ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਂਦੀਆਂ ਸਲਾਹਾਂ ਦੀ ਕੀ ਹੈ ਸੱਚਾਈ?

ਤਸਵੀਰ ਸਰੋਤ, Getty Images
ਮਾਂ ਬਣਨ ਵਾਲੀਆਂ ਔਰਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜ਼ਿਆਦਾ ਖਾਣ, ਹਵਾਈ ਸਫ਼ਰ ਤੋਂ ਪਰਹੇਜ਼ ਕਰਨ,ਆਦਿ। ਪਰ ਇਨ੍ਹਾਂ ਪਿੱਛੇ ਕਿੰਨੀ ਸੱਚਾਈ ਹੈ?
ਇਨ੍ਹਾਂ ਸਲਾਹਾਂ ਪਿੱਛੇ ਭਾਵੇਂ ਕਿੰਨਾ ਵੀ ਨੇਕ ਖ਼ਿਆਲ ਕਿਉਂ ਨਾ ਹੋਵੇ ਅਕਸਰ ਇਨ੍ਹਾਂ ਪਿੱਛੇ ਕੋਈ ਵਿਗਿਆਨਕ ਅਧਾਰ ਨਹੀਂ ਹੁੰਦਾ। ਇੱਥੇ ਅਸੀਂ ਤਿੰਨ ਪ੍ਰਮੁੱਖ ਮਿੱਥਾਂ ਦੀ ਗੱਲ ਕਰਾਂਗੇ।
ਜ਼ਿਆਦਾ ਖਾਣਾ
ਮਾਂ ਬਣਨ ਵਾਲੀਆਂ ਔਰਤਾਂ ਨੂੰ ਖੁੱਲ੍ਹ ਕੇ ਖਾਣ ਲਈ ਉਤਸ਼ਾਹਤ ਕਰਨ ਲਈ ਉਨ੍ਹਾਂ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਉਹ ਦੋ ਜਣਿਆਂ ਦੀ ਖ਼ੁਰਾਕ ਖਾਣ।
ਇਹ ਸਲਾਹ ਭਾਵੇਂ ਕਿੰਨੀ ਹੀ ਲਲਚਾਉਣ ਵਾਲੀ ਹੋਵੇ ਪਰ ਅਸਲ ਵਿੱਚ ਕੁੱਖ ਵਿੱਚ ਪਲ ਰਹੇ ਬੱਚੇ ਦੇ ਵਿਕਾਸ ਲਈ ਜ਼ਿਆਦਾ ਕੈਲਰੀਜ਼ ਦੀ ਜ਼ਰੂਰਤ ਨਹੀਂ ਹੁੰਦੀ ਹੈ।
ਗਰਭਵਤੀ ਔਰਤਾਂ ਨੂੰ ਰੋਜ਼ਾਨਾ 2000 ਕੈਲਰੀਜ਼ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਤੇ ਤੀਜੀ ਤਿਮਾਹੀ ਵਿੱਚ ਵੀ ਉਨ੍ਹਾਂ ਨੂੰ ਮਹਿਜ਼ 200 ਕੈਲਰੀਆਂ ਹੀ ਫ਼ਾਲਤੂ ਚਾਹੀਦੀਆਂ ਹੁੰਦੀਆਂ ਹਨ ਜੋ ਕਿ ਮਿਓਨੀ ਦੇ ਇੱਕ ਚਮਚ ਵਿੱਚੋਂ ਹੀ ਮਿਲ ਜਾਂਦੀਆਂ ਹਨ।

ਤਸਵੀਰ ਸਰੋਤ, Getty Images
ਅਧਿਐਨਾਂ ਵਿੱਚ ਵੇਖਣ ਨੂੰ ਮਿਲਿਆ ਹੈ ਕਿ ਔਰਤਾਂ ਬਲਕਿ ਇਸ ਸਮੇਂ ਵੀ ਆਪਣੇ ਭਾਰ 'ਤੇ ਕੰਟਰੋਲ ਕਰ ਸਕਦੀਆਂ ਹਨ ਤੇ ਅਜਿਹੀ ਖ਼ੁਰਾਕ ਜੋ ਜੱਚੇ ਤੇ ਬੱਚੇ ਲਈ ਨੁਕਸਾਨਦੇਹ ਨਾ ਹੋਵੇ ਲੈ ਸਕਦੀਆਂ ਹਨ।
ਬਲਕਿ ਜਿਨ੍ਹਾਂ ਔਰਤਾਂ ਨੇ ਰਵਾਇਤੀ ਸੰਤੁਲਿਤ ਖੁਰਾਕ ਦੀ ਥਾਂ ਘੱਟ ਗਲਾਇਮਿਕ ਵਾਲੀ ਖੁਰਾਕ ਲਈ ਉਨ੍ਹਾਂ ਨੂੰ ਪ੍ਰੀ-ਐਕਲੈਮਪਸੀਆ ਦਾ ਖ਼ਤਰਾ ਘੱਟ ਹੋਇਆ।
ਪ੍ਰੀ-ਐਕਲੈਮਪਸੀਆ ਇੱਕ ਕਿਸਮ ਦੀ ਬਲੱਡ ਪ੍ਰੈਸ਼ਰ ਦੀ ਗੜਬੜੀ ਹੈ।
ਮਾਹਵਾਰੀ ਦੇ ਦਰਦਾਂ ਤੋਂ ਛੁਟਕਾਰਾ
ਇਨ੍ਹਾਂ ਦਰਦਾਂ ਦਾ ਘਟਣਾ ਮਾਂ ਬਣਨ ਨਾਲ ਨਹੀਂ ਬਲਕਿ ਉਮਰ ਨਾਲ ਹੈ। ਆਮ ਤੌਰ 'ਤੇ 40 ਸਾਲ ਤੱਕ ਔਰਤਾਂ ਦੀਆਂ ਦਰਦਾਂ ਵਿੱਚ ਕਮੀ ਆ ਜਾਂਦੀ ਹੈ ਜਿਸ ਨੂੰ ਪ੍ਰੈਗਨੈਂਸੀ ਨਾਲ ਜੋੜ ਦਿੱਤਾ ਜਾਂਦਾ ਹੈ।

ਤਸਵੀਰ ਸਰੋਤ, Alamy
ਤਾਇਵਾਨ ਵਿੱਚ ਹੋਏ ਇੱਕ ਅਧਿਐਨ ਮੁਤਾਬਕ ਇਸ ਉਮਰ ਤੱਕ ਜਾਂਦਿਆਂ ਉਨ੍ਹਾਂ ਔਰਤਾਂ ਦੇ ਦਰਦਾਂ ਵਿੱਚ ਵੀ ਕਮੀ ਆਈ ਜਿਨ੍ਹਾਂ ਦੇ ਬੱਚੇ ਨਹੀਂ ਸਨ।
ਜਦੋਂ ਅਧਿਐਨ ਅੱਗੇ ਵਧਾਇਆ ਗਿਆ ਤਾਂ ਸਾਹਮਣੇ ਆਇਆ ਕਿ ਸਿਜੇਰੀਅਨ ਵਾਲੀਆਂ 51 ਫ਼ੀਸਦੀ 77 ਫ਼ੀਸਦੀ ਅਗੇਤੇ ਜਣੇਪੇ ਵਾਲੀਆਂ ਤੇ ਕੁਦਰਤੀ ਜਣੇਪੇ ਵਾਲੀਆਂ 35 ਫ਼ੀਸਦੀ ਔਰਤਾਂ ਦੇ ਦਰਦਾਂ ਵਿੱਚ ਬੱਚੇ ਦੇ ਜਨਮ ਨਾਲ ਕੋਈ ਆਰਾਮ ਨਹੀਂ ਹੋਇਆ।
ਹਵਾਈ ਸਫ਼ਰ ਤੋਂ ਪ੍ਰਹੇਜ
ਏਅਰਲਾਈਨ ਕੰਪਨੀਆਂ ਗਰਭਵਤੀ ਔਰਤਾਂ ਨੂੰ ਅੰਤਲੇ ਦਿਨਾਂ ਵਿੱਚ ਹਵਾਈ ਸਫ਼ਰ ਨਹੀਂ ਕਰਨ ਦਿੰਦੀਆਂ।
ਇਹ ਇਸ ਕਰਕੇ ਨਹੀਂ ਕਿ ਇਸ ਨਾਲ ਬੱਚੇ ਜਾਂ ਮਾਂ ਨੂੰ ਕੋਈ ਨੁਕਸਾਨ ਹੋ ਸਕਦਾ ਹੈ। ਬਲਕਿ ਜੇ ਸਫ਼ਰ ਦੌਰਾਨ ਉਨ੍ਹਾਂ ਨੂੰ ਦਰਦਾਂ ਸ਼ੁਰੂ ਹੋ ਜਾਣ ਤਾਂ ਮੁਸ਼ਕਿਲ ਖੜ੍ਹੀ ਹੋ ਜਾਵੇਗੀ।

ਤਸਵੀਰ ਸਰੋਤ, Getty Images
ਇਸ ਸੰਬੰਧ ਵਿੱਚ ਹੋਏ ਜ਼ਿਆਦਾਤਰ ਅਧਿਐਨ ਮੁਸਾਫਰਾਂ ਉੱਪਰ ਨਹੀਂ ਬਲਕਿ ਫਲਾਈਟ ਅਟੈਂਡੈਂਟਾਂ ਉੱਪਰ ਹੋਏ ਹਨ।
ਵੇਖਿਆ ਗਿਆ ਕਿ ਫਲਾਈਟ ਅਟੈਂਡੈਂਟਾਂ ਵਿੱਚ ਬੱਚਾ ਡਿੱਗਣ ਦਾ ਮੁੱਖ ਕਾਰਨ ਉਨੀਂਦਰਾ ਸੀ। ਜਿੰਨਾਂ ਦੀਆਂ ਸ਼ਿਫ਼ਟਾਂ ਸੌਖੀਆਂ ਸਨ ਉਨ੍ਹਾਂ ਨੂੰ ਅਜਿਹੀ ਕੋਈ ਦਿੱਕਤ ਨਹੀਂ ਆਈ।
ਇਸ ਪ੍ਰਕਾਰ ਆਮ ਕਰਕੇ ਇਹ ਸਲਾਹਾਂ ਬਹੁਤੀਆਂ ਜ਼ਿਆਦਾ ਵਿਗਿਆਨਕ ਨਹੀਂ ਹੁੰਦੀਆਂ।
ਸੋ ਹਿਸਾਬ ਨਾਲ ਖਾਓ, ਜਿੱਥੇ ਜੀਅ ਕਰੇ ਘੁੰਮੋਂ ਅਤੇ ਤੁਹਾਡੀਆਂ ਮਾਂਹਵਾਰੀ ਦੀਆਂ ਦਰਦਾਂ ਦਾ ਬੱਚੇ ਦੇ ਜਨਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ।












