ਦੁਨੀਆ ਦੇ ਸਮੁੰਦਰਾਂ ਦਾ ਰੰਗ 'ਕਾਲਾ' ਕਿਉਂ ਹੋ ਰਿਹਾ ਹੈ? ਕੀ ਇਸ ਦਾ ਸੰਬੰਧ ਤੇਜ਼ ਹਵਾਵਾਂ ਅਤੇ ਬਾਰਿਸ਼ਾਂ ਨਾਲ ਵੀ ਹੈ?

ਤਸਵੀਰ ਸਰੋਤ, Reuters
- ਲੇਖਕ, ਐਲੀਅਟ ਬਾਲ ਅਤੇ ਸੁਮਿਨ ਹਵਾਂਗ
- ਰੋਲ, ਬੀਬੀਸੀ ਨਿਊਜ਼
ਯੂਨਾਈਟਿਡ ਕਿੰਗਡਮ ਦੀ ਪਲਾਈਮਾਊਥ ਯੂਨੀਵਰਸਿਟੀ ਦੀ ਖੋਜ ਦੇ ਅਨੁਸਾਰ, ਪਿਛਲੇ ਦੋ ਦਹਾਕਿਆਂ ਦੌਰਾਨ ਵਿਸ਼ਵ ਸਮੁੰਦਰ ਦਾ ਪੰਜਵਾਂ ਹਿੱਸਾ ਕਾਲਾ ਹੋ ਗਿਆ ਹੈ।
ਇਸ ਪ੍ਰਕਿਰਿਆ ਨੂੰ "ਸਮੁੰਦਰ ਦਾ ਕਾਲਾ ਹੋਣਾ" ਕਿਹਾ ਜਾਂਦਾ ਹੈ। ਇਹ ਉਦੋਂ ਵਾਪਰਦਾ ਹੈ ਜਦੋਂ ਸਮੁੰਦਰ ਦੀ ਸਭ ਤੋਂ ਉੱਪਰਲੀ ਪਰਤ ਵਿੱਚ ਤਬਦੀਲੀਆਂ ਕਾਰਨ ਪਾਣੀ ਵਿੱਚ ਰੌਸ਼ਨੀ ਦਾ ਪ੍ਰਵੇਸ਼ ਮੁਸ਼ਕਲ ਹੋ ਜਾਂਦਾ ਹੈ।
ਇਹ ਉਪਰਲੀ ਪਰਤ, ਜਿਸ ਨੂੰ 'ਫੋਟਿਕ ਜ਼ੋਨ' ਕਿਹਾ ਜਾਂਦਾ ਹੈ, ਸਾਰੇ ਸਮੁੰਦਰੀ ਜੀਵਨ ਦਾ 90 ਫੀਸਦ ਹਿੱਸਾ ਇੱਥੇ ਹੀ ਰਹਿੰਦਾ ਹੈ ਅਤੇ ਸਿਹਤਮੰਦ ਵਿਸ਼ਵ ਬਾਇਓਜੀਓਕੈਮੀਕਲ ਚੱਕਰਾਂ ਦੇ ਰੱਖ-ਰਖਾਅ ਲਈ ਮਹੱਤਵਪੂਰਨ ਹੈ।
ਗਲੋਬਲ ਚੇਂਜ ਬਾਇਓਲੋਜੀ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ 2003 ਅਤੇ 2022 ਦੇ ਵਿਚਕਾਰ ਵਿਸ਼ਵ ਸਮੁੰਦਰ ਦਾ 21 ਫੀਸਦ ਹਿੱਸਾ ਕਾਲਾ ਹੋ ਗਿਆ ਹੈ।

ਤਸਵੀਰ ਸਰੋਤ, University of Plymouth
ਸਮੁੰਦਰ ਕਿਉਂ ਕਾਲਾ ਹੋ ਰਿਹਾ ਹੈ?
ਖੋਜ ਦੇ ਅਨੁਸਾਰ, ਮੰਨਿਆ ਜਾਂਦਾ ਹੈ ਕਿ ਸਮੁੰਦਰ ਦੇ ਕਾਲੇ ਹੋਣ ਦਾ ਕਾਰਨ ਸ਼ਿਵਾਲ (ਕਾਈ) ਦੇ ਖਿੜਨ ਦੀ ਗਤੀਸ਼ੀਲਤਾ ਵਿੱਚ ਬਦਲਾਅ ਅਤੇ ਸਮੁੰਦਰ ਦੀ ਸਤ੍ਹਾ ਦੇ ਤਾਪਮਾਨ ਵਿੱਚ ਬਦਲਾਅ ਵਰਗੇ ਕਾਰਕ ਸ਼ਾਮਿਲ ਹਨ।
ਕਾਲਾਪਣ ਅਕਸਰ ਤੱਟਵਰਤੀ ਖੇਤਰਾਂ ਵਿੱਚ ਦੇਖਿਆ ਜਾਂਦਾ ਹੈ, ਜਿੱਥੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਪਾਣੀ ਸਤ੍ਹਾ 'ਤੇ ਚੜ੍ਹਦਾ ਹੈ ਅਤੇ ਵਧਦੀ ਬਾਰਿਸ਼ ਨਾਲ ਖੇਤੀਬਾੜੀ ਦੇ ਵਹਾਅ ਅਤੇ ਤਲਛਟ ਜ਼ਮੀਨ ਤੋਂ ਪਾਣੀ ਵਿੱਚ ਚਲੇ ਜਾਂਦੇ ਹਨ, ਜਿਸ ਨਾਲ ਪਲੈਂਕਟਨ (ਪੌਦਿਆਂ ਵਰਗੇ ਜੀਵ) ਖਿੜਦੇ ਹਨ।
ਵਾਤਾਵਰਨ ਤਬਦੀਲੀ ਕਾਰਨ ਦੁਨੀਆਂ ਭਰ ਵਿੱਚ ਕਈ ਥਾਵਾਂ ʼਤੇ ਭਾਰੀ ਮੀਂਹ ਦੀਆਂ ਘਟਨਾਵਾਂ ਆਮ ਅਤੇ ਤੇਜ਼ ਹੁੰਦੀਆਂ ਜਾ ਰਹੀਆਂ ਹਨ।
ਖੁੱਲ੍ਹੇ ਸਮੁੰਦਰ ਵਿੱਚ ਕਾਲੇ ਹਿੱਸੇ ਦੀ ਸਤ੍ਹਾ ਦੇ ਤਾਪਮਾਨ ਵਿੱਚ ਵਾਧਾ ਨਾਲ ਜੁੜਿਆ ਹੋ ਸਕਦਾ ਹੈ, ਜਿਸ ਕਾਰਨ ਪਲੈਂਕਟਨ ਵਿੱਚ ਵਾਧਾ ਹੋਇਆ ਹੋਵੇਗਾ ਜੋ ਰੌਸ਼ਨੀ ਵਿੱਚ ਰੁਕਾਵਟ ਪੈਦਾ ਕਰ ਰਿਹਾ ਹੋਵੇਗਾ।

ਤਸਵੀਰ ਸਰੋਤ, Getty Images
ਕਿਹੜੇ ਖੇਤਰ ਪ੍ਰਭਾਵਿਤ ਹਨ?
ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਸਮੁੰਦਰ ਦੇ 9 ਫੀਸਦ ਤੋਂ ਵੱਧ ਹਿੱਸੇ ( ਯਾਨਿ ਅਫਰੀਕਾ ਦੇ ਆਕਾਰ ਦੇ ਬਰਾਬਰ ਖੇਤਰ) ਵਿੱਚ 164 ਫੁੱਟ (50 ਮੀਟਰ) ਤੋਂ ਵੱਧ ਰੌਸ਼ਨੀ ਵਿੱਚ ਕਮੀ ਦੇਖੀ ਗਈ ਹੈ।
ਸਮੁੰਦਰ ਦੇ 2.6 ਫੀਸਦ ਹਿੱਸੇ ਵਿੱਚ 328 ਫੁੱਟ (100 ਮੀਟਰ) ਤੋਂ ਵੱਧ ਦੀ ਕਮੀ ਦੇਖੀ ਗਈ ਹੈ।
ਅਧਿਐਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਫੋਟੋਨਿਕ ਜ਼ੋਨ ਦੀ ਡੂੰਘਾਈ ਵਿੱਚ ਸਭ ਤੋਂ ਅਹਿਮ ਬਦਲਾਅ ਗਲਫ ਸਟ੍ਰੀਮ ਦੇ ਸਿਖ਼ਰ ʼਤੇ ਅਤੇ ਆਰਕਟਿਕ ਤੇ ਅੰਟਾਰਕਟਿਕ ਦੋਵਾਂ ਖੇਤਰਾਂ ਵਿੱਚ ਦੇਖੇ ਗਏ। ਇਹ ਗ੍ਰਹਿ ਦੇ ਉਹ ਖੇਤਰ ਹਨ ਜੋ ਜਲਵਾਯੂ ਵਿਘਨ ਕਾਰਨ ਵੱਡੇ ਬਦਲਾਅ ਦਾ ਅਨੁਭਵ ਕਰ ਰਹੇ ਹਨ।
ਬਾਲਟਿਕ ਸਾਗਰ ਸਮੇਤ ਤੱਟਵਰਤੀ ਖੇਤਰਾਂ ਅਤੇ ਬੰਦ ਸਮੁੰਦਰਾਂ ਵਿੱਚ ਵੀ ਹਨੇਰਾ ਫੈਲਿਆ ਹੋਇਆ ਸੀ।
ਅਧਿਐਨ ਦਰਸਾਉਂਦਾ ਹੈ ਕਿ ਸਮੁੰਦਰ ਦਾ ਕਾਲਾ ਪੈਣਾ ਸਿਰਫ਼ ਤੱਟਵਰਤੀ ਖੇਤਰਾਂ ਤੱਕ ਸੀਮਿਤ ਨਹੀਂ ਹੈ, ਸਗੋਂ ਖੁੱਲ੍ਹੇ ਸਮੁੰਦਰ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਹਾਲਾਂਕਿ, ਅਧਿਐਨ ਮੁਤਾਬਕ ਸਮੁੰਦਰ ਦੇ ਸਾਰੇ ਹਿੱਸੇ ਕਾਲੇ ਨਹੀਂ ਹੋਏ ਹਨ। ਇਸੇ ਸਮੇਂ ਦੌਰਾਨ ਸਮੁੰਦਰ 10 ਫੀਸਦ ਹਿੱਸਾ ਫਿੱਕਾ ਵੀ ਹੋਇਆ ਹੈ।
ਅਧਿਐਨ ਦੇ ਲੇਖਕਾਂ ਮੁਤਾਬਕ, ਇਹ ਮਿਸ਼ਰਤ ਤਸਵੀਰ ਸਮੁੰਦਰੀ ਪ੍ਰਣਾਲੀਆਂ ਦੀ ਜਟਿਲਤਾ ਅਤੇ ਪਾਣੀ ਦੀ ਸਪੱਸ਼ਟਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਕਾਰਕਾਂ ਨੂੰ ਦਰਸਾਉਂਦੀ ਹੈ।
ਇਹ ਸਮੁੰਦਰੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
ਹਾਲਾਂਕਿ ਤਬਦੀਲੀਆਂ ਦੇ ਸਹੀ ਪ੍ਰਭਾਵ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਗ੍ਰਹਿ ਦੀਆਂ ਸਮੁੰਦਰੀ ਪ੍ਰਜਾਤੀਆਂ ਅਤੇ ਈਕੋ-ਸਿਸਟਮ ਸੇਵਾਵਾਂ ਦੀ ਇੱਕ ਵੱਡੀ ਗਿਣਤੀ ਪ੍ਰਭਾਵਿਤ ਹੋ ਸਕਦੀ ਹੈ।
ਯੂਨੀਵਰਸਿਟੀ ਦੇ ਸਮੁੰਦਰੀ ਸੰਭਾਲ ਦੇ ਐਸੋਸੀਏਟ ਪ੍ਰੋਫੈਸਰ ਡਾ. ਥਾਮਸ ਡੇਵਿਸ ਕਹਿੰਦੇ ਹਨ, "ਇਹ ਖੋਜ ਕੀਤੀ ਗਈ ਹੈ ਕਿ ਪਿਛਲੇ 20 ਸਾਲਾਂ ਵਿੱਚ ਸਮੁੰਦਰ ਦੀ ਸਤ੍ਹਾ ਦਾ ਰੰਗ ਕਿਵੇਂ ਬਦਲਿਆ ਹੈ। ਸੰਭਵ ਤੌਰ 'ਤੇ ਪਲੈਂਕਟਨ ਭਾਈਚਾਰਿਆਂ ਵਿੱਚ ਤਬਦੀਲੀਆਂ ਦੇ ਨਤੀਜੇ ਵਜੋਂ ਅਜਿਹਾ ਹੋ ਰਿਹਾ ਹੈ।"
"ਪਰ ਸਾਡੇ ਨਤੀਜੇ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਅਜਿਹੇ ਬਦਲਾਅ ਵਿਆਪਕ ਹਨੇਰਾ ਪੈਦਾ ਕਰਦੇ ਹਨ, ਜਿਸ ਨਾਲ ਉਨ੍ਹਾਂ ਜਾਨਵਰਾਂ ਲਈ ਉਪਲਬਧ ਸਮੁੰਦਰ ਦੀ ਮਾਤਰਾ ਘੱਟ ਜਾਂਦੀ ਹੈ ਜੋ ਆਪਣੇ ਬਚਾਅ ਅਤੇ ਪ੍ਰਜਨਨ ਲਈ ਸੂਰਜ ਅਤੇ ਚੰਦਰਮਾ 'ਤੇ ਨਿਰਭਰ ਕਰਦੇ ਹਨ।"
ਪਾਣੀ ਦੀ ਇਹ ਉਪਰਲੀ ਪਰਤ ਜ਼ਿਆਦਾਤਰ ਸਮੁੰਦਰੀ ਜੀਵਨ ਦਾ ਘਰ ਹੈ ਅਤੇ ਇਹ ਉਹ ਥਾਂ ਹੈ ਜਿੱਥੇ ਫਾਈਟੋਪਲੈਂਕਟਨ (ਪੌਦਿਆਂ ਵਰਗੇ ਜੀਵ) ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ।
ਇਹ ਸੂਖ਼ਮ ਜੀਵ ਭੋਜਨ ਲੜੀ ਦਾ ਅਧਾਰ ਬਣਦੇ ਹਨ ਅਤੇ ਪਾਣੀ ਦੀ ਸਤ੍ਹਾ ਦੇ ਨੇੜੇ ਪਾਏ ਜਾ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਪ੍ਰਕਾਸ਼ ਸੰਸ਼ਲੇਸ਼ਣ ਲਈ ਕਾਫ਼ੀ ਸੂਰਜ ਦੀ ਰੌਸ਼ਨੀ ਦੀ ਲੋੜ ਹੁੰਦੀ ਹੈ।
ਇਸ ਕਾਰਨ ਬਹੁਤ ਸਾਰੇ ਸਮੁੰਦਰੀ ਜੀਵ ਪ੍ਰਕਾਸ਼ ਖੇਤਰਾਂ ਵਿੱਚ ਸ਼ਿਕਾਰ ਕਰਦੇ ਹਨ ਅਤੇ ਪ੍ਰਜਨਨ ਕਰਦੇ ਹਨ, ਜਿੱਥੇ ਭਰਪੂਰ ਭੋਜਨ ਹੁੰਦਾ ਹੈ। ਫਾਈਟੋਪਲੈਂਕਟਨ ਵਾਯੂਮੰਡਲ ਦੇ ਲਗਭਗ ਅੱਧੇ ਆਕਸੀਜਨ ਦਾ ਉਤਪਾਦਨ ਵੀ ਕਰਦੇ ਹਨ ਅਤੇ ਕਾਰਬਨ ਸਾਈਕਲਿੰਗ ਅਤੇ ਸਮੁੰਦਰੀ ਜੀਵਨ ਲਈ ਮਹੱਤਵਪੂਰਨ ਹਨ।

'ਚਿੰਤਾ ਦਾ ਅਸਲ ਕਾਰਨ'
ਡਾ. ਡੇਵਿਸ ਕਹਿੰਦੇ ਹਨ ਕਿ ਸਮੁੰਦਰਾਂ ਦੇ ਕਾਲਾ ਹੋਣ ਨਾਲ ਮਨੁੱਖਾਂ ਦੁਆਰਾ ਸਾਹ ਲੈਣ ਵਾਲੀ ਹਵਾ, ਉਨ੍ਹਾਂ ਵੱਲੋਂ ਖਾਧੀਆਂ ਜਾਣ ਵਾਲੀਆਂ ਮੱਛੀਆਂ ਅਤੇ ਵਾਤਾਵਰਣ ਤਬਦੀਲੀ ਨਾਲ ਲੜਨ ਦੀ ਦੁਨੀਆਂ ਦੀ ਸਮਰੱਥਾ ʼਤੇ ਅਸਰ ਪੈ ਸਕਦਾ ਹੈ।
"ਸਾਡੀਆਂ ਖੋਜਾਂ ਚਿੰਤਾ ਦੇ ਅਸਲ ਕਾਰਨ ਹਨ।"
ਪਲਾਈਮਾਊਥ ਮਰੀਨ ਲੈਬਾਰਟਰੀ ਵਿਖੇ ਸਮੁੰਦਰੀ ਜੀਵ-ਰਸਾਇਣ ਵਿਗਿਆਨ ਅਤੇ ਨਿਰੀਖਣ ਦੇ ਮੁਖੀ, ਪ੍ਰੋਫੈਸਰ ਟਿਮ ਸਮਿਥ ਕਹਿੰਦੇ ਹਨ ਕਿ ਕੁਝ ਸਮੁੰਦਰੀ ਜਾਨਵਰ ਜਿਨ੍ਹਾਂ ਨੂੰ ਰੌਸ਼ਨੀ ਦੀ ਲੋੜ ਹੁੰਦੀ ਹੈ, ਤਬਦੀਲੀਆਂ ਦੇ ਨਤੀਜੇ ਵਜੋਂ ਸਤ੍ਹਾ ਦੇ ਨੇੜੇ ਜਾ ਸਕਦੇ ਹਨ। ਇਸ ਨਾਲ ਭੋਜਨ ਅਤੇ ਹੋਰ ਸਰੋਤਾਂ ਲਈ ਮੁਕਾਬਲਾ ਵਧੇਗਾ।
ਪ੍ਰੋਫੈਸਰ ਸਮਿਥ ਕਹਿੰਦੇ ਹਨ, "ਇਸ ਨਾਲ ਪੂਰੇ ਸਮੁੰਦਰੀ ਵਾਤਾਵਰਣ ਪ੍ਰਣਾਲੀ ਵਿੱਚ ਬੁਨਿਆਦੀ ਤਬਦੀਲੀਆਂ ਆ ਸਕਦੀਆਂ ਹਨ।"

ਤਸਵੀਰ ਸਰੋਤ, Getty Images
ਅਧਿਐਨ ਕਿਵੇਂ ਕੀਤਾ ਗਿਆ?
ʻਡਾਰਕਨਿੰਗ ਆਫ ਦਿ ਗਲੋਬਲ ਓਸ਼ਨʼ ਸਿਰਲੇਖ ਵਾਲੇ ਅਧਿਐਨ ਲਈ ਖੋਜਕਾਰਾਂ ਨੇ ਉੱਨਤ ਸਮੁੰਦਰੀ ਮਾਡਲਿੰਗ ਦੇ ਨਾਲ-ਨਾਲ ਕਰੀਬ ਦੋ ਦਹਾਕੇ ਦੇ ਉਪਗ੍ਰਹਿ ਡੇਟਾ ਦਾ ਵਿਸ਼ਲੇਸ਼ਣ ਕੀਤਾ।
ਨਾਸਾ ਦੇ ਓਸ਼ਨ ਕਲਰ ਵੈੱਬ ਡੇਟਾ, ਜੋ ਗਲੋਬਲ ਸਮੁੰਦਰ ਨੂੰ 9 ਕਿਲੋਮੀਟਰ ਪਿਕਸਲ ਵਿੱਚ ਵੰਡਦਾ ਹੈ, ਨੇ ਖੋਜਕਾਰਾਂ ਨੂੰ ਹਰੇਕ ਪਿਕਸਲ ਲਈ ਸਮੁੰਦਰ ਦੀ ਸਤ੍ਹਾ 'ਤੇ ਤਬਦੀਲੀਆਂ ਦੀ ਨਿਗਰਾਨੀ ਕਰਨ ਦੀ ਆਗਿਆ ਦਿੱਤੀ।
ਜਦਕਿ ਸਮੁੰਦਰੀ ਪਾਣੀ ਵਿੱਚ ਰੌਸ਼ਨੀ ਨੂੰ ਮਾਪਣ ਲਈ ਤਿਆਰ ਕੀਤੇ ਗਏ ਐਲਗੋਰਿਦਮ ਦੀ ਵਰਤੋਂ ਹਰੇਕ ਸਥਾਨ 'ਤੇ ਫੋਟੋਟਿਕ ਜ਼ੋਨ ਦੀ ਡੂੰਘਾਈ ਦਾ ਅੰਦਾਜ਼ਾ ਲਗਾਉਣ ਲਈ ਕੀਤੀ ਗਈ ਸੀ।
ਦਿਨ ਅਤੇ ਰਾਤ ਦੋਵੇਂ ਵੇਲੇ ਪ੍ਰਕਾਸ਼ ਦੀ ਸਥਿਤੀ ਵਿੱਚ ਬਦਲਾਅ ਨਾਲ ਸਮੁੰਦਰੀ ਪ੍ਰਜਾਤੀਆਂ ʼਤੇ ਕੀ ਅਸਰ ਪੈ ਸਕਦਾ ਹੈ, ਇਸ ਦੀ ਜਾਂਚ ਕਰਨ ਲਈ ਸੌਰ ਅਤੇ ਚੰਦਰ ਰੇਡੀਏਸ਼ਨ ਮਾਡਲ ਦੀ ਵੀ ਵਰਤੋਂ ਕੀਤੀ ਗਈ।
ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਰਾਤ ਵੇਲੇ ਪ੍ਰਕਾਸ਼ ਦੇ ਪੱਧਰ ਵਿੱਚ ਬਦਲਾਅ ਦਿਨ ਦੇ ਵੇਲੇ ਦੀ ਤੁਲਨਾ ਵਿੱਚ ਘੱਟ ਸੀ, ਪਰ ਫਿਰ ਵੀ ਉਹ ਵਾਤਾਵਰਣ ਪੱਖੋਂ ਅਹਿਮ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












