ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਕਿਸਾਨਾਂ ਦੇ ਜ਼ਖ਼ਮ ਅਜੇ ਵੀ ਅੱਲੇ, 'ਹੜ੍ਹ ਸਾਨੂੰ ਕਰਜਈ ਕਰ ਗਿਆ, ਕਮਾਈ ਦੇ ਸਾਧਨ ਫਿਲਹਾਲ ਬੰਦ ਹਨ'

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
"ਸਾਡੇ ਅੱਗੇ ਦਿੱਕਤਾਂ ਹੀ ਦਿੱਕਤਾਂ ਹਨ, ਸਾਉਣੀ ਦੀ ਫ਼ਸਲ ਤਾਂ ਰਾਵੀ ਦਰਿਆ ਲੈ ਗਿਆ ਹੈ ਅਤੇ ਚਿੰਤਾਂ ਹੁਣ ਹਾੜੀ ਦੀ ਹੈ, ਜਿਸ ਦੀ ਬਿਜਾਈ ਨਹੀਂ ਹੋ ਪਾ ਰਹੀ।"
ਇਹ ਸ਼ਬਦ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਰਾਵੀ ਦਰਿਆ ਤੋਂ ਪਾਰ ਪੈਂਦੇ ਪਿੰਡ ਲੱਲੂਵਾਲ ਦੇ ਕਿਸਾਨ ਮਨਮੋਹਨ ਸਿੰਘ ਦੇ ਹਨ।
ਮਨਮੋਹਨ ਸਿੰਘ 14 ਏਕੜ ਜ਼ਮੀਨ ਦਾ ਮਾਲਕ ਹੈ, ਜਿਸ ਵਿੱਚ ਅਜੇ ਵੀ ਮਿੱਟੀ ਅਤੇ ਰੇਤ ਦਾ ਮਿਸ਼ਰਨ ਪਿਆ ਹੈ ਅਤੇ ਇਸ ਨੂੰ ਬਾਹਰ ਕਰਨਾ ਹੀ ਉਸ ਦੇ ਲਈ ਵੱਡੀ ਚੁਣੌਤੀ ਹੈ।
ਇਸ ਸਾਲ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਪੰਜਾਬ ਵਿੱਚ ਆਏ ਹੜ੍ਹਾਂ ਨੇ 23 ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕੀਤਾ, ਜਿਸ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਸੂਬੇ ਦੇ ਛੇ ਸਰਹੱਦੀ ਜ਼ਿਲ੍ਹਿਆਂ ਵਿੱਚ ਹੋਇਆ, ਜਿਨ੍ਹਾਂ ਵਿੱਚੋਂ ਗੁਰਦਾਸਪੁਰ ਵੀ ਇੱਕ ਹੈ।
ਜ਼ਿਲ੍ਹੇ ਵਿੱਚ ਲਗਭਗ 40,000 ਹੈਕਟੇਅਰ ਖੇਤੀਬਾੜੀ ਦੀ ਜ਼ਮੀਨ ਡੁੱਬ ਗਈ, ਜਿਸ ਦੇ ਨਤੀਜੇ ਵਜੋਂ ਝੋਨਾ, ਗੰਨਾ, ਮੱਕੀ ਅਤੇ ਚਾਰੇ ਵਰਗੀਆਂ ਖੜੀਆਂ ਫ਼ਸਲਾਂ ਤਬਾਹ ਹੋ ਗਈਆਂ, ਜਦੋਂ ਕਿ ਵੱਖ-ਵੱਖ ਥਾਵਾਂ 'ਤੇ 3 ਤੋਂ 5 ਫੁੱਟ ਡੂੰਘਾਈ ਤੱਕ ਰੇਤ ਅਤੇ ਗਾਦ ਦੇ ਭੰਡਾਰ ਪਏ ਹਨ, ਜਿੰਨਾ ਨੂੰ ਬਾਹਰ ਕਰਨਾ ਇਸ ਸਮੇਂ ਕਿਸਾਨਾਂ ਲਈ ਸਭ ਤੋਂ ਵੱਡੀ ਦਿੱਕਤ ਹੈ।
ਮਨਮੋਹਨ ਸਿੰਘ ਨੇ ਦੱਸਿਆ, "ਹੜ੍ਹ ਦੇ ਪਾਣੀ ਨੇ ਉਨ੍ਹਾਂ ਨੂੰ ਕਰਜਈ ਕਰ ਦਿੱਤਾ ਹੈ, ਪਹਿਲਾਂ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ ਅਤੇ ਹੁਣ ਕਣਕ ਦੀ ਬਿਜਾਈ ਕਰਨੀ ਮੁਸ਼ਕਿਲ ਹੋਈ ਪਈ ਹੈ।
ਉਨ੍ਹਾਂ ਦੱਸਿਆ ਕਿ ਰੇਤ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਬਾਹਰ ਕਰਨ ਦੇ ਲਈ ਵੱਡੀ ਮਸ਼ੀਨਰੀ ਦੀ ਲੋੜ ਹੈ, ਜੋ ਉਨ੍ਹਾਂ ਦੇ ਕੋਲ ਨਹੀਂ ਹੈ। ਮਨਮੋਹਨ ਸਿੰਘ ਇਸ ਵਕਤ ਧਾਰਮਿਕ ਸੰਸਥਾ ਦੀ ਮਦਦ ਨਾਲ ਜ਼ਮੀਨ ਠੀਕ ਕਰਨ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਦੱਸਿਆ ਆੜ੍ਹਤੀਆਂ ਨੇ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਪਹਿਲਾਂ ਤੋਂ ਲਿਆ ਪੈਸਾ ਉਹ ਵਾਪਸ ਨਹੀਂ ਕਰ ਪਾਏ।

ਬੀਬੀਸੀ ਪੰਜਾਬੀ ਦੀ ਟੀਮ ਨੇ ਦੇਖਿਆ ਕਿ ਹੜ੍ਹਾਂ ਦੇ ਪਾਣੀ ਨੇ ਨਾ ਸਿਰਫ਼ ਜ਼ਮੀਨ ਨੂੰ ਖ਼ਰਾਬ ਕੀਤਾ ਹੈ, ਸਗੋਂ ਖੇਤੀਬਾੜੀ ਵਾਲੀ ਮਸ਼ੀਨਰੀ ਨੂੰ ਵੀ ਤਹਿਸ ਨਹਿਸ ਕਰ ਦਿੱਤਾ ਹੈ।
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗੁਰਚੱਕ ਪਿੰਡ ਦੇ ਸਰਪੰਚ ਜਗਮੋਹਨ ਸਿੰਘ ਨੇ ਦੱਸਿਆ ਉਨ੍ਹਾਂ ਦੇ ਪਿੰਡ ਦੀ ਰਾਵੀ ਦਰਿਆ ਤੋਂ ਪਾਰ ਪਈ ਜ਼ਮੀਨ ਵਿੱਚ ਅਜੇ ਵੀ ਰੇਤਾ ਪਿਆ ਹੈ। ਉਨ੍ਹਾਂ ਦੱਸਿਆ ਟਿਊਬਵੈੱਲਾਂ, ਸੋਲਰ ਪੈਨਲ ਅਤੇ ਖੇਤੀਬਾੜੀ ਵਾਲੇ ਸੰਦ ਪਾਣੀ ਆਪਣੇ ਨਾਲ ਰੋੜ ਕੇ ਲੈ ਗਏ।
ਮਨਮੋਹਨ ਸਿੰਘ ਨੇ ਦੱਸਿਆ, "ਨਿਸ਼ਾਨਦੇਹੀ ਜੋ ਕਦੇ ਹਰ ਕਿਸਾਨ ਦੇ ਖੇਤ ਦੀ ਪਛਾਣ ਕਰਵਾਉਂਦੀ ਸੀ, ਹੜ੍ਹ ਦੇ ਪਾਣੀ ਅਤੇ ਗਾਰ ਕਾਰਨ ਖ਼ਤਮ ਹੋ ਗਈ, ਜ਼ਮੀਨ ਹੁਣ ਬੰਜਰ ਹੋ ਗਈ ਹੈ। ਜ਼ਮੀਨ ਦੀ ਨਿਸ਼ਾਨਦੇਹੀ ਮਿਟਣ ਕਾਰਨ ਕਿਸਾਨਾਂ ਨੂੰ ਆਪੋ-ਆਪਣੀ ਜ਼ਮੀਨ ਦੀ ਪਛਾਣ ਕਰਨ ਲਈ ਨਵੀਂ ਨਿਸ਼ਾਨਦੇਹੀ ਦੀ ਲੋੜ ਪਵੇਗੀ।
ਉਨ੍ਹਾਂ ਮੁਤਾਬਕ ਕਣਕ ਦੀ ਬਿਜਾਈ ਦਾ ਸੀਜ਼ਨ 25 ਅਕਤੂਬਰ ਤੋਂ ਅੱਧੇ ਨਵੰਬਰ ਤੱਕ ਚੱਲਦਾ ਹੈ, ਪਰ ਜ਼ਮੀਨ ਦੀ ਜੋ ਮੌਜੂਦਾ ਸਥਿਤੀ ਹੈ, ਲੱਗ ਨਹੀਂ ਰਿਹਾ ਬਿਜਾਈ ਫਰਵਰੀ ਮਹੀਨੇ ਵਿੱਚ ਵੀ ਹੋ ਪਾਏਗੀ ਅਤੇ ਇਸ ਦਾ ਝਾੜ ਕੀ ਹੋਵੇਗਾ, ਕੁਝ ਨਹੀਂ ਆਖਿਆ ਜਾ ਸਕਦਾ।
ਜਗਮੋਹਨ ਸਿੰਘ ਨੇ ਕਿਹਾ, ''ਇਲਾਕੇ ਵਿੱਚ ਸੜਕਾਂ ਵੀ ਟੁੱਟੀਆਂ ਹੋਈਆਂ ਹਨ, ਜਿਸ ਕਾਰਨ ਠੇਕੇਦਾਰ ਵੀ ਇੱਥੇ ਰੇਤ ਚੁੱਕਣ ਲਈ ਨਹੀਂ ਆ ਰਹੇ।''

ਬੀਬੀਸੀ ਦੀ ਟੀਮ ਨੇ ਰਾਵੀ ਪਾਰ ਦੇ ਇਸ ਇਲਾਕੇ ਵਿੱਚ ਦੇਖਿਆ ਕਿ ਬਹੁਤ ਸਾਰੇ ਠੇਕੇਦਾਰ ਕਿਸਾਨਾਂ ਨੂੰ ਪੈਸੇ ਦੇ ਕੇ ਉਹਨਾਂ ਦੀਆਂ ਜ਼ਮੀਨਾਂ ਵਿੱਚੋਂ ਰੇਤ ਚੁੱਕਾ ਰਹੇ ਹਨ, ਪਰ ਅਜੇ ਵੀ ਕਾਫ਼ੀ ਕਿਸਾਨਾਂ ਦੀ ਜ਼ਮੀਨ ਵਿੱਚ ਰੇਤ ਪਿਆ ਹੈ।
ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਤੋਂ ਇਲਾਵਾ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ 16 ਪਿੰਡਾਂ ਨੂੰ ਬਿਆਸ ਦਰਿਆ ਦੀ ਮਾਰ ਪਈ ਹੈ।
ਬਾਊਪਰ, ਸਾਂਗਰਾ ਪਿੰਡਾਂ ਦੇ ਕਿਸਾਨਾਂ ਨੇ ਜ਼ਮੀਨ ਠੀਕ ਕਰ ਲਈ ਹੈ ਅਤੇ ਕਣਕ ਦੀ ਬਿਜਾਈ ਦੀ ਤਿਆਰੀ ਵਿੱਚ ਹਨ, ਪਰ ਜਿੰਨਾ ਕਿਸਾਨਾਂ ਦੀ ਜ਼ਮੀਨ ਦਰਿਆ ਦੇ ਨੇੜੇ ਹੈ, ਉੱਥੇ ਅਜੇ ਵੀ ਰੇਤ ਦੇ ਢੇਰ ਲੱਗੇ ਪਏ ਹਨ।
ਪਹਿਲੀ ਨਜ਼ਰ ਵਿੱਚ ਇਹ ਇਲਾਕਾ ਰੇਗਿਸਤਾਨ ਦਾ ਭੁਲੇਖਾ ਪਾਉਂਦਾ ਹੈ। ਰਾਮਪੁਰ ਗੋਰਾ ਪਿੰਡ ਦੇ ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਜ਼ਮੀਨ ਠੀਕ ਕਰਨ ਨੂੰ ਕਈ ਸਾਲ ਲੱਗ ਜਾਣਗੇ। ਉਨ੍ਹਾਂ ਦੱਸਿਆ ਕਿ 2023 ਵਿੱਚ ਆਏ ਹੜ੍ਹ ਤੋਂ ਬਾਅਦ ਪਹਿਲੀ ਫ਼ਸਲ ਬੀਜੀ ਸੀ, ਪਰ ਦਰਿਆ ਸਭ ਕੁਝ ਬਰਬਾਦ ਕਰ ਗਿਆ।
ਪੰਜਾਬ ਸਰਕਾਰ ਦੀ ਆਪੋ-ਆਪਣੇ ਖੇਤਾਂ ਵਿੱਚੋਂ ਰੇਤਾ ਵੇਚਣ ਦੀ ਇਜਾਜ਼ਤ ਦਿੱਤੇ ਜਾਣ ਦਾ ਐਲਾਨ ਵੀ ਹਰਪ੍ਰੀਤ ਸਿੰਘ ਨੂੰ ਫ਼ਿਲਹਾਲ ਨਾਕਾਫ਼ੀ ਜਾਪ ਰਿਹਾ ਹੈ।
ਹਰਪ੍ਰੀਤ ਸਿੰਘ ਨੇ ਕਿਹਾ, "ਇਸ ਲਈ ਬਹੁਤ ਜ਼ਿਆਦਾ ਸਾਧਨਾਂ ਦੀ ਲੋੜ ਹੈ ਅਤੇ ਇਜਾਜ਼ਤ ਸਿਰਫ਼ 15 ਨਵੰਬਰ ਤੱਕ ਦੀ ਹੀ ਹੈ, ਅਸੀਂ ਐਨਾ ਰੇਤਾ ਕਿੱਥੇ ਸਟੋਰ ਕਰਾਂਗੇ ਅਤੇ ਕੌਣ ਇਸ ਨੂੰ ਖ਼ਰੀਦੇਗਾ? "
ਉਨ੍ਹਾਂ ਆਖਿਆ ਜਿਸ ਥਾਂ ਉੱਤੇ ਉਨ੍ਹਾਂ ਦੀ ਜ਼ਮੀਨ ਹੈ, ਉੱਥੇ ਟਿੱਪਰ ਵੀ ਨਹੀਂ ਪਹੁੰਚ ਸਕਦੇ, ਕਿਉਂਕਿ ਸੜਕਾਂ ਅਤੇ ਰਸਤੇ ਸਭ ਖ਼ਤਮ ਹੋ ਗਏ ਹਨ।

ਇਸ ਹੀ ਪਿੰਡ ਦੀ ਮਨਜੀਤ ਕੌਰ ਦੀ ਚਾਰ ਏਕੜ ਜ਼ਮੀਨ ਵਿੱਚ ਅਜੇ ਵੀ ਰੇਤ ਪਈ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਤੋਂ ਬਾਅਦ ਉਨ੍ਹਾਂ ਦੀ ਸਥਿਤੀ ਮੰਗ ਕੇ ਖਾਣ ਵਾਲੀ ਬਣ ਗਈ ਹੈ।
ਮਨਜੀਤ ਕੌਰ ਨੇ ਦੱਸਿਆ ਕਿ ਵੱਡੀ ਮਸ਼ੀਨ ਦੀ ਮਦਦ ਨਾਲ ਉਸ ਨੇ ਇੱਕ ਕਨਾਲ ਜ਼ਮੀਨ ਵਿਚੋਂ ਰੇਤ ਹਟਵਾਇਆ ਸੀ, ਪਰ ਉਹ ਜ਼ਮੀਨ ਵੀ ਵਾਹੀ ਯੋਗ ਨਹੀਂ ਬਣ ਸਕੀ, ਕਾਰਨ ਉਸ ਵਿੱਚ ਪੈਦਾ ਹੋਈ ਸੇਮ ਹੈ।
ਮਨਜੀਤ ਕੌਰ ਦੱਸਦੇ ਹਨ ਕਿ ਹੜ੍ਹ ਦੇ ਪਾਣੀ ਨੇ ਫ਼ਸਲਾਂ ਹੀ ਖ਼ਰਾਬ ਨਹੀਂ ਕੀਤੀਆਂ, ਸਗੋਂ ਸਾਡੀਆਂ ਭਵਿੱਖ ਦੀਆਂ ਸੱਧਰਾਂ ਉੱਤੇ ਵੀ ਪਾਣੀ ਫੇਰ ਦਿੱਤਾ ਹੈ।
ਚਾਰੇ ਪਾਸੇ ਤੋਂ ਰੇਤ ਨਾਲ ਘਿਰੇ ਆਪਣੇ ਘਰ ਨੂੰ ਦਿਖਾਉਂਦੀ ਹੋਈ ਮਨਜੀਤ ਕੌਰ ਆਖਦੀ ਹੈ "ਹੜ੍ਹ ਸਾਨੂੰ ਕਰਜਾਈ ਕਰ ਗਿਆ ਹੈ, ਕਮਾਈ ਦੇ ਸਾਧਨ ਫ਼ਿਲਹਾਲ ਬੰਦ ਹਨ।"
ਅਸਲ ਵਿੱਚ ਮਨਜੀਤ ਕੌਰ ਦੇ ਕੋਲ ਟਰੈਕਟਰ ਨਹੀਂ ਹੈ ਅਤੇ ਜਿਸ ਹਿਸਾਬ ਨਾਲ ਉਸ ਦੀ ਜ਼ਮੀਨ ਵਿੱਚ ਰੇਤ ਹੈ, ਉਸ ਨੂੰ ਹਟਾਉਣ ਦੇ ਲਈ ਭਾਰੀ ਮਸ਼ੀਨਰੀ ਦੀ ਲੋੜ ਪਵੇਗੀ, ਇਸ ਕਰ ਕੇ ਉਹ ਆਪਣੀ ਜ਼ਮੀਨ ਨੂੰ ਵਾਹੀ ਯੋਗ ਬਣਾਉਣ ਤੋਂ ਅਸਮਰਥ ਹੈ।

ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਗਠਨਾਂ ਦੇ ਉਪਰਾਲੇ

ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਅਗਸਤ-ਸਤੰਬਰ ਵਿੱਚ ਆਏ ਹੜ੍ਹਾਂ ਕਾਰਨ ਸੂਬੇ ਦੇ 23 ਜ਼ਿਲ੍ਹੇ ਪ੍ਰਭਾਵਿਤ ਹੋਏ, ਜਿਸ ਤਹਿਤ 2 ਹਜ਼ਾਰ 185 ਪਿੰਡਾਂ ਦੀ 5 ਲੱਖ ਏਕੜ ਵਿੱਚ ਵੱਖ ਵੱਖ ਫ਼ਸਲਾਂ ਤਬਾਹ ਹੋ ਗਈਆਂ।
ਕਪੂਰਥਲੇ ਜ਼ਿਲ੍ਹੇ ਤੋਂ ਇਲਾਵਾ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਨੂੰ ਇਸ ਵਾਰ ਸਭ ਤੋਂ ਵੱਧ ਮਾਰ ਪਈ।
ਪ੍ਰਭਾਵਿਤ ਇਲਾਕਿਆਂ ਵਿੱਚ ਸਥਿਤੀ ਹੌਲੀ ਹੌਲੀ ਠੀਕ ਤਾਂ ਹੋ ਰਹੀ ਹੈ, ਪਰ ਹੜ੍ਹ ਦੇ ਪਾਣੀ ਦੀ ਤਬਾਹੀ ਦੇ ਨਿਸ਼ਾਨ ਅਜੇ ਵੀ ਦੇਖੇ ਜਾ ਸਕਦੇ ਹਨ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਗਠਨ ਕਿਸਾਨਾਂ ਦੀ ਮਦਦ ਕਰਦੇ ਹੁਣ ਵੀ ਦਿਖਾਈ ਦੇ ਰਹੇ ਹਨ। ਸਮਾਜ ਸੇਵੀ ਸੰਸਥਾਵਾਂ ਡੀਜ਼ਲ ਅਤੇ ਮਸ਼ੀਨਰੀ ਦੀ ਮਦਦ ਨਾਲ ਕਿਸਾਨਾਂ ਦੀ ਮਦਦ ਕਰ ਰਹੇ ਹਨ।
ਬਿਆਸ ਦਰਿਆ ਉੱਤੇ ਬਾਬਾ ਲੱਖਾ ਸਿੰਘ ਸਰਹਾਲੀ ਵਾਲਿਆਂ ਵੱਲੋਂ ਸੰਗਤ ਦੀ ਮਦਦ ਨਾਲ ਬੰਨ੍ਹ ਬੰਨ੍ਹਣ ਦੀ ਸੇਵਾ ਅਜੇ ਵੀ ਜਾਰੀ ਹੈ।
ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੇ ਦੱਸਿਆ ਫ਼ਿਲਹਾਲ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਠੀਕ ਕਰ ਦਿੱਤਾ ਗਿਆ ਹੈ ਪਰ ਲੋੜ ਬਿਆਸ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਦੀ ਹੈ ਤਾਂ ਜੋ ਭਵਿੱਖ ਵਿੱਚ ਪਾਣੀ ਫਿਰ ਤੋਂ ਤਬਾਹੀ ਨਾ ਕਰ ਸਕੇ।
ਸੁਲਤਾਨਪੁਰ ਲੋਧੀ ਦੇ ਕਰੀਬ 22000 ਹਜ਼ਾਰ ਏਕੜ ਵਿੱਚ ਹੜ੍ਹ ਦੇ ਪਾਣੀ ਦੀ ਮਾਰ ਪਈ ਸੀ। ਪੰਜਾਬ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮੰਨਦੇ ਹਨ ਕਿ ਬੇਸ਼ੱਕ ਕਾਫ਼ੀ ਜ਼ਮੀਨ ਨੂੰ ਠੀਕ ਕਰ ਲਿਆ ਗਿਆ ਹੈ ਪਰ ਅਜੇ ਵੀ ਕਿਸਾਨਾਂ ਅੱਗੇ ਕਾਫ਼ੀ ਚੁਣੌਤੀਆਂ ਬਰਕਰਾਰ ਹਨ।

ਸੁਲਤਾਨਪੁਰ ਲੋਧੀ ਸਥਿਤੀ ਖੇਤੀਬਾੜੀ ਵਿਕਾਸ ਅਫ਼ਸਰ ਡਾਕਟਰ ਜਸਪਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕਾਫ਼ੀ ਜ਼ਮੀਨ ਠੀਕ ਕਰ ਲਈ ਗਈ ਹੈ, ਪਰ ਅਜੇ ਵੀ ਪੰਜ ਤੋਂ ਚਾਰ ਹਜ਼ਾਰ ਏਕੜ ਜ਼ਮੀਨ ਵਿੱਚ ਰੇਤ ਅਤੇ ਮਿੱਟੀ ਦਾ ਮਿਸ਼ਰਨ ਪਿਆ ਹੈ।
ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਮਿੱਟੀ ਦੇ ਸੈਂਪਲ ਇਕੱਠੇ ਕਰ ਰਹੇ ਹਨ, ਇਸ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਪਾਏਗਾ ਕਿ ਹੜ੍ਹ ਦਾ ਜ਼ਮੀਨ ਦੀ ਉਪਜਾਊ ਸ਼ਕਤੀ ਉੱਤੇ ਅਸਰ ਹੋਇਆ ਹੈ, ਜਾਂ ਨਹੀਂ।
ਉਨ੍ਹਾਂ ਦੱਸਿਆ ਕਿ ਪੰਜ ਏਕੜ ਜ਼ਮੀਨ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਕਣਕ ਦਾ ਬੀਜ ਮੁਹੱਈਆ ਕਰਵਾਇਆ ਗਿਆ ਹੈ।
ਦੂਜੇ ਪਾਸੇ ਪੰਜਾਬ ਖੇਤੀਬਾੜੀ ਵਿਭਾਗ ਦੇ ਸਾਬਕਾ ਸੰਯੁਕਤ ਨਿਰਦੇਸ਼ਕ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਉੱਤੇ ਬਹੁਤ ਮੁਸ਼ਕਲ ਦੀ ਘੜੀ ਹੈ।
ਕਣਕ ਬੀਜਣ ਦਾ ਸਮਾਂ 25 ਅਕਤੂਬਰ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਹੁੰਦਾ ਹੈ ਅਤੇ ਉਮੀਦ ਘੱਟ ਹੈ ਕਿ ਸਾਰੇ ਕਿਸਾਨ ਸਮੇਂ ਰਹਿੰਦੇ ਆਪਣੇ ਖੇਤ ਤਿਆਰ ਕਰ ਲੈਣਗੇ।
ਉਹਨਾਂ ਮੁਤਾਬਕ ਕਈ ਸੰਸਥਾਵਾਂ ਅਤੇ ਪੀੜਤ ਕਿਸਾਨਾਂ ਦੀ ਮੱਦਦ ਕਰ ਰਹੇ ਹਨ ਪਰ ਰਕਬਾ ਇੰਨਾ ਜ਼ਿਆਦਾ ਹੈ ਕਿ ਇੰਨੇ ਘੱਟ ਸਮੇਂ ਵਿੱਚ ਇਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ।
ਉਹਨਾਂ ਮੁਤਾਬਕ ਰੇਤ ਅਤੇ ਮਿੱਟੀ ਨੂੰ ਹਟਾਉਣ ਦੇ ਲਈ ਵੱਡੀ ਮਸ਼ਨੀਰੀ ਦੀ ਲੋੜ ਹੈ, ਜੋ ਬਹੁਤ ਘੱਟ ਕਿਸਾਨਾਂ ਕੋਲ ਹੈ।
ਹੜ੍ਹ ਤੋ ਬਾਅਦ ਪੰਜਾਬ ਸਰਕਾਰ ਨੇ ਕੀ ਸਬਕ ਸਿੱਖਿਆ

ਪੰਜਾਬ ਸਰਕਾਰ ਨੇ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ, ਜੋ ਹੋਰਨਾਂ ਸੂਬਿਆਂ ਦਾ ਦੌਰਾ ਕਰ ਕੇ ਉੱਥੋਂ ਦੀਆਂ ਹੜ੍ਹ ਪ੍ਰਬੰਧਨ ਤਕਨੀਕਾਂ ਦਾ ਅਧਿਐਨ ਕਰੇਗੀ ਤਾਂ ਜੋ ਉਨ੍ਹਾਂ ਤਕਨੀਕਾਂ ਨੂੰ ਪੰਜਾਬ ਵਿੱਚ ਅਪਣਾਇਆ ਜਾ ਸਕੇ।
ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਕਹਿਣਾ ਹੈ ਕਿ ਅਜਿਹੇ ਤੁਲਨਾਤਮਕ ਅਧਿਐਨ ਸੂਬੇ ਦੇ ਹੜ੍ਹ ਪ੍ਰਬੰਧਨ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਾਫ਼ੀ ਲਾਹੇਵੰਦ ਅਤੇ ਵਿਹਾਰਕ ਤਰੀਕੇ ਅਪਣਾਉਣ ਵਿੱਚ ਸਹਾਇਤਾ ਕਰਨਗੇ।

ਬਰਿੰਦਰ ਗੋਇਲ ਨੇ ਦੱਸਿਆ ਕਿ ਅਗਲੇ ਮਾਨਸੂਨ ਸੀਜ਼ਨ ਤੋਂ ਪਹਿਲਾਂ-ਪਹਿਲਾਂ ਸਾਰੇ ਹੜ੍ਹ ਸੁਰੱਖਿਆ ਅਤੇ ਗਾਰ ਕੱਢਣ ਸਬੰਧੀ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਸੁਲਤਾਨਪੁਰ ਲੋਧੀ ਦੇ ਬਾਊਪੁਰ ਇਲਾਕੇ ਵਿੱਚ ਵਾਰ-ਵਾਰ ਆਉਂਦੇ ਹੜ੍ਹਾਂ ਅਤੇ ਸਥਾਨਕ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੁੱਦੇ ਉੱਤੇ ਬੋਲਦਿਆਂ ਕੈਬਨਿਟ ਮੰਤਰੀ ਨੇ ਆਖਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਲੋਕਾਂ ਨੂੰ ਸਥਾਈ ਰਾਹਤ ਪ੍ਰਦਾਨ ਕਰਨ ਲਈ ਢੁਕਵੇਂ ਤਕਨੀਕੀ ਹੱਲ ਲੱਭਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਦਰਿਆਵਾਂ ਅਤੇ ਡਰੇਨਾਂ ਵਿੱਚ ਪਾਣੀ ਦੇ ਕੁਦਰਤੀ ਵਹਾਅ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ 'ਤੇ ਕੰਮ ਸ਼ੁਰੂ ਕਰਨ ਦਾ ਆਦੇਸ਼ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੇ ਗਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












