ਕੀ ਗਰਭਵਤੀ ਲਈ 145 ਕਿਲੋਗ੍ਰਾਮ ਭਾਰ ਚੁੱਕਣਾ ਸੁਰੱਖਿਅਤ ਹੈ? ਕਾਂਸਟੇਬਲ ਸੋਨਿਕਾ ਦੀ ਵਾਇਰਲ ਵੀਡੀਓ ਨੇ ਚਰਚਾ ਛੇੜੀ

ਤਸਵੀਰ ਸਰੋਤ, Sonika Yadav/Facebook
- ਲੇਖਕ, ਆਸ਼ੇ ਯੇਗੜੇ
- ਰੋਲ, ਬੀਬੀਸੀ ਪੱਤਰਕਾਰ
"ਭਾਰਤ ਵਿੱਚ ਗਰਭ ਅਵਸਥਾ ਨੂੰ ਅਕਸਰ ਬਿਮਾਰੀ ਵਾਂਗ ਸਮਝਿਆ ਜਾਂਦਾ ਹੈ, ਪਰ ਮੈਂ ਇਸ ਧਾਰਨਾ ਨੂੰ ਤੋੜਣਾ ਚਾਹੁੰਦੀ ਸੀ," ਦਿੱਲੀ ਪੁਲਿਸ ਦੀ ਕਾਂਸਟੇਬਲ ਸੋਨਿਕਾ ਯਾਦਵ ਨੇ ਇਹ ਸ਼ਬਦ ਉਨ੍ਹਾਂ ਪਲਾਂ ਨੂੰ ਯਾਦ ਕਰਦਿਆਂ ਆਖੇ ਜਿਸ ਨੇ ਉਨ੍ਹਾਂ ਦੀ ਕਹਾਣੀ ਨੂੰ ਰਾਸ਼ਟਰੀ ਪੱਧਰ 'ਤੇ ਚਰਚਾ ਵਿੱਚ ਲਿਆਂਦਾ।
ਆਂਧਰਾ ਪ੍ਰਦੇਸ਼ ਵਿੱਚ ਹੋਈ ਆਲ ਇੰਡੀਆ ਪੁਲਿਸ ਵੇਟਲਿਫਟਿੰਗ ਕਲੱਸਟਰ 2025–26 ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਸੱਤ ਮਹੀਨੇ ਦੀ ਗਰਭਵਤੀ ਸੋਨਿਕਾ 84 ਕਿਲੋਗ੍ਰਾਮ ਸ਼੍ਰੇਣੀ ਵਿੱਚ ਮੁਕਾਬਲਾ ਕਰਦੀ ਨਜ਼ਰ ਆਈ।
ਉਨ੍ਹਾਂ ਨੇ 145 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ। ਜਦੋਂ ਬਾਰ ਜ਼ਮੀਨ 'ਤੇ ਡਿੱਗਿਆ, ਤਾਂ ਸੋਨਿਕਾ ਦਾ ਪਤੀ ਤੁਰੰਤ ਮੰਚ 'ਤੇ ਆਇਆ ਤੇ ਉਨ੍ਹਾਂ ਦੀ ਮਦਦ ਕੀਤੀ, ਉਸ ਵੇਲੇ ਹੀ ਦਰਸ਼ਕਾਂ ਨੂੰ ਪਤਾ ਲੱਗਿਆ ਕਿ ਉਹ ਗਰਭਵਤੀ ਹੈ।
ਜਦੋਂ ਦਿੱਲੀ ਪੁਲਿਸ ਕਾਂਸਟੇਬਲ ਸੋਨਿਕਾ ਯਾਦਵ ਦੀ ਉਹ ਵੀਡੀਓ ਵਾਇਰਲ ਹੋਈ, ਜਿਸ ਵਿੱਚ ਉਹ ਗਰਭਵਤੀ ਹੋਣ ਦੇ ਬਾਵਜੂਦ 145 ਕਿਲੋਗ੍ਰਾਮ ਵਜ਼ਨ ਚੁੱਕ ਰਹੀ ਸੀ ਤਾਂ ਲੋਕਾਂ ਨੇ ਉਨ੍ਹਾਂ ਦੀ ਹਿੰਮਤ ਅਤੇ ਦ੍ਰਿੜਤਾ ਦੀ ਖ਼ੂਬ ਤਾਰੀਫ਼ ਕੀਤੀ।
ਪਰ ਦੂਜੇ ਪਾਸੇ ਇੱਕ ਬਹਿਸ ਵੀ ਸ਼ੁਰੂ ਹੋ ਗਈ ਕੀ ਸੋਨਿਕਾ ਆਪਣੀ ਗਰਭ ਅਵਸਥਾ ਨੂੰ ਖ਼ਤਰੇ ਵਿੱਚ ਪਾ ਰਹੀ ਹੈ?
ਕਈ ਲੋਕਾਂ ਨੇ ਉਨ੍ਹਾਂ ਦੇ ਫ਼ੈਸਲੇ ਨੂੰ 'ਖ਼ਤਰਨਾਕ' ਅਤੇ 'ਗ਼ੈਰ-ਜ਼ਿੰਮੇਵਾਰਾਨਾ' ਕਹਿੰਦੇ ਹੋਏ ਆਲੋਚਨਾ ਕੀਤੀ। ਕੁਝ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਨੇ ਆਪਣੇ ਬੱਚੇ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ। ਪਰ ਸੋਨਿਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰੀ ਸਮਝ ਸੀ ਕਿ ਉਹ ਕੀ ਕਰ ਰਹੇ ਹਨ।
ਉਨ੍ਹਾਂ ਦੱਸਿਆ, "ਮੈਂ ਪਿਛਲੇ ਦੋ-ਤਿੰਨ ਸਾਲਾਂ ਤੋਂ ਪਾਵਰਲਿਫਟਿੰਗ ਕਰ ਰਹੀ ਹਾਂ। ਮੈਂ ਮੁਕਾਬਲੇ ਤੋਂ ਪਹਿਲਾਂ ਆਪਣੇ ਗਾਇਨੀਕੋਲੋਜਿਸਟ ਤੋਂ ਸਲਾਹ ਵੀ ਲਈ ਸੀ। ਬਹੁਤ ਲੋਕ ਕਹਿ ਰਹੇ ਸਨ ਕਿ ਮੈਂ ਆਪਣੇ ਬੱਚੇ ਨੂੰ ਪਿਆਰ ਨਹੀਂ ਕਰਦੀ, ਅਜਿਹਾ ਗ਼ਲਤ ਹੈ। ਮੈਂ ਇਸ ਬੱਚੇ ਨਾਲ ਵੀ ਉਨਾ ਹੀ ਪਿਆਰ ਕਰਦੀ ਹਾਂ ਜਿੰਨਾ ਆਪਣੇ ਵੱਡੇ ਪੁੱਤ ਨਾਲ।"
ਆਪਣੀਆਂ ਹੱਦਾਂ ਤੋਂ ਪਾਰ ਨਾ ਜਾਓ'

ਤਸਵੀਰ ਸਰੋਤ, Sonika Yadav/Facebook
ਸੋਨਿਕਾ ਦੀ ਫਿਟਨੈਸ ਯਾਤਰਾ ਇਹ ਵੀਡੀਓ ਵਾਇਰਲ ਹੋਣ ਤੋਂ ਬਹੁਤ ਪਹਿਲਾਂ 2022 ਵਿੱਚ ਸ਼ੁਰੂ ਹੋ ਗਈ ਸੀ।
ਉਨ੍ਹਾਂ ਦੱਸਿਆ, "ਮੈਂ ਓਵਰਵੇਟ ਸੀ ਅਤੇ ਲਾਈਫਸਟਾਈਲ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਹੀ ਸੀ, ਉਦੋਂ ਮੇਰੇ ਪਤੀ ਨੇ ਮੈਨੂੰ ਜਿਮ ਜਾਣ ਦੀ ਸਲਾਹ ਦਿੱਤੀ।"
ਸੋਨਿਕਾ ਦੱਸਦੇ ਹਨ ਕਿ ਸ਼ੁਰੂ 'ਚ ਮੈਂ ਸਿਰਫ਼ ਤੰਦਰੁਸਤ ਰਹਿਣ ਲਈ ਕਸਰਤ ਕਰਦੀ ਸੀ, ਪਰ ਹੌਲੀ-ਹੌਲੀ ਇਹ ਮੇਰੀ ਲਗਨ ਬਣ ਗਈ। ਜਨਵਰੀ 2023 ਵਿੱਚ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਖੇਡਾਂ ਵਿੱਚ ਹਿੱਸਾ ਲਵਾਂਗੀ।
ਉਸੇ ਸਾਲ ਅਗਸਤ ਵਿੱਚ ਉਨ੍ਹਾਂ ਨੇ ਸੂਬਾ ਪੱਧਰੀ ਡੈਡਲਿਫ਼ਟ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ, ਇਹ ਉਨ੍ਹਾਂ ਦੀ ਪਹਿਲੀ ਵੱਡੀ ਜਿੱਤ ਸੀ।
ਜਦੋਂ ਉਨ੍ਹਾਂ ਨੇ ਪੁਲਿਸ ਵੇਟਲਿਫਟਿੰਗ ਕਲੱਸਟਰ 2025–26 ਵਿੱਚ ਸੋਨ ਤਗਮਾ ਜਿੱਤਣ ਦੀ ਤਿਆਰੀ ਸ਼ੁਰੂ ਕੀਤੀ ਤਾਂ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਗਰਭਵਤੀ ਹੈ।
ਮਈ 2025 ਵਿੱਚ ਜਦੋਂ ਸੋਨਿਕਾ ਨੂੰ ਆਪਣੇ ਗਰਭਵਤੀ ਹੋਣ ਬਾਰੇ ਪਤਾ ਲੱਗਿਆ ਤਾਂ ਪਹਿਲਾਂ ਉਹ ਡਰ ਗਏ।
ਉਨ੍ਹਾਂ ਕਿਹਾ, "ਇੱਕ ਪਲ਼ ਲਈ ਮੈਨੂੰ ਲੱਗਿਆ ਕਿ ਹੁਣ ਸਭ ਕੁਝ ਖ਼ਤਮ ਹੋ ਜਾਵੇਗਾ ਤੇ ਮੈਨੂੰ ਆਪਣੀ ਖੇਡ ਛੱਡਣੀ ਪਵੇਗੀ।"
ਪਰ ਰੁਕਣ ਦੀ ਬਜਾਏ, ਉਨ੍ਹਾਂ ਨੇ ਆਪਣੇ ਡਾਕਟਰ ਨਾਲ ਸਲਾਹ ਕੀਤੀ।
ਉਹ ਦੱਸਦੇ ਹਨ, "ਮੈਂ ਡਾਕਟਰ ਨੂੰ ਦੱਸਿਆ ਕਿ ਮੈਂ ਰਾਸ਼ਟਰੀ ਪੱਧਰ 'ਤੇ ਵਜ਼ਨ ਚੁੱਕਣ ਵਾਲੀ ਖਿਡਾਰਣ ਹਾਂ ਤੇ ਖੇਡ ਜਾਰੀ ਰੱਖਣਾ ਚਾਹੁੰਦੀ ਹਾਂ।"
ਗਾਇਨੀਕੋਲੋਜਿਸਟ ਨੇ ਕਿਹਾ, "ਜੇ ਤੁਹਾਡਾ ਸਰੀਰ ਇਜਾਜ਼ਤ ਦਿੰਦਾ ਹੈ ਤਾਂ ਮੈਂ ਵੀ ਇਜਾਜ਼ਤ ਦਿੰਦੀ ਹਾਂ ਪਰ ਆਪਣੀ ਹੱਦ ਤੋਂ ਵੱਧ ਨਾ ਕਰਿਓ।"
ਅਜਿਹੀ ਸਲਾਹ ਸੋਨਿਕਾ ਲਈ ਮਾਰਗਦਰਸ਼ਕ ਬਣ ਗਈ। ਉਨ੍ਹਾਂ ਨੇ ਸਾਵਧਾਨੀ ਨਾਲ ਟ੍ਰੇਨਿੰਗ ਜਾਰੀ ਰੱਖੀ। ਹਰ ਸੈਸ਼ਨ ਦੀ ਨਿਗਰਾਨੀ ਕੀਤੀ ਅਤੇ ਡਾਕਟਰ ਨਾਲ ਨਿਰੰਤਰ ਸੰਪਰਕ ਵਿੱਚ ਰਹੀ।
ਉਨ੍ਹਾਂ ਕਿਹਾ, "ਮੇਰਾ ਸਰੀਰ ਪਹਿਲਾਂ ਹੀ ਇਸ ਦੇ ਅਨੁਕੂਲ ਹੋ ਗਿਆ ਸੀ। ਮੈਂ ਗਰਭਵਤੀ ਹੋਣ ਤੋਂ ਬਾਅਦ ਵੇਟਲਿਫਟਿੰਗ ਸ਼ੁਰੂ ਨਹੀਂ ਕੀਤੀ, ਮੈਂ ਸਿਰਫ਼ ਉਹੀ ਜਾਰੀ ਰੱਖਿਆ ਜੋ ਪਹਿਲਾਂ ਕਰ ਰਹੀ ਸੀ।"
ਸੋਨਿਕਾ ਦੇ ਪਤੀ ਹਰ ਵੇਲੇ ਨਾਲ ਰਹੇ, ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਦੇ, ਹੌਸਲਾ ਦਿੰਦੇ ਤੇ ਸਹਾਰਾ ਬਣ ਕੇ ਨਾਲ ਖੜ੍ਹੇ ਰਹੇ। ਸੋਨਿਕਾਂ ਦਾ ਕਹਿਣਾ ਹੈ, "ਉਹ ਮੇਰੀ ਸਭ ਤੋਂ ਵੱਡੀ ਤਾਕਤ ਹਨ।"
ਮਾਹਰ ਕੀ ਕਹਿੰਦੇ ਹਨ?

ਤਸਵੀਰ ਸਰੋਤ, Dr Nikhil Datar/Facebook
ਸੋਨਿਕਾ ਸਮੇਂ-ਸਮੇਂ 'ਤੇ ਡਾਕਟਰੀ ਸਲਾਹ ਲੈਂਦੇ ਰਹੇ, ਪਰ ਡਾਕਟਰਾਂ ਦਾ ਕਹਿਣਾ ਹੈ ਕਿ ਹਰ ਗਰਭਵਤੀ ਔਰਤ ਦਾ ਸਰੀਰ ਵੱਖਰਾ ਹੁੰਦਾ ਹੈ, ਇਸ ਲਈ ਇਹ ਹਰ ਕਿਸੇ ਲਈ ਸੁਰੱਖਿਅਤ ਨਹੀਂ ਹੈ।
ਮੁੰਬਈ ਦੇ ਕਲਾਉਡਨਾਈਨ ਹਸਪਤਾਲ ਦੇ ਸੀਨੀਅਰ ਗਾਇਨੀਕੋਲੋਜਿਸਟ ਡਾ. ਨਿਖ਼ਿਲ ਦਾਤਾਰ ਕਹਿੰਦੇ ਹਨ, "ਹਰ ਕੋਈ ਸੋਨਿਕਾ ਵਾਂਗ ਨਹੀਂ ਕਰ ਸਕਦਾ ਜਾਂ ਕਰਨਾ ਚਾਹੀਦਾ। ਇਹ ਸਭ ਕੁਝ ਵਿਅਕਤੀ ਦੀ ਸਿਹਤ ਤੇ ਨਿਰਭਰ ਕਰਦਾ ਹੈ।"
ਉਹ ਕਹਿੰਦੇ ਹਨ, "ਕਈ ਮਾਮਲਿਆਂ 'ਚ, ਜੇ ਡਾਕਟਰੀ ਸਲਾਹ ਤੇ ਸਹੀ ਟ੍ਰੇਨਿੰਗ ਹੋਵੇ ਤਾਂ ਔਰਤਾਂ ਸੁਰੱਖਿਅਤ ਤਰੀਕੇ ਨਾਲ ਤਾਕਤ ਵਾਲੀਆਂ ਕਸਰਤਾਂ ਜਾਰੀ ਰੱਖ ਸਕਦੀਆਂ ਹਨ।"
ਪਰ ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਸੋਨਿਕਾ ਦਾ ਮਾਮਲਾ ਵਿਸ਼ੇਸ਼ ਹੈ, "ਉਹ ਐਥਲੀਟ ਹੈ ਤੇ ਸਾਲਾਂ ਤੋਂ ਟ੍ਰੇਨਿੰਗ ਕਰ ਰਹੀ ਹੈ। ਜ਼ਿਆਦਾਤਰ ਗਰਭਵਤੀ ਔਰਤਾਂ ਲਈ ਐਨਾ ਭਾਰੀ ਵਜ਼ਨ ਚੁੱਕਣਾ ਸੁਰੱਖਿਅਤ ਨਹੀਂ ਹੁੰਦਾ।"
ਇਸ ਦਾ ਇਹ ਮਤਲਬ ਨਹੀਂ ਕਿ ਗਰਭਵਤੀ ਔਰਤਾਂ ਨੂੰ ਪੂਰੀ ਤਰ੍ਹਾਂ ਆਰਾਮ ਹੀ ਕਰਨਾ ਚਾਹੀਦਾ ਹੈ। ਡਾ. ਨਿਖ਼ਿਲ ਦਾਤਾਰ ਕਹਿੰਦੇ ਹਨ, "ਹਲਕੀ ਕਸਰਤ ਸਿਰਫ਼ ਸੁਰੱਖਿਅਤ ਹੀ ਨਹੀਂ, ਸਗੋਂ ਸਿਹਤ ਲਈ ਲਾਭਕਾਰੀ ਵੀ ਹੈ।"
ਡਾ. ਨਿਖ਼ਿਲ ਦਾਤਾਰ ਕਹਿੰਦੇ ਹਨ, "ਸਾਨੂੰ ਇਹ ਸੋਚ ਛੱਡਣੀ ਪਵੇਗੀ ਕਿ ਗਰਭ ਅਵਸਥਾ ਦਾ ਮਤਲਬ ਪੂਰਾ ਆਰਾਮ ਹੈ।"
ਉਹ ਗਰਭਵਤੀ ਔਰਤਾਂ ਨੂੰ ਹਲਕੀ-ਫੁਲਕੀ ਕਸਰਤ ਜਿਵੇਂ ਤੁਰਨਾ, ਯੋਗ ਜਾਂ ਡਾਕਟਰੀ ਨਿਗਰਾਨੀ ਹੇਠ ਕਸਰਤ ਕਰਨ ਦੀ ਸਲਾਹ ਦਿੰਦੇ ਹਨ। ਇਸ ਨਾਲ ਖ਼ੂਨ ਦਾ ਸੰਚਾਰ ਠੀਕ ਰਹਿੰਦਾ ਹੈ, ਵਜ਼ਨ ਕੰਟ੍ਰੋਲ ਰਹਿੰਦਾ ਹੈ ਅਤੇ ਸਰੀਰ ਡਿਲਿਵਰੀ ਲਈ ਤਿਆਰ ਹੁੰਦਾ ਹੈ।
ਡਾ. ਨਿਖਿਲ ਔਰਤਾਂ ਦੇ ਅਧਿਕਾਰਾਂ ਲਈ ਜਾਣੇ ਜਾਂਦੇ ਐਕਟਿਵਿਸਟ ਵੀ ਹਨ ਅਤੇ ਉਹ ਔਰਤਾਂ ਦੀ ਸਿਹਤ ਸਬੰਧੀ ਕਈ ਅਰਜ਼ੀਆਂ ਵੱਖ-ਵੱਖ ਅਦਾਲਤਾਂ ਵਿੱਚ ਦੇ ਚੁੱਕੇ ਹਨ।
ਉਹ ਕਹਿੰਦੇ ਹਨ, "ਖ਼ਤਰਾ ਸਿਰਫ਼ ਇਸ ਗੱਲ ਨਾਲ ਨਹੀਂ ਜੁੜਿਆ ਕਿ ਔਰਤ ਕਿੰਨਾ ਵਜ਼ਨ ਚੁੱਕਦੀ ਹੈ, ਸਗੋਂ ਇਹ ਇਸ ਗੱਲ ਨਾਲ ਜੁੜਿਆ ਹੈ ਕਿ ਔਰਤ ਦਾ ਸਰੀਰ ਕਿੰਨਾ ਤਿਆਰ ਹੈ ਅਤੇ ਉਨ੍ਹਾਂ ਨੂੰ ਕਿੰਨੀ ਡਾਕਟਰੀ ਸਲਾਹ ਮਿਲ ਰਹੀ ਹੈ। ਡਾਕਟਰ, ਟ੍ਰੇਨਰ ਅਤੇ ਖਿਡਾਰੀ ਤਿੰਨਾਂ ਨੂੰ ਇਕੱਠੇ ਮਿਲ ਕੇ ਕੰਮ ਕਰਨਾ ਚਾਹੀਦਾ।"
ਗਰਭਵਤੀ ਔਰਤਾਂ ਲਈ ਫ਼ਾਇਦਾਮੰਦ ਹੋ ਸਕਦੀ ਹੈ ਹਲਕੀ ਤੋਂ ਦਰਮਿਆਨੀ ਕਸਰਤ

ਸਪੋਰਟਸ ਮੈਡੀਸਿਨ ਰਿਸਰਚ ਡਾ. ਦਾਤਾਰ ਦੀ ਗੱਲ ਦਾ ਸਮਰਥਨ ਕਰਦੀ ਹੈ। ਗਰਭ ਅਵਸਥਾ ਦੌਰਾਨ ਹਲਕੀ ਕਸਰਤ ਨਾਲ ਸਹਿਣਸ਼ਕਤੀ ਵਧਦੀ ਹੈ, ਦਿਲ ਦੀ ਸਿਹਤ ਅਤੇ ਮਾਨਸਿਕ ਤੰਦਰੁਸਤੀ ਵਿੱਚ ਸੁਧਾਰ ਆਉਂਦਾ ਹੈ।
ਹਾਲਾਂਕਿ, ਹਾਈ-ਇੰਟੈਂਸਿਟੀ ਟ੍ਰੇਨਿੰਗ ਜਾਂ ਭਾਰੀ ਵਜ਼ਨ ਚੁੱਕਣਾ ਸਿਰਫ਼ ਡਾਕਟਰੀ ਨਿਗਰਾਨੀ ਹੇਠ ਹੀ ਸੁਰੱਖਿਅਤ ਹੈ।
ਗੇਟੋਰੇਡ ਸਪੋਰਟਸ ਸਾਇੰਸ ਇੰਸਟੀਟਿਊਟ ਦੀ ਇੱਕ ਗਲੋਬਲ ਰਿਪੋਰਟ ਕਹਿੰਦੀ ਹੈ, "ਗਰਭਵਤੀ ਖਿਡਾਰੀਆਂ ਆਪਣੀ ਡਾਕਟਰ ਅਤੇ ਮਾਹਰਾਂ ਦੀ ਨਿਗਰਾਨੀ ਹੇਠ ਆਮ ਹਦਾਇਤਾਂ ਨਾਲੋਂ ਵੱਧ ਇੰਟੈਂਸਿਟੀ 'ਤੇ ਟ੍ਰੇਨਿੰਗ ਕਰ ਸਕਦੀਆਂ ਹਨ।"
ਡਾ. ਨਿਖਿਲ ਦਾਤਾਰ ਕਹਿੰਦੇ ਹਨ ਕਿ ਗਰਭ ਅਵਸਥਾ ਦੌਰਾਨ ਕਿਸੇ ਵੀ ਔਰਤ ਨੂੰ ਭਾਰੀ ਕਸਰਤ ਨਹੀਂ ਕਰਨੀ ਚਾਹੀਦੀ, ਖ਼ਾਸਕਰ ਅਚਾਨਕ ਤਾਂ ਬਿਲਕੁਲ ਨਹੀਂ ਸ਼ੁਰੂ ਕਰਨੀ ਚਾਹੀਦੀ।
ਸੋਨਿਕਾ ਖ਼ੁਦ ਵੀ ਦੂਜੀਆਂ ਔਰਤਾਂ ਨੂੰ ਆਪਣੀ ਨਕਲ ਕਰਨ ਤੋਂ ਰੋਕਦੀ ਹੈ।
ਉਹ ਕਹਿੰਦੇ ਹਨ, "ਜੇ ਕਿਸੇ ਨੇ ਪਹਿਲਾਂ ਕਦੇ ਟ੍ਰੇਨਿੰਗ ਨਹੀਂ ਕੀਤੀ ਤਾਂ ਸਿਰਫ਼ ਮੇਰੀ ਕਹਾਣੀ ਦੇਖ ਕੇ ਗਰਭ ਅਵਸਥਾ ਦੌਰਾਨ ਵਜ਼ਨ ਚੁੱਕਣ ਦੀ ਕੋਸ਼ਿਸ਼ ਨਾ ਕਰੇ। ਮੇਰਾ ਸਰੀਰ ਸਾਲਾਂ ਤੋਂ ਇਸ ਲਈ ਤਿਆਰ ਸੀ ਅਤੇ ਮੈਂ ਇਹ ਸਭ ਕੁਝ ਸਿਰਫ਼ ਆਪਣੇ ਡਾਕਟਰ ਦੀ ਸਲਾਹ ਨਾਲ ਕੀਤਾ।"
ਜਦੋਂ ਵੀ ਉਨ੍ਹਾਂ ਤੋਂ ਇਸ ਦੇ ਖ਼ਤਰੇ ਬਾਰੇ ਪੁੱਛਿਆ ਜਾਂਦਾ ਹੈ, ਉਹ ਹਮੇਸ਼ਾ ਕਹਿੰਦੇ ਹਨ, "ਗਰਭ ਅਵਸਥਾ ਸਰੀਰ ਵਿੱਚ ਕਈ ਤਬਦੀਲੀਆਂ ਲਿਆਉਂਦੀ ਹੈ। ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਸਰੀਰ ਦੀ ਆਵਾਜ਼ ਸੁਣਨੀ ਚਾਹੀਦੀ ਹੈ।"
ਸਪੋਰਟਸ ਜਾਰੀ ਰੱਖਣ ਦੇ ਨਾਲ ਮਾਂ ਬਣਨ ਦਾ ਅਨੁਭਵ

ਤਸਵੀਰ ਸਰੋਤ, Dr Nikhil Datar/Facebook
ਸੋਨਿਕਾ ਦੱਸਦੇ ਹਨ, "ਪਾਵਰਲਿਫਟਿੰਗ ਨੇ ਮੈਨੂੰ ਜ਼ਿੰਦਗੀ ਵਿੱਚ ਇੱਕ ਰਾਹ ਅਤੇ ਵਿਸ਼ਵਾਸ ਦਿੱਤਾ। ਮੈਨੂੰ ਸਮਝ ਆਇਆ ਕਿ ਮੈਂ ਮਾਂ ਵੀ ਬਣ ਸਕਦੀ ਹਾਂ ਤੇ ਖਿਡਾਰਣ ਵੀ ਰਹਿ ਸਕਦੀ ਹਾਂ।"
ਉਨ੍ਹਾਂ ਨੂੰ ਪ੍ਰੇਰਣਾ ਵਿਦੇਸ਼ਾਂ ਤੋਂ ਵੀ ਮਿਲੀ। ਸੋਨਿਕਾ ਕਹਿੰਦੇ ਹਨ, "ਮੈਂ ਉਨ੍ਹਾਂ ਔਰਤਾਂ ਬਾਰੇ ਪੜ੍ਹਿਆ ਜਿਨ੍ਹਾਂ ਨੇ ਗਰਭ ਅਵਸਥਾ ਦੌਰਾਨ ਵੀ ਸੁਰੱਖਿਅਤ ਢੰਗ ਨਾਲ ਖੇਡਾਂ ਜਾਰੀ ਰੱਖੀਆਂ। ਜੇ ਉਹ ਡਾਕਟਰੀ ਨਿਗਰਾਨੀ ਹੇਠ ਇਹ ਕਰ ਸਕਦੀਆਂ ਹਨ, ਤਾਂ ਅਸੀਂ ਕਿਉਂ ਨਹੀਂ?"
ਸੋਨਿਕਾ ਦਾ ਮਕਸਦ ਸਿਰਫ਼ ਮੁਕਾਬਲਾ ਜਿੱਤਣਾ ਨਹੀਂ ਸੀ, ਸਗੋਂ ਸੋਚ ਬਦਲਣੀ ਸੀ। ਉਹ ਕਹਿੰਦੇ ਹਨ, "ਲੋਕ ਗਰਭ ਅਵਸਥਾ ਨੂੰ ਬਿਮਾਰੀ ਸਮਝਦੇ ਹਨ, ਪਰ ਇਹ ਤਾਂ ਜ਼ਿੰਦਗੀ ਦਾ ਕੁਦਰਤੀ ਪੜਾਅ ਹੈ। ਮੈਂ ਦਿਖਾਉਣਾ ਚਾਹੁੰਦੀ ਸੀ ਕਿ ਇਹ ਕਿਸੇ ਔਰਤ ਲਈ ਰੁਕਾਵਟ ਨਹੀਂ।"
ਅੱਜ ਦੁਨੀਆ ਭਰ ਦੀਆਂ ਕਈ ਖਿਡਾਰਣਾਂ ਸਾਬਤ ਕਰ ਰਹੀਆਂ ਹਨ ਕਿ ਮਾਂ ਬਣਨਾ ਤੇ ਖੇਡਾਂ ਦੋਵੇਂ ਇਕੱਠੇ ਚੱਲ ਸਕਦੀਆਂ ਹਨ।
2014 ਵਿੱਚ, ਅਮਰੀਕਾ ਦੀ ਦੌੜਾਕ ਅਲਿਸੀਆ ਮੋਂਟਾਨੋ ਨੇ 8 ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਯੂਐੱਸ ਆਊਟਡੋਰ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ।
ਇੱਕ ਦਹਾਕੇ ਬਾਅਦ, ਮਿਸਰ ਦੀ ਫੈਂਸਰ ਨਦਾ ਹਾਫਿਜ਼ ਨੇ ਪੈਰਿਸ ਓਲੰਪਿਕਸ ਵਿੱਚ 7 ਮਹੀਨੇ ਦੀ ਗਰਭ ਅਵਸਥਾ ਦੌਰਾਨ ਭਾਗ ਲਿਆ ਤੇ ਉਨ੍ਹਾਂ ਨੇ ਉਸ ਪਲ਼ ਨੂੰ ਬਿਆਨ ਕਰਦਿਆਂ ਕਿਹਾ ਸੀ "ਇਹ ਮੈਂ ਹਾਂ, ਮੇਰਾ ਮੁਕਾਬਲੇਬਾਜ਼ ਤੇ ਮੇਰਾ ਬੱਚਾ ਜਿਸ ਨੇ ਹਾਲੇ ਇਸ ਦੁਨੀਆਂ 'ਚ ਆਉਣਾ ਹੈ।"

ਤਸਵੀਰ ਸਰੋਤ, Sonika Yadav/Facebook
ਸੋਨਿਕਾ ਕਹਿੰਦੇ ਹਨ ਕਿ ਇਹ ਕਹਾਣੀਆਂ ਉਨ੍ਹਾਂ ਨੂੰ ਯਾਦ ਦਿਵਾਉਂਦੀਆਂ ਨੇ ਕਿ ਤਾਕਤ ਦੇ ਵੀ ਰੂਪ ਹੁੰਦੇ ਹਨ। ਉਨ੍ਹਾਂ ਕਿਹਾ "ਇਨ੍ਹਾਂ ਔਰਤਾਂ ਤੋਂ ਮੈਂ ਆਪਣੇ ਸਰੀਰ 'ਤੇ ਵਿਸ਼ਵਾਸ ਕਰਨਾ ਸਿੱਖਿਆ।"
ਦਿੱਲੀ ਵਾਪਸ ਆ ਕੇ ਸੋਨਿਕਾ ਨੇ ਹੁਣ ਹਲਕੀ ਟ੍ਰੇਨਿੰਗ ਜਾਰੀ ਰੱਖੀ ਹੋਈ ਹੈ ਪਰ ਇਰਾਦੇ ਹਾਲੇ ਵੀ ਕਾਇਮ ਹਨ।
ਉਹ ਕਹਿੰਦੇ ਹਨ, "ਮੈਂ ਸਾਰੀ ਜ਼ਿੰਦਗੀ ਖਿਡਾਰਣ ਬਣੀ ਰਹਿਣਾ ਚਾਹੁੰਦੀ ਹਾਂ। ਸਿਰਫ਼ ਮੈਡਲਾਂ ਲਈ ਨਹੀਂ ਪਰ ਇਹ ਦਿਖਾਉਣ ਲਈ ਕਿ ਮਾਂ ਬਣਨਾ ਤੇ ਨਾਲ ਆਪਣੀਆਂ ਇੱਛਾਵਾਂ ਪੂਰੀ ਕਰਨੀਆਂ ਕਿੰਝ ਇਕੱਠੇ ਹੋ ਸਕਦਾ ਹੈ।"
ਜਿਸ ਸਮਾਜ ਵਿੱਚ ਗਰਭ ਅਵਸਥਾ ਨੂੰ ਅਕਸਰ ਇੱਕ ਔਰਤ ਦੀ ਜ਼ਿੰਦਗੀ ਵਿੱਚ ਰੁਕਾਵਟ ਜਾਂ ਠਹਿਰਾਅ ਵਾਂਗ ਦੇਖਿਆ ਜਾਂਦਾ ਹੈ, ਉਥੇ ਸੋਨਿਕਾ ਯਾਦਵ ਨੇ ਇਹ ਸੋਚ ਹੀ ਬਦਲ ਦਿੱਤੀ।
ਉਨ੍ਹਾਂ ਨੇ ਸਾਬਤ ਕੀਤਾ ਕਿ ਮਾਂ ਬਣਨਾ ਕਮਜ਼ੋਰੀ ਨਹੀਂ ਸਗੋਂ ਤਾਕਤ ਦੀ ਨਵੀਂ ਪਛਾਣ ਹੈ। ਸੋਨਿਕਾ ਯਾਦਵ ਨੇ ਸਿਰਫ਼ ਵਜ਼ਨ ਹੀ ਨਹੀਂ ਚੁੱਕਿਆ, ਉਹ ਇੱਛਾਵਾਂ, ਹਿੰਮਤ ਅਤੇ ਮਾਂ ਬਣਨ ਦੀ ਨਵੀਂ ਸੋਚ ਨੂੰ ਵੀ ਉੱਚਾਈਆਂ 'ਤੇ ਲੈ ਗਏ।
ਉਨ੍ਹਾਂ ਦੀ ਕਹਾਣੀ ਹਰ ਉਸ ਔਰਤ ਲਈ ਪ੍ਰੇਰਣਾ ਹੈ ਜੋ ਆਪਣੇ ਸੁਫਨਿਆਂ ਤੇ ਜ਼ਿੰਮੇਵਾਰੀਆਂ 'ਚੋਂ ਕਿਸੇ ਇੱਕ ਨੂੰ ਚੁਣਨ ਲਈ ਮਜਬੂਰ ਹੋ ਜਾਂਦੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












