ਅਲਜ਼ਾਇਮਰ: ਦਿਮਾਗੀ ਰੋਗ ਦੇ ਇਲਾਜ ਵਿੱਚ ਮੀਲ ਪੱਥਰ ਬਣ ਸਕਦੀ ਹੈ ਇਹ ਨਵੀਂ ਦਵਾਈ

ਡੀਮੈਂਸ਼ੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਵੇਂ ਇਹ ਕੋਈ ਪੱਕਾ ਇਲਾਜ ਨਹੀਂ ਹੈ, ਪਰ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੈ, ਜਿਸ ਵਿੱਚ ਅਲਜ਼ਾਈਮਰ ਦਾ ਇਲਾਜ ਸੰਭਵ ਹੋ ਸਕਦਾ ਹੈ।
    • ਲੇਖਕ, ਫਰਗਸ ਵਾਲਸ਼ ਅਤੇ ਮਿਸ਼ੇਲ ਰੌਬਰਟਸ
    • ਰੋਲ, ਬੀਬੀਸੀ ਪੱਤਰਕਾਰ

ਇੱਕ ਨਵੇਂ ਡਰੱਗ ‘ਡੋਨਨੇਮਾਬ’ ਨੂੰ ਅਲਜ਼ਾਈਮਰ ਖ਼ਿਲਾਫ਼ ਲੜਾਈ ਵਿੱਚ ਟਰਨਿੰਗ ਪੁਆਇੰਟ ਵਜੋਂ ਦੇਖਿਆ ਜਾ ਰਿਹਾ ਹੈ। ਗਲੋਬਲ ਟ੍ਰਾਇਲ ਵਿੱਚ ਇਹ ਪੁਸ਼ਟੀ ਹੋਈ ਹੈ ਕਿ ਇਹ ਦਿਮਾਗੀ ਕਮਜ਼ੋਰੀ ਦੀ ਰਫ਼ਤਾਰ ਹੌਲੀ ਕਰਦਾ ਹੈ।

ਇਹ ਐਂਟੀਬਾਡੀ ਦਵਾਈ, ਡੀਮੈਂਸ਼ੀਆ ਦੀ ਇਸ ਕਿਸਮ ਨਾਲ ਪੀੜਤ ਲੋਕਾਂ ਦੇ ਦਿਮਾਗ਼ ਵਿੱਚ ਬਣਨ ਵਾਲੇ ਪ੍ਰੋਟੀਨ ਨੂੰ ਸਾਫ਼ ਕਰਕੇ ਇਸ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਮਦਦਗਾਰ ਹੁੰਦੀ ਹੈ।

ਭਾਵੇਂ ਇਹ ਕੋਈ ਪੱਕਾ ਇਲਾਜ ਨਹੀਂ ਹੈ, ਪਰ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੈ, ਜਿਸ ਵਿੱਚ ਅਲਜ਼ਾਈਮਰ ਦਾ ਇਲਾਜ ਸੰਭਵ ਹੋ ਸਕਦਾ ਹੈ।

ਯੂਕੇ ਦੀ ਡਰੱਗਜ਼ ’ਤੇ ਨਿਗਰਾਨੀ ਰੱਖਣ ਵਾਲੀ ਸੰਸਥਾ ਨੇ ਨੈਸ਼ਨਲ ਹੈਲਥ ਸਰਵਿਸ ਵਿੱਚ ਇਸ ਦੀ ਵਰਤੋਂ ਬਾਰੇ ਮੁਲਾਂਕਣ ਸ਼ੁਰੂ ਕਰ ਦਿੱਤਾ ਹੈ।

ਇਹ ਦਵਾਈ ਅਲਜ਼ਾਈਮਰ ਬਿਮਾਰੀ ਵਿੱਚ ਕੰਮ ਕਰਦੀ ਹੈ, ਬਾਕੀ ਤਰ੍ਹਾਂ ਦੇ ਡੀਮੈਂਸ਼ੀਆ(ਦਿਮਾਗੀ ਕਮਜ਼ੋਰੀ ਨਾਲ ਸੰਬੰਧ ਬਿਮਾਰੀ) ਵਿੱਚ ਨਹੀਂ।

ਮਾਈਕ ਕੋਲੀ
ਤਸਵੀਰ ਕੈਪਸ਼ਨ, ਮਾਈਕ ਕੋਲੀ (ਐੱਲ) ਆਪਣੇ ਪੁੱਤਰ ਮਾਰਕ ਨਾਲ

ਟ੍ਰਾਇਲ ਦੌਰਾਨ ਕੀ ਸਾਹਮਣੇ ਆਇਆ?

ਟ੍ਰਾਇਲ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਦਵਾਈ ਇਸ ਬਿਮਾਰੀ ਦੀ ਰਫ਼ਤਾਰ ਤਕਰੀਬਨ ਇੱਕ ਤਿਹਾਈ ਤੱਕ ਘੱਟ ਕਰ ਦਿੰਦੀ ਹੈ। ਜਿਸ ਨਾਲ ਲੋਕ ਆਪਣੇ ਰੋਜ਼ਾਨਾ ਦੇ ਕੰਮ ਕਾਰ ਜਿਵੇਂ ਕਿ ਖਾਣਾ ਬਣਾਉਣਾ, ਆਪਣੇ ਸ਼ੌਕ ਮਾਨਣਾ ਵਗੈਰਾ ਕਰ ਸਕਦੇ ਹਨ।

ਮਾਈਕ ਕੋਲੇ 80 ਸਾਲ ਦੇ ਹਨ। ਉਹ ਯੂਕੇ ਵਿੱਚ ਕੁਝ ਕੁ ਮਰੀਜ਼ਾਂ ਵਿੱਚੋਂ ਇੱਕ ਹਨ ਜੋ ਇਸ ਗਲੋਬਲ ਟਰਾਇਲ ਦਾ ਹਿੱਸਾ ਬਣੇ। ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਬੀਬੀਸੀ ਨਾਲ ਗੱਲ-ਬਾਤ ਕੀਤੀ।

ਮਾਈਕ ਹਰ ਮਹੀਨੇ ਲੰਡਨ ਦੇ ਇੱਕ ਕਲੀਨਿਕ ਵਿੱਚ ਇਸ ਦਵਾਈ ਦੀ ਡੋਜ਼ ਲੈਣ ਆਉਂਦੇ ਹਨ, ਅਤੇ ਕਹਿੰਦੇ ਹਨ ਕਿ ਉਹ ਖੁਸ਼ਕਿਸਮਤ ਲੋਕਾਂ ਵਿੱਚੋਂ ਇੱਕ ਹਨ।

ਮਾਈਕ ਅਤੇ ਉਨ੍ਹਾਂ ਦੇ ਪਰਿਵਾਰ ਨੇ ਨੋਟ ਕੀਤਾ ਕਿ ਉਸ ਨੂੰ ਯਾਦਾਸ਼ਤ ਸਬੰਧੀ ਸਮੱਸਿਆਵਾਂ ਆ ਰਹੀਆਂ ਸੀ ਅਤੇ ਉਹ ਫ਼ੈਸਲੇ ਨਹੀਂ ਲੈ ਪਾ ਰਹੇ ਸੀ।

ਉਨ੍ਹਾਂ ਦੇ ਬੇਟੇ ਮਾਰਕ ਨੇ ਕਿਹਾ ਕਿ ਸ਼ੁਰੂਆਤ ਵਿੱਚ ਇਹ ਵੇਖਣਾ ਬਹੁਤ ਔਖਾ ਸੀ।

“ਉਨ੍ਹਾਂ ਨੂੰ ਸੰਘਰਸ਼ ਕਰਦੇ ਦੇਖਣਾ ਬਹੁਤ ਔਖਾ ਸੀ, ਪਰ ਮੈਂ ਸੋਚਦਾ ਹਾਂ ਕਿ ਹੁਣ ਇਹ ਗਿਰਾਵਟ ਸਥਿਰ ਹੋ ਰਹੀ ਹੈ।”

ਮਾਈਕ ਨੇ ਕਿਹਾ, “ਹੁਣ ਮੈਂ ਹੋਰ ਰੋਜ਼ ਵਧੇਰੇ ਆਤਮ-ਵਿਸ਼ਵਾਸ ਮਹਿਸੂਸ ਕਰਦਾ ਹਾਂ।”

ਫਾਇਦਾ ਤੇ ਜ਼ੋਖਮ

ਏਲੀ ਲਿਲੀ ਵੱਲੋਂ ਤਿਆਰ ਡੋਨਾਨੇਮਾਬ, ਏਸਾਈ ਅਤੇ ਬਾਇਓਜਿਨ ਕੰਪਨੀਆਂ ਵੱਲੋਂ ਤਿਆਰ ਲੇਸਾਨੇਮਾਬ ਦੀ ਤਰ੍ਹਾਂ ਹੀ ਕੰਮ ਕਰਦੀ ਹੈ। ਇਸ ਦਵਾਈ ਨੇ ਵੀ ਸੁਰਖ਼ੀਆਂ ਬਟੋਰੀਆਂ ਸੀ ਜਦੋਂ ਪਤਾ ਲੱਗਿਆ ਸੀ ਕਿ ਇਸ ਨਾਲ ਬਿਮਾਰੀ ਦੀ ਦਰ ਘਟ ਜਾਂਦੀ ਹੈ।

ਭਾਵੇਂ ਇਹ ਦਵਾਈਆਂ ਫਾਇਦੇਮੰਦ ਹਨ, ਪਰ ਇਲਾਜ ਜ਼ੋਖਮ ਤੋਂ ਬਿਨ੍ਹਾਂ ਨਹੀਂ ਹੈ।

ਇੱਕ ਤਿਹਾਈ ਮਰੀਜ਼ਾਂ ਅੰਦਰ ਦਿਮਾਗ਼ ਦੀ ਸੋਜ਼ਿਸ਼ ਆਮ ਸਾਈਡ-ਇਫੈਕਟ ਵਜੋਂ ਦੇਖੀ ਗਈ।

ਜ਼ਿਆਦਾਤਰ ਵਿੱਚ, ਇਹ ਬਿਨ੍ਹਾਂ ਲੱਛਣ ਦਿਖਾਏ ਸਹੀ ਹੋ ਗਿਆ। ਹਾਲਾਂਕਿ, ਦੋ ਜਾਂ ਤਿੰਨ ਵਲੰਟੀਅਰਾਂ ਦੀ ਦਿਮਾਗ਼ ਵਿੱਚ ਖ਼ਤਰਨਾਕ ਸੋਜ਼ਿਸ਼ ਕਾਰਨ ਮੌਤ ਹੋ ਗਈ।

ਅਲਜ਼ਾਈਮਰ ਦੀ ਇੱਕ ਹੋਰ ਐਂਟੀਬਾਡੀ ਦਵਾਈ, ਐਡੂਸਾਨੂਮਾਬ ਨੂੰ ਹਾਲ ਹੀ ਵਿੱਚ ਸੁਰੱਖਿਆ ਕਾਰਨਾਂ ਕਰਕੇ ਅਤੇ ਇਸ ਦੇ ਬਿਮਾਰੀ ਵਿੱਚ ਪ੍ਰਭਾਵਸ਼ਾਲੀ ਹੋਣ ਦੇ ਸਬੂਤਾਂ ਦੀ ਘਾਟ ਹੋਣ ਕਰਕੇ ਯੂਰਪ ਦੇ ਰੈਗੁਲੈਟਰਾਂ ਵੱਲੋਂ ਰੱਦ ਕਰ ਦਿੱਤਾ ਗਿਆ ਸੀ।

ਡੀਮੈਂਸ਼ੀਆ ਤੇ ਡੋਨਨੇਮਾਬ

ਡੀਮੈਂਸ਼ੀਆ ਤੇ ਡੋਨਨੇਮਾਬ’ ਬਾਰੇ ਖਾਸ ਗੱਲਾਂ:

  • ਇਹ ਐਂਟੀਬਾਡੀ ਦਵਾਈ ਤੇ ਡੀਮੈਂਸ਼ੀਆ ਨਾਲ ਪੀੜਤ ਲੋਕਾਂ ਦੇ ਦਿਮਾਗ਼ ਵਿੱਚ ਬਣਨ ਵਾਲੇ ਪ੍ਰੋਟੀਨ ਨੂੰ ਸਾਫ਼ ਕਰਦੀ ਹੈ
  • ਨਵੀਂ ਦਵਾਈ ਇਸ ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਮਦਦਗਾਰ ਹੁੰਦੀ ਹੈ
  • ਇਹ ਦਵਾਈ ਅਲਜ਼ਾਈਮਰ ਬਿਮਾਰੀ ਵਿੱਚ ਕੰਮ ਕਰਦੀ ਹੈ, ਬਾਕੀ ਤਰ੍ਹਾਂ ਦੇ ਡੀਮੈਂਸ਼ੀਆ ਵਿੱਚ ਨਹੀਂ ਕਰਦੀ
  • ਟ੍ਰਾਇਲ ਦੌਰਾਨ ਸਾਹਮਣੇ ਆਇਆ ਹੈ ਕਿ ਦਵਾਈ ਬਿਮਾਰੀ ਦੀ ਰਫ਼ਤਾਰ ਤਕਰੀਬਨ ਇੱਕ ਤਿਹਾਈ ਤੱਕ ਘੱਟ ਕਰ ਦਿੰਦੀ ਹੈ
ਡੀਮੈਂਸ਼ੀਆ ਤੇ ਡੋਨਨੇਮਾਬ

ਡੀਮੈਂਸ਼ੀਆ ਕੀ ਹੈ ਅਤੇ ਕੀ ਕੀਤਾ ਜਾ ਸਕਦਾ ਹੈ ?

ਡੋਨਾਨੇਮਾਬ ਦੇ ਟ੍ਰਾਇਲ ਵਿੱਚ, ਖੋਜਾਰਥੀਆਂ ਨੇ ਅਲਜ਼ਾਈਮਰ ਦੇ ਸ਼ੁਰੂਆਤੀ ਪੜਾਅ ਵਿੱਚ 60 ਤੋਂ 85 ਸਾਲ ਦੀ ਉਮਰ ਵਾਲੇ 1,736 ਲੋਕਾਂ ਦੀ ਜਾਂਚ ਕੀਤੀ।

ਉਨ੍ਹਾਂ ਵਿੱਚੋਂ ਅੱਧਿਆਂ ਨੂੰ ਮਹੀਨੇ ਦਾ ਟਰੀਟਮੈਂਟ ਦਿੱਤਾ ਗਿਆ ਅਤੇ ਬਾਕੀ ਅੱਧਿਆਂ ਨੂੰ ਪਲੇਸਿਬੋ ਨਾਮੀ ਡੱਮੀਂ ਡਰੱਗ ਅਠਾਰਾਂ ਮਹੀਨੇ ਤੱਕ ਦਿੱਤਾ ਗਿਆ।

ਪਤਾ ਲੱਗਿਆ-

  • ਕਈ ਮਰੀਜ਼ਾਂ ਵਿੱਚ ਦਵਾਈ ਦਾ ਚੰਗਾ ਫ਼ਾਇਦਾ ਦੇਖਿਆ ਗਿਆ।
  • ਜਿਨ੍ਹਾਂ ਮਰੀਜ਼ਾਂ ਵਿੱਚ ਸ਼ੁਰੂਆਤੀ ਬਿਮਾਰੀ ਸੀ, ਉਨ੍ਹਾਂ ਨੂੰ ਬਹੁਤ ਫ਼ਾਇਦਾ ਦੇਖਿਆ ਗਿਆ
  • ਜਿਨ੍ਹਾਂ ਨੂੰ ਡਰੱਗ ਦਿੱਤਾ ਗਿਆ ਉਹ ਰੋਜ਼ਾਨਾ ਜ਼ਿੰਦਗੀ ਦੇ ਕੰਮ ਜਿਵੇਂ ਕਿ ਤਾਜ਼ਾ ਮਸਲਿਆਂ ਬਾਰੇ ਵਿਚਾਰ ਚਰਚਾ, ਫ਼ੋਨ ‘ਤੇ ਗੱਲਬਾਤ ਕਰਨਾ ਅਤੇ ਸ਼ੌਕ ਮਾਣ ਸਕੇ।
  • ਬਿਮਾਰੀ ਦੀ ਰਫ਼ਤਾਰ, ਕਈ ਲੋਕਾਂ ਵਿੱਚ 20-30 ਤੱਕ ਘੱਟ ਹੁੰਦੀ ਗਈ ਅਤੇ ਕਈਆਂ ਵਿੱਚ 30-40 ਫੀਸਦੀ ਤੱਕ ਘੱਟ ਹੁੰਦੀ ਦੇਖੀ ਗਈ।
  • ਇਹ ਡਰੱਗ ਦੇ ਸਾਈਡ-ਇਫੈਕਟ ਵੀ ਸਨ ਅਤੇ ਮਰੀਜ਼ਾਂ ਨੂੰ ਇਲਾਜ ਦੇ ਖ਼ਤਰਿਆਂ ਤੋਂ ਜਾਣੂ ਰਹਿਣ ਦੀ ਲੋੜ ਹੋਵੇਗੀ।
  • ਡੋਨਾਨੇਮਾਬ ਇਲਾਜ ਵਾਲੇ ਮਰੀਜ਼ਾਂ ਵਿੱਚ ਇੱਕ ਸਾਲ ਬਾਅਦ ਇਲਾਜ ਬੰਦ ਕੀਤਾ ਜਾ ਸਕਿਆ ਕਿਉਂਕਿ ਉਨ੍ਹਾਂ ਦੇ ਦਿਮਾਗ਼ਾਂ ਵਿੱਚੋਂ ਕਾਫ਼ੀ ਡਿਪੋਜ਼ਿਟ ਬਾਹਰ ਕੱਢਿਆ ਜਾ ਚੁੱਕਿਆ ਸੀ।

ਮਾਹਿਰ ਕਹਿੰਦੇ ਹਨ ਕਿ ਏਮੀਲਾਇਡ, ਅਲਜ਼ਾਈਮਰ ਦੀ ਗੁੰਝਲਦਾਰ ਤਸਵੀਰ ਦਾ ਸਿਰਫ਼ ਇੱਕ ਹਿੱਸਾ ਹੈ ਅਤੇ ਇਹ ਹਾਲੇ ਸਾਫ਼ ਨਹੀਂ ਹੈ ਕਿ ਇਹ ਇਲਾਜ ਲੰਬੇ ਸਮੇਂ ਦੌਰਾਨ ਕਿੰਨਾ ਕੁ ਕਾਰਗਰ ਸਾਬਿਤ ਹੋ ਸਕੇਗਾ।

ਉਹ ਕਹਿੰਦੇ ਹਨ, “ਦਵਾਈ ਦੇ ਪ੍ਰਭਾਵ ਮਾਮੂਲੀ ਹੋ ਸਕਦੇ ਹਨ, ਪਰ ਨਤੀਜੇ ਇਹ ਪੁਸ਼ਟੀ ਕਰਦੇ ਹਨ ਕਿ ਦਿਮਾਗ਼ ਅੰਦਰੋਂ ਏਮੀਲਾਇਡ ਹਟਾਏ ਜਾਣ ਨਾਲ ਅਲਜ਼ਾਈਮਰ ਨੂੰ ਬਦਲਿਆ ਜਾ ਸਕਦਾ ਹੈ ਅਤੇ ਪੀੜਤ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ਜੇ ਸਹੀ ਸਮੇਂ ਤੇ ਉਨ੍ਹਾਂ ਦਾ ਇਲਾਜ ਕੀਤਾ ਜਾਵੇ।”

ਯੂਕੇ ਦੇ ਡੀਮੈਂਸ਼ੀਆ ਰਿਸਰਚ ਇੰਸਟੀਚਿਊਟ ਤੋਂ ਪ੍ਰੋਫੈਸਰ ਗਾਈਲਜ਼ ਹਾਰਡਿੰਗਮ ਨੇ ਕਿਹਾ, “ਇਹ ਨਤੀਜੇ ਛਪੇ ਦਿਖਣਾ ਕਮਾਲ ਹੈ।”

“ਅਸੀਂ ਅਲਜ਼ਾਈਮਰ ਦੇ ਇਲਾਜ ਲਈ ਲੰਮਾ ਸਮਾਂ ਇੰਤਜ਼ਾਰ ਕੀਤਾ ਹੈ, ਇਸ ਲਈ ਇਸ ਖੇਤਰ ਵਿੱਚ ਕੁਝ ਠੋਸ ਕਦਮ ਦੇਖਣਾ ਬਹੁਤ ਪ੍ਰੇਰਿਤ ਕਰਨ ਵਾਲਾ ਹੈ।”

ਅਲਜ਼ਾਈਮਰਜ਼ ਰਿਸਰਚ ਯੂਕੇ ਤੋਂ ਡਾਂ.ਸੂਜ਼ਨ ਕੋਹਲਹਾਸ ਨੇ ਕਿਹਾ, ਅੱਜ ਦਾ ਐਲਾਨ ਇੱਕ ਮੀਲ ਪੱਥਰ ਹੈ।

ਦਹਾਕਿਆਂ ਦੀ ਖੋਜ ਦਾ ਨਤੀਜਾ ਹੈ ਕਿ ਡੀਮੈਂਸ਼ੀਆ ਅਤੇ ਲੇਕਾਂ ਤੇ ਸਮਾਜ ’ਤੇ ਇਸ ਦੇ ਪ੍ਰਭਾਵ ਬਾਰੇ ਨਜ਼ਰੀਆ ਆਖਿਰ ਬਦਲ ਰਿਹਾ ਹੈ ਅਤੇ ਅਸੀਂ ਨਵੇਂ ਯੁੱਗ ਵਿੱਚ ਦਾਖਲ ਹੋ ਰਹੇ ਹਾਂ ਜਿੱਥੇ ਅਲਜ਼ਾਈਮਰ ਬਿਮਾਰੀ ਵਧੇਰੇ ਇਲਾਜਯੋਗ ਹੋ ਸਕੇਗੀ।

ਮਾਈਕ
ਤਸਵੀਰ ਕੈਪਸ਼ਨ, ਮਾਈਕ ਕੋਲੇ ਅਪ੍ਰੈਲ ਵਿੱਚ 80ਆਂ ਦੇ ਹੋਏ ਹਨ। ਆਪਣੇ ਜਨਮ ਦਿਨ ਦੀ ਪਾਰਟੀ ‘ਤੇ, ਉਨ੍ਹਾਂ ਨੇ ਚਾਲੀ ਮਹਿਮਾਨਾਂ ਦੇ ਸਾਹਮਣੇ ਗੀਤ ਗਾ ਕੇ ਆਪਣੇ ਪਰਿਵਾਰ ਨੂੰ ਹੈਰਾਨ ਕੀਤਾ।

‘ਦੋ ਡਰੱਗ ਹੋਣ ਨਾਲ ਕੀਮਤਾਂ ’ਚ ਮੁਕਾਬਲਾ ਹੋਵੇਗਾ’

ਬੀਬੀਸੀ ਰੇਡੀਓ 4 ਦੇ ਪ੍ਰੋਗਰਾਮ ਵਿੱਚ ਬੋਲਦਿਆਂ, ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ ਕਿ ਅਗਲੇਰੀ ਖੋਜ ਲਈ ਸ੍ਰੋਤ ਲਗਾਉਣੇ ਚਾਹੀਦੇ ਹਨ।

ਉਨ੍ਹਾਂ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਇੱਕ ਗੋਲੀ ਹੋਵੇ ਜੋ ਪੀੜਤ ਲੋਕ ਰੋਜ਼ਾਨਾ, ਜਾਂ ਹਰ ਹਫ਼ਤੇ ਲੈ ਸਕਣ ਤਾਂ ਕਿ ਦਿਮਾਗ਼ ਵਿੱਚ ਜਮ੍ਹਾ ਉਹ ਪ੍ਰੋਟੀਨ ਸਾਫ਼ ਹੋ ਸਕੇ ਅਤੇ ਡੀਮੈਂਸ਼ੀਆ ਲਈ ਜ਼ਿੰਮੇਵਾਰੀ ਇਸ ਬਿਮਾਰੀ ਨਾਲ ਪੀੜਤ ਹੋਣ ਦੀ ਸੰਭਾਵਨਾ ਉਨ੍ਹਾਂ ਲਈ ਘਟ ਜਾਵੇ।”

ਜਦੋਂ ਪੁੱਛਿਆ ਗਿਆ ਕਿ ਕੀ ਸਰਕਾਰ ਨਵੇਂ ਇਲਾਜ ਲਈ ਲੋੜੀਂਦੇ ਨਿਵੇਸ਼ ਲਈ ਤਿਆਰ ਹੈ, ਤਾਂ ਕੈਮਰੂਨ ਨੇ ਕਿਹਾ, “ਅਸੀਂ ਸੱਠ ਮਿਲੀਅਨ ਲੋਕਾਂ ਦਾ ਦੇਸ਼ ਹਾਂ, ਜਿੱਥੇ ਮਿਲੀਅਨਾਂ ਲੋਕ ਡੀਮੈਂਸ਼ੀਆ ਨਾਲ ਪੀੜਤ ਹਨ, ਉਨ੍ਹਾਂ ਵਿੱਚੋਂ ਕਈ ਬਹੁਤ ਮਹਿੰਗੀ ਦੇਖ-ਭਾਲ ਵਿੱਚ ਹਨ, ਇਸ ਲਈ ਅਜਿਹੇ ਲੋਕਾਂ ਦੇ ਇਲਾਜ ਲਈ ਬਹੁਤ ਬੱਚਤ ਦੀ ਲੋੜ ਹੈ, ਮੈਂ ਆਸ ਕਰਦਾ ਹਾਂ ਕਿ ਸਾਡਾ ਸਿਸਟਮ ਇਹ ਦੇ ਸਕਦਾ ਹੈ।”

ਅਮਰੀਕਾ ਵਿੱਚ ਲੇਸਾਨੇਮਾਬ ਦੀ ਕੀਮਤ ਕਰੀਬ 27,500 ਡਾਲਰ ਹੈ।

ਇਹ ਸਾਫ਼ ਨਹੀਂ ਹੈ ਕਿ ਡੋਨਾਨੇਮਾਬ ਦੀ ਕੀਮਤ ਕਿੰਨੀ ਹੋਵੇਗੀ ਅਤੇ ਇਸ ਨੂੰ ਯੂਕੇ ਵਿੱਚ ਮਨਜ਼ੂਰੀ ਲੈਣ ਲਈ ਕਿੰਨਾ ਸਮਾਂ ਲੱਗੇਗਾ, ਪਰ ਅਲਜ਼ਾਈਮਰ ਦੇ ਮਾਹਿਰਾਂ ਨੇ ਕਿਹਾ ਕਿ ਦੋ ਡਰੱਗ ਹੋਣ ਨਾਲ ਕੀਮਤਾਂ ‘ਤੇ ਮੁਕਾਬਲਾ ਵਧੇਗਾ ।

ਯੂਕੇ ਡਰੱਗਜ਼ ਦੀ ਨਿਗਰਾਨੀ ਵਾਲੀ ਸੰਸਥਾ NICE ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਲਜ਼ਾਈਮਰ ਬਿਮਾਰੀ ਕਾਰਨ ਹੋਏ ਹਲਕੇ ਡੀਮੈਂਸ਼ੀਆ ਅਤੇ ਹਲਕੀ ਬੌਧਿਕ ਕਮਜ਼ੋਰੀ ਦਾ ਇਲਾਜ ਕਰਨ ਲਈ ਡੋਨਾਨੇਮਾਬ ਦੀ ਵਕਾਲਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਇੱਕ ਬੁਲਾਰੇ ਨੇ ਕਿਹਾ, “ਸਾਡਾ ਟੀਚਾ ਹੈ ਕਿ ਨੈਸ਼ਨਲ ਹੈਲਥ ਸਰਵਿਸ ਵਿੱਚ ਇਸ ਦੀ ਵਰਤੋਂ ਬਾਰੇ ਸਿਫ਼ਾਰਸ਼ਾਂ ਕਰੀਏ।”

‘ਮੇਰੇ ਵਿੱਚ ਹੁਣ ਇਹ ਵਿਸ਼ਵਾਸ ਹੈ’

ਮਾਈਕ ਕੋਲੇ ਅਪ੍ਰੈਲ ਵਿੱਚ 80ਆਂ ਦੇ ਹੋਏ ਹਨ। ਆਪਣੇ ਜਨਮ ਦਿਨ ਦੀ ਪਾਰਟੀ ‘ਤੇ, ਉਨ੍ਹਾਂ ਨੇ ਚਾਲੀ ਮਹਿਮਾਨਾਂ ਦੇ ਸਾਹਮਣੇ ਗੀਤ ਗਾ ਕੇ ਆਪਣੇ ਪਰਿਵਾਰ ਨੂੰ ਹੈਰਾਨ ਕੀਤਾ।

ਉਨ੍ਹਾਂ ਨੇ ਬੀਬੀਸੀ ਨਿਊਜ਼ ਨੇ ਦੱਸਿਆ, “ਮੇਰੇ ਵਿੱਚ ਹੁਣ ਇਹ ਵਿਸ਼ਵਾਸ ਹੈ। ਮੈਂ 12 ਮਹੀਨੇ ਪਹਿਲਾਂ ਤੱਕ ਵੀ ਇਹ ਕਦੇ ਨਹੀਂ ਕੀਤਾ ਸੀ”

ਉਨ੍ਹਾਂ ਦੇ ਬੇਟੇ ਮਾਰਕ ਨੇ ਕਿਹਾ, “ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਆਪਣੇ ਪਿਤਾ ਨੂੰ ਮੁੜ ਜ਼ਿੰਦਗੀ ਨਾਲ ਭਰਿਆ ਦੇਖਾਂਗਾ। ਇਹ ਬਹੁਤ ਖਾਸ ਪਲ ਸੀ।”

ਡਾ. ਏਮੇਰ ਮੈਕਸਵੀਨੀ ਨੇ ਯੂਕੇ ਵਿੱਚ ਇਸ ਡਰੱਗ ਦੇ ਟਰਾਈਲ ਦੀ ਅਗਵਾਈ ਕੀਤੀ। ਉਹ ਰੀ-ਕੋਗਨਿਸ਼ਨ ਹੈਲਥ ਦੇ ਮੈਡੀਕਲ ਡਾਇਰੈਕਟਰ ਅਤੇ ਨਿਓਰੋਰਾਈਡੀਓਲਿਜਸਟ ਹਨ।

ਉਨ੍ਹਾਂ ਨੇ ਕਿਹਾ, “ਇਹ ਬਹੁਤ ਅਹਿਮ ਹੈ ਅਤੇ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਹੈ।”

ਦ ਅਲਜ਼ਾਈਮਰਜ਼ ਸੁਸਾਈਟੀ ਨੇ ਕਿਹਾ, “ਇਹ ਵਾਕਈ ਅਲਜ਼ਾਈਮਰ ਖ਼ਿਲਾਫ਼ ਲੜਾਈ ਵਿੱਚ ਇੱਕ ਅਹਿਮ ਮੋੜ ਹੈ ਅਤੇ ਵਿਗਿਆਨ ਨੇ ਸਾਬਿਤ ਕਰ ਦਿੱਤਾ ਹੈ ਕਿ ਇਸ ਬਿਮਾਰੀ ਦੀ ਰਫ਼ਤਾਰ ਘੱਟ ਕਰਨਾ ਸੰਭਵ ਹੈ।”

“ਜੇ ਇਹ ਦਵਾਈ ਮਨਜ਼ੂਰ ਹੁੰਦੀ ਹੈ ਤਾਂ ਯੂਕੇ ਵਿੱਚ ਕਰੀਬ 720,000 ਲੋਕ ਇਸ ਦਾ ਸੰਭਾਵਿਤ ਫ਼ਾਇਦਾ ਲੈ ਸਕਦੇ ਹਨ, ਪਰ ਅਲਜ਼ਾਈਮਰ ਸੁਸਾਇਟੀ ਨੇ ਕਿਹਾ ਕਿ ਨੈਸ਼ਨਲ ਹੈਲਥ ਸਰਵਿਸ ਇਹ ਮੁਹੱਈਆ ਕਰਵਾਉਣ ਲਈ ਤਿਆਰ ਨਹੀਂ ਹੈ।”

ਚੈਰਿਟੀ ਦੀ ਸੀਈਓ ਕੇਟ ਲੀ ਨੇ ਕਿਹਾ, “ਸਮੇਂ ਸਿਰ, ਬਿਮਾਰੀ ਦਾ ਪਤਾ ਲਗਾਉਣਾ ਅਹਿਮ ਹੈ ਅਤੇ ਇਸ ਵੇਲੇ ਇੰਗਲੈਂਡ ਅਤੇ ਵੇਲਜ਼ ਵਿੱਚ ਸਿਰਫ਼ 2 ਫੀਸਦੀ ਲੋਕ ਹੀ ਇਨ੍ਹਾਂ ਇਲਾਜਾਂ ਲਈ ਲੋੜੀਂਦੀ ਖਾਸ ਜਾਂਚ ਜ਼ਰੀਏ ਬਿਮਾਰੀ ਦਾ ਨਿਦਾਨ ਲੈ ਰਹੇ ਹਨ।”

ਇਸ ਦੇ ਨਾਲ ਹੀ, ਅਲਜ਼ਾਈਮਰ ਬਿਮਾਰੀ ਦੀਆਂ ਨਵੀਆਂ ਦਵਾਈਆਂ ਨੂੰ ਰੈਗੁਲਰ ਇਨਫਿਊਜ਼ਨ ਅਤੇ ਨਿਗਰਾਨੀ ਦੀ ਲੋੜ ਹੈ ਅਤੇ ਨੈਸ਼ਨਲ ਹੈਲਥ ਸਰਵਿਸ ਹਾਲੇ ਇਸ ਲਈ ਤਿਆਰ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)