ਬੱਚੇ ਦੇ ਪਹਿਲੇ ਮਲ਼ 'ਚ ਕਿਵੇਂ ਲੁਕਿਆ ਹੈ ਉਸ ਦੀ ਸਿਹਤ ਦਾ ਰਾਜ਼

ਬੱਚਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਅਧਿਐਨ ਨੇ ਬੱਚਿਆਂ ਦੇ ਮਲ ਬਾਰੇ ਬਹੁਤ ਸਾਰੀਆਂ ਨਵੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ
    • ਲੇਖਕ, ਜੈਸਮੀਨ ਫੌਕਸ ਸਕੈਲੀ
    • ਰੋਲ, ਬੀਬੀਸੀ ਨਿਊਜ਼

ਖੋਜ ਇਹ ਖੁਲਾਸਾ ਕਰ ਰਹੀ ਹੈ ਕਿ ਜਨਮ ਤੋਂ ਬਾਅਦ ਬੱਚੇ ਦੇ ਪੇਟ 'ਚ ਜਾਣ ਵਾਲੀਆਂ ਚੀਜ਼ਾਂ ਉਸ ਦੀ ਸਾਰੀ ਉਮਰ 'ਤੇ ਅਸਰ ਪਾਉਂਦੀਆਂ ਹਨ।

ਸਾਲ 2017 ਦੀ ਗੱਲ ਹੈ ਜਦੋਂ ਲੰਡਨ ਦੇ ਕਵੀਨਜ਼ ਹਸਪਤਾਲ ਦੀ ਪੈਥੋਲੋਜੀ ਲੈਬ 'ਚ ਦੋ ਟੈਕਨੀਸ਼ੀਅਨ ਉਸ ਦਿਨ ਦੀ ਡਾਕ ਦੀ ਉਡੀਕ ਕਰ ਰਹੇ ਹਨ।

ਇਸ ਲੈਬ ਨੂੰ ਲਗਭਗ 50 ਛੋਟੇ-ਛੋਟੇ ਪੈਕਟ ਮਿਲਦੇ ਸਨ। ਹਰ ਪੈਕਟ 'ਚ ਇਕ ਕੀਮਤੀ ਚੀਜ਼ ਹੁੰਦੀ ਸੀ, ਨਵਜੰਮੇ ਬੱਚਿਆਂ ਦੇ ਮਲ਼ ਦਾ ਛੋਟਾ ਜਿਹਾ ਨਮੂਨਾ, ਜੋ ਮਾਪੇ ਬੜੇ ਧਿਆਨ ਨਾਲ ਆਪਣੇ ਬੱਚਿਆਂ ਦੇ ਡਾਇਪਰ ਵਿੱਚੋਂ ਦਿੰਦੇ ਸਨ।

ਇਹ ਲੈਬ "ਬੇਬੀ ਬਾਇਓਮ" ਸਟੱਡੀ ਦਾ ਹਿੱਸਾ ਸੀ। ਇੱਕ ਵੱਡੀ ਖੋਜ, ਜਿਸਦਾ ਮਕਸਦ ਇਹ ਪਤਾ ਲਗਾਉਣਾ ਸੀ ਕਿ ਬੱਚੇ ਦੀ ਗਟ ਮਾਇਕ੍ਰੋਬਾਓਮ ਭਾਵ ਪਾਚਨ ਪ੍ਰਣਾਲੀ ਵਿੱਚ ਸੂਖ਼ਮ ਜੀਵਾਣੂ ਉਨ੍ਹਾਂ ਦੀ ਭਵਿੱਖ ਦੀ ਸਿਹਤ 'ਤੇ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ।

2016 ਤੋਂ 2017 ਤੱਕ ਇਸ ਲੈਬ ਨੇ 3,500 ਨਵਜੰਮੇ ਬੱਚਿਆਂ ਦੇ ਮਲ਼ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਸੀ।

ਨਮੂਨੇ ਬਹੁਤ ਸਨ ਪਰ ਨਤੀਜੇ ਬਹੁਤ ਹੀ ਮਹੱਤਵਪੂਰਨ ਸਾਬਤ ਹੋਏ।

ਯੂਨੀਵਰਸਿਟੀ ਕਾਲਜ ਲੰਡਨ ਦੇ ਇਨਫੈਕਸ਼ੀਅਸ ਡਿਜੀਜ਼ ਐਪਿਡੇਮਿਓਵਾਜੀ ਦੇ ਪ੍ਰੋਫੈਸਰ ਨਿਗੇਲ ਫ਼ੀਲਡ, 'ਬੇਬੀ ਬਾਓਮ' ਪ੍ਰੋਜੈਕਟ ਦੀ ਅਗਵਾਈ ਕਰਦੇ ਰਹੇ ਹਨ। ਉਹ ਦੱਸਦੇ ਹਨ "ਜਨਮ ਤੋਂ ਤਿੰਨ ਜਾਂ ਚਾਰ ਦਿਨ ਬਾਅਦ ਹੀ ਅੰਤੜੀਆਂ ਵਿੱਚ ਜੀਵਾਣੂਆਂ ਦੇ ਸਾਫ ਸੰਕੇਤ ਨਜ਼ਰ ਆਉਣ ਲੱਗਦੇ ਹਨ ਭਾਵ ਕਾਲੌਨੀ ਬਣਨ ਵਿੱਚ ਕੁਝ ਦਿਨ ਲੱਗਦੇ ਹਨ।"

"ਜਦੋਂ ਬੱਚਾ ਪੈਦਾ ਹੁੰਦਾ ਹੈ, ਉਦੋਂ ਉਸਦਾ ਸਰੀਰ ਪੂਰੀ ਤਰ੍ਹਾਂ ਸਟੀਰਾਈਲ (ਜੀਵਾਣੂ ਰਹਿਤ) ਹੁੰਦਾ ਹੈ। ਇਸ ਲਈ ਇਹ ਇਮੀਊਨ ਪ੍ਰਣਾਲੀ ਲਈ ਬਹੁਤ ਹੀ ਅਹਿਮ ਪਲ ਹੁੰਦਾ ਹੈ, ਕਿਉਂਕਿ ਉਸ ਪਲ ਤੱਕ ਸਰੀਰ ਕਿਸੇ ਵੀ ਜੀਵਾਣੂ ਨਾਲ ਸੰਪਰਕ ਵਿੱਚ ਨਹੀਂ ਆਇਆ ਹੁੰਦਾ।"

ਇਮਿਊਨ ਸਿਸਟਮ ਦੇ ਆਰਕੀਟੈਕਟੋ

ਅਸੀਂ ਸਾਰੇ ਜੀਵਨ ਦੇ ਪਹਿਲੇ ਕੁਝ ਦਿਨਾਂ ਬਾਅਦ ਇੱਕ ਅੰਤੜੀਆਂ ਦਾ ਮਾਈਕ੍ਰੋਬਾਇਓਮ ਵਿਕਸਤ ਕਰਦੇ ਹਾਂ। ਵਿਗਿਆਨੀਆਂ ਦਾ ਮੰਨਣਾ ਹੈ ਕਿ ਬੈਕਟੀਰੀਆ, ਫੰਗਸ ਅਤੇ ਵਾਇਰਸਾਂ ਦਾ ਇਹ ਸਮੂਹ ਸਾਡੀ ਸਿਹਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਬਾਲਗਾਂ ਵਜੋਂ, ਇਹੀ ਸੂਖਮ ਜੀਵ ਪਾਚਣ ਦੌਰਾਨ ਮੁਸ਼ਕਲ ਫਾਈਬਰ ਨੂੰ ਤੋੜਨ ਵਿੱਚ ਮਦਦ ਕਰਦੇ ਹਨ ਅਤੇ ਕੁਝ ਵਿਟਾਮਿਨ ਬਣਾਉਣ ਲਈ ਲੋੜੀਂਦੇ ਐਨਜ਼ਾਈਮ ਮੁਹੱਈਆ ਕਰਵਾਉਂਦੇ ਹਨ। ਬਸ ਸਰੀਰ ਵਿੱਚ ਮੌਜੂਦ ਹੋਣ ਕਰਕੇ, ਉਹ ਸਾਨੂੰ ਨੁਕਸਾਨਦੇਹ ਕੀਟਾਣੂਆਂ ਤੋਂ ਬਚਾਉਂਦੇ ਹਨ। ਕੁਝ ਤਾਂ ਹਮਲਾਵਰ ਬੈਕਟੀਰੀਆ ਨੂੰ ਮਾਰਨ ਲਈ ਕੁਦਰਤੀ ਐਂਟੀਬਾਇਓਟਿਕਸ ਵੀ ਛੱਡਦੇ ਹਨ।

ਇੱਕ ਸਿਹਤਮੰਦ ਅੰਤੜੀਆਂ ਦੇ ਮਾਈਕ੍ਰੋਬਾਇਓਮ ਦੇ ਫਾਇਦੇ ਇਸ ਤੋਂ ਕਿਤੇ ਜ਼ਿਆਦਾ ਹਨ। ਨਵੀਂ ਖੋਜ ਸੁਝਾਅ ਦਿੰਦੀ ਹੈ ਕਿ, ਜੇਕਰ ਇਹ ਸਹੀ ਢੰਗ ਨਾਲ ਕੰਮ ਕਰੇ, ਤਾਂ ਇਹ ਚਿੰਤਾ, ਡਿਪਰੈਸ਼ਨ ਅਤੇ ਅਲਜ਼ਾਈਮਰ ਵਰਗੀਆਂ ਨਿਊਰੋਡੀਜਨਰੇਟਿਵ ਬਿਮਾਰੀਆਂ ਤੋਂ ਵੀ ਬਚਾਅ ਕਰ ਸਕਦਾ ਹੈ।

ਪਰ ਦੂਜੇ ਪਾਸੇ, ਜੇਕਰ ਕਿਸੇ ਦਾ ਅੰਤੜੀਆਂ ਦਾ ਮਾਈਕ੍ਰੋਬਾਇਓਮ ਬਾਲਗਤਾ ਵਿੱਚ "ਗ਼ੈਰ-ਸਿਹਤਮੰਦ" ਹੋ ਜਾਂਦਾ ਹੈ, ਤਾਂ ਇਸਨੂੰ ਕਈ ਗੰਭੀਰ ਬਿਮਾਰੀਆਂ ਜਿਵੇਂ ਦਿਲ ਦੀ ਬਿਮਾਰੀ, ਕੋਲੋਰੈਕਟਲ ਕੈਂਸਰ, ਕ੍ਰੋਨਿਕ ਕਿਡਨੀ ਡਿਸੀਜ਼, ਸ਼ੂਗਰ, ਸੋਜਸ਼ ਵਾਲੀ ਅੰਤੜੀ ਦੀ ਬਿਮਾਰੀ ਅਤੇ ਮੋਟਾਪਾ ਸ਼ਾਮਲ ਆਦਿ ਨਾਲ ਜੋੜਿਆ ਗਿਆ ਹੈ।

ਵਿਗਿਆਨੀਆਂ ਨੇ ਬਾਲਗਾਂ ਦੀ ਸਿਹਤ ਵਿੱਚ ਅੰਤੜੀਆਂ ਦੇ ਬੈਕਟੀਰੀਆ ਦੀ ਭੂਮਿਕਾ 'ਤੇ ਕਈ ਅਧਿਐਨ ਕੀਤੇ ਹਨ, ਪਰ ਬਚਪਨ ਦੌਰਾਨ ਉਨ੍ਹਾਂ ਦੇ ਪ੍ਰਭਾਵ ਬਾਰੇ ਬਹੁਤ ਘੱਟ ਜਾਣਕਾਰੀ ਸੀ। ਹੁਣ, ਇਹ ਤਸਵੀਰ ਬਦਲਣੀ ਸ਼ੁਰੂ ਹੋ ਗਈ ਹੈ।

ਸਿਡਨੀ ਯੂਨੀਵਰਸਿਟੀ, ਆਸਟ੍ਰੇਲੀਆ ਦੀ ਇੱਕ ਸੀਨੀਅਰ ਲੈਕਚਰਾਰ ਅਰਚਿਤਾ ਮਿਸ਼ਰਾ, ਸ਼ੁਰੂਆਤੀ ਜੀਵਨ ਵਿੱਚ ਇਮਿਊਨ ਵਿਕਾਸ ਵਿੱਚ ਮਾਈਕ੍ਰੋਬਾਇਓਮ ਦੀ ਭੂਮਿਕਾ ਦਾ ਅਧਿਐਨ ਕਰ ਰਹੀ ਹੈ।

ਉਹ ਕਹਿੰਦੇ ਹਨ, "ਉਹ ਸੂਖ਼ਮ ਜੀਵ ਜੋ ਪਹਿਲਾਂ ਬੱਚੇ ਦੇ ਅੰਤੜੀਆਂ ਵਿੱਚ ਵੱਸਦੇ ਹਨ, ਇਮਿਊਨ ਸਿਸਟਮ ਦੇ ਆਰਕੀਟੈਕਟ ਵਾਂਗ ਹੁੰਦੇ ਹਨ। ਉਹ ਸਰੀਰ ਨੂੰ ਦੋਸਤ ਅਤੇ ਦੁਸ਼ਮਣ ਦੀ ਪਛਾਣ ਕਰਨਾ ਸਿਖਾਉਂਦੇ ਹਨ। ਉਹ ਇਮਿਊਨ ਸੈੱਲਾਂ ਨੂੰ ਭੋਜਨ ਐਂਟੀਜੇਨਜ਼ ਅਤੇ ਨੁਕਸਾਨ ਰਹਿਤ ਸੂਖ਼ਮ ਜੀਵਾਂ ਨੂੰ ਸਹਿਣ ਕਰਨ ਲਈ ਸਿਖਲਾਈ ਦਿੰਦੇ ਹਨ ਅਤੇ ਅਸਲ ਰੋਗਾਣੂਆਂ ਨਾਲ ਕਿਵੇਂ ਲੜਨਾ ਹੈ।"

ਮਿਸ਼ਰਾ ਦੇ ਅਨੁਸਾਰ, ਜੀਵਨ ਦੇ ਪਹਿਲੇ ਛੇ ਤੋਂ ਬਾਰਾਂ ਮਹੀਨਿਆਂ ਦੌਰਾਨ ਬਣਿਆ ਬੈਕਟੀਰੀਆ ਐਲਰਜੀ ਦੇ ਜੋਖ਼ਮ, ਬੱਚਿਆਂ ਦੇ ਵੈਕਸੀਨ ਪ੍ਰਤੀ ਪ੍ਰਤੀਕਿਰਿਆ ਅਤੇ ਅੰਤੜੀਆਂ ਦੀ ਪਰਤ ਜੋ ਸਰੀਰ ਦੇ ਬਾਕੀ ਹਿੱਸਿਆਂ ਤੋਂ ਵੱਖ ਕਰਦੀ ਹੈ, ਉਸ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦਾ ਹੈ।

ਮਿਸ਼ਰਾ ਕਹਿੰਦੇ ਹਨ, "ਜੀਵਨ ਦੇ ਪਹਿਲੇ ਹਜ਼ਾਰ ਦਿਨ ਅੰਤੜੀਆਂ ਦੇ ਮਾਈਕ੍ਰੋਬਾਇਓਮ ਇੱਕ ਖਿੜਕੀ ਵਾਂਗ ਹਨ, ਜੋ ਸਰੀਰ 'ਤੇ ਇੱਕ ਡੂੰਘੀ ਛਾਪ ਛੱਡਦੀ ਹੈ ਜੋ ਦਹਾਕਿਆਂ ਤੱਕ ਰਹਿੰਦੀ ਹੈ।"

ਜਨਮ ਦੇ ਪਹਿਲੇ ਦਿਨ ਅਸਰ ਸ਼ੁਰੂ

ਪਲੈਸੈਂਟਾ ਨੂੰ ਆਮ ਤੌਰ 'ਤੇ ਕੀਟ-ਮੁਕਤ ਜ਼ੋਨ ਮੰਨਿਆ ਜਾਂਦਾ ਹੈ, ਭਾਵ ਗਰਭ ਵਿੱਚ ਬੱਚਿਆਂ ਵਿੱਚ ਅੰਤੜੀਆਂ ਦਾ ਮਾਈਕ੍ਰੋਬਾਇਓਮ ਨਹੀਂ ਹੁੰਦਾ। ਪਰ ਖੋਜ ਹੁਣ ਦਰਸਾਉਂਦੀ ਹੈ ਕਿ, ਪਿਛਲੀ ਮਾਨਤਾ ਦੇ ਉਲਟ, ਬੱਚੇ ਆਪਣੇ ਜ਼ਿਆਦਾਤਰ ਬੈਕਟੀਰੀਆ ਆਪਣੀ ਮਾਂ ਦੀ ਪਾਚਨ ਪ੍ਰਣਾਲੀ ਤੋਂ ਹੀ ਲੈਂਦੇ ਹਨ।

ਸਿਡਨੀ ਵਿੱਚ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਗੈਸਟਰੋਇੰਟੇਸਟਾਈਨਲ ਮਾਈਕ੍ਰੋਬਾਇਓਮ ਵਿੱਚ ਮਾਹਰ ਇੱਕ ਸੀਨੀਅਰ ਲੈਕਚਰਾਰ ਸਟੀਵਨ ਲੀਚ ਕਹਿੰਦੇ ਹਨ, "ਕੁਦਰਤ ਕੋਲ ਨਵਜੰਮੇ ਬੱਚਿਆਂ ਵਿੱਚ ਇੱਕ ਅਨੁਮਾਨਯੋਗ ਅੰਤੜੀਆਂ ਦੇ ਮਾਈਕ੍ਰੋਬਾਇਓਮ ਸਥਾਪਤ ਕਰਨ ਦਾ ਇੱਕ ਬਹੁਤ ਹੀ ਵਧੀਆ ਤਰੀਕਾ ਹੈ।"

ਉਹ ਦੱਸਦੇ ਹਨ, "ਜੇ ਤੁਸੀਂ ਜਨਮ ਪ੍ਰਕਿਰਿਆ ਨੂੰ ਦੇਖਦੇ ਹੋ, ਤਾਂ ਇੱਕ ਬੱਚਾ ਸਿਰ ਦੇ ਬਲ ਪੈਦਾ ਹੁੰਦਾ ਹੈ, ਉਸ ਦਾ ਚਿਹਰਾ ਮਾਂ ਦੀ ਰੀੜ੍ਹ ਦੀ ਹੱਡੀ ਵੱਲ ਹੁੰਦਾ ਹੈ। ਸਰੀਰਿਕ ਤੌਰ 'ਤੇ, ਬੱਚੇ ਦਾ ਸਿਰ ਮਾਂ ਦੀ ਅੰਤੜੀ ਦੀ ਸਮੱਗਰੀ ਨੂੰ ਬਾਹਰ ਵੱਲ ਧੱਕ ਰਿਹਾ ਹੁੰਦਾ ਹੈ। ਇਸਦਾ ਮਤਲਬ ਹੈ ਕਿ ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ ਤਾਂ ਇਸਦਾ ਚਿਹਰਾ ਮਲ ਨਾਲ ਭਰਿਆ ਹੁੰਦਾ ਹੈ।"

ਇਹ ਜਾਪਦਾ ਹੈ ਕਿ ਅੰਤੜੀਆਂ ਦੇ ਬੈਕਟੀਰੀਆ ਜਨਮ ਦੇ ਪਲ ਤੋਂ ਹੀ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦੇ ਹਨ। ਉਦਾਹਰਨ ਲਈ, ਨਿਗੇਲ ਫੀਲਡ ਦੀ ਖੋਜ ਦਰਸਾਉਂਦੀ ਹੈ ਕਿ ਜੀਵਨ ਦੇ ਸ਼ੁਰੂ ਵਿੱਚ ਸਹੀ ਅੰਤੜੀਆਂ ਦੇ ਬੈਕਟੀਰੀਆ ਵਾਲੇ ਬੱਚੇ ਜੀਵਨ ਦੇ ਬਾਅਦ ਵਿੱਚ ਵਾਇਰਲ ਇਨਫੈਕਸ਼ਨਾਂ ਤੋਂ ਵਧੀਆ ਤਰੀਕੇ ਨਾਲ ਬਚ ਸਕਦੇ ਹਨ।

ਉਨ੍ਹਾਂ ਦੀ ਟੀਮ ਨੇ ਚੌਥੇ, ਸੱਤਵੇਂ ਅਤੇ ਇੱਕੀਵੇਂ ਦਿਨ 600 ਬੱਚਿਆਂ ਦੇ ਮਲ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ। ਇਨ੍ਹਾਂ ਵਿੱਚੋਂ ਕੁਝ ਬੱਚਿਆਂ ਦੀ ਛੇ ਮਹੀਨੇ ਅਤੇ ਇੱਕ ਸਾਲ ਬਾਅਦ ਦੁਬਾਰਾ ਜਾਂਚ ਕੀਤੀ ਗਈ।

ਫੀਲਡ ਕਹਿੰਦੇ ਹਨ, "ਸਭ ਤੋਂ ਵੱਡਾ ਅੰਤਰ ਜਨਮ ਦਾ ਤਰੀਕਾ ਹੁੰਦਾ ਹੈ। ਸਿਜੇਰੀਅਨ ਸੈਕਸ਼ਨ ਦੁਆਰਾ ਪੈਦਾ ਹੋਏ ਬੱਚੇ ਯੋਨੀ ਡਿਲੀਵਰੀ ਦੁਆਰਾ ਪੈਦਾ ਹੋਏ ਬੱਚਿਆਂ ਤੋਂ ਬਹੁਤ ਵੱਖਰੇ ਦਿਖਾਈ ਦਿੰਦੇ ਹਨ।"

ਬੱਚੇ ਅਤੇ ਮਾਂ ਦੀ ਇੱਕ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੈਕਟੀਰੀਆ ਜਨਮ ਤੋਂ ਕੁਝ ਦਿਨਾਂ ਦੇ ਅੰਦਰ-ਅੰਦਰ ਅੰਤੜੀਆਂ ਵਿੱਚ ਆਪਣਾ ਘਰ ਬਣਾ ਲੈਂਦੇ ਹਨ

ਇਹ ਗੱਲ ਸਮਝ ਆਉਂਦੀ ਹੈ ਕਿ ਕਿਉਂਕਿ ਸਿਜੇਰੀਅਨ ਸੈਕਸ਼ਨ ਦੁਆਰਾ ਪੈਦਾ ਹੋਏ ਬੱਚਿਆਂ ਨੂੰ ਯੋਨੀ ਰਾਹੀਂ ਪੈਦਾ ਹੋਏ ਬੱਚਿਆਂ ਵਾਂਗ "ਮੂੰਹ ਭਰਿਆ ਮਲ" ਦਾ ਤਜਰਬਾ ਨਹੀਂ ਹੁੰਦਾ। ਸਿਜੇਰੀਅਨ ਸੈਕਸ਼ਨ ਇੱਕ ਜੀਵਨ-ਰੱਖਿਅਕ ਅਤੇ ਕਈ ਵਾਰ ਜ਼ਰੂਰੀ ਡਾਕਟਰੀ ਪ੍ਰਕਿਰਿਆ ਹੈ, ਪਰ ਖੋਜ ਨੇ ਦਿਖਾਇਆ ਹੈ ਕਿ ਇਸ ਤਰੀਕੇ ਨਾਲ ਪੈਦਾ ਹੋਏ ਬੱਚਿਆਂ ਨੂੰ ਉਹ ਲਾਭਦਾਇਕ ਬੈਕਟੀਰੀਆ ਨਹੀਂ ਮਿਲਦੇ ਜੋ ਉਨ੍ਹਾਂ ਨੂੰ ਸਾਹ ਦੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਨ।

2019 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਜੀਵਨ ਦੇ ਪਹਿਲੇ ਹਫ਼ਤੇ ਦੌਰਾਨ, ਤਿੰਨ ਪ੍ਰਾਇਮਰੀ ਪ੍ਰਜਾਤੀਆਂ ਵਿੱਚੋਂ ਇੱਕ ਆਮ ਤੌਰ 'ਤੇ ਬੱਚੇ ਦੇ ਅੰਤੜੀਆਂ ਵਿੱਚ ਵਸ ਜਾਂਦੀ ਹੈ: ਬਿਫਿਡੋਬੈਕਟੀਰੀਅਮ ਲੋਂਗਮ (ਬੀ. ਲੋਂਗਮ), ਬਿਫਿਡੋਬੈਕਟੀਰੀਅਮ ਬ੍ਰੀਵ (ਬੀ. ਬ੍ਰੇਵੇ) ਜਾਂ ਐਂਟਰੋਕੋਕਸ ਫੈਕਲਿਸ (ਈ. ਫੈਕਲਿਸ)।

ਫੀਲਡ ਦੱਸਦੇ ਹਨ, "ਬੱਚੇ ਨੂੰ ਸ਼ੁਰੂ ਵਿੱਚ ਮਿਲਣ ਵਾਲੇ ਬੈਕਟੀਰੀਆ ਦੂਜੀਆਂ ਪ੍ਰਜਾਤੀਆਂ ਲਈ ਅੰਤੜੀਆਂ ਵਿੱਚ ਬਸਤੀ ਬਣਾਉਣ ਦਾ ਰਾਹ ਪੱਧਰਾ ਕਰਦੇ ਹਨ। ਉਹ ਫਿਰ ਉਸ ਦੀ ਅੰਤੜੀ ਵਿੱਚ ਕਾਲੌਨੀ ਬਣਾ ਲੈਂਦੇ ਹਨ।"

ਸੱਤਵੇਂ ਦਿਨ ਤੱਕ, ਯੋਨੀ ਰਾਹੀਂ ਪੈਦਾ ਹੋਏ ਬੱਚਿਆਂ ਦੇ ਪਾਚਨ ਤੰਤਰ ਵਿੱਚ ਆਮ ਤੌਰ 'ਤੇ ਬੀ. ਲੋਂਗਮ ਜਾਂ ਬੀ. ਬ੍ਰੇਵੇ ਮੌਜੂਦ ਹੁੰਦੇ ਹਨ, ਜਦੋਂ ਕਿ ਸਿਜੇਰੀਅਨ ਸੈਕਸ਼ਨ ਰਾਹੀਂ ਪੈਦਾ ਹੋਏ ਬੱਚਿਆਂ ਵਿੱਚ ਈ. ਫੈਕਲਿਸ ਕੋਲੋਨਾਈਜ਼ੇਸ਼ਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਯੋਨੀ ਡਿਲੀਵਰੀ ਰਾਹੀਂ ਪੈਦਾ ਹੋਏ ਬੱਚਿਆਂ ਦੀਆਂ ਅੰਤੜੀਆਂ ਦੇ ਮਾਈਕ੍ਰੋਬਾਇਓਮ ਆਮ ਤੌਰ 'ਤੇ ਉਨ੍ਹਾਂ ਦੀ ਮਾਂ ਦੇ ਮਾਈਕ੍ਰੋਬਾਇਓਮ ਵਰਗੇ ਹੁੰਦੇ ਹਨ। ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਬੈਕਟੀਰੀਆ ਜ਼ਿਆਦਾਤਰ ਮਾਂ ਦੀਆਂ ਅੰਤੜੀਆਂ ਤੋਂ ਆਉਂਦੇ ਹਨ, ਯੋਨੀ ਤੋਂ ਨਹੀਂ।

ਉੱਥੇ ਹੀ, ਸਿਜੇਰੀਅਨ ਸੈਕਸ਼ਨ ਰਾਹੀਂ ਪੈਦਾ ਹੋਏ ਬੱਚਿਆਂ ਵਿੱਚ ਹਸਪਤਾਲ ਦੇ ਵਾਤਾਵਰਣ ਨਾਲ ਜੁੜੇ ਬੈਕਟੀਰੀਆ ਵਧੇਰੇ ਪਾਏ ਗਏ।

ਫੀਲਡ ਕਹਿੰਦੇ ਹਨ, "ਈ. ਫੈਕਲਿਸ ਇੱਕ ਬੈਕਟੀਰੀਆ ਹੈ ਜੋ ਮੌਕਾਪ੍ਰਸਤ ਲਾਗਾਂ ਨਾਲ ਜੁੜਿਆ ਹੋਇਆ ਹੈ। ਜੇਕਰ ਤੁਹਾਡਾ ਇਮਿਊਨ ਸਿਸਟਮ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ, ਤਾਂ ਇਹ ਬਿਮਾਰੀ ਦਾ ਕਾਰਨ ਬਣ ਸਕਦਾ ਹੈ।"

ਚੰਗੇ ਬੈਕਟੀਰੀਆ ਦਾ ਪ੍ਰਭਾਵ ਪਹਿਲੇ ਦਿਨ ਤੋਂ

ਖੋਜਕਾਰਾਂ ਨੇ ਪਾਇਆ ਕਿ ਯੋਨੀ ਰਾਹੀਂ ਪੈਦਾ ਹੋਏ ਅਤੇ ਸਿਜੇਰੀਅਨ ਰਾਹੀਂ ਪੈਦਾ ਹੋਏ ਬੱਚਿਆਂ ਵਿੱਚ ਅੰਤੜੀਆਂ ਦੇ ਬੈਕਟੀਰੀਆ ਵਿੱਚ ਅੰਤਰ ਇੱਕ ਸਾਲ ਦੇ ਹੋਣ ਤੱਕ ਕਾਫ਼ੀ ਘੱਟ ਜਾਂਦਾ ਹੈ।

ਹਾਲਾਂਕਿ, ਕੁਝ ਸੰਕੇਤ ਦੱਸਦੇ ਹਨ ਕਿ ਜਿਨ੍ਹਾਂ ਬੱਚਿਆਂ ਦੇ ਪੇਟ ਵਿੱਚ ਜਨਮ ਦੇ ਪਹਿਲੇ ਦਿਨ ਤੋਂ ਹੀ ਲਾਭਦਾਇਕ ਬੈਕਟੀਰੀਆ ਮੌਜੂਦ ਹਨ, ਉਨ੍ਹਾਂ ਦੀ ਸਿਹਤ ਬਿਹਤਰ ਰਹੀ। ਟੀਮ ਨੇ 1,000 ਤੋਂ ਵੱਧ ਬੱਚਿਆਂ ਦੀ ਨਿਗਰਾਨੀ ਕੀਤੀ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕੀ ਉਨ੍ਹਾਂ ਵਿੱਚੋਂ ਕਿਸੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਹੈ।

ਨਿਗੇਲ ਫੀਲਡ ਕਹਿੰਦੇ ਹਨ, "ਅਸੀਂ ਦੇਖਿਆ ਕਿ ਜਿਨ੍ਹਾਂ ਬੱਚਿਆਂ ਦੀਆਂ ਅੰਤੜੀਆਂ ਵਿੱਚ ਬੀ. ਲੋਂਗਮ ਜ਼ਿਆਦਾ ਸਰਗਰਮ ਸੀ, ਉਨ੍ਹਾਂ ਦੇ ਪਹਿਲੇ ਦੋ ਸਾਲਾਂ ਦੌਰਾਨ ਸਾਹ ਦੀ ਲਾਗ ਲਈ ਹਸਪਤਾਲ ਵਿੱਚ ਭਰਤੀ ਹੋਣ ਦੀ ਸੰਭਾਵਨਾ ਬੀ. ਬ੍ਰੇਵੇ ਅਤੇ ਈ. ਫੇਕੇਲਿਸ ਵਾਲੇ ਬੱਚਿਆਂ ਦੀ ਤੁਲਨਾ ਵਿੱਚ ਕਰੀਬ ਅੱਧੀ ਸੀ।

ਦੂਜੇ ਸ਼ਬਦਾਂ ਵਿੱਚ, ਬੀ. ਲੋਂਗਮ ਦੀ ਮੌਜੂਦਗੀ ਯੋਨੀ ਰਾਹੀਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਸਾਹ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਪ੍ਰਤੀਤ ਹੁੰਦੀ ਹੈ। ਇਹ ਵੀ ਸੰਭਵ ਹੈ ਕਿ ਬੀ. ਲੋਂਗਮ ਵਰਗੇ ਲਾਭਦਾਇਕ ਅੰਤੜੀਆਂ ਦੇ ਬੈਕਟੀਰੀਆ ਦੀ ਘਾਟ ਇਹ ਸਮਝਾ ਸਕੇ ਕਿ ਸੀਜੇਰੀਅਨ ਸੈਕਸ਼ਨ ਨਾਲ ਪੈਦਾ ਹੋਏ ਬੱਚਿਆਂ ਵਿੱਚ ਦਮਾ, ਐਲਰਜੀ, ਆਟੋਇਮਿਊਨ ਵਿਕਾਰ ਅਤੇ ਮੋਟਾਪਾ ਵਰਗੀਆਂ ਬਿਮਾਰੀਆਂ ਦਾ ਥੋੜ੍ਹਾ ਜ਼ਿਆਦਾ ਜੋਖ਼ਮ ਕਿਉਂ ਹੁੰਦਾ ਹੈ। ਹਾਲਾਂਕਿ, ਇਸਦੀ ਪੁਸ਼ਟੀ ਕਰਨ ਲਈ ਹੋਰ ਖੋਜ ਦੀ ਲੋੜ ਹੈ।

ਬੱਚਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੋਜ ਦਰਸਾਉਂਦੀ ਹੈ ਕਿ ਬੱਚਿਆਂ ਨੂੰ ਆਪਣੀ ਮਾਂ ਦੇ ਪਾਚਨ ਪ੍ਰਣਾਲੀ ਤੋਂ ਬੈਕਟੀਰੀਆ ਵਿਰਾਸਤ ਵਿੱਚ ਮਿਲਦੇ ਹਨ

ਇਹ ਅਜੇ ਪੂਰੀ ਤਰ੍ਹਾਂ ਨਾਲ ਸਪੱਸ਼ਟ ਨਹੀਂ ਹੈ ਕਿ ਬੱਚੇ ਦੀਆਂ ਅੰਤੜੀਆਂ ਦੇ ਬੈਕਟੀਰੀਆ ਉਨ੍ਹਾਂ ਨੂੰ ਲਾਗ ਤੋਂ ਕਿਵੇਂ ਬਚਾਉਂਦੇ ਹਨ। ਪਰ ਇੱਕ ਪ੍ਰਮੁੱਖ ਸਿਧਾਂਤ ਸੁਝਾਅ ਦਿੰਦਾ ਹੈ ਕਿ ਬਿਫਿਡੋਬੈਕਟੀਰੀਅਮ, ਜਿਵੇਂ ਕਿ ਬੀ. ਲੋਂਗਮ ਜਾਂ ਲੈਕਟੋਬੈਕਿਲਸ ਨਾਮ ਦੇ ਦੂਜੇ ਲਾਭਦਾਇਕ ਬੈਕਟੀਰੀਆ, ਮਨੁੱਖੀ ਦੁੱਧ ਵਿੱਚ ਮੌਜੂਦ ਓਲੀਗੋਸੈਕਰਾਈਡ ਨਾਮ ਦੇ ਗੁੰਝਲਦਾਰ ਸ਼ੂਗਰ ਨੂੰ ਤੋੜਨ ਵਿੱਚ ਮਾਹਰ ਹੁੰਦੇ ਹਨ।

ਇਹ ਸ਼ੂਗਰ ਛਾਤੀ ਦੇ ਦੁੱਧ ਦਾ ਇੱਕ ਮਹੱਤਵਪੂਰਨ ਹਿੱਸਾ ਹਨ, ਪਰ ਬੱਚੇ ਦੇ ਆਪਣੇ ਐਨਜ਼ਾਇਮ ਉਨ੍ਹਾਂ ਨੂੰ ਹਜ਼ਮ ਨਹੀਂ ਕਰ ਸਕਦੇ।

ਬੀ. ਲੋਂਗਮ ਇਨ੍ਹਾਂ ਨੂੰ ਸ਼ਾਰਟ-ਚੇਨ ਫੈਟੀ ਐਸਿਡ (ਐਸਸੀਐਫਏ) ਨਾਮਕ ਅਣੂਆਂ ਵਿੱਚ ਬਦਲਦਾ ਹੈ। ਇਹ ਐਸਸੀਐਫਏ ਇਮਿਊਨ ਸਿਸਟਮ ਨੂੰ ਨਿਯੰਤ੍ਰਿਤ ਕਰਨ ਲਈ ਮੰਨਿਆ ਜਾਂਦਾ ਹੈ ਅਤੇ ਇਹ ਬੱਚੇ ਨੂੰ ਇਨਫੈਕਸ਼ਨਾਂ ਨਾਲ ਲੜਨ ਵਿੱਚ ਬਿਹਤਰ ਢੰਗ ਨਾਲ ਮਦਦ ਕਰਦੇ ਹਨ।

ਐੱਸਸੀਐੱਫਏ ਬੱਚੇ ਦੇ ਇਮਿਊਨ ਸਿਸਟਮ ਨੂੰ ਇਹ ਸਿਖਾਉਣ ਵਿੱਚ ਵੀ ਮਦਦ ਕਰ ਸਕਦੇ ਹਨ ਕਿ ਕੀ ਨੁਕਸਾਨਦੇਹ ਹੈ ਅਤੇ ਕਿਸ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ ਜਾਣੀ ਚਾਹੀਦੀ। ਦੂਜੇ ਸ਼ਬਦਾਂ ਵਿੱਚ, ਇਹ ਇਮਿਊਨ ਸਿਸਟਮ ਨੂੰ ਵਧੇਰੇ ਸੰਤੁਲਿਤ ਅਤੇ ਸਹਿਣਸ਼ੀਲ ਬਣਾਉਂਦੇ ਹਨ।

ਸੂਖ਼ਮ ਜੀਵ

'ਓਵਰਰਿਐਕਟਿਵ ਇਮਿਊਨ ਰਿਸਪਾਂਸ'

ਲੀਚ ਕਹਿੰਦੇ ਹਨ, "ਪੱਛਮੀ ਸਮਾਜਾਂ ਵਿੱਚ ਹੁਣ ਅਸੀਂ ਅਸਲ ਵਿੱਚ ਕਿਸੇ ਵੀ ਘਾਤਕ ਬੈਕਟੀਰੀਆ ਦੇ ਸੰਪਰਕ ਵਿੱਚ ਨਹੀਂ ਆਉਂਦੇ। ਇਸ ਲਈ ਉੱਥੇ ਵਧ ਰਹੀਆਂ ਸਿਹਤ ਸਮੱਸਿਆਵਾਂ ਜ਼ਿਆਦਾਤਰ ਇੱਕ ਓਵਰਰਿਐਕਟਿਵ ਇਮਿਊਨ ਰਿਸਪਾਂਸ ਨਾਲ ਜੁੜੀਆਂ ਹੋਈਆਂ ਹਨ।"

ਇਹ ਮੰਨਿਆ ਜਾਂਦਾ ਹੈ ਕਿ ਬਿਫਿਡੋਬੈਕਟੀਰੀਅਮ ਸਾਡੇ ਪੇਟ ਵਿੱਚ ਅਜਿਹਾ ਵਾਤਾਵਰਣ ਬਣਾਉਣ ਵਿੱਚ ਮਦਦ ਕਰਦਾ ਹੈ ਜਿੱਥੇ ਨੁਕਸਾਨਦੇਹ ਬੈਕਟੀਰੀਆ ਨਹੀਂ ਟਿਕਦੇ ਜਾਣ ਮਰ ਜਾਂਦੇ ਹਨ। ਬਾਲਗ ਅੰਤੜੀਆਂ ਦੇ ਉਲਟ, ਨਵਜੰਮੇ ਬੱਚਿਆਂ ਦੀਆਂ ਅੰਤੜੀਆਂ ਐਰੋਬਿਕ ਹੁੰਦੀਆਂ ਹਨ, ਭਾਵ ਉਨ੍ਹਾਂ ਵਿੱਚ ਆਕਸੀਜਨ ਹੁੰਦੀ ਹੈ।

ਅਜਿਹਾ ਇਸ ਲਈ ਹੈ ਤਾਂ ਜੋ ਅੰਤੜੀਆਂ ਪਹਿਲੀ ਵਾਰ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਣ। ਜਨਮ ਸਮੇਂ, ਅੰਤੜੀਆਂ ਨਾ ਤਾਂ ਤੇਜ਼ਾਬੀ ਹੁੰਦੀਆਂ ਹਨ ਅਤੇ ਨਾ ਹੀ ਖਾਰੀਆਂ, ਇਸਦਾ ਪੀਐੱਚ ਪੱਧਰ ਨਿਰਪੱਖ ਹੁੰਦਾ ਹੈ।

ਲੀਚ ਕਹਿੰਦੇ ਹਨ, "ਸਮੱਸਿਆ ਇਹ ਹੈ ਕਿ ਨਵਜੰਮੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਬੈਕਟੀਰੀਆ ਇਸ ਨਿਰਪੱਖ ਅਤੇ ਆਕਸੀਜਨ-ਅਮੀਰ ਵਾਤਾਵਰਣ ਨੂੰ ਤਰਜੀਹ ਦਿੰਦੇ ਹਨ।"

ਬਿਫਿਡੋਬੈਕਟੀਰੀਅਮ ਤੇਜ਼ੀ ਨਾਲ ਅੰਤੜੀਆਂ ਵਿੱਚ ਆਕਸੀਜਨ ਦੀ ਵਰਤੋਂ ਕਰਦੇ ਹਨ, ਜਿਸ ਨਾਲ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਤੇ ਪੀਐੱਚ ਪੱਧਰ ਘੱਟ ਜਾਂਦਾ ਹੈ। ਇਹ ਇੱਕ ਅਜਿਹਾ ਵਾਤਾਵਰਣ ਬਣਾਉਂਦਾ ਹੈ ਜਿੱਥੇ ਬਿਮਾਰੀ ਪੈਦਾ ਕਰਨ ਵਾਲੇ ਬੈਕਟੀਰੀਆ ਪ੍ਰਫੁੱਲਤ ਨਹੀਂ ਹੋ ਸਕਦੇ।

ਹਾਲਾਂਕਿ, ਵਿਗਿਆਨੀ ਅਜੇ ਵੀ ਇਸ ਪੂਰੀ ਪ੍ਰਕਿਰਿਆ ਨੂੰ ਸਮਝਣ ਦੇ ਸ਼ੁਰੂਆਤੀ ਪੜਾਵਾਂ ਵਿੱਚ ਹਨ। ਨਿਗੇਲ ਫੀਲਡ ਕਹਿੰਦੇ ਹਨ, "ਇਹ ਕਹਿਣਾ ਇੰਨਾ ਸੌਖਾ ਨਹੀਂ ਹੈ, 'ਸੀਜੇਰੀਅਨ ਸੈਕਸ਼ਨ ਘੱਟ ਲਾਭਦਾਇਕ ਹੈ ਅਤੇ ਯੋਨੀ ਡਿਲੀਵਰੀ ਬਿਹਤਰ ਹੈ।' ਹਰ ਯੋਨੀ ਰਾਹੀਂ ਪੈਦਾ ਹੋਣ ਵਾਲੇ ਬੱਚੇ ਨੂੰ ਉਹ ਬੈਕਟੀਰੀਆ ਨਹੀਂ ਮਿਲਦੇ ਜੋ ਬਿਮਾਰੀ ਦੇ ਜੋਖ਼ਮ ਨੂੰ ਘਟਾਉਂਦੇ ਹਨ ਅਤੇ ਹਰ ਸਿਜੇਰੀਅਨ ਬੱਚੇ ਦੀ ਉਹੋ ਜਿਹੀ ਸਿਹਤ ਨਹੀਂ ਹੁੰਦੀ ਜਿਸ ਤੋਂ ਅਸੀਂ ਡਰਦੇ ਹਾਂ।"

ਅੰਤੜੀਆਂ

ਮਾਈਕ੍ਰੋਬ ਇੰਜੀਨੀਅਰਿੰਗ

ਫਿਰ ਵੀ, ਇਹ ਖੋਜ ਇੱਕ ਮਹੱਤਵਪੂਰਨ ਸਵਾਲ ਉਠਾਉਂਦੀ ਹੈ, ਕੀ ਸਾਨੂੰ ਬੱਚਿਆਂ ਦੇ ਮਾਈਕ੍ਰੋਬਾਇਓਮ ਵਿੱਚ ਦਖ਼ਲ ਦੇਣਾ ਚਾਹੀਦਾ ਹੈ, ਖ਼ਾਸ ਕਰਕੇ ਸਿਜੇਰੀਅਨ ਸੈਕਸ਼ਨ ਦੁਆਰਾ ਪੈਦਾ ਹੋਏ ਬੱਚਿਆਂ ਵਿੱਚ ਤਾਂ ਜੋ ਉਨ੍ਹਾਂ ਨੂੰ ਲਾਭਦਾਇਕ ਬੈਕਟੀਰੀਆ ਮਿਲ ਸਕਣ?

ਅਰਚਿਤਾ ਮਿਸ਼ਰਾ ਕਹਿੰਦੀ ਹੈ, "ਸੀਜੇਰੀਅਨ ਸੈਕਸ਼ਨ ਬਹੁਤ ਸਾਰੀਆਂ ਜਾਨਾਂ ਬਚਦੀਆਂ ਹਨ, ਇਸ ਲਈ ਸਾਡਾ ਟੀਚਾ ਗੁਆਚੇ ਹੋਏ ਮਾਈਕ੍ਰੋਬਾਇਓਮ ਨੂੰ ਸੁਰੱਖਿਅਤ ਅਤੇ ਸਹੀ ਢੰਗ ਨਾਲ ਦੁਬਾਰਾ ਬਣਾਉਣਾ ਹੋਣਾ ਚਾਹੀਦਾ ਹੈ।"

ਸਵਾਲ ਇਹ ਹੈ ਕਿ ਇਹ ਕਿਵੇਂ ਕਰਨਾ ਹੈ? ਇੱਕ ਤਰੀਕਾ ਜਿਸ ਬਾਰੇ ਕਈ ਵਾਰ ਵਿਚਾਰ ਕੀਤਾ ਜਾ ਰਿਹਾ ਹੈ ਉਸ ਨੂੰ ਵੇਜਾਇਨਲ ਸੀਡਿੰਗ ਕਿਹਾ ਜਾਂਦਾ ਹੈ।

ਮਾਂ ਦੀ ਯੋਨੀ ਤੋਂ ਲਏ ਗਏ ਤਰਲ ਪਦਾਰਥ ਦਾ ਇੱਕ ਸਵੈਬ ਨਵਜੰਮੇ ਬੱਚੇ ਦੀ ਚਮੜੀ ਅਤੇ ਮੂੰਹ 'ਤੇ ਲਗਾਇਆ ਜਾਂਦਾ ਹੈ, ਇਸ ਉਮੀਦ ਨਾਲ ਕਿ ਇਸ ਵਿੱਚ ਮੌਜੂਦ ਲਾਭਦਾਇਕ ਸੂਖ਼ਮ ਜੀਵ ਬੱਚੇ ਦੇ ਅੰਤੜੀਆਂ ਵਿੱਚ ਜਾ ਕੇ ਕਾਲੌਨੀ ਬਣਾ ਲੈਣਗੇ।

ਇਹ ਤਰੀਕਾ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ, ਪਰ ਮਾਹਰ ਚੇਤਾਵਨੀ ਦਿੰਦੇ ਹਨ ਕਿ ਇਹ ਖ਼ਤਰਨਾਕ ਕੀਟਾਣੂ ਵੀ ਫੈਲਾ ਸਕਦਾ ਹੈ।

ਉਦਾਹਰਣ ਵਜੋਂ, ਇੱਕ ਚੌਥਾਈ ਤੋਂ ਵੱਧ ਔਰਤਾਂ ਦੀ ਯੋਨੀ ਵਿੱਚ ਗਰੁੱਪ ਬੀ ਸਟ੍ਰੈਪ ਨਾਮ ਦਾ ਜੀਵਾਣੂ ਹੁੰਦਾ ਬੈ, ਜੋ ਬੱਚੇ ਲਈ ਘਾਤਕ ਸਾਬਿਤ ਹੋ ਸਕਦਾ ਹੈ। ਇਸ ਤੋਂ ਇਲਾਵਾ, 2019 ਦੇ ਬੇਬੀ ਬਾਇਓਮ ਅਧਿਐਨ ਵਿੱਚ ਪਾਇਆ ਗਿਆ ਕਿ ਲਾਭਦਾਇਕ ਬੈਕਟੀਰੀਆ ਮਾਂ ਦੀ ਯੋਨੀ ਤੋਂ ਨਹੀਂ ਆ ਰਹੇ ਸਨ।

ਹੋਰ ਬਦਲ ਮੌਜੂਦ ਹਨ, ਜਿਵੇਂ ਕਿ ਫੀਕਲ ਮਾਈਕ੍ਰੋਬਾਇਲ ਟ੍ਰਾਂਸਪਲਾਂਟੇਸ਼ਨ, ਜਿਸਨੂੰ ਆਮ ਤੌਰ 'ਤੇ ਸਟੂਲ ਟ੍ਰਾਂਸਪਲਾਂਟ ਕਿਹਾ ਜਾਂਦਾ ਹੈ। ਇਸ ਵਿੱਚ ਮਾਂ ਦੀ ਮਲ ਤੋਂ ਲਏ ਗਏ ਜੀਵਾਣੂ ਨੂੰ ਬੱਚੇ ਦੇ ਪੇਟ ਵਿੱਚ ਪਹੁੰਚਾਇਆ ਜਾਂਦਾ ਹੈ।

ਕੁਝ ਛੋਟੇ ਪੈਮਾਨੇ ਦੇ ਟ੍ਰਾਇਲਜ਼ ਨੇ ਸਕਾਰਾਤਮਕ ਨਤੀਜੇ ਦਿਖਾਏ ਹਨ, ਪਰ ਇਸ ਦੀ ਵਰਤਮਾਨ ਵਿੱਚ ਸਿਫਾਰਸ਼ ਨਹੀਂ ਕੀਤੀ ਜਾਂਦੀ।

ਨਿਗੇਲ ਫੀਲਡ ਕਹਿੰਦੇ ਹਨ, "ਸਾਨੂੰ ਅਜੇ ਤੱਕ ਨਹੀਂ ਪਤਾ ਕਿ ਮਾਂ ਦੇ ਸਰੀਰ ਤੋਂ ਬੈਕਟੀਰੀਆ, ਭਾਵੇਂ ਯੋਨੀ ਹੋਵੇ ਜਾਂ ਮਲ, ਬੱਚੇ ਲਈ ਸਹੀ ਹੈ ਜਾਂ ਨਹੀਂ। ਉਹ ਨੁਕਸਾਨ ਵੀ ਪਹੁੰਚਾ ਸਕਦੇ ਹਨ, ਜਿਸ ਬਾਰੇ ਸਾਨੂੰ ਅਜੇ ਤੱਕ ਅੰਦਾਜ਼ਾ ਨਹੀਂ ਹੈ।"

ਫਿਲਹਾਲ ਬੱਚਿਆਂ ਦੇ ਪੇਟ ਵਿੱਚ ਲਾਹੇਵੰਦ ਬੈਕਟੀਰੀਆ ਪਹੁੰਚਾਉਣ ਲਈ ਪ੍ਰੋਬਾਇਓਟਿਕ ਸਪਲੀਮੈਂਟਾਂ ਨੂੰ ਸਭ ਤੋਂ ਸੁਰੱਖਿਅਤ ਅਤੇ ਅਸਰਦਾਰ ਤਰੀਕਾ ਮੰਨਿਆ ਜਾਂਦਾ ਹੈ।

ਕੁਝ ਕਲੀਨਿਕਲ ਟ੍ਰਾਇਲਜ਼ ਵਿੱਚ ਪਾਇਆ ਗਿਆ ਹੈ ਕਿ ਇਹ ਸਪਲੀਮੈਂਟ ਸਮੇਂ ਤੋਂ ਪਹਿਲਾਂ ਜਾਂ ਘੱਟ ਭਾਰ ਵਾਲੇ ਬੱਚਿਆਂ ਨੂੰ ਨੈਕਰੋਟਾਈਜ਼ਿੰਗ ਐਂਟਰੋਕੋਲਾਈਟਿਸ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾ ਸਕਦੇ ਹਨ।

ਬੱਚਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੀਚ ਮੁਤਾਬਕ, ਪੱਛਮੀ ਸਮਾਜ ਵਿੱਚ ਲੋਕ ਹੁਣ ਘਾਤਕ ਬੈਕਟੀਰੀਆ ਦੇ ਸੰਪਰਕ ਵਿੱਚ ਨਹੀਂ ਆਉਂਦੇ

ਹੋਰ ਖੋਜਾਂ ਇਹ ਵੀ ਸੁਝਾਅ ਦਿੰਦੀਆਂ ਹਨ ਕਿ ਉਹ ਸਮੇਂ ਤੋਂ ਪਹਿਲਾਂ ਜਨਮ ਦੇ ਜੋਖ਼ਮ ਨੂੰ ਘਟਾ ਸਕਦੇ ਹਨ। ਹਾਲਾਂਕਿ, ਇਹ ਅਜੇ ਵੀ ਚੁਣੌਤੀ ਹੈ ਕਿ ਕਿਹੜਾ ਬੈਕਟੀਰੀਆ ਕਿਸ ਬੱਚੇ ਨੂੰ ਦੇਣਾ ਹੈ।

ਸਟੀਵਨ ਲੀਚ ਕਹਿੰਦੇ ਹਨ, "ਜਦੋਂ ਬੱਚੇ ਦੇ ਮਾਈਕ੍ਰੋਬਾਇਓਮ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਕਰਨ ਵੇਲੇ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਮਨੁੱਖੀ ਦਖ਼ਲਅੰਦਾਜ਼ੀ ਨੇ ਕੁਦਰਤੀ ਪ੍ਰਕਿਰਿਆ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ ਹੈ।"

"ਸਾਨੂੰ ਇਸ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵੇਜਾਈਨਲ ਸੀਡਿੰਗ ਅਤੇ ਮਲ ਟ੍ਰਾਂਸਪਲਾਂਟ ਅਸਲ ਵਿੱਚ 'ਗੰਦੇ ਪ੍ਰੋਬਾਇਓਟਿਕਸ' ਹਨ, ਜਿਨ੍ਹਾਂ ਵਿੱਚ ਕੀ-ਕੀ ਹੈ, ਇਹ ਪਤਾ ਨਹੀਂ ਹੁੰਦਾ ਅਤੇ ਉਨ੍ਹਾਂ ਵਿੱਚ ਖ਼ਤਰਾ ਵੀ ਹੁੰਦਾ ਹੈ। ਇਸ ਲਈ ਪ੍ਰੋਬਾਇਓਟਿਕਸ ਹੀ ਸਭ ਤੋਂ ਭਰੋਸੇਮੰਦ ਰਾਹ ਹੈ।"

ਅਰਚਿਤਾ ਮਿਸ਼ਰਾ ਵੀ ਮੰਨਦੀ ਹੈ ਕਿ ਮੂੰਹ ਨਾਲ ਦਿੱਤੇ ਜਾਣ ਵਾਲੇ ਪ੍ਰੋਬਾਇਓਟਿਕਸ ਸਭ ਤੋਂ ਵਿਹਾਰਕ ਅਤੇ ਸੁਰੱਖਿਅਤ ਤਰੀਕਾ ਹੋ ਸਕਦੇ ਹਨ, ਹਾਲਾਂਕਿ ਉਹ ਨੋਟ ਕਰਦੀ ਹੈ ਕਿ ਹਰ ਬੱਚੇ ਦਾ ਪੇਟ ਵੱਖ ਹੁੰਦਾ ਹੈ, ਇਸ ਲਈ ਨਤੀਜੇ ਵੱਖੋ-ਵੱਖਰੇ ਹੋ ਸਕਦੇ ਹਨ।

ਉਹ ਅੱਗੇ ਕਹਿੰਦੀ ਹੈ ਕਿ ਭਵਿੱਖ ਵਿੱਚ, ਬੱਚਿਆਂ ਦੇ ਜੈਨੇਟਿਕ ਡੇਟਾ, ਖੁਰਾਕ ਅਤੇ ਇਮਿਊਨ ਪ੍ਰੋਫਾਈਲ ਦੇ ਅਧਾਰ ਤੇ ਸਟੀਕ ਮਾਈਕ੍ਰੋਬਾਇਓਮ ਬਣਾਏ ਜਾਣਗੇ।

ਮਿਸ਼ਰਾ ਕਹਿੰਦੀ ਹੈ, "ਤੁਸੀਂ ਇਸਨੂੰ 'ਵਿਅਕਤੀਗਤ ਮਾਈਕ੍ਰੋਬਾਇਲ ਦਵਾਈ' ਕਹਿ ਸਕਦੇ ਹੋ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)