ਪੰਜਾਬ ਦੇ ਰੋਪੜ ਦਾ ਇਹ ਨੌਜਵਾਨ ਕੰਡੀ ਇਲਾਕੇ ਦੇ ਜੰਗਲਾਂ 'ਚ ਪਾਣੀ ਲਈ ਤੜਫ਼ਦੇ ਜਾਨਵਰਾਂ ਦਾ ਕਿਵੇਂ ਸਹਾਰਾ ਬਣਿਆ

ਤਸਵੀਰ ਸਰੋਤ, Bimal Saini/BBC
- ਲੇਖਕ, ਬਿਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
''ਪੰਜਾਬ ਦੇ ਜੰਗਲ ਵਿੱਚ ਗਰਮੀ ਕਾਰਨ ਪਾਣੀ ਦੇ ਸਰੋਤ ਸੁੱਕ ਜਾਂਦੇ ਹਨ ਅਤੇ ਜੰਗਲੀ-ਜੀਵ ਨੂੰ ਪਾਣੀ ਲਈ ਜੂਝਣਾ ਪੈਂਦਾ ਹੈ, ਜਦੋਂ ਪਾਣੀ ਦੀ ਭਾਲ਼ ਵਿੱਚ ਇਹ ਜੰਗਲੀ ਜੀਵ ਮਨੁੱਖੀ ਅਬਾਦੀ ਵੱਲ ਰੁਖ਼ ਕਰਦੇ ਹਨ ਅਤੇ ਕਈ ਵਾਰ ਨੁਕਸਾਨ ਵੀ ਹੁੰਦਾ ਹੈ।''
''ਜੰਗਲੀ ਜੀਵਾਂ ਨੂੰ ਪਾਣੀ ਲਈ ਤੜਫ਼ਦੇ ਦੇਖ ਕੇ ਅਸੀਂ ਜੰਗਲ ਵਿੱਚ ਪਾਣੀ ਦੇ ਪ੍ਰਬੰਧ ਦੀ ਕੋਸ਼ਿਸ਼ ਸ਼ੁਰੂ ਕੀਤੀ, ਜਿਸ ਨੂੰ ਹੁਣ 15 ਸਾਲ ਹੋ ਗਏ ਹਨ।''
ਇਹ ਸ਼ਬਦ ਹਰਪਾਲ ਸਿੰਘ ਪਾਲੀ ਦੇ ਹਨ, ਜੋ ਰੋਪੜ ਜ਼ਿਲ੍ਹੇ ਦੇ ਬਲਾਕ ਨੂਰਪੁਰ ਬੇਦੀ ਦੇ ਅਧੀਨ ਪੈਂਦੇ ਪਿੰਡ ਕਾਹਨਪੁਰ ਖੂਹੀ ਦੇ ਵਸਨੀਕ ਹਨ ਅਤੇ ਆਪਣੇ ਪਿੰਡ ਦੇ ਨੇੜਲੇ ਇਲਾਕੇ ਵਿੱਚ ਇਹ ਸੇਵਾ ਕਰ ਰਹੇ ਹਨ।
ਹਰਪਾਲ ਸਿੰਘ ਦੱਸਦੇ ਹਨ ਕਿ ਜੰਗਲੀ ਜੀਵਾਂ ਦੀ ਪਿਆਸ ਬੁਝਾਉਣ ਲਈ ਉਨ੍ਹਾਂ ਨਿੱਜੀ ਤੌਰ ʼਤੇ ਜੰਗਲ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ 25 ਦੇ ਕਰੀਬ ਹੋਦੀਆਂ ਬਣਾਈਆਂ ਹਨ।
ਉਨ੍ਹਾਂ ਵਿੱਚ ਉਹ ਰੋਜ਼ਾਨਾ ਟਰੈਕਟਰ ਅਤੇ ਟੈਂਕਰ ਦੀ ਮਦਦ ਦੇ ਨਾਲ ਪਾਣੀ ਪਾਉਂਦੇ ਹਨ ਤਾਂ ਜੋ ਜੰਗਲੀ ਜੀਵਾਂ ਨੂੰ ਪੀਣ ਲਈ ਪਾਣੀ ਮਿਲ ਸਕੇ।
ਜਲਵਾਯੂ ਤਬਦੀਲੀ ਕਾਰਨ ਜਿੱਥੇ ਮਨੁੱਖੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਪਸ਼ੂ, ਪੰਛੀਆਂ ਅਤੇ ਜੰਗਲੀ ਜਾਨਵਰਾਂ ਦਾ ਵੀ ਆਪਣਾ ਜੀਵਨ ਬਤੀਤ ਕਰਨਾ ਬੜਾ ਮੁਸ਼ਕਿਲ ਹੋ ਚੁੱਕਾ ਹੈ।
ਯੁਨਾਈਟਡ ਨੇਸ਼ਨਜ਼ ਆਰਗੇਨਾਈਜੇਸ਼ਨ ਦੀ ਵਰਲਡ ਲਾਈਫ ਫੰਡ ਦੀ ਇੱਕ ਰਿਪੋਰਟ ਮੁਤਾਬਕ, ਪਿਛਲੇ 50 ਸਾਲਾਂ ਵਿੱਚ 73% ਮੌਨੀਟਰਡ ਸਪੀਸੀਜ਼ (ਨਿਗਰਾਨੀ ਹੇਠਲੀਆਂ ਪ੍ਰਜਾਤੀਆਂ) ਖ਼ਤਮ ਹੋ ਚੁੱਕੀਆਂ ਹਨ।
ਇਨ੍ਹਾਂ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਦੇ ਲਈ ਜਿੱਥੇ ਸਰਕਾਰ ਆਪਣੇ ਪੱਧਰ 'ਤੇ ਕੰਮ ਕਰ ਰਹੀ ਹੈ ਉੱਥੇ ਹੀ ਦੇਸ ਦੇ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਆਮ ਲੋਕ ਜੰਗਲੀ ਜੀਵਾਂ ਦੇ ਜੀਵਨ ਨੂੰ ਬਚਾਉਣ ਅਤੇ ਸੁਰੱਖਿਆ ਦੇ ਲਈ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ।
ਹਰਪਾਲ ਸਿੰਘ ਪਾਲੀ ਵੀ ਕੁਝ ਅਜਿਹਾ ਹੀ ਉਪਰਾਲਾ ਕਰਦੇ ਨਜ਼ਰ ਆ ਰਹੇ ਹਨ।

ਤਸਵੀਰ ਸਰੋਤ, Getty Images/BBC
ਹਰਪਾਲ ਨੂੰ ਕਿੱਥੋਂ ਮਿਲੀ ਪ੍ਰੇਰਨਾ
ਹਰਪਾਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਪ੍ਰੇਰਨਾ ਆਪਣੇ ਮਾਤਾ ਜੀ ਤੋਂ ਮਿਲੀ। ਜਦੋਂ ਉਹ ਛੋਟੇ ਸਨ ਤਾਂ ਉਨ੍ਹਾਂ ਦੀ ਮਾਂ ਜੰਗਲੀ ਜੀਵਾਂ ਦੇ ਲਈ ਘਰ ਤੋਂ ਕੁਝ ਦੂਰ ਪੈਦਲ ਚੱਲ ਕੇ ਅਤੇ ਘੜਿਆਂ ਦੇ ਠੀਕਰੀਆਂ ਦੇ ਵਿੱਚ ਪਾਣੀ ਭਰ ਕੇ ਆਉਂਦੇ ਸਨ।
ਜਿਸ ਰੀਤ ਨੂੰ ਅੱਗੇ ਵਧਾਉਂਦਿਆਂ ਹੋਇਆਂ ਹਰਪਾਲ ਸਿੰਘ ਪਾਲੀ ਪਿਛਲੇ 15 ਸਾਲ ਤੋਂ ਜੰਗਲੀ ਜੀਵਾਂ ਨੂੰ ਗਰਮੀ ਦੇ ਸਮੇਂ ਦੇ ਵਿੱਚ ਇਨ੍ਹਾਂ 25 ਬਣਾਈਆਂ ਗਈਆਂ ਹੋਦੀਆਂ ਦੇ ਵਿੱਚ ਪਾਣੀ ਪਾ ਰਹੇ ਹਨ।
ਹਰਪਾਲ ਸਿੰਘ ਪਾਲੀ ਦੱਸਦੇ ਹਨ, "ਮਾਰਚ ਮਹੀਨੇ ਤੋਂ ਲੈ ਕੇ ਬਰਸਾਤ ਸ਼ੁਰੂ ਹੋਣ ਤੱਕ ਮੈਂ ਪਾਣੀ ਦੀ ਸੇਵਾ ਕਰਦਾ ਹਾਂ। ਰੋਜ਼ਾਨਾ ਪਾਣੀ ਦੇ ਤਿੰਨ ਤੋਂ ਚਾਰ ਟੈਂਕਰ ਭਰ ਕੇ ਇਨ੍ਹਾਂ ਹੋਦੀਆਂ ਦੇ ਵਿੱਚ ਪਾਉਂਦਾ ਹਾਂ ਅਤੇ ਖ਼ਰਚਾ ਰੋਜ਼ਾਨਾ 1000 ਤੋਂ ਵੱਧ ਆ ਜਾਂਦਾ ਹੈ।"
ਉਹ ਦੱਸਦੇ ਹਨ ਕਿ ਇਹ ਸੇਵਾ ਉਹ ਆਪਣੇ ਨਿੱਜੀ ਖਰਚੇ ਦੇ ਉੱਤੇ ਹੀ ਕਰਦੇ ਹਨ। ਕਿਸੇ ਵੀ ਸੰਸਥਾ ਜਾਂ ਵਿਅਕਤੀ ਤੋਂ ਆਰਿਥਕ ਮਦਦ ਨਹੀਂ ਲੈਂਦੇ। ਉਨ੍ਹਾਂ ਦਾ ਸਾਥ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਵੀ ਦਿੰਦੇ ਹਨ।
ਉੱਥੇ ਹੀ ਹਰਪਾਲ ਸਿੰਘ ਪਾਲੀ ਦੱਸਦੇ ਹਨ ਕਿ ਪਾਣੀ ਦਾ ਮੁੱਖ ਸਰੋਤ ਬਰਸਾਤੀ ਚੋਅ ਹੀ ਹਨ। ਪਰ ਹਰ ਸਾਲ ਵਧਦੀ ਗਰਮੀ ਕਾਰਨ ਇਹ ਬਰਸਾਤੀ ਪਾਣੀ ਦੇ ਸਰੋਤ ਸੁੱਕ ਜਾਂਦੇ ਹਨ।
ਭਾਵੇਂ ਕਿ ਸਰਕਾਰ ਇੱਥੇ ਚੈੱਕ ਡੈਮ ਅਤੇ ਟੋਏ ਪੁੱਟ ਕੇ ਕੁਝ ਪਾਣੀ ਦਾ ਪ੍ਰਬੰਧ ਵੀ ਕਰਦੀ ਹੈ, ਪਰ ਇਹ ਪੂਰੇ ਨਹੀਂ ਪੈਂਦੇ।

ਤਸਵੀਰ ਸਰੋਤ, Bimal Saini/BBC
ਇਸੇ ਕਾਰਨ ਜੰਗਲੀ ਜਾਨਵਰ ਆਬਾਦੀ ਵੱਲ ਰੁੱਖ ਕਰਦੇ ਹਨ ਅਤੇ ਕਈ ਵਾਰ ਜੰਗਲੀ ਜਾਨਵਰ ਅਵਾਰਾ ਕੁੱਤਿਆਂ ਦੀ ਭੇਟ ਵੀ ਚੜ੍ਹ ਜਾਂਦੇ ਹਨ।
ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ ਨੰਗਲ ਦੇ ਇਲਾਕੇ ਵਿੱਚ ਬਾਘ ਪਿੰਡ ਵਿੱਚ ਦਾਖ਼ਲ ਹੋ ਗਿਆ ਸੀ, ਜਿਸ ਨੂੰ ਫੜ ਕੇ ਜੰਗਲ ਵਿੱਚ ਛੱਡਣ ਲਈ ਜੰਗਲੀ ਜੀਵ ਵਿਭਾਗ ਨੂੰ ਕਾਫ਼ੀ ਜੱਦੋਜਹਿਦ ਕਰਨੀ ਪਈ ਸੀ।
ਉਹ ਦੱਸਦੇ ਹਨ, "ਜਾਨਵਰਾਂ ਨੂੰ ਪਾਣੀ ਮੁਹੱਈਆਂ ਕਰਵਾਉਣ ਲਈ ਕਈ ਹੋਦੀਆਂ ਬਣਵਾਈਆਂ ਗਈਆਂ। ਜਦੋਂ ਵੀ ਜਾਂਦੇ ਹਨ ਤਾਂ ਦੇਖਦੇ ਹਾਂ ਕਿ ਹੋਦੀਆਂ ਦੇ ਆਲੇ-ਦੁਆਲੇ ਕਈ ਜਾਨਵਰਾਂ ਦੀਆਂ ਪੈੜਾਂ ਮਿਲਦੀਆਂ ਹਨ, ਜੋ ਇਸ ਗੱਲ ਦਾ ਗਵਾਹ ਬਣਦੀਆਂ ਹਨ ਕਿ ਜੰਗਲ ਤੋਂ ਬਹੁਤ ਸਾਰੇ ਜਾਨਵਰ ਉਨ੍ਹਾਂ ਹੋਦੀਆਂ ਕੋਲ ਪਾਣੀ ਪੀਣ ਆਉਂਦੇ ਹਨ।"
"ਅਤੇ ਪਿਆਸ ਬੁਝਾ ਕੇ ਸੁਰੱਖਿਅਤ ਜੰਗਲ ਵੱਲ ਪਰਤ ਜਾਂਦੇ ਹਨ।"
ਇਸੇ ਹੀ ਇਲਾਕੇ ਦੇ ਰਹਿਣ ਵਾਲੇ ਅਮਰੀਕ ਸਿੰਘ ਦਿਆਲ ਦੱਸਦੇ ਹਨ ਕਿ ਇਹ ਕੰਡੀ ਦਾ ਇਲਾਕਾ ਪਠਾਨਕੋਟ ਦੇ ਧਾਰ ਤੋਂ ਸ਼ੁਰੂ ਹੋ ਕੇ ਡੇਰਾ ਬੱਸੀ ਲਾਲੜੂ ਤੱਕ ਜਾਂਦਾ ਹੈ।
ਇਹ ਇਲਾਕਾ ਲੰਬਾਈ ਵਿੱਚ ਲਗਭਗ 250 ਕਿਲੋਮੀਟਰ ਅਤੇ ਚੌੜਾਈ ਵਿੱਚ 18 ਤੋਂ 35 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ।
ਚੰਡੀਗੜ੍ਹ ਤੋਂ ਪਠਾਨਕੋਟ ਤੱਕ ਦੀ ਸੜਕ ਦੇ ਦੱਖਣੀ ਪਾਸੇ, ਇਹ ਉੱਚਾਈ ਵਾਲਾ, ਠੰਢਾ ਅਤੇ ਸੁੱਕਾ ਇਲਾਕਾ ਵਿਸ਼ੇਸ਼ ਤੌਰ 'ਤੇ ਜਾਣਿਆ ਜਾਂਦਾ ਹੈ। ਕੰਡੀ ਇਲਾਕੇ ਵਿੱਚ ਕਈ ਉਪ ਖੇਤਰ ਹਨ।
ਇਹ ਸਾਰੇ ਇਲਾਕੇ ਨਾ ਸਿਰਫ਼ ਭੂਗੋਲਿਕ ਪੱਖੋਂ ਵਿਲੱਖਣ ਹਨ, ਸਗੋਂ ਸਮਾਜਿਕ ਤੇ ਸੱਭਿਆਚਾਰਕ ਪੱਖੋਂ ਵੀ ਵਖਰੇ ਹਨ। ਇਨ੍ਹਾਂ ਦੀ ਜੀਵਨ ਸ਼ੈਲੀ, ਭੋਜਨ ਤੇ ਰਹਿਣ-ਸਹਿਣ ਵੀ ਪੰਜਾਬ ਦੇ ਹੋਰ ਹਿੱਸਿਆਂ ਤੋਂ ਭਿੰਨ ਹੈ।

ਤਸਵੀਰ ਸਰੋਤ, Bimal Saini/BBC
ਜੰਗਲ, ਪਾਣੀ ਤੇ ਜਾਨਵਰ- ਕੁਦਰਤ ਦੇ ਤਿੰਨ ਮੁੱਢਲੇ ਤੱਤ
ਇਹ ਇਲਾਕਾ ਪੰਜਾਬ ਦੇ ਸਭ ਤੋਂ ਵੱਡੇ ਜੰਗਲਾਂ ਵਾਲੇ ਖੇਤਰਾਂ 'ਚੋਂ ਇੱਕ ਹੈ। ਇੱਥੇ ਕਈ ਛੋਟੇ-ਛੋਟੇ ਛੱਪੜ, ਟੋਭੇ ਅਤੇ ਪੁਰਾਣੇ ਪਾਣੀ ਦੇ ਸਰੋਤ ਹੁੰਦੇ ਸਨ ਜੋ ਇਲਾਕੇ ਦੇ ਲੋਕਾਂ ਅਤੇ ਜਾਨਵਰਾਂ ਦੀਆਂ ਲੋੜਾਂ ਪੂਰੀਆਂ ਕਰਦੇ ਸਨ।
ਪੁਰਾਣੇ ਸਮਿਆਂ ਵਿੱਚ ਜੰਗਲੀ ਜਾਨਵਰ ਇਨ੍ਹਾਂ ਜੰਗਲਾਂ ਵਿੱਚ ਆਸਰਾ ਲੈਂਦੇ ਸਨ, ਉਥੋਂ ਹੀ ਭੋਜਨ ਅਤੇ ਪਾਣੀ ਮਿਲ ਜਾਂਦਾ ਸੀ।
ਪਰ ਹੁਣ ਆਲਮੀ ਤਪਸ਼ ਅਤੇ ਜਲਵਾਯੂ ਤਬਦੀਲੀ ਕਾਰਨ ਜੰਗਲਾਂ ਦਾ ਰਕਬਾ ਘਟ ਰਿਹਾ ਹੈ।
ਜੰਗਲੀ ਜਾਨਵਰ ਆਪਣਾ ਆਸਰਾ ਛੱਡ ਕੇ ਆਬਾਦੀ ਵੱਲ ਰੁਖ਼ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਨਾ ਪਾਣੀ ਮਿਲ ਰਿਹਾ ਹੈ, ਨਾ ਹੀ ਆਸਰਾ। ਇਹ ਇਕ ਸੰਕਟ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਇਸ ਦੇ ਨਾਲ ਹੀ ਉਹ ਸਰਕਾਰ ਅਤੇ ਸਬੰਧਿਤ ਵਿਭਾਗ ਨੂੰ ਅਪੀਲ ਕਰਦੇ ਹਨ ਕਿ ਪਹਾੜੀਆਂ ਦੇ ਮੂਹਰੇ ਛੋਟੇ-ਛੋਟੇ ਚੈੱਕ ਡੈਮ ਬਣਵਾਉਣ, ਬੰਨ੍ਹ ਲਗਾ ਕੇ ਪਾਣੀ ਸਟੋਰ ਕਰਨ ਦੀ ਯੋਜਨਾ ਬਣਾਉਣ, ਪੁਰਾਣੇ ਪਾਣੀ ਦੇ ਸਰੋਤਾਂ ਨੂੰ ਦੁਬਾਰਾ ਜੀਵੰਤ ਕੀਤਾ ਜਾਵੇ।
ਇਸ ਦੇ ਨਾਲ ਹੀ ਵਾਤਾਵਰਨ ਸੰਭਾਲ ਨੂੰ ਵਿਦਿਅਕ ਪੱਧਰ ਤੋਂ ਸ਼ੁਰੂ ਕਰਕੇ ਜਨ ਚੇਤਨਾ ਵਧਾਈ ਜਾਵੇ।

ਤਸਵੀਰ ਸਰੋਤ, Bimal Saini/BBC
ਜੰਗਲੀ ਜਾਨਵਰਾਂ ਅਤੇ ਪਰਵਾਸੀ ਪੰਛੀਆਂ ਉੱਤੇ ਅਸਰ
ਕੁਲਰਾਜ ਸਿੰਘ ਦੱਸਦੇ ਹਨ ਕਿ ਪੰਜਾਬ ਦੇ ਸ਼ਿਵਾਲਿਕ ਰੇਂਜ ਦੀਆਂ ਛੋਟੀਆਂ ਪਹਾੜੀਆਂ ਦੀ ਰੇਂਜ ਪਠਾਨਕੋਟ ਤੋਂ ਡੇਰਾਬਸੀ ਤੱਕ ਫੈਲੇ ਕੰਢੀ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਪ੍ਰਕਾਰ ਦੇ ਜੰਗਲੀ ਜਾਨਵਰ ਵੱਸਦੇ ਹਨ।
ਕੁਲਰਾਜ ਸਿੰਘ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਡਿਵੀਜ਼ਨਲ ਅਫ਼ਸਰ ਹਨ, ਉਹ ਮੋਹਾਲੀ, ਰੋਪੜ ਅਤੇ ਫਤਹਿਗੜ੍ਹ ਜ਼ਿਲ੍ਹਿਆਂ ਦੇ ਇੰਚਾਰਜ ਹਨ।
ਉਹ ਦੱਸਦੇ ਹਨ ਕਿ ਇਨ੍ਹਾਂ ਜੰਗਲਾਂ ਵਿੱਚ ਸਾਂਬਰ, ਬਲੂਬਲ, ਵਾਇਲਡ ਸੂਰ, ਹੌਗ ਡੀਅਰ ਅਤੇ ਬਾਰਕਿੰਗ ਡੀਅਰ ਵਰਗੇ ਹਰਬੀਵੋਰ (ਘਾਹ ਖਾਣ ਵਾਲੇ) ਜਾਨਵਰ ਤੇ ਲੈਪਰਡ ਵਰਗੇ ਕਾਰਨੀਵੋਰਸ (ਮਾਸ ਖਾਣ ਵਾਲੇ) ਜਾਨਵਰ ਪਾਏ ਜਾਂਦੇ ਹਨ।
ਉਨ੍ਹਾਂ ਦੱਸਿਆ, "ਵਾਤਾਵਰਨ ਤਬਦੀਲੀ ਨੇ ਬਨਸਪਤੀ ਅਤੇ ਜਾਨਵਰਾਂ ਦੀ ਜ਼ਿੰਦਗੀ 'ਤੇ ਵੱਡਾ ਪ੍ਰਭਾਵ ਪਾਇਆ ਹੈ। ਥਾਂ-ਥਾਂ ਪਾਣੀ ਦੀ ਘਾਟ ਕਾਰਨ ਜਾਨਵਰ ਹੇਠਲੇ ਇਲਾਕਿਆਂ ਵੱਲ ਭੱਜਦੇ ਹਨ, ਜਿਸ ਨਾਲ ਕਈ ਵਾਰੀ ਲੋਕ ਡਰ ਜਾਂਦੇ ਹਨ।"
ਕੁਲਰਾਜ ਸਿੰਘ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ ਰੋਪੜ ਅਤੇ ਨੰਗਲ ਵੈਟਲੈਂਡ 'ਚ ਹਰ ਸਾਲ ਪਰਵਾਸੀ ਪੰਛੀਆਂ ਦੀ ਗਿਣਤੀ ਕੀਤੀ ਜਾਂਦੀ ਹੈ। ਵਰਲਡ ਵਾਇਲਡ ਲਾਈਫ਼ ਫੰਡ ਦੀ ਨਿਗਰਾਨੀ ਹੇਠ ਹਰ ਸਾਲ ਇਹ ਸਰਵੇਅ ਕੀਤੇ ਜਾਂਦੇ ਹਨ।
- 2024-25: ਰੋਪੜ- 1486, ਨੰਗਲ- 2411
- 2023-24: ਰੋਪੜ- 1755, ਨੰਗਲ- 2600
- 2022-23: ਰੋਪੜ- 1764, ਨੰਗਲ- 3135
- 2018-19: ਕੁੱਲ ਲਗਭਗ- 4000
ਇਹ ਅੰਕੜੇ ਦੱਸਦੇ ਹਨ ਕਿ ਪਰਵਾਸੀ ਪੰਛੀਆਂ ਦੀ ਗਿਣਤੀ ਵਿੱਚ ਹੌਲੀ-ਹੌਲੀ ਕਮੀ ਆ ਰਹੀ ਹੈ।

ਤਸਵੀਰ ਸਰੋਤ, Bimal Saini/BBC
ਉਹ ਦੱਸਦੇ ਹਨ ਕਿ ਮੌਸਮ ਦੇ ਬਦਲਾਅ ਕਾਰਨ ਠੰਢ ਦੇ ਮਹੀਨੇ ਦੇਰੀ ਨਾਲ ਆਉਣ ਕਰਕੇ ਇਹ ਪੰਛੀ ਵੀ ਦੇਰ ਨਾਲ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਇੱਥੇ ਬਹੁਤ ਘੱਟ ਸਮਾਂ ਮਿਲਦਾ ਹੈ, ਜੋ ਉਨ੍ਹਾਂ ਦੀ ਪ੍ਰਜਨਨ ਪ੍ਰਕਿਰਿਆ 'ਤੇ ਵੀ ਅਸਰ ਕਰ ਰਿਹਾ ਹੈ।
ਉਹ ਆਖਦੇ ਹਨ, "ਗਰਮੀਆਂ ਵਿੱਚ ਜੰਗਲਾਂ ਦੇ ਪਾਣੀ ਦੇ ਸਰੋਤ ਸੁੱਕ ਜਾਂਦੇ ਹਨ। ਇਸ ਕਾਰਨ ਵਣ ਜਾਨਵਰ ਪਾਣੀ ਦੀ ਭਾਲ ਵਿੱਚ ਬਸਤੀ ਵਾਲੇ ਇਲਾਕਿਆਂ ਵੱਲ ਆਉਂਦੇ ਹਨ। ਇਸ ਸਥਿਤੀ ਨੂੰ ਕੰਟਰੋਲ ਕਰਨ ਲਈ ਵਣ ਵਿਭਾਗ ਵਾਟਰ ਹੌਲ ਤਿਆਰ ਕਰਵਾ ਰਿਹਾ ਹੈ ਅਤੇ ਟੈਂਕਰਾਂ ਰਾਹੀਂ ਉਨ੍ਹਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।"
ਨੂਰਪੁਰ ਬੇਦੀ ਖੇਤਰ ਵਿੱਚ ਵੀ ਕਈ ਐੱਨਜੀਓ ਅਤੇ ਨੌਜਵਾਨ ਵਲੰਟੀਅਰ ਪਾਣੀ ਦੇ ਹੌਦ ਤਿਆਰ ਕਰਕੇ ਉਨ੍ਹਾਂ ਵਿੱਚ ਪਾਣੀ ਭਰਦੇ ਹਨ। ਇਹ ਸੇਵਾ ਮਨੁੱਖਤਾ ਦੀ ਹੀ ਨਹੀਂ, ਪਰਮਾਤਮਾ ਦੀ ਵੀ ਸੇਵਾ ਹੈ। ਹਰਪਾਲ ਸਿੰਘ ਵੀ ਉਨ੍ਹਾਂ ਵਿੱਚੋਂ ਇੱਕ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਦੇ ਕੋਈ ਬਾਘ ਜਾਂ ਹੋਰ ਜਾਨਵਰ ਨਜ਼ਰ ਆਏ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਰੰਤ ਵਣ ਵਿਭਾਗ ਨੂੰ ਜਾਣਕਾਰੀ ਦਿਓ।
ਵਿਭਾਗ ਦੀ ਟੀਮ ਆ ਕੇ ਜਾਨਵਰ ਨੂੰ ਸੁਰੱਖਿਅਤ ਢੰਗ ਨਾਲ ਰੈਸਕਿਊ ਕਰੇਗੀ। ਜਾਨਵਰਾਂ ਨੂੰ ਨੁਕਸਾਨ ਪਹੁੰਚਾਉਣਾ ਕਾਨੂੰਨੀ ਅਪਰਾਧ ਹੈ, ਜਿਸ ਦੀ ਸਜ਼ਾ ਤਿੰਨ ਤੋਂ ਪੰਜ ਸਾਲ ਤੱਕ ਹੋ ਸਕਦੀ ਹੈ।

ਤਸਵੀਰ ਸਰੋਤ, Bimal Saini/BBC
ਕੀ ਕਹਿੰਦੀ ਹੈ ਰਿਪੋਰਟ
ਵਰਲਡ ਵਾਈਲਡਲਾਈਫ ਫੰਡ (ਡਬਲਿਊਡਬਲਿਊਐੱਫ) ਦੀ ਲਿਵਿੰਗ ਪਲੈਨੇਟ ਰਿਪੋਰਟ 2024 ਦੇ ਅਨੁਸਾਰ, 50 ਸਾਲਾਂ (1970-2020) ਵਿੱਚ ਨਿਗਰਾਨੀ ਅਧੀਨ ਜੰਗਲੀ ਜੀਵਾਂ ਦੀ ਆਬਾਦੀ ਵਿੱਚ 73% ਦੀ ਭਿਆਨਕ ਗਿਰਾਵਟ ਦਰਜ ਕੀਤੀ ਗਈ ਹੈ।
ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਸਾਡੇ ਗ੍ਰਹਿ ਦੇ ਕੁਝ ਹਿੱਸੇ ਕੁਦਰਤੀ ਤਬਾਹੀ ਅਤੇ ਜਲਵਾਯੂ ਪਰਿਵਰਤਨ ਦੇ ਸੁਮੇਲ ਕਾਰਨ ਖ਼ਤਰਨਾਕ ਅਜਿਹੀਆਂ ਘਟਨਾਵਾਂ ਘਟ ਰਹੀਆਂ ਹਨ ਜੋ ਮਨੁੱਖਤਾ ਲਈ ਗੰਭੀਰ ਖ਼ਤਰੇ ਪੈਦਾ ਕਰਦੀਆਂ ਹਨ।
ਜ਼ੂਿਓਲੋਜੀਕਲ ਸੁਸਾਇਟੀ ਆਫ਼ ਲੰਡਨ (ਜ਼ੈੱਡਐੱਸਐੱਲ) ਵੱਲੋਂ ਪ੍ਰਦਾਨ ਕੀਤਾ ਗਿਆ ਲਿਵਿੰਗ ਪਲੈਨੇਟ ਇੰਡੈਕਸ, 1970-2020 ਤੱਕ 5,495 ਪ੍ਰਜਾਤੀਆਂ ਦੀਆਂ ਲਗਭਗ 35,000 ਰੀੜ੍ਹ ਦੀ ਹੱਡੀ ਵਾਲੀਆਂ ਆਬਾਦੀਆਂ ʼਤੇ ਨਜ਼ਰ ਰੱਖਦਾ ਹੈ
ਸਭ ਤੋਂ ਤੇਜ਼ ਗਿਰਾਵਟ ਤਾਜ਼ੇ ਪਾਣੀ ਦੀ ਆਬਾਦੀ (85%) ਵਿੱਚ ਹੈ, ਉਸ ਤੋਂ ਬਾਅਦ ਜ਼ਮੀਨੀ (69%) ਅਤੇ ਫਿਰ ਸਮੁੰਦਰੀ (56%) ਹੈ।
ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਸਾਡੇ ਗ੍ਰਹਿ ਦੇ ਕੁਝ ਹਿੱਸੇ ਕੁਦਰਤ ਦੇ ਨੁਕਸਾਨ ਅਤੇ ਜਲਵਾਯੂ ਪਰਿਵਰਤਨ ਦੇ ਸੁਮੇਲ ਕਾਰਨ ਖ਼ਤਰਨਾਕ ਟਿਪਿੰਗ ਪੁਆਇੰਟਾਂ ਦੇ ਨੇੜੇ ਆ ਰਹੇ ਹਨ ਜੋ ਮਨੁੱਖਤਾ ਲਈ ਗੰਭੀਰ ਖ਼ਤਰੇ ਪੈਦਾ ਕਰਦੇ ਹਨ।
ਨਿਵਾਸ ਸਥਾਨਾਂ ਦਾ ਨੁਕਸਾਨ, ਗਿਰਾਵਟ ਅਤੇ ਬਹੁਤ ਜ਼ਿਆਦਾ ਕਟਾਈ, ਮੁੱਖ ਤੌਰ 'ਤੇ ਸਾਡੀ ਵਿਸ਼ਵਵਿਆਪੀ ਖੁਰਾਕ ਪ੍ਰਣਾਲੀ ਦੁਆਰਾ ਸੰਚਾਲਿਤ, ਦੁਨੀਆ ਭਰ ਦੇ ਜੰਗਲੀ ਜੀਵਾਂ ਦੀ ਆਬਾਦੀ ਲਈ ਪ੍ਰਮੁੱਖ ਖ਼ਤਰੇ ਹਨ।
ਜਿਸ ਤੋਂ ਬਾਅਦ ਹਮਲਾਵਰ ਪ੍ਰਜਾਤੀਆਂ, ਬਿਮਾਰੀਆਂ ਅਤੇ ਜਲਵਾਯੂ ਪਰਿਵਰਤਨ ਆਉਂਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













