਕੌਮਾਂਤਰੀ ਸਹਿਯੋਗ ਵਰਗੇ ਮੁੱਦਿਆਂ 'ਤੇ ਕੇਂਦਰਿਤ ਹੋਵੇ।

ਯੂਕਰੇਨ ਅਤੇ ਗਾਜ਼ਾ ਵਿੱਚ ਜੰਗਾਂ ਬਾਰੇ ਜੀ7 ਨੇਤਾ ਕੀ ਕਰ ਸਕਦੇ ਹਨ?

ਜੀ 7 ਦੇਸ਼ਾਂ ਨੇ ਪਹਿਲਾਂ ਹੀ ਰੂਸ 'ਤੇ ਵੱਡੀ ਪੱਧਰ ਉੱਤੇ ਅਰਥਵਿਵਸਥਾ ਨਾਲ ਸਬੰਧਿਤ ਪਾਬੰਦੀਆਂ ਲਗਾਈਆਂ ਗਈਆਂ ਹਨ।

ਉਨ੍ਹਾਂ ਨੇ ਦੇਸ਼ ਨੂੰ ਅੰਤਰਰਾਸ਼ਟਰੀ ਵਪਾਰ ਅਤੇ ਵਿਸ਼ਵ ਵਿੱਤੀ ਪ੍ਰਣਾਲੀ ਤੋਂ ਰੋਕ ਦਿੱਤਾ ਹੈ।

ਉਨ੍ਹਾਂ ਨੇ ਤਕਰੀਬਨ 30 ਹਜ਼ਾਰ ਕਰੋੜ ਰੂਸੀ ਸੰਪਤੀਆਂ ਨੂੰ ਵੀ ਫ੍ਰੀਜ਼ ਕਰ ਦਿੱਤਾ ਹੈ ਜੋ ਉਨ੍ਹਾਂ ਦੇ ਖੇਤਰਾਂ ਵਿੱਚ ਰੱਖੀਆਂ ਗਈਆਂ ਸਨ, ਜਿਵੇਂ ਕਿ ਰੂਸ ਦੇ ਕੇਂਦਰੀ ਬੈਂਕਾਂ ਦੀ ਵਿਦੇਸ਼ੀ ਮੁਦਰਾ ਭੰਡਾਰ।

ਜੀ7 ਦੇਸ਼ ਹੁਣ ਕਥਿਤ ਤੌਰ 'ਤੇ ਰੂਸੀ ਸੰਪਤੀਆਂ ਤੋਂ ਪ੍ਰਾਪਤ ਵਿਆਜ ਨੂੰ ਕਰਜ਼ੇ ਦੇ ਰੂਪ ਵਿੱਚ ਯੂਕਰੇਨ ਨੂੰ ਦੇਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ।

ਇਹ 5000 ਕਰੋੜ ਡਾਲਰ ਹੋ ਸਕਦਾ ਹੈ।

3 ਜੂਨ ਨੂੰ, ਜੀ7 ਦੇਸ਼ਾਂ ਦੇ ਸਾਰੇ ਆਗੂਆਂ ਨੇ ਗਾਜ਼ਾ ਵਿੱਚ ਜੰਗ ਨੂੰ ਖਤਮ ਕਰਨ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਰੱਖੀ ਗਈ ਯੋਜਨਾ ਦਾ ਸਮਰਥਨ ਕੀਤਾ ਸੀ।

ਉਨ੍ਹਾਂ ਨੇ ਇਜ਼ਰਾਈਲ ਅਤੇ ਹਮਾਸ ਦੁਆਰਾ ਤੁਰੰਤ ਜੰਗਬੰਦੀ ਦਾ ਪ੍ਰਸਤਾਵ ਦਿੱਤਾ ਹੈ, ਸਾਰੇ ਬੰਧਕਾਂ ਦੀ ਰਿਹਾਈ, ਗਾਜ਼ਾ ਲਈ ਸਹਾਇਤਾ ਵਿੱਚ ਵਾਧਾ ਅਤੇ ਇੱਕ ਸ਼ਾਂਤੀ ਸਮਝੌਤਾ ਜੋ ਇਜ਼ਰਾਈਲ ਦੀ ਸੁਰੱਖਿਆ ਅਤੇ ਗਾਜ਼ਾ ਵਾਸੀਆਂ ਦੀ ਸੁਰੱਖਿਆ ਦੀ ਗਰੰਟੀ ਦਿੰਦਾ ਹੈ।

ਜੀ 20

ਤਸਵੀਰ ਸਰੋਤ, Getty Images

ਜੀ7 ਵਿਕਾਸਸ਼ੀਲ ਦੇਸ਼ਾਂ ਨਾਲ ਕਿਵੇਂ ਕੰਮ ਕਰ ਸਕਦਾ ਹੈ?

ਇਟਲੀ ਦੀ ਸਰਕਾਰ ਦਾ ਕਹਿਣਾ ਹੈ ਕਿ "ਵਿਕਾਸਸ਼ੀਲ ਦੇਸ਼ਾਂ ਅਤੇ ਉਭਰਦੀਆਂ ਅਰਥਵਿਵਸਥਾਵਾਂ ਨਾਲ ਸਬੰਧ ਜੀ7 ਸਿਖਰ ਸੰਮੇਲਨ ਲਈ ਕੇਂਦਰੀ ਬਿੰਦੂ ਹੋਣਗੇ।,

ਅਤੇ ਇਹ ਵੀ ਕਿ "ਆਪਸੀ ਲਾਭਕੁੰਨ ਭਾਈਵਾਲੀ ਦੇ ਅਧਾਰ 'ਤੇ ਇੱਕ ਸਹਿਯੋਗ ਮਾਡਲ ਬਣਾਉਣ ਲਈ ਕੰਮ ਕਰੇਗਾ"।

ਇਹ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਅਫਰੀਕਾ, ਦੱਖਣੀ ਅਮਰੀਕਾ ਅਤੇ ਇੰਡੋ-ਪੈਸੀਫਿਕ ਖੇਤਰ ਦੇ 12 ਵਿਕਾਸਸ਼ੀਲ ਦੇਸ਼ਾਂ ਦੇ ਆਗੂਆਂ ਨੂੰ ਸੱਦਾ ਦੇ ਰਿਹਾ ਹੈ।

ਇਟਲੀ ਨੇ ਮਾਟੇਈ ਪਲਾਨ ਨਾਮਕ ਇੱਕ ਸਕੀਮ ਬਣਾਈ ਹੈ, ਜਿਸ ਤਹਿਤ ਇਹ ਕਈ ਅਫਰੀਕੀ ਦੇਸ਼ਾਂ ਨੂੰ 550 ਕਰੋੜ ਯੂਰੋ ਦੀਆਂ ਗ੍ਰਾਂਟਾਂ ਅਤੇ ਕਰਜ਼ੇ ਦੇਵੇਗਾ। ਇਹ ਉਨ੍ਹਾਂ ਦੀ ਆਰਥਿਕਤਾ ਨੂੰ ਵਿਕਸਤ ਕਰਨ ਦਾ ਇੱਕ ਜ਼ਰੀਆ ਹੋਵੇਗਾ।

ਇਹ ਯੋਜਨਾ ਇਟਲੀ ਨੂੰ ਊਰਜਾ ਹੱਬ ਵਜੋਂ ਵੀ ਸਥਾਪਿਤ ਕਰੇਗੀ ਤੇ ਅਫਰੀਕਾ ਅਤੇ ਯੂਰਪ ਵਿਚਕਾਰ ਗੈਸ ਅਤੇ ਹਾਈਡ੍ਰੋਜਨ ਪਾਈਪਲਾਈਨਾਂ ਦਾ ਨਿਰਮਾਣ ਕਰੇਗੀ।

ਹਾਲਾਂਕਿ, ਬਹੁਤ ਸਾਰੇ ਟਿੱਪਣੀਕਾਰਾਂ ਨੂੰ ਸ਼ੱਕ ਹੈ ਕਿ ਇਹ ਇਟਲੀ ਲਈ ਅਫਰੀਕਾ ਤੋਂ ਹੋ ਰਹੇ ਪਰਵਾਸ ਨੂੰ ਰੋਕਣ ਲਈ ਇੱਕ ਕਵਰ ਹੋ ਸਕਦਾ ਹੈ।

ਇਟਲੀ ਹੋਰ ਦੇਸ਼ਾਂ ਨੂੰ ਇਸ ਸਕੀਮ ਵਿੱਚ ਵਿੱਤੀ ਯੋਗਦਾਨ ਪਾਉਣ ਲਈ ਕਹਿ ਰਿਹਾ ਹੈ।

ਜੀ 7

ਤਸਵੀਰ ਸਰੋਤ, Getty Images

ਜੀ7 ਆਰਥਿਕ ਸੁਰੱਖਿਆ ਕੀ ਕਰ ਸਕਦਾ ਹੈ

2023 ਵਿੱਚ ਜੀ 7 ਦੇ ਪ੍ਰਧਾਨ ਹੋਣ ਦੇ ਨਾਤੇ, ਜਾਪਾਨ ਨੇ ਸਮੂਹ ਨੂੰ ਕੌਮਾਂਤਰੀ ਆਰਥਿਕ ਸੁਰੱਖਿਆ ਲਈ ਇੱਕ ਯੋਜਨਾ ਬਣਾਉਣ ਉੱਤੇ ਜ਼ੋਰ ਦਿੱਤਾ।

ਜੀ7 ਨੇ ਇੱਕ ਵਿਰੋਧੀ ਸਮਝੌਤਾ ਅਪਣਾਇਆ, ਜੋ ਚੀਨ ਅਤੇ ਰੂਸ ਵਰਗੇ ਦੇਸ਼ਾਂ ਨੂੰ ਆਪਣੀ ਆਰਥਿਕ ਤਾਕਤ ਦੀ ਵਰਤੋਂ ਤੇ ਦੂਜਿਆਂ 'ਤੇ ਆਪਣੀ ਇੱਛਾ ਥੋਪਣ ਤੋਂ ਰੋਕਣ ਲਈ ਤਿਆਰ ਕੀਤਾ ਗਿਆ ਸੀ।

ਦਸੰਬਰ 2023 ਵਿੱਚ, ਇਟਲੀ ਨੇ ਚੀਨ ਦੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਤੋਂ ਬਾਹਰ ਕੱਢਿਆ ਗਿਆ। ਇਹ ਇੱਕ ਯੋਜਨਾ ਸੀ ਜਿਸ ਤਹਿਤ ਵਪਾਰ ਨੂੰ ਹੁਲਾਰਾ ਦੇਣ ਲਈ ਦੁਨੀਆ ਭਰ ਵਿੱਚ ਬੰਦਰਗਾਹਾਂ ਅਤੇ ਆਵਾਜਾਈ ਰੂਟਾਂ ਦਾ ਵਿਸਤਾਰ ਕੀਤਾ ਜਾਣਾ ਸੀ।

ਮੇਲੋਨੀ ਨੇ ਕਿਹਾ ਕਿ ਸ਼ਾਮਲ ਹੋਣਾ "ਇੱਕ ਗੰਭੀਰ ਗਲਤੀ" ਸੀ।

ਅਮਰੀਕਾ ਨੇ ਇਸ ਯੋਜਨਾ ਨੂੰ ਚੀਨ ਦੀ "ਕਰਜ਼ਾ-ਜਾਲ ਕੂਟਨੀਤੀ" ਦੱਸਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਇਟਲੀ 'ਚ ਹੋਣ ਵਾਲੇ ਸੰਮੇਲਨ 'ਚ ਜੀ7 ਆਗੂਆਂ ਦੀ ਆਰਥਿਕ ਸੁਰੱਖਿਆ 'ਤੇ ਹੋਰ ਕਾਰਵਾਈ ਕਰਨ ਲਈ ਉਤਸੁਕ ਹੈ।

ਜੀ 7

ਤਸਵੀਰ ਸਰੋਤ, Getty Images

ਏਆਈ ਖਤਰਿਆਂ ਨਾਲ ਕਿਵੇਂ ਨਜਿੱਠ ਸਕਦਾ ਹੈ?

ਏਆਈ ਦੀ ਸੁਰੱਖਿਆ ਨੂੰ ਜਾਪਾਨ ਵਿੱਚ 2023 ਦੇ ਸਿਖਰ ਸੰਮੇਲਨ ਵਿੱਚ ਉਠਾਇਆ ਗਿਆ ਸੀ ਅਤੇ ਨਤੀਜੇ ਵਜੋਂ ਹੀਰੋਸ਼ੀਮਾ ਏਆਈ ਪ੍ਰਕਿਰਿਆ ਸਾਹਮਣੇ ਆਈ, ਜਿਸਦਾ ਉਦੇਸ਼ "ਦੁਨੀਆ ਭਰ ਵਿੱਚ ਸੁਰੱਖਿਅਤ ਅਤੇ ਭਰੋਸੇਮੰਦ ਏਆਈ" ਨੂੰ ਉਤਸ਼ਾਹਿਤ ਕਰਨਾ ਸੀ।

ਹਾਲਾਂਕਿ, ਇਹ ਸਿਰਫ ਸਵੈਇੱਛਤ ਉਪਾਵਾਂ ਦਾ ਸੰਗ੍ਰਹਿ ਸੀ।

ਜੀ 7 ਸਿਖਰ ਸੰਮੇਲਨ ਏਆਈ ਸੁਰੱਖਿਆ ਲਈ ਹੋਰ ਕੌਮਾਂਤਰੀ ਨਿਯਮਾਂ ਨੂੰ ਬਣਾਉਣ 'ਤੇ ਵਿਚਾਰ ਕਰ ਸਕਦਾ ਹੈ।

ਕੀ ਜੀ 7 ਕੋਲ ਕੋਈ ਤਾਕਤ ਹੈ?

ਜੀ 7 ਕਾਨੂੰਨ ਪਾਸ ਨਹੀਂ ਕਰ ਸਕਦਾ।

ਹਾਲਾਂਕਿ, ਇਸਦੇ ਪਿਛਲੇ ਕੁਝ ਫੈਸਲਿਆਂ ਦਾ ਵਿਸ਼ਵਵਿਆਪੀ ਪ੍ਰਭਾਵ ਪਿਆ ਹੈ।

ਉਦਾਹਰਨ ਲਈ, ਜੀ 7 ਨੇ 2002 ਵਿੱਚ ਮਲੇਰੀਆ ਅਤੇ ਏਡਜ਼ ਨਾਲ ਲੜਨ ਲਈ ਇੱਕ ਗਲੋਬਲ ਫੰਡ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਯੂਕੇ ਵਿੱਚ 2021 ਜੀ7 ਸੰਮੇਲਨ ਤੋਂ ਪਹਿਲਾਂ, ਜੀ7 ਵਿੱਚ ਵਿੱਤ ਮੰਤਰੀਆਂ ਨੇ ਬਹੁ-ਰਾਸ਼ਟਰੀ ਕੰਪਨੀਆਂ ਨੂੰ ਵਧੇਰੇ ਟੈਕਸ ਅਦਾ ਕਰਨ ਲਈ ਸਹਿਮਤੀ ਦਿੱਤੀ।

ਇਸ ਨੇ ਵਿਕਾਸਸ਼ੀਲ ਦੇਸ਼ਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਕਦਮ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)