ਇਹ ਮੁੰਡਾ ਪਹਿਲਾਂ ਖ਼ਤਰਨਾਕ 'ਗੈਂਗਸਟਰ', ਫੇਰ 'ਨਸ਼ੇੜੀ' ਅਤੇ ਹੁਣ ਮੈਰਾਥਨ ਦੌੜਾਕ ਕਿਵੇਂ ਬਣਿਆ

ਤਸਵੀਰ ਸਰੋਤ, Nitin Nagarkar/BBC
- ਲੇਖਕ, ਪ੍ਰਾਚੀ ਕੁਲਕਰਨੀ
- ਰੋਲ, ਬੀਬੀਸੀ ਮਰਾਠੀ ਲਈ
“ਮੇਰਾ ਨਾਮ ਰਾਹੁਲ ਜਾਧਵ ਹੈ। ਮੈਂ ਇੱਕ ਗੈਂਗਸਟਰ ਸੀ। ਮੈਂ ਇੱਕ ਨਸ਼ੇੜੀ ਸੀ।”
ਰਾਹੁਲ ਜਾਧਵ ਨੇ ਆਪਣੇ ਬਾਰੇ ਦੱਸਦਿਆਂ ਇਹ ਤਿੰਨ ਵਾਕ ਇੱਕੋ ਲੈਅ ਵਿੱਚ ਕਹਿ ਦਿੱਤੇ।
ਰਾਹੁਲ ਨੂੰ ਦੇਖ ਕੇ ਇਨ੍ਹਾਂ ਗੱਲਾਂ ਉੱਤੇ ਯਕੀਨ ਨਹੀਂ ਹੁੰਦਾ। ਲੇਕਿਨ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਤੁਹਾਨੂੰ ਭਰੋਸਾ ਹੋ ਜਾਂਦਾ ਹੈ ਕਿ ਸਖ਼ਤ ਮਿਹਨਤ ਦੇ ਸਦਕਾ ਰਾਹੁਲ ਨੇ ਆਪਣੇ-ਆਪ ਨੂੰ ਅਪਰਾਧ ਦੀ ਦੁਨੀਆਂ ਅਤੇ ਨਸ਼ੇ ਦੀ ਦਲਦਲ ਵਿੱਚੋਂ ਕੱਢਿਆ ਹੈ।
ਕਦੇ ਮਲੇਸ਼ੀਆ ਦੇ ਇੱਕ ਡੌਨ ਲਈ ਕੰਮ ਕਰ ਚੁੱਕੇ ਰਾਹੁਲ ਹੁਣ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ। ਆਓ ਉਨ੍ਹਾਂ ਦੇ ਸਫ਼ਰ ਬਾਰੇ ਜਾਣਦੇ ਹਾਂ—

ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਨਸ਼ਾ-ਛੁਡਾਊ ਕੇਂਦਰ ਵਿੱਚ ਆਪਣੇ ਸਾਹਮਣੇ ਬੈਠੇ ਮਰੀਜ਼ਾਂ ਨੂੰ ਆਪਣੀ ਕਹਾਣੀ ਸੁਣਾਉਣ ਨਾਲ ਹੁੰਦੀ ਹੈ, ਜਿੱਥੇ ਕਾਊਂਸਲਰ ਹਨ।
ਰਾਹੁਲ ਦਾ ਜਨਮ ਮਹਾਰਾਸ਼ਟਰ ਦੇ ਡੋਂਬਿਵਲੀ ਵਿੱਚ ਹੋਇਆ। ਉਨ੍ਹਾਂ ਦਾ ਪਰਿਵਾਰ ਪਿਤਾ ਦੀ ਆਮਦਨ ਨਾਲ ਚਲਦਾ ਸੀ। ਰਾਹੁਲ ਉੱਚੀਆਂ ਇਮਾਰਤਾਂ ਅਤੇ ਆਪਣੇ ਦੋਸਤਾਂ ਦੇ ਰਹਿਣ-ਸਹਿਣ ਤੋਂ ਹੈਰਾਨ ਹੁੰਦੇ ਸਨ।
ਉਨ੍ਹਾਂ ਦਾ ਸੁਫ਼ਨਾ ਆਦਰ ਅਤੇ ਪਛਾਣ ਹਾਸਲ ਕਰਨਾ ਸੀ। ਇਸ ਲਈ ਉਨ੍ਹਾਂ ਨੇ ਪੜ੍ਹਾਈ ਅਤੇ ਖੇਡਾਂ ਤੋਂ ਲੈ ਕੇ ਅਦਾਕਾਰੀ ਤੱਕ ਕਈ ਪਾਪੜ ਵੇਲੇ। ਫਿਰ ਨੂੰ ਲੱਗਿਆ ਕਿ ਇਨ੍ਹਾਂ ਵਿੱਚ ਉਹ ਚੰਗਾ ਨਹੀਂ ਕਰ ਸਕਦੇ।
ਇਸ ਸੋਚ ਤੋਂ ਪਹਿਲਾਂ ਰਾਹੁਲ ਪੜ੍ਹਾਈ ਵਿੱਚ ਬਹੁਤ ਚੰਗੇ ਸਨ। ਲੇਕਿਨ ਹੁਣ ਉਹ ਉਨ੍ਹਾਂ ਬੱਚਿਆਂ ਦੇ ਨਾਲ ਰਹਿਣ ਲੱਗੇ ਜੋ ਪੜ੍ਹਾਈ ਦੀ ਪ੍ਰਵਾਹ ਨਹੀਂ ਕਰਦੇ ਸਨ। ਲੇਕਿਨ ਜੀਵਨ ਵਿੱਚ ਮਹਾਨ ਬਣਨ ਦੀ ਤਾਂਘ ਲਗਾਤਾਰ ਪ੍ਰਬਲ ਹੁੰਦੀ ਗਈ।
ਉਸ ਮਾਹੌਲ ਵਿੱਚ ਕੋਈ ਵੀ ਇੱਜ਼ਤ ਦੀ ਉਮੀਦ ਨਹੀਂ ਕਰ ਸਕਦਾ। ਇੱਜ਼ਤ ਦੀ ਭਾਲ ਵਿੱਚ ਉਨ੍ਹਾਂ ਦੀ ਜ਼ਿੰਦਗੀ ਨੇ ਇੱਕ ਗ਼ਲਤ ਮੋੜ ਲੈ ਲਿਆ।
ਅਪਰਾਧ ਦੀ ਦੁਨੀਆਂ ਵਿੱਚ ਪੈਰ ਰੱਖਣਾ
ਮੇਰਾ ਇੱਕ ਹੋਰ ਦੋਸਤ ਸੀ ਜੋ ਮੈਥੋਂ ਵੱਡਾ ਸੀ। ਉਹ ਕਿਸੇ ਫਾਰਮਾਸਿਊਟੀਕਲ ਕੰਪਨੀ ਲਈ ਕੰਮ ਕਰਦਾ ਸੀ ਅਤੇ ਇੱਕ ਫਲੈਟ ਵਿੱਚ ਰਹਿੰਦਾ ਸੀ।
“ਉਹ ਟਾਈ ਲਾਉਂਦਾ ਸੀ। ਸ਼ਾਦੀ-ਸ਼ੁਦਾ ਸੀ। ਉਸਦੇ ਮੂੰਹ ਤੋਂ ਅਸੀਂ ਕਦੇ ਗਾਲ੍ਹ ਨਹੀਂ ਸੁਣੀ ਸੀ। ਇੱਕ ਦਿਨ ਉਸ ਨੂੰ ਮੁੰਬਈ ਦੀ ਕ੍ਰਾਈਮ ਬ੍ਰਾਂਚ ਫੜ ਕੇ ਲੈ ਗਈ।”
ਰਾਹੁਲ ਨੂੰ ਅਖ਼ਬਾਰ ਪੜ੍ਹ ਕੇ ਪਤਾ ਲੱਗਿਆ ਕਿ ਉਸਦੇ ਕਈ ਗੰਭੀਰ ਅਪਰਾਧ ਸਨ। ਰਾਹੁਲ ਨੇ ਆਪਣੇ ਦੋਸਤ ਦੀ ਮਦਦ ਕਰਨ ਬਾਰੇ ਸੋਚਿਆ। ਉਸਦੀ ਪਤਨੀ ਤੋਂ ਪੁੱਛ ਕੇ ਉਹ ਅਦਾਲਤ ਵਿੱਚ ਉਸ ਨੂੰ ਮਿਲਣ ਪਹੁੰਚ ਗਏ। ਦੋਸਤ ਨੇ ਇੱਕ ਨੰਬਰ ਦਿੱਤਾ ਅਤੇ ਕਿਹਾ, “ਸੇਠ ਨੂੰ ਫੋਨ ਕਰ ਅਤੇ ਪੈਸੇ ਲਈ ਕਹਿ।”
“ਇਹ ਨੰਬਰ ਮੁੰਬਈ ਤੋ ਮਲੇਸ਼ੀਆ ਗਏ ਇੱਕ ਡੌਨ ਦਾ ਸੀ। ਡੌਨ ਨੇ ਮੇਰੇ ਨਾਲ ਬਹੁਤ ਸਤਿਕਾਰ ਨਾਲ ਗੱਲ ਕੀਤੀ ਅਤੇ ਮੁੰਬਈ ਵਿੱਚ ਜੋ ਕੁਝ ਵੀ ਹੋਇਆ ਉਸਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਸ ਨੂੰ ਇਸਦੀ ਉਮੀਦ ਨਹੀਂ ਸੀ। ਮੈਨੂੰ ਕੋਈ ਨਹੀਂ ਪਛਾਣਦਾ ਸੀ ਪਰ ਜਦੋਂ ਇੰਨੇ ਵੱਡੇ ਬੰਦੇ ਨੇ ਮੇਰੇ ਨਾਲ ਗੱਲ ਕੀਤੀ ਤਾਂ ਮੈਂ ਛੋਟਾ-ਆਦਮੀ ਹਵਾ ਵਿੱਚ ਉੱਡਣ ਲੱਗ ਪਿਆ। ਕੁਝ ਸਮੇਂ ਬਾਅਦ ਉਸ ਨੇ 20-25 ਲੱਖ ਰੁਪਏ ਹਵਾਲੇ ਜ਼ਰੀਏ ਭੇਜੇ।”
ਜੇਲ੍ਹ ਤੋਂ ਰਿਹਾ ਹੋ ਕੇ ਉਸ ਦੋਸਤ ਨੇ ਰਾਹੁਲ ਦੀ ਮਦਦ ਬਦਲੇ ਕੁਝ ਪੈਸੇ ਦੇਣ ਦੀ ਪੇਸ਼ਕਸ਼ ਕੀਤੀ। ਰਾਹੁਲ ਲਈ ਇਹ ਅਚੰਭੇ ਵਾਲੀ ਗੱਲ ਸੀ ਜੋ ਆਮਦਨੀ ਦਾ ਇੱਕ ਜ਼ਰੀਆ ਤਲਾਸ਼ ਰਹੇ ਸਨ। ਉਨ੍ਹਾਂ ਨੂੰ ਲੱਗਿਆ ਕਿ ਇਸ ਤਰ੍ਹਾਂ ਪੈਸੇ ਕਮਾਏ ਜਾ ਸਕਦੇ ਹਨ।

ਤਸਵੀਰ ਸਰੋਤ, Getty Images
ਉਹ ਦੱਸਦੇ ਹਨ, “ਮੈਨੂੰ ਲੱਗਿਆ ਕਿ ਹੁਣ ਮੈਂ ਉਸ ਡੌਨ ਨੂ੍ੰ ਜਾਣਦਾ ਸੀ। ਮੈਨੂੰ ਇਹ ਕੰਮ ਕਰਨ ਦੇ ਪੈਸੇ ਵੀ ਮਿਲ ਰਹੇ ਸਨ। ਇਸ ਲਈ ਅਜਿਹਾ ਕਰਨ ਵਿੱਚ ਬੁਰਾ ਹੀ ਕੀ ਸੀ। ਬੇਸ਼ੱਕ ਡਰ ਕਾਰਨ ਹੀ ਸਹੀ ਪਰ ਲੋਕ ਇੱਜ਼ਤ ਕਰਦੇ ਸਨ। ਮੈਨੂੰ ਇੱਜ਼ਤ ਚਾਹੀਦੀ ਸੀ ਸੋ ਮੈਂ ਇਹ ਰਸਤਾ ਚੁਣ ਲਿਆ।”
ਰਾਹੁਲ ਨੇ ਹਵਾਲਾ, ਫਿਰੌਤੀ ਅਤੇ ਹਥਿਆਰਾਂ ਦੀ ਵੇਚ-ਖ਼ਰੀਦ, ਵਰਗੇ ਕੰਮ ਸ਼ੁਰੂ ਕਰ ਦਿੱਤੇ।
ਕੁਝ ਸਮੇਂ ਬਾਅਦ ਜਿਸ ਗੈਂਗ ਲਈ ਉਹ ਕੰਮ ਕਰ ਰਹੇ ਸਨ ਟੁੱਟ ਗਿਆ ਅਤੇ ਹੁਣ ਉਨ੍ਹਾਂ ਦੇ ਕੰਮ ਵਿੱਚ ਇੱਕ ਨਵਾਂ ਮੋੜ ਆ ਗਿਆ।
ਪੁਲਿਸ ਨਵੇਂ ਗੈਂਗ ਨਾਲ ਜੁੜੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੀ ਸੀ। ਇਸ ਤੋਂ ਵਧਕੇ ਨਵੇਂ ਨੌਸਿਖੀਏ ਮੁੰਡਿਆਂ ਨੂੰ ਕੰਮ ਕਰਨਾ ਨਹੀਂ ਆ ਰਿਹਾ ਸੀ। ਰਾਹੁਲ ਨੇ ਕੰਮ ਬਾਹਰੋਂ ਕਰਵਾਉਣਾ ਸ਼ੁਰੂ ਕਰ ਦਿੱਤਾ।
ਰਾਹੁਲ ਦੱਸਦੇ ਹਨ ਕਿ ਮੁੰਬਈ ਵਿੱਚ ਸ਼ੂਟਰਾਂ ਦੀ ਕਮੀ ਹੋਣ ਕਾਰਨ ਬਾਹਰੋਂ ਵੀ ਮੰਗਉਣੇ ਪੈ ਰਹੇ ਸਨ। ਹੁਣ ਰਾਹੁਲ ਨੂੰ ਖ਼ੁਦ ਅੱਗੇ ਆ ਕੇ ਕੰਮ ਕਰਨਾ ਪੈ ਰਿਹਾ ਸੀ। ਜਿਸ ਕਾਰਨ ਉਨ੍ਹਾਂ ਦਾ ਤਣਾਅ ਤੇ ਡਰ ਦੋਵੇਂ ਵਧੇ।
ਇਸ ਲਈ ਉਨ੍ਹਾਂ ਨੇ ਨਸ਼ੇ ਦੀ ਮਦਦ ਲਈ ਪਰ ਫਿਰ ਨਸ਼ੇ ਦੀ ਲਤ ਦਿਨ-ਬ-ਦਿਨ ਵਧਣ ਲੱਗ ਪਈ।
“ਮੈਂ ਕਦੇ-ਕਦਾਈਂ ਤੋਂ ਲਗਾਤਾਰ ਪੀਣ ਲੱਗ ਪਿਆ ਕਿਉਂਕਿ ਹਮੇਸ਼ਾ ਡਰ ਰਹਿੰਦਾ ਸੀ ਕਿ ਪੁਲਿਸ ਨਹੀਂ ਤਾਂ ਵਿਰੋਧੀ ਗੈਂਗ ਵਾਲੇ ਮੈਨੂੰ ਮਾਰ ਦੇਣਗੇ। ਇਹ ਇੱਕ ਅਸੁਰੱਖਿਅਤ ਜ਼ਿੰਦਗੀ ਸੀ। ਫਿਰ ਮੈਂ ਅੰਗਰੇਜ਼ੀ ਦਾਰੂ ਛੱਡ ਕੇ ਦੇਸੀ ਪੀਣ ਲੱਗਿਆ ਅਤੇ ਜਦੋਂ ਦੇਸੀ ਚੜ੍ਹਨੋਂ ਹਟ ਗਈ ਤਾਂ ਮੈਂ ਹੋਰ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ।”
ਬੁਰੀ ਤਰ੍ਹਾਂ ਨਸ਼ੇ ਦੀ ਲਤ ਵਿੱਚ
ਫਿਰ ਰਾਹੁਲ ਨੇ ਇੱਕ ਤੋਂ ਬਾਅਦ ਇੱਕ ਨਸ਼ਾ ਅਜ਼ਮਾ ਕੇ ਦੇਖਿਆ ਲੇਕਿਨ ਕੁਝ ਸਮੇਂ ਬਾਅਦ ਉਹ ਬੇਅਸਰ ਹੋ ਜਾਂਦੇ ਸਨ। ਉਨ੍ਹਾਂ ਨੂੰ ਖਾਣਾ ਹਜ਼ਮ ਹੋਣਾ ਬੰਦ ਹੋ ਗਿਆ ਅਤੇ ਸਿਹਤ ਕਮਜ਼ੋਰ ਹੋਣ ਲੱਗ ਪਈ। ਰਾਹੁਲ ਦਾ ਭਾਰ ਘਟ ਕੇ ਮਸਾਂ 40-42 ਕਿੱਲੋ ਰਹਿ ਗਿਆ।
ਉਹ ਦੱਸਦੇ ਹਨ, “ਕਮਜ਼ੋਰੀ ਕਾਰਨ ਮੈਥੋਂ ਕੰਮ ਨਾ ਹੁੰਦਾ, ਸਿੱਟੇ ਵਜੋਂ ਮੈਂ ਚਿੜਚਿੜਾ ਹੋ ਗਿਆ।ਫਿਰ ਹੋਰ ਜਣਿਆਂ ਨੇ ਮੇਰੇ ਨਾਲ ਪੀਣੀ ਬੰਦ ਕਰ ਦਿੱਤੀ ਤਾਂ ਮੈਨੂੰ ਇਕਲਾਪਾ ਲੱਗਣ ਲੱਗ ਪਿਆ। ਕਦੇ-ਕਦੇ ਮੈਂ ਗ਼ਲਤੀਆਂ ਵੀ ਕਰ ਦਿੰਦਾ।”
ਰਾਹੁਲ ਦੇ ਦੋਸਤ ਤਾਂ ਦੋਸਤ ਜਿਸ ਲਈ ਉਹ ਇਨੇਂ ਸਾਲਾਂ ਤੋਂ ਕੰਮ ਕਰ ਰਹੇ ਸਨ, ਉਸ ਡੌਨ ਨੇ ਵੀ ਭਰੋਸਾ ਕਰਨਾ ਬੰਦ ਕਰ ਦਿੱਤਾ। ਫਰਵਰੀ 2007 ਨੂੰ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਉਦੋਂ ਵੀ ਨਸੇ ਵਿੱਚ ਧੁੱਤ ਸੀ।
“ਉਸ ਸਮੇਂ ਮੈਨੂੰ ਨਹੀਂ ਪਤਾ ਸੀ ਕੀ ਮੈਂ ਫੜਿਆ ਗਿਆ ਹਾਂ। ਜਦੋਂ ਹੋਸ਼ ਆਈ ਤਾਂ ਮੈਂ ਲਾਕ-ਅੱਪ ਵਿੱਚ ਸੀ। ਲਾਕ-ਅੱਪ ਵਿੱਚ ਮੈਨੂੰ ਤੋਟ ਦੇ ਲੱਛਣ ਆਉਣ ਲੱਗ ਪਏ। ਮੈਂ ਪੁਲਿਸ ਤੋਂ ਸ਼ਰਾਬ ਦੀ ਮੰਗ ਕੀਤੀ। ਪੁਲਿਸ ਨੇ ਕਿਹਾ ਤੂੰ ਵਿਆਹ ਉੱਤੇ ਆਇਆ ਹੈਂ ਜਾਂ ਕਿਸੇ ਪਾਰਟੀ ਉੱਤੇ ਜੋ ਤੈਨੂੰ ਸ਼ਰਾਬ ਚਾਹੀਦੀ ਹੈ? ਮੈਂ ਉਨ੍ਹਾਂ ਦੀਆਂ ਮਿੰਨਤਾ ਕੀਤੀਆਂ ਪਰ ਉਹ ਮੇਰੇ ਉੱਤੇ ਹੱਸਣ ਲੱਗੇ।”

ਤਸਵੀਰ ਸਰੋਤ, Getty Images
ਕੁਝ ਸਮੇਂ ਬਾਅਦ ਰਾਹੁਲ ਨੂੰ ਰਿਹਾਅ ਕਰ ਦਿੱਤਾ ਗਿਆ। ਲੇਕਿਨ ਨਸ਼ੇ ਦੀ ਲਤ ਉਨ੍ਹਾਂ ਨੂੰ ਰਿਹਾਅ ਨਹੀਂ ਕਰ ਰਹੀ ਸੀ। ਫਿਰ ਪਰਿਵਾਰ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਡਾਕਟਰ ਦੇ ਲੈ ਕੇ ਗਏ। ਇਹ ਮੁਕਤ ਆਂਗਨ ਮਾਨਸਿਕ ਸਿਹਤ ਕੇਂਦਰ ਵੀ ਸੀ ਜਿੱਥੇ ਨਸ਼ਾ ਵੀ ਛੁਡਵਾਇਆ ਜਾਂਦਾ ਸੀ। ਉਹ ਮਈ 2013 ਵਿੱਚ ਇੱਥੇ ਭਰਤੀ ਹੋ ਗਏ।
ਰਾਹੁਲ ਨਸ਼ਾ ਛੱਡਣ ਲਈ ਦ੍ਰਿੜ ਸੰਕਲਪ ਸਨ। ਲੇਕਿਨ ਸਾਵਧਾਨੀ ਹਟੀ ਤਾਂ ਦੁਰਘਟਨਾ ਘਟ ਗਈ। ਨਸ਼ੇ ਦੀ ਲਤ ਵਾਪਸ ਨਮੂਦਾਰ ਹੋਣ ਲੱਗੀ। ਨਸ਼ੇ ਦਾ ਚੱਕਰ ਰੁਕਿਆ ਨਹੀਂ। ਨਾ ਹੀ ਪੁਲਿਸ ਨੇ ਖਹਿੜਾ ਛੱਡਿਆ। ਰਾਹੁਲ ਤੋਂ ਕਤਲ ਸਮੇਤ ਕਈ ਮਾਮਲਿਆਂ ਵਿੱਚ ਪੁੱਛ-ਗਿੱਛ ਕੀਤੀ ਗਈ। ਹੁਣ ਉਨ੍ਹਾਂ ਲਈ ਕੰਮ ਮਿਲਣਾ ਵੀ ਮੁਸ਼ਕਿਲ ਹੋ ਗਿਆ।
ਹੁਣ ਰਾਹੁਲ ਨੇ ਘਰੇ ਰਹਿ ਕੇ ਮਾਪਿਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਲੇਕਿਨ ਹੁਣ ਵੀ ਲੋਕਾਂ ਦੇ ਤਾਹਨੇ-ਮਿਹਣੇ ਜਿਉਣ ਨਹੀਂ ਦੇ ਰਹੇ ਸਨ।
“ਬਾਹਰ ਲੋਕ ਕਹਿ ਰਹੇ ਸਨ ਕਿ ਇਹ ਸਮਾਜ ਦੀ ਸਿਉਂਕ ਹੈ। ਇੱਥੇ ਵੀ ਮੈਂ ਸੁਣ ਰਿਹਾ ਸੀ ਕਿ ਮੈਂ ਘਰ ਦਾ ਖਾ ਰਿਹਾ ਹਾਂ। ਫਿਰ ਮੈਂ ਸੋਚਿਆ ਕਿ ਜੇ ਮੈਂ ਕੀੜਾ ਹਾਂ ਤਾਂ ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰ ਰਿਹਾ ਹਾਂ? ਮੇਰੀ ਥਾਂ ਇੱਥੇ ਨਹੀਂ ਹੈ। ਮੈਂ ਮੁਕਤ ਆਂਗਨ ਵਿੱਚ ਕਾਊਂਸਲਰ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਮੈਨੂੰ ਬਾਹਰ ਨਾ ਭੇਜੋ।”
ਰਾਹੁਲ ਮੁਕਤ ਆਂਗਨ ਰਹਿਣ ਲੱਗ ਪਏ ਅਤੇ ਜਿੰਨਾ ਵੀ ਜੋ ਵੀ ਕਰ ਸਕਦੇ ਸਨ ਕਰਨ ਲੱਗੇ। ਪਹਿਲਾਂ ਉਨ੍ਹਾਂ ਨੇ ਵਾਰਡ ਸੁਪਰਵਾਈਜ਼ਰ ਵਜੋਂ ਅਤੇ ਫਿਰ ਹਾਊਸ ਕੀਪਿੰਗ ਵਿੱਚ ਕੰਮ ਕੀਤਾ।
ਉਨ੍ਹਾਂ ਨੇ ਪਖਾਨੇ ਵੀ ਸਾਫ਼ ਕੀਤੇ। ਉਨ੍ਹਾਂ ਦਾ ਇਰਾਦਾ ਨਸ਼ਾ ਛੱਡਣ ਦਾ ਸੀ। ਜਦੋਂ ਉਹ ਉੱਥੇ ਰਹਿ ਰਹੇ ਸਨ ਤਾਂ ਮੁਕਤਾ ਪੁਣ ਤਾਂਬੇਕਰ ਨੇ ਪੁੱਛਿਆ ਕੀ ਕੋਈ ਮੈਰਾਥਨ ਵਿੱਚ ਹਿੱਸਾ ਲੈਣਾ ਚਾਹੇਗਾ।

ਤਸਵੀਰ ਸਰੋਤ, Nitin Nagarkar/BBC
ਰਾਹੁਲ ਤੁਰੰਤ ਰਾਜ਼ੀ ਹੋ ਗਏ। ਉਹ ਦੱਸਦੇ ਹਨ,“ਮੁਕਤਾ ਭੈਣ ਨੇ ਪੁੱਛਿਆ ਤੈਨੂੰ ਭੱਜਣ ਦਾ ਕੋਈ ਅਨੁਭਵ ਹੈ? ਮੈਂ ਕਿਹਾ ਮੈਂ ਕਈ ਸਾਲ ਪੁਲਿਸ ਤੋਂ ਭੱਜਦਾ ਰਿਹਾ ਹਾਂ। ਇੱਕ ਵਾਰ ਮੈਂ ਲਾਕ-ਅੱਪ ਵਿੱਚੋਂ ਭੱਜਿਆ ਸੀ। ਇੱਕ ਵਾਰ ਅਦਾਲਤ ਵਿੱਚੋਂ। ਉਨ੍ਹਾਂ ਨੇ ਕਿਹਾ ਜੇ ਸਭ ਠੀਕ ਰਿਹਾ ਤਾਂ ਤੂੰ ਦੌੜ ਸਕਦਾ ਹੈਂ।”
ਤਿਆਰੀ ਕੀਤੀ ਗਈ ਅਤੇ ਉਹ ਦੌੜੇ। ਮੈਰਾਥਨ ਦੌਰਾਨ ਇੱਕ ਹੋਰ ਦੌੜਾਕ ਬੇਹੋਸ਼ ਹੋ ਗਿਆ, ਰਾਹੁਲ ਉਸ ਨੂੰ ਚੱਕਣ ਲਈ ਅੱਗੇ ਆਉਣ ਵਾਲਿਆਂ ਵਿੱਚੋਂ ਪਹਿਲੇ ਸਨ।
“ਮੈਂ ਉਸ ਨੂੰ ਚੁੱਕਿਆ ਅਤੇ ਐਂਬੂਲੈਂਸ ਵਿੱਚ ਲਿਟਾਇਆ ਅਤੇ ਫਿਰ ਦੌੜਨ ਲੱਗਿਆ। ਮੈਂ ਸੋਚਣ ਲੱਗਿਆ ਕਿ ਮੈਂ ਇੱਕ ਇਨਸਾਨ ਦੀ ਜਾਨ ਬਚਾਈ ਹੈ। ਮੈਂ ਤਾਂ ਲੋਕਾਂ ਨੂੰ ਧਮਕਾ ਰਿਹਾ ਸੀ ਤੇ ਮਾਰ ਰਿਹਾ ਸੀ ਮੈਂ ਕਿਸੇ ਨੂੰ ਬਚਾ ਕਿਵੇਂ ਸਕਦਾ ਹਾਂ?”
ਇਹ ਉਨ੍ਹਾਂ ਦੀ ਜ਼ਿੰਦਗੀ ਦਾ ਨਵਾਂ ਮੋੜ ਸੀ।
''ਮੈਨੂੰ ਇਸ ਦੌੜ ਦੀ ਆਦਤ ਤਾਂ ਲੱਗ ਰਹੀ ਸੀ ਲੇਕਿਨ ਜੀਵਨ ਵਿੱਚ ਕਰਨਾ ਕੀ ਹੈ ਇਸਦਾ ਸਵਾਲ ਦਾ ਜਵਾਬ ਨਹੀਂ ਮਿਲ ਰਿਹਾ ਸੀ।''
ਉਹ ਦੌੜਦੇ ਰਹੇ ਅਤੇ ਇਸ ਸਵਾਲ ਦੇ ਜਵਾਬ ਬਾਰੇ ਲਗਾਤਾਰ ਸੋਚਦੇ ਰਹਿੰਦੇ। ਉਨ੍ਹਾਂ ਨੂੰ ਹਰ ਵਾਰ ਨਵਾਂ ਜਵਾਬ ਮਿਲਦਾ।
‘ਮੇਰੀ ਖੁਸ਼ੀ ਦੀ ਪਰਿਭਾਸ਼ਾ ਬਦਲ ਗਈ ਹੈ’
ਉਹ ਕਹਿੰਦੇ ਹਨ, “ਇੱਕ ਮੈਰਾਥਨ ਲਈ ਤੁਹਾਨੂੰ 42 ਕਿੱਲੋਮੀਟਰ ਦੌੜਨ ਦਾ ਅਭਿਆਸ ਕਰਨਾ ਪੈਂਦਾ ਹੈ। ਮੈਂ 63 ਕਿੱਲੋਮੀਟਰ ਸਹਿਜੇ ਹੀ ਦੌੜਿਆ ਅਤੇ ਬਹੁਤ ਸ਼ਾਂਤ ਮਹਿਸੂਸ ਕੀਤਾ। ਇੰਨਾ ਸ਼ਾਂਤ ਮਹਿਸੂਸ ਕਰਨ ਲਈ ਮੈਂ ਨਾਈਟਰਾ ਦੀਆਂ 10 ਗੋਲੀਆਂ, ਸ਼ਰਾਬ ਅਤੇ ਚਰਸ ਪੀਂਦਾ ਸੀ। ਮੈਨੂੰ 63 ਕਿੱਲੋਮੀਟਰ ਦੌੜ ਕੇ ਉਨਾ ਹੀ ਅਨੰਦ ਆਇਆ। ਖੁਸ਼ੀ ਅਤੇ ਸੰਤੁਸ਼ਟੀ ਦੀ ਮੇਰੀ ਪਰਿਭਾਸ਼ਾ ਬਦਲ ਗਈ। ਮੈਨੂੰ ਬਹੁਤ ਮਜ਼ਾ ਆਇਆ।”

ਤਸਵੀਰ ਸਰੋਤ, Nitin Nagarkar/BBC
ਇੱਕ ਪਾਸੇ ਦੌੜ ਸ਼ੁਰੂ ਹੋਈ ਤਾਂ ਦੂਜੇ ਪਾਸੇ ਜ਼ਿੰਦਗੀ ਨੇ ਰਫ਼ਤਾਰ ਫੜੀ। ਮੁਕਤ ਆਂਗਨ ਨੇ ਉਨ੍ਹਾਂ ਨੂੰ ਮਾਰਗ-ਦਰਸ਼ਨ ਦੀ ਜ਼ਿੰਮੇਵਾਰੀ ਦਿੱਤੀ। ਮੁਕਤ ਆਂਗਨ ਵਿੱਚ ਮਾਰਗ-ਦਰਸ਼ਨ ਕਰਨ ਦੇ ਨਾਲੋ-ਨਾਲ ਉਨ੍ਹਾਂ ਨੇ ਮਨੋਵਿਗਿਆਨ ਵਿੱਚ ਗਰੈਜੂਏਸ਼ਨ ਪਾਸ ਕੀਤੀ।
ਹੁਣ ਉਹ ਵੱਖ-ਵੱਖ ਨੌਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਬਤੌਰ ਮਾਰਗ-ਦਰਸ਼ਕ ਕੰਮ ਕਰ ਰਹੇ ਸਨ।
“ਮੈਂ ਜੇਲ੍ਹ ਵਿੱਚ ਸੀ ਤਾਂ ਰਿਹਾਈ ਦੀ ਕੋਈ ਉਮੀਦ ਨਹੀਂ ਸੀ। ਜੇਲ੍ਹ ਜਾਣ ਤੋਂ ਪਹਿਲਾਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਜੇਲ੍ਹ ਜਾਵਾਂਗਾ। ਮੈਂ ਸੋਚ ਲਿਆ ਸੀ ਕਿ ਮੈਂ ਮਰਨ ਵਾਲਾ ਹਾਂ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਲਤ ਫਿਰ ਸ਼ੁਰੂ ਹੋ ਗਈ। ਮੈਨੂੰ ਲੱਗਿਆ ਮੇਰੀ ਜ਼ਿੰਦਗੀ ਗਟਰ ਦੇ ਇੱਕ ਕੀੜੇ ਵਰਗੀ ਹੋਵੇਗੀ। ਫਿਰ ਮੈਂ ਮੁਕਤ ਆਂਗਨ ਆਇਆ। ਫਿਰ ਮੈਂ ਸੋਚਣ ਲੱਗਿਆ ਕੀ ਮੇਰਾ ਵਿਆਹ ਹੋਵੇਗਾ। ਮੈਨੂੰ ਕੋਈ ਕੁੜੀ ਨਹੀਂ ਦੇਵੇਗਾ। ਹਰ ਕਦਮ ਉੱਤੇ ਮੈਂ ਅਸੁਰੱਖਿਅਤ ਮਹਿਸੂਸ ਕੀਤਾ। ਮੈਨੂੰ ਲਗਦਾ ਮੈਥੋਂ ਨਹੀਂ ਹੋਣਾ, ਲੇਕਿਨ ਆਖਰਕਾਰ ਸਬ ਹੋ ਗਿਆ।”
ਆਪਣੇ ਹੁਣ ਤੱਕ ਦੇ ਸਫ਼ਰ ਬਾਰੇ ਗੱਲ ਕਰਦੇ ਹੋਏ ਉਹ ਕਹਿੰਦੇ ਹਨ, “ਹੁਣ ਮੇਰੀ ਪਛਾਣ ਬਦਲ ਗਈ ਹੈ। ਮੇਰਾ ਨਾਮ ਰਾਹੁਲ ਜਾਧਵ ਹੈ। ਮੈਂ ਇੱਕ ਕ੍ਰਿਕਟ ਫੈਨ ਸੀ। ਫਿਰ ਮੈਂ ਫੁੱਟਬਾਲ ਫੈਨ ਰਿਹਾ। ਮੈਂ ਇੱਕ ਚੰਗਾ ਗੋਲਕੀਪਰ ਸੀ। ਫਿਰ ਮੈਂ ਇੱਕ ਨਸ਼ੇੜੀ ਬਣ ਗਿਆ। ਲੋਕ ਮੈਨੂੰ ਇੱਕ ਨਸ਼ੇੜੀ ਅਤੇ ਇੱਕ ਗੈਂਗਸਟਰ ਵਜੋਂ ਵੀ ਜਾਣਦੇ ਹਨ। ਮੈਨੂੰ ਪੁਲਿਸ ਨੇ ਕਈ ਕੇਸਾਂ ਵਿੱਚ ਗ੍ਰਿਫ਼ਤਾਰ ਕੀਤਾ। ਉਸ ਤੋਂ ਬਾਅਦ ਮੈਂ ਮੁਕਤ ਆਂਗਨ ਵਿੱਚ ਇੱਕ ਕਾਰਕੁਨ ਵਜੋਂ ਕੰਮ ਕੀਤਾ। ਸੋਸ਼ਲ ਵਰਕਰ। ਮੈਂ ਇੱਕ ਦੌੜਾਕ ਤੇ ਇੱਕ ਚੰਗਾ ਪਤੀ ਹਾਂ। ਮੈਂ ਇੱਕ ਚੰਗਾ ਪੁੱਤਰ ਵੀ ਹਾਂ ਅਤੇ ਹੁਣ ਮੈਂ ਇੱਕ ਚੰਗਾ ਨਾਗਰਿਕ ਵੀ ਹਾਂ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












