ਕਿਹੜੇ ਰਹੱਸ ਨੂੰ ਖੋਲ੍ਹਣ ਲਈ ਪਿਘਲਾਈ ਜਾਵੇਗੀ 15 ਲੱਖ ਸਾਲ ਪੁਰਾਣੀ ਵਿਲੱਖਣ ਬਰਫ਼

ਬਰਫ਼ ਦੇ ਕੋਰਜ਼

ਤਸਵੀਰ ਸਰੋਤ, PNRA/IPEV

ਤਸਵੀਰ ਕੈਪਸ਼ਨ, ਬਰਫ਼ ਦੇ ਕੋਰਜ਼ ਦੇ ਸਿਰੇ 15 ਲੱਖ ਸਾਲ ਜਾਂ ਇਸ ਤੋਂ ਵੀ ਪੁਰਾਣੇ ਟਾਈਮ ਕੈਪਸੂਲ ਹਨ
    • ਲੇਖਕ, ਜੌਰਜੀਨਾ ਰੈਨਾਰਡ
    • ਰੋਲ, ਜਲਵਾਯੂ ਅਤੇ ਵਿਗਿਆਨ ਪੱਤਰਕਾਰ

ਇੱਕ ਆਈਸ ਕੋਰ ਯਾਨਿ ਬਰਫ਼ ਦਾ ਟੁੱਕੜਾ ਜੋ ਸ਼ਾਇਦ 15 ਲੱਖ ਸਾਲ ਤੋਂ ਵੀ ਵੱਧ ਪੁਰਾਣਾ ਹੈ ਉੱਤੇ ਯੂਕੇ ਵਿੱਚ ਪਰੀਖਣ ਕੀਤੇ ਜਾਣਗੇ। ਇਸ ਨੂੰ ਪਿਘਲਾ ਕੇ ਵਿਗਿਆਨੀ ਧਰਤੀ ਦੇ ਜਲਵਾਯੂ ਬਾਰੇ ਅਹਿਮ ਜਾਣਕਾਰੀ ਪ੍ਰਾਪਤ ਕਰਨਗੇ।

ਗਲਾਸੀ ਸਿਲੰਡਰ ਗ੍ਰਹਿ ਦੀ ਸਭ ਤੋਂ ਪੁਰਾਣੀ ਬਰਫ਼ ਹੈ ਅਤੇ ਇਸ ਨੂੰ ਐਨਟਾਰਟਿਕ ਬਰਫ਼ ਦੀ ਸ਼ੀਟ ਦੇ ਅੰਦਰ ਕਾਫੀ ਡੂੰਘਾਈ ਤੋਂ ਪੁੱਟਿਆ ਗਿਆ ਸੀ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਜੰਮੀ ਹੋਈ ਬਰਫ ਤੋਂ ਮਿਲਣ ਵਾਲੀ ਜਾਣਕਾਰੀ ਨਾਲ ਜਲਵਾਯੂ ਪਰਿਵਰਤਨ ਬਾਰੇ ਅਸੀਂ ਜੋ ਜਾਣਾਂਗੇ ਉਹ 'ਕ੍ਰਾਂਤੀ' ਲਿਆਉਣ ਵਾਲਾ ਹੋ ਸਕਦਾ ਹੈ।

ਬੇਹੱਦ ਘੱਟ ਤਾਪਮਾਨ 'ਤੇ ਬਰਫ਼ ਰੱਖਣਾ

ਐਨਟਾਰਟਿਕ

ਤਸਵੀਰ ਸਰੋਤ, PNRA/IPEV

ਤਸਵੀਰ ਕੈਪਸ਼ਨ, ਯੂਰਪ ਲਈ ਕਿਸ਼ਤੀ 'ਤੇ ਲੋਡ ਕਰਨ ਤੋਂ ਪਹਿਲਾਂ ਕੋਰਜ਼ ਨੂੰ ਐਨਟਾਰਟਿਕ ਵਿੱਚ ਇੱਕ ਬਰਫ਼ ਦੀ ਗੁਫਾ ਵਿੱਚ ਸਟੋਰ ਕੀਤਾ ਗਿਆ ਸੀ

ਬੀਬੀਸੀ ਨਿਊਜ਼ ਦੀ ਟੀਮ ਕੈਂਬਰਿਜ ਦੇ ਬ੍ਰਿਟਿਸ਼ ਐਨਟਾਰਟਿਕ ਸਰਵੇਖਣ ਦੇ ਮਨਫ਼ੀ 23 ਡਿਗਰੀ ਸੈਲਸੀਅਸ ਫ੍ਰੀਜ਼ਰ ਰੂਮ ਦੇ ਅੰਦਰ ਬਰਫ਼ ਦੇ ਕੀਮਤੀ ਡੱਬੇ ਦੇਖਣ ਲਈ ਗਿਆ।

ਬ੍ਰਿਟਿਸ਼ ਐਨਟਾਰਟਿਕ ਸਰਵੇਖਣ ਦੇ ਆਈਸ ਕੋਰ ਰਿਸਰਚ ਦੇ ਮੁਖੀ ਡਾਕਟਰ ਲਿਜ਼ ਥਾਮਸ ਕਹਿੰਦੇ ਹਨ, "ਇਹ ਸਾਡੀ ਧਰਤੀ ਦੇ ਇਤਿਹਾਸ ਦਾ ਇੱਕ ਪੂਰੀ ਤਰ੍ਹਾਂ ਅਣਜਾਣ ਦੌਰ ਹੈ।"

ਦਰਵਾਜ਼ੇ ਦੇ ਉੱਪਰ ਲਾਲ ਰੰਗ ਦੀਆਂ ਲਾਈਟਾਂ ਨਾਲ ਚੇਤਾਵਨੀ ਲਟਕ ਰਹੀ ਹੈ ਅਤੇ ਅੰਦਰ ਜੇਕਰ ਕੁਝ ਗਲਤ ਹੋ ਜਾਂਦਾ ਹੈ ਤਾਂ ਇੱਕ ਸੁਰੰਗ ਰਾਹੀਂ ਇੱਕ ਐਮਰਜੈਂਸੀ ਬਚਣ ਦਾ ਰਸਤਾ ਹੈ।

ਨਿਯਮਾਂ ਮੁਤਾਬਕ ਅਸੀਂ ਇੱਕ ਵਾਰ ਵਿੱਚ ਸਿਰਫ਼ 15 ਮਿੰਟਾਂ ਲਈ ਹੀ ਅੰਦਰ ਜਾ ਸਕਦੇ ਸੀ ਉਹ ਵੀ ਪੂਰੀ ਤਰ੍ਹਾਂ ਪੈਡਡ, ਬੂਟ, ਟੋਪੀਆਂ ਅਤੇ ਦਸਤਾਨੇ ਪਾ ਕੇ।

ਸਾਡੇ ਕੈਮਰੇ ਦਾ ਇਲੈਕਟ੍ਰਾਨਿਕ ਸ਼ਟਰ ਜੰਮ ਗਿਆ ਅਤੇ ਸਾਡੇ ਵਾਲ ਵੀ ਬਰਫੀਲੇ ਹੋ ਕੇ ਆਕੜਨ ਲੱਗੇ।

ਬਰਫ਼ ਦੇ ਢੇਰ ਵਾਲੇ ਡੱਬਿਆਂ ਦੇ ਕੋਲ ਇੱਕ ਵਰਕਟਾਪ (ਕੰਮ ਵਾਲਾ ਮੇਜ਼) 'ਤੇ ਡਾਕਟਰ ਥਾਮਸ ਸਭ ਤੋਂ ਪੁਰਾਣੇ ਆਈਸ ਕੋਰਜ਼ ਵੱਲ ਇਸ਼ਾਰਾ ਕਰਦੇ ਹਨ ਜੋ 15 ਲੱਖ ਸਾਲ ਪੁਰਾਣੇ ਹੋ ਸਕਦੇ ਹਨ। ਉਹ ਚਮਕਦੇ ਹਨ ਅਤੇ ਇੰਨੇ ਸਾਫ਼ ਹਨ ਕਿ ਅਸੀਂ ਉਨ੍ਹਾਂ ਵਿੱਚੋਂ ਆਪਣੇ ਹੱਥ ਦੇਖ ਸਕਦੇ ਹਾਂ।

ਲੰਬਾ ਪਰੀਖਣ

ਡਾਕਟਰ ਲਿਜ਼ ਥਾਮਸ
ਤਸਵੀਰ ਕੈਪਸ਼ਨ, ਡਾਕਟਰ ਲਿਜ਼ ਥਾਮਸ ਬ੍ਰਿਟਿਸ਼ ਐਨਟਾਰਟਿਕ ਸਰਵੇਖਣ ਵਿਖੇ ਬਰਫ਼ ਦੇ ਕੋਰਾਂ ਦਾ ਵਿਸ਼ਲੇਸ਼ਣ ਕਰਨ ਵਾਲੀ ਟੀਮ ਦੀ ਅਗਵਾਈ ਕਰਨਗੇ।

ਸੱਤ ਹਫ਼ਤਿਆਂ ਲਈ ਟੀਮ ਹੌਲੀ-ਹੌਲੀ ਮਿਹਨਤ ਨਾਲ ਇੱਥੇ ਤੱਕ ਲਿਆਂਦੀ ਗਈ ਬਰਫ਼ ਨੂੰ ਪਿਘਲਾ ਦੇਵੇਗੀ। ਇਸ ਵਿੱਚੋਂ ਪੁਰਾਣੀ ਧੂੜ, ਜਵਾਲਾਮੁਖੀ ਰਾਖ਼ ਅਤੇ ਇੱਥੋਂ ਤੱਕ ਕਿ ਛੋਟੇ ਸਮੁੰਦਰੀ ਐਲਗੀ ਜਿਸ ਨੂੰ ਡਾਇਟੋਮ ਕਿਹਾ ਜਾਂਦਾ ਹੈ, ਉਹ ਨਿਕਲਣਗੇ ਜੋ ਪਾਣੀ ਦੇ ਬਰਫ਼ ਵਿੱਚ ਬਦਲਣ 'ਤੇ ਅੰਦਰ ਜੰਮ ਗਏ ਸਨ।

ਇਹ ਸਮੱਗਰੀ ਵਿਗਿਆਨੀਆਂ ਨੂੰ ਦਸ ਲੱਖ ਸਾਲ ਪਹਿਲਾਂ ਹਵਾ ਦੇ ਪੈਟਰਨਜ਼, ਤਾਪਮਾਨ ਅਤੇ ਸਮੁੰਦਰ ਦੇ ਪੱਧਰ ਬਾਰੇ ਦੱਸ ਸਕਦੀ ਹੈ।

ਟਿਊਬਾਂ ਨਾਲ ਲੱਗਦੀ ਪ੍ਰਯੋਗਸ਼ਾਲਾ ਵਿੱਚ ਮਸ਼ੀਨਾਂ ਵਿੱਚ ਤਰਲ ਪਦਾਰਥ ਭਰਨਗੀਆਂ।

ਐਨਟਾਰਟਿਕ

ਇਹ ਐਨਟਾਰਟਿਕਾ ਵਿੱਚ ਬਰਫ਼ ਦੇ ਕੋਰ ਕੱਢਣ ਦਾ ਇੱਕ ਬਹੁਤ ਵੱਡਾ ਬਹੁ-ਰਾਸ਼ਟਰੀ ਯਤਨ ਸੀ, ਜਿਸਦੀ ਲਾਗਤ ਲੱਖਾਂ ਰੁਪਏ ਸੀ।

ਬਰਫ਼ ਨੂੰ 1 ਮੀਟਰ ਦੇ ਬਲਾਕਾਂ ਵਿੱਚ ਕੱਟਿਆ ਗਿਆ ਅਤੇ ਜਹਾਜ਼ ਰਾਹੀਂ ਅਤੇ ਫਿਰ ਇੱਕ ਕੋਲਡ ਵੈਨ ਵਿੱਚ ਕੈਂਬਰਿਜ ਲਿਜਾਇਆ ਗਿਆ।

ਇੰਜੀਨੀਅਰ ਜੇਮਜ਼ ਵੀਲ ਨੇ ਪੂਰਬੀ ਐਨਟਾਰਟਿਕ ਵਿੱਚ ਕੋਨਕੋਰਡੀਆ ਬੇਸ ਦੇ ਨੇੜੇ ਬਰਫ਼ ਕੱਢਣ ਵਿੱਚ ਮਦਦ ਕੀਤੀ।

ਉਹ ਕਹਿੰਦੇ ਹਨ, "ਇਸ ਨੂੰ ਆਪਣੇ ਧਿਆਨ ਨਾਲ ਦਸਤਾਨੇ ਪਹਿਨੇ ਹੋਏ ਹੱਥਾਂ ਵਿੱਚ ਫੜਨਾ ਅਤੇ ਬਹੁਤ ਧਿਆਨ ਰੱਖਣਾ ਕਿ ਇਸ ਦਾ ਕੋਈ ਹਿੱਸਾ ਡਿੱਗ ਨਾ ਜਾਵੇ, ਇਹ ਇੱਕ ਸ਼ਾਨਦਾਰ ਅਹਿਸਾਸ ਸੀ।"

ਨਵੇਂ ਨਤੀਜੇ ਨਿਕਲਣ ਦੀ ਸੰਭਾਵਨਾ

ਕੈਂਬਰਿਜ ਵਿੱਚ ਬਰਫ਼ ਦੇ ਡੱਬੇ
ਤਸਵੀਰ ਕੈਪਸ਼ਨ, ਕੈਂਬਰਿਜ ਵਿੱਚ ਬਰਫ਼ ਦੇ ਡੱਬੇ ਸੱਤ ਹਫ਼ਤਿਆਂ ਵਿੱਚ ਹੌਲੀ-ਹੌਲੀ ਪਿਘਲ ਜਾਣਗੇ

ਜਰਮਨੀ ਅਤੇ ਸਵਿੱਟਜ਼ਰਲੈਂਡ ਦੀਆਂ ਦੋ ਸੰਸਥਾਵਾਂ ਨੂੰ ਵੀ 2.8 ਕਿਲੋਮੀਟਰ ਕੋਰ ਦੇ ਕਰਾਸ-ਸੈਕਸ਼ਨ ਪ੍ਰਾਪਤ ਹੋਏ ਹਨ।

ਡਾਕਟਰ ਥਾਮਸ ਮੁਤਾਬਕ ਟੀਮਾਂ 800,000 ਸਾਲ ਤੋਂ ਵੱਧ ਸਮੇਂ ਪਹਿਲਾਂ ਦੇ ਸਮੇਂ ਦੇ ਸਬੂਤ ਲੱਭ ਸਕਦੀਆਂ ਹਨ ਜਦੋਂ ਕਾਰਬਨ ਡਾਈਆਕਸਾਈਡ ਦਾ ਗਾੜ੍ਹਾਪਣ ਕੁਦਰਤੀ ਤੌਰ 'ਤੇ ਹੁਣ ਨਾਲੋਂ ਜ਼ਿਆਦਾ ਜਾਂ ਇਸ ਤੋਂ ਵੀ ਵੱਧ ਹੋ ਸਕਦਾ ਹੈ।

ਇਹ ਤਜ਼ਰਬਾ ਵਿਗਿਆਨੀਆਂ ਨੂੰ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਸਾਡੇ ਭਵਿੱਖ ਵਿੱਚ ਕੀ ਹੋਵੇਗਾ ਕਿਉਂਕਿ ਸਾਡਾ ਗ੍ਰਹਿ ਸਾਡੇ ਵਾਯੂਮੰਡਲ ਵਿੱਚਲੀਆਂ ਗਰਮ ਕਰਨ ਵਾਲੀਆਂ ਗੈਸਾਂ ਪ੍ਰਤੀ ਪ੍ਰਤੀਕਿਰਿਆਸ਼ੀਲ ਹੁੰਦਾ ਹੈ।

ਥਾਮਸ ਕਹਿੰਦੇ ਹਨ, "ਸਾਡੀ ਜਲਵਾਯੂ ਪ੍ਰਣਾਲੀ ਇੰਨੀਆਂ ਵੱਖ-ਵੱਖ ਤਬਦੀਲੀਆਂ ਵਿੱਚੋਂ ਲੰਘੀ ਹੈ ਕਿ ਸਾਨੂੰ ਇਨ੍ਹਾਂ ਵੱਖ-ਵੱਖ ਪ੍ਰਕਿਰਿਆਵਾਂ ਅਤੇ ਵੱਖ-ਵੱਖ ਟਿਪਿੰਗ ਪੁਆਇੰਟਾਂ ਨੂੰ ਸਮਝਣ ਲਈ ਸਮੇਂ ਵਿੱਚ ਪਿੱਛੇ ਜਾਣ ਦੇ ਯੋਗ ਹੋਣ ਦੀ ਜ਼ਰੂਰਤ ਹੈ।"

ਅੱਜ ਅਤੇ ਬੀਤੇ ਯੁੱਗਾਂ ਵਿੱਚ ਉੱਚ ਗ੍ਰੀਨਹਾਊਸ ਗੈਸਾਂ ਵਿੱਚਲੇ ਫ਼ਰਕ ਇਹ ਹਨ ਕਿ ਹੁਣ ਮਨੁੱਖਾਂ ਨੇ ਪਿਛਲੇ 150 ਸਾਲਾਂ ਵਿੱਚ ਗਰਮੀ ਵਧਾਉਣ ਵਾਲੀਆਂ ਗੈਸਾਂ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ।

ਇਹ ਸਾਨੂੰ ਅਣਜਾਣ ਖੇਤਰ ਵਿੱਚ ਲੈ ਜਾ ਰਿਹਾ ਹੈ, ਪਰ ਵਿਗਿਆਨੀਆਂ ਨੂੰ ਆਸ ਹੈ ਕਿ ਬਰਫ਼ ਵਿੱਚ ਬੰਦ ਸਾਡੇ ਗ੍ਰਹਿ ਦੇ ਵਾਤਾਵਰਣ ਇਤਿਹਾਸ ਦਾ ਰਿਕਾਰਡ ਸਾਨੂੰ ਕੁਝ ਮਾਰਗਦਰਸ਼ਨ ਦੇ ਸਕਦਾ ਹੈ।

ਇਹ ਟੀਮ ਤਰਲ ਵਿੱਚ ਰਸਾਇਣਕ ਆਈਸੋਟੋਪਸ ਦੀ ਪਛਾਣ ਕਰੇਗੀ ਜੋ ਸਾਨੂੰ 800,000 ਤੋਂ 15 ਲੱਖ ਸਾਲ ਪਹਿਲਾਂ ਜਾਂ ਸੰਭਵ ਤੌਰ 'ਤੇ ਇਸ ਤੋਂ ਵੱਧ ਸਮੇਂ ਲਈ ਹਵਾ ਦੇ ਪੈਟਰਨ, ਤਾਪਮਾਨ ਅਤੇ ਬਾਰਿਸ਼ ਬਾਰੇ ਦੱਸ ਸਕਦੇ ਹਨ।

ਉਹ 20 ਤੋਂ ਵੱਧ ਤੱਤਾਂ ਨੂੰ ਮਾਪਣ ਅਤੇ ਧਾਤਾਂ ਦਾ ਪਤਾ ਲਗਾਉਣ ਲਈ ਇੱਕ ਇੰਡਕਟਿਵਲੀ ਕਪਲਡ ਪਲਾਜ਼ਮਾ ਮਾਸ ਸਪੈਕਟਰੋਮੀਟਰ (ਆਈਸੀਪੀਐੱਮਐੱਸ) ਨਾਮਕ ਯੰਤਰ ਦੀ ਵਰਤੋਂ ਕਰਨਗੇ।

 ਬਰਫ਼

ਤਸਵੀਰ ਸਰੋਤ, PNRA/IPEV

ਤਸਵੀਰ ਕੈਪਸ਼ਨ, 2.8 ਕਿਲੋਮੀਟਰ ਬਰਫ਼ ਕੱਢੀ ਗਈ ਅੱਠ ਤੋਂ ਵੱਧ ਆਈਫਲ ਟਾਵਰ ਇੱਕ ਦੂਜੇ ਨਾਲ ਜੁੜੇ ਹੋਏ ਸਨ
ਇਹ ਵੀ ਪੜ੍ਹੋ-

ਇਸ ਵਿੱਚ ਦੁਰਲੱਭ ਧਰਤੀ ਦੇ ਤੱਤ, ਸਮੁੰਦਰੀ ਲੂਣ ਅਤੇ ਸਮੁੰਦਰੀ ਤੱਤ ਸ਼ਾਮਲ ਹਨ ਅਤੇ ਨਾਲ ਹੀ ਪਿਛਲੇ ਜਵਾਲਾਮੁਖੀ ਫਟਣ ਦੇ ਸੂਚਕ ਵੀ ਮੌਜੂਦ ਹਨ।

ਇਹ ਕੰਮ ਵਿਗਿਆਨੀਆਂ ਨੂੰ 800,000 ਤੋਂ 12 ਲੱਖ ਸਾਲ ਪਹਿਲਾਂ ਮਿਡ-ਪਲਾਈਸਟੋਸੀਨ ਟ੍ਰਾਂਜਿਸ਼ਨ ਨਾਮਕ ਇੱਕ ਰਹੱਸਮਈ ਤਬਦੀਲੀ ਨੂੰ ਸਮਝਣ ਵਿੱਚ ਮਦਦ ਕਰੇਗਾ ਜਦੋਂ ਗ੍ਰਹਿ ਦੇ ਗਲੇਸ਼ੀਅਰ ਚੱਕਰ ਅਚਾਨਕ ਬਦਲ ਗਏ ਸਨ।

ਧਰਤੀ ਨੇ ਕਈ ਬਦਲਾਅ ਦੇਖੇ ਹਨ। ਗਰਮ ਯੁੱਗਾਂ ਤੋਂ ਠੰਡੇ ਗਲੇਸ਼ੀਅਰ ਯੁੱਗਾਂ ਵਿੱਚ ਤਬਦੀਲੀ, ਜਦੋਂ ਬਰਫ਼ ਧਰਤੀ ਦੇ ਬਹੁਤ ਜ਼ਿਆਦਾ ਹਿੱਸੇ ਨੂੰ ਢੱਕਦੀ ਸੀ, ਹਰ 41,000 ਸਾਲਾਂ ਬਾਅਦ ਹੁੰਦੀ ਰਹੀ ਹੈ ਪਰ ਇਹ ਅਚਾਨਕ 100,000 ਸਾਲਾਂ ਵਿੱਚ ਬਦਲੀ ਰਹੀ ਹੈ।

ਜੇਮਜ਼ ਵੀਲ
ਤਸਵੀਰ ਕੈਪਸ਼ਨ, ਜੇਮਜ਼ ਵੀਲ ਐਨਟਾਰਟਿਕ ਵਿੱਚ ਉਸ ਟੀਮ ਦਾ ਹਿੱਸਾ ਸੀ ਜਿਸਨੇ ਚਾਰ ਮੌਸਮਾਂ ਵਿੱਚ ਬਰਫ਼ ਨੂੰ ਡ੍ਰਿਲ ਕੀਤਾ ਅਤੇ ਕੱਢਿਆ

ਡਾਕਟਰ ਥਾਮਸ ਮੁਤਾਬਕ ਇਸ ਤਬਦੀਲੀ ਦਾ ਕਾਰਨ ਜਲਵਾਯੂ ਵਿਗਿਆਨ ਵਿੱਚ 'ਸਭ ਤੋਂ ਦਿਲਚਸਪ ਅਣਸੁਲਝੇ ਸਵਾਲਾਂ' ਵਿੱਚੋਂ ਇੱਕ ਹੈ।

ਕੋਰਜ਼ ਕੋਲ ਉਸ ਸਮੇਂ ਦੇ ਸਬੂਤ ਹੋ ਸਕਦੇ ਹਨ ਜਦੋਂ ਸਮੁੰਦਰ ਦਾ ਪੱਧਰ ਹੁਣ ਨਾਲੋਂ ਬਹੁਤ ਉੱਚਾ ਸੀ ਅਤੇ ਜਦੋਂ ਵਿਸ਼ਾਲ ਐਨਟਾਰਟਿਕ ਬਰਫ਼ ਦੀਆਂ ਚਾਦਰਾਂ ਛੋਟੀਆਂ ਸਨ।

ਬਰਫ਼ ਵਿੱਚ ਧੂੜ ਦੀ ਮੌਜੂਦਗੀ ਉਨ੍ਹਾਂ ਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਬਰਫ਼ ਦੀਆਂ ਚਾਦਰਾਂ ਕਿਵੇਂ ਸੁੰਗੜ ਗਈਆਂ ਅਤੇ ਸਮੁੰਦਰ ਦੇ ਪੱਧਰ ਦੇ ਵਾਧੇ ਵਿੱਚ ਕਿਵੇਂ ਯੋਗਦਾਨ ਪਾਇਆ ਜੋ ਕਿ ਇਸ ਸਦੀ ਵਿੱਚ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)