ਪੰਜਾਬ ਦੇ ਕਿਸਾਨਾਂ ਦੇ ਨਰਮੇ ਨੂੰ ਗੁਲਾਬੀ ਸੁੰਡੀ ਤੋਂ ਬਚਾਏਗਾ ਇਹ ਯੰਤਰ, ਕੀ ਹੈ 'ਏਆਈ ਸਮਾਰਟ ਟਰੈਪ'

ਗੁਲਾਬੀ ਸੁੰਡੀ ਕਪਾਹ ਅਤੇ ਨਰਮੇ ਦੀ ਫਸਲ ਨੂੰ ਨੁਕਸਾਨ ਪਹੁੰਚਾਉਂਦੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਲਾਬੀ ਸੁੰਡੀ ਕਪਾਹ ਅਤੇ ਨਰਮੇ ਦੀ ਫਸਲ ਨੂੰ ਨੁਕਸਾਨ ਪਹੁੰਚਾਉਂਦੀ ਹੈ
    • ਲੇਖਕ, ਹਰਮਨਦੀਪ ਸਿੰਘ, ਬੀਬੀਸੀ ਪੱਤਰਕਾਰ
    • ਰੋਲ, ਭਰਤ ਭੂਸ਼ਣ, ਬੀਬੀਸੀ ਸਹਿਯੋਗੀ

ਪੰਜਾਬ ਵਿੱਚ ਕਪਾਹ ਜਾਂ ਨਰਮੇ ਦੀ ਫ਼ਸਲ ਨੂੰ ਚਿੱਟਾ ਸੋਨਾ ਵੀ ਕਿਹਾ ਜਾਂਦਾ ਹੈ ਪਰ ਪਿਛਲੇ ਕਈ ਸਾਲਾਂ ਤੋਂ ਕਪਾਹ ਹੇਠਾਂ ਰਕਬਾ ਬਹੁਤ ਘਟਿਆ ਹੈ।

ਪਰ ਪੰਜਾਬ ਵਿੱਚ ਕਪਾਹ ਦੀ ਫ਼ਸਲ ਉੱਤੇ ਗੁਲਾਬੀ ਸੁੰਡੀ ਦੀ ਮਾਰ ਕਾਰਨ ਆਏ ਸਾਲ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।

ਇਸ ਤੋਂ ਬਚਾਅ ਲਈ ਕੇਂਦਰੀ ਕਪਾਹ ਖੋਜ ਸੰਸਥਾਨ ਦੁਆਰਾ ਵਿਕਸਿਤ ਕੀਤੇ ਗਏ ਏਆਈ-ਅਧਾਰਤ ਫੇਰੋਮੋਨ ਟਰੈਪ ਕਿਸਾਨਾਂ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ। ਪਰ ਇਸ ਬਾਰੇ ਕਿਸਾਨਾਂ ਨੂੰ ਸੀਮਤ ਜਾਣਕਾਰੀ ਹੀ ਹੈ।

ਇਹ ਤਕਨੀਕ ਕੀ ਹੈ? ਇਹ ਕਿਵੇਂ ਕੰਮ ਕਰਦੀ ਹੈ? ਕੀ ਇਸ ਨੂੰ ਕਿਸਾਨ ਵੱਡੇ ਪੱਧਰ ਉੱਤੇ ਅਪਣਾਅ ਸਕਦੇ ਹਨ? ਇਸ ਬਾਰੇ ਅਸੀਂ ਰਿਪੋਰਟ ਵਿੱਚ ਦੱਸਾਂਗੇ।

ਕਪਾਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ ਕਪਾਹ ਦੀ ਫ਼ਸਲ ਉੱਤੇ ਗੁਲਾਬੀ ਸੁੰਡੀ ਦੀ ਮਾਰ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ

ਪੰਜਾਬ ਵਿੱਚ ਇਸ ਤਕਨੀਕ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਪੰਜਾਬ ਖੇਤੀਬਾੜੀ ਵਿਭਾਗ ਅਤੇ ਕੇਂਦਰੀ ਕਪਾਹ ਖੋਜ ਸੰਸਥਾਨ (ਸੀਆਈਸੀਆਰ) ਦੇ ਸਿਰਸਾ ਵਿੱਚ ਸਥਿਤ ਖੇਤਰੀ ਸੰਸਥਾਨ ਦੀ ਅਗਵਾਈ ਅਤੇ ਨਿਗਰਾਨੀ ਵਿੱਚ ਹੋ ਰਹੀ ਹੈ।

ਸੰਸਥਾਨ ਦੁਆਰਾ ਵਿਕਸਤ ਕੀਤੇ ਗਏ ਏਆਈ-ਅਧਾਰਤ ਫੇਰੋਮੋਨ ਟਰੈਪ ਪੰਜਾਬ ਦੇ ਬਠਿੰਡਾ, ਮਾਨਸਾ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਵਰਤੇ ਜਾ ਰਹੇ ਹਨ। ਸੰਸਥਾਨਾਂ ਮੁਤਾਬਕ ਇਹ ਤਕਨੀਕ ਗੁਲਾਬੀ ਸੁੰਡੀ ਤੋਂ ਕਪਾਹ ਦੀ ਫਸਲ ਨੂੰ ਬਚਾਉਣ ਵਿੱਚ ਮਦਦ ਕਰਦੀ ਹੈ।

ਇਹ ਤਕਨੀਕ ਖੇਤ ਵਿੱਚ ਕਪਾਹ ਦੀ ਗੁਲਾਬੀ ਸੁੰਡੀ ਤੋਂ ਨਿਗਰਾਨੀ ਕਰਦੀ ਹੈ ਅਤੇ ਜਦੋਂ ਇਸ ਸੁੰਡੀ ਦਾ ਕਪਾਹ ਉੱਤੇ ਹਮਲਾ ਹੁੰਦਾ ਹੈ ਤਾਂ ਕਿਸਾਨਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨ ਵਿੱਚ ਤਸਵੀਰਾਂ ਸਮੇਤ ਚਿਤਾਵਨੀ ਭੇਜਦੀ ਹੈ। ਇਸ ਤੋਂ ਇਲਾਵਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੰਦੀ ਹੈ।

ਫੇਰੋਮੋਨ ਮਸ਼ੀਨ

ਇਹ ਤਕਨੀਕ ਕਿਵੇਂ ਕੰਮ ਕਰਦੀ ਹੈ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਮੁੱਖ ਕੀਟ ਵਿਗਿਆਨੀ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਦੇ ਖੇਤਾਂ ਵਿੱਚ ਇੱਕ ਡਿਵਾਇਸ ਲਗਾਇਆ ਜਾਂਦਾ ਹੈ। ਜਿਸ ਨੂੰ ਏਆਈ ਅਧਾਰਤ ਫੇਰੋਮੋਨ ਟਰੈਪ ਕਿਹਾ ਜਾਂਦਾ ਹੈ।

ਇਸ ਜਾਲ ਵਿੱਚ ਇੱਕ ਕੈਮਰਾ ਵੀ ਲੱਗਾ ਹੁੰਦਾ ਹੈ। ਇਹ ਕੈਮਰਾ ਫੇਰੋਮੋਨ ਦੀ ਗੰਧ ਦੁਆਰਾ ਆਕਰਸ਼ਿਤ ਹੋਣ ਤੋਂ ਬਾਅਦ ਜਾਲ ਵਿੱਚ ਫਸੇ ਕੀੜਿਆਂ ਦੀਆਂ ਤਸਵੀਰਾਂ ਲੈਂਦਾ ਹੈ।

ਫੋਰੇਮੋਨ ਇੱਕ ਰਸਾਇਣ ਹੈ ਜੋ ਮਾਦਾ ਕੀਟ ਦੁਆਰਾ ਛੱਡਿਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਨਰ ਕੀਟਾਂ ਨੂੰ ਅਕਰਸ਼ਿਤ ਕਰਨ ਲਈ ਕੀਤੀ ਜਾਂਦੀ ਸੀ। ਅਤੇ ਫਿਰ ਨਰ ਕੀਟਾਂ ਦੀ ਗਤੀਵਿਧੀ ਤੋਂ ਹਮਲੇ ਦੇ ਪੱਧਰ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ।

ਖਿੱਚੀਆਂ ਗਈਆਂ ਤਸਵੀਰਾਂ ਕਲਾਉਡ ਸਰਵਰ ਅਤੇ ਕਿਸਾਨਾਂ ਦੇ ਮੋਬਾਈਲ ਫੋਨਾਂ ਉੱਤੇ ਉਸੇ ਸਮੇਂ ਭੇਜੀਆਂ ਜਾਂਦੀਆਂ ਹਨ।

ਫੇਰੋਮੋਨ ਮਸ਼ੀਨ
ਤਸਵੀਰ ਕੈਪਸ਼ਨ, ਕਿਸਾਨਾਂ ਦੇ ਖੇਤਾਂ ਵਿੱਚ ਇੱਕ ਡਿਵਾਇਸ ਲਗਾਇਆ ਜਾਂਦਾ ਹੈ

ਇਹ ਡਿਵਾਇਸ ਇਨ੍ਹਾਂ ਤਸਵੀਰਾਂ ਦਾ ਮਸ਼ੀਨ ਲਰਨਿੰਗ ਐਲਗੋਰਿਦਮ ਦੀ ਵਰਤੋਂ ਨਾਲ ਵਿਸ਼ਲੇਸ਼ਣ ਕਰਕੇ ਗੁਲਾਬੀ ਸੁੰਡੀ ਦੀ ਪਛਾਣ ਕਰਦਾ ਅਤੇ ਉਸ ਦੀ ਗਿਣਤੀ ਵੀ ਕਰਦਾ ਹੈ। ਇਸ ਤਰ੍ਹਾਂ ਕਿਸਾਨਾਂ ਨੂੰ ਹਰ ਘੰਟੇ ਕੀੜਿਆਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ ਅਤੇ ਉਹ ਤੁਰੰਤ ਕੀਟਨਾਸ਼ਕਾਂ ਦੀ ਵਰਤੋਂ ਕਰ ਸਕਦੇ ਹਨ।

ਡਾ. ਵਿਜੇ ਕੁਮਾਰ ਦੱਸਦੇ ਹਨ ਕਿ ਕੀਟਾਂ ਵਿੱਚ ਅਕਸਰ ਮਾਦਾ ਕੀਟਾਂ ਦੀ ਗਿਣਤੀ ਨਰ ਕੀਟਾਂ ਨਾਲੋਂ ਵੱਧ ਹੁੰਦੀ ਹੈ। ਇਸ ਲਈ ਜਾਲ ਵਿੱਚ ਫਸੇ ਨਰ ਕੀਟਾਂ ਦੀ ਗਿਣਤੀ ਤੋਂ ਗੁਲਾਬੀ ਸੁੰਡੀ ਦੇ ਹਮਲੇ ਦੇ ਪੱਧਰ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।

ਫੇਰੋਮੋਨ ਮਸ਼ੀਨ
ਤਸਵੀਰ ਕੈਪਸ਼ਨ, ਇਹ ਡਿਵਾਇਸ ਤਸਵੀਰਾਂ ਖਿੱਚ ਕੇ ਸਬੰਧਤ ਫੋਨਾਂ ਵਿੱਚ ਭੇਜਦਾ ਹੈ
ਇਹ ਵੀ ਪੜ੍ਹੋ-

ਇਸ ਟਰੈਪ ਦੀ ਲੋੜ ਕਿਉਂ ਪਈ ?

ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਨਰਮਾ ਅਤੇ ਕਪਾਹ ਸਾਉਣੀ ਦੀ ਪ੍ਰਮੁੱਖ ਫ਼ਸਲ ਹੈ। ਮੌਜੂਦਾ ਸਮੇਂ ਪੰਜਾਬ ਵਿੱਚ ਇਸ ਦੀ ਕਾਸ਼ਤ ਮੁੱਖ ਤੌਰ ਉੱਤੇ ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਹੁੰਦੀ ਹੈ।

ਹਾਲਾਂਕਿ, ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵਿੱਚ ਵੀ ਕਪਾਹ ਬੀਜੀ ਜਾਂਦੀ ਹੈ ਪਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਇਸਦੀ ਖੇਤੀ ਬਹੁਤ ਛੋਟੇ ਪੱਧਰ ਉੱਤੇ ਹੁੰਦੀ ਹੈ।

ਫਰੀਦਕੋਟ ਜ਼ਿਲ੍ਹੇ ਦੇ ਖਾਰਾ ਪਿੰਡ ਦੇ ਰਹਿਣ ਵਾਲੇ ਕਿਸਾਨ ਸੁਖਜਿੰਦਰ ਸਿੰਘ ਨੇ ਦੱਸਿਆ, "ਇਹ ਡਿਵਾਇਸ ਹਰ ਇੱਕ ਘੰਟੇ ਬਾਅਦ ਅਧਿਕਾਰੀਆਂ ਨੂੰ ਤਸਵੀਰਾਂ ਅਤੇ ਜਾਣਕਾਰੀ ਭੇਜਦਾ ਹੈ। ਇਸ ਜਾਣਕਾਰੀ ਦੇ ਆਧਾਰ ਉੱਤੇ ਅਧਿਕਾਰੀ ਸਾਨੂੰ ਲੋੜੀਂਦੀ ਸਲਾਹ ਦਿੰਦੇ ਹਨ।"

ਵਿਜੇ ਕੁਮਾਰ ਦੱਸਦੇ ਹਨ ਕਿ ਇਸ ਤਜਰਬੇ ਤੋਂ ਮਿਲਣ ਵਾਲੇ ਨਤੀਜਿਆਂ ਦੇ ਅਧਾਰ ਉੱਤੇ ਇਸ ਤਕਨੀਕ ਦੀ ਕਿਸਾਨਾਂ ਲਈ ਵਰਤੋਂ ਬਾਰੇ ਸਿਫ਼ਾਰਿਸ਼ ਕੀਤੀ ਜਾਵੇਗੀ।

ਪੀਏਯੂ ਮੁਤਾਬਕ ਕਿਸਾਨਾਂ ਲਈ ਇਸ ਦਾ ਮੁੱਲ 35000 ਰੁਪਏ ਦੇ ਕਰੀਬ ਹੋ ਸਕਦਾ ਹੈ ਪਰ ਕੁਝ ਮਾਹਰਾਂ ਮੁਤਾਬਕ ਇਸ ਦੀ ਵੱਧ ਕੀਮਤ ਕਰਕੇ ਕਿਸਾਨ ਇਸ ਦੀ ਵਰਤੋਂ ਤੋਂ ਪਿੱਛੇ ਹਟ ਸਕਦੇ ਹਨ।

ਵੀਡੀਓ ਕੈਪਸ਼ਨ, ਪੰਜਾਬ ਵਿੱਚ ਨਰਮੇ ਹੇਠ ਰਕਬੇ ’ਚ ਕਿਉਂ ਆਈ ਵੱਡੀ ਗਿਰਾਵਟ

ਰਵਾਇਤੀ ਫੇਰੋਮੋਨ ਟਰੈਪ ਕੀ ਸੀ

ਡਾ. ਵਿਜੇ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਏਆਈ ਅਧਾਰਿਤ ਫੇਰੋਮੋਨ ਟਰੈਪ ਤੋਂ ਪਹਿਲਾਂ ਰਵਾਇਤੀ ਫੇਰੋਮਨ ਟਰੈਪ ਦੀ ਵਰਤੋਂ ਕੀਤੀ ਜਾਂਦੀ ਸੀ। ਕੁਝ ਕਮੀਆਂ ਹੋਣ ਕਰਕੇ ਇਹ ਟ੍ਰੈਪ ਜ਼ਿਆਦਾ ਕਾਰਗਰ ਸਾਬਤ ਨਹੀਂ ਹੋ ਸਕਿਆ।

ਇਸ ਰਵਾਇਤੀ ਟ੍ਰੈਟਰੈਪ ਵਿੱਚ ਕਿਸਾਨਾਂ ਨੂੰ ਖ਼ੁਦ ਇਸ ਦੀ ਨਿਗਰਾਨੀ ਲਗਾਤਾਰ ਕਰਨੀ ਪੈਂਦੀ ਸੀ, ਜੋ ਕਿ ਹਰ ਸਮੇਂ ਮੁਮਕਿਨ ਨਹੀਂ ਸੀ। ਕਿਸਾਨਾਂ ਨੇ ਆਪਣੀਆਂ ਹੋਰ ਫ਼ਸਲਾਂ ਦੀ ਵੀ ਕਾਸ਼ਤ ਕਰਨੀ ਹੁੰਦੀ ਸੀ।

ਇਸ ਲਈ ਉਹ ਲਗਾਤਾਰ ਇਸ ਟਰੈਪ ਦੀ ਨਿਗਰਾਨੀ ਨਹੀਂ ਕਰ ਸਕਦੇ ਸੀ। ਇਸ ਲਈ ਸਮੇਂ ਸਿਰ ਗੁਲਾਬੀ ਸੁੰਡੀ ਦੇ ਹਮਲੇ ਅਤੇ ਹਮਲੇ ਦੇ ਪੱਧਰ ਦਾ ਪਤਾ ਨਹੀਂ ਲੱਗਦਾ ਸੀ।

ਏਆਈ ਅਧਾਰਤ ਟਰੈਪ ਵਿੱਚ ਕੈਮਰਾ ਅਤੇ ਮਸ਼ੀਨ ਲਰਨਿੰਗ ਐਲਗੋਰਿਦਮ ਗੁਲਾਬੀ ਸੁੰਡੀ ਦੀ ਪਛਾਣ, ਗਿਣਤੀ ਅਤੇ ਵਿਸ਼ਲੇਸ਼ਣ ਕਰ ਕੇ ਕਿਸਾਨਾਂ ਨੂੰ ਸਮੇਂ ਸਿਰ ਚਿਤਾਵਨੀ ਭੇਜ ਦਿੰਦਾ ਹੈ।

ਗੁਲਾਬੀ ਸੁੰਡੀ

ਤਸਵੀਰ ਸਰੋਤ, BBC/Sukhwinder Singh

ਤਸਵੀਰ ਕੈਪਸ਼ਨ, ਨਰਮੇ ਨੂੰ ਪਈ ਸੁੰਡੀ ਦਿਖਾਉਂਦੇ ਹੋਏ ਕਿਸਾਨ

ਕਿਸਾਨਾਂ ਦਾ ਕੀ ਕਹਿਣਾ ਹੈ

ਫਰੀਦਕੋਟ ਜ਼ਿਲ੍ਹੇ ਦੇ ਖਾਰਾ ਪਿੰਡ ਦੇ ਰਹਿਣ ਵਾਲੇ ਕਿਸਾਨ ਸੁਖਜਿੰਦਰ ਸਿੰਘ ਨੇ ਦੱਸਿਆ, "ਇਹ ਡਿਵਾਇਸ ਹਰ ਇੱਕ ਘੰਟੇ ਬਾਅਦ ਅਧਿਕਾਰੀਆਂ ਨੂੰ ਤਸਵੀਰਾਂ ਅਤੇ ਜਾਣਕਾਰੀ ਭੇਜਦਾ ਹੈ। ਇਸ ਜਾਣਕਾਰੀ ਦੇ ਆਧਾਰ ਉੱਤੇ ਅਧਿਕਾਰੀ ਸਾਨੂੰ ਲੋੜੀਂਦੀ ਸਲਾਹ ਦਿੰਦੇ ਹਨ।"

ਮੁਕਤਸਰ ਜ਼ਿਲ੍ਹੇ ਦੇ ਪਿੰਡ ਭਾਗਸਰ ਦੇ ਵਸਨੀਕ ਕਿਸਾਨ ਬੇਅੰਤ ਸਿੰਘ ਨੇ ਦੱਸਿਆ, "ਖੇਤੀ ਨਾਲ ਜੁੜੇ ਹੋਏ ਅਧਿਕਾਰੀ ਸਾਨੂੰ ਅਗਾਊਂ ਚੇਤਾਵਨੀ ਦੇ ਦਿੰਦੇ ਹਨ। ਉਹ ਸਾਨੂੰ ਸੁੰਡੀ ਤੋਂ ਬਚਾਅ ਕਰਨ ਵਾਸਤੇ ਛਿੜਕਾਅ ਕਰਨ ਦੀ ਸਲਾਹ ਵੀ ਦਿੰਦੇ ਹਨ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)