ਆਈਐਨਐਸ 'ਅਰਣਾਲਾ': ਜਲ ਸੈਨਾ ਦੇ ਇਸ ਨਵੇਂ ਜੰਗੀ ਜਹਾਜ਼ ਵਿੱਚ ਅਜਿਹਾ ਕੀ ਹੈ ਕਿ ਦੁਸ਼ਮਣ ਪਣਡੁੱਬੀ ਲਈ ਇਸ ਨੂੰ ਲੱਭਣਾ ਹੋਵੇਗਾ ਮੁਸ਼ਕਲ

ਤਸਵੀਰ ਸਰੋਤ, Indian Navy
- ਲੇਖਕ, ਜੁਗਲ ਪੁਰੋਹਿਤ
- ਰੋਲ, ਬੀਬੀਸੀ ਪੱਤਰਕਾਰ, ਵਿਸ਼ਾਖਾਪਟਨਮ ਤੋਂ
ਇੰਡੀਅਨ ਨੇਵੀ ਸ਼ਿਪ (ਆਈਐਨਐਸ) ਅਰਣਾਲਾ ਭਾਰਤ ਦਾ ਨਵਾਂ ਅਤਿ-ਆਧੁਨਿਕ ਸਵਦੇਸ਼ੀ ਜੰਗੀ ਜਹਾਜ਼ ਹੈ। ਪਣਡੁੱਬੀ ਮਾਰਕ ਸਮਰੱਥਾਵਾਂ ਨਾਲ ਲੈਸ, ਇਸ ਜੰਗੀ ਜਹਾਜ਼ ਨੇ ਭਾਰਤੀ ਜਲ ਸੈਨਾ ਵਿੱਚ ਇੱਕ ਮਹੱਤਵਪੂਰਨ ਕੜੀ ਜੋੜੀ ਹੈ।
ਬੀਬੀਸੀ ਹਿੰਦੀ ਨੂੰ ਇਸ ਜਹਾਜ਼ ਤੋਂ ਇੱਕ ਵਿਸ਼ੇਸ਼ ਰਿਪੋਰਟ ਕਰਨ ਦੀ ਇਜਾਜ਼ਤ ਮਿਲੀ। ਹਾਲਾਂਕਿ, ਸੁਰੱਖਿਆ ਕਾਰਨਾਂ ਕਰਕੇ ਜਹਾਜ਼ ਦੇ ਕੁਝ ਹਿੱਸਿਆਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ।
ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਵਦੇਸ਼ੀ ਜੰਗੀ ਜਹਾਜ਼ ਸਮੁੰਦਰੀ ਸੁਰੱਖਿਆ ਦੇ ਮਾਮਲੇ ਵਿੱਚ ਮਹੱਤਵਪੂਰਨ ਭੂਮਿਕਾ ਕਿਉਂ ਨਿਭਾਉਣ ਜਾ ਰਿਹਾ ਹੈ?
ਅੰਕੜੇ ਦਰਸਾਉਂਦੇ ਹਨ ਕਿ ਭਾਰਤ ਦੀ ਲਗਭਗ 95 ਫ਼ੀਸਦ ਅੰਤਰਰਾਸ਼ਟਰੀ ਵਪਾਰਕ ਆਵਾਜਾਈ ਸਮੁੰਦਰੀ ਮਾਰਗਾਂ ਰਾਹੀਂ ਹੁੰਦੀ ਹੈ।
ਇਨ੍ਹਾਂ ਮਾਰਗਾਂ ਵਿੱਚ ਅਰਬ ਸਾਗਰ, ਬੰਗਾਲ ਦੀ ਖਾੜੀ ਅਤੇ ਹਿੰਦ ਮਹਾਸਾਗਰ ਦੇ ਸਮੁੰਦਰੀ ਖੇਤਰ ਸ਼ਾਮਲ ਹਨ। ਇੰਨਾ ਹੀ ਨਹੀਂ, ਇਨ੍ਹਾਂ ਖੇਤਰਾਂ ਵਿੱਚ ਵਿਸ਼ਵਵਿਆਪੀ ਮੁਕਾਬਲਾ ਵੀ ਤੇਜ਼ ਹੋ ਰਿਹਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਭਾਰਤ ਦੀ ਆਰਥਵਿਵਸਥਾ ਸਮੁੰਦਰੀ ਮਾਰਗ 'ਤੇ ਕਿਸ ਹੱਦ ਤੱਕ ਨਿਰਭਰ ਹੈ।

ਤਸਵੀਰ ਸਰੋਤ, Getty Images
ਸੁਰੱਖਿਆ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਭਾਰਤ ਦੇ ਸਮੁੰਦਰੀ ਤੱਟ ਦੀ ਲੰਬਾਈ 11 ਹਜ਼ਾਰ ਕਿਲੋਮੀਟਰ ਤੋਂ ਵੱਧ ਹੈ। ਇਸ ਪੂਰੇ ਖੇਤਰ ਵਿੱਚ 200 ਤੋਂ ਵੱਧ ਬੰਦਰਗਾਹਾਂ ਅਤੇ ਕਈ ਤੱਟਵਰਤੀ ਸ਼ਹਿਰ ਮੌਜੂਦ ਹਨ।
ਇਸ ਦੇ ਨਾਲ ਹੀ, ਹਿੰਦ ਮਹਾਸਾਗਰ ਖੇਤਰ ਵਿੱਚ ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੇ ਵਧਦੇ ਜਲ ਸੈਨਾ ਪ੍ਰਭਾਵ ਨੇ ਵੀ ਭਾਰਤ ਲਈ ਸਮੁੰਦਰੀ ਰਣਨੀਤੀ ਨੂੰ ਹੋਰ ਮਹੱਤਵਪੂਰਨ ਬਣਾ ਦਿੱਤਾ ਹੈ।
ਇਸ ਸਭ ਦੇ ਮੱਦੇਨਜ਼ਰ, ਭਾਰਤ ਵੀ ਆਪਣੀਆਂ ਪਣਡੁੱਬੀਆਂ ਦੀ ਗਿਣਤੀ ਅਤੇ ਜਲ ਸੈਨਾ ਦੀ ਸਮਰੱਥਾ ਵਧਾ ਰਿਹਾ ਹੈ। ਇਸੇ ਰਣਨੀਤਕ ਜ਼ਰੂਰਤ ਦੇ ਤਹਿਤ, ਭਾਰਤੀ ਜਲ ਸੈਨਾ ਨੇ ਹਾਲ ਹੀ ਵਿੱਚ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਆਈਐਨਐਸ ਅਰਣਾਲਾ ਨੂੰ ਆਪਣੇ ਬੇੜੇ ਵਿੱਚ ਸ਼ਾਮਲ ਕੀਤਾ ਹੈ।
ਆਈਐਨਐਸ ਅਰਣਾਲਾ ਦੀ ਵਿਸ਼ੇਸ਼ਤਾ ਕੀ ਹੈ?

ਆਈਐਨਐਸ ਅਰਣਾਲਾ ਭਾਰਤ ਦਾ ਸਭ ਤੋਂ ਨਵਾਂ ਪਣਡੁੱਬੀ-ਰੋਧੀ (ਐਂਟੀ-ਸਬਮਰੀਨ) ਜੰਗੀ ਜਹਾਜ਼ ਹੈ। ਇਹ ਜੰਗੀ ਜਹਾਜ਼ ਕਈ ਮਾਅਨਿਆਂ 'ਚ ਵਿਸ਼ੇਸ਼ ਹੈ। ਇਸਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਮੁੰਦਰ ਵਿੱਚ ਘੱਟ ਡੂੰਘਾਈ ਵਾਲੇ ਖੇਤਰਾਂ ਵਿੱਚ ਭਾਵ ਤੱਟ ਦੇ ਨੇੜੇ ਵੀ ਦੁਸ਼ਮਣ ਪਣਡੁੱਬੀਆਂ ਨੂੰ ਲੱਭ ਸਕਦਾ ਹੈ।
ਆਈਐਨਐਸ ਅਰਣਾਲਾ ਵਰਗੇ ਜੰਗੀ ਜਹਾਜ਼ ਦੀ ਜਲ ਸੈਨਾ ਨੂੰ ਕਿੰਨੀ ਲੋੜ ਹੈ, ਇਸ ਗੱਲ ਨੂੰ ਇਸ ਤੱਥ ਤੋਂ ਸਮਝਿਆ ਜਾ ਸਕਦਾ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ, ਭਾਰਤੀ ਜਲ ਸੈਨਾ ਦੇ ਬੇੜੇ ਵਿੱਚ 15 ਹੋਰ ਅਜਿਹੇ ਜੰਗੀ ਜਹਾਜ਼ ਸ਼ਾਮਲ ਕੀਤੇ ਜਾਣਗੇ।
ਰੱਖਿਆ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, 16 ਜਹਾਜ਼ਾਂ ਦੇ ਇਸ ਪ੍ਰੋਜੈਕਟ ਦੀ ਕੁੱਲ ਲਾਗਤ ਬਾਰਾਂ ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ।
ਇਹ ਜਹਾਜ਼ ਕੋਲਕਾਤਾ ਦੇ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼ ਲਿਮਟਿਡ (ਜੀਆਰਐਸਐਸਈ ਸ਼ਿਪਯਾਰਡ) ਅਤੇ ਕੋਚੀ ਦੇ ਕੋਚੀਨ ਸ਼ਿਪਯਾਰਡ ਵਿੱਚ 'ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ' ਅਧੀਨ ਬਣਾਏ ਜਾ ਰਹੇ ਹਨ।

ਜਿਸ ਦਿਨ ਬੀਬੀਸੀ ਹਿੰਦੀ ਦੀ ਟੀਮ ਆਈਐਨਐਸ ਅਰਣਾਲਾ ਪਹੁੰਚੀ, ਇਸ 'ਤੇ ਤਾਇਨਾਤ ਜਲ ਸੈਨਾ ਅਧਿਕਾਰੀਆਂ ਅਤੇ ਫੌਜੀਆਂ ਲਈ ਇਹ ਇੱਕ ਆਮ ਦਿਨ ਸੀ। ਜੰਗੀ ਜਹਾਜ਼ 'ਤੇ ਕਈ ਤਰ੍ਹਾਂ ਦੇ ਸਮਾਨ ਲਿਆਂਦੇ ਜਾ ਰਹੇ ਸਨ। ਇਸ ਹਲਚਲ ਅਤੇ ਸ਼ੋਰ-ਸ਼ਰਾਬੇ ਦੇ ਵਿਚਕਾਰ ਐਸਨ ਆਈਐਨਐਸ ਅਰਣਾਲਾ ਦੇ ਅੰਦਰ ਗਏ।
ਇੱਕ ਜੰਗੀ ਜਹਾਜ਼ ਵਿੱਚ ਵੱਖ-ਵੱਖ ਤਰ੍ਹਾਂ ਦੇ ਸੈਂਸਰ, ਹਥਿਆਰ, ਇੰਜਣ ਅਤੇ ਸੰਚਾਰ ਦੇ ਸਾਧਨ ਆਦਿ ਹੁੰਦੇ ਹਨ। ਇਸ ਲਈ, ਇਸਦੇ ਅੰਦਰ ਤੁਰਨ-ਫਿਰਨ ਲਈ ਜ਼ਿਆਦਾ ਜਗ੍ਹਾ ਨਹੀਂ ਹੁੰਦੀ। ਅਸੀਂ ਆਈਐਨਐਸ ਅਰਣਾਲਾ ਵਿੱਚ ਵੀ ਇਹੀ ਚੀਜ਼ ਦੇਖੀ।
ਆਈਐਨਐਸ ਅਰਣਾਲਾ ਦੇ ਅੰਦਰ ਛੇ ਮੰਜ਼ਿਲਾਂ ਹਨ ਅਤੇ ਲੋਕ ਪੌੜੀਆਂ ਦੀ ਮਦਦ ਨਾਲ ਉੱਪਰ-ਹੇਠਾਂ ਜਾਂਦੇ ਹਨ।
ਆਈਐਨਐਸ ਅਰਣਾਲਾ ਦੇ ਕਮਾਂਡਿੰਗ ਅਫਸਰ ਕੀ ਕਹਿੰਦੇ ਹਨ?

ਦੁਸ਼ਮਣ ਪਣਡੁੱਬੀਆਂ ਦਾ ਪਤਾ ਲਗਾਉਣ ਲਈ ਇਸ ਜੰਗੀ ਜਹਾਜ਼ ਵਿੱਚ ਕਈ ਤਰ੍ਹਾਂ ਦੇ 'ਸੋਨਾਰ ਸਿਸਟਮ' ਲਗਾਏ ਗਏ ਹਨ। 'ਸੋਨਾਰ' ਦਾ ਅਰਥ ਹੈ - ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ।
ਇਹ ਇੱਕ ਵਿਸ਼ੇਸ਼ ਤਕਨੀਕ ਹੈ। ਇਸ ਰਾਹੀਂ ਪਾਣੀ ਦੇ ਹੇਠਾਂ ਮੌਜੂਦ ਪਣਡੁੱਬੀਆਂ ਦਾ ਧੁਨੀ ਤਰੰਗਾਂ ਦੀ ਮਦਦ ਨਾਲ ਪਤਾ ਲਗਾਇਆ ਜਾ ਸਕਦਾ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਦੁਸ਼ਮਣ ਪਣਡੁੱਬੀ 'ਤੇ ਹਮਲਾ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕਿੱਥੇ ਮੌਜੂਦ ਹੈ।

ਤਸਵੀਰ ਸਰੋਤ, Getty Images
ਇਸ ਐਂਟੀ-ਸਬਮਰੀਨ ਜੰਗੀ ਜਹਾਜ਼ ਦੀ ਘਾਤਕ ਸਮਰੱਥਾ ਨੂੰ ਸਮਝਣ ਲਈ, ਅਸੀਂ ਆਈਐਨਐਸ ਅਰਣਾਲਾ ਦੇ ਕੈਪਟਨ ਜਾਂ ਕਮਾਂਡਿੰਗ ਅਫਸਰ, ਕਮਾਂਡਰ ਅੰਕਿਤ ਗਰੋਵਰ ਨਾਲ ਗੱਲ ਕੀਤੀ।
ਉਨ੍ਹਾਂ ਦੱਸਿਆ, "ਇਸ ਵਿੱਚ ਸਾਡੇ ਕੋਲ ਕਈ ਤਰ੍ਹਾਂ ਦੇ ਐਂਟੀ-ਸਬਮਰੀਨ ਹਥਿਆਰ ਹਨ। ਇਸ ਵਿੱਚ ਸਵਦੇਸ਼ੀ ਰਾਕੇਟ ਲਾਂਚਰ ਹਨ। ਇਹ ਰਾਕੇਟਾਂ ਨਾਲ ਪਣਡੁੱਬੀਆਂ 'ਤੇ ਹਮਲਾ ਕਰਦੇ ਹਨ।"
"ਇਸ ਜਹਾਜ਼ ਵਿੱਚ ਟਾਰਪੀਡੋ ਟਿਊਬਾਂ ਹਨ ਜਿੱਥੋਂ ਪਣਡੁੱਬੀਆਂ 'ਤੇ ਟਾਰਪੀਡੋ ਫਾਇਰ ਕੀਤੇ ਜਾਣਗੇ। ਸਾਡੇ ਕੋਲ 'ਐਂਟੀ-ਟਾਰਪੀਡੋ ਡੀਕੋਏ ਸਿਸਟਮ' ਵੀ ਹੈ। ਜੇਕਰ ਕੋਈ ਦੁਸ਼ਮਣ ਪਣਡੁੱਬੀ ਇਸ ਜੰਗੀ ਜਹਾਜ਼ 'ਤੇ ਟਾਰਪੀਡੋ ਫਾਇਰ ਕਰਦੀ ਹੈ, ਤਾਂ ਇਹ ਸਿਸਟਮ ਸਾਨੂੰ ਇਸ ਤੋਂ ਬਚਣ ਵਿੱਚ ਮਦਦ ਕਰੇਗਾ।"
ਅਰਣਾਲਾ ਵਿੱਚ ਹੋਰ ਕੀ-ਕੀ ਹੈ?

ਇਹ ਜੰਗੀ ਜਹਾਜ਼ 77 ਮੀਟਰ ਲੰਬਾ ਹੈ, ਯਾਨੀ ਕਿ ਲਗਭਗ 26 ਮੰਜ਼ਿਲਾ ਇਮਾਰਤ ਦੀ ਉਚਾਈ ਦੇ ਬਰਾਬਰ ਹੈ।
ਜਲ ਸੈਨਾ ਦੇ ਅਨੁਸਾਰ, ਇਸ ਵਿੱਚ 30 ਐਮਐਮ ਸਰਫੇਸ ਗਨ ਹੈ। ਇਹ ਸਤ੍ਹਾ ਅਤੇ ਹਵਾ ਤੋਂ ਹੋਣ ਵਾਲੇ ਹਮਲਿਆਂ ਖ਼ਿਲਾਫ਼ ਜਵਾਬੀ ਕਾਰਵਾਈ ਦੇ ਸਮਰੱਥ ਹੈ।
ਅੰਤ ਵਿੱਚ, ਇਸ ਵਿੱਚ ਬਾਰੂਦੀ ਸੁਰੰਗਾਂ ਵਿਛਾਉਣ ਦੀ ਸਮਰੱਥਾ ਵੀ ਹੈ। ਇਸ ਨਾਲ, ਦੁਸ਼ਮਣ ਦੀ ਪਣਡੁੱਬੀ 'ਤੇ ਹਮਲਾ ਕੀਤਾ ਜਾ ਸਕਦਾ ਹੈ।
ਆਈਐਨਐਸ ਅਰਣਾਲਾ ਦੀ ਇੱਕ ਹੋਰ ਵਿਸ਼ੇਸ਼ਤਾ ਹੈ - ਇਸਦਾ ਇੰਜਣ।
ਜਲ ਸੈਨਾ ਦੇ ਅਨੁਸਾਰ, ਡੀਜ਼ਲ ਇੰਜਣ ਅਤੇ ਵਾਟਰਜੈੱਟ ਤਕਨਾਲੋਜੀ ਨਾਲ ਚੱਲਣ ਵਾਲਾ ਇਹ ਸਭ ਤੋਂ ਵੱਡਾ ਜੰਗੀ ਜਹਾਜ਼ ਹੈ।

ਬੀਬੀਸੀ ਟੀਮ ਨੇ ਇਸਦੇ ਇੰਜਣ ਰੂਮ ਨੂੰ ਨੇੜਿਓਂ ਦੇਖਿਆ। ਇੱਥੇ ਸਾਡੀ ਮੁਲਾਕਾਤ ਮੁਲਾਇਮ ਸਿੰਘ ਨਾਲ ਹੋਈ। ਉਹ ਆਈਐਨਐਸ ਅਰਣਾਲਾ ਦੇ ਚਾਲਕ ਦਲ ਦਾ ਹਿੱਸਾ ਹਨ ਅਤੇ ਇੰਜਣ ਰੂਮ ਦਾ ਕੰਮ ਦੇਖਦੇ ਹਨ।
ਉਨ੍ਹਾਂ ਦੇ ਅਨੁਸਾਰ, "ਇਸ ਇੰਜਣ ਦੇ ਤਿੰਨ ਫਾਇਦੇ ਹਨ। ਸਭ ਤੋਂ ਪਹਿਲਾਂ, ਅਜਿਹਾ ਇੰਜਣ ਇਸ ਜੰਗੀ ਜਹਾਜ਼ ਨੂੰ ਤੇਜ਼ ਰਫ਼ਤਾਰ ਦਿੰਦਾ ਹੈ। ਦੂਜਾ, ਇਹ ਇੰਜਣ ਜੰਗੀ ਜਹਾਜ਼ ਦੀ ਦਿਸ਼ਾ ਆਸਾਨੀ ਨਾਲ ਬਦਲਣ ਵਿੱਚ ਵੀ ਮਦਦ ਕਰਦਾ ਹੈ ਅਤੇ ਤੀਜਾ, ਇਸ ਤੋਂ ਘੱਟ ਆਵਾਜ਼ ਆਉਂਦੀ ਹੈ।''
ਉਨ੍ਹਾਂ ਦੱਸਿਆ, "ਮਤਲਬ, ਜੇਕਰ ਕੋਈ ਦੁਸ਼ਮਣ ਪਣਡੁੱਬੀ ਨੇੜੇ ਹੋਵੇ ਤਾਂ ਉਹ ਆਈਐਨਐਸ ਅਰਣਾਲਾ ਦੇ ਸ਼ਾਂਤ ਇੰਜਣ ਕਾਰਨ ਇਸਨੂੰ ਆਸਾਨੀ ਨਾਲ ਨਹੀਂ ਫੜ ਸਕੇਗੀ। ਇਸਦੇ ਉਲਟ, ਇਹ ਜੰਗੀ ਜਹਾਜ਼ ਦੁਸ਼ਮਣ ਪਣਡੁੱਬੀ 'ਤੇ ਪਹਿਲਾਂ ਹਮਲਾ ਕਰ ਸਕਦਾ ਹੈ।"

ਤਸਵੀਰ ਸਰੋਤ, Indian Navy
ਇਸ ਜੰਗੀ ਜਹਾਜ਼ 'ਤੇ 100 ਤੋਂ ਵੱਧ ਅਧਿਕਾਰੀ ਅਤੇ ਜਵਾਨ ਤਾਇਨਾਤ ਹਨ।
ਬੀਬੀਸੀ ਹਿੰਦੀ ਨੇ ਦੇਖਿਆ ਕਿ ਇਨ੍ਹਾਂ ਸਾਰਿਆਂ ਲਈ ਜੰਗੀ ਜਹਾਜ਼ 'ਤੇ ਰਹਿਣ, ਖਾਣ-ਪੀਣ ਅਤੇ ਮਨੋਰੰਜਨ ਦੀਆਂ ਸਹੂਲਤਾਂ ਕਿਹੋ ਜਿਹੀਆਂ ਹਨ।
ਕੋਮੋਡੋਰ ਰਜਨੀਸ਼ ਸ਼ਰਮਾ ਇੱਕ ਸੀਨੀਅਰ ਜਲ ਸੈਨਾ ਅਧਿਕਾਰੀ ਹਨ। ਉਹ ਜਲ ਸੈਨਾ ਦੇ ਆਂਧਰਾ ਪ੍ਰਦੇਸ਼ ਖੇਤਰ ਦੇ ਇੰਚਾਰਜ ਹਨ।
ਵਿਸ਼ਾਖਾਪਟਨਮ ਵਿੱਚ ਬੀਬੀਸੀ ਦੀ ਟੀਮ ਨਾਲ ਇੱਕ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ, "ਭਵਿੱਖ ਵਿੱਚ, ਇਨ੍ਹਾਂ 16 ਜਹਾਜ਼ਾਂ ਵਿੱਚੋਂ ਅੱਠ ਪੱਛਮੀ ਤੱਟ 'ਤੇ ਅਤੇ ਅੱਠ ਪੂਰਬੀ ਤੱਟ 'ਤੇ ਤਾਇਨਾਤ ਕੀਤੇ ਜਾਣਗੇ।"
"ਦਰਅਸਲ, ਇਹ ਜਹਾਜ਼ ਸਾਨੂੰ ਪਾਣੀ ਦੇ ਹੇਠਾਂ ਬਿਹਤਰ ਨਿਗਰਾਨੀ ਕਰਨ ਅਤੇ ਦੁਸ਼ਮਣ ਪਣਡੁੱਬੀਆਂ ਦਾ ਪਤਾ ਲਗਾਉਣ ਦੀ ਬਹੁਤ ਸਮਰੱਥਾ ਦਿੰਦੇ ਹਨ। ਇਹ ਇੱਕ ਅਜਿਹੀ ਸਮਰੱਥਾ ਹੈ ਜੋ ਸਾਨੂੰ ਤੱਟਵਰਤੀ ਖੇਤਰਾਂ ਵਿੱਚ ਆਸਾਨੀ ਨਾਲ ਉਪਲੱਬਧ ਨਹੀਂ ਸੀ।"
'ਅਰਣਾਲਾ' ਨਾਮ ਦੇ ਪਿੱਛੇ ਕੀ ਕਹਾਣੀ ਹੈ?

ਹਾਲਾਂਕਿ, ਅਸੀਂ ਅਰਣਾਲਾ ਜੰਗੀ ਜਹਾਜ਼ ਵਿਸ਼ਾਖਾਪਟਨਮ ਵਿੱਚ ਦੇਖਿਆ, ਪਰ ਇਸ ਦੀਆਂ ਤਾਰਾਂ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਦੇ ਵਸਈ ਖੇਤਰ ਨਾਲ ਵੀ ਜੁੜੀਆਂ ਹੋਈਆਂ ਹਨ। ਵਸਈ ਦੇ ਨੇੜੇ ਤੱਟ 'ਤੇ ਇੱਕ ਕਿਲ੍ਹਾ ਹੈ। ਇਸਦਾ ਨਾਮ ਅਰਣਾਲਾ ਹੈ।
ਜਲ ਸੈਨਾ ਦੇ ਅਨੁਸਾਰ, ਇਹ ਕਿਲ੍ਹਾ 1737 ਵਿੱਚ ਮਰਾਠਾ ਸਾਮਰਾਜ ਦੌਰਾਨ ਦੁਸ਼ਮਣ ਦੇ ਹਮਲਿਆਂ ਨੂੰ ਰੋਕਣ ਲਈ ਬਣਾਇਆ ਗਿਆ ਸੀ।
ਦਰਅਸਲ, ਜਲ ਸੈਨਾ ਕੋਲ ਪਹਿਲਾਂ ਵੀ ਅਰਣਾਲਾ ਨਾਮ ਦਾ ਇੱਕ ਜੰਗੀ ਜਹਾਜ਼ ਸੀ ਪਰ ਇਸਨੂੰ ਕਈ ਸਾਲ ਪਹਿਲਾਂ ਡੀਕਮਿਸ਼ਨ ਕਰ ਦਿੱਤਾ ਗਿਆ ਸੀ।
ਚੀਨ ਅਤੇ ਪਾਕਿਸਤਾਨ ਦੀ ਜਲ ਸੈਨਾ ਸਮਰੱਥਾ ਕਿੰਨੀ ਹੈ?

ਤਸਵੀਰ ਸਰੋਤ, Getty Images
ਪਿਛਲੇ ਸਾਲ, ਅਮਰੀਕੀ ਰੱਖਿਆ ਮੰਤਰਾਲੇ ਨੇ ਇੱਕ ਰਿਪੋਰਟ ਵਿੱਚ ਚੀਨੀ ਜਲ ਸੈਨਾ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਲ ਸੈਨਾ ਦੱਸਿਆ ਸੀ। ਉਸ ਰਿਪੋਰਟ ਦੇ ਅਨੁਸਾਰ, ਚੀਨ ਕੋਲ 370 ਤੋਂ ਵੱਧ ਜੰਗੀ ਜਹਾਜ਼ ਅਤੇ ਪਣਡੁੱਬੀਆਂ ਹਨ।
ਇਸੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਪਾਕਿਸਤਾਨ ਦੀ ਜਲ ਸੈਨਾ ਦੀ ਤਾਕਤ ਵਧਾਉਣ ਵਿੱਚ ਚੀਨ ਦੀ ਵੱਡੀ ਭੂਮਿਕਾ ਹੈ।
ਸਾਲ 2015 ਵਿੱਚ, ਪਾਕਿਸਤਾਨ ਨੇ ਚੀਨ ਤੋਂ ਅੱਠ ਪਣਡੁੱਬੀਆਂ ਖਰੀਦਣ ਦਾ ਸੌਦਾ ਕੀਤਾ ਸੀ। ਉਨ੍ਹਾਂ ਦੀ ਕੁੱਲ ਕੀਮਤ ਤਿੰਨ ਅਰਬ ਅਮਰੀਕੀ ਡਾਲਰ ਤੋਂ ਵੱਧ ਦੱਸੀ ਜਾਂਦੀ ਹੈ।

ਤਸਵੀਰ ਸਰੋਤ, Indian Navy
ਦਸੰਬਰ 2024 ਵਿੱਚ, ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ ਨੇ ਵੀ ਪਾਕਿਸਤਾਨ ਦੀ ਜਲ ਸੈਨਾ ਦੀਆਂ ਸਮਰੱਥਾਵਾਂ 'ਤੇ ਹੈਰਾਨੀ ਪ੍ਰਗਟ ਕੀਤੀ ਸੀ।
ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਥਿਤੀ ਵਿੱਚ, ਆਈਐਨਐਸ ਅਰਣਾਲਾ ਵਰਗੇ ਜੰਗੀ ਜਹਾਜ਼ ਭਾਰਤ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਮਾਹਰ ਕੀ ਕਹਿੰਦੇ ਹਨ

ਤਸਵੀਰ ਸਰੋਤ, Getty Images
ਬੀਬੀਸੀ ਹਿੰਦੀ ਨੇ ਜਲ ਸੈਨਾ ਵਿੱਚ ਹੈਲੀਕਾਪਟਰ ਪਾਇਲਟ ਰਹਿ ਚੁੱਕੇ ਅਤੇ ਪਣਡੁੱਬੀ ਰੋਧੀ ਰਣਨੀਤੀ ਦੇ ਮਾਹਰ ਕੈਪਟਨ (ਸੇਵਾਮੁਕਤ) ਸਰਬਜੀਤ ਐਸ ਪਰਮਾਰ ਨਾਲ ਗੱਲ ਕੀਤੀ।
ਉਨ੍ਹਾਂ ਦੱਸਿਆ, "1971 ਦੀ ਜੰਗ ਵਿੱਚ, ਪਾਕਿਸਤਾਨ ਦੀ ਗਾਜ਼ੀ ਪਣਡੁੱਬੀ ਵਿਸ਼ਾਖਾਪਟਨਮ ਬੰਦਰਗਾਹ ਦੇ ਬਿਲਕੁਲ ਬਾਹਰ ਪਾਈ ਗਈ ਸੀ। ਇਹ ਦਰਸਾਉਂਦਾ ਹੈ ਕਿ ਅਤੀਤ ਵਿੱਚ ਅਤੇ ਸ਼ਾਇਦ ਭਵਿੱਖ ਦੇ ਸੰਘਰਸ਼ਾਂ ਵਿੱਚ ਵੀ, ਬੰਦਰਗਾਹਾਂ ਅਤੇ ਜਹਾਜ਼ਾਂ ਨੂੰ ਦੁਸ਼ਮਣ ਪਣਡੁੱਬੀਆਂ ਦੁਆਰਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ।"
ਉਨ੍ਹਾਂ ਮੁਤਾਬਕ, ਪਣਡੁੱਬੀਆਂ ਵਿਰੁੱਧ ਜੰਗ ਸਭ ਤੋਂ ਗੁੰਝਲਦਾਰ ਜੰਗਾਂ ਵਿੱਚੋਂ ਇੱਕ ਹੈ।
ਉਹ ਕਹਿੰਦੇ ਹਨ, "ਤੁਹਾਡੇ ਤੱਟ ਦੇ ਨੇੜੇ ਦੁਸ਼ਮਣ ਪਣਡੁੱਬੀ ਦੀ ਮੌਜੂਦਗੀ ਦਾ ਮਤਲਬ ਹੈ ਕਿ ਬੇੜੇ ਨੂੰ ਅੱਗੇ ਵਧਣ ਤੋਂ ਪਹਿਲਾਂ ਉਸ ਖ਼ਤਰੇ ਨਾਲ ਨਜਿੱਠਣਾ ਪਵੇਗਾ। ਇਹ ਬੇੜੇ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰੇਗਾ। ਦੁਸ਼ਮਣ 'ਤੇ ਹਮਲਾ ਕਰਨ ਲਈ ਉਸ ਬੇੜੇ ਲਈ ਬਾਹਰ ਜਾਣ 'ਚ ਮੁਸ਼ਕਲ ਹੋਵੇਗੀ। ਇੱਥੋਂ ਤੱਕ ਕਿ ਬੰਦਰਗਾਹਾਂ ਅਤੇ ਮਾਲ ਦੀ ਆਵਾਜਾਈ ਵਾਲੇ ਜਹਾਜ਼ ਵੀ ਪ੍ਰਭਾਵਿਤ ਹੋਣਗੇ।"

ਤਸਵੀਰ ਸਰੋਤ, Getty Images
ਕੈਪਟਨ (ਸੇਵਾਮੁਕਤ) ਸਰਬਜੀਤ ਕਹਿੰਦੇ ਹਨ, "ਪਰ ਜਦੋਂ ਤੁਹਾਡੇ ਕੋਲ ਅਰਣਾਲਾ ਵਰਗਾ ਸਮਰਪਿਤ ਪਣਡੁੱਬੀ-ਰੋਧੀ ਜੰਗੀ ਬੇੜਾ ਹੈ... ਤਾਂ ਇਸਦਾ ਮਤਲਬ ਹੈ ਕਿ ਵੱਡੇ ਜਹਾਜ਼ਾਂ ਨੂੰ ਰੋਕੇ ਬਿਨਾਂ ਇਹ ਦੁਸ਼ਮਣ ਪਣਡੁੱਬੀਆਂ ਨੂੰ ਲੱਭ ਕੇ ਨਸ਼ਟ ਕਰ ਸਕਦਾ ਹੈ।"
ਉਨ੍ਹਾਂ ਕਿਹਾ, "ਇਹ ਬੇੜੇ ਖਾਸ ਕਰਕੇ ਵੱਡੇ ਜਹਾਜ਼ਾਂ ਨੂੰ ਉਨ੍ਹਾਂ ਦੇ ਮਿਸ਼ਨਾਂ ਨੂੰ ਪੂਰਾ ਕਰਨ ਲਈ ਆਜ਼ਾਦ ਕਰੇਗਾ। ਇਸਦੀ ਮੌਜੂਦਗੀ ਬੰਦਰਗਾਹਾਂ ਨੂੰ ਵੀ ਕਾਰਜਸ਼ੀਲ ਰੱਖੇਗੀ।''
''ਹਾਲਾਂਕਿ, ਜਲ ਸੈਨਾ ਨੇ 16 ਅਜਿਹੇ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਇਹ ਜਲ ਸੈਨਾ ਦੁਆਰਾ ਇੱਕੋ ਸਮੇਂ ਦਿੱਤੇ ਗਏ ਸਭ ਤੋਂ ਵੱਡੇ ਆਰਡਰਾਂ ਵਿੱਚੋਂ ਇੱਕ ਹੈ। ਜਲ ਸੈਨਾ ਨੂੰ ਅਜਿਹੇ ਜਹਾਜ਼ਾਂ ਦਾ ਉਤਪਾਦਨ ਜਾਰੀ ਰੱਖਣਾ ਚਾਹੀਦਾ ਹੈ। ਨਾਲ ਹੀ, ਉਨ੍ਹਾਂ ਦੀ ਮੌਜੂਦਗੀ ਹਰ ਸਮੇਂ ਯਕੀਨੀ ਬਣਾਈ ਜਾਣੀ ਚਾਹੀਦੀ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












