ਮਾਂ ਆਪਣਾ ਦੁੱਧ ਚੁੰਘਾਉਣਾ ਛੱਡ ਦੇਵੇ ਤਾਂ ਸਮਾਜ ਉਸਨੂੰ 'ਬੁਰੀ ਬਣਾ ਛੱਡਦਾ ਹੈ', ਪਰ ਜਾਣੋ ਇਸ 'ਚ ਕੀ ਦਿੱਕਤਾਂ ਹਨ

ਛਾਤੀ ਦਾ ਦੁੱਧ ਚੁੰਘਾਉਣਾ
ਤਸਵੀਰ ਕੈਪਸ਼ਨ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਅਤੇ ਯੂਨੀਸੈਫ਼ ਸੁਝਾਅ ਦਿੰਦੇ ਹਨ ਕਿ ਮਾਂ ਦਾ ਦੁੱਧ ਪਿਲਾਉਣਾ ਮਾਪਿਆਂ ਅਤੇ ਬੱਚਿਆਂ ਦੋਵਾਂ ਲਈ ਲਾਭਦਾਇਕ ਹੈ
    • ਲੇਖਕ, ਸਵਾਤੀ ਜੋਸ਼ੀ ਅਤੇ ਤਜ਼ੀਨ ਪਠਾਨ
    • ਰੋਲ, ਬੀਬੀਸੀ

ਸੋਨਾਲੀ ਬੰਦੋਪਾਧਿਆਏ ਜਦੋਂ 29 ਸਾਲ ਦੀ ਉਮਰ ਵਿੱਚ ਮਾਂ ਬਣੀ ਤਾਂ ਬਹੁਤ ਖੁਸ਼ ਸੀ ਅਤੇ ਫਿਰ ਇੱਕ ਸਾਲ ਬਾਅਦ, ਉਨ੍ਹਾਂ ਨੇ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ।

ਉਨ੍ਹਾਂ ਦੇ ਮੁੰਡਾ-ਕੁੜੀ ਹੁਣ ਸੱਤ ਅਤੇ ਅੱਠ ਸਾਲ ਦੇ ਹਨ ਅਤੇ ਬਿਲਕੁਲ ਠੀਕ ਹਨ। ਹਾਲਾਂਕਿ, ਜਦੋਂ ਉਨ੍ਹਾਂ ਦਾ ਜਨਮ ਹੋਇਆ ਸੀ ਤਾਂ ਸੋਨਾਲੀ ਨੇ ਫੈਸਲਾ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਛਾਤੀ ਦਾ ਦੁੱਧ ਨਹੀਂ ਪਿਲਾਉਣਗੇ।

ਸੋਨਾਲੀ 19 ਸਾਲ ਦੀ ਉਮਰ ਤੋਂ ਸ਼ਾਈਜ਼ੋਫਰੀਨੀਆ ਦੀ ਦਵਾਈ ਲੈ ਰਹੇ ਹਨ। ਆਪਣੇ ਬੇਟੇ ਦੇ ਜਨਮ ਤੋਂ ਬਾਅਦ, ਉਨ੍ਹਾਂ ਨੇ ਆਪਣੇ ਮਨੋਵਿਗਿਆਨੀ ਤੋਂ ਸਲਾਹ ਲਈ, ਜਿਸ ਨੇ ਸੋਨਾਲੀ ਨੂੰ ਛਾਤੀ ਦਾ ਦੁੱਧ ਚੁੰਘਾਉਣ ਦੀ ਸਿਫਾਰਸ਼ ਕੀਤੀ।

ਹਾਲਾਂਕਿ, ਉਨ੍ਹਾਂ ਵੇ ਫਿਰ ਵੀ ਫੈਸਲਾ ਕੀਤਾ ਕਿ ਉਹ ਅਜਿਹਾ ਨਹੀਂ ਕਰਨਗੇ।

ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਹ ਕਹਿੰਦੇ ਹਨ, "ਮੇਰੇ ਖੂਨ ਵਿੱਚ ਦਵਾਈ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਮੈਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ, ਇਸ ਲਈ ਮੈਂ ਬੱਚਿਆਂ ਨੂੰ ਛਾਤੀ ਦਾ ਦੁੱਧ ਨਾ ਪਿਲਾਉਣ ਦਾ ਫੈਸਲਾ ਕੀਤਾ।"

ਛਾਤੀ ਦਾ ਦੁੱਧ ਚੁੰਘਾਉਣਾ
ਤਸਵੀਰ ਕੈਪਸ਼ਨ, ਜ਼ਿਆਦਾਤਰ ਜਨਮ ਦੇਣ ਵਾਲੀਆਂ ਮਾਵਾਂ ਛਾਤੀ ਦਾ ਦੁੱਧ ਚੁੰਘਾ ਸਕਦੀਆਂ ਹਨ, ਪਰ ਕੁਝ ਮਾਮਲਿਆਂ ਵਿੱਚ ਦਿੱਕਤਾਂ ਹੋ ਸਕਦੀਆਂ ਹਨ

ਸ਼ੁਰੂਆਤੀ ਸਾਲਾਂ ਵਿੱਚ, ਉਨ੍ਹਾਂ ਨੂੰ ਵੀ ਚਿੰਤਾ ਹੋਈ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਛਾਤੀ ਦਾ ਦੁੱਧ ਨਾ ਚੁੰਘਾਉਣਾ ਬੱਚੇ ਦੇ ਨਾਲ ਉਨ੍ਹਾਂ ਦੇ ਲਗਾਵ ਨੂੰ ਪ੍ਰਭਾਵਿਤ ਕਰੇਗਾ।

ਸੋਨਾਲੀ ਕਹਿੰਦੇ ਹਨ, "ਪਰ ਸੱਚ ਕਹਾਂ ਤਾਂ ਹੁਣ ਜਦੋਂ ਉਹ ਵੱਡੇ ਹੋ ਗਏ ਹਨ, ਮੈਂ ਨਹੀਂ ਮੰਨਦੀ ਕਿ ਇਹ ਸੱਚ ਹੈ। ਭਾਵੇਂ ਜੋ ਮਰਜ਼ੀ ਹੋਵੇ, ਮਾਂ... ਮਾਂ ਹੀ ਹੁੰਦੀ ਹੈ।''

ਸੋਨਾਲੀ ਜਾਣਦੇ ਹਨ ਕਿ ਛਾਤੀ ਦਾ ਦੁੱਧ ਚੁੰਘਾਉਣ ਦੇ ਕਿੰਨੇ ਫਾਇਦੇ ਹਨ, ਪਰ ਆਪਣੇ ਬੱਚਿਆਂ ਦੇ ਭਵਿੱਖ ਲਈ ਉਨ੍ਹਾਂ ਨੇ ਆਪਣੇ ਫੈਸਲੇ 'ਤੇ ਭਰੋਸਾ ਰੱਖਿਆ।

ਅਕਸਰ ਹੀ ਨਵੀਆਂ ਮਾਵਾਂ ਤੋਂ ਉਨ੍ਹਾਂ ਦੇ ਬੱਚੇ ਦੀ ਤੰਦਰੁਸਤੀ ਅਤੇ ਦੁੱਧ ਚੁੰਘਾਉਣ ਦੇ ਤਜਰਬੇ ਬਾਰੇ ਪੁੱਛਿਆ ਜਾਂਦਾ ਹੈ।

ਆਮ ਤੌਰ 'ਤੇ, ਇੱਕ ਸਕਾਰਾਤਮਕ ਜਵਾਬ ਸੁਣ ਕੇ ਲੋਕ ਤੁਹਾਨੂੰ ਸਰਾਹੁੰਦੇ ਹਨ ਪਰ ਜੇਕਰ ਉਹੀ ਜਵਾਬ ਨਾਂਹ ਪੱਖੀ ਹੋਵੇ ਤਾਂ ਮਾਹੌਲ ਕੁਝ ਅਜਿਹਾ ਬਣ ਜਾਂਦਾ ਹੈ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਕਰਵਾਈ ਜਾ ਸਕਦੀ ਹੈ।

ਛਾਤੀ ਦਾ ਦੁੱਧ ਚੁੰਘਾਉਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਿਲਾ ਸ਼ਰੀਰ ਵਿੱਚ ਦੁੱਧ ਦੀਆਂ ਗ੍ਰੰਥੀਆਂ

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਅਤੇ ਯੂਨੀਸੇਫ਼ ਸੁਝਾਅ ਦਿੰਦੇ ਹਨ ਕਿ ਮਾਂ ਦਾ ਦੁੱਧ ਪਿਲਾਉਣਾ ਮਾਪਿਆਂ ਅਤੇ ਬੱਚਿਆਂ ਦੋਵਾਂ ਲਈ ਲਾਭਦਾਇਕ ਹੈ ਅਤੇ ਇਸੇ ਕਾਰਨ ਉਹ ਬੱਚੇ ਨੂੰ ਉਸ ਦੇ ਜਨਮ ਦੇ ਪਹਿਲੇ ਛੇ ਮਹੀਨਿਆਂ ਵਿੱਚ ਵਿਸ਼ੇਸ਼ ਤੌਰ 'ਤੇ ਛਾਤੀ ਦਾ ਦੁੱਧ ਚੁੰਘਾਉਣ ਦੀ ਵੀ ਸਿਫ਼ਾਰਸ਼ ਕਰਦੇ ਹਨ।

2020 ਦੇ ਰਾਸ਼ਟਰੀ ਪਰਿਵਾਰ ਅਤੇ ਸਿਹਤ ਸਰਵੇਖਣ ਦੇ ਅੰਕੜੇ ਦਰਸਾਉਂਦੇ ਹਨ ਕਿ ਅਸਲ ਵਿੱਚ 6 ਮਹੀਨਿਆਂ ਤੋਂ ਘੱਟ ਉਮਰ ਦੇ ਸਿਰਫ 64 ਫੀਸਦੀ ਬੱਚਿਆਂ ਨੂੰ ਹੀ ਮਾਂ ਦਾ ਦੁੱਧ ਪਿਲਾਇਆ ਜਾਂਦਾ ਹੈ ਅਤੇ ਜਨਮ ਦੇ ਇੱਕ ਘੰਟੇ ਦੇ ਅੰਦਰ 10 ਵਿੱਚੋਂ ਸਿਰਫ 4 ਨਵਜੰਮੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਇਆ ਜਾਂਦਾ ਹੈ।

ਹਾਲਾਂਕਿ ਜ਼ਿਆਦਾਤਰ ਜਨਮ ਦੇਣ ਵਾਲੀਆਂ ਮਾਵਾਂ ਛਾਤੀ ਦਾ ਦੁੱਧ ਚੁੰਘਾ ਸਕਦੀਆਂ ਹਨ, ਪਰ ਕੁਝ ਮਾਮਲਿਆਂ ਵਿੱਚ ਦਿੱਕਤਾਂ ਹੋ ਸਕਦੀਆਂ ਹਨ।

ਬੀਐਲਕੇ-ਮੈਕਸ ਸੈਂਟਰ ਫਾਰ ਚਾਈਲਡ ਹੈਲਥ, ਨਵੀਂ ਦਿੱਲੀ ਵਿਖੇ ਸੀਨੀਅਰ ਸਲਾਹਕਾਰ (ਆਈਬੀਸੀਐਲਸੀ), ਡਾਕਟਰ ਸ਼ਾਚੀ ਖਰੇ ਬਾਵੇਜਾ ਨੇ ਇਸ ਸਬੰਧੀ ਕਾਰਨਾਂ ਦੀ ਸੂਚੀ ਦਿੱਤੀ ਹੈ ਕਿ ਕਿਉਂ ਕੁਝ ਮਾਵਾਂ ਲਈ ਜਨਮ ਤੋਂ ਇੱਕ ਘੰਟੇ ਜਾਂ ਇੱਕ ਦਿਨ ਦੇ ਅੰਦਰ ਛਾਤੀ ਦਾ ਦੁੱਧ ਚੁੰਘਾਉਣਾ ਸੰਭਵ ਨਹੀਂ ਹੋ ਪਾਉਂਦਾ।

ਉਹ ਸਮਝਾਉਂਦੇ ਹਨ ਕਿ ਅਜਿਹਾ ਵਿਸ਼ੇਸ਼ ਤੌਰ 'ਤੇ ਸੀ-ਸੈਕਸ਼ਨ (ਆਪਰੇਸ਼ਨ) ਦੁਆਰਾ ਪੈਦਾ ਹੋਏ ਬੱਚਿਆਂ ਦੇ ਮਾਮਲੇ ਵਿੱਚ ਜ਼ਿਆਦਾ ਹੁੰਦਾ ਹੈ, ਜਦੋਂ ਨਵਜੰਮੇ ਬੱਚਿਆਂ ਨੂੰ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ ਵਿੱਚ ਰੱਖਣ ਦੀ ਲੋੜ ਪੈਂਦੀ ਹੈ।

ਲਾਈਨ

''ਉਹ ਤੁਹਾਨੂੰ ਬੁਰੀ ਮਾਂ ਬਣਾ ਛੱਡਦੇ ਹਨ''

ਜਿੱਥੇ ਕੁਝ ਔਰਤਾਂ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਛਾਤੀ ਦਾ ਦੁੱਧ ਚੁੰਘਾਉਣ ਦੇ ਯੋਗ ਨਹੀਂ ਹੁੰਦੀਆਂ, ਉੱਥੇ ਹੀ ਕੁਝ ਅਜਿਹੀਆਂ ਵੀ ਹੁੰਦੀਆਂ ਹਨ ਜੋ ਇੱਕ ਖਾਸ ਮਿਆਦ ਤੋਂ ਬਾਅਦ ਛਾਤੀ ਦਾ ਦੁੱਧ ਚੁੰਘਾਉਣਾ ਬੰਦ ਕਰ ਦਿੰਦਿਆਂ ਹਨ, ਉਸ ਵੀ ਆਪਣੀ ਮਰਜ਼ੀ ਨਾਲ।

ਕਸੌਲੀ ਵਿੱਚ ਰਹਿਣ ਵਾਲੇ ਅਤੇ ਆਪਣਾ ਕਾਰੋਬਾਰ ਕਰਨ ਵਾਲੇ ਮੀਨਾਕਸ਼ੀ ਨਿਗਮ ਲਈ, ਛਾਤੀ ਦਾ ਦੁੱਧ ਚੁੰਘਾਉਣ ਦਾ ਤਜਰਬੇ ਸ਼ੁਰੂ ਵਿੱਚ ਉਨ੍ਹਾਂ ਲਈ ਬਹੁਤ ਸੰਤੁਸ਼ਟੀ ਭਰਿਆ ਅਹਿਸਾਸ ਸੀ, ਪਰ ਚਾਰ ਮਹੀਨਿਆਂ ਬਾਅਦ, ਉਸ ਉਨ੍ਹਾਂ ਦੇ ਦੁੱਧ ਵਿੱਚ ਕਮੀ ਹੋਣ ਲੱਗੀ।

ਉਹ ਦੱਸਦੇ ਹਨ, "ਮੈਨੂੰ ਪੰਪ ਕਰਨਾ ਪਿਆ ਅਤੇ ਬਹੁਤ ਮਿਹਨਤ ਕਰਨੀ ਪਈ ਅਤੇ ਇਹ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਸੀ। ਦੁੱਧ ਘੱਟ ਉਤਰ ਰਿਹਾ ਸੀ ਅਤੇ ਬੱਚੇ ਦਾ ਪੇਟ ਵੀ ਨਹੀਂ ਭਰ ਰਿਹਾ ਸੀ।"

ਅਜਿਹਾ ਹੀ ਕੁਝ ਮਿਸ਼ੇਲ ਮੋਰਿਸ ਨਾਲ ਵੀ ਹੋਇਆ, ਜੋ ਆਪਣੇ ਪਹਿਲੇ ਬੱਚੇ ਨੂੰ ਦੁੱਧ ਨਹੀਂ ਪਿਲਾ ਸਕੇ ਸਨ ਅਤੇ ਇਸ ਸਮੱਸਿਆ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਸੀ।

ਉਹ ਅਕਸਰ ਹੈਰਾਨ ਹੁੰਦੇ ਤੇ ਸੋਚਦੇ ਕਿ "ਕੀ ਮੈਂ ਠੀਕ ਹਾਂ?" ਇੱਥੋਂ ਤੱਕ ਕਿ ਜਦੋਂ ਉਨ੍ਹਾਂ ਦਾ ਦੂਜਾ ਬੱਚਾ ਹੋਇਆ ਤਾਂ ਵੀ ਅਜਿਹਾ ਹੀ ਹੋਇਆ।

ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਇਸ ਦਾ ਜਵਾਬ ਇਹੀ ਹੈ ਕਿ ਕੋਈ ਜਵਾਬ ਹੀ ਨਹੀਂ ਹੈ।"

ਉਨ੍ਹਾਂ ਦੇ ਗਾਇਨੀਕੋਲੋਜਿਸਟ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।

ਹਾਲਾਂਕਿ, ਉਨ੍ਹਾਂ ਦੇ ਤੀਜੇ ਬੱਚੇ ਦੇ ਸਮੇਂ ਉਹ ਕੁਝ ਦੇਰ ਦੁੱਧ ਪਿਲਾ ਸਕੇ ਪਰ ਇਹ ਵੀ ਇੱਕ ਮਹੀਨੇ ਤੋਂ ਜ਼ਿਆਦਾ ਨਾ ਚੱਲਿਆ। ਉਨ੍ਹਾਂ ਨੇ ਪੰਪ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਲਈ ਕਾਫ਼ੀ ਮਿਹਨਤ ਦੀ ਲੋੜ ਸੀ।

ਆਖਰਕਾਰ, ਉਨ੍ਹਾਂ ਫੈਸਲਾ ਕੀਤਾ ਕਿ ਅਜਿਹਾ ਹੁਣ ਹੋਰ ਨਹੀਂ ਚੱਲ ਸਕਦਾ।

ਉਹ ਦੱਸਦੇ ਹਨ, "ਅਤੇ ਫਿਰ ਅਸੀਂ ਆਪਣੀ ਨਿਯਮਤ ਰੁਟੀਨ ਵਿੱਚ ਵਾਪਸ ਆ ਗਏ ਅਤੇ ਜੀਵਨ ਉਸੇ ਤਰੀਕੇ ਨਾਲ ਚੱਲਦਾ ਰਿਹਾ। ਬੱਚੇ ਵੀ ਆਮ ਰਫ਼ਤਾਰ ਨਾਲ ਵਧਦੇ ਗਏ, ਜਿਵੇਂ ਕਿ ਉਨ੍ਹਾਂ ਨੂੰ ਹੋਣਾ ਚਾਹੀਦਾ ਸੀ।''

ਛਾਤੀ ਦਾ ਦੁੱਧ ਚੁੰਘਾਉਣਾ
ਤਸਵੀਰ ਕੈਪਸ਼ਨ, ਅੰਕੜੇ ਦਰਸਾਉਂਦੇ ਹਨ ਕਿ ਅਸਲ ਵਿੱਚ 6 ਮਹੀਨਿਆਂ ਤੋਂ ਘੱਟ ਉਮਰ ਦੇ ਸਿਰਫ 64 ਫੀਸਦੀ ਬੱਚਿਆਂ ਨੂੰ ਹੀ ਮਾਂ ਦਾ ਦੁੱਧ ਪਿਲਾਇਆ ਜਾਂਦਾ ਹੈ

ਮੀਨਾਕਸ਼ੀ ਨਿਗਮ ਦੇ ਮਾਮਲੇ ਵਿੱਚ ਉਨ੍ਹਾਂ ਨੇ ਆਪਣੀ ਤੰਦਰੁਸਤੀ ਨੂੰ ਤਰਜੀਹ ਦਿੱਤੀ ਅਤੇ ਛਾਤੀ ਦਾ ਦੁੱਧ ਚੁੰਘਾਉਣਾ ਬੰਦ ਕਰਨ ਦਾ ਫੈਸਲਾ ਕੀਤਾ।

ਉਨ੍ਹਾਂ ਦੇ ਪਰਿਵਾਰ ਨੇ ਵੀ ਇਸ ਫੈਮਲੀ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਪਰ ਹੋਰ ਲੋਕਾਂ ਨੇ ਉਸ ਨੂੰ ਬਹੁਤ ਚੰਗਾ ਨਹੀਂ ਮੰਨਿਆ ਅਤੇ ਤੰਜ ਕੱਸੇ ਕਿ ਮੌਜੂਦਾ ਪੀੜ੍ਹੀ ਕੋਸ਼ਿਸ਼ ਹੀ ਨਹੀਂ ਕਰਨਾ ਚਾਹੁੰਦੀ ਅਤੇ ਹਰ ਚੀਜ਼ ਲਈ ਸੌਖੇ ਰਸਤੇ ਭਾਲਦੀ ਹੈ।

ਮੀਨਾਕਸ਼ੀ ਕਹਿੰਦੇ ਹਨ, "ਉਹ ਤੁਹਾਨੂੰ ਇੱਕ ਬੁਰੀ ਮਾਂ ਬਣਾ ਛੱਡਦੇ ਹਨ।''

ਹਾਲਾਂਕਿ ਮੀਨਾਕਸ਼ੀ ਇਹੀ ਮੰਨਦੇ ਹਨ ਕਿ ਇਹ ਇੱਕ ਮਾਂ ਦਾ ਅਧਿਕਾਰ ਹੈ ਕਿ ਉਹ ਆਪਣੇ ਬੱਚੇ ਦੇ ਸੰਬੰਧ ਵਿੱਚ ਕੀ ਫੈਸਲਾ ਕਰਦੀ ਹੈ।

ਡਾਕਟਰ ਬਾਵੇਜਾ ਕਹਿੰਦੇ ਹਨ ਕਿ ਅੱਜ ਕੱਲ੍ਹ ਛਾਤੀ ਦਾ ਦੁੱਧ ਚੁੰਘਾਉਣਾ ਔਖਾ ਹੋ ਰਿਹਾ ਹੈ ਜਾਂ ਜੇ ਇਹ ਧਾਰਨਾ ਕਿ ਅੱਜ ਦੀ ਪੀੜ੍ਹੀ ਆਪਣੀ ਸਹੂਲਤ ਲਈ ਇਸ ਤੋਂ ਪਰਹੇਜ਼ ਕਰਦੀ ਹੈ, ਇਹ ਇੱਕ ਗਲਤਫਹਿਮੀ ਹੈ।

ਉਹ ਜੀਵਨਸ਼ੈਲੀ ਵਿੱਚ ਆਈਆਂ ਤਬਦੀਲੀਆਂ ਜਿਵੇਂ ਕਿ ਸਰੀਰਕ ਗਤੀਵਿਧੀ ਦਾ ਘੱਟ ਹੋਣਾ ਅਤੇ ਜ਼ਿਆਦਾ ਸਮਾਂ ਬੈਠਣ ਵਾਲੀਆਂ ਨੌਕਰੀਆਂ, ਸਰੀਰ ਦੀ ਬਣਤਰ ਵਿੱਚ ਤਬਦੀਲੀਆਂ ਅਤੇ ਹਾਰਮੋਨਲ ਤਬਦੀਲੀਆਂ ਆਦਿ ਵੱਲ ਧਿਆਨ ਦਿਵਾਉਂਦੇ ਹਨ।

ਉਹ ਕਹਿੰਦੇ ਹਨ, "ਸਾਡੇ ਸਰੀਰ ਅਤੇ ਹਾਰਮੋਨ ਬਦਲ ਰਹੇ ਹਨ ਅਤੇ ਨਤੀਜੇ ਵਜੋਂ ਸਾਡਾ ਬੱਚਿਆਂ ਨੂੰ ਜਨਮ ਦੇਣ ਦਾ ਤਰੀਕਾ ਵੀ ਬਦਲ ਗਿਆ ਹੈ ਅਤੇ ਇਹ ਗੱਲ ਛਾਤੀ ਦਾ ਦੁੱਧ ਚੁੰਘਾਉਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ।

"ਕੋਈ ਸਹੀ ਜਾਂ ਗਲਤ ਜਵਾਬ ਨਹੀਂ ਹੈ"

ਛਾਤੀ ਦਾ ਦੁੱਧ ਚੁੰਘਾਉਣਾ
ਤਸਵੀਰ ਕੈਪਸ਼ਨ, ਦੁੱਧ ਸਬੰਧੀ ਸਮੱਸਿਆ ਆਉਣ 'ਤੇ ਮਾਵਾਂ ਨੂੰ ਪੰਪ ਦੀ ਮਦਦ ਨਾਲ ਦੁੱਧ ਕੱਢ ਕੇ ਬੱਚੇ ਨੂੰ ਪਿਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ

37 ਸਾਲਾ ਨੇਹਾ ਸਿੰਘ ਯਾਦਵ ਨੂੰ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੇ ਸਿਰਫ 28 ਹਫ਼ਤਿਆਂ ਵਿੱਚ, ਸਮੇਂ ਤੋਂ ਪਹਿਲਾਂ ਜੌੜੇ ਬੱਚਿਆਂ ਨੂੰ ਜਨਮ ਦਿੱਤਾ।

ਜੌੜੇ ਬੱਚਿਆਂ ਨੂੰ ਇੱਕ ਮਹੀਨੇ ਲਈ ਐਨ-ਆਈਸੀਯੂ ਵਿੱਚ ਰੱਖਿਆ ਗਿਆ ਸੀ ਅਤੇ ਉਨ੍ਹਾਂ ਨੂੰ ਛਾਤੀ ਦਾ ਦੁੱਧ ਨਹੀਂ ਦਿੱਤਾ ਜਾ ਸਕਦਾ ਸੀ। ਬਾਅਦ ਵਿੱਚ ਕਿਉਂਕਿ ਬੱਚੇ ਠੀਕ ਤਰ੍ਹਾਂ ਨਾਲ ਚੁੰਘ ਨਹੀਂ ਪਾਉਂਦੇ ਸਨ, ਉਨ੍ਹਾਂ ਲਈ ਦੁੱਧ ਚੁੰਘਾਉਣਾ ਬਹੁਤ ਮੁਸ਼ਕਲ ਅਤੇ ਦਰਦਨਾਕ ਹੋ ਗਿਆ।

ਇਸ ਸਮੱਸਿਆ ਦੇ ਹੱਲ ਲਈ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਨੇ ਮਾਂ ਦੇ ਦੁੱਧ ਦੇ ਬੈਂਕ ਦੀ ਚੋਣ ਕੀਤੀ ਅਤੇ ਡਾਕਟਰ ਦੀ ਸਲਾਹ ਮੁਤਾਬਕ ਉਹ ਪੰਪਿੰਗ ਵੀ ਕਰਦੇ ਰਹੇ।

ਇਸ ਸਾਰੀ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਬਹੁਤ ਸਮਾਂ ਦੇਣਾ ਪੈਂਦਾ ਸੀ, ਜਿਸ ਕਾਰਨ ਉਹ ਮੁਸ਼ਕਿਲ ਨਾਲ ਹੀ ਸੌਂ ਪਾਉਂਦੇ ਸਨ।

30-30 ਮਿੰਟਾਂ ਦੇ ਅੰਤਰਾਲ ਦੇ ਨਾਲ, ਪੂਰੇ 24 ਘੰਟਿਆਂ ਵਿੱਚ ਉਹ ਮਹਿਜ਼ 3 ਤੋਂ 4 ਘੰਟੇ ਹੀ ਸੌਂ ਪਾਉਂਦੇ ਸਨ। ਇਸ ਤਰ੍ਹਾਂ ਨਾਲ ਉਹ ਬਹੁਤ ਤਣਾਅ 'ਚ ਰਹਿਣ ਲੱਗੇ ਅਤੇ ਉਨ੍ਹਾਂ ਦੇ ਦੁੱਧ ਦੀ ਮਾਤਰਾ ਵੀ ਘੱਟ ਹੋਣ ਲੱਗੀ, ਜਿਸ ਕਾਰਨ ਉਨ੍ਹਾਂ ਦੇ ਦੁੱਧ ਨਾਲ ਦੋਵੇਂ ਬੱਚਿਆਂ ਦਾ ਢਿੱਡ ਵੀ ਨਹੀਂ ਭਰ ਪਾਉਂਦਾ ਸੀ।

ਨਤੀਜੇ ਵਜੋਂ, ਉਸ ਨੂੰ ਫਾਰਮੂਲਾ ਦੁੱਧ ਦੀ ਮਦਦ ਲੈਣੀ ਪਈ।

ਉਹ ਕਹਿੰਦੇ ਹਨ, "ਹਾਲਾਂਕਿ ਸਮਾਜ ਅਕਸਰ ਮਾਂ ਹੋਣ ਨੂੰ ਬੜਾ ਹੀ ਸੁਖ ਵਾਲਾ ਤੇ ਸਮਰਪਣ ਵੱਲ ਅਨੁਭਵ ਸਮਝਦਾ ਹੈ, ਪਰ ਮੈਂ ਵੀ ਹੋਰਾਂ ਵਾਂਗ ਇਨਸਾਨ ਹੀ ਹਾਂ, ਜਿਸ ਨੂੰ ਦਰਦ ਹੁੰਦਾ ਹੈ।''

ਛਾਤੀ ਦਾ ਦੁੱਧ ਚੁੰਘਾਉਣਾ

ਨੇਹਾ ਵਾਂਗ, ਬਹੁਤ ਸਾਰੀਆਂ ਮਾਵਾਂ ਇਸ ਧਾਰਨਾ ਤੋਂ ਪ੍ਰਭਾਵਿਤ ਹੁੰਦੀਆਂ ਹਨ ਕਿ ਛਾਤੀ ਦਾ ਦੁੱਧ ਨਾ ਪਿਲਾਉਣ ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਬੱਚੇ ਵਿਚਕਾਰ ਸਬੰਧ ਨੂੰ ਕਮਜ਼ੋਰ ਹੋ ਸਕਦਾ ਹੈ।

ਲਗਭਗ ਹਰ ਰੋਜ਼ ਹੀ ਅਜਿਹੇ ਸਵਾਲਾਂ ਨਾਲ ਦੋ-ਚਾਰ ਹੋਣ ਵਾਲੇ ਡਾਕਟਰ ਬਵੇਜਾ ਸਮਝਾਉਂਦੇ ਹਨ ਕਿ “ਇਸ ਦਾ ਕੋਈ ਸਹੀ ਜਾਂ ਗਲਤ ਜਵਾਬ ਨਹੀਂ ਹੈ। ਜੇਕਰ ਮਾਂ ਅਤੇ ਬੱਚਾ ਇਕੱਠੇ ਖੁਸ਼ ਹਨ, ਤਾਂ ਦੁੱਧ ਚੁੰਘਾਉਣ ਸਬੰਧੀ ਫੈਸਲਿਆਂ ਨਾਲ ਉਨ੍ਹਾਂ ਦੇ ਰਿਸ਼ਤੇ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ।

ਇਸ ਸਲਾਹ ਤੋਂ ਬਾਅਦ, ਮਹਿਜ਼ ਖਾਨ ਨੇ ਆਪਣੀ ਧੀ ਨਾਲ ਕਿਤਾਬ-ਪੜ੍ਹਨ ਦਾ ਨਿਯਮ ਬਣਾਇਆ।

ਉਹ ਕਹਿੰਦੇ ਹਨ, "ਯਕੀਨਨ ਜੇਕਰ ਤੁਸੀਂ ਛਾਤੀ ਦਾ ਦੁੱਧ ਚੁੰਘਾ ਰਹੇ ਹੋ ਤਾਂ ਇਸ ਨਾਲ ਰਿਸ਼ਤਾ ਗਹਿਰਾ ਹੁੰਦਾ ਹੈ, ਪਰ ਤੁਹਾਨੂੰ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦੇ ਆਪਣੇ ਤਰੀਕੇ ਲੱਭਣੇ ਪੈਣਗੇ ਅਤੇ ਮੈਂ ਇਹ ਸ਼ੁਰੂ ਤੋਂ ਹੀ ਕਿਤਾਬ ਪੜ੍ਹਨ ਦਾ ਨਿਯਮ ਬਣਾਇਆ।''

ਮਹਿਜ਼ ਖਾਨ ਛੋਟੀ ਉਮਰ ਤੋਂ ਹੀ ਉੱਚ ਪ੍ਰੋਲੈਕਟਿਨ ਪੱਧਰਾਂ ਲਈ ਦਵਾਈ ਲੈ ਰਹੇ ਹਨ। ਵਾਧੂ ਪ੍ਰੋਲੈਕਟਿਨ ਉਨ੍ਹਾਂ ਲੋਕਾਂ ਵਿੱਚ ਛਾਤੀ ਦੇ ਦੁੱਧ ਦੇ ਉਤਪਾਦਨ ਦਾ ਕਾਰਨ ਬਣ ਸਕਦਾ ਹੈ ਜੋ ਗਰਭਵਤੀ ਨਹੀਂ ਹਨ ਜਾਂ ਦੁੱਧ ਨਹੀਂ ਚੁੰਘਾ ਰਹੇ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਆਪਣੇ ਬੱਚੇ ਦੇ ਜਨਮ ਤੋਂ ਬਾਅਦ, ਉਨ੍ਹਾਂ ਵਿੱਚ ਲੋੜੀਂਦਾ ਦੁੱਧ ਨਹੀਂ ਬਣ ਰਿਹਾ ਸੀ।

ਮਹਿਜ਼ ਮੁਤਾਬਕ, “ਮੈਂ ਘੰਟਿਆਂ ਤੱਕ ਪੰਪ ਕਰਦੀ ਰਹਿੰਦੀ ਅਤੇ ਫਿਰ ਵੀ ਸਿਰਫ ਮਿਲੀਲੀਟਰ ਦੁੱਧ ਹੀ ਨਿਕਲਦਾ। ਮੇਰੇ ਪਤੀ ਜਾਣਦੇ ਸਨ ਕਿ ਮੈਂ ਕੋਸ਼ਿਸ਼ ਕਰ ਰਹੀ ਸੀ ਪਰ ਫਿਰ ਵੀ ਕੁਝ ਨਹੀਂ ਹੋ ਪਾ ਰਿਹਾ ਸੀ ਅਤੇ ਇਸ ਦੇ ਲਈ ਉਨ੍ਹਾਂ ਨੇ ਮੈਨੂੰ ਕਦੇ ਗਲਤ ਵੀ ਨਹੀਂ ਸਮਝਿਆ।''

ਛਾਤੀ ਦਾ ਦੁੱਧ ਚੁੰਘਾਉਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਿਰ ਕਹਿੰਦੇ ਹਨ ਕਿ ਜੇਕਰ ਮਾਂ ਬਚੇ ਨੂੰ ਦੁੱਧ ਨਹੀਂ ਪਿਲਾ ਪਾਉਂਦੀ ਤਾਂ ਸਮਾਜਿਕ ਦਬਾਅ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਅਸਰ ਪਾਉਂਦਾ ਹੈ

ਇਸ ਮਾਮਲੇ ਵਿੱਚ ਪਰਿਵਾਰ ਅਤੇ ਸਮਾਜ ਦੀ ਭੂਮਿਕਾ ਨੂੰ ਸੰਬੋਧਿਤ ਕਰਦੇ ਹੋਏ ਡਾਕਟਰ ਬਾਵੇਜਾ ਕਹਿੰਦੇ ਹਨ ਕਿ ''ਸਾਰੀਆਂ ਮਾਵਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਦੁੱਧ ਚੁੰਘਾਉਣ, ਇਹ ਉਨ੍ਹਾਂ ਦਾ ਫਰਜ਼ ਹੈ ਅਤੇ ਜੇਕਰ ਤੁਸੀਂ ਛਾਤੀ ਦਾ ਦੁੱਧ ਨਹੀਂ ਚੁੰਘਾ ਸਕਦੇ ਤਾਂ ਇਸ ਵਿੱਚ ਅਕਸਰ ਤੁਹਾਡੀ ਹੀ ਗਲਤੀ ਮੰਨੀ ਜਾਂਦੀ ਹੈ।''

''ਇਸ ਨਾਲ ਨਵੀਆਂ ਮਾਵਾਂ ਦੀ ਮਾਨਸਿਕ ਸਿਹਤ 'ਤੇ ਅਸਰ ਪੈਂਦਾ ਹੈ। ਉਹ ਆਤਮ-ਵਿਸ਼ਵਾਸ ਅਤੇ ਭਰੋਸਾ ਗੁਆ ਦਿੰਦੀਆਂ ਹਨ ਕਿਉਂਕਿ ਉਹ ਮਹਿਸੂਸ ਕਰਨ ਲੱਗਦੀਆਂ ਹਨ ਕਿ ਉਹ 'ਸਭ ਤੋਂ ਕੁਦਰਤੀ ਚੀਜ਼' ਕਰਨ ਵਿੱਚ ਅਸਮਰੱਥ ਹਨ।''

ਡਾਕਟਰ ਬਾਵੇਜਾ ਅੱਗੇ ਕਹਿੰਦੇ ਹਨ, ''ਬ੍ਰੈਸਟ ਫੀਡਿੰਗ ਮੰਗ ਅਤੇ ਸਪਲਾਈ 'ਤੇ ਕੰਮ ਕਰਦੀ ਹੈ ਅਤੇ ਜੇਕਰ ਬੱਚਾ ਪਹਿਲੇ ਦਿਨ ਤੋਂ ਹੀ ਦੁੱਧ ਪੀਂਦਾ ਹੈ, ਤਾਂ ਇਸਦਾ ਨਤੀਜਾ ਇਹ ਹੁੰਦਾ ਹੈ ਮਹਿਲਾ ਦਾ ਦੁੱਧ ਚੁੰਘਾਉਣ ਦਾ ਅਨੁਭਵ ਚੰਗਾ ਰਹਿੰਦਾ ਹੈ।''

ਡਾਕਟਰ ਬਾਵੇਜਾ ਸਲਾਹ ਦਿੰਦੇ ਹਨ ਕਿ ਹੋਣ ਵਾਲੇ ਮਾਤਾ-ਪਿਤਾ ਨੂੰ ਆਪਣੇ ਆਪ ਨੂੰ ਛਾਤੀ ਦਾ ਦੁੱਧ ਚੁੰਘਾਉਣ ਬਾਰੇ ਸਿੱਖਿਅਤ ਕਰਨਾ ਚਾਹੀਦਾ ਹੈ।

ਉਹ ਕਹਿੰਦੇ ਹਨ, ''ਆਪਣੇ ਬੱਚੇ ਦੇ ਆਉਣ ਤੱਕ ਦਾ ਇੰਤਜ਼ਾਰ ਨਾ ਕਰੋ, ਇਸ ਦੇ ਲਈ ਪਹਿਲਾਂ ਤੋਂ ਜਾਣਕਾਰੀ ਰੱਖੋ ਤਾਂ ਕਿ ਤੁਸੀਂ ਇਹ ਸਮਝ ਸਕੋ ਕਿ ਬੱਚਿਆਂ ਦੇ ਜਨਮ ਨਾਲ ਹੀ ਦੁੱਧ ਚੁੰਘਾਉਣ ਦੀ ਪ੍ਰਕਿਰਿਆ ਕੋਈ ਕੁਦਰਤੀ ਤੌਰ 'ਤੇ ਹੀ ਸ਼ੁਰੂ ਨਹੀਂ ਹੋ ਜਾਂਦੀ।''

ਇਲਸਟ੍ਰੇਸ਼ਨਜ਼: ਲੋਕੇਸ਼ ਸ਼ਰਮਾ

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)