ਗ੍ਰਾਫਟਿੰਗ ਤਕਨੀਕ ਕੀ ਹੈ ਜਿਸ ਨਾਲ ਰੋਪੜ ਦਾ ਇਹ ਨੌਜਵਾਨ ਖੇਤੀ ਉਤਪਾਦਨ ਤਿਗੁਣਾ ਕਰਨ ਦੀ ਗੱਲ ਆਖ ਰਿਹਾ

ਤਸਵੀਰ ਸਰੋਤ, Bimal Saini/BBC
- ਲੇਖਕ, ਬਿਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
ਨੌਜਵਾਨ ਅਕਸਰ ਵਿਦੇਸ਼ੀ ਸੁਪਨੇ ਲੈ ਕੇ ਘਰਾਂ ਤੋਂ ਨਿਕਲ ਪੈਂਦੇ ਹਨ, ਉਥੇ ਇੱਕ ਨੌਜਵਾਨ ਅਜਿਹਾ ਵੀ ਹੈ ਜਿਸ ਨੇ ਆਪਣੀ ਧਰਤੀ ਨੂੰ ਹੀ ਆਪਣਾ ਸੁਪਨਾ ਬਣਾ ਲਿਆ।
ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਪਿੰਡ ਸੈਜੋਵਾਲ ਵਿੱਚ ਵੱਸਦੇ ਰਾਜੀਵ ਭਾਸਕਰ ਉੱਤਰ ਭਾਰਤ ਦੀ ਪਹਿਲੀ ਗ੍ਰਾਫਟਿੰਗ ਨਰਸਰੀ 'ਆਰੂਜ ਨਰਸਰੀ' ਦੀ ਸਥਾਪਨਾ ਕਰਨ ਦਾ ਦਾਅਵਾ ਕਰਦੇ ਹਨ।
ਉਹ ਨਰਸਰੀ ਨੂੰ ਇੱਕ ਪਾਰਟਨਰਸ਼ਿਪ ਮਾਡਲ 'ਚ ਚਲਾ ਰਹੇ ਹਨ। ਰਾਜੀਵ ਦੱਸਦੇ ਹਨ ਕਿ ਇਸ ਦੇ ਨਾਲ ਹੀ ਉਹ 25 ਕਿੱਲਿਆਂ ਵਿੱਚ ਅਮਰੂਦ ਦੀ ਅਤੇ 7 ਕਿੱਲਿਆਂ ਵਿੱਚ ਸਬਜ਼ੀਆਂ ਦੀ ਖੇਤੀ ਵੀ ਕਰ ਰਹੇ ਹਨ।
ਇਸ ਤੋਂ ਇਲਾਵਾ ਉਹ ਡਾ. ਬੀਕੇ ਸ਼ਰਮਾ ਦੇ 25 ਕਿੱਲਿਆਂ ਦੇ ਬਾਗ਼ ਵਿੱਚ ਕੰਸਲਟੈਂਟ ਵਜੋਂ ਵੀ ਕੰਮ ਕਰ ਰਹੇ ਹਨ ਅਤੇ ਡਾ. ਬੀਕੇ ਸ਼ਰਮਾ ਹੀ ਉਨ੍ਹਾਂ ਦੇ ਭਾਈਵਾਲ ਵੀ ਹਨ।
ਹਾਲਾਂਕਿ, ਰਾਜੀਵ ਭਾਸਕਰ ਦਾ ਪਿਛੋਕੜ ਜਲੰਧਰ ਤੋਂ ਹੈ ਪਰ ਉਨ੍ਹਾਂ ਦਾ ਜਨਮ ਉੱਤਰਾਖੰਡ ਵਿੱਚ ਹੋਇਆ ਸੀ, ਜਿਥੇ ਉਨ੍ਹਾਂ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਸਨ।
ਉਨ੍ਹਾਂ ਨੇ ਬੀਐੱਸਸੀ ਐਗਰੀਕਲਚਰ (ਹੋਰਟੀਕਲਚਰ) ਦੀ ਪੜ੍ਹਾਈ ਉੱਤਰਾਖੰਡ ਤੋਂ ਕੀਤੀ।
ਉਨ੍ਹਾਂ ਨੇ ਰਾਏਪੁਰ (ਛੱਤੀਸਗੜ੍ਹ) ਦੀ ਬੀਐੱਨਆਰ ਨਰਸਰੀ ਵਿੱਚ ਸਾਢੇ ਚਾਰ ਸਾਲ ਦੀ ਨੌਕਰੀ ਕੀਤੀ।
ਹੁਣ ਜਦੋਂ ਤੋਂ ਉਨ੍ਹਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ ਤਾਂ ਉਹ ਹਰ ਰੋਜ਼ ਸਵੇਰੇ 6 ਵਜੇ ਖੇਤ ਵਿਚ ਹੁੰਦੇ ਹਨ ਤੇ ਸਿਰਫ਼ ਲੰਚ ਲਈ 3 ਘੰਟੇ ਦਾ ਸਮਾਂ ਲੈਂਦੇ ਹਨ। ਸਾਰਾ ਦਿਨ ਉਹ ਖੇਤ ਵਿੱਚ ਹੀ ਬਿਤਾਉਂਦੇ ਹਨ।
ਰਾਜੀਵ ਦੱਸਦੇ ਹਨ, "ਉੱਥੇ ਮੈਨੂੰ ਕਿਸਾਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਕੋਲੋਂ ਸਿੱਖਣ ਦਾ ਮੌਕਾ ਮਿਲਆ। ਇਸ ਤੋਂ ਇਲਾਵਾ ਭਿੰਨ-ਭਿੰਨ ਮਿੱਟੀ ਅਤੇ ਵਾਤਾਵਰਣ ਦੇ ਹਿਸਾਬ ਨਾਲ ਖੇਤੀ ਸਿੱਖਣ ਦਾ ਮੌਕਾ ਮਿਲਿਆ। ਮੈਂ 2017 ਵਿੱਚ ਨੌਕਰੀ ਛੱਡ ਕੇ ਖੇਤੀ ਵੱਲ ਆ ਗਿਆ।"
ਗ੍ਰਾਫਟਿੰਗ ਕੀ ਹੈ ਅਤੇ ਇਸ ਦੀ ਨਰਸਰੀ ਦਾ ਵਿਚਾਰ ਕਿਵੇਂ ਆਇਆ

ਤਸਵੀਰ ਸਰੋਤ, Bimal Saini/BBC
ਗ੍ਰਾਫਟਿੰਗ ਬਾਰੇ ਗੱਲ ਕਰਦਿਆਂ ਰਾਜੀਵ ਨੇ ਦੱਸਿਆ ਕਿ ਇਹ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਦੋ ਬੂਟਿਆਂ ਨੂੰ ਜੋੜ ਕੇ ਇੱਕ ਬੂਟਾ ਤਿਆਰ ਕੀਤਾ ਜਾਂਦਾ ਹੈ, ਜਿਵੇਂ ਕਿ ਟਮਾਟਰ ਦੇ ਥੱਲ੍ਹੇ ਬੈਂਗਣ ਦੀ ਜੜ ਲਾ ਕੇ।
ਉਹ ਕਹਿੰਦੇ ਹਨ, "ਗ੍ਰਾਫਟਿਡ ਬੂਟਾ ਬਣਾਉਣ ਲਈ ਅਸੀਂ ਇੱਕ ਬੂਟੇ ਦੀ ਰੂਟ ਸਟੌਕ (ਜਿਸ ਦੀ ਜੜ੍ਹ ਚਾਹੀਦੀ ਹੁੰਦੀ ਹੈ) ਅਤੇ ਇੱਕ ਸਾਇਆਨ (ਭਾਵ ਬੂਟੇ ਦਾ ਉਪਰਲਾ ਹਿੱਸਾ), ਦੋਵਾਂ ਦੀ ਬਿਜਾਈ ਇੱਕੋ ਵੇਲੇ ਕੀਤੀ ਜਾਂਦੀ ਹੈ ਅਤੇ ਦੋਵਾਂ ਦੀ ਮੋਟਾਈ ਜਦੋਂ ਪੈਨ ਦੇ ਛਿੱਕੇ ਵਾਂਗ ਹੋ ਜਾਂਦੀ ਹੈ ਤਾਂ ਸਿਲੀਕੋਨ ਦੀ ਕਲਿੱਪ ਰਾਹੀਂ ਇਨ੍ਹਾਂ ਨੂੰ ਜੋੜ ਦਿੰਦੇ ਹਾਂ।"
"ਜੋੜਨ ਤੋਂ ਬਾਅਦ 7 ਦਿਨ ਅਸੀਂ ਇਸ ਨੂੰ ਹੀਲਿੰਗ ਚੈਂਬਰ (ਬੂਟਿਆਂ ਦਾ ਆਈਸੀਯੂ) ਵਿੱਚ ਰੱਖਦੇ ਹਾਂ। ਫਿਰ 7 ਦਿਨ ਦੀ ਹਾਰਡਨਿੰਗ ਵਿੱਚ ਰੱਖਦੇ ਹਾਂ, ਜਿੱਥੇ ਚੰਗੀ ਤਰ੍ਹਾਂ ਜੁੜੇ ਹੋਏ ਕਈ ਬੂਟੇ ਖ਼ਤਮ ਹੋ ਜਾਂਦੇ ਹਨ। ਜੋ ਬੂਟਾ ਚੱਲ ਪੈਂਦਾ ਹੈ, ਉਹ ਅਸੀਂ ਕਿਸਾਨਾਂ ਨੂੰ ਮੁਹੱਈਆ ਕਰਵਾਉਂਦੇ ਹਾਂ।"
ਰਾਜੀਵ ਭਾਸਕਰ ਕਹਿੰਦੇ ਹਨ, "ਇਸ ਤਕਨੀਕ ਨਾਲ ਪੌਦੇ ਨੂੰ ਬਿਮਾਰੀਆਂ ਘੱਟ ਲੱਗਦੀਆਂ ਹਨ, ਜੜ੍ਹਾਂ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਉਤਪਾਦਨ 3 ਗੁਣਾ ਹੋ ਜਾਂਦਾ ਹੈ।"

"ਪੰਜਾਬ ਅਤੇ ਹਿਮਾਚਲ ਵਰਗੇ ਖੇਤਰਾਂ, ਜਿੱਥੇ ਸੋਇਲ ਬੋਰਨ ਬਿਮਾਰੀਆਂ ਆਮ ਹਨ, ਉੱਥੇ ਇਹ ਤਰੀਕਾ ਬਹੁਤ ਹੀ ਲਾਭਦਾਇਕ ਸਾਬਤ ਹੋ ਰਿਹਾ ਹੈ।"
ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਸ ਹੈ ਕਿ ਭਵਿੱਖ ਵਿੱਚ ਇਸ ਦੀ ਮਾਰਕਿਟਿੰਗ ਦਾ ਕੰਮ ਵਧੇਗਾ ਅਤੇ ਇਸੇ ਲਈ ਉਨ੍ਹਾਂ ਨੇ 2022 ਵਿੱਚ ਇਸ ਨਰਸਰੀ ਦਾ ਕੰਮ ਸ਼ੁਰੂ ਕੀਤਾ। ਹਾਲਾਂਕਿ, ਇਸ ਤਕਨੀਕ ʼਤੇ ਉਹ ਸਾਲ 2018 ਤੋਂ ਹੀ ਕੰਮ ਕਰ ਰਹੇ ਹਨ।
ਸਭ ਤੋਂ ਪਹਿਲਾਂ ਉਨ੍ਹਾਂ ਛੱਤੀਸਗੜ੍ਹ ਤੋਂ ਗ੍ਰਾਫਟਿਡ ਬੂਟੇ ਮੰਗਵਾ ਆਪਣੇ ਖੇਤਾਂ ਵਿੱਚ ਟ੍ਰਾਇਲ ਕੀਤਾ।
ਰਾਜੀਵ ਦੱਸਦੇ ਹਨ, "ਹੁਣ ਤੱਕ ਅਸੀਂ ਸਬਜ਼ੀਆਂ ਦੀ ਪਨੀਰੀ ਵਿੱਚ ਕੰਮ ਕਰ ਰਹੇ ਹਾਂ ਅਤੇ ਕਿਸਾਨਾਂ ਨੂੰ ਗ੍ਰਾਫਟਿਡ ਬੂਟੇ ਮੁਹੱਈਆ ਕਰਵਾ ਰਹੇ ਹਾਂ। ਭਵਿੱਖ ਵਿੱਚ ਸਾਡਾ ਪਲਾਨ ਹੈ ਕਿ ਅਸੀਂ ਫ਼ਲਾਂ ਵਿੱਚ ਗ੍ਰਾਫਟਿਡ ਬੂਟੇ ਬਣਾਵਾਂਗੇ।"
ਰਾਜੀਵ ਦਾ ਦਾਅਵਾ ਹੈ ਕਿ ਹਰੇਕ ਸਾਲ ਉਨ੍ਹਾਂ ਨੂੰ 4 ਗੁਣਾ ਵੱਧ ਮੰਗ ਵਧ ਕੇ ਆਉਂਦੀ ਹੈ। ਉਹ ਦੱਸਦੇ ਹਨ ਕਿ ਸੋਸ਼ਲ ਮੀਡੀਆ ਉੱਤੇ ਉਹ ਵਿਕਰੀ ਕਰਦੇ ਹਨ ਅਤੇ ਕਿਸਾਨ ਇੱਕ ਦੂਜੇ ਤੋਂ ਸੁਣ ਕੇ ਆਉਂਦੇ ਹਨ।
ਪਹਿਲੇ ਸਾਲ 50,000 ਬੂਟਿਆਂ ਤੋਂ ਸ਼ੁਰੂ ਕਰਕੇ, ਹੁਣ 10 ਲੱਖ ਤੋਂ ਵੱਧ ਗ੍ਰਾਫਟਿਡ ਪੌਦੇ ਤਿਆਰ ਹੋ ਰਹੇ ਹਨ। ਉਨ੍ਹਾਂ ਦੀ ਯੋਜਨਾ ਇਸ ਗਿਣਤੀ ਨੂੰ 40 ਤੋਂ 50 ਲੱਖ ਤੱਕ ਲੈ ਜਾਣ ਦੀ ਹੈ। ਹਾਲੇ ਉਹ ਹਿਮਾਚਲ, ਪੰਜਾਬ, ਹਰਿਆਣਾ ਅਤੇ ਜੰਮੂ ਨੂੰ ਸਪਲਾਈ ਕਰ ਰਹੇ ਹਨ।

ਤਸਵੀਰ ਸਰੋਤ, Bimal Saini/BBC
ਕਿਹੜੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ
ਆਪਣੇ ਖੇਤਾਂ ਵਿੱਚ ਰਾਜੀਵ ਡ੍ਰਿਪ ਇਰੀਗੇਸ਼ਨ, ਮਲਚਿੰਗ ਅਤੇ ਸਟੇਕਿੰਗ ਵਰਗੀਆਂ ਤਕਨੀਕਾਂ ਵਰਤਦੇ ਹਨ।
ਉਹ ਕਹਿੰਦੇ ਹਨ, "ਡ੍ਰਿਪ ਨਾਲ ਪਾਣੀ ਤੇ ਖਾਦ ਨੂੰ ਨਿਯੰਤ੍ਰਿਤ ਢੰਗ ਨਾਲ ਪਹੁੰਚਾਇਆ ਜਾਂਦਾ ਹੈ। ਮਲਚਿੰਗ ਸ਼ੀਟ ਲਗਾ ਕੇ ਬੂਟੇ ਦੇ ਨੇੜੇ ਘਾਹ ਨਹੀਂ ਉਗਦੀ, ਜਿੱਥੇ ਲੇਬਰ ਦੀ ਬਚਤ ਹੁੰਦੀ ਹੈ। ਸਟੇਕਿੰਗ ਨਾਲ ਫਲ ਮਿੱਟੀ ਨਾਲ ਸੰਪਰਕ ਨਹੀਂ ਕਰਦੇ, ਜਿਸ ਨਾਲ ਉਤਪਾਦਨ ਅਤੇ ਗੁਣਵੱਤਾ ਦੋਵੇਂ ਵਧਦੇ ਹਨ।"

ਤਸਵੀਰ ਸਰੋਤ, Bimal Saini/BBC
ਆਮਦਨੀ ਅਤੇ ਭਵਿੱਖ ਦੀ ਯੋਜਨਾ
ਰਾਜੀਵ ਭਾਸਕਰ ਦੱਸਦੇ ਹਨ, "ਸ਼ੁਰੂਆਤ ਇੱਕ ਵਿਕਸਿਤ ਬਾਗ਼ ਨੂੰ ਲੀਜ਼ 'ਤੇ ਲੈ ਕੇ ਹੋਈ। ਪਹਿਲੇ ਹੀ ਸੀਜ਼ਨ ਵਿੱਚ ਅਸੀਂ 24–25 ਲੱਖ ਰੁਪਏ ਦੀ ਆਮਦਨ ਕੀਤੀ। ਜੇਕਰ ਪਹਿਲਾ ਟ੍ਰਾਇਲ ਫੇਲ੍ਹ ਹੋ ਜਾਂਦਾ, ਤਾਂ ਸ਼ਾਇਦ ਵਾਪਸ ਨੌਕਰੀ 'ਚ ਚਲਾ ਜਾਂਦਾ।"
ਰਾਜੀਵ ਦੱਸਦੇ ਹਨ ਕਿ ਸ਼ੁਰੂ 'ਚ ਵਿੱਤੀ ਮੈਨੇਜਮੈਂਟ ਇੱਕ ਚੁਣੌਤੀ ਸੀ। "ਪਹਿਲਾ ਜੋ ਕਮਾਇਆ ਉਹ ਸਾਰਾ ਖਰਚ ਦਿੱਤਾ। ਬਾਅਦ 'ਚ ਸਿੱਖਿਆ ਕਿ ਵੱਡਾ ਹਿੱਸਾ ਰੀਇਨਵੈਸਟਮੈਂਟ ਲਈ ਰੱਖਣਾ ਚਾਹੀਦਾ ਸੀ।"
ਰਾਜੀਵ ਹੁਣ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਇਹ ਮੇਰਾ ਸਭ ਤੋਂ ਵਧੀਆ ਫ਼ੈਸਲਾ ਸੀ। ਮੈਂ ਉਤਰਾਅ-ਚੜਾਅ ਦੋਵੇਂ ਹੀ ਦੇਖੇ ਹਨ ਅਤੇ ਮੈਨੂੰ ਲੱਗਦਾ ਹੈ ਆਜ਼ਾਦੀ ਤੇ ਸਕੂਨ ਇਸੇ ਕੰਮ ਵਿੱਚ ਜ਼ਿਆਦਾ ਹੈ।"
ਉਨ੍ਹਾਂ ਦੀ ਇੱਛਾ ਹੈ ਕਿ ਉੱਤਰ ਭਾਰਤ ਵਿੱਚ ਇੱਕ ਅਜਿਹੀ ਨਰਸਰੀ ਬਣਾਈ ਜਾਵੇ ਜਿੱਥੇ ਲਈ ਉੱਚ ਗੁਣਵੱਤਾ ਵਾਲੀ ਪਨੀਰੀ ਉਪਲਬਧ ਕਰਵਾਈ ਜਾਵੇ। ਉਹ ਦੱਸਦੇ ਹਨ ਕਿ ਇੱਥੋਂ ਦੇ ਕਿਸਾਨਾਂ ਦਾ ਅਸਫ਼ਲ ਹੋਣ ਦਾ ਸਭ ਤੋਂ ਵੱਡਾ ਕਾਰਨ ਵਧੀਆ ਬੂਟੇ ਨਾ ਮਿਲਣਾ ਹੈ।

ਤਸਵੀਰ ਸਰੋਤ, Bimal Saini/BBC
ਰਾਜੀਵ ਦੇ ਫਾਰਮ 'ਤੇ ਥਾਈ ਗੁਆਵਾ (ਅਮਰੂਦ) ਵੱਡੇ ਪੱਧਰ 'ਤੇ ਉਗਾਇਆ ਜਾ ਰਿਹਾ ਹੈ। ਇੱਕ ਏਕੜ ਤੋਂ 9 ਲੱਖ ਰੁਪਏ ਦੀ ਸਾਲਾਨਾ ਆਮਦਨ ਹੁੰਦੀ ਹੈ, ਜਿਸ ਵਿੱਚ ਲਗਭਗ ਅੱਧੀ ਲਾਗਤ ਹੁੰਦੀ ਹੈ।
ਇਸ ਤੋਂ ਇਲਾਵਾ ਰਾਜੀਵ ਕਹਿੰਦੇ ਹਨ ਉਨ੍ਹਾਂ ਤਿੰਨ ਬੰਦੇ ਹਮੇਸ਼ਾ ਮਦਦ ਲਈ ਰਹਿੰਦੇ ਹਨ ਬਾਕੀ ਲੋੜ ਪੈਣ ʼਤੇ ਬਾਹਰੋਂ ਸੱਦ ਲੈਂਦੇ ਹਨ।
ਰਾਜੀਵ ਦੱਸਦੇ ਹਨ ਕਿ ਭਵਿੱਖ ਵਿੱਚ ਇਸ ਦਾ ਖੇਤਰ ਵਧਾ ਕੇ 50 ਏਕੜ ਕਰਨ ਦੀ ਕੋਸ਼ਿਸ਼ ਹੈ।
ਉਹ ਕਹਿੰਦੇ ਹਨ ਕਿ ਗ੍ਰਾਫਟਿਡ ਬੂਟਿਆਂ ਦੀ ਲਾਗਤ 70,000 – 72,000 ਰੁਪਏ ਦੇ ਕਰੀਬ ਰਹਿੰਦੀ ਹੈ, ਜਦਕਿ ਆਮ ਬੂਟੇ ਇੱਕ ਲੱਖ ਤੋਂ ਵੱਧ ਪੈਂਦੇ ਹਨ। ਗ੍ਰਾਫਟਿੰਗ ਨਾਲ ਉਤਪਾਦਨ 10–15% ਵਧਦਾ ਹੈ, ਜਿਸ ਨਾਲ ਕਿਸਾਨ ਨੂੰ ਇੱਕ ਲੱਖ ਤੋਂ ਵੱਧ ਫਾਇਦਾ ਹੋ ਜਾਂਦਾ ਹੈ।

ਤਸਵੀਰ ਸਰੋਤ, Bimal Saini/BBC
ਸਰਕਾਰ ਕੋਲੋਂ ਮੰਗ ਅਤੇ ਨੌਜਵਾਨਾਂ ਨੂੰ ਸੁਨੇਹਾ
ਉਹ ਮੰਨਦੇ ਹਨ ਕਿ ਛੋਟੇ ਕਿਸਾਨਾਂ ਲਈ ਦਿੱਲੀ ਜਾਂ ਵੱਡੀਆਂ ਮੰਡੀਆਂ ਤੱਕ ਪਹੁੰਚਣਾ ਔਖਾ ਹੈ।
ਉਹ ਕਹਿੰਦੇ ਹਨ, "ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡ ਪੱਧਰ 'ਤੇ ਕੁਝ ਕਲੈਕਸ਼ਨ ਸੈਂਟਰ ਬਣਾਏ ਜਾਣ।"
"ਛੋਟੇ ਕਿਸਾਨ ਲੋਕਲ ਮਾਰਕਿਟ ʼਤੇ ਨਿਰਭਰ ਹੁੰਦੇ ਹਨ ਅਤੇ ਉੱਥੇ ਉਹ ਕਾਫੀ ਖੱਜਲ ਵੀ ਹੁੰਦੇ ਹਨ। ਇਸ ਲਈ ਸਰਕਾਰ ਉਨ੍ਹਾਂ ਦਾ ਮਦਦ ਲਈ ਉਪਰਾਲੇ ਕਰਨੇ ਚਾਹੀਦੇ ਹਨ।"
ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਰਾਜੀਵ ਆਖਦੇ ਹਨ, "ਬਾਹਰ (ਵਿਦੇਸ਼) ਔਖਾ ਕੰਮ ਕਰਨ ਦੀ ਥਾਂ ਆਪਣੀ ਧਰਤੀ ʼਤੇ ਕੰਮ ਕਰੋ। ਜੇਕਰ ਮੈਂ ਬਾਹਰੋਂ ਆ ਕੇ ਇੱਥੇ ਖੇਤੀ ਕਰ ਸਕਦਾ ਹਾਂ, ਤਾਂ ਜਿਨ੍ਹਾਂ ਕੋਲ ਆਪਣੀ ਜ਼ਮੀਨ ਹੈ, ਉਹ ਕਿਉਂ ਨਹੀਂ ਕਰ ਸਕਦੇ?"
ਉਹ ਨੌਜਵਾਨਾਂ ਨੂੰ ਖੇਤੀ ਤੋਂ ਪਹਿਲਾਂ ਐਕਸਪੋਜ਼ਰ ਲੈਣ ਦੀ ਸਲਾਹ ਦਿੰਦੇ ਹਨ, "ਵੱਖ-ਵੱਖ ਰਾਜ, ਇੱਥੋਂ ਤੱਕ ਕਿ ਵਿਦੇਸ਼ਾਂ ਤੱਕ ਜਾ ਕੇ ਦੇਖੋ ਕਿ ਖੇਤੀ ਕਿਵੇਂ ਹੁੰਦੀ ਹੈ। ਇਹ ਤੁਹਾਡੀ ਸੋਚ ਨੂੰ ਨਵਾਂ ਆਕਾਰ ਦੇਵੇਗਾ।"

ਤਸਵੀਰ ਸਰੋਤ, Bimal Saini/BBC
ਕੀ ਕਹਿੰਦੇ ਹਨ ਮਾਹਰ
ਅਸਿਸਟੈਂਟ ਡਾਇਰੈਕਟਰ, ਹੋਰਟੀਕਲਚਰ ਵਿਜੇ ਪ੍ਰਤਾਪ ਦਾ ਕਹਿਣਾ ਹੈ ਕਿ ਰੂਪਨਗਰ ਵਿੱਚ ਡਾ. ਬੀਕੇ ਸ਼ਰਮਾ ਵੱਲੋਂ ਇੱਕ ਨਵੀਂ ਰਜਿਸਟਰਡ ਪ੍ਰਾਈਵੇਟ ਹਾਈਬ੍ਰਿਡ ਨਰਸਰੀ ਸਥਾਪਿਤ ਕੀਤੀ ਜਾ ਰਹੀ ਹੈ।
ਇਸ ਤਕਨੀਕ ਰਾਹੀਂ ਬਣੀ ਪਨੀਰੀ ਨੂੰ ਬਹੁਤ ਘੱਟ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਨਾਲ ਪਾਣੀ ਦੀ ਵੀ ਬਹੁਤ ਬੱਚਤ ਹੋਵੇਗੀ।

ਤਸਵੀਰ ਸਰੋਤ, Bimal Saini/BBC
ਉਹ ਦੱਸਦੇ ਹਨ, "ਬੀਕੇ ਸ਼ਰਮਾ ਨੇ ਉਨ੍ਹਾਂ ਦੇ ਵਿਭਾਗ ਨੂੰ ਇੱਕ ਅਰਜ਼ੀ ਦਿੱਤੀ ਗਈ ਹੈ ਜਿਸ ਦੀ ਜਾਂਚ ਲਈ ਅਸੀਂ ਜਾਣਾ ਹੈ ਅਤੇ ਮਨਜੂਰੀ ਮਿਲਣ ਤੋਂ ਬਾਅਦ ਇਹ ਪੰਜਾਬ ਰਾਜ ਦੀ ਪਹਿਲੀ ਰਜਿਸਟਰਡ ਨਰਸਰੀ ਹੋਵੇਗੀ। ਇਸ ਨਾਲ ਕਿਸਾਨਾਂ ਨੂੰ ਕਾਫ਼ੀ ਫਾਇਦਾ ਹੋਵਗਾ।"
ਵਿਜੇ ਪ੍ਰਤਾਪ ਨੇ ਦੱਸਿਆ ਕਿ ਇਹ ਨਰਸਰੀ ਸੋਇਲਲੈੱਸ ਮੀਡੀਆ ਤੇ ਆਧਾਰਿਤ ਹੋਵੇਗੀ, ਜਿਸ ਰਾਹੀਂ ਉੱਚ ਗੁਣਵੱਤਾ ਵਾਲੀ, ਰੋਗ-ਰਹਿਤ ਪਨੀਰੀ ਤਿਆਰ ਹੋਵੇਗੀ।
"ਡਾ. ਸ਼ਰਮਾ ਆਪਣੇ ਫਾਰਮ 'ਤੇ ਡਰੈਗਨ ਫ਼ਲ, ਗੁਆਵਾ, ਸੀਡਲੈੱਸ ਖੀਰਾ, ਆਦਿ ਦੀ ਪੈਦਾਵਾਰ ਪੋਲੀਹਾਊਸਾਂ ਵਿੱਚ ਕਰ ਰਹੇ ਹਨ, ਜਿਥੇ 'ਤੁਪਕਾ ਸਿੰਚਾਈ' ਤਕਨੀਕ ਰਾਹੀਂ ਪਾਣੀ ਦੀ ਬਚਤ ਵੀ ਹੋ ਰਹੀ ਹੈ।"
ਵਿਜੇ ਪ੍ਰਤਾਪ ਨੇ ਆਖ਼ਰ 'ਚ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਗ਼ਬਾਨੀ ਵੱਲ ਵਧਣ ਅਤੇ ਜ਼ਮੀਨੀ ਪਾਣੀ ਦੀ ਸੰਭਾਲ ਕਰਨ। ਸਰਕਾਰੀ ਸਕੀਮਾਂ ਤੋਂ ਲਾਭ ਲੈ ਕੇ ਉਹ ਆਪਣੀ ਆਮਦਨ 'ਚ ਵਾਧਾ ਕਰ ਸਕਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













