ਮੁਕਤਸਰ: ਮਿੱਸ ਕਾਲ ਉੱਤੇ ਮੋਟਰ ਚਲਾਉਣ ਵਾਲੇ 'ਪੇਂਡੂ ਇੰਜੀਨੀਅਰ' ਨੇ ਹੁਣ ਕਿਸਾਨਾਂ ਦੀ ਕਿਹੜੀ ਦਿੱਕਤ ਦਾ ਹੱਲ ਕੀਤਾ?

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਪਹਿਲਾਂ ਸਾਨੂੰ ਰਾਤਾਂ ਜਾਗ ਕੇ ਕੱਟਣੀਆਂ ਪੈਂਦੀਆਂ ਸੀ। ਹੁਣ ਅਸੀਂ ਆਰਾਮ ਨਾਲ ਸੌਂ ਸਕਦੇ ਹਾਂ।"
ਝੀਂਗਾ ਪਾਲਕ ਹਰਬਖ਼ਸ਼ ਦੇ ਇਹ ਸ਼ਬਦ ਉਸ ਰਾਹਤ ਨੂੰ ਪ੍ਰਗਟ ਕਰਦੇ ਹਨ, ਜਿਹੜੀ ਉਨ੍ਹਾਂ ਨੂੰ ਕਿਸਾਨ ਰਾਜਵਿੰਦਰ ਸਿੰਘ ਵੱਲੋਂ ਇਜਾਦ ਕੀਤੇ ਗਏ ਯੰਤਰ ਨਾਲ ਮਿਲੀ ਹੈ।
ਮੁਕਤਸਰ ਜ਼ਿਲ੍ਹੇ ਦੇ ਪਿੰਡ ਸੀਰਵਾਲੀ ਦੇ ਰਹਿਣ ਵਾਲੇ ਕਿਸਾਨ ਰਾਜਵਿੰਦਰ ਸਿੰਘ ਝੀਂਗਾ ਪਾਲਕਾਂ ਦੀ ਸਾਲਾਂ ਪੁਰਾਣੀ ਸਮੱਸਿਆ ਦੇ ਹੱਲ ਲਈ ਇਲੈਕਟ੍ਰਿਕ ਯੰਤਰ ਬਣਾਉਂਦੇ ਹਨ।
ਇਲਾਕੇ ਵਿੱਚ 'ਵਿਗਿਆਨੀ ਜੱਟ' ਦੇ ਨਾਮ ਨਾਲ ਮਸ਼ਹੂਰ ਹਨ। ਕਿਸਾਨ ਉਨ੍ਹਾਂ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਹਨ ਅਤੇ ਰਾਜਵਿੰਦਰ ਉਨ੍ਹਾਂ ਦੇ ਹੱਲ ਵਾਸਤੇ ਇਲੈਕਟ੍ਰਾਨਿਕ ਯੰਤਰ ਬਣਾਉਂਦੇ ਹਨ।
ਇਸੇ ਤਰ੍ਹਾਂ ਝੀਂਗਾ ਪਾਲਕਾਂ ਨੇ ਵੀ ਆਪਣੀ ਸਾਲਾਂ ਪੁਰਾਣੀ ਇਸ ਸਮੱਸਿਆ ਵਾਸਤੇ ਰਜਿੰਦਰ ਦੀ ਮਦਦ ਮੰਗੀ ਸੀ।
ਦਰਅਸਲ ਝੀਂਗਾ ਪਾਲਕਾਂ ਨੂੰ ਆਪਣੇ ਫਾਰਮਾਂ ਉੱਤੇ ਝੀਂਗਿਆਂ ਵਾਸਤੇ ਆਕਸੀਜਨ ਦਾ ਪ੍ਰਬੰਧ ਕਰਨ ਲਈ ਨਿਰੰਤਰ ਬਿਜਲੀ ਦੀ ਸਪਲਾਈ ਅਤੇ ਚੌਕਸ ਰਹਿਣ ਦੀ ਲੋੜ ਹੁੰਦੀ ਹੈ।
ਖ਼ਾਸ ਕਰਕੇ ਰਾਤ ਵੇਲੇ ਜਦੋਂ ਬਿਜਲੀ ਦਾ ਕੱਟ ਲੱਗਦਾ ਹੈ। ਇਸ ਸਮੇਂ ਜੇਕਰ ਕਿਸਾਨ ਨੂੰ ਬਿਜਲੀ ਦੇ ਕੱਟ ਦਾ ਪਤਾ ਨਾ ਲੱਗੇ ਤਾਂ ਆਕਸੀਜਨ ਦੀ ਕਮੀ ਨਾਲ ਝੀਂਗੇ ਦੇ ਮਰਨ ਦੀ ਨੌਬਤ ਵੀ ਆ ਜਾਂਦੀ ਹੈ।
ਕਿਸਾਨਾਂ ਮੁਤਾਬਕ ਕਈ ਵਾਰੀ ਉਨ੍ਹਾਂ ਨੂੰ ਇਸ ਸਮੱਸਿਆ ਕਰਕੇ ਵਿੱਤੀ ਘਾਟਾ ਵੀ ਝੱਲਣਾ ਪਿਆ ਹੈ।
ਰਾਜਵਿੰਦਰ ਨੇ ਝੀਗਾਂ ਪਾਲਕਾਂ ਨੂੰ ਇੱਕ ਅਜਿਹਾ ਯੰਤਰ ਬਣਾ ਕੇ ਦਿੱਤਾ, ਜਿਸ ਨਾਲ ਫਾਰਮ ਉੱਤੇ ਬਿਜਲੀ ਦਾ ਕੱਟ ਲੱਗਣ ਜਾਂ ਬਿਜਲੀ ਸਪਲਾਈ ਵਿੱਚ ਵਿਘਨ ਪੈਣ ਉੱਤੇ ਕਿਸਾਨਾਂ ਨੂੰ ਤੁਰੰਤ ਜਾਣਕਾਰੀ ਮਿਲ ਜਾਂਦੀ ਹੈ।
ਇਸ ਨਾਲ ਉਹ ਆਪਣੇ ਫ਼ਾਰਮਾਂ ਉੱਤੇ ਬਿਜਲੀ ਦੇ ਬਦਲਵੇਂ ਪ੍ਰਬੰਧ ਕਰਕੇ ਝੀਂਗਿਆਂ ਵਾਸਤੇ ਆਕਸੀਜਨ ਦੀ ਕਮੀ ਪੂਰੀ ਕਰ ਲੈਂਦੇ ਹਨ।

ਰਾਜਵਿੰਦਰ ਸਿੰਘ ਕੌਣ ਹਨ?
ਰਾਜਵਿੰਦਰ ਸਿੰਘ ਮੁਕਤਸਰ ਜ਼ਿਲ੍ਹੇ ਦੇ ਪਿੰਡ ਸੀਰਵਾਲੀ ਦੇ ਵਸਨੀਕ ਹਨ। ਉਹ ਸਿਰਫ਼ ਬਾਰਾਂ ਜਮਾਤਾਂ ਹੀ ਪੜ੍ਹ ਸਕੇ। ਘਰ ਦੀਆਂ ਮਜਬੂਰੀਆਂ ਕਾਰਨ ਉਨ੍ਹਾਂ ਨੂੰ ਪੜ੍ਹਾਈ ਛੱਡਣੀ ਪਈ।
ਭਾਵੇਂ ਰਾਜਵਿੰਦਰ ਨੂੰ ਪੜ੍ਹਾਈ ਛੱਡਣੀ ਪਈ ਪਰ ਉਨ੍ਹਾਂ ਨੇ ਇਲੈਕਟ੍ਰੋਨਿਕ ਇੰਜੀਨੀਅਰਿੰਗ ਵਿੱਚ ਆਪਣੀ ਰੁਚੀ ਜਾਰੀ ਰੱਖੀ। ਇਸੇ ਰੁਚੀ ਕਾਰਨ ਉਹ ਪਿਛਲੇ ਕਈ ਸਾਲਾਂ ਤੋਂ ਅਜਿਹੇ ਇਲੈਕਟ੍ਰੋਨਿਕਸ ਯੰਤਰ ਬਣਾ ਰਹੇ ਹਨ ਜੋ ਕਿਸਾਨਾਂ ਦੀ ਮਦਦ ਕਰਨ।
ਰਾਜਵਿੰਦਰ ਸਿੰਘ ਖ਼ੁਦ ਵੀ ਕਿਸਾਨ ਹਨ। ਇਸ ਲਈ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਯਤਨਸ਼ੀਲ ਹਨ।
ਰਾਜਵਿੰਦਰ ਸਿੰਘ ਦੱਸਦੇ ਹਨ ਕਿ ਬਚਪਨ ਵਿੱਚ ਜਦੋਂ ਉਹ ਇਲੈਕਟ੍ਰਾਨਿਕ ਵਸਤੂਆਂ ਨੂੰ ਦੇਖਦੇ ਸੀ ਤਾਂ ਉਨ੍ਹਾਂ ਵਿੱਚ ਉਤਸੁਕਤਾ ਪੈਦਾ ਹੁੰਦੀ ਸੀ। ਇਸ ਲਈ ਉਹ ਇਲੈਕਟ੍ਰਾਨਿਕ ਵਸਤੂਆਂ ਨੂੰ ਖੋਲ੍ਹ-ਖੋਲ੍ਹ ਕੇ ਨਿਰੀਖਣ ਕਰਦੇ ਸਨ।

ਪੜ੍ਹਾਈ ਕਿਉਂ ਛੱਡੀ
ਰਾਜਵਿੰਦਰ ਸਿੰਘ ਖੇਤੀਬਾੜੀ ਕਰ ਕੇ ਆਪਣਾ ਪਰਿਵਾਰ ਪਾਲਦੇ ਹਨ। ਜਵਾਨੀ ਵੇਲੇ ਉਨ੍ਹਾਂ ਦੇ ਪਿਤਾ ਨੂੰ ਰੀੜ ਦੀ ਹੱਡੀ ਵਿੱਚ ਸਮੱਸਿਆ ਆ ਗਈ ਸੀ, ਜਿਸ ਕਾਰਨ ਉਨ੍ਹਾਂ ਦੇ ਪਿਤਾ ਨੂੰ ਖੇਤੀਬਾੜੀ ਛੱਡਣੀ ਪਈ। ਸਿੱਟੇ ਵਜੋਂ ਪਰਿਵਾਰ ਪਾਲਣ ਦੀ ਜ਼ਿੰਮੇਵਾਰੀ ਰਜਿੰਦਰ ਸਿੰਘ ਉੱਤੇ ਆ ਗਈ ਸੀ।
ਉਹ ਦੱਸਦੇ ਹਨ, "ਜਦੋਂ ਮੈਂ ਦਸਵੀਂ ਕਲਾਸ ਵਿੱਚ ਸੀ ਤਾਂ ਮੇਰੇ ਪਿਤਾ ਦੀ ਰੀੜ ਦੀ ਹੱਡੀ ਵਿੱਚ ਸਮੱਸਿਆ ਆ ਗਈ ਸੀ ਉਹ ਖੇਤੀਬਾੜੀ ਦਾ ਕੰਮ ਕਰਨ ਦੇ ਯੋਗ ਨਹੀਂ ਰਹੇ ਸਨ। ਔਖੇ-ਸੌਖੇ ਮੈਂ 12 ਜਮਾਤਾਂ ਕਰ ਲਈਆਂ ਪਰ ਫਿਰ ਮੈਨੂੰ ਖੇਤੀਬਾੜੀ ਦਾ ਕੰਮ ਸੰਭਾਲਣ ਲਈ ਪੜ੍ਹਾਈ ਛੱਡਣੀ ਪਈ।"
"ਭਾਵੇਂ ਮੈਂ ਪੜ੍ਹਾਈ ਛੱਡ ਦਿੱਤੀ ਪਰ ਮੈਂ ਆਪਣੀ ਫ਼ੀਲਡ ਦੀਆਂ ਕਿਤਾਬਾਂ ਪੜ੍ਹਨੀਆਂ ਨਹੀਂ ਛੱਡੀਆਂ। ਮੈਂ ਇਲੈਕਟ੍ਰਾਨਿਕ ਫ਼ੀਲਡ ਦੇ ਕਈ ਵਿਗਿਆਨੀਆਂ ਨੂੰ ਪੜ੍ਹਦਾ ਰਹਿੰਦਾ ਹਾਂ।"

ਯੰਤਰ ਕਿਵੇਂ ਕੰਮ ਕਰਦਾ ਹੈ
ਰਾਜਵਿੰਦਰ ਦੱਸਦੇ ਹਨ ਕਿ ਪਲਾਸਟਿਕ ਦੇ ਡੱਬੇ ਵਿੱਚ ਬੰਦ ਸਰਕਟ ਬੋਰਡ ਬਿਜਲੀ ਦੀ ਸਪਲਾਈ ਅਤੇ ਬੈਟਰੀ ਨਾਲ ਜੁੜਿਆ ਹੋਇਆ ਹੈ। ਇਸ ਨਾਲ ਇੱਕ ਹੂਟਰ ਵੀ ਲੱਗਿਆ ਹੋਇਆ ਹੈ।
"ਜਦੋਂ ਬਿਜਲੀ ਦਾ ਕੱਟ ਲੱਗਦਾ ਹੈ ਜਾਂ ਸਪਲਾਈ ਵਿੱਚ ਤਕਨੀਕੀ ਵਿਘਨ ਪੈਂਦਾ ਹੈ ਤਾਂ ਹੂਟਰ ਵੱਜਣ ਲੱਗ ਪੈਂਦਾ ਹੈ। ਹੂਟਰ ਉਦੋਂ ਤੱਕ ਵੱਜਦਾ ਰਹਿੰਦਾ ਹੈ, ਜਦੋਂ ਤੱਕ ਇਸ ਨੂੰ ਬੰਦ ਨਹੀਂ ਕੀਤਾ ਜਾਂਦਾ।"
ਪੰਜਾਬ ਅਤੇ ਰਾਜਸਥਾਨ ਦੇ ਲਗਭਗ 100 ਤੋਂ ਵੱਧ ਕਿਸਾਨ ਰਜਿੰਦਰ ਦੇ ਬਣਾਏ ਇਸ ਯੰਤਰ ਦੀ ਵਰਤੋਂ ਕਰ ਰਹੇ ਹਨ। ਉਹ ਮਹਿਜ਼ 2600 ਰੁਪਏ ਵਿੱਚ ਇਸ ਯੰਤਰ ਨੂੰ ਵੇਚਦੇ ਹਨ।

ਯੰਤਰ ਦੀ ਲੋੜ ਕਿਉਂ ਹੈ
ਝੀਂਗਾ ਪਾਲਕਾਂ ਅਤੇ ਪੰਜਾਬ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਰਾਤ ਵੇਲੇ ਪਾਣੀ ਵਿੱਚ ਆਕਸੀਜਨ ਦੀ ਕਮੀ ਆ ਜਾਂਦੀ ਹੈ।
ਏਰੀਏਟਰ ਦੀ ਮਦਦ ਨਾਲ ਪਾਣੀ ਵਿੱਚ ਆਕਸੀਜਨ ਦੀ ਕਮੀ ਪੂਰੀ ਕੀਤੀ ਜਾਂਦੀ ਹੈ। ਏਰੀਏਟਰ ਨੂੰ ਚਲਾਉਣ ਵਾਸਤੇ ਬਿਜਲੀ ਦੀ ਲੋੜ ਹੁੰਦੀ ਹੈ।
ਇਸ ਲਈ ਜਦੋਂ ਬਿਜਲੀ ਦਾ ਕੱਟ ਲੱਗਦਾ ਹੈ ਤਾਂ ਜਨਰੇਟਰ ਚਲਾਉਣਾ ਪੈਂਦਾ ਹੈ। ਬਿਜਲੀ ਦਾ ਲੋਡ ਵੱਧ ਹੋਣ ਕਰਕੇ ਜਨਰੇਟਰ ਤੋਂ ਬਿਨਾਂ ਹਾਲੇ ਹੋਰ ਕੋਈ ਬਦਲਵਾਂ ਪ੍ਰਬੰਧ ਨਹੀਂ ਹੈ।
ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਗੱਦਾ ਡੋਬ ਪਿੰਡ ਦੇ ਰਹਿਣ ਵਾਲੇ ਹਰਬਖਸ਼ ਸਿੰਘ ਦੱਸਦੇ ਹਨ ਕਿ ਰਾਤ ਨੂੰ ਜਦੋਂ ਕਿਸਾਨ ਸੌਂ ਜਾਂਦਾ ਹੈ ਤਾਂ ਕਈ ਵਾਰੀ ਬਿਜਲੀ ਕੱਟ ਦਾ ਪਤਾ ਨਹੀਂ ਲੱਗਦਾ। ਕਈ ਵਾਰੀ ਜਿੱਥੇ ਕਿਸਾਨ ਸੁੱਤਾ ਹੁੰਦਾ ਹੈ, ਉਸ ਹਿੱਸੇ ਵਿੱਚ ਬਿਜਲੀ ਚੱਲ ਰਹੀ ਹੁੰਦੀ ਹੈ। ਪਰ ਬਾਕੀ ਹਿੱਸਿਆਂ ਵਿੱਚ ਖ਼ਰਾਬੀ ਕਰਨ ਬਿਜਲੀ ਦੀ ਸਪਲਾਈ ਨਹੀਂ ਹੁੰਦੀ।
ਅਜਿਹੇ ਵਿੱਚ ਕਿਸਾਨ ਭੁਲੇਖੇ ਵਿੱਚ ਬਿਜਲੀ ਦੇ ਬਦਲਵੇਂ ਪ੍ਰਬੰਧ ਕਰਨ ਤੋਂ ਖੁੰਝ ਜਾਂਦਾ ਹੈ। ਜਿਸ ਕਰਕੇ ਉਸ ਨੂੰ ਵਿੱਤੀ ਨੁਕਸਾਨ ਝੱਲਣਾ ਪੈਂਦਾ ਸੀ। ਹੁਣ ਇਸ ਯੰਤਰ ਦੀ ਮਦਦ ਨਾਲ ਉਨ੍ਹਾਂ ਨੂੰ ਬਿਜਲੀ ਦੇ ਕੱਟ ਦਾ ਪਤਾ ਲੱਗ ਜਾਂਦਾ ਹੈ ਅਤੇ ਸੁੱਤੇ ਹੋਏ ਕਿਸਾਨ ਉੱਠ ਪੈਂਦੇ ਹਨ।

ਝੀਂਗਾ ਪਾਲਕਾਂ ਨੇ ਕੀ ਕਿਹਾ
ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਗੱਦਾ ਡੋਬ ਪਿੰਡ ਦੇ ਰਹਿਣ ਵਾਲੇ ਹਰਬਖਸ਼ ਸਿੰਘ ਉਨ੍ਹਾਂ ਸੈਂਕੜੇ ਝੀਂਗਾ ਪਾਲਕਾਂ ਵਿਚੋਂ ਇੱਕ ਹਨ, ਜਿਹੜੇ ਪਿਛਲੇ ਕੁਝ ਸਾਲਾਂ ਤੋਂ ਰਜਿੰਦਰ ਦਾ ਬਣਾਇਆ ਇਲੈਕਟ੍ਰਾਨਿਕ ਯੰਤਰ ਵਰਤ ਰਹੇ ਹਨ।
ਉਹ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ਨੂੰ ਰਾਤਾਂ ਜਾਗ ਕੇ ਕੱਟਣੀਆਂ ਪੈਂਦੀਆਂ ਸਨ, ਜਿਸ ਨਾਲ ਦਿਨ ਵੇਲੇ ਉਨ੍ਹਾਂ ਦੀ ਕੰਮ ਦੀ ਸਮਰੱਥਾ ਉੱਤੇ ਅਸਰ ਪੈਂਦਾ ਸੀ।
"ਅਸੀਂ ਤਿੰਨ ਸਾਲ ਤੋਂ ਉਸ ਯੰਤਰ ਦੀ ਵਰਤੋਂ ਕਰ ਰਹੇ ਹਾਂ। ਜੇ ਲਾਈਟ ਇੱਕ ਫੇਸ ਵਿੱਚੋਂ ਵੀ ਘੱਟ ਜਾਵੇ, ਜਾਂ ਪਿੱਛੋਂ ਤਾਰ ਸੜ ਜਾਵੇ, ਹੂਟਰ ਬੋਲ ਪੈਂਦਾ ਹੈ ਅਤੇ ਰਾਤ ਨੂੰ ਸਾਨੂੰ ਉਠਾ ਦਿੰਦਾ ਹੈ।"
"ਪਹਿਲਾਂ ਸਾਨੂੰ ਬਹੁਤ ਦਿੱਕਤ ਆਉਂਦੀ ਸੀ। ਸਾਰੀ ਰਾਤ ਜਾਗਦੇ ਰਹਿਣਾ ਪੈਂਦਾ ਸੀ। ਹੁਣ ਸਾਨੂੰ ਜਦੋਂ ਲਾਈਟ ਜਾਂਦੀ ਹੈ ਤਾਂ ਤੁਰੰਤ ਪਤਾ ਲੱਗ ਜਾਂਦਾ ਹੈ। ਅਸੀਂ ਉੱਠ ਕੇ ਜਨਰੇਟਰ ਚਲਾ ਲੈਂਦੇ ਹਾਂ, ਜਿਸ ਨਾਲ ਏਰੀਏਟਰ ਚੱਲ ਪੈਂਦੇ ਹਨ।"

ਅਧਿਕਾਰੀਆਂ ਨੇ ਕੀ ਕਿਹਾ
ਰਾਹੁਲ ਕੁਮਾਰ, ਸੀਨੀਅਰ ਫਿਸ਼ਰੀ ਅਫਸਰ, ਮੁਕਤਸਰ ਨੇ ਕਿਹਾ ਕਿ ਝੀਂਗਾ ਪਾਲਣ ਦਾ ਕੰਮ ਬਹੁਤ ਤਕਨੀਕੀ ਹੈ। ਜਦੋਂ ਝੀਂਗੇ ਦੀ ਉਮਰ ਜੋ ਮਹੀਨੇ ਦੇ ਕਰੀਬ ਪਹੁੰਚ ਜਾਂਦੀ ਹੈ ਤਾਂ 24 ਘੰਟੇ ਬਿਜਲੀ ਦੀ ਨਿਰੰਤਰ ਸਪਲਾਈ ਦੀ ਲੋੜ ਹੁੰਦੀ ਹੈ।
ਉਨ੍ਹਾਂ ਮੁਤਾਬਕ, "ਝੀਂਗਾ ਫਾਰਮ ਵਿੱਚ ਏਰੀਏਟਰ ਬਿਜਲੀ ਦੇ ਨਾਲ ਚੱਲਦੇ ਹਨ। ਇਹ ਯੰਤਰ ਹਵਾ ਵਿਚਲੀ ਆਕਸੀਜਨ ਨੂੰ ਪਾਣੀ ਵਿੱਚ ਰਲਾਉਂਦੇ ਹਨ। ਜੇ ਰਾਤ ਨੂੰ ਬਿਜਲੀ ਚਲੀ ਜਾਵੇ ਤਾਂ ਆਕਸੀਜਨ ਦੀ ਕਮੀ ਨਾਲ ਝੀਂਗਿਆਂ ਦੇ ਮਰਨ ਦਾ ਖ਼ਦਸ਼ਾ ਬਹੁਤ ਵੱਧ ਜਾਂਦਾ ਹੈ।"
"ਧਿਆਨ ਵਿੱਚ ਆਇਆ ਹੈ ਕਿ ਬਹੁਤ ਵਾਰੀ ਰਾਤ ਨੂੰ ਜਦੋਂ ਕਿਸਾਨ ਸੌਂ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਿਜਲੀ ਦੇ ਕੱਟ ਦਾ ਪਤਾ ਨਹੀਂ ਲੱਗਦਾ। ਏਰੀਏਟਰ ਬੰਦ ਹੋ ਜਾਂਦੇ ਹਨ ਅਤੇ ਝੀਂਗੇ ਮਰ ਜਾਂਦੇ ਹਨ।"
"ਝੀਂਗਾ ਪਾਲਕਾਂ ਨੇ ਸਾਡੇ ਧਿਆਨ ਵਿੱਚ ਵੀ ਲਿਆਂਦਾ ਹੈ ਕਿ ਉਹ ਰਾਜਵਿੰਦਰ ਸਿੰਘ ਵੱਲੋਂ ਬਣਾਏ ਯੰਤਰ ਦੀ ਵਰਤੋਂ ਕਰ ਰਹੇ ਹਨ। ਇਸ ਨਾਲੋਂ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।"

ਹੋਰ ਕਿਹੜੇ ਯੰਤਰ ਬਣਾਏ
ਰਾਜਵਿੰਦਰ ਸਿੰਘ ਨੇ ਕਈ ਹੋਰ ਯੰਤਰ ਵੀ ਬਣਾਏ ਹਨ। ਉਹ ਦੱਸਦੇ ਹਨ ਕਿ ਸਾਲ 2009 ਵਿੱਚ ਉਨ੍ਹਾਂ ਨੇ ਫੋਨ ਦੀ ਮਿਸ ਕਾਲ ਜ਼ਰੀਏ ਮੋਟਰ ਚਲਾਉਣ ਵਾਲਾ ਯੰਤਰ ਬਣਾਇਆ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਪਾਣੀ ਦੀ ਬੱਚਤ ਕਰਨ ਵਾਲਾ ਯੰਤਰ ਵੀ ਬਣਾਇਆ ਹੈ। ਇਹ ਯੰਤਰ ਖੇਤਾਂ ਵਿੱਚ ਕਿਆਰਾ ਭਰਨ ਉੱਤੇ ਕਿਸਾਨਾਂ ਨੂੰ ਇਸ ਦੀ ਜਾਣਕਾਰੀ ਦਿੰਦਾ ਹੈ। ਜਿਸ ਨਾਲ ਖੇਤਾਂ ਨੂੰ ਲੋੜ ਤੋਂ ਵੱਧ ਪਾਣੀ ਨਹੀਂ ਲੱਗਦਾ।
ਇਸ ਦੇ ਨਾਲ ਹੀ ਉਨ੍ਹਾਂ ਇੱਕ ਯੰਤਰ ਅਜਿਹਾ ਵੀ ਬਣਾਇਆ ਹੈ ਜਿਸ ਨਾਲ ਖੇਤਾਂ ਵਿੱਚ ਅਵਾਰਾ ਪਸ਼ੂਆਂ ਦੇ ਵੜਨ ਦਾ ਪਤਾ ਲੱਗ ਜਾਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













