ਪੈਰਿਸ ਪੈਰਾ ਓਲੰਪਿਕ: ਵੀਲ੍ਹਚੇਅਰ ਨਾਲ ਜੁੜੇ ਤੇ 10 ਕਰੋੜ ਦੀ ਇਨਾਮੀ ਰਾਸ਼ੀ ਜਿੱਤਣ ਵਾਲੇ ਹਰਿਆਣਵੀਂ ਖਿਡਾਰੀ ਦੀ ਕਹਾਣੀ

ਪਰਮਜੀਤ ਕੁਮਾਰ, ਪਲਕ ਕੋਹਲੀ ਅਤੇ ਪ੍ਰਣਵ ਸੂਰਮਾ

ਤਸਵੀਰ ਸਰੋਤ, Paramjeet Kumar, Palak Kohli & Pranav Soorma

ਤਸਵੀਰ ਕੈਪਸ਼ਨ, ਪਰਮਜੀਤ ਕੁਮਾਰ, ਪਲਕ ਕੋਹਲੀ ਅਤੇ ਪ੍ਰਣਵ ਸੂਰਮਾ
    • ਲੇਖਕ, ਸੌਰਭ ਦੁੱਗਲ
    • ਰੋਲ, ਬੀਬੀਸੀ ਸਹਿਯੋਗੀ

ਤਿੰਨ ਜਵਾਨ ਜ਼ਿੰਦਗੀਆਂ ਦੀ ਕਹਾਣੀ, ਜਿਨ੍ਹਾਂ ਨੂੰ ਦੁਖਦਾਈ ਹਾਦਸਿਆਂ ਦਾ ਸਾਹਮਣਾ ਕਰਨਾ ਪਿਆ ਤੇ ਉਸ ਹਾਦਸੇ ਨੇ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ।

ਇਨ੍ਹਾਂ ਵਿੱਚੋਂ ਦੋ ਪੇਂਡੂ ਅਤੇ ਇੱਕ ਹਰਿਆਣਾ ਦੇ ਸ਼ਹਿਰੀ ਖੇਤਰ ਨਾਲ ਸਬੰਧਤ ਹੈ। ਇਹ ਘਟਨਾਵਾਂ ਵੱਖ-ਵੱਖ ਸਮੇਂ ਅਤੇ ਵੱਖ-ਵੱਖ ਤਰੀਕਿਆਂ ਨਾਲ ਵਾਪਰੀਆਂ।

ਸੋਨੀਪਤ ਨੇੜੇ ਨੈਸ਼ਨਲ ਹਾਈਵੇ 'ਤੇ 2007 ਵਿੱਚ ਸੜਕ ਹਾਦਸਾ, 2012 ਵਿੱਚ ਸੋਨੀਪਤ ਦੇ ਇੱਕ ਪਿੰਡ ਵਿੱਚ ਨਹਿਰ ਵਿੱਚ ਗੋਤਾਖੋਰੀ ਦੀ ਸੱਟ ਅਤੇ ਇੱਕ ਸਾਲ ਪਹਿਲਾਂ ਫਰੀਦਾਬਾਦ ਵਿੱਚ ਸੀਮਿੰਟ ਦੀ ਚਾਦਰ ਦਾ ਕਿਸੇ ਦੇ ਸਿਰ ʼਤੇ ਡਿੱਗਣਾ।

ਇਹ ਅਜਿਹੀਆਂ ਘਟਨਾਵਾਂ ਸਨ, ਜਿਨ੍ਹਾਂ ਨੇ ਅਮਿਤ ਸਰੋਹਾ, ਧਰਮਬੀਰ ਨੈਨ ਅਤੇ ਪ੍ਰਣਵ ਸੂਰਮਾ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਸਾਰੀ ਉਮਰ ਲਈ ਵ੍ਹੀਲਚੇਅਰਾਂ ਤੱਕ ਸੀਮਤ ਕਰ ਦਿੱਤਾ।

ਇੱਥੋਂ ਤੱਕ ਕੇ ਉਨ੍ਹਾਂ ਨੂੰ ਰੋਜ਼ਾਨਾ ਦੀਆਂ ਬੁਨਿਆਦੀ ਲੋੜਾਂ ਲਈ ਵੀ ਦੂਜਿਆਂ 'ਤੇ ਨਿਰਭਰ ਬਣਾ ਦਿੱਤਾ।

ਪਰ ਉਹ ਆਪਣੀ ਕਿਸਮਤ ਅੱਗੇ ਝੁਕਣ ਲਈ ਤਿਆਰ ਨਹੀਂ ਸਨ। ਸਰੋਹਾ, ਨੈਨ ਅਤੇ ਸੂਰਮਾ, ਸਾਰੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਤੋਂ ਪੀੜਤ ਹਨ, ਜਿਨ੍ਹਾਂ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਕਮਰ ਤੋਂ ਅਧਰੰਗ ਹੋ ਗਿਆ ਸੀ।

ਪਰ ਉਨ੍ਹਾਂ ਦੇ ਹੌਸਲੇ ਨੇ ਇਹਨਾਂ ਚੁਣੌਤੀਆਂ ਨੂੰ ਆਪਣੇ ਭਵਿੱਖ ਨੂੰ ਪ੍ਰਭਾਸ਼ਿਤ ਕਰਨ ਤੋਂ ਇਨਕਾਰ ਕਰ ਦਿੱਤਾ। ਪੈਰਾ ਸਪੋਰਟਸ, ਇੱਕ ਤਰ੍ਹਾਂ ਦੀਆਂ "ਸਮਾਂਤਰ ਖੇਡਾਂ" ਹਨ, ਜਿਨ੍ਹਾਂ ਦਾ ਪ੍ਰਬੰਧ ਸਰੀਰਕ ਤੌਰ ਉੱਤੇ ਅਪਾਹਜ ਲੋਕਾਂ ਲਈ ਕੀਤਾ ਜਾਂਦਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਹ ਖੇਡਾਂ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

ਉਨ੍ਹਾਂ ਨੇ ਪੈਰਾ ਸਪੋਰਟਸ ਵਿੱਚ ਇੱਕ ਨਵਾਂ ਉਦੇਸ਼ ਲੱਭਿਆ, ਜਿਸ ਨੇ ਨਾ ਸਿਰਫ਼ ਉਨ੍ਹਾਂ ਨੂੰ ਨਵੀਂ ਜੀਵਨ ਜਾਚ ਦਿੱਤੀ ਸਗੋਂ ਉਨ੍ਹਾਂ ਨੂੰ ਭਵਿੱਖ ਲਈ ਉਮੀਦ ਦੀ ਇੱਕ ਕਿਰਨ ਵੀ ਦਿੱਤੀ, ਜਿਸਦੀ ਉਹ ਆਪਣੀਆਂ ਸੱਟਾਂ ਤੋਂ ਪਹਿਲਾਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਸਨ।

ਉਨ੍ਹਾਂ ਦੀ ਅਪਾਹਜਤਾ ਹੁਣ ਬੋਝ ਨਹੀਂ ਸੀ। ਉਹ ਵਿੱਤੀ ਤੌਰ 'ਤੇ ਸੁਤੰਤਰ ਹੋ ਗਏ ਅਤੇ ਇੱਥੋਂ ਤੱਕ ਕਿ ਆਪਣੇ ਪਰਿਵਾਰਾਂ ਲਈ ਆਪਣਾ ਯੋਗਦਾਨ ਪਾਉਣ ਲੱਗੇ।

ਪਿਛਲੇ ਸਾਲ, ਹਾਂਗਜ਼ੂ ਪੈਰਾ-ਏਸ਼ੀਅਨ ਖੇਡਾਂ ਵਿੱਚ, ਇਸ ਤਿਕੜੀ-ਸਰੋਹਾ, ਨੈਨ ਅਤੇ ਸੂਰਮਾ ਨੇ ਇੱਕ ਅਰਬ ਤੋਂ ਵੱਧ ਦੇਸ ਦੀਆਂ ਉਮੀਦਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਅਤੇ ਕਲੀਨ ਸਵੀਪ ਹਾਸਲ ਕਰ ਕੇ ਕਲੱਬ ਥਰੋਅ ਈਵੈਂਟ ਵਿੱਚ ਐੱਫ-51 ਸ਼੍ਰੇਣੀ ਵਿੱਚ ਤਿੰਨੋਂ ਤਗਮੇ ਜਿੱਤ ਕੇ ਇਤਿਹਾਸ ਰਚਿਆ ਸੀ।

ਇਸ ਸ਼ਾਨਦਾਰ ਪ੍ਰਾਪਤੀ ਨੇ ਲਚਕੀਲੇਪਣ ਅਤੇ ਉਮੀਦ ਦੇ ਪ੍ਰਤੀਕ ਵਜੋਂ ਉਨ੍ਹਾਂ ਦਾ ਸਥਾਨ ਮਜ਼ਬੂਤ ਕੀਤਾ।

ਹੁਣ, ਉਹ 28 ਅਗਸਤ ਤੋਂ ਸ਼ੁਰੂ ਹੋਣ ਵਾਲੇ 2024 ਪੈਰਿਸ ਪੈਰਾਲੰਪਿਕਸ ਵਿੱਚ, ਇਸ ਵਾਰ ਰਾਸ਼ਟਰ ਦਾ ਨਾਮ ਰੌਸ਼ਨ ਕਰਨ ਲਈ ਇੱਕ ਵਾਰ ਫਿਰ ਤੋਂ ਤਿਆਰ ਹਨ।

ਅਮਿਤ ਸਰੋਹਾ

ਤਸਵੀਰ ਸਰੋਤ, Amit Saroha

ਤਸਵੀਰ ਕੈਪਸ਼ਨ, ਉਹ ਚਾਰ ਪੈਰਾਲੰਪਿਕ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ

ਪੈਰਾ ਖੇਡਾਂ ਵਿੱਚ ਇਨਕਲਾਬ ਲਿਆਉਣ ਵਾਲੀ ਤਿਕੜੀ

ਸੋਨੀਪਤ ਦੇ ਬਯਾਨਪੁਰ ਪਿੰਡ ਦੇ ਰਹਿਣਵਾਲੇ 39 ਸਾਲਾ ਅਮਿਤ ਸਰੋਹਾ ਭਾਰਤੀ ਪੈਰਾ ਖੇਡਾਂ ਵਿੱਚ ਇੱਕ ਮੋਹਰੀ ਖਿਡਾਰੀ ਹਨ।

ਉਹ ਚਾਰ ਪੈਰਾਲੰਪਿਕ (2012 ਲੰਡਨ, 2016 ਰੀਓ, 2020 ਟੋਕੀਓ, ਅਤੇ ਹੁਣ 2024 ਪੈਰਿਸ) ਵਿੱਚ ਹਿੱਸਾ ਲੈਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ।

ਇਹ ਸਤੰਬਰ 2007 ਦੀ ਇੱਕ ਭਿਆਨਕ ਰਾਤ ਸੀ, ਜਦੋਂ ਇੱਕ ਸੜਕ ਹਾਦਸੇ ਨੇ ਸਰੋਹਾ ਨੂੰ ਹਮੇਸ਼ਾ ਲਈ ਵ੍ਹੀਲਚੇਅਰ ਤੱਕ ਸੀਮਤ ਕਰ ਦਿੱਤਾ।

ਪਰ ਨਵੀਂ ਦਿੱਲੀ ਦੇ ਇੰਡੀਅਨ ਸਪਾਈਨਲ ਇੰਜਰੀਜ਼ ਸੈਂਟਰ ਵਿੱਚ ਆਪਣੇ ਇਲਾਜ ਦੇ ਦੌਰਾਨ, ਉਨ੍ਹਾਂ ਨੇ ਪੈਰਾ ਸਪੋਰਟਸ ਦੀ ਖੋਜ ਕੀਤੀ, ਆਪਣੇ ਸੁਪਨਿਆਂ ਨੂੰ ਮੁੜ ਸੁਰਜੀਤ ਕੀਤਾ।

ਸੋਨੀਪਤ ਦੇ ਭਡਾਨਾ ਪਿੰਡ ਦੇ ਰਹਿਣ ਵਾਲੇ 35 ਸਾਲਾ ਧਰਮਬੀਰ ਨੈਨ ਨੇ ਵੀ ਅਜਿਹੀ ਹੀ ਜ਼ਿੰਦਗੀ ਬਦਲਣ ਵਾਲੇ ਪਲ਼ ਦਾ ਸਾਹਮਣਾ ਕੀਤਾ।

ਨਹਿਰ ਵਿੱਚ ਡੁਬਕੀ ਲਗਾਉਣ ਦੀ ਕੋਸ਼ਿਸ਼ ਕਰਦੇ ਹੋਏ, ਉਨ੍ਹਾਂ ਨੇ ਡੂੰਘਾਈ ਨੂੰ ਗ਼ਲਤ ਆਂਕ ਲਿਆ ਅਤੇ ਹੇਠਾਂ ਕੰਕਰੀਟ ʼਤੇ ਜਾ ਕੇ ਟਕਰਾਅ ਗਏ, ਜਿਸ ਨਾਲ ਜੂਨ 2012 ਵਿੱਚ ਕਮਰ ਦੇ ਹੇਠਾਂ ਪੂਰੀ ਤਰ੍ਹਾਂ ਅਧਰੰਗ ਹੋ ਗਿਆ।

ਦੋ ਸਾਲਾਂ ਬਾਅਦ ਜਦੋਂ ਉਹ ਸਰੋਹਾ ਨੂੰ ਮਿਲੇ ਤਾਂ ਉਨ੍ਹਾਂ ਦੀ ਬਦਲ ਗਈ। ਦੋ ਪੈਰਾਲੰਪਿਕ (2016 ਰੀਓ ਅਤੇ 2020 ਟੋਕੀਓ) ਦੇ ਅਨੁਭਵੀ, ਨੈਨ ਪੈਰਿਸ ਵਿੱਚ ਆਪਣੀਆਂ ਤੀਜੀਆਂ ਖੇਡਾਂ ਵਿੱਚ ਹਿੱਸਾ ਲੈਣ ਲਈ ਤਿਆਰ ਹੈ।

ਪ੍ਰਣਵ ਸੂਰਮਾ

ਤਸਵੀਰ ਸਰੋਤ, Pranav Soorma

ਤਸਵੀਰ ਕੈਪਸ਼ਨ, ਪ੍ਰਣਨ ਸੂਰਮਾ ਦੇ ਸਿਰ ਉੱਤੇ ਸੀਮਿੰਟ ਦੀ ਚਾਦਰ ਡਿੱਗ ਗਈ ਸੀ

ਪ੍ਰਣਵ ਸੂਰਮਾ ਦੀ ਜ਼ਿੰਦਗੀ ਨੇ 2011 ਵਿੱਚ ਉਸ ਵੇਲੇ ਇੱਕ ਦੁਖਦਾਈ ਮੋੜ ਲਿਆ ਜਦੋਂ, ਫਰੀਦਾਬਾਦ ਵਿੱਚ ਆਪਣੇ ਚਚੇਰੇ ਭਰਾ ਦੇ ਘਰ ਵਿੱਚ ਉਨ੍ਹਾਂ ਦੇ ਸਿਰ ʼਤੇ ਇੱਕ ਸੀਮਿੰਟ ਦੀ ਚਾਦਰ ਡਿੱਗ ਗਈ ਸੀ। ਇਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਉੱਤੇ ਗੰਭੀਰ ਸੱਟ ਲੱਗ ਗਈ।

ਸ਼ੁਰੂ ਵਿੱਚ, ਅਪਾਹਜਤਾ ਨਾਲ ਨਜਿੱਠਣ ਵਿੱਚ ਸਿੱਖਿਆ ਉਨ੍ਹਾਂ ਦੀ ਤਾਕਤ ਸੀ, ਪਰ 2016 ਦੇ ਰੀਓ ਪੈਰਾਲੰਪਿਕਸ ਵਿੱਚ ਭਾਰਤੀ ਅਪਾਹਜ ਅਥਲੀਟਾਂ ਦੇ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਪੈਰਾ ਖੇਡਾਂ ਵਿੱਚ ਵੀ ਬਦਲ ਭਾਲਣ ਲਈ ਪ੍ਰੇਰਿਤ ਕੀਤਾ।

ਹੁਣ 30 ਸਾਲਾ ਸੂਰਮਾ ਪੈਰਿਸ ਵਿੱਚ ਪੈਰਾਲੰਪਿਕ ਵਿੱਚ ਡੈਬਿਊ ਕਰ ਰਹੀ ਹੈ।

ਇਹ ਤਿੰਨੇ-ਸਰੋਹਾ, ਨੈਨ ਅਤੇ ਸੂਰਮਾ-ਹਰਿਆਣੇ ਵਿੱਚ ਚੱਲ ਰਹੇ ਪੈਰਾ-ਖੇਡ ਇਨਕਲਾਬ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਹੋਰਨਾਂ ਸੂਬਿਆਂ ਦੇ ਮੁਕਾਬਲੇ ਭਾਰਤੀ ਦਲ ਵਿੱਚ ਹਰਿਆਣਾ ਤੋਂ ਸਭ ਤੋਂ ਵੱਧ ਖਿਡਾਰੀਆਂ ਹਿੱਸਾ ਲੈ ਰਹੇ ਹਨ।

ਪੈਰਿਸ ਜਾਣ ਵਾਲੀ 84 ਮੈਂਬਰੀ ਟੀਮ ਵਿੱਚੋਂ 23 ਉੱਤਰੀ ਭਾਰਤੀ ਅਤੇ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੋਂ ਹਨ।

ਅਮਿਤ ਸਰੋਹਾ

2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੀ ਕੌਮਾਂਤਰੀ ਸ਼ੁਰੂਆਤ ਕਰਨ ਵਾਲੇ ਅਮਿਤ ਕਹਿੰਦੇ ਹਨ, “ਪੈਰਾ-ਓਲੰਪਿਕ (2020 ਟੋਕੀਓ) ਦੇ ਪਿਛਲੇ ਐਡੀਸ਼ਨ ਵਿੱਚ, ਭਾਰਤੀ ਦਲ ਦੇ 54 ਮੈਂਬਰ ਸੀ, ਅਤੇ ਉਨ੍ਹਾਂ ਨੇ 19 ਤਗਮੇ ਜਿੱਤੇ, ਉਹ ਹੁਣ ਤੱਕ ਦਾ ਪੈਰਾ- ਓਲੰਪਿਕ ਵਿੱਚ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ।"

"ਪਰ ਇਸ ਵਾਰ ਪੈਰਿਸ ਵਿੱਚ, ਭਾਰਤ 84 ਐਥਲੀਟਾਂ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਟੁਕੜੀ ਭੇਜ ਰਿਹਾ ਹੈ ਅਤੇ ਮੈਨੂੰ ਭਰੋਸਾ ਹੈ ਕਿ ਪੈਰਿਸ ਖੇਡਾਂ ਵਿੱਚ, ਭਾਰਤ ਟੋਕੀਓ ਦੇ ਪ੍ਰਦਰਸ਼ਨ ਨੂੰ ਪਛਾੜ ਦੇਵੇਗਾ।"

ਸਰੋਹਾ ਅੱਗੇ ਕਹਿੰਦੇ ਹਨ, “ਜਿੱਥੋਂ ਤੱਕ ਹਰਿਆਣਾ ਦਾ ਸਬੰਧ ਹੈ, ਸੂਬੇ ਨੇ ਦੇਸ ਵਿੱਚ ਪੈਰਾ ਖੇਡਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਸੂਬੇ ਦੇ ਅੰਦਰ, ਇਸ ਨੇ ਪੈਰਾ ਖੇਡ ਇਨਕਲਾਬ ਦਾ ਰੂਪ ਲੈ ਲਿਆ ਹੈ।"

ਹਰਿਆਣਾ ਵਿੱਚ ਪੈਰਾ ਖੇਡਾਂ ਨਾਲ ਜੁੜੀ ਪ੍ਰਸਿੱਧੀ ਅਤੇ ਮਾਨਤਾ ਇਸ ਕ੍ਰਾਂਤੀ ਦੇ ਪਿੱਛੇ ਪ੍ਰੇਰਕ ਸ਼ਕਤੀਆਂ ਹਨ।

ਵ੍ਹੀਲਚੇਅਰ ʼਤੇ ਬੈਠੇ 30 ਸਾਲਾ ਖਿਡਾਰੀ ਧਰਮਬੀਰ ਨੈਨ ਦਾ ਕਹਿਣਾ ਹੈ, “ਮੈਂ 2011 ਵਿੱਚ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ ਅਤੇ ਮੇਰੀ ਸੱਟ ਨੇ ਸਾਡੇ ਪਰਿਵਾਰ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਸੀ।"

"ਇੱਕ ਸਮੇਂ ਤਾਂ ਮੈਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਬਾਰੇ ਸੋਚਿਆ ਪਰ ਪੈਰਾ ਖੇਡਾਂ ਨੇ ਮੇਰਾ ਨਜ਼ਰੀਆ ਬਦਲ ਦਿੱਤਾ।"

ਨੈਨ ਨੇ 2024 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਲੱਬ ਥਰੋਅ ਈਵੈਂਟ ਵਿੱਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਸੀ।

ਉਹ ਅੱਗੇ ਕਹਿੰਦੇ ਹਨ, “ਮੈਂ ਜਦੋਂ ਪੈਰਾ-ਏਸ਼ੀਅਨ ਖੇਡਾਂ ਵਿੱਚ ਤਗਮਾ ਜਿੱਤ ਕੇ ਆਇਆ ਤਾਂ ਮੇਰਾ ਹਵਾਈ ਅੱਡੇ 'ਤੇ ਨਿੱਘਾ ਸੁਆਗਤ ਕੀਤਾ ਗਿਆ, ਜੋ ਅਸੀਂ ਆਮ ਤੌਰ 'ਤੇ ਸਰੀਰਕ ਤੌਰ ʼਤੇ ਠੀਕ ਐਥਲੀਟਾਂ ਦੇ ਵਾਪਸ ਆਉਣ ʼਤੇ ਬਾਅਦ ਦੇਖਦੇ ਹਾਂ। ਮੇਰਾ ਇੱਕ ਹੀਰੋ ਵਾਂਗ ਸੁਆਗਤ ਹੋਇਆ। ਮੇਰੇ ਪਿੰਡ ਜਸ਼ਨ ਮਨਾਇਆ ਗਿਆ, ਜੋ ਕਿ ਆਮ ਤੌਰ ʼਤੇ ਸਿਆਸਤਦਾਨਾਂ ਲਈ ਜਸ਼ਨ ਮਨਾਉਂਦੇ ਹੁੰਦੇ ਸਨ।"

ਗਿਰਰਾਜ ਸਿੰਘ

ਤਸਵੀਰ ਸਰੋਤ, Girraj Singh

ਤਸਵੀਰ ਕੈਪਸ਼ਨ, ਗਿਰਰਾਜ ਪੈਰਾਓਲੰਪਿਕ ਲਈ ਭਾਰਤੀ ਦਲ ਵਿੱਚ ਜਗ੍ਹਾ ਬਣਾਉਣ ਵਾਲੇ ਹਰਿਆਣਾ ਦੇ ਪਹਿਲੇ ਪੈਰਾ-ਐਥਲੀਟ ਬਣੇ

ਸ਼ੁਰੂਆਤ

2000 ਤੋਂ ਪਹਿਲਾਂ, ਹਰਿਆਣਾ ਵਿੱਚ ਪੈਰਾ ਸਪੋਰਟਸ ਬਾਰੇ ਸ਼ਾਇਦ ਹੀ ਕੋਈ ਜਾਗਰੂਕਤਾ ਸੀ ਅਤੇ ਖੇਡਾਂ ਵਿੱਚ ਦਿਲਚਸਪੀ ਰੱਖਣ ਵਾਲੇ ਸਰੀਰਕ ਤੌਰ 'ਤੇ ਅਪਾਹਜ ਵਿਅਕਤੀਆਂ ਕੋਲ ਯੋਗ ਐਥਲੀਟਾਂ ਦੇ ਨਾਲ ਮੁਕਾਬਲਾ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਸੀ।

ਇਹ ਨਵੀਂ ਸਵੇਰ ਸੀ, ਜਦੋਂ ਫਰੀਦਾਬਾਦ ਦੇ ਪੈਰਾ-ਐਥਲੀਟ ਗਿਰਰਾਜ ਸਿੰਘ ਨੇ ਦੂਜਿਆਂ ਨੂੰ ਰਸਤਾ ਦਿਖਾਇਆ ਅਤੇ ਅੱਜ, ਹਰਿਆਣਾ ਦੇ ਪੈਰਾ-ਐਥਲੀਟ ਇੱਕ ਤਾਕਤ ਹਨ।

2004 ਏਥਨਜ਼ ਪੈਰਾਓਲੰਪਿਕਸ ਲਈ, ਗਿਰਰਾਜ ਭਾਰਤੀ ਦਲ ਵਿੱਚ ਜਗ੍ਹਾ ਬਣਾਉਣ ਵਾਲੇ ਹਰਿਆਣਾ ਦੇ ਪਹਿਲੇ ਪੈਰਾ-ਐਥਲੀਟ ਬਣੇ। ਦੋ ਦਹਾਕਿਆਂ ਬਾਅਦ, ਹਰਿਆਣਾ ਪੂਰੀ ਤਰ੍ਹਾਂ ਭਾਰਤੀ ਪੈਰਾ ਖੇਡਾਂ ʼਤੇ ਹਾਵੀ ਹੈ।

2020 ਟੋਕੀਓ ਪੈਰਾਲੰਪਿਕਸ ਵਿੱਚ, ਭਾਰਤ ਨੇ 19 ਤਗਮੇ ਜਿੱਤੇ, ਜਿਨ੍ਹਾਂ ਵਿੱਚੋਂ ਛੇ ਹਰਿਆਣਾ ਦੇ ਐਥਲੀਟਾਂ ਨੇ ਹਾਸਲ ਕੀਤੇ। ਪੈਰਿਸ ਵਿੱਚ, ਭਾਰਤੀ ਦਲ ਵਿੱਚ ਹਰ ਚੌਥਾ ਅਥਲੀਟ ਸੂਬੇ ਨਾਲ ਸੰਬਧਤ ਹੈ।

ਹਰਿਆਣਾ ਭਾਰਤ ਵਿੱਚ ਪੈਰਾ ਖੇਡ ਇਨਕਲਾਬ ਨੂੰ ਅੱਗੇ ਵਧਾਉਣ ਵਾਲੇ ਪਹਿਲੇ ਸੂਬਿਆਂ ਵਿੱਚੋਂ ਇੱਕ ਹੈ, ਜਿਸ ਨੇ ਪੈਰ-ਐਥਲੀਟਾਂ ਨੂੰ ਭਾਰੀ ਨਗਦ ਇਨਾਮ, ਸਰਕਾਰੀ ਨੌਕਰੀਆਂ ਅਤੇ ਮਾਨਤਾ ਦਿੱਤੀ।

ਦੱਖਣੀ ਕੋਰੀਆ ਦੇ ਬੁਸਾਨ ਵਿੱਚ 2002 ਪੈਰਾ-ਏਸ਼ੀਅਨ ਖੇਡਾਂ ਵਿੱਚ 800 ਮੀਟਰ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਗਿਰਰਾਜ ਕਹਿੰਦੇ ਹਨ, “ਹਰਿਆਣਾ ਪੈਰਾਓਲੰਪਿਕ ਕਮੇਟੀ ਦੁਆਰਾ 2007 ਵਿੱਚ ਆਯੋਜਿਤ ਪਹਿਲੀ ਸੂਬਾ ਚੈਂਪੀਅਨਸ਼ਿਪ ਵਿੱਚ ਸਿਰਫ 85 ਭਾਗੀਦਾਰ ਸਨ। ਹੁਣ, ਸੂਬੇ ਵਿੱਚ 3,000 ਤੋਂ ਵੱਧ ਪੈਰਾ-ਐਥਲੀਟ ਅਪਾਹਜਤਾ ਦੀਆਂ ਰੁਕਾਵਟਾਂ ਨੂੰ ਚੁਣੌਤੀ ਦਿੰਦਿਆਂ ਹੋਇਆ ਖੇਡਾਂ ਨੂੰ ਗੰਭੀਰਤਾ ਨਾਲ ਅਪਣਾ ਰਹੇ ਹਨ।"

ਗਿਰਰਾਜ ਇਸ ਵੇਲੇ ਹਰਿਆਣਾ ਖੇਡ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਤੈਨਾਤ ਹਨ।

ਉਹ ਅੱਗੇ ਕਹਿੰਦੇ ਹਨ, "ਪਹਿਲਾਂ, ਮਹਾਰਾਸ਼ਟਰ ਅਤੇ ਕਰਨਾਟਕ ਪੈਰਾ ਸਪੋਰਟਸ ਦੇ ਪਾਵਰਹਾਊਸ ਹੁੰਦੇ ਸਨ, ਪਰ ਜਦੋਂ ਤੋਂ ਹਰਿਆਣਾ ਨੇ ਇਸ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ, ਅਸੀਂ ਨਿਰਵਿਵਾਦ ਚੈਂਪੀਅਨ ਹਾਂ।

ਗਿਰਰਾਜ 2008 ਵਿੱਚ ਸੂਬੇ ਦੇ ਸਰਵਉੱਚ ਖੇਡ ਸਨਮਾਨ 'ਭੀਮ ਅਵਾਰਡ' ਨਾਲ ਨਿਵਾਜੇ ਜਾਣ ਵਾਲੇ ਹਰਿਆਣਾ ਦੇ ਪਹਿਲੇ ਪੈਰਾ ਖਿਡਾਰੀ ਬਣੇ। ਉਨ੍ਹਾਂ ਨੂੰ 2014 ਵਿੱਚ ਰਾਸ਼ਟਰੀ ਖੇਡ ਸਨਮਾਨ 'ਧਿਆਨ ਚੰਦ ਅਵਾਰਡ' ਵੀ ਮਿਲਿਆ ਹੈ।

ਉਦੋਂ ਤੋਂ, 20 ਤੋਂ ਵੱਧ ਪੈਰਾ ਖਿਡਾਰੀਆਂ ਨੇ ਭੀਮ ਪੁਰਸਕਾਰ ਹਾਸਿਲ ਕੀਤੇ ਹਨ। ਸੂਬੇ ਵਿੱਚੋਂ ਅੱਠ ਨੂੰ ਅਰਜੁਨ ਪੁਰਸਕਾਰ, ਦੋ ਨੂੰ ਧਿਆਨ ਚੰਦ ਪੁਰਸਕਾਰ ਅਤੇ ਤਿੰਨ ਨੂੰ ਪਦਮ ਸ਼੍ਰੀ ਮਿਲਿਆ ਹੈ।

ਸਮਾਜਿਕ-ਆਰਥਿਕ ਤਬਦੀਲੀ

ਪੂਰੇ ਹਰਿਆਣਾ ਵਿੱਚ, ਪੈਰਾ ਸਪੋਰਟਸ ਨੇ ਸੈਂਕੜੇ ਅਪਾਹਜ ਲੋਕਾਂ ਨੂੰ ਹਿੰਮਤ ਦਿੱਤੀ ਹੈ।

ਉਨ੍ਹਾਂ ਨੂੰ ਅਜਿਹੇ ਸਮਾਜ ਵਿੱਚ ਆਰਥਿਕ ਆਜ਼ਾਦੀ ਅਤੇ ਸਨਮਾਨ ਪ੍ਰਦਾਨ ਕੀਤਾ ਹੈ ਜੋ ਅਕਸਰ ਉਨ੍ਹਾਂ ਨੂੰ ਹਾਸ਼ੀਏ 'ਤੇ ਰੱਖਦਾ ਹੈ।

ਕੇਂਦਰ ਅਤੇ ਸੂਬਾ ਸਰਕਾਰਾਂ ਨਕਦ ਪੁਰਸਕਾਰਾਂ ਅਤੇ ਨੌਕਰੀਆਂ ਨਾਲ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇ ਰਹੀਆਂ ਹਨ।

2010 ਤੋਂ, ਜਦੋਂ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕੀਤੀ, ਕੇਂਦਰੀ ਖੇਡ ਮੰਤਰਾਲੇ ਨੇ ਯੋਗ ਅਤੇ ਅਪਾਹਜ ਅਥਲੀਟਾਂ ਲਈ ਕੌਮਾਂਤਰੀ ਮੈਡਲਾਂ ਲਈ ਨਕਦ ਪੁਰਸਕਾਰਾਂ ਦੀ ਰਾਸ਼ੀ ਬਰਾਬਰ ਕੀਤੀ ਸੀ। ਕਈ ਸੂਬਿਆਂ ਨੇ ਵੀ ਇਸ ਨੂੰ ਸੀਵਕਾਰ ਕੀਤਾ, ਜਿਸ ਵਿੱਚ ਹਰਿਆਣਾ ਸਭ ਤੋਂ ਅੱਗੇ ਹੈ।

ਪਿਛਲੇ 15 ਸਾਲਾਂ ਵਿੱਚ, ਹਰਿਆਣਾ ਦੇ ਖੇਡ ਵਿਭਾਗ ਨੇ ਪੈਰਾ-ਐਥਲੀਟਾਂ ਨੂੰ 150 ਕਰੋੜ ਰੁਪਏ ਤੋਂ ਵੱਧ ਦਾ ਇਨਾਮ ਦਿੱਤਾ ਹੈ, ਜਿਸ ਵਿੱਚ ਟੋਕੀਓ ਪੈਰਾਲੰਪਿਕ ਲਈ 28.15 ਕਰੋੜ ਰੁਪਏ ਸ਼ਾਮਲ ਹਨ।

80 ਤੋਂ ਵੱਧ ਪੈਰਾ-ਐਥਲੀਟਾਂ ਨੇ ਹਰਿਆਣਾ ਖੇਡ ਵਿਭਾਗ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਹਾਸਲ ਕੀਤੀਆਂ ਹਨ।

ਹਰਿਆਣਾ

ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਕੋਚ ਦੀ ਨੌਕਰੀ ਕਰਦੇ ਸਰੋਹਾ ਕਹਿੰਦੇ ਹਨ, "ਇੱਕ ਸਮਾਂ ਸੀ ਜਦੋਂ ਪਰਿਵਾਰ ਸੋਚਦੇ ਸਨ ਕਿ ਇੱਕ ਅਪਾਹਜ ਮੈਂਬਰ ਉਨ੍ਹਾਂ 'ਤੇ ਬੋਝ ਹੈ, ਪਰ ਪੈਰਾ ਸਪੋਰਟਸ ਨੇ ਸਭ ਕੁਝ ਬਦਲ ਦਿੱਤਾ ਹੈ ਅਤੇ ਹੁਣ ਉਹੀ ਪਰਿਵਾਰ ਆਪਣੀਆਂ ਖੇਡ ਪ੍ਰਾਪਤੀਆਂ 'ਤੇ ਮਾਣ ਮਹਿਸੂਸ ਕਰਦਾ ਹੈ।"

"ਹੁਣ ਉਹ ਆਪਣੇ ਪਰਿਵਾਰ 'ਤੇ ਨਿਰਭਰ ਨਹੀਂ ਹਨ, ਸਗੋਂ, ਉਹ ਪਰਿਵਾਰ ਦੀ ਆਮਦਨ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ।” ਅੱਜ ਤੱਕ, ਸਰੋਹਾ ਨੂੰ ਸੂਬਾ ਅਤੇ ਕੇਂਦਰ ਸਰਕਾਰਾਂ ਤੋਂ ਕੌਮਾਂਤਰੀ ਮੰਚ 'ਤੇ ਤਗਮੇ ਜਿੱਤਣ ਲਈ 10 ਕਰੋੜ ਰੁਪਏ ਦੇ ਨਕਦ ਪੁਰਸਕਾਰ ਮਿਲ ਚੁੱਕੇ ਹਨ।

ਪਿਛਲੇ ਦੋ ਸਾਲਾਂ ਵਿੱਚ, ਸਰੋਹਾ ਨੇ ਆਪਣੇ ਦੋ ਸਾਥੀਆਂ, ਦਵਿੰਦਰ ਮੋਨੂੰ ਅਤੇ ਦਵਿੰਦਰ ਸਰੋਹਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਜੇਬ ਵਿੱਚੋਂ 35-35 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਹੈ।

ਦਵਿੰਦਰ ਮੋਨੂੰ ਅਤੇ ਦਵਿੰਦਰ ਸਰੋਹਾ ਉਸਦੀ ਸਿਖਲਾਈ ਵਿੱਚ ਸਹਾਇਤਾ ਕਰਦੇ ਹਨ, ਇੱਕ ਐਸਕੋਰਟ ਅਤੇ ਇੱਕ ਕੋਚ ਦੇ ਰੂਪ ਵਿੱਚ ਉਨ੍ਹਾਂ ਦੇ ਨਾਲ ਜੁੜੇ ਹੋਏ ਹਨ।

5 ਕਰੋੜ ਰੁਪਏ ਤੋਂ ਵੱਧ ਨਕਦ ਪੁਰਸਕਾਰ ਲੈਣ ਵਾਲੇ ਨੈਨ ਆਖਦੇ ਹਨ, “ਮੈਂ ਵ੍ਹੀਲਚੇਅਰ ʼਤੇ ਬੈਠਣ ਮਗਰੋਂ ਮੈਂ ਕਦੇ ਵੀ ਵਿੱਤੀ ਤੌਰ 'ਤੇ ਸੁਤੰਤਰ ਹੋਣ ਬਾਰੇ ਨਹੀਂ ਸੋਚਿਆ। ਮੇਰੇ ਕੌਮਾਂਤਰੀ ਮੈਡਲਾਂ ਲਈ ਨਕਦ ਪ੍ਰੋਤਸਾਹਨ ਲਈ ਧੰਨਵਾਦ, ਮੈਂ ਆਪਣਾ ਘਰ ਵੱਡਾ ਕੀਤਾ ਹੈ ਅਤੇ ਇੱਕ ਵਰਨਾ ਕਾਰ ਖਰੀਦੀ ਹੈ।"

ਰਜਿੰਦਰ ਰਹੇਲੂ ਅਤੇ ਪਰਮਜੀਤ ਕੁਮਾਰ

ਤਸਵੀਰ ਸਰੋਤ, Paramjeet Kumar

ਤਸਵੀਰ ਕੈਪਸ਼ਨ, 2004 ਏਥਨਜ਼ ਪੈਰਾਲੰਪਿਕਸ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਕੋਚ ਰਜਿੰਦਰ ਰਹੇਲੂ ਕੋਲੋਂ ਪਰਮਜੀਤ ਕੁਮਾਰ ਸਿਖਲਾਈ ਲੈਂਦੇ ਹੋਏ

ਰੀਓ ਪੈਰਾਲੰਪਿਕਸ: ਗੇਮ ਚੇਂਜਰ

ਦੋ ਦਹਾਕਿਆਂ ਦੇ ਵਕਫ਼ੇ ਤੋਂ ਬਾਅਦ, ਭਾਰਤੀ ਪੈਰਾ-ਐਥਲੀਟਾਂ ਨੇ 2004 ਏਥਨਜ਼ ਪੈਰਾਓਲੰਪਿਕ ਵਿੱਚ ਪੋਡੀਅਮ ਵਿੱਚ ਵਾਪਸੀ ਕੀਤੀ। ਰਾਜਸਥਾਨ ਦੇ ਦੇਵੇਂਦਰ ਝਾਝਰੀਆ ਨੇ ਜੈਵਲਿਨ ਵਿੱਚ ਸੋਨ ਤਗ਼ਮਾ ਜਿੱਤਿਆ, ਜਦਕਿ ਪੰਜਾਬ ਦੇ ਰਾਜਿੰਦਰ ਸਿੰਘ ਰਹੇਲੂ ਨੇ ਪਾਵਰਲਿਫਟਿੰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

2004 ਵਿੱਚ, ਗਿਰਰਾਜ ਭਾਰਤੀ ਦਲ ਵਿੱਚ ਹਰਿਆਣਾ ਦਾ ਇਕਲੌਤਾ ਅਥਲੀਟ ਸੀ। ਅਗਲੇ ਐਡੀਸ਼ਨ, ਯਾਨਿ, 2008 ਬੀਜਿੰਗ ਪੈਰਾਓਲੰਪਿਕਸ ਵਿੱਚ ਭਾਰਤ ਕੋਈ ਵੀ ਤਗਮਾ ਹਾਸਲ ਕਰਨ ਵਿੱਚ ਅਸਫ਼ਲ ਰਿਹਾ ਅਤੇ ਹਰਿਆਣਾ ਤੋਂ ਕੋਈ ਵੀ ਐਥਲੀਟ ਦਲ ਦਾ ਹਿੱਸਾ ਨਹੀਂ ਸੀ।

ਲੰਡਨ (2012) ਵਿੱਚ, ਗਿਰੀਸ਼ਾ ਐੱਨ ਗੌੜਾ ਨੇ ਭਾਰਤ ਦੇ ਇਕੱਲੇ ਤਗਮਾ ਜੇਤੂ ਵਜੋਂ ਚਾਂਦੀ ਦਾ ਤਗਮਾ ਜਿੱਤਿਆ ਅਤੇ ਹਰਿਆਣਾ ਦੇ ਤਿੰਨ ਅਥਲੀਟ ਸਨ-ਅਮਿਤ ਸਰੋਹਾ, ਜੈਦੀਪ ਦੇਸਵਾਲ ਅਤੇ ਨਰਿੰਦਰ ਰਣਬੀਰ।

2016 ਰੀਓ ਪੈਰਾਲੰਪਿਕ ਭਾਰਤ ਅਤੇ ਹਰਿਆਣਾ ਦੋਵਾਂ ਲਈ ਇੱਕ ਗੇਮ ਚੇਂਜਰ ਬਣ ਗਿਆ।

ਭਾਰਤ ਨੇ ਪੈਰਾਓਲੰਪਿਕ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਚਾਰ ਤਮਗੇ ਜਿੱਤੇ (ਦੋ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ)।

ਇਸ ਦੌਰਾਨ ਹਰਿਆਣਾ ਦੀ ਦੀਪਾ ਮਲਿਕ ਪੈਰਾਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪੈਰਾ-ਐਥਲੀਟ ਬਣ ਗਈ ਹੈ। ਭਾਰਤੀ ਦਲ ਵਿੱਚ ਹਰਿਆਣਾ ਦੀ ਨੁਮਾਇੰਦਗੀ ਵੀ ਵਧ ਕੇ 10 ਹੋ ਗਈ, ਜਿਸ ਵਿੱਚ ਟੀਮ ਵਿੱਚ ਅੱਧੇ ਤੋਂ ਵੱਧ ਖਿਡਾਰੀ (19 ਵਿੱਚੋਂ 10) ਸਨ।

2020 ਟੋਕੀਓ ਪੈਰਾਓਲੰਪਿਕਸ ਵਿੱਚ, ਹਰਿਆਣਾ ਦੀ ਮੌਜੂਦਗੀ ਹੋਰ ਵੀ ਵੱਧ ਗਈ, 54-ਮੈਂਬਰੀ ਭਾਰਤੀ ਦਲ ਵਿੱਚ 19 ਐਥਲੀਟਾਂ ਨੇ ਭਾਰਤ ਦੇ 19 ਵਿੱਚੋਂ ਛੇ ਤਗਮਿਆਂ ਵਿੱਚ ਯੋਗਦਾਨ ਪਾਇਆ।

ਹੁਣ, 2024 ਪੈਰਿਸ ਪੈਰਾਲੰਪਿਕ ਵਿੱਚ, ਹਰਿਆਣਾ ਦੀ ਪ੍ਰਤੀਨਿਧਤਾ 84 ਮੈਂਬਰੀ ਭਾਰਤੀ ਦਲ ਵਿੱਚੋਂ 23 ਐਥਲੀਟਾਂ ਤੱਕ ਪਹੁੰਚ ਗਈ ਹੈ।

ਦੀਪਾ ਮਲਿਕ

ਸੂਰਮਾ ਦਿੱਲੀ ਸਕੂਲ ਇਕਨਾਮਿਕਸ ਤੋਂ ਆਪਣੀ ਪੋਸਟ ਗ੍ਰੇਜੂਏਸ਼ਨ ਕਰ ਰਹੇ ਹਨ ਅਤੇ ਬੈਂਕ ਆਫ ਬੜੌਦਾ ਵਿੱਚ ਅਸਿਸਟੈਂਟ ਮੈਨੇਜਰ ਵਜੋਂ ਵੀ ਤੈਨਾਤ ਹਨ।

ਸੂਰਮਾ ਦੱਸਦੇ ਹਨ, “ਮੇਰੀ ਸਰਜਰੀ ਤੋਂ ਦੋ ਦਿਨ ਬਾਅਦ, ਦਿੱਲੀ ਦੇ ਇੰਡੀਅਨ ਸਪਾਈਨਲ ਇੰਜਰੀ ਸੈਂਟਰ ਦੇ ਡਾਕਟਰ ਨੇ ਵਿਨਾਸ਼ਕਾਰੀ ਖ਼ਬਰ ਦਿੱਤੀ ਕਿ ਮੈਂ ਦੁਬਾਰਾ ਕਦੇ ਨਹੀਂ ਤੁਰ ਸਕਾਂਗਾ ਅਤੇ ਮੇਰੀ ਜ਼ਿੰਦਗੀ ਵ੍ਹੀਲਚੇਅਰ ਤੱਕ ਸੀਮਤ ਹੋ ਜਾਵੇਗੀ।"

"ਆਖ਼ਰਕਾਰ, ਮੈਂ ਸਵੀਕਾਰ ਕਰ ਲਿਆ ਕਿ ਵ੍ਹੀਲਚੇਅਰ ਮੇਰੀ ਉਮਰ ਭਰ ਦੀ ਸਾਥੀ ਹੋਵੇਗੀ ਅਤੇ ਮੈਨੂੰ ਇਸੇ ʼਤੇ ਹੀ ਆਪਣੇ ਸੁਪਨਿਆਂ ਨੂੰ ਹੀ ਪੂਰਾ ਕਰਾਂਗਾ।"

2016 ਦੀਆਂ ਰੀਓ ਪੈਰਾਓਲੰਪਿਕਸ ਵਿੱਚ ਭਾਰਤੀ ਪੈਰਾ-ਐਥਲੀਟਾਂ ਦੇ ਪ੍ਰਦਰਸ਼ਨ ਤੋਂ ਪ੍ਰੇਰਿਤ ਹੋ ਕੇ, ਪ੍ਰਣਵ ਨੇ 2018 ਵਿੱਚ ਪੈਰਾ-ਸਪੋਰਟਸ ਬਾਰੇ ਖੋਜ ਕਰਨੀ ਸ਼ੁਰੂ ਕੀਤੀ।

ਸੂਰਮਾ ਨੇ ਕਿਹਾ, “ਸ਼ੁਰੂਆਤ ਵਿੱਚ, ਸਿੱਖਿਆ ਮੇਰੀ ਅਪਾਹਜਤਾ ਨਾਲ ਨਜਿੱਠਣ ਵਿੱਚ ਮੇਰੀ ਤਾਕਤ ਸੀ ਪਰ ਪੈਰਾ-ਸਪੋਰਟਸ ਨੇ ਮੇਰੇ ਸੁਪਨਿਆਂ ਨੂੰ ਪੂਰਾ ਕਰਨ ਦੀ ਤਾਕਤ ਦਾ ਇੱਕ ਹੋਰ ਸਰੋਤ ਜੋੜ ਦਿੱਤਾ।"

"ਮੇਰਾ ਜੀਵਨ ਫਲਸਫਾ ਸਧਾਰਨ ਹੈ, ਤੁਹਾਡੇ ਕੋਲ ਜੋ ਹੈ, ਉਸ ਦਾ ਵੱਧ ਤੋਂ ਵੱਧ ਲਾਭ ਉਠਾਓ ਅਤੇ ਆਪਣਾ ਸਭ ਤੋਂ ਵਧੀਆ ਦਿਓ। ਇਹ ਮਾਨਸਿਕਤਾ ਮੈਨੂੰ ਮਹਾਨ ਉਚਾਈਆਂ ਤੱਕ ਪਹੁੰਚਣ ਲਈ ਪ੍ਰੇਰਨਾ ਦਿੰਦੀ ਹੈ।"

ਚੁਣੌਤੀਆਂ

ਹਾਲਾਂਕਿ ਹਰਿਆਣਾ ਪੈਰਾ ਖੇਡ ਇਨਕਲਾਬ ਦਾ ਗਵਾਹ ਬਣ ਰਿਹਾ ਹੈ ਅਤੇ ਪੈਰਾਓਲੰਪਿਕ ਦੇ ਹਰੇਕ ਸੰਸਕਰਣ ਦੇ ਨਾਲ, ਭਾਰਤੀ ਦਲ ਵਿੱਚ ਸੂਬੇ ਦਾ ਯੋਗਦਾਨ ਵਧਾ ਰਿਹਾ ਹੈ। ਪਰ ਫਿਰ ਵੀ ਸੂਬੇ ਭਰ ਵਿੱਚ ਪੈਰਾ ਖੇਡਾਂ ਦੇ ਵਿਕਾਸ ਲਈ ਸਟੇਡੀਅਮਾਂ ਤੱਕ ਪਹੁੰਚ ਇੱਕ ਪ੍ਰਮੁੱਖ ਚਿੰਤਾ ਬਣੀ ਹੋਈ ਹੈ।

ਵ੍ਹੀਲਚੇਅਰ ʼਤੇ ਬੈਠਣ ਤੋਂ ਪਹਿਲਾਂ ਕੌਮੀ ਪੱਧਰ ਤੇ ਹਾਕੀ ਖਿਡਾਰੀ ਰਹਿ ਚੁੱਕੇ ਅਮਿਤ ਸਰੋਹਾ ਦਾ ਕਹਿਣਾ ਹੈ, “ਜਦੋਂ ਅਸੀਂ ਪਹੁੰਚ ਦੀ ਗੱਲ ਕਰਦੇ ਹਾਂ, ਇਹ ਸਿਰਫ਼ ਖੇਡ ਦੇ ਖੇਤਰ ਤੱਕ ਪਹੁੰਚਣ ਬਾਰੇ ਨਹੀਂ ਹੈ। ਇਹ ਵਾਸ਼ਰੂਮਾਂ, ਜਿਮਨੇਜ਼ੀਅਮਾਂ ਅਤੇ ਪੈਰਾ-ਐਥਲੀਟਾਂ ਨੂੰ ਲੋੜੀਂਦੇ ਕਿਸੇ ਵੀ ਹੋਰ ਖੇਤਰਾਂ ਤੱਕ ਪਹੁੰਚ ਬਾਰੇ ਵੀ ਹੈ।"

ਸਰੋਹਾ ਅੱਗੇ ਕਹਿੰਦੇ ਹਨ, “ਹਰਿਆਣਾ ਦੇ ਵੱਡੇ ਸ਼ਹਿਰਾਂ ਦੇ ਸਟੇਡੀਅਮ ਵੱਖ-ਵੱਖ ਤੌਰ 'ਤੇ ਅਪਾਹਜ ਖਿਡਾਰੀਆਂ ਲਈ ਪਹੁੰਚਯੋਗ ਹਨ, ਖਾਸ ਤੌਰ 'ਤੇ ਉਹ ਜੋ ਵ੍ਹੀਲਚੇਅਰ ਨਾਲ ਜੁੜੇ ਹੋਏ ਹਨ, ਪਰ ਅੱਜ ਵੀ, ਬਹੁਤ ਸਾਰੇ ਸਟੇਡੀਅਮਾਂ ਵਿੱਚ ਵਾਸ਼ਰੂਮ ਹਨ, ਜੋ ਵ੍ਹੀਲਚੇਅਰ ਵਾਲੇ ਐਥਲੀਟਾਂ ਦੀ ਸਹੂਲੀਅਤ ਦੇ ਮੁਤਾਬਕ ਨਹੀਂ ਹਨ।"

"ਸਬੰਧਤ ਅਧਿਕਾਰੀਆਂ ਨੂੰ ਛੋਟੇ ਕੇਂਦਰਾਂ 'ਤੇ ਪਹੁੰਚਣ ਦੀ ਸਹੂਲਤ ਨੂੰ ਬਿਹਤਰ ਬਣਾਉਣ ਲਈ ਵੀ ਕੰਮ ਕਰਨਾ ਚਾਹੀਦਾ ਹੈ।"

ਪਰਮਜੀਤ ਕੁਮਾਰ

ਤਸਵੀਰ ਸਰੋਤ, Paramjeet Kumar

ਤਸਵੀਰ ਕੈਪਸ਼ਨ, ਪਰਮਜੀਤ ਨੇ 2018 ਪੈਰਾ ਏਸ਼ੀਅਨ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ

2024 ਦੇ ਪੈਰਾਲੰਪਿਕਸ ਵਿੱਚ ਪੰਜਾਬ ਦਾ ਯੋਗਦਾਨ

ਪੰਜਾਬ ਵਿੱਚੋਂ ਇਸ ਵਾਰ ਪੈਰਿਸ ਪੈਰਾਓਲੰਪਿਕਸ ਵਿੱਚ ਤਿੰਨ ਖਿਡਾਰੀ, ਪਰਮਜੀਤ ਕੁਮਾਰ (ਪਾਵਰ ਲਿੰਫਟਿੰਗ), ਪਲਕ ਕੋਹਲੀ (ਬੈਡਮਿੰਟਨ) ਅਤੇ ਮੁਹੰਮਦ ਯਾਸਿਰ (ਐਥਲੀਟ) ਭਾਰਤੀ ਦਲ ਦਾ ਹਿੱਸਾ ਬਣਨ ਜਾ ਰਹੇ ਹਨ।

ਦੋ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਦੋਵੇਂ ਲੱਤਾਂ ਵਿੱਚ ਪੋਲੀਓ ਤੋਂ ਪ੍ਰਭਾਵਿਤ ਪੰਜਾਬ ਦਾ 32 ਸਾਲਾ ਪਰਮਜੀਤ ਕੁਮਾਰ ਪੈਰਾਲੰਪਿਕ ਵਿੱਚ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਨ।

ਪਰਮਜੀਤ ਨੇ 2018 ਪੈਰਾ ਏਸ਼ੀਅਨ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਨਵੰਬਰ 2021 ਵਿੱਚ ਜਾਰਜੀਆ ਵਿੱਚ ਇੱਕ ਵਿਸ਼ਵ ਮੀਟ ਵਿੱਚ ਤਗਮਾ ਜਿੱਤਣ ਵਾਲੇ ਦੇਸ਼ ਦੇ ਪਹਿਲੇ ਪੈਰਾ ਲਿਫਟਰ ਬਣ ਕੇ ਇੱਕ ਇਤਿਹਾਸ ਰਚਿਆ ਸੀ।

ਬਚਪਨ ਤੋਂ ਹੀ ਕਿਸੇ ਵੀ ਗਤੀਵਿਧੀ ਲਈ ਬੈਸਾਖੀਆਂ, ਵ੍ਹੀਲਚੇਅਰ ਅਤੇ ਟ੍ਰਾਈ-ਸਾਈਕਲ ਤੱਕ ਸੀਮਤ ਰਹਿਣ ਕਾਰਨ ਪਰਮਜੀਤ ਲਈ ਖੇਡਾਂ ਇੱਕ ਦੂਰ ਦਾ ਸੁਪਨਾ ਬਣ ਗਿਆ।

ਪਰ ਪੋਲੀਓ ਨੇ 2004 ਦੇ ਏਥਨਜ਼ ਪੈਰਾਲੰਪਿਕਸ ਵਿੱਚ ਰਾਜਿੰਦਰ ਸਿੰਘ ਰਹੇਲੂ ਦੇ ਕਾਂਸੀ ਦੇ ਤਗਮੇ ਨੇ ਉਤਸ਼ਾਹਿਤ ਕੀਤਾ ਅਤੇ ਪਰਮਜੀਤ ਨੂੰ ਨਵੀਂ ਉਮੀਦ ਦਿੱਤੀ।

ਉਨ੍ਹਾਂ ਨੇ ਜਲੰਧਰ ਵਿੱਚ ਆਪਣੇ ਪਿੰਡ ਹਰੀਪੁਰ ਖਾਲਸਾ ਵਿੱਚ ਇੱਕ ਸਥਾਨਕ ਜਿਮ ਜਾਣਾ ਸ਼ੁਰੂ ਕੀਤਾ ਅਤੇ ਜਦੋਂ ਰਹੇਲੂ 2009 ਵਿੱਚ ਪੰਜਾਬ ਖੇਡ ਵਿਭਾਗ ਵਿੱਚ ਪਾਵਰਲਿਫਟਿੰਗ ਕੋਚ ਵਜੋਂ ਤੈਨਾਤ ਹੋਏ ਤਾਂ ਉਹ ਉਨ੍ਹਾਂ ਦੇ ਸਾਏ ਹੇਠ ਆ ਗਏ।

ਪਲਕ

ਤਸਵੀਰ ਸਰੋਤ, Palak Kohli/FB

ਤਸਵੀਰ ਕੈਪਸ਼ਨ, ਪਲਕ ਕੋਹਲੀ ਨੇ 2024 ਵਿਸ਼ਵ ਚੈਂਪੀਅਨਸ਼ਿਪ ਵਿੱਚ ਮਹਿਲਾ ਸਿੰਗਲ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ

2015 ਵਿੱਚ, ਰਹੇਲੂ ਭਾਰਤੀ ਸਪੋਰਟਸ ਅਥਾਰਟੀ (ਐੱਸਏਆਈ) ਵਿੱਚ ਸ਼ਾਮਲ ਹੋਏ ਅਤੇ ਗਾਂਧੀਨਗਰ ਵਿੱਚ ਤੈਨਾਤ ਹੋਏ। ਪਰਮਜੀਤ ਨੇ ਵੀ ਆਪਣਾ ਬੇਸ ਪੰਜਾਬ ਤੋਂ ਗੁਜਰਾਤ ਤਬਦੀਲ ਕਰ ਦਿੱਤਾ ਤਾਂ ਜੋ ਉਹ ਉਨ੍ਹਾਂ ਦੇ ਅਧੀਨ ਸਿਖਲਾਈ ਲੈ ਸਕਣ।

ਪਰਮਜੀਤ ਸਿੰਘ ਕਹਿੰਦੇ ਹਨ, “ਮੈਂ ਖੇਡ ਦੀ ਸ਼ੁਰੂਆਤ ਰਹੇਲੂ ਸਰ ਦੇ ਅਧੀਨ ਕੀਤੀ। ਉਹ ਮੇਰੇ ਵਰਗੇ ਪੋਲੀਓ ਪ੍ਰਭਾਵਿਤ ਨੌਜਵਾਨਾਂ ਸਣੇ ਬਹੁਤ ਸਾਰੇ ਅਪਾਹਜਾਂ ਲਈ ਇੱਕ ਪ੍ਰੇਰਣਾ ਸਰੋਤ ਹਨ, ਜੋ ਖੇਡਾਂ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ।"

"ਹਾਲਾਂਕਿ ਮੈਂ 2009 ਵਿੱਚ ਪਾਵਰਲਿਫਟਿੰਗ ਸ਼ੁਰੂ ਕੀਤੀ ਸੀ, ਪਰ 2013 ਵਿੱਚ ਮੇਰਾ ਪਹਿਲੇ ਕੌਮੀ ਪ੍ਰਦਰਸ਼ਨ ਵਿੱਚ ਜੂਨੀਅਰ ਵਰਗ ਵਿੱਚ ਸੋਨਾ ਅਤੇ ਸੀਨੀਅਰਜ਼ ਵਿੱਚ ਕਾਂਸੀ ਨੇ ਮੈਨੂੰ ਖੇਡ ਨੂੰ ਗੰਭੀਰਤਾ ਨਾਲ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ।"

ਮੁਹੰਮਦ ਯਾਸਿਰ

ਤਸਵੀਰ ਸਰੋਤ, Mohd Yasser/insta

ਤਸਵੀਰ ਕੈਪਸ਼ਨ, 30 ਸਾਲਾ ਮੁਹੰਮਦ ਯਾਸਿਰ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਪਿੰਡ ਬਾਠਾਂ ਖੁਰਦ ਦੇ ਰਹਿਣ ਵਾਲੇ ਹਨ

ਜਲੰਧਰ ਦੀ ਰਹਿਣ ਵਾਲੀ 22 ਸਾਲਾ ਪਲਕ ਕੋਹਲੀ ਆਪਣੇ ਦੂਜੇ ਪੈਰਾਲੰਪਿਕ ਵਿੱਚ ਹਿੱਸਾ ਲਵੇਗੀ।

ਇਸ ਸਾਲ ਉਨ੍ਹਾਂ ਨੇ 2024 ਵਿਸ਼ਵ ਚੈਂਪੀਅਨਸ਼ਿਪ ਵਿੱਚ ਮਹਿਲਾ ਸਿੰਗਲ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਉਨ੍ਹਾਂ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਖੱਬੀ ਬਾਂਹ ਪੂਰੀ ਤਰ੍ਹਾਂ ਵਿਕਸਤ ਨਹੀਂ ਹੈ। ਉਹ ਲਖਨਊ ਵਿੱਚ ਭਾਰਤੀ ਪੈਰਾ ਬੈਡਮਿੰਟਨ ਦੇ ਮੁੱਖ ਕੋਚ ਗੌਰਵ ਖੰਨਾ ਦੇ ਅਧੀਨ ਸਿਖਲਾਈ ਲੈਂਦੀ ਹੈ।

30 ਸਾਲਾ ਮੁਹੰਮਦ ਯਾਸਿਰ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਪਿੰਡ ਬਾਠਾਂ ਖੁਰਦ ਦੇ ਰਹਿਣ ਵਾਲੇ ਹਨ।

8 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਬਾਂਹ ਟੁੱਟ ਗਈ ਸੀ। ਉਨ੍ਹਾਂ ਨੇ 2018 ਪੈਰਾ ਏਸ਼ੀਅਨ ਖੇਡਾਂ ਵਿੱਚ ਸ਼ਾਟ ਪੁਟ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ ਅਤੇ 2021 ਵਿਸ਼ਵ ਚੈਂਪੀਅਨਸ਼ਿਪ ਵਿੱਚ ਚੋਟੀ ਦੇ ਸਨਮਾਨ ਵੀ ਜਿੱਤੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)