ਸੱਪ ਨੂੰ ਫੜ ਕੇ ਗਲ਼ ਵਿੱਚ ਪਾਉਣਾ ਇਸ ਵਿਅਕਤੀ ਨੂੰ ਕਿਵੇਂ ਮਹਿੰਗਾ ਪਿਆ,ਜਾਣੋ ਪੂਰਾ ਮਾਮਲਾ

ਦੀਪਕ ਮਹਾਵਰ

ਤਸਵੀਰ ਸਰੋਤ, Shuraih Niyazi

ਤਸਵੀਰ ਕੈਪਸ਼ਨ, ਦੀਪਕ ਮਹਾਵਰ ਨੇ ਇੱਕ ਸੱਪ ਫੜਿਆ ਸੀ ਪਰ ਬੱਚੇ ਦੇ ਸਕੂਲ ਪਹੁੰਚਣ ਦੀ ਕਾਹਲੀ 'ਚ ਸੱਪ ਨੂੰ ਜੰਗਲ 'ਚ ਛੱਡਣ ਦੀ ਬਜਾਏ ਉਨ੍ਹਾਂ ਨੇ ਗਲ਼ 'ਚ ਲਪੇਟ ਲਿਆ
    • ਲੇਖਕ, ਸ਼ੁਰੈਹ ਨਿਆਜ਼ੀ
    • ਰੋਲ, ਬੀਬੀਸੀ ਹਿੰਦੀ ਲਈ, ਭੋਪਾਲ ਤੋਂ

ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਦੇ ਰਾਘੋਗੜ੍ਹ ਵਿੱਚ ਇੱਕ 'ਸੱਪ ਮਿੱਤਰ' ਘਾਤਕ ਲਾਪਰਵਾਹੀ ਕਾਰਨ ਹੋ ਦੀ ਮੌਤ ਗਈ।

ਦਰਅਸਲ ਦੀਪਕ ਮਹਾਵਰ ਨੇ ਫੜੇ ਗਏ ਸੱਪ ਨੂੰ ਜੰਗਲ ਵਿੱਚ ਛੱਡਣ ਦੀ ਬਜਾਏ ਆਪਣੇ ਗਲ਼ ਵਿੱਚ ਲਪੇਟ ਲਿਆ। ਇਸ ਦੌਰਾਨ ਸੱਪ ਨੇ ਉਨ੍ਹਾਂ ਨੂੰ ਡੰਗ ਲਿਆ।

ਪਹਿਲਾਂ ਤਾਂ ਉਨ੍ਹਾਂ ਨੇ ਇਸਨੂੰ ਸੰਜੀਦਗੀ ਨਾਲ ਨਹੀਂ ਲਿਆ ਅਤੇ ਮੁੱਢਲੇ ਇਲਾਜ ਤੋਂ ਬਾਅਦ ਘਰ ਵਾਪਸ ਆ ਗਏ, ਪਰ ਜ਼ਹਿਰ ਨੇ ਹੌਲੀ-ਹੌਲੀ ਆਪਣਾ ਅਸਰ ਦਿਖਾਇਆ ਅਤੇ ਦੇਰ ਰਾਤ ਉਨ੍ਹਾਂ ਦੀ ਹਾਲਤ ਵਿਗੜ ਗਈ।

ਜਦੋਂ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਲਿਜਾਇਆ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਗਈ।

ਦੀਪਕ ਇਲਾਕੇ ਵਿੱਚ ਸੱਪ ਫੜਨ ਲਈ ਮਸ਼ਹੂਰ ਸਨ ਅਤੇ ਉਨ੍ਹਾਂ ਨੂੰ ਇਸੇ ਕੰਮ ਲਈ ਜੇਪੀ ਕਾਲਜ ਵਿੱਚ ਰੱਖਿਆ ਗਿਆ ਸੀ।

ਸੱਪ

ਤਸਵੀਰ ਸਰੋਤ, Shuraih Niyazi

ਤਸਵੀਰ ਕੈਪਸ਼ਨ, ਮੁੱਢਲੇ ਇਲਾਜ ਤੋਂ ਬਾਅਦ ਅਗਲੇ ਦਿਨ ਦੀਪਕ ਦੀ ਮੌਤ ਹੋ ਗਈ

ਸੋਮਵਾਰ ਦੁਪਹਿਰ ਕਰੀਬ 12 ਵਜੇ, ਰਾਘੋਗੜ੍ਹ ਵਿੱਚ ਉਨ੍ਹਾਂ ਨੂੰ ਇੱਕ ਫੋਨ ਆਇਆ ਕਿ ਇੱਕ ਘਰ ਵਿੱਚ ਸੱਪ ਹੈ। ਦੀਪਕ ਮੌਕੇ 'ਤੇ ਪਹੁੰਚੇ ਅਤੇ ਸੱਪ ਨੂੰ ਸੁਰੱਖਿਅਤ ਫੜ ਲਿਆ।

ਇਸ ਦੌਰਾਨ, ਉਨ੍ਹਾਂ ਨੂੰ ਆਪਣੇ 12 ਸਾਲ ਦੇ ਪੁੱਤਰ ਦੇ ਸਕੂਲ ਤੋਂ ਫੋਨ ਆਇਆ ਕਿ ਸਕੂਲ ਬੰਦ ਹੈ ਅਤੇ ਉਹ ਉਸਨੂੰ ਲੈ ਜਾਣ।

ਜਲਦੀ ਵਿੱਚ, ਸੱਪ ਨੂੰ ਡੱਬੇ ਵਿੱਚ ਬੰਦ ਕਰਨ ਦੀ ਬਜਾਏ ਉਨ੍ਹਾਂ ਨੇ ਉਸਨੂੰ ਆਪਣੇ ਗਲ਼ ਵਿੱਚ ਹੀ ਲਪੇਟ ਲਿਆ ਅਤੇ ਆਪਣੇ ਮੋਟਰਸਾਈਕਲ 'ਤੇ ਸਕੂਲ ਪਹੁੰਚ ਗਏ।

ਜਦੋਂ ਉਹ ਆਪਣੇ ਪੁੱਤਰ ਨੂੰ ਪਿੱਛੇ ਬੈਠਾ ਕੇ ਘਰ ਵਾਪਸ ਆ ਰਹੇ ਸਨ, ਤਾਂ ਉਨ੍ਹਾਂ ਦੇ ਗਲ਼ ਵਿੱਚ ਲਟਕਦੇ ਸੱਪ ਨੇ ਉਨ੍ਹਾਂ ਦੇ ਸੱਜੇ ਹੱਥ 'ਤੇ ਡੰਗ ਮਾਰਿਆ।

ਸੱਪ ਦੇ ਡੰਗ ਤੋਂ ਬਾਅਦ ਹਸਪਤਾਲ ਪਹੁੰਚੇ

ਸੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰਾਂ ਮੁਤਾਬਕ, ਜੇਕਰ ਦੀਪਕ ਮੁੱਢਲੇ ਇਲਾਜ ਤੋਂ ਬਾਅਦ ਘਰ ਨਾ ਆਉਂਦੇ ਅਤੇ ਹਸਪਤਾਲ ਦੀ ਨਿਗਰਾਨੀ 'ਚ ਹੀ ਰਹਿੰਦੇ ਤਾਂ ਉਹ ਬਚ ਸਕਦੇ ਸਨ (ਸੰਕੇਤਕ ਤਸਵੀਰ)

ਸੱਪ ਦੇ ਡੰਗ ਤੋਂ ਤੁਰੰਤ ਬਾਅਦ, ਦੀਪਕ ਨੇ ਇੱਕ ਦੋਸਤ ਨੂੰ ਬੁਲਾਇਆ, ਜੋ ਉਨ੍ਹਾਂ ਨੂੰ ਰਾਘੋਗੜ੍ਹ ਦੇ ਨਜ਼ਦੀਕੀ ਹਸਪਤਾਲ ਲੈ ਗਿਆ। ਉੱਥੇ ਮੁੱਢਲੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਗੁਨਾ ਰੈਫਰ ਕਰ ਦਿੱਤਾ।

ਜਦੋਂ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਇਆ, ਤਾਂ ਦੀਪਕ ਸ਼ਾਮ ਨੂੰ ਹਸਪਤਾਲ ਤੋਂ ਘਰ ਵਾਪਸ ਆ ਗਏ ਅਤੇ ਖਾਣਾ ਖਾਣ ਤੋਂ ਬਾਅਦ ਸੌਂ ਗਏ। ਪਰ ਰਾਤ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ।

ਰਾਘੋਗੜ੍ਹ ਪ੍ਰਾਇਮਰੀ ਹੈਲਥ ਸੈਂਟਰ ਦੇ ਡਾਕਟਰ ਦੇਵੇਂਦਰ ਸੋਨੀ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਉਹ ਸਾਡੇ ਕੋਲ ਆਏ, ਤਾਂ ਉਨ੍ਹਾਂ ਦੀ ਹਾਲਤ ਠੀਕ ਸੀ। ਉਨ੍ਹਾਂ ਦੇ ਸਰੀਰ ਦੇ ਮਹੱਤਵਪੂਰਨ ਅੰਗ ਠੀਕ ਸਨ, ਉਹ ਠੀਕ-ਠਾਕ ਬੋਲ ਰਹੇ ਸਨ ਅਤੇ ਹੋਸ਼ ਵਿੱਚ ਸਨ।"

"ਅਸੀਂ ਤੁਰੰਤ ਸਟੈਂਡਰਡ ਪ੍ਰੋਟੋਕੋਲ ਅਨੁਸਾਰ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਉਸਨੂੰ ਆਈਵੀ ਫਲੂਡ (ਤਰਲ ਪਦਾਰਥ), ਸੱਪ-ਰੋਧੀ ਜ਼ਹਿਰ (ਐਂਟੀ ਸਨੇਕ ਵੈਨਮ) ਅਤੇ ਹੋਰ ਜ਼ਰੂਰੀ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਗੁਨਾ ਰੈਫਰ ਕਰ ਦਿੱਤਾ ਗਿਆ ਕਿਉਂਕਿ ਇੱਥੇ ਸਾਰੀਆਂ ਸਹੂਲਤਾਂ ਉਪਲੱਬਧ ਨਹੀਂ ਹਨ।"

ਇਹ ਵੀ ਪੜ੍ਹੋ-

ਡਾਕਟਰ ਸੋਨੀ ਨੇ ਕਿਹਾ ਕਿ ਕੁਝ ਘੰਟੇ ਗੁਨਾ ਵਿੱਚ ਰਹਿਣ ਤੋਂ ਬਾਅਦ, ਦੀਪਕ ਘਰ ਵਾਪਸ ਆ ਗਏ ਸਨ ਕਿਉਂਕਿ ਉਹ ਠੀਕ ਮਹਿਸੂਸ ਕਰ ਰਹੇ ਸਨ।

ਉਨ੍ਹਾਂ ਅੱਗੇ ਕਿਹਾ, "ਸੱਪ ਕੋਬਰਾ ਲੱਗ ਰਿਹਾ ਸੀ, ਜਿਸਦਾ ਜ਼ਹਿਰ ਹੌਲੀ-ਹੌਲੀ ਕੰਮ ਕਰਦਾ ਹੈ। ਅਜਿਹੇ ਮਾਮਲਿਆਂ ਵਿੱਚ, ਮਰੀਜ਼ ਲਈ ਘੱਟੋ-ਘੱਟ 24 ਘੰਟੇ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣਾ ਜ਼ਰੂਰੀ ਹੁੰਦਾ ਹੈ। ਜੇਕਰ ਉਹ ਰੈਫਰਲ ਸੈਂਟਰ ਵਿੱਚ ਨਿਗਰਾਨੀ ਹੇਠ ਰਹਿੰਦੇ ਅਤੇ ਵਾਪਸ ਨਾ ਜਾਂਦੇ, ਤਾਂ ਉਨ੍ਹਾਂ ਦੀ ਜਾਨ ਬਚ ਸਕਦੀ ਸੀ।"

ਸੱਪ ਫੜਨ ਦੀ ਕਲਾ ਕਰਕੇ ਮਿਲੀ ਸੀ ਇਹ ਨੌਕਰੀ

ਦੀਪਕ ਦੇ ਛੋਟੇ ਭਰਾ ਨਰੇਸ਼ ਮਹਾਵਰ

ਤਸਵੀਰ ਸਰੋਤ, Shuraih Niyazi

ਤਸਵੀਰ ਕੈਪਸ਼ਨ, ਦੀਪਕ ਦੇ ਛੋਟੇ ਭਰਾ ਨਰੇਸ਼ ਮਹਾਵਰ ਮੁਤਾਬਕ, ਦੀਪਕ ਪਿਛਲੇ ਕਈ ਸਾਲਾਂ ਤੋਂ ਸੱਪ ਫੜ੍ਹਨ ਦਾ ਕੰਮ ਕਰ ਰਹੇ ਸਨ

ਦੀਪਕ ਮਹਾਵਰ ਪਿਛਲੇ ਕਈ ਸਾਲਾਂ ਤੋਂ ਰਾਘੋਗੜ੍ਹ ਦੇ ਜੇਪੀ ਕਾਲਜ ਵਿੱਚ 'ਸੱਪ ਮਿੱਤਰ' ਵਜੋਂ ਕੰਮ ਕਰ ਰਹੇ ਸਨ। ਉਹ ਨੇੜਲੇ ਪਿੰਡਾਂ ਤੋਂ ਸੱਪ ਫੜਨ ਦੀ ਜਾਣਕਾਰੀ 'ਤੇ ਵੀ ਨਿਯਮਿਤ ਤੌਰ 'ਤੇ ਜਾਂਦੇ ਸਨ।

ਪਰਿਵਾਰ ਵਿੱਚ ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿੱਚੋਂ ਇੱਕ 14 ਸਾਲ ਦਾ ਹੈ ਅਤੇ ਦੂਜਾ 12 ਸਾਲ ਦਾ ਹੈ। ਉਨ੍ਹਾਂ ਦੀ ਪਤਨੀ ਦੀ ਮੌਤ ਲਗਭਗ 10 ਸਾਲ ਪਹਿਲਾਂ ਹੋ ਗਈ ਸੀ।

ਜਦੋਂ ਇਹ ਘਟਨਾ ਵਾਪਰੀ, ਤਾਂ ਦੀਪਕ ਆਪਣੇ ਛੋਟੇ ਪੁੱਤਰ ਨੂੰ ਸਕੂਲੋਂ ਲੈਣ ਗਏ ਸਨ।

ਦੀਪਕ ਦੇ ਛੋਟੇ ਭਰਾ ਨਰੇਸ਼ ਮਹਾਵਰ ਨੇ ਬੀਬੀਸੀ ਨੂੰ ਦੱਸਿਆ, "ਦੀਪਕ ਕਈ ਸਾਲਾਂ ਤੋਂ ਇਹ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਕਿਸੇ ਵਿਅਕਤੀ ਤੋਂ ਸੱਪ ਫੜਨ ਦਾ ਕੰਮ ਸਿੱਖਿਆ ਸੀ। ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਨੇ ਇਸ ਕੰਮ ਵਿੱਚ ਮੁਹਾਰਤ ਹਾਸਲ ਕਰ ਲਈ ਸੀ, ਜਿਸ ਕਾਰਨ ਉਨ੍ਹਾਂ ਨੂੰ ਜੇਪੀ ਕਾਲਜ ਵਿੱਚ ਨੌਕਰੀ ਮਿਲੀ ਸੀ। ਇਹ ਕਾਲਜ ਬਾਹਰਵਾਰ ਹੈ, ਜਿੱਥੇ ਅਕਸਰ ਸੱਪ ਦਿਖਾਈ ਦਿੰਦੇ ਹਨ।"

ਸੱਪ

ਨਰੇਸ਼ ਨੇ ਅੱਗੇ ਕਿਹਾ, "ਪਹਿਲਾਂ ਵੀ ਉਨ੍ਹਾਂ ਨੂੰ ਕਈ ਵਾਰ ਸੱਪਾਂ ਨੇ ਡੰਗਿਆ ਸੀ ਅਤੇ ਉਹ ਅਕਸਰ ਆਪਣੀਆਂ ਜੜ੍ਹੀਆਂ ਬੂਟੀਆਂ ਨਾਲ ਹੀ ਇਸਦਾ ਇਲਾਜ ਕਰਦੇ ਸਨ।"

ਹਾਲਾਂਕਿ, ਇੱਕ ਵਾਰ ਉਨ੍ਹਾਂ ਨੂੰ ਹਸਪਤਾਲ ਵੀ ਜਾਣਾ ਪਿਆ ਸੀ। ਇਸ ਵਾਰ ਵੀ ਉਨ੍ਹਾਂ ਨੇ ਸੋਚਿਆ ਕਿ ਇਹ ਸਿਰਫ ਇੱਕ ਮਾਮੂਲੀ ਸੋਜ ਹੈ ਅਤੇ ਉਹ ਜਲਦੀ ਠੀਕ ਹੋ ਜਾਣਗੇ, ਇਸ ਲਈ ਉਨ੍ਹਾਂ ਨੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ।"

ਉਨ੍ਹਾਂ ਕਿਹਾ, "ਸਾਡੀ ਇੱਕੋ-ਇੱਕ ਬੇਨਤੀ ਹੈ ਕਿ ਜਦੋਂ ਤੁਸੀਂ ਇਸ ਘਟਨਾ ਬਾਰੇ ਲਿਖੋਗੇ, ਤਾਂ ਮਨੁੱਖੀ ਸੰਵੇਦਨਸ਼ੀਲਤਾ ਰੱਖਣਾ। ਭਰਾ ਚਲਾ ਗਿਆ ਹੈ, ਹੁਣ ਸਿਰਫ ਉਨ੍ਹਾਂ ਦੇ ਦੋ ਛੋਟੇ ਬੱਚੇ ਹੀ ਬਚੇ ਹਨ। ਜੇਕਰ ਸਰਕਾਰ ਇਸ ਮਾਮਲੇ ਨੂੰ ਮਨੁੱਖੀ ਦ੍ਰਿਸ਼ਟੀਕੋਣ ਨਾਲ ਦੇਖੇ, ਤਾਂ ਸ਼ਾਇਦ ਕੁਝ ਮਦਦ ਮਿਲ ਸਕੇ, ਜਿਸ ਨਾਲ ਇਨ੍ਹਾਂ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।"

ਨਰੇਸ਼ ਨੇ ਕਿਹਾ, "ਗਲਤਫਹਿਮੀਆਂ ਤੋਂ ਪਰ੍ਹੇ, ਦੀਪਕ ਇੱਕ ਚੰਗੇ ਇਨਸਾਨ ਸਨ, ਜਿਨ੍ਹਾਂ ਨੇ ਕਈ ਵਾਰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਦੂਜਿਆਂ ਦੀ ਮਦਦ ਕੀਤੀ।"

ਭਾਰਤ 'ਚ ਹਰ ਸਾਲ ਸੱਪ ਦੇ ਡੰਗਣ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੁੰਦੀ ਹੈ

ਸੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੀਪਕ ਦੇ ਭਰਾ ਦਾ ਕਹਿਣਾ ਹੈ ਕਿ ਸੱਪ ਫੜਨ ਦੀ ਕਲਾ ਕਾਰਨ ਹੀ ਉਨ੍ਹਾਂ ਦੇ ਭਰਾ ਨੂੰ ਕਾਲਜ 'ਚ ਨੌਕਰੀ ਮਿਲੀ ਸੀ (ਸੰਕੇਤਕ ਤਸਵੀਰ)

ਭਾਰਤ ਦੁਨੀਆਂ ਵਿੱਚ ਸੱਪ ਦੇ ਡੰਗਣ ਨਾਲ ਹੋਣ ਵਾਲੀਆਂ ਮੌਤਾਂ ਲਈ ਵੀ ਜਾਣਿਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ ਹਰ ਸਾਲ ਸੱਪ ਦੇ ਡੰਗਣ ਦੇ ਲਗਭਗ 50 ਲੱਖ ਮਾਮਲੇ ਸਾਹਮਣੇ ਆਉਂਦੇ ਹਨ।

ਇਨ੍ਹਾਂ ਵਿੱਚੋਂ ਲਗਭਗ 25 ਲੱਖ ਮਾਮਲਿਆਂ ਵਿੱਚ, ਲੋਕਾਂ ਦੇ ਸਰੀਰ ਜ਼ਹਿਰ ਨਾਲ ਪ੍ਰਭਾਵਿਤ ਹੁੰਦੇ ਹਨ।

ਡਬਲਯੂਐਚਓ ਦਾ ਕਹਿਣਾ ਹੈ ਕਿ ਰਿਪੋਰਟ ਕੀਤੇ ਗਏ ਮਾਮਲਿਆਂ ਦੇ ਆਧਾਰ 'ਤੇ, ਭਾਰਤ ਵਿੱਚ ਹਰ ਸਾਲ ਲਗਭਗ ਇੱਕ ਲੱਖ ਲੋਕ ਸੱਪ ਦੇ ਡੰਗਣ ਕਾਰਨ ਮਰਦੇ ਹਨ, ਜਦਕਿ ਚਾਰ ਲੱਖ ਲੋਕ ਅਜਿਹੇ ਹਨ ਜਿਨ੍ਹਾਂ ਦੇ ਸਰੀਰ ਦੇ ਅੰਗ ਪ੍ਰਭਾਵਿਤ ਹੋ ਜਾਂਦੇ ਹਨ ਜਾਂ ਸਥਾਈ ਤੌਰ 'ਤੇ ਕੰਮ ਕਰਨਾ ਬੰਦ ਕਰ ਦਿੰਦੇ ਹਨ।

ਸਾਲ 2020 ਦੀ ਬੀਬੀਸੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿੱਚ ਹਰ ਸਾਲ ਇੱਕ ਲੱਖ ਤੋਂ ਵੱਧ ਲੋਕ ਸੱਪ ਦੇ ਡੰਗਣ ਕਾਰਨ ਮਰਦੇ ਹਨ।

ਸੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਬਲਯੂਐਚਓ ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ ਹਰ ਸਾਲ ਸੱਪ ਦੇ ਡੰਗਣ ਦੇ ਲਗਭਗ 50 ਲੱਖ ਮਾਮਲੇ ਸਾਹਮਣੇ ਆਉਂਦੇ ਹਨ (ਸੰਕੇਤਕ ਤਸਵੀਰ)

ਮੱਧ ਪ੍ਰਦੇਸ਼ ਨੂੰ ਸੱਪ ਦੇ ਡੰਗਣ ਨਾਲ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਥੇ ਸਰਕਾਰ ਉਨ੍ਹਾਂ ਪਰਿਵਾਰਾਂ ਨੂੰ ਮੁਆਵਜ਼ਾ ਦਿੰਦੀ ਹੈ ਜੋ ਹਸਪਤਾਲ ਅਤੇ ਪੋਸਟਮਾਰਟਮ ਰਿਪੋਰਟਾਂ ਦੇ ਆਧਾਰ 'ਤੇ ਇਹ ਸਾਬਤ ਕਰਨ ਦੇ ਯੋਗ ਹੁੰਦੇ ਹਨ ਕਿ ਸਬੰਧਤ ਵਿਅਕਤੀ ਦੀ ਮੌਤ ਸੱਪ ਦੇ ਡੰਗਣ ਕਾਰਨ ਹੋਈ ਸੀ।

'ਦਿ ਰਾਇਲ ਸੋਸਾਇਟੀ ਆਫ਼ ਟ੍ਰੋਪਿਕਲ ਮੈਡੀਸਨ ਐਂਡ ਹਾਈਜੀਨ' ਜਰਨਲ ਵਿੱਚ ਸਾਲ 2024 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ ਮੁਆਵਜ਼ਿਆਂ ਦਾ ਵਿਸ਼ਲੇਸ਼ਣ ਕੀਤਾ ਸੀ। ਇਸ ਵਿੱਚ, ਮੱਧ ਪ੍ਰਦੇਸ਼ ਸਿਹਤ ਵਿਭਾਗ ਦੁਆਰਾ 2020-21 ਅਤੇ 2021-22 ਦੇ ਸਾਲਾਂ ਲਈ ਉਪਲੱਭਧ ਕਰਵਾਏ ਗਏ ਅੰਕੜਿਆਂ ਦੀ ਸਮੀਖਿਆ ਕੀਤੀ ਗਈ ਸੀ।

ਇਸ ਅਧਿਐਨ ਵਿੱਚ ਪਾਇਆ ਗਿਆ ਕਿ ਇਨ੍ਹਾਂ ਦੋ ਸਾਲਾਂ ਵਿੱਚ ਕੁੱਲ 5,728 ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਗਿਆ। ਸੂਬਾ ਸਰਕਾਰ ਨੇ ਸੱਪ ਦੇ ਡੰਗਣ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ਵਿੱਚ ਕੁੱਲ 229 ਕਰੋੜ ਰੁਪਏ ਦੀ ਸਹਾਇਤਾ ਵੰਡੀ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)