ਪੰਜਾਬ: ਗਰਮ ਰੁੱਤ ਦੀ ਮੱਕੀ ਤੋਂ ਕਿਸਾਨਾਂ ਨੂੰ ਮਿਲ ਰਿਹਾ ਚੰਗਾ ਮੁਨਾਫ਼ਾ, ਪਰ ਖੇਤੀ ਮਾਹਰ ਕਿਉਂ ਹਨ ਚਿੰਤਤ

ਤਸਵੀਰ ਸਰੋਤ, Kulvir Singh/BBC
- ਲੇਖਕ, ਕੁਲਵੀਰ ਸਿੰਘ
- ਰੋਲ, ਬੀਬੀਸੀ ਸਹਿਯੋਗੀ
ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਸੰਤ ਰੁੱਤ ਵਿੱਚ ਬੀਜੀ ਜਾਣ ਵਾਲੀ ਮੱਕੀ ਦਾ ਰੁਝਾਨ ਵਧਿਆ ਹੈ, ਇਸ ਦਾ ਵੱਡਾ ਕਾਰਨ ਮੱਕੀ ਤੋਂ ਬਣਨ ਵਾਲਾ ਸਾਈਲਜ (ਅਚਾਰ) ਹੈ।
ਪਰ ਖੇਤੀ ਮਾਹਰਾਂ ਦੇ ਵੱਲੋਂ ਅਪ੍ਰੈਲ ਮਹੀਨੇ ਦੇ ਵਿੱਚ ਬੀਜੀ ਜਾਣ ਵਾਲੀ ਮੱਕੀ ਨੂੰ ਧਰਤੀ ਹੇਠਲੇ ਪਾਣੀ ਦੇ ਸੰਕਟ ਦੇ ਮੁੱਖ ਕਾਰਨਾਂ ਵਿੱਚੋ ਇੱਕ ਮੰਨਿਆ ਜਾ ਰਿਹਾ ਹੈ ਕਿਉਂਕਿ ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਨੂੰ 20 ਤੋਂ 22 ਵਾਰ ਦੇ ਕਰੀਬ ਪਾਣੀ ਲੱਗਦੇ ਹਨ।
ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੱਕੀ ਉਨ੍ਹਾਂ ਦੇ ਲਈ ਚੰਗੀ ਆਮਦਨ ਦਾ ਵੀ ਇੱਕ ਸਾਧਨ ਬਣ ਰਹੀ ਹੈ, ਕਿਉਂਕਿ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਵਿਦੇਸ਼ਾਂ ਵਾਂਗ ਮੱਕੀ ਦਾ ਸਾਈਲਜ (ਅਚਾਰ) ਬਣਾਇਆ ਜਾਣ ਲੱਗਾ ਹੈ, ਜਿਸ ਨੂੰ ਪੂਰਾ ਸਾਲ ਪਸ਼ੂਆਂ ਦੇ ਚਾਰੇ ਦੇ ਲਈ ਵਰਤਿਆ ਜਾਂਦਾ ਹੈ।
ਇਹ ਸਾਈਲਜ (ਅਚਾਰ) ਪੰਜਾਬ ਤੋਂ ਵੱਖ-ਵੱਖ ਸੂਬਿਆਂ ਦੇ ਵਿੱਚ ਵੇਚਿਆ ਜਾਂਦਾ ਹੈ, ਪਿਛਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਸਾਈਲਜ ਫੈਕਟਰੀਆਂ ਹੋਂਦ ਵਿੱਚ ਆਈਆਂ ਹਨ ਜੋ ਕਿਸਾਨਾਂ ਤੋਂ ਕਾਨਟ੍ਰੈਕਟ ਫਾਰਮਿੰਗ ਤੋਂ ਇਲਾਵਾ ਵੱਖ-ਵੱਖ ਤਰੀਕਿਆਂ ਨਾਲ ਮੱਕੀ ਦੀ ਖਰੀਦ ਕਰਦੀਆਂ ਹਨ।

ਤਸਵੀਰ ਸਰੋਤ, Kulvir Singh/BBC
ਮੱਕਾ ਬੀਜਣ ਦਾ ਸਮਾਂ
ਪੰਜਾਬ ਦੇ ਵਿੱਚ ਮੱਕੀ ਬੀਜਣ ਦਾ ਸਮਾਂ ਫਰਵਰੀ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਪਰ ਜ਼ਿਆਦਾਤਰ ਮੱਕੀ ਕਣਕ ਵੱਢਣ ਤੋਂ ਬਾਅਦ ਬੀਜੀ ਜਾਂਦੀ ਹੈ, ਜਿਸ ਨੂੰ ਵੱਡੇ ਪੱਧਰ ਤੇ ਸਾਈਲਜ (ਅਚਾਰ) ਵਜੋਂ ਵਰਤਿਆ ਜਾਂਦਾ ਹੈ।
ਇਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਮੱਕੀ ਨੂੰ ਘਰੇਲੂ ਪਸ਼ੂਆਂ ਲਈ ਸਟੋਰ ਕੀਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਸਾਈਲਜ ਫੈਕਟਰੀਆਂ ਨੂੰ ਵੀ ਵੇਚਿਆ ਜਾਂਦਾ ਹੈ।
ਪੰਜਾਬ ਦੇ ਸੰਗਰੂਰ ਦੇ ਵਿੱਚ ਵੱਡੇ ਪੱਧਰ ਤੇ ਕਿਸਾਨ ਗਰਮ ਰੁੱਤ (ਸਮਰ ਮੇਜ਼) ਦੀ ਮੱਕੀ ਨੂੰ ਚੰਗੀ ਆਮਦਨ ਦੇ ਤੌਰ ʼਤੇ ਵੀ ਬੀਜਦੇ ਹਨ।
ਇਸ ਵਾਰ ਸੰਗਰੂਰ ਦੇ ਵਿੱਚ 3244 ਹੈਕਟੇਅਰ ਰਕਬਾ ਗਰਮ ਰੁੱਤ ਦੀ ਮੱਕੀ ਦੇ ਹੇਠ ਹੈ।
ਕਿਸਾਨ ਮਨਪ੍ਰੀਤ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਨੇ ਮੱਕੀ ਲਗਾਉਣ ਦੀ ਸ਼ੁਰੂਆਤ 2018 ਦੇ ਵਿੱਚ ਕੀਤੀ ਸੀ, ਇਸ ਸਮੇਂ ਉਹ ਤਿੰਨ ਏਕੜ ਦੇ ਵਿੱਚ ਮੱਕੀ ਦੀ ਫ਼ਸਲ ਉਗਾਉਂਦੇ ਹਨ। ਜਿਸ ਨੂੰ ਉਹ ਸਾਈਲਜ (ਮੱਕੀ ਦਾ ਅਚਾਰ) ਵਜੋਂ ਵਰਤਦੇ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਨ੍ਹਾਂ ਨੂੰ ਪਸ਼ੂਆਂ ਦੇ ਲਈ ਵੱਖਰੇ ਤੌਰ ʼਤੇ ਜ਼ਿਆਦਾ ਫੀਡ ਦੀ ਵਰਤੋਂ ਨਹੀਂ ਕਰਨੀ ਪੈਂਦੀ। ਖੇਤਾਂ ਦੇ ਵਿੱਚ ਪੱਠੇ ਬੀਜਣ ਦੀ ਵੀ ਜਰੂਰਤ ਨਹੀਂ ਪੈਂਦੀ ਕਿਉਂਕਿ ਇੱਕ ਵਾਰ ਸਾਈਲਜ ਸਟੋਰ ਕਰਨ ʼਤੇ ਇੱਕ ਸਾਲ ਤੱਕ ਉਹ ਆਪਣੇ ਪਸ਼ੂਆਂ ਨੂੰ ਇਹੋ ਅਚਾਰ ਪਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਚਾਰੇ ਦੇ ਅਚਾਰ ਦਾ ਪਸ਼ੂਆਂ ਉੱਤੇ ਵੀ ਕਾਫੀ ਅਸਰ ਦੇਖਣ ਨੂੰ ਮਿਲਦਾ।
ਮਨਪ੍ਰੀਤ ਦੱਸਦੇ ਹਨ ਕਿ ਇੱਕ ਏਕੜ ਮੱਕੀ ਨੂੰ ਪੈਦਾ ਕਰਨ ਉੱਤੇ 20 ਹਜ਼ਾਰ ਰੁਪਏ ਖਰਚਾ ਆਉਂਦਾ ਹੈ ਅਤੇ 50 -60 ਹਜ਼ਾਰ ਦੇ ਕਰੀਬ ਇੱਕ ਏਕੜ ਦੇ ਵਿੱਚੋਂ ਕੁੱਲ ਆਮਦਨ ਹੋ ਜਾਂਦੀ ਹੈ। ਜਿਸ ਵਿੱਚੋਂ ਕਿਸਾਨ ਨੂੰ 25 ਤੋਂ 30 ਹਜ਼ਾਰ ਬਚਦੇ ਹਨ।
ਕਿਸਾਨ ਸਤਨਾਮ ਸਿੰਘ ਦੱਸਦੇ ਹਨ ਕਿ ਉਹ ਪਿਛਲੇ 10 ਸਾਲਾਂ ਤੋਂ ਮੱਕੀ ਦੀ ਖੇਤੀ ਕਰਦੇ ਆ ਰਹੇ ਹਨ।
ਉਨ੍ਹਾਂ ਨੇ ਇੱਕ ਏਕੜ ਤੋਂ ਇਸ ਦੀ ਸ਼ੁਰੂਆਤ ਕੀਤੀ ਸੀ। ਸ਼ੁਰੂ ਦੇ ਵਿੱਚ ਉਹ ਪੱਕਣ ਵਾਲੀ ਮੱਕੀ ਦੀ ਖੇਤੀ ਕਰਦੇ ਸਨ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਮੱਕੀ ਦੀ ਸਹੀ ਕੀਮਤ ਨਾ ਮਿਲਣ ਕਾਰਨ ਹੁਣ ਉਹ ਸਾਈਲਜ ਦੇ ਤੌਰ ʼਤੇ ਮੱਕੀ ਬੀਜਦੇ ਹਨ।
ਕਿਸਾਨਾਂ ਦਾ ਤਰਕ
ਇਸ ਸਾਲ ਉਨ੍ਹਾਂ ਨੇ 10 ਏਕੜ ਦੇ ਵਿੱਚ ਮੱਕੀ ਦੀ ਫ਼ਸਲ ਬੀਜੀ ਹੋਈ ਹੈ। ਜਿਸ ਦੇ ਵਿੱਚ ਉਨ੍ਹਾਂ ਨੇ ਆਲੂ ਦੀ ਫ਼ਸਲ ਤੋਂ ਬਾਅਦ ਵੀ ਮੱਕੀ ਬੀਜੀ ਸੀ।
ਉਨ੍ਹਾਂ ਦਾ ਮੰਨਣਾ ਹੈ, ਮੱਕੀ ਦਾ ਅਚਾਰ ਬਣਨ ਦੇ ਨਾਲ ਕਿਸਾਨਾਂ ਨੂੰ ਇਸ ਤੋਂ ਚੰਗੀ ਆਮਦਨ ਹੋਣ ਲੱਗੀ ਹੈ।
ਗਰਮ ਰੁੱਤ ਦੀ ਮੱਕੀ ਦੇ ਉੱਪਰ ਵਰਤੇ ਜਾਣ ਵਾਲੇ ਧਰਤੀ ਹੇਠਲੇ ਪਾਣੀ ਦੇ ਉੱਪਰ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਜੇਕਰ ਇਸ ਸਮੇਂ ਝੋਨਾ ਲਗਾਉਂਦੇ ਹਨ ਤਾਂ ਮੌਸਮ ਦੇ ਵਿੱਚ ਨਮੀ ਹੋਣ ਕਾਰਨ ਝੋਨੇ ਤੇ ਪਾਣੀ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਤੇ ਦੂਸਰੇ ਪਾਸੇ ਮੱਕੀ ਨੂੰ ਆਧੁਨਿਕ ਮਸ਼ੀਨ ਦੁਆਰਾ ਬੈੱਡਾਂ (ਫ਼ਸਲ ਲਈ ਤਿਆਰ ਕੀਤੀ ਹੋਈ ਜ਼ਮੀਨ) ਦੇ ਉੱਪਰ ਲਗਾਇਆ ਜਾਂਦਾ ਹੈ। ਜਿਸ ਦੇ ਨਾਲ ਇਸ ਦੇ ਉੱਪਰ ਜ਼ਿਆਦਾ ਪਾਣੀ ਦੀ ਵਰਤੋਂ ਨਹੀਂ ਹੁੰਦੀ।
ਦੂਜਾ ਉਹ ਦੱਸਦੇ ਹਨ ਕਿ ਇਸ ਦੇ ਨਾਲ ਕਿਸਾਨ ਇੱਕ ਸਾਲ ਦੇ ਵਿੱਚ ਇੱਕ ਏਕੜ ਦੇ ਵਿੱਚੋਂ ਤਿੰਨ ਫ਼ਸਲਾਂ ਬੀਜ ਸਕਦਾ ਹੈ ਕਿਉਂਕਿ ਇਸ ਨੂੰ ਵੱਢਣ ਤੋਂ ਬਾਅਦ ਉਹ ਖੇਤ ਦੇ ਵਿੱਚ ਬਾਸਮਤੀ ਝੋਨਾ ਲਗਾਉਂਦੇ ਹਾਂ, ਜੋ ਮੌਨਸੂਨ ਸੀਜ਼ਨ ਦੇ ਵਿੱਚ ਆ ਜਾਂਦਾ ਹੈ।

ਤਸਵੀਰ ਸਰੋਤ, Kulvir Singh/BBC
ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਸਾਉਣੀ ਦੀ ਮੱਕੀ ਦੀ ਖਰੀਦ ਉੱਪਰ ਐੱਮਐੱਸਪੀ ਐਲਾਨ ਦਿੰਦੀ ਹੈ ਤਾਂ ਕਿਸਾਨ ਆਪਣੀ ਇੱਕ ਏਕੜ ਫ਼ਸਲ ਦੇ ਵਿੱਚੋਂ ਦੋ ਵਾਰ ਮੱਕੀ ਦੀ ਫ਼ਸਲ ਬੀਜ ਸਕਦਾ ਹੈ।
ਪਿੰਡ ਦੁੱਗਾਂ ਦੇ ਜਸਵੀਰ ਸਿੰਘ ਸੰਗਰੂਰ ਤੋਂ ਬਰਨਾਲਾ ਨੈਸ਼ਨਲ ਹਾਈਵੇ ਦੇ ਉੱਪਰ ਆਪਣੀ ਨਿੱਜੀ ਸਾਈਲਜ ਫੈਕਟਰੀ ਚਲਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁਰੂ ਦੇ ਵਿੱਚ ਆਪਣੇ ਘਰ ਤੋਂ ਹੀ, ਮੱਕੀ ਦਾ ਸਾਈਲਜ ਬਣਾਉਣ ਦੀ ਸ਼ੁਰੂਆਤ ਕੀਤਾ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਤਿੰਨ ਦੋਸਤਾਂ ਦੇ ਨਾਲ ਰਲ ਕੇ ਸਾਈਲਜ ਪਲਾਂਟ ਲਗਾਇਆ, ਜਸਵੀਰ ਸਿੰਘ ਦੱਸਦੇ ਹਨ ਕਿ ਸ਼ੁਰੂ ਦੇ ਵਿੱਚ ਉਨ੍ਹਾਂ ਨੇ ਕਿਸਾਨਾਂ ਦੇ ਨਾਲ ਗੱਲ ਕਰ ਕੇ ਉਨ੍ਹਾਂ ਤੋਂ ਕਾਂਟ੍ਰੈਕਟ ਫਾਰਮਿੰਗ ਦੇ ਰਾਹੀਂ ਵੀ ਮੱਕੀ ਦੀ ਖ਼ਰੀਦ ਕੀਤੀ।

ਤਸਵੀਰ ਸਰੋਤ, Kulvir Singh/BBC
ਸਾਇਲਜ ਤੋਂ ਆਮਦਨੀ
ਇਸ ਸਮੇਂ ਸਾਈਲਿਸ ਫੈਕਟਰੀ ਦੇ ਵਿੱਚ ਉਹ ਤਿੰਨ ਸੌ ਤੀਹ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਮੱਕੀ ਦੀ ਖਰੀਦ ਕਰ ਰਹੇ ਹਨ ਤੇ ਅਗਲੀ ਆਉਣ ਵਾਲੀ ਮੱਕੀ ਦੀ ਕੀਮਤ ਵਧਣ ਦੇ ਆਸਾਰ ਹਨ।
ਉਹ ਦੱਸਦੇ ਹਨ, "ਪਿਛਲੇ ਸਾਲ ਮੈਂ ਇੱਕ ਕੁਇੰਟਲ ਦੇ ਵਜਨ ਵਾਲੀਆਂ 2 ਲੱਖ ਦੇ ਕਰੀਬ ਗੰਢਾਂ ਸਟੋਰ ਕੀਤੀਆਂ ਸਨ ਤੇ ਇਹ ਸਾਲ ਵੀ ਉਨ੍ਹਾਂ ਨੇ ਇਹ ਅੰਕੜਾ ਵਧਾਉਣ ਦਾ ਟੀਚਾ ਰੱਖਿਆ ਹੋਇਆ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਾਈਲਜ ਉੱਤਰਾਖੰਡ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਰਗੇ ਸੂਬਿਆਂ ਦੇ ਵਿੱਚ ਜਾਂਦਾ ਹੈ, ਜਿਸ ਦੇ ਆਰਡਰ ਉਨ੍ਹਾਂ ਕੋਲੇ ਪਹਿਲਾਂ ਬੁੱਕ ਹੋ ਜਾਂਦੇ ਹਨ।

ਤਸਵੀਰ ਸਰੋਤ, Kulvir Singh/BBC
ਉਹ ਦੱਸਦੇ ਹਨ ਕਿ ਸਾਈਲਜ ਨੂੰ ਸਟੋਰ ਕਰਨ ਦੇ ਲਈ 20 ਦਿਨਾਂ ਦਾ ਸੀਜ਼ਨ ਹੁੰਦਾ ਹੈ। ਜਿਸ ਦੇ ਵਿੱਚ ਉਹ ਕਿਸਾਨਾਂ ਦੇ ਖੇਤਾਂ ਚੋਂ ਮੱਕੀ ਦੀ ਖਰੀਦ ਕਰਦੇ ਹਨ ਤੇ ਵੱਡੇ ਪੱਧਰ ਤੇ ਆਪਣੀ ਫੈਕਟਰੀ ਦੇ ਵਿੱਚ ਸਾਈਲਜ ਨੂੰ ਸਟੋਰ ਕਰਦੇ ਹਨ।
ਇਸ ਵਾਰ ਉਹ ਕਿਸਾਨਾਂ ਦੇ ਕੋਲੋਂ 330 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਮੱਕੀ ਖਰੀਦ ਰਹੇ ਹਨ ਜਿਸ ਨੂੰ ਕਿ ਉਹ ਅੱਗੇ ਤਿਆਰ ਕਰ ਕੇ 600 ਪ੍ਰਤੀ ਕੁਇੰਟਲ ਵੇਚਦੇ ਹਨ।
ਉਨ੍ਹਾਂ ਨੂੰ ਇੱਕ ਸਾਲ ਦੇ ਵਿੱਚ ਸਾਈਲਜ ਫੈਕਟਰੀ ਤੋਂ ਚੰਗੀ ਆਮਦਨ ਹੋ ਜਾਂਦੀ ਹੈ।
ਜਸਵੀਰ ਸਿੰਘ ਦਾ ਕਹਿਣਾ ਹੈ ਕਿ ਬਾਹਰਲੇ ਸੂਬਿਆਂ ਦੇ ਵਿੱਚ ਸਾਈਲਜ ਦੀ ਡਿਮਾਂਡ ਵਧਣ ਦੇ ਨਾਲ ਸੰਗਰੂਰ ਦੇ ਵਿੱਚ ਵੀ ਸਾਈਲਜ ਫੈਕਟਰੀਆਂ ਵੱਧ ਰਹੀਆਂ ਹਨ।

ਤਸਵੀਰ ਸਰੋਤ, Kulvir Singh/BBC
ਮਾਹਰਾਂ ਦੀ ਰਾਇ
ਸੰਗਰੂਰ ਦੇ ਮੁੱਖ ਖੇਤੀਬਾੜੀ ਅਫਸਰ ਧਰਮਿੰਦਰਜੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਵੱਲੋਂ ਗਰਮ ਰੁੱਤ ਦੀ ਮੱਕੀ ਦੀ ਥਾਂ ਤੇ ਸਉਣੀ ਦੀ ਮੱਕੀ ਬੀਜਣ ਦੇ ਲਈ ਕਿਸਾਨਾਂ ਨੂੰ ਸਿਫਾਰਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਗਰਮ ਰੁੱਤ ਦੀ ਮੱਕੀ ਪੱਕਣ ਤੱਕ 20 ਤੋਂ 22 ਵਾਰ ਦੇ ਕਰੀਬ ਪਾਣੀ ਲੈਂਦੀ ਹੈ, ਜਿਸ ਕਰਕੇ ਖੇਤੀਬਾੜੀ ਵਿਭਾਗ ਦੇ ਵੱਲੋਂ ਇਸ ਮੱਕੀ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ।
ਖੇਤੀਬਾੜੀ ਵਿਭਾਗ ਦੇ ਵੱਲੋਂ ਇਸ ਵਾਰ ਲਗਾਤਾਰ ਸਾਉਣੀ ਦੀ ਮੱਕੀ ਹੇਠ ਰਕਬਾ ਵਧਾਉਣ ਦੇ ਲਈ ਕਿਸਾਨਾਂ ਦੇ ਵਿਸ਼ੇਸ਼ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ।
ਇਸ ਵਾਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਵੱਲੋਂ 2000 ਹੈਕਟੇਅਰ ਦੇ ਕਰੀਬ ਰਕਬੇ ਦਾ ਟੀਚਾ ਰੱਖਿਆ ਗਿਆ ਹੈ।

ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸਾਉਣੀ ਦੀ ਮੱਕੀ ਵੱਲ ਉਤਸ਼ਾਹਿਤ ਕਰਨ ਦੇ ਲਈ ਕਿਸਾਨਾਂ ਨੂੰ 17000 ਰੁਪਏ ਪ੍ਰਤੀ ਹੈਕਟੇਅਰ ਰਾਸ਼ੀ ਦਿੱਤੀ ਜਾਵੇਗੀ।
ਮਾਹਰਾਂ ਮੁਤਾਬਕ ਗਰਮੀਆਂ ਵਿੱਚ ਬੀਜੀ ਜਾਣ ਵਾਲੀ ਮੱਕੀ ਝੋਨੇ ਜਿੰਨਾ ਹੀ ਪਾਣੀ ਪੀਂਦੀ ਹੈ। ਇਹ ਸੂਬੇ ਵਿੱਚ ਪਹਿਲਾਂ ਹੀ ਘੱਟ ਰਹੇ ਜ਼ਮੀਨੀ ਪਾਣੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਾਸਤੇ ਨਵੀਂ ਚੁਣੌਤੀ ਹੈ।
ਖੇਤੀਬਾੜੀ ਮਾਹਰ ਕਿਸਾਨਾਂ ਨੂੰ ਇਸ ਫ਼ਸਲ ਦੀ ਕਾਸ਼ਤ ਰੋਕਣ ਦਾ ਸੁਝਾਅ ਦਿੰਦੇ ਹਨ ਕਿਉਂਕਿ ਪਾਣੀ ਦੀ ਵੱਧ ਖ਼ਪਤ ਵਾਲੀ ਇਸ ਫ਼ਸਲ ਦੀ ਕਾਸ਼ਤ ਨਾਲ ਜ਼ਮੀਨੀ ਪਾਣੀ ਦੇ ਪੱਧਰ 'ਤੇ ਬੋਝ ਵਧਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਗਰਮੀਆਂ ਦੀ ਮੱਕੀ, ਜੋ ਕਿ ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਬੀਜੀ ਜਾਂਦੀ ਹੈ, ਇਸਨੂੰ ਜ਼ਿਆਦਾ ਸਿੰਜਾਈ ਦੀ ਲੋੜ ਹੁੰਦੀ ਹੈ।
ਕਿਸਾਨਾਂ ਵੱਲੋਂ ਗਰਮੀਆਂ ਦੀ ਮੱਕੀ ਨੂੰ ਅਪਣਾਉਣ ਕਰ ਕੇ ਚਿੰਤਤ ਹਨ ਕਿਉਂਕਿ ਉਹ ਪਹਿਲਾਂ ਹੀ ਪਾਣੀ ਦੇ ਪੱਧਰ ਨੂੰ ਘਟਣ ਤੋਂ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












