ਫ਼ਾਜ਼ਿਲਕਾ: 'ਸਾਡੀ ਮਜਬੂਰੀ ਬਣ ਗਈ, ਪੁੱਤਾਂ ਵਾਂਗ ਪਾਲਿਆ ਬਾਗ਼ ਹੱਥੀਂ ਪੁੱਟਣਾ ਪਿਆ' - ਸੇਮ ਦੀ ਮਾਰ ਝੱਲਦੇ ਕਿਸਾਨ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਫ਼ਾਜ਼ਿਲਕਾ ਜ਼ਿਲ੍ਹੇ ਦੇ ਪੱਟੀ ਬਿੱਲਾ ਪਿੰਡ ਵਿੱਚ ਵੱਸਦੇ ਕਿਸਾਨ ਹਰਗੋਬਿੰਦ ਸਿੰਘ ਸੇਮ ਕਾਰਨ ਆਰਥਿਕ ਮਾਰ ਚੱਲ ਰਹੇ ਹਨ। ਇਹ ਦਰਦ ਸਿਰਫ਼ ਉਨ੍ਹਾਂ ਤੱਕ ਸੀਮਤ ਨਹੀਂ ਹੈ ਬਲਕਿ ਇਲਾਕੇ ਦੇ ਸੈਂਕੜੇ ਕਿਸਾਨ ਇਸੇ ਤਕਲੀਫ਼ ਨੂੰ ਝੱਲ ਰਹੇ ਹਨ।
ਸੇਮ ਦੀ ਮਾਰ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਬਰਬਾਦ ਹੋ ਗਈ ਹੈ। ਕਿੰਨੂਆਂ ਦੇ ਬਾਗ਼ ਸੁੱਕ ਗਏ ਹਨ। ਜਿਸ ਕਰਕੇ ਕਿਸਾਨ ਕਿੰਨੂਆਂ ਦਾ ਬਾਗ਼ ਪੁੱਟਣ ਵਾਸਤੇ ਮਜ਼ਬੂਰ ਹਨ। ਹੁਣ ਉਹ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਅਪਣਾ ਰਹੇ ਹਨ।
ਸੇਮ ਨਾਲ ਇਕੱਲੀਆਂ ਫ਼ਸਲਾਂ ਹੀ ਨਹੀਂ ਸਗੋਂ ਉਨ੍ਹਾਂ ਦੇ ਰਿਹਾਇਸ਼ੀ ਮਕਾਨ ਵੀ ਪ੍ਰਭਾਵਿਤ ਹੋਏ ਹਨ। ਘਰਾਂ ਵਿੱਚ ਤਰੇੜਾਂ ਆ ਰਹੀਆਂ ਹਨ। ਲੋਕ ਚਿੰਤਤ ਹਨ ਕਿ ਉਨ੍ਹਾਂ ਦੇ ਮਕਾਨ ਕਿਤੇ ਡਿੱਗ ਨਾ ਪੈਣ। ਸੇਮ ਪ੍ਰਭਾਵਿਤ ਇਲਾਕਿਆਂ ਵਿੱਚ ਰੁੱਖ ਵੀ ਸੁੱਕ ਰਹੇ ਹਨ।

ਸੇਮ ਪ੍ਰਭਾਵਿਤ ਇਲਾਕੇ

ਫ਼ਾਜ਼ਿਲਕਾ ਜ਼ਿਲ੍ਹੇ ਦਾ ਸਰਵਰ ਖੂਹੀਆਂ ਬਲਾਕ ਸੇਮ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਵਿੱਚੋਂ ਹੈ।
ਕਈ ਪਿੰਡਾਂ ਵਿੱਚ ਪਾਣੀ ਦਾ ਪੱਧਰ ਜ਼ੀਰੋ ਹੋ ਗਿਆ ਹੈ ਅਤੇ ਪਾਣੀ ਸਤਹ ਤੋਂ ਉੱਪਰ ਆ ਗਿਆ ਹੈ। ਮੌਜੂਦਾ ਸਮੇਂ ਕਈ ਖੇਤ ਹੜ੍ਹ ਵਰਗੇ ਹਲਾਤ ਦਾ ਭੁਲੇਖਾ ਪਾਉਂਦੇ ਹਨ।
ਸਰਕਾਰੀ ਅੰਕੜਿਆਂ ਮੁਤਾਬਕ ਇਸ ਬਲਾਕ ਦੇ 26 ਪਿੰਡ ਸੇਮ ਦੀ ਮਾਰ ਹੇਠ ਹਨ। ਇਨ੍ਹਾਂ ਪਿੰਡਾਂ ਦੀ ਤਕਰੀਬਨ 3000 ਏਕੜ ਵਿੱਚ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ।
ਬਲਾਕ ਖੇਤੀਬਾੜੀ ਅਫ਼ਸਰ ਪ੍ਰਮਿੰਦਰ ਸਿੰਘ ਨੇ ਦੱਸਿਆ, "ਸਰਵਰ ਖੂਹੀਆਂ ਬਲਾਕ ਵਿੱਚ 52 ਪਿੰਡ ਹਨ। ਇਨ੍ਹਾਂ ਵਿੱਚੋਂ 26 ਪਿੰਡ ਸੇਮ ਪ੍ਰਭਾਵਿਤ ਹਨ। ਕੋਈ ਪਿੰਡ ਵੱਧ ਅਤੇ ਕੋਈ ਪਿੰਡ ਘੱਟ ਪ੍ਰਭਾਵਿਤ ਹਨ।"
ਸੇਮ ਦੀ ਸਮੱਸਿਆ ਕਿਉਂ ਵਧੀ

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਖੇਤਰ ਲੰਬੇ ਸਮੇਂ ਤੋਂ ਸੇਮ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਜਿਸ ਦਾ ਕਾਰਨ ਮੀਂਹ ਦੱਸਿਆ ਜਾ ਰਿਹਾ ਹੈ।
ਬਲਾਕ ਖੇਤੀਬਾੜੀ ਅਫ਼ਸਰ ਪ੍ਰਮਿੰਦਰ ਸਿੰਘ ਨੇ ਦੱਸਿਆ, "ਵੈਸੇ ਤਾਂ ਸੇਮ ਕੁਦਰਤੀ ਵਰਤਾਰਾ ਹੈ ਪਰ ਪਿਛਲੇ ਸਾਲ ਮੀਂਹ ਵੱਧ ਪੈਣ ਕਾਰਨ ਇਸ ਵਾਰੀ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਉੱਪਰ ਆ ਗਿਆ। ਜਿਸ ਕਾਰਨ ਫ਼ਸਲਾਂ ਦਾ ਨੁਕਸਾਨ ਮੁਕਾਬਲਤਨ ਵਧੇਰੇ ਹੋਇਆ ਹੈ।"
ਕਿੰਨੂਆਂ ਦੇ ਬਾਗਾਂ ਉੱਤੇ ਕੀ ਅਸਰ ਪਿਆ

ਹਰਗੋਬਿੰਦ ਸਿੰਘ ਦੱਸਦੇ ਹਨ, "ਸੇਮ ਕਾਰਨ 2-3 ਮਹੀਨੇ ਪਾਣੀ ਧਰਤ ਦੀ ਸਤਹ ਉੱਪਰ ਖੜ੍ਹਾ ਰਿਹਾ। ਜਿਸ ਕਰਕੇ ਕਿੰਨੂਆਂ ਦੇ ਬੂਟੇ ਸੁੱਕ ਗਏ ਹਨ। ਸਾਡੀ ਮਜਬੂਰੀ ਬਣ ਗਈ ਕਿ ਜਿਹੜਾ ਬਾਗ਼ ਅਸੀਂ ਪੁੱਤਾਂ ਵਾਂਗ ਪਾਲਿਆ, ਉਹ ਪਟਾਉਣਾ ਪੈ ਰਿਹਾ ਹੈ। ਇਸਨੂੰ ਦੇਖਕੇ ਰੋਣਾ ਆ ਰਿਹਾ ਹੈ।"
ਉਨਾਂ ਕਿਹਾ, "ਜਿਹੜੇ ਬੂਟੇ ਹਰੇ ਹਨ, ਉਨ੍ਹਾਂ ਨੂੰ ਇਸ ਵਾਰ ਫ਼ਲ ਨਹੀਂ ਲੱਗਾ। ਉਹ ਵੀ ਸੁੱਕ ਜਾਣਗੇ। ਕਿੰਨੂਆਂ ਦੇ ਬੂਟੇ ਲੱਖਾਂ ਦੀ ਕਮਾਈ ਦਿੰਦੇ ਸਨ ਪਰ ਹੁਣ ਇਹ ਪੁੱਟਣੇ ਪੈ ਰਹੇ ਹਨ।"
ਇਸੇ ਪਿੰਡ ਦੇ ਇੱਕ ਹੋਰ ਕਿਸਾਨ ਗੁਰਜੀਤ ਸਿੰਘ ਦਾ ਕਿੰਨੂਆਂ ਦਾ ਬਾਗ਼ ਵੀ ਸੁੱਕ ਗਿਆ ਹੈ।
ਗੁਰਜੀਤ ਨੇ ਕਿਹਾ ਹੁਣ ਉਹ ਵੀ ਕਿੰਨੂਆਂ ਦੇ ਬੂਟੇ ਪੁੱਟਣ ਬਾਰੇ ਸੋਚ ਰਹੇ ਹੈ।
ਬਲਾਕ ਖੇਤੀਬਾੜੀ ਅਫ਼ਸਰ ਪ੍ਰਮਿੰਦਰ ਸਿੰਘ ਨੇ ਵੀ ਸਵਿਕਾਰ ਕੀਤਾ ਕਿ ਸੇਮ ਕਾਰਨ ਲੋਕ ਕਿੰਨੂਆ ਦੇ ਬਾਗ਼ ਪੁੱਟਣ ਲਈ ਮਜਬੂਰ ਹਨ। ਪਰ ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹੇ ਵਿੱਚ ਕਿੰਨੂਆ ਹੇਠਾਂ ਰਕਬਾ ਨਹੀਂ ਘਟਿਆ।
ਉਨ੍ਹਾਂ ਦੇ ਦੱਸਣ ਮੁਤਾਬਕ ਜ਼ਿਲ੍ਹੇ ਦੇ ਹੋਰਨਾਂ ਹਿੱਸਿਆਂ ਵਿੱਚ ਕਈ ਹੋਰ ਕਿਸਾਨ ਕਿੰਨੂਆਂ ਦੇ ਨਵੇਂ ਬਾਗ ਲਗਾਏ ਹਨ।
ਉਨ੍ਹਾਂ ਕਿਹਾ, "ਕਿੰਨੂਆਂ ਦੇ ਬੂਟੇ ਵਾਸਤੇ ਪਾਣੀ ਦਾ ਪੱਧਰ 8-10 ਫੁੱਟ ਤੋਂ ਘੱਟ ਨਹੀਂ ਹੋਣਾ ਚਾਹੀਦਾ। ਜੇਕਰ ਜ਼ਮੀਨੀ ਪਾਣੀ ਦਾ ਪੱਧਰ ਘੱਟ ਹੋਵੇ ਤਾਂ ਕਿੰਨੂਆਂ ਦਾ ਬਾਗ਼ ਨਹੀਂ ਬੱਚ ਸਕਦੇ। ਇਸ ਕਰਕੇ ਬਾਗ਼ ਖ਼ਰਾਬ ਵੀ ਹੋਏ ਹਨ ਅਤੇ ਕਿਸਾਨਾਂ ਨੇ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਅਪਣਾਇਆ ਹੈ।"
ਕਣਕ ਦੀ ਫ਼ਸਲ ਕਿੰਨੀ ਪ੍ਰਭਾਵਿਤ ਹੋਈ

ਬਲਾਕ ਖੇਤੀਬਾੜੀ ਅਫ਼ਸਰ ਪ੍ਰਮਿੰਦਰ ਸਿੰਘ ਮੁਤਾਬਕ ਜਿੱਥੇ ਪਾਣੀ ਦਾ ਪੱਧਰ ਜ਼ੀਰੋ ਤੋਂ ਇੱਕ ਫੁੱਟ ਹੈ, ਉੱਥੇ ਕਣਕ ਦੀ ਫ਼ਸਲ ਵੱਧ ਪ੍ਰਭਾਵਿਤ ਹੋਈ ਹੈ। ਜਿੱਥੇ ਪਾਣੀ ਦਾ ਪੱਧਰ ਤਿੰਨ ਜਾਂ ਚਾਰ ਫੁੱਟ ਹੈ, ਉਥੇ ਕਣਕ ਦੀ ਫ਼ਸਲ ਘੱਟ ਪ੍ਰਭਾਵਿਤ ਹੋਈ ਹੈ।
ਕਿਸਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਣਕ ਦੀ ਫ਼ਸਲ ਵੀ ਸੇਮ ਕਰਕੇ ਤਬਾਹ ਹੋ ਚੁੱਕੀ ਹੈ।
ਗੁਰਜੀਤ ਨੇ ਕਿਹਾ, "ਮੈਂ ਦੋ ਕਿੱਲਿਆਂ ਵਿੱਚ ਖੇਤੀ ਕਰਦਾ ਹਾਂ। ਇੱਕ ਕਿੱਲੇ ਵਿੱਚ ਕਣਕ ਦੀ ਫ਼ਸਲ ਵਿੱਚ ਪਾਣੀ ਖੜ੍ਹਾ ਹੋਇਆ ਹੈ ਅਤੇ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ। ਦੂਜੇ ਕਿੱਲੇ ਵਿੱਚ ਕਿੰਨੂਆਂ ਦਾ ਬਾਗ਼ ਹੈ।"
ਜਿਸ ਕਿੱਲੇ ਵਿੱਚ ਕਿੰਨੂਆ ਦਾ ਬਾਗ਼ ਹੈ, ਉੱਥੇ ਵੀ ਕਣਕ ਬੀਜੀ ਹੋਈ ਹੈ ਪਰ ਉਹ ਫ਼ਸਲ ਵੀ ਖ਼ਰਾਬ ਹੋ ਚੁੱਕੀ ਹੈ। ਖੇਤਾਂ ਵਿੱਚ ਛੋਰਾ ਇਕੱਠਾ ਹੋਣ ਕਰਕੇ ਖੇਤ ਚਿੱਟੇ ਨਜ਼ਰ ਆਉਂਦੇ ਹਨ। ਛੋਰੇ ਕਰਕੇ ਬੂਟਾ ਕਿਤੇ ਕਿਤੇ ਉੱਗਦਾ ਹੈ, ਜਿਹੜਾ ਉੱਗਦਾ ਹੈ, ਉਸ ਵਧਦਾ ਫੁੱਲਦਾ ਨਹੀਂ।"
ਫ਼ਸਲਾਂ ਤੋਂ ਬਗੈਰ ਹੋਰ ਕਿੱਥੇ ਅਸਰ ਹੋਇਆ

ਸੇਮ ਕਾਰਨ ਇਲਾਕੇ ਵਿੱਚ ਲੱਗੇ ਰੁੱਖ ਵੀ ਪ੍ਰਭਾਵਿਤ ਹੋਏ ਹਨ ਅਤੇ ਰਿਹਾਇਸ਼ੀ ਮਕਾਨਾਂ ਉੱਤੇ ਵੀ ਸੇਮ ਦਾ ਅਸਰ ਪਿਆ ਹੈ। ਮਕਾਨਾਂ ਵਿੱਚ ਤਰੇੜਾਂ ਆ ਰਹੀਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਦੇ ਮਕਾਨਾਂ ਦੇ ਡਿੱਗਣ ਦਾ ਡਰ ਸਤਾ ਰਿਹਾ ਹੈ।
ਹਰਗੋਬਿੰਦ ਸਿੰਘ ਕਹਿੰਦੇ ਹਨ, "ਸੇਮ ਨਾਲ ਸਾਡੇ ਮਕਾਨਾਂ ਵਿੱਚ ਵੀ ਤਰੇੜਾਂ ਆ ਗਈਆਂ ਹਨ। ਮਕਾਨ ਡਿੱਗਣ ਦੀ ਕਗਾਰ ਉੱਤੇ ਹਨ। ਜੇਕਰ ਏਦਾਂ ਹੀ ਤਰੇੜਾਂ ਆਉਂਦੀਆਂ ਰਹੀਆਂ ਤਾਂ ਸਾਡੇ ਮਕਾਨ ਜਲਦੀ ਡਿੱਗ ਪੈਣਗੇ। ਸੇਮ ਕਰਕੇ ਰੁੱਖ ਵੀ ਸੁੱਕ ਰਹੇ ਹਨ।"
ਖੇਤੀਬਾੜੀ ਵਿਭਾਗ ਨੇ ਕੀ ਕਾਰਵਾਈ ਕੀਤੀ
ਬਲਾਕ ਖੇਤੀਬਾੜੀ ਅਫ਼ਸਰ ਪ੍ਰਮਿੰਦਰ ਸਿੰਘ ਨੇ ਕਿਹਾ, "ਅਸੀਂ ਸੇਮ ਪ੍ਰਭਾਵਿਤ ਏਰੀਏ ਦੀ ਜਾਣਕਾਰੀ ਇਕੱਤਰ ਕਰਕੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।"
ਅਗਲੀ ਕਾਰਵਾਈ ਲਈ ਉਹ ਉੱਚ ਅਧਿਕਾਰੀਆਂ ਤੋਂ ਦਿਸ਼ਾ-ਨਿਰਦੇਸ਼ ਮਿਲਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












