ਭਾਰਤ ਵਿੱਚ ਇਲੋਨ ਮਸਕ ਦੀ ਟੈਸਲਾ ਦੀ ਕੀਮਤ ਕਿੰਨੀ ਹੋਵੇਗੀ, ਜਾਣੋ ਸਾਰੇ ਅਹਿਮ ਸਵਾਲਾਂ ਦੇ ਜਵਾਬ

ਤਸਵੀਰ ਸਰੋਤ, DHIRAJ SINGH/BLOOMBERG VIA GETTY IMAGES
ਇਲੋਨ ਮਸਕ ਦੀ ਟੈਸਲਾ ਨੇ ਮੰਗਲਵਾਰ ਨੂੰ ਭਾਰਤ ਵਿੱਚ ਆਪਣੀ ਕਾਰ ਲਾਂਚ ਕਰ ਦਿੱਤੀ ਹੈ।
ਟੈਸਲਾ ਨੇ ਮੁੰਬਈ ਵਿੱਚ ਆਪਣਾ ਪਹਿਲਾ ਸ਼ੋਅਰੂਮ ਖੋਲ੍ਹਿਆ। ਸੀਐੱਨਬੀਸੀ ਦੀ ਰਿਪੋਰਟ ਦੇ ਅਨੁਸਾਰ, ਟੈਸਲਾ ਦੇ ਦੱਖਣ-ਪੂਰਬੀ ਨਿਰਦੇਸ਼ਕ ਇਸਾਬੈਲ ਫੈਨ ਨੇ ਐਲਾਨ ਕੀਤਾ ਕਿ ਕੰਪਨੀ ਜਲਦੀ ਹੀ ਰਾਜਧਾਨੀ ਦਿੱਲੀ ਵਿੱਚ ਵੀ ਇੱਕ ਸ਼ੋਅਰੂਮ ਖੋਲ੍ਹੇਗੀ।
ਮਸਕ ਦੀ ਟੈਸਲਾ ਕੁਝ ਸਮੇਂ ਤੋਂ ਵਿਕਰੀ ਵਿੱਚ ਕਮੀ ਨਾਲ ਜੂਝ ਰਹੀ ਹੈ। ਮਸਕ ਉੱਚ ਟੈਰਿਫਾਂ ਨੂੰ ਲੈ ਕੇ ਭਾਰਤ ਦੀ ਆਲੋਚਨਾ ਕਰ ਰਹੇ ਹਨ।
ਅਜਿਹੀ ਸਥਿਤੀ ਵਿੱਚ, ਭਾਰਤੀ ਕਾਰ ਬਾਜ਼ਾਰ ਵਿੱਚ ਟੈਸਲਾ ਦੇ ਦਾਖਲੇ ਨੂੰ ਦੁਨੀਆ ਭਰ ਦੇ ਆਟੋਮੋਬਾਈਲ ਸੈਕਟਰ ਵਿੱਚ ਦਿਲਚਸਪੀ ਨਾਲ ਦੇਖਿਆ ਜਾ ਰਿਹਾ ਹੈ। ਟੈਸਲਾ ਇੰਡੀਆ ਬਾਰੇ ਕੁਝ ਮਹੱਤਵਪੂਰਨ ਸਵਾਲਾਂ ਦੇ ਜਵਾਬ ਜਾਣੋ-

ਕਿੰਨੀ ਹੋਵੇਗੀ ਦੀ ਕਾਰ ਦੀ ਕੀਮਤ?
ਟੈਸਲਾ ਨੇ ਭਾਰਤ ਵਿੱਚ ਆਪਣੀ ਮਾਡਲ ਵਾਈ ਕਾਰ ਲਾਂਚ ਕੀਤੀ ਹੈ, ਜਿਸਦੀ ਸ਼ੁਰੂਆਤੀ ਕੀਮਤ 70,000 ਡਾਲਰ ਜਾਂ ਲਗਭਗ 60 ਲੱਖ ਰੁਪਏ ਹੋਵੇਗੀ।
ਗਾਹਕ ਟੈਸਲਾ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਕਾਰ ਬੁੱਕ ਕਰ ਸਕਦੇ ਹਨ, ਜਿਸਦੀ ਡਿਲੀਵਰੀ ਇਸ ਵਿੱਤੀ ਸਾਲ ਦੀ ਤੀਜੀ ਤਿਮਾਹੀ (ਅਕਤੂਬਰ ਤੋਂ ਦਸੰਬਰ) ਦੇ ਵਿਚਕਾਰ ਹੋਣ ਦੀ ਉਮੀਦ ਹੈ।
ਮਸਕ ਲੰਬੇ ਸਮੇਂ ਤੋਂ ਟੈਸਲਾ ਨੂੰ ਭਾਰਤ ਲਿਆਉਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਨੇ ਭਾਰਤ ਵਿੱਚ ਇੱਕ ਟੈਸਲਾ ਫੈਕਟਰੀ ਖੋਲ੍ਹਣ ਦੀ ਵੀ ਯੋਜਨਾ ਬਣਾਈ ਸੀ।
ਟੈਸਲਾ ਦੇ ਮਾਡਲ ਵਾਈ ਰੀਅਰ-ਵ੍ਹੀਲ ਡਰਾਈਵ ਦੀ ਕੀਮਤ ਲਗਭਗ 60 ਲੱਖ ਰੁਪਏ ਰੱਖੀ ਗਈ ਹੈ, ਜਦਕਿ ਮਾਡਲ ਵਾਈ ਲੌਂਗ-ਰੇਂਜ ਰੀਅਰ-ਵ੍ਹੀਲ ਡਰਾਈਵ ਦੀ ਕੀਮਤ 68 ਲੱਖ ਰੁਪਏ ਹੈ।
ਕੰਪਨੀ ਦੀ "ਫੁਲ ਸੈਲਫ-ਡਰਾਈਵਿੰਗ" ਵਿਸ਼ੇਸ਼ਤਾ ਵਾਧੂ ਛੇ ਲੱਖ ਰੁਪਏ ਵਿੱਚ ਉਪਲਬਧ ਹੋਵੇਗੀ, ਭਵਿੱਖ ਦੇ ਅਜਿਹੇ ਅਪਡੇਟਸ ਦਾ ਵਾਅਦਾ ਕੀਤਾ ਗਿਆ ਹੈ ਜੋ ਗੱਡੀ ਨੂੰ ਘੱਟੋ-ਘੱਟ ਮਨੁੱਖੀ ਦਖ਼ਲ ਦੇ ਨਾਲ ਚਲਾਉਣ ਵਿੱਚ ਸਮਰੱਥ ਬਣਾਏਗੀ।

ਤਸਵੀਰ ਸਰੋਤ, PUNIT PARANJPE/AFP VIA GETTY IMAGES
ਕੀਮਤਾਂ ਇੰਨੀਆਂ ਉੱਚੀਆਂ ਕਿਉਂ ਹਨ?
ਭਾਰਤ ਵਿੱਚ ਜਿਸ ਮਾਡਲ ਦੀ ਕੀਮਤ ਕਰੀਬ 60 ਲੱਖ ਰੁਪਏ ਹੈ, ਇਸੇ ਮਾਡਲ ਦੀ ਕੀਮਤ ਅਮਰੀਕਾ ਵਿੱਚ 44,990 ਡਾਲਰ ਯਾਨਿ ਕਰੀਬ 39 ਲੱਖ ਰੁਪਏ ਹੈ, ਚੀਨ ਵਿੱਚ 36,700 ਡਾਲਰ ਯਾਨਿ 32 ਲੱਖ ਰੁਪਏ ਅਤੇ ਜਰਮਨੀ ਵਿੱਚ 45,970 ਡਾਲਰ ਯਾਨਿ 39 ਲੱਖ 50 ਰੁਪਏ ਹੈ।
ਤਾਂ ਸਵਾਲ ਇਹ ਉੱਠਦਾ ਹੈ ਕਿ ਭਾਰਤ ਵਿੱਚ ਇਸਦੀ ਕੀਮਤ ਇੰਨੀ ਜ਼ਿਆਦਾ ਕਿਉਂ ਹੈ?
ਟੈਸਲਾ ਭਾਰਤ ਵਿੱਚ ਗਾਹਕਾਂ ਲਈ ਜੋ ਕਾਰਾਂ ਲਿਆਏਗੀ, ਉਨ੍ਹਾਂ 'ਤੇ ਲਗਭਗ 100 ਫੀਸਦ ਟੈਰਿਫ ਲੱਗੇਗਾ। ਇਸੇ ਕਰਕੇ ਭਾਰਤ ਵਿੱਚ ਵਿਕਣ ਵਾਲੀਆਂ ਟੈਸਲਾ ਦੀਆਂ ਕਾਰਾਂ ਦੀ ਕੀਮਤ ਇੰਨੀ ਜ਼ਿਆਦਾ ਹੈ।
ਟੈਸਲਾ ਦੇ ਮੁੱਖ ਵਿੱਤੀ ਅਧਿਕਾਰੀ ਵੈਭਵ ਤਨੇਜਾ ਨੇ ਅਪ੍ਰੈਲ ਵਿੱਚ ਭਾਰਤ ਵਿੱਚ ਕੰਪਨੀ ਦੀ ਦਿਲਚਸਪੀ ਬਾਰੇ ਗੱਲ ਕੀਤੀ ਸੀ।
ਪਰ ਉਨ੍ਹਾਂ ਇਹ ਵੀ ਕਿਹਾ ਸੀ, "ਕੰਪਨੀ ਭਾਰਤ ਵਿੱਚ ਬਹੁਤ ਸੋਚ-ਸਮਝ ਕੇ ਕਦਮ ਚੁੱਕੇਗੀ ਕਿਉਂਕਿ ਈਵੀ (ਇਲੈਕਟ੍ਰਿਕ ਵਾਹਨ) ਦੀ ਦਰਾਮਦਗੀ 'ਤੇ 70 ਫੀਸਦ ਡਿਊਟੀ ਅਤੇ ਲਗਭਗ 30 ਫੀਸਦ ਲਗਜ਼ਰੀ ਟੈਕਸ ਹੈ।"
ਇਸ ਉੱਚ ਟੈਕਸ ਦੇ ਕਾਰਨ, ਟੈਸਲਾ ਨੂੰ ਭਾਰਤ ਵਿੱਚ ਆਪਣੇ ਵਾਹਨਾਂ ਦੀਆਂ ਕੀਮਤਾਂ ਇੰਨੀਆਂ ਉੱਚੀਆਂ ਰੱਖਣੀਆਂ ਪਈਆਂ।

ਤਸਵੀਰ ਸਰੋਤ, Getty Images
ਕਿਹੜੀਆਂ ਕੰਪਨੀਆਂ ਨਾਲ ਹੋਵੇਗਾ ਟੈਸਲਾ ਦਾ ਮੁਕਾਬਲਾ
ਟੈਸਲਾ ਭਾਰਤ ਵਿੱਚ ਇਲੈਕਟ੍ਰਿਕ ਕਾਰਾਂ ਦੇ ਛੋਟੇ ਅਤੇ ਪ੍ਰੀਮੀਅਮ ਸਮੂਹ ਨੂੰ ਨਿਸ਼ਾਨਾ ਬਣਾ ਰਹੀ ਹੈ।
ਇਹ ਭਾਰਤ ਦੇ ਕੁੱਲ ਆਟੋਮੋਬਾਈਲ ਬਾਜ਼ਾਰ ਦਾ 4 ਫੀਸਦ ਹੈ। ਮਾਹਰਾਂ ਦੇ ਅਨੁਸਾਰ, ਟੈਸਲਾ ਟਾਟਾ ਮੋਟਰਜ਼ ਅਤੇ ਮਹਿੰਦਰਾ ਵਰਗੀਆਂ ਘਰੇਲੂ ਇਲੈਕਟ੍ਰਿਕ ਕਾਰ ਨਿਰਮਾਣ ਕੰਪਨੀਆਂ ਨਾਲ ਮੁਕਾਬਲਾ ਨਹੀਂ ਕਰੇਗੀ। ਇਹ ਬੀਐੱਮਡਲਬਿਊ ਅਤੇ ਮਰਸੀਡੀਜ਼-ਬੈਂਜ਼ ਵਰਗੀਆਂ ਕੰਪਨੀਆਂ ਦੀਆਂ ਕਾਰਾਂ ਨਾਲ ਮੁਕਾਬਲਾ ਕਰੇਗੀ।
ਵਾਧੂ ਉਤਪਾਦਨ ਸਮਰੱਥਾ ਅਤੇ ਘਟਦੀ ਵਿਕਰੀ ਨਾਲ ਜੂਝ ਰਹੀ ਟੈਸਲਾ ਨੇ ਭਾਰਤ ਵਿੱਚ ਆਪਣੀਆਂ ਆਯਾਤ ਕੀਤੀਆਂ ਕਾਰਾਂ ਵੇਚਣ ਦੀ ਰਣਨੀਤੀ ਅਪਣਾਈ ਹੈ, ਭਾਵੇਂ ਉਸ ਨੂੰ ਇਸ 'ਤੇ ਭਾਰੀ ਡਿਊਟੀ ਦੇਣੀ ਪਵੇ।
ਹਾਲਾਂਕਿ, ਕੇਂਦਰ ਵਿੱਚ ਟੈਰਿਫ ਦੇ ਨਾਲ ਵਪਾਰ ਸੌਦੇ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚਕਾਰ ਗੱਲਬਾਤ ਲਗਾਤਾਰ ਚੱਲ ਰਹੀ ਹੈ।
ਸੀਐੱਨਬੀਸੀ ਦੇ ਇਨਸਾਈਡ ਇੰਡੀਆ ਈਵੈਂਟ ਵਿੱਚ ਫਰੌਸਟ ਐਂਡ ਸੁਲੀਵਨ ਵਿੱਚ ਮੋਬਿਲਿਟੀ ਸੈਕਟਰ ਦੇ ਗਲੋਬਲ ਕਲਾਇੰਟ ਲੀਡਰ ਵਿਵੇਕ ਵੈਦਿਆ ਨੇ ਕਿਹਾ, "ਸਵਾਲ ਇਹ ਹੈ ਕਿ ਕੀ ਟੈਸਲਾ ਵੱਡੇ ਬਾਜ਼ਾਰ ਨੂੰ ਪ੍ਰਭਾਵਿਤ ਕਰੇਗਾ? ਜਵਾਬ ਨਹੀਂ ਹੈ, ਕਿਉਂਕਿ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਦੀ ਕੀਮਤ ਸ਼ਾਇਦ ਇਸ ਕੀਮਤ ਦੇ ਦਸਵੇਂ ਹਿੱਸੇ ਦੇ ਬਰਾਬਰ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਮੈਂ ਇਹ ਨਹੀਂ ਕਹਾਂਗਾ ਕਿ ਇਹ ਕੀਮਤਾਂ ਪੂਰੀ ਤਰ੍ਹਾਂ ਪਹੁੰਚ ਤੋਂ ਬਾਹਰ ਹਨ, ਕਿਉਂਕਿ ਭਾਰਤ ਵਿੱਚ ਹਰ ਪ੍ਰਾਈਸ ਪੁਆਇੰਟ 'ਤੇ ਖਰੀਦਦਾਰ ਹਨ।"
ਹਾਲਾਂਕਿ, ਮੁੰਬਈ ਵਿੱਚ ਟੈਸਲਾ ਨੇ ਜੋ ਕਾਰਾਂ ਪੇਸ਼ ਕੀਤੀਆਂ ਉਹ ਚੀਨ ਵਿੱਚ ਬਣੀਆਂ ਹਨ ਅਤੇ ਇਹ ਕਾਰਾਂ ਜਿਨ੍ਹਾਂ ਫੈਕਟਰੀਆਂ ਵਿੱਚ ਬਣਾਈਆਂ ਜਾਂਦੀਆਂ ਹਨ, ਉਹ ਭਾਰਤ ਲਈ ਲੋੜੀਂਦੇ ਸੱਜੇ-ਸਟੀਅਰਿੰਗ (ਸੱਜੇ-ਹੱਥ ਡਰਾਈਵ) ਵਾਹਨ ਨਹੀਂ ਬਣਾਉਂਦੀਆਂ ਹਨ।
ਮੰਗਲਵਾਰ ਨੂੰ, ਮੁੰਬਈ ਦੇ ਉਸ ਦਫਤਰ ਕੰਪਲੈਕਸ ਦੇ ਬਾਹਰ ਮੀਡੀਆ ਦੀ ਭਾਰੀ ਭੀੜ ਲੱਗੀ ਰਹੀ, ਜਿੱਥੇ ਟੈਸਲਾ ਨੇ ਆਪਣਾ ਸ਼ੋਅਰੂਮ ਖੋਲ੍ਹਿਆ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਲਾਂਚ ਲਈ ਪਹੁੰਚੇ ਸਨ।
ਫੜਨਵੀਸ ਨੇ ਕਿਹਾ, "ਭਵਿੱਖ ਵਿੱਚ, ਅਸੀਂ ਭਾਰਤ ਵਿੱਚ ਖੋਜ ਅਤੇ ਵਿਕਾਸ ਅਤੇ ਨਿਰਮਾਣ ਦੀ ਉਮੀਦ ਕਰਦੇ ਹਾਂ ਅਤੇ ਮੈਨੂੰ ਯਕੀਨ ਹੈ ਕਿ ਟੈਸਲਾ ਸਹੀ ਸਮੇਂ 'ਤੇ ਇਸ ਬਾਰੇ ਸੋਚੇਗਾ।"
ਆਨੰਦ ਮਹਿੰਦਰਾ ਨੇ ਇਸ ਮੁਕਾਬਲੇ ਨੂੰ ਸਕਾਰਾਤਮਕ ਢੰਗ ਨਾਲ ਲਿਆ ਅਤੇ ਇਸ ਨੂੰ ਇਨੋਵੇਸ਼ਨ ਲਈ ਇੱਕ ਹੁਲਾਰਾ ਕਿਹਾ।
ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ, 'ਤੇ ਲਿਖਿਆ, "ਇਲੋਨ ਮਸਕ ਅਤੇ ਟੈਸਲਾ ਦਾ ਭਾਰਤ ਵਿੱਚ ਸਵਾਗਤ ਹੈ। ਦੁਨੀਆ ਦੇ ਸਭ ਤੋਂ ਵੱਡੇ ਈਵੀ ਮੌਕਿਆਂ ਵਿੱਚੋਂ ਇੱਕ ਹੁਣ ਹੋਰ ਵੀ ਦਿਲਚਸਪ ਹੋ ਗਿਆ ਹੈ। ਮੁਕਾਬਲਾ ਨਵੀਨਤਾ ਨੂੰ ਪੈਦਾ ਕਰਦਾ ਹੈ ਅਤੇ ਅੱਗੇ ਇੱਕ ਲੰਬਾ ਰਸਤਾ ਹੈ, ਚਾਰਜਿੰਗ ਸਟੇਸ਼ਨ 'ਤੇ ਮੁਲਾਕਾਤ ਦਾ ਇੰਤਜ਼ਾਰ ਰਹੇਗਾ।"

ਤਸਵੀਰ ਸਰੋਤ, Getty Images
ਟੈਸਲਾ ਦਾ ਸਫ਼ਰ
2018 ਵਿੱਚ ਟੈਸਲਾ ਆਪਣੀ ਕਿਫਾਇਤੀ ਇਲੈਕਟ੍ਰਿਕ ਕਾਰ, ਮਾਡਲ 3 ਦੇ ਉਤਪਾਦਨ ਦਾ ਵਿਸਥਾਰ ਕਰ ਰਹੀ ਸੀ।
ਪਰ ਇਸ ਵਿੱਚ ਗੰਭੀਰ ਸਮੱਸਿਆਵਾਂ ਸਨ, ਖਜ਼ਾਨਾ ਤੇਜ਼ੀ ਨਾਲ ਖਾਲ੍ਹੀ ਹੋ ਰਿਹਾ ਸੀ ਅਤੇ ਕੰਪਨੀ ਦੀਵਾਲੀਆਪਨ ਦੀ ਕਗਾਰ 'ਤੇ ਸੀ। ਕੰਪਨੀ ਦੇ ਸੀਈਓ ਹੋਣ ਦੇ ਨਾਤੇ, ਇਲੋਨ ਮਸਕ ਫੈਕਟਰੀ ਵਿੱਚ ਦਿਨ ਵਿੱਚ 22-22 ਘੰਟੇ ਬਿਤਾ ਰਹੇ ਸਨ।
ਬਾਅਦ ਵਿੱਚ ਇੱਕ ਇੰਟਰਵਿਊ ਵਿੱਚ ਇਲੋਨ ਮਸਕ ਨੇ ਖ਼ੁਦ ਮੰਨਿਆ ਕਿ ਕੰਪਨੀ ਖ਼ਤਮ ਹੋਣ ਵਾਲੀ ਸੀ।
ਪਰ ਦੋ ਸਾਲਾਂ ਵਿੱਚ ਸਥਿਤੀ ਬਦਲ ਗਈ। ਕਾਰ ਬਾਜ਼ਾਰ ਵਿੱਚ ਲਾਂਚ ਵੀ ਨਹੀਂ ਹੋਈ ਸੀ ਅਤੇ ਕੰਪਨੀ ਦੇ ਸ਼ੇਅਰ ਹੈਰਾਨੀਜਨਕ ਤੌਰ 'ਤੇ ਵੱਧ ਰਹੇ ਸਨ। ਇਨ੍ਹਾਂ ਵਿੱਚ 50 ਫੀਸਦ ਤੋਂ ਵੱਧ ਵਾਧਾ ਦੇਖਿਆ ਗਿਆ।
ਕੰਪਨੀ ਨੇ 2020 ਵਿੱਚ ਲਗਾਤਾਰ ਚਾਰ ਤਿਮਾਹੀਆਂ ਲਈ ਮੁਨਾਫ਼ਾ ਕਮਾਇਆ। ਕੋਰੋਨਾ ਮਹਾਂਮਾਰੀ ਦੌਰਾਨ, ਜਦੋਂ ਕਾਰ ਕੰਪਨੀਆਂ ਸੈਮੀਕੰਡਕਟਰ ਦੀ ਘਾਟ ਨਾਲ ਜੂਝ ਰਹੀਆਂ ਸਨ, ਟੈਸਲਾ ਰਿਕਾਰਡ ਮੁਨਾਫ਼ਾ ਕਮਾ ਰਹੀ ਸੀ।
2021 ਵਿੱਚ ਕੰਪਨੀ ਦਾ ਬਾਜ਼ਾਰ ਦੀ ਕੀਮਤ 1.2 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ ਅਤੇ ਐਪਲ, ਮਾਈਕ੍ਰੋਸਾਫਟ, ਅਲਫਾਬੇਟ, ਐਮਾਜ਼ਾਨ ਤੋਂ ਬਾਅਦ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ।
ਕਾਰ ਕੰਪਨੀਆਂ ਵਿੱਚ ਇਹ ਸਭ ਤੋਂ ਤੇਜ਼ੀ ਨਾਲ 1 ਟ੍ਰਿਲੀਅਨ ਦੇ ਅੰਕੜੇ 'ਤੇ ਪਹੁੰਚ ਗਈ ਅਤੇ ਬ੍ਰਾਂਡ ਮੁੱਲ ਦੇ ਮਾਮਲੇ ਵਿੱਚ ਵੀ ਸਭ ਤੋਂ ਵੱਡੀ ਬਣ ਗਈ।
ਉਤਪਾਦਨ ਦੇ ਮਾਮਲੇ ਵਿੱਚ ਟੈਸਲਾ ਟੋਇਟਾ, ਫਾਕਸਵੈਗਨ, ਫੋਰਡ ਅਤੇ ਹੌਂਡਾ ਵਰਗੀਆਂ ਕੰਪਨੀਆਂ ਤੋਂ ਬਹੁਤ ਪਿੱਛੇ ਸੀ, ਪਰ ਇਸ ਦਾ ਮੁੱਲ ਟੋਇਟਾ, ਫਾਕਸਵੈਗਨ ਅਤੇ ਹੌਂਡਾ ਦੇ ਕੁੱਲ ਮੁੱਲ ਤੋਂ ਵੱਧ ਹੋ ਗਿਆ ਸੀ। ਯਾਨਿ ਟੈਸਲਾ, ਜੋ ਕਿ ਦੋ ਸਾਲ ਪਹਿਲਾਂ ਬੰਦ ਹੋਣ ਦੀ ਕਗਾਰ 'ਤੇ ਸੀ, ਦੁਨੀਆ ਦੀ ਸਭ ਤੋਂ ਵੱਡੀ ਕਾਰ ਕੰਪਨੀ ਬਣ ਗਈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












