ਬੀਬੀਸੀ ਆਈ ਦੀ ਪੜਤਾਲ ਤੋਂ ਬਾਅਦ, ਭਾਰਤ ਸਰਕਾਰ ਨੇ ਇਨ੍ਹਾਂ ਦਵਾਈਆਂ ਨੂੰ ਵਿਦੇਸ਼ਾਂ 'ਚ ਭੇਜਣ ਅਤੇ ਨਿਰਮਾਣ 'ਤੇ ਲਗਾਈ ਪਾਬੰਦੀ

ਭਾਰਤੀ ਦਵਾਈ ਕੰਪਨੀ ਬਾਰੇ ਬੀਬੀਸੀ ਆਈ ਦੀ ਜਾਂਚ ਵਿੱਚ ਖੁਲਾਸੇ ਤੋਂ ਬਾਅਦ, ਭਾਰਤ ਸਰਕਾਰ ਨੇ ਟੈਪੈਂਟਾਡੋਲ ਅਤੇ ਕੈਰੀਸੋਪ੍ਰੋਡੋਲ ਵਰਗੀਆਂ ਦਵਾਈਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਅਤੇ ਨਿਰਮਾਣ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ।
ਬੀਬੀਸੀ ਦੀ ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਇੱਕ ਭਾਰਤੀ ਫਾਰਮਾਸਿਊਟੀਕਲ ਕੰਪਨੀ ਬਿਨਾਂ ਲਾਇਸੈਂਸ ਤੋਂ ਅਜਿਹੀਆਂ ਦਵਾਈਆਂ ਬਣਾ ਰਹੀ ਹੈ, ਜਿਨ੍ਹਾਂ ਨਾਲ ਨਸ਼ੇ ਦੀ ਲਤ ਲਗਦੀ ਹੈ।
ਰਿਪੋਰਟ ਮੁਤਾਬਕ, ਇਹ ਕੰਪਨੀ ਗੈਰ-ਲਾਇਸੈਂਸੀ ਦਵਾਈਆਂ ਬਣਾ ਕੇ ਵੱਡੇ ਪੈਮਾਨੇ ਉੱਤੇ ਪੱਛਮੀ ਅਫ਼ਰੀਕਾ ਵਿੱਚ ਭੇਜ ਰਹੀ ਹੈ, ਜਿੱਥੇ ਇਹ ਦਵਾਈਆਂ ਵਿਆਪਕ ਸਿਹਤ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੀਆਂ ਹਨ।
ਡਾਕਟਰੀ ਭਾਸ਼ਾ ਵਿੱਚ, ਇਹਨਾਂ ਦਵਾਈਆਂ ਨੂੰ ਓਪੀਔਡਜ਼ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਅਫੀਮ ਤੋਂ ਬਣੀਆਂ ਦਵਾਈਆਂ ਨੂੰ ਓਪੀਔਡ ਕਿਹਾ ਜਾਂਦਾ ਹੈ। ਇਹ ਨਸ਼ੀਲੇ ਪਦਾਰਥ ਹਨ ਜਿਸ ਦਾ ਇਨਸਾਨ ਆਦੀ ਹੋ ਜਾਂਦਾ ਹੈ।
ਇਸ ਰਿਪੋਰਟ ਦੇ ਖੁਲਾਸੇ ਤੋਂ ਬਾਅਦ, ਹੁਣ ਭਾਰਤ ਸਰਕਾਰ ਦੇ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ ਅਤੇ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) (ਇੰਟਰਨੈਸ਼ਨਲ ਸੈੱਲ) ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਡਰੱਗਜ਼ ਕੰਟਰੋਲ ਅਥਾਰਟੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ।

ਭਾਰਤ ਸਰਕਾਰ ਨੇ ਕੀ ਕਿਹਾ?
ਕੇਂਦਰ ਸਰਕਾਰ ਦੇ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ ਵੱਲੋਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੇ ਗਏ ਇੱਕ ਸਰਕੂਲਰ ਵਿੱਚ ਕਿਹਾ ਗਿਆ ਹੈ, "ਇਹ ਬੀਬੀਸੀ ਦੀ ਹਾਲੀਆ ਜਾਂਚ ਦੇ ਸਬੰਧ ਵਿੱਚ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਟੈਪੈਂਟਾਡੋਲ ਅਤੇ ਕੈਰੀਸੋਪ੍ਰੋਡੋਲ ਦੇ ਮਿਸ਼ਰਣ ਦੇ ਦੁਰਵਰਤੋਂ ਦੀ ਸੰਭਾਵਨਾ ਹੈ ਅਤੇ ਇਹ ਮਿਸ਼ਰਣ ਭਾਰਤ ਤੋਂ ਪੱਛਮੀ ਅਫ਼ਰੀਕੀ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ।"
"ਇਸ ਮਿਸ਼ਰਣ ਦੀ ਦੁਰਵਰਤੋਂ ਦੀ ਸੰਭਾਵਨਾ ਅਤੇ ਜਨਤਾ 'ਤੇ ਹਾਨੀਕਾਰਕ ਪ੍ਰਭਾਵਾਂ ਨੂੰ ਦੇਖਦੇ ਹੋਏ ਹਦਾਇਤ ਦਿੱਤੀ ਜਾਂਦੀ ਹੈ ਕਿ ਮਿਸ਼ਰਣ ਦੇ ਨਿਰਯਾਤ ਲਈ ਦਿੱਤੇ ਗਏ ਐਨਓਸੀ ਅਤੇ ਟੈਪੈਂਟਾਡੋਲ ਤੇ ਕੈਰੀਸੋਪ੍ਰੋਡੋਲ ਦੇ ਸੁਮੇਲ ਨੂੰ ਬਣਾਉਣ ਲਈ ਮੌਜੂਦਾ ਇਜਾਜ਼ਤ ਨੂੰ ਵਾਪਸ ਲੈ ਲਿਆ ਜਾਵੇ।"
"ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਦੇਸ਼ਾਂ ਵਿੱਚ ਟੈਪੈਂਟਾਡੋਲ ਅਤੇ ਕੈਰੀਸੋਪ੍ਰੋਡੋਲ ਫਾਰਮੂਲੇ ਮਨਜ਼ੂਰ ਨਹੀਂ ਹਨ, ਉੱਥੇ ਸਾਰੇ ਨਿਰਯਾਤ ਲਈ ਦਿੱਤੀ ਗਈ ਐਨਓਸੀ ਅਤੇ ਨਿਰਮਾਣ ਲਈ ਜਾਰੀ ਇਜ਼ਾਜਤ ਨੂੰ ਵਾਪਸ ਲਿਆ ।"
"ਇਹ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਣਾ ਹੈ।"

ਤਸਵੀਰ ਸਰੋਤ, Government of India
ਬੀਬੀਸੀ ਆਈ ਦੀ ਰਿਪੋਰਟ ਵਿੱਚ ਕੀ ਸੀ?
ਮੁੰਬਈ ਆਧਾਰਿਤ ਕੰਪਨੀ ਏਵੀਓ ਫਾਰਮਾਸਿਊਟੀਕਲਸ, ਅਜਿਹੀਆਂ ਗੋਲੀਆਂ ਬਣਾਉਂਦੀਆਂ ਹੈ, ਜੋ ਵੱਖ-ਵੱਖ ਨਾਵਾਂ ਹੇਠ ਅਸਲੀ ਦਵਾਈਆਂ ਵਾਂਗ ਪੈਕ ਕੀਤੀਆਂ ਜਾਂਦੀਆਂ ਹਨ। ਪਰ ਅਸਲ ਵਿੱਚ ਹਾਨੀਕਾਰਕ ਤੱਤਾਂ ਦਾ ਮਿਸ਼ਰਣ ਹੁੰਦੀਆਂ ਹਨ- ਟੇਪੈਂਟਾਡੋਲ, ਜੋ ਇੱਕ ਸ਼ਕਤੀਸ਼ਾਲੀ ਨਸ਼ੀਲੀ ਦਵਾਈ ਹੈ।
ਕੈਰੀਸੋਪਰੋਡੋਲ, ਮਾਸਪੇਸ਼ੀਆਂ ਨੂੰ ਅਰਾਮ ਦੇਣ ਵਾਲੀ ਇੱਕ ਦਵਾਈ ਲੋਕਾਂ ਨੂੰ ਇਸ ਦਾ ਆਦੀ ਬਣਾਉਣ ਵਾਲੀ ਹੈ ਜੋ ਯੂਰਪ ਵਿੱਚ ਪਾਬੰਦੀਸ਼ੁਦਾ ਹੈ।
ਦਵਾਈਆਂ ਦਾ ਇਹ ਮਿਸ਼ਰਣ ਪੂਰੀ ਦੁਨੀਆਂ ਵਿੱਚ ਕਿਤੇ ਵੀ ਵਰਤੋਂ ਲਈ ਲਾਇਸੈਂਸ ਯਾਫ਼ਤਾ ਨਹੀਂ ਹੈ। ਇਹ ਸਾਹ ਲੈਣ ਵਿੱਚ ਦਿੱਕਤ ਤੋਂ ਇਲਾਵਾ ਦੌਰਿਆਂ ਦਾ ਕਾਰਨ ਵੀ ਹੋ ਸਕਦਾ ਹੈ। ਓਵਰਡੋਜ਼ ਨਾਲ ਮੌਤ ਵੀ ਹੋ ਸਕਦੀ ਹੈ।
ਖ਼ਤਰਿਆਂ ਦੇ ਬਾਵਜੂਦ ਇਹ ਨਸ਼ੀਲੀਆਂ ਦਵਾਈਆਂ ਕਈ ਪੱਛਮੀ ਅਫ਼ਰੀਕੀ ਦੇਸ਼ਾਂ ਵਿੱਚ ਸਸਤੀਆਂ ਅਤੇ ਸੌਖ ਨਾਲ ਮਿਲ ਜਾਣ ਕਾਰਨ, ਸੜਕਾਂ ਉੱਤੇ ਆਮ ਮਿਲਦੀਆਂ ਹਨ।
ਬੀਬੀਸੀ ਵਰਲਡ ਸਰਵਿਸ ਨੂੰ ਇਨ੍ਹਾਂ ਦੇ ਏਵਿਓ ਕੰਪਨੀ ਦੇ ਲੋਗੋ ਵਾਲ਼ੇ ਪੈਕਟ ਮਿਲੇ ਜੋ ਘਾਨਾ, ਨਾਈਜ਼ੀਰੀਆ ਅਤੇ ਕੋਟੇ ਡੀ'ਵੋਇਰ ਵਿੱਚ ਵਿਕ ਰਹੀਆਂ ਸਨ।
ਦਵਾਈਆਂ ਦਾ ਪਿੱਛਾ ਕਰਦਿਆਂ ਏਵਿਓ ਦੀ ਭਾਰਤ ਵਿੱਚ ਸਥਿਤ ਫੈਕਟਰੀ ਤੱਕ ਪਹੁੰਚਣ ਤੋਂ ਬਾਅਦ ਬੀਬੀਸੀ ਨੇ ਇੱਕ ਅੰਡਰ ਕਵਰ ਸਖਸ਼ ਨੂੰ ਫੈਕਟਰੀ ਦੇ ਅੰਦਰ ਭੇਜਿਆ। ਉਹ ਨਾਈਜ਼ੀਰੀਆ ਵਿੱਚ ਨਸ਼ੀਲੀਆਂ ਦਵਾਈਆਂ ਭੇਜਣ ਦਾ ਇੱਛੁਕ ਇੱਕ ਅਫ਼ਰੀਕੀ ਕਾਰੋਬਾਰੀ ਬਣ ਕੇ ਗਿਆ ਸੀ।
ਲੁਕਵੇਂ ਕੈਮਰੇ ਦੀ ਮਦਦ ਨਾਲ ਬੀਬੀਸੀ ਨੇ ਏਵਿਓ ਦੇ ਇੱਕ ਨਿਰਦੇਸ਼ਕ, ਵਿਨੋਦ ਸ਼ਰਮਾ ਦਾ ਫਿਲਮਾਂਕਣ ਕੀਤਾ। ਸ਼ਰਮਾ ਨੇ ਉਸੇ ਤਰ੍ਹਾਂ ਦੇ ਖ਼ਤਰਨਾਕ ਉੱਤਪਾਦ ਦਿਖਾਏ, ਜੋ ਬੀਬੀਸੀ ਨੂੰ ਪੱਛਮੀ ਅਫ਼ਰੀਕਾ ਵਿੱਚੋਂ ਮਿਲੇ ਸਨ।
ਫੈਕਟਰੀ ਵਿੱਚ ਇਨ੍ਹਾਂ ਦਵਾਈਆਂ ਦੇ ਲਗਭਗ ਛੱਤ ਜਿੰਨੇ ਉੱਚੇ ਅੰਬਾਰ ਲੱਗੇ ਹੋਏ ਸਨ। ਸ਼ਰਮਾ ਨੇ ਆਪਣੇ ਮੇਜ਼ ਉੱਤੇ ਟੇਪੈਂਟਾਡੋਲ- ਕੈਰੀਸੋਪਰੋਡੋਲ ਦੇ ਮਿਸ਼ਰਣ ਵਾਲੀਆਂ ਦਵਾਈਆਂ ਦੀ ਨੁਮਾਇਸ਼ ਲਾਈ।
ਲੁਕਵੇਂ ਤਰੀਕੇ ਨਾਲ ਕੀਤੇ ਫਿਲਮਾਂਕਣ ਦੌਰਾਨ ਸ਼ਰਮਾ ਨੇ ਦੱਸਿਆ ਕਿ ਉਹ ਇਹ ਗੋਲ਼ੀਆਂ ਨਾਈਜ਼ੀਰੀਆ ਦੇ ਕਿਸ਼ੋਰਾਂ ਨੂੰ ਵੇਚਣਾ ਚਾਹੁੰਦੇ ਹਨ, ਜੋ ਇਨ੍ਹਾਂ ਨੂੰ ਪਸੰਦ ਕਰਦੇ ਹਨ। ਇਹ ਕਹਿੰਦੇ ਹੋਏ ਸ਼ਰਮਾ ਰੱਤਾ ਵੀ ਨਹੀਂ ਝਿਜਕੇ।
ਉਨ੍ਹਾਂ ਨੇ ਕਿਹਾ, "ਠੀਕ ਹੈ" ਅਤੇ ਦੱਸਿਆ ਕਿ ਜੇ ਕੋਈ ਦੋ-ਤਿੰਨ ਗੋਲ਼ੀਆਂ ਇਕੱਠੀਆਂ ਲੈ ਲਵੇ ਤਾਂ ਉਹ "ਅਰਾਮ ਕਰ ਸਕਦਾ ਹੈ" ਅਤੇ ਉਸ ਨੂੰ "ਨਸ਼ਾ ਵੀ" ਹੋ ਸਕਦਾ ਹੈ। ਮੀਟਿੰਗ ਦੇ ਅੰਤ ਵਿੱਚ ਸ਼ਰਮਾ ਨੇ ਕਿਹਾ, "ਇਹ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ, ਲੇਕਿਨ ਅੱਜ ਕੱਲ੍ਹ ਇਹੀ ਕਾਰੋਬਾਰ ਹੈ।"
ਇਹ ਅਜਿਹਾ ਕਾਰੋਬਾਰ ਹੈ ਜੋ ਲੱਖਾਂ ਪੱਛਮ ਅਫ਼ਰੀਕੀ ਨੌਜਵਾਨਾਂ ਦੀ ਸ਼ਕਤੀ ਖ਼ਤਮ ਕਰਕੇ ਉਨ੍ਹਾਂ ਦੇ ਭਵਿੱਖ ਦਾ ਘਾਣ ਕਰ ਰਿਹਾ ਹੈ।

ਭਾਰਤੀ ਦਵਾਈ ਰੈਗੂਲੇਟਰ (ਸੀਡੀਐੱਸਸੀਓ) ਨੇ ਸਾਨੂੰ ਦੱਸਿਆ ਕਿ ਭਾਰਤ ਸਰਕਾਰ ਵਿਸ਼ਵ ਸਿਹਤ ਸਬੰਧੀ ਆਪਣੀ ਜ਼ਿੰਮੇਵਾਰੀ ਨੂੰ ਪਛਾਣਦੀ ਹੈ ਅਤੇ ਦਵਾਈ ਖੇਤਰ ਵਿੱਚ ਮਜ਼ਬੂਤ ਅਤੇ ਜ਼ਿੰਮੇਵਾਰ ਪ੍ਰਣਾਲੀ ਲਾਗੂ ਕਰਨ ਲਈ ਵਚਨਬੱਧ ਹੈ।
ਸੰਸਥਾ ਮੁਤਾਬਕ ਭਾਰਤ ਤੋਂ ਹੋਣ ਵਾਲੇ ਵਿਦੇਸ਼ੀ ਨਿਰਯਾਤ ਉੱਤੇ ਸਖ਼ਤ ਨਜ਼ਰ ਰੱਖੀ ਜਾਂਦੀ ਹੈ। ਇਸ ਸਬੰਧ ਵਿੱਚ ਨਿਯਮ ਹੋਰ ਸਖ਼ਤ ਕੀਤੇ ਗਏ ਹਨ ਅਤੇ ਸਖ਼ਤੀ ਨਾਲ ਲਾਗੂ ਕੀਤੇ ਜਾ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













