ਪੱਛਮੀ ਅਫ਼ਰੀਕਾ ਵਿੱਚ ਓਪੀਓਈਡ ਸੰਕਟ ਨੂੰ ਵਧਾਉਣ ਵਾਲੀ ਇੱਕ ਭਾਰਤੀ ਦਵਾਈ ਕੰਪਨੀ ਦਾ ਪਰਦਾਫ਼ਾਸ਼

- ਲੇਖਕ, ਬੀਬੀਸੀ ਆਈ ਇੰਨਵੈਸਟੀਗੇਸ਼ਨ
- ਰੋਲ, ਬੀਬੀਸੀ ਨਿਊਜ਼
ਬੀਬੀਸੀ ਆਈ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇੱਕ ਭਾਰਤੀ ਦਵਾਈ ਨਿਰਮਾਤਾ ਕੰਪਨੀ, ਗੈਰ-ਲਾਇਸੈਂਸੀ ਦਵਾਈਆਂ ਬਣਾ ਕੇ ਵੱਡੇ ਪੈਮਾਨੇ ਉੱਤੇ ਪੱਛਮੀ ਅਫ਼ਰੀਕਾ ਵਿੱਚ ਭੇਜ ਰਹੀ ਹੈ, ਜਿੱਥੇ ਇਹ ਦਵਾਈਆਂ ਵਿਆਪਕ ਸਿਹਤ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੀਆਂ ਹਨ।
ਮੁੰਬਈ ਆਧਾਰਿਤ ਕੰਪਨੀ ਏਵੀਓ ਫਾਰਮਾਸਿਊਟੀਕਲਸ, ਅਜਿਹੀਆਂ ਗੋਲੀਆਂ ਬਣਾਉਂਦੀਆਂ ਹੈ, ਜੋ ਵੱਖ-ਵੱਖ ਨਾਵਾਂ ਹੇਠ ਅਸਲੀ ਦਵਾਈਆਂ ਵਾਂਗ ਪੈਕ ਕੀਤੀਆਂ ਜਾਂਦੀਆਂ ਹਨ। ਪਰ ਅਸਲ ਵਿੱਚ ਹਾਨੀਕਾਰਕ ਤੱਤਾਂ ਦਾ ਮਿਸ਼ਰਣ ਹੁੰਦੀਆਂ ਹਨ- ਟੇਪੈਂਟਾਡੋਲ, ਜੋ ਇੱਕ ਸ਼ਕਤੀਸ਼ਾਲੀ ਨਸ਼ੀਲੀ ਦਵਾਈ ਹੈ।
ਕੈਰੀਸੋਪਰੋਡੋਲ, ਮਾਸਪੇਸ਼ੀਆਂ ਨੂੰ ਅਰਾਮ ਦੇਣ ਵਾਲੀ ਇੱਕ ਦਵਾਈ ਆਦੀ ਬਣਾਉਣ ਵਾਲੀ ਹੈ ਜੋ ਯੂਰਪ ਵਿੱਚ ਪਾਬੰਦੀਸ਼ੁਦਾ ਹੈ।
ਦਵਾਈਆਂ ਦਾ ਇਹ ਮਿਸ਼ਰਣ ਪੂਰੀ ਦੁਨੀਆਂ ਵਿੱਚ ਕਿਤੇ ਵੀ ਵਰਤੋਂ ਲਈ ਲਾਇਸੈਂਸ ਯਾਫ਼ਤਾ ਨਹੀਂ ਹੈ। ਇਹ ਸਾਹ ਲੈਣ ਵਿੱਚ ਦਿੱਕਤ ਤੋਂ ਇਲਾਵਾ ਦੌਰਿਆਂ ਦਾ ਕਾਰਨ ਵੀ ਹੋ ਸਕਦਾ ਹੈ। ਓਵਰਡੋਜ਼ ਨਾਲ ਮੌਤ ਵੀ ਹੋ ਸਕਦੀ ਹੈ।
ਖ਼ਤਰਿਆਂ ਦੇ ਬਾਵਜੂਦ ਇਹ ਨਸ਼ੀਲੀਆਂ ਦਵਾਈਆਂ ਕਈ ਪੱਛਮੀ ਅਫ਼ਰੀਕੀ ਦੇਸ਼ਾਂ ਵਿੱਚ ਸਸਤੀਆਂ ਅਤੇ ਸੌਖ ਨਾਲ ਮਿਲ ਜਾਣ ਕਾਰਨ, ਸੜਕਾਂ ਉੱਤੇ ਆਮ ਮਿਲਦੀਆਂ ਹਨ।

ਬੀਬੀਸੀ ਵਰਲਡ ਸਰਵਿਸ ਨੂੰ ਇਨ੍ਹਾਂ ਦੇ ਏਵਿਓ ਕੰਪਨੀ ਦੇ ਲੋਗੋ ਵਾਲ਼ੇ ਪੈਕਟ ਮਿਲੇ ਜੋ ਘਾਨਾ, ਨਾਈਜ਼ੀਰੀਆ ਅਤੇ ਕੋਟੇ ਡੀ'ਵੋਇਰ ਵਿੱਚ ਵਿਕ ਰਹੀਆਂ ਸਨ।
ਦਵਾਈਆਂ ਦਾ ਪਿੱਛਾ ਕਰਦਿਆਂ ਏਵਿਓ ਦੀ ਭਾਰਤ ਵਿੱਚ ਸਥਿਤ ਫੈਕਟਰੀ ਤੱਕ ਪਹੁੰਚਣ ਤੋਂ ਬਾਅਦ ਬੀਬੀਸੀ ਨੇ ਇੱਕ ਅੰਡਰ ਕਵਰ ਸਖਸ਼ ਨੂੰ ਫੈਕਟਰੀ ਦੇ ਅੰਦਰ ਭੇਜਿਆ। ਉਹ ਨਾਈਜ਼ੀਰੀਆ ਵਿੱਚ ਨਸ਼ੀਲੀਆਂ ਦਵਾਈਆਂ ਭੇਜਣ ਦਾ ਇੱਛੁਕ ਇੱਕ ਅਫ਼ਰੀਕੀ ਕਾਰੋਬਾਰੀ ਬਣ ਕੇ ਗਿਆ ਸੀ।
ਲੁਕਵੇਂ ਕੈਮਰੇ ਦੀ ਮਦਦ ਨਾਲ ਬੀਬੀਸੀ ਨੇ ਏਵਿਓ ਦੇ ਇੱਕ ਨਿਰਦੇਸ਼ਕ, ਵਿਨੋਦ ਸ਼ਰਮਾ ਦਾ ਫਿਲਮਾਂਕਣ ਕੀਤਾ। ਸ਼ਰਮਾ ਨੇ ਉਸੇ ਤਰ੍ਹਾਂ ਦੇ ਖ਼ਤਰਨਾਕ ਉੱਤਪਾਦ ਦਿਖਾਏ, ਜੋ ਬੀਬੀਸੀ ਨੂੰ ਪੱਛਮੀ ਅਫ਼ਰੀਕਾ ਵਿੱਚੋਂ ਮਿਲੇ ਸਨ।
ਫੈਕਟਰੀ ਵਿੱਚ ਇਨ੍ਹਾਂ ਦਵਾਈਆਂ ਦੇ ਲਗਭਗ ਛੱਤ ਜਿੰਨੇ ਉੱਚੇ ਅੰਬਾਰ ਲੱਗੇ ਹੋਏ ਸਨ। ਸ਼ਰਮਾ ਨੇ ਆਪਣੇ ਮੇਜ਼ ਉੱਤੇ ਟੇਪੈਂਟਾਡੋਲ- ਕੈਰੀਸੋਪਰੋਡੋਲ ਦੇ ਮਿਸ਼ਰਣ ਵਾਲੀਆਂ ਦਵਾਈਆਂ ਦੀ ਨੁਮਾਇਸ਼ ਲਾਈ ਜਿਨ੍ਹਾਂ ਵਿੱਚੋਂ ਟਫਰੋਡੋਲ ਸਭ ਤੋਂ ਮਸ਼ਹੂਰ ਹੈ ਪਰ ਉਸ ਤੋਂ ਇਲਾਵਾ ਟੀਮਾ-ਕਿੰਗ ਅਤੇ ਸੂਪਰ ਰੌਇਲ-225 ਵੀ ਹਨ।
ਲੁਕਵੇਂ ਤਰੀਕੇ ਨਾਲ ਕੀਤੇ ਫਿਲਮਾਂਕਣ ਦੌਰਾਨ ਸ਼ਰਮਾ ਨੇ ਦੱਸਿਆ ਕਿ ਉਹ ਇਹ ਗੋਲ਼ੀਆਂ ਨਾਈਜ਼ੀਰੀਆ ਦੇ ਕਿਸ਼ੋਰਾਂ ਨੂੰ ਵੇਚਣਾ ਚਾਹੁੰਦੇ ਹਨ, ਜੋ ਇਨ੍ਹਾਂ ਨੂੰ ਪਸੰਦ ਕਰਦੇ ਹਨ। ਇਹ ਕਹਿੰਦੇ ਹੋਏ ਸ਼ਰਮਾ ਰਤਾ ਵੀ ਨਹੀਂ ਝਿਜਕੇ।
ਉਨ੍ਹਾਂ ਨੇ ਕਿਹਾ, "ਠੀਕ ਹੈ" ਅਤੇ ਦੱਸਿਆ ਕਿ ਜੇ ਕੋਈ ਦੋ-ਤਿੰਨ ਗੋਲ਼ੀਆਂ ਇਕੱਠੀਆਂ ਲੈ ਲਵੇ ਤਾਂ ਉਹ "ਅਰਾਮ ਕਰ ਸਕਦਾ ਹੈ" ਅਤੇ ਉਸ ਨੂੰ "ਨਸ਼ਾ ਵੀ" ਹੋ ਸਕਦਾ ਹੈ। ਮੀਟਿੰਗ ਦੇ ਅੰਤ ਵਿੱਚ ਸ਼ਰਮਾ ਨੇ ਕਿਹਾ, "ਇਹ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ, ਲੇਕਿਨ ਅੱਜ ਕੱਲ੍ਹ ਇਹੀ ਕਾਰੋਬਾਰ ਹੈ।"
"ਇਨ੍ਹਾਂ ਨੇ ਸਾਡੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ"

ਇਹ ਅਜਿਹਾ ਕਾਰੋਬਾਰ ਹੈ ਜੋ ਲੱਖਾਂ ਪੱਛਮ ਅਫ਼ਰੀਕੀ ਨੌਜਵਾਨਾਂ ਦੀ ਸ਼ਕਤੀ ਖ਼ਤਮ ਕਰਕੇ ਉਨ੍ਹਾਂ ਦੇ ਭਵਿੱਖ ਦਾ ਘਾਣ ਕਰ ਰਿਹਾ ਹੈ।
ਉੱਤਰੀ ਘਾਨਾ ਵਿੱਚ ਤਾਮੇਲ ਸ਼ਹਿਰ ਦੇ ਇੱਕ ਅਧਿਕਾਰੀ ਅਲ ਹਸਨ ਮਹਾਮ ਨੇ ਸਵੈ-ਸੇਵੀਆਂ ਦਾ ਇੱਕ ਕਾਰਜ ਬਲ ਗਠਿਤ ਕੀਤਾ ਹੈ। ਜਿਸ ਵਿੱਚ 100 ਤੋਂ ਜ਼ਿਆਦਾ ਸਥਾਨਕ ਵਾਸੀ ਹਨ, ਜਿਨ੍ਹਾਂ ਦਾ ਮਕਸਦ ਇਨ੍ਹਾਂ ਦਵਾਈਆਂ ਨੂੰ ਸੜਕਾਂ ਤੋਂ ਹਟਾਉਣਾ ਹੈ।
ਮਹਾਮ ਦਾ ਕਹਿਣਾ ਹੈ, "ਇਹ ਨਸ਼ੇ ਵਰਤੋਂ ਕਰਨ ਵਾਲੇ ਦੀ ਸੋਚਣ-ਸਮਝਣ ਦੀ ਸ਼ਕਤੀ ਖ਼ਤਮ ਕਰ ਦਿੰਦੇ ਹਨ, ਜਿਵੇਂ ਮਿੱਟੀ ਦਾ ਤੇਲ ਪਾਉਣ ਨਾਲ ਅੱਗ ਬਲਦੀ ਹੈ।" ਤਾਮੇਲ ਦੇ ਇੱਕ ਅਮਲੀ ਨੇ ਇਸ ਨੂੰ ਹੋਰ ਸੌਖੇ ਸ਼ਬਦਾਂ ਵਿੱਚ ਦੱਸਿਆ, ਇਨ੍ਹਾਂ ਨੇ "ਸਾਡੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਹਨ।"
ਜਦੋਂ ਕਾਰਜ ਬਲ ਨੂੰ ਨਸ਼ੇ ਦੇ ਕਿਸੇ ਹੋਣ ਜਾ ਰਹੇ ਸੌਦੇ ਦੀ ਸੂਹ ਮਿਲੀ ਤਾਂ ਉਹ ਮੋਟਰਸਾਈਕਲ ਲੈ ਕੇ ਨਿਕਲੇ। ਉਨ੍ਹਾਂ ਨੇ ਤਾਮੇਲ ਦੇ ਇੱਕ ਬੇਹੱਦ ਗ਼ਰੀਬ ਇਲਾਕੇ ਵਿੱਚ ਛਾਪਾ ਮਾਰਿਆ। ਬੀਬੀਸੀ ਦੀ ਟੀਮ ਵੀ ਇਸ ਦਸਤੇ ਦੇ ਨਾਲ ਹੀ ਹੋ ਗਈ। ਰਸਤੇ ਵਿੱਚ ਉਨ੍ਹਾਂ ਨੂੰ ਇੱਕ ਬੇਸੁੱਧ ਨੌਜਵਾਨ ਮਿਲਿਆ, ਜੋ ਸਥਾਨਕ ਲੋਕਾਂ ਮੁਤਾਬਕ ਇਹੀ ਨਸ਼ਾ ਕਰਕੇ ਪਿਆ ਸੀ।
ਜਦੋਂ ਡੀਲਰ ਕੋਲ਼ੋਂ ਟਫਰੋਡੋਲ ਦੇ ਲੇਬਲ ਵਾਲ਼ੀਆਂ ਹਰੇ ਰੰਗ ਦੀਆਂ ਗੋਲ਼ੀਆਂ ਫੜੀਆਂ ਗਈਆਂ ਤਾਂ ਉਨ੍ਹਾਂ ਪੈਕਟਾਂ ਉੱਤੇ ਏਵਿਓ ਫਾਰਮਾਸਿਊਟੀਕਲਜ਼ ਦਾ ਲੋਗੋ ਲੱਗਿਆ ਹੋਇਆ ਸੀ।
ਐਨਰਜੀ ਡਰਿੰਕ 'ਚ ਮਿਲਾ ਕੇ ਕਰਦੇ ਨੇ ਸੇਵਨ

ਏਵਿਓ ਦੀਆਂ ਗੋਲ਼ੀਆਂ ਇਕੱਲੇ ਤਾਮੇਲ ਵਿੱਚ ਹੀ ਕਹਿਰ ਨਹੀਂ ਢਾਹ ਰਹੀਆਂ। ਬੀਬੀਸੀ ਨੂੰ ਜਾਂਚ ਵਿੱਚ ਏਵਿਓ ਦੇ ਅਜਿਹੇ ਹੋਰ ਵੀ ਉਤਪਾਦਾਂ ਬਾਰੇ ਪਤਾ ਲੱਗਿਆ, ਜੋ ਘਾਨਾ ਦੀ ਪੁਲਿਸ ਨੇ ਹੋਰ ਥਾਵਾਂ ਤੋਂ ਜ਼ਬਤ ਕੀਤੇ ਸਨ।
ਸਾਨੂੰ ਏਵਿਓ ਦੀਆਂ ਗੋਲ਼ੀਆਂ ਨਾਈਜ਼ੀਰੀਆ ਅਤੇ ਕੋਟੇ ਡੀ'ਵੋਇਰ ਦੀਆਂ ਸੜਕਾਂ ਉੱਤੇ ਮਿਲਦੀਆਂ ਹੋਣ ਬਾਰੇ ਵੀ ਪਤਾ ਲੱਗਿਆ, ਜਿੱਥੇ ਅੱਲੜ੍ਹ ਇਨ੍ਹਾਂ ਨੂੰ ਇੱਕ ਸ਼ਰਾਬ ਵਾਲੀ ਐਨਰਜੀ ਡਰਿੰਕ ਵਿੱਚ ਮਿਲਾ ਕੇ ਪੀਂਦੇ ਹਨ ਤਾਂ ਜੋ ਨਸ਼ਾ ਵਧ ਹੋ ਸਕੇ।
ਜਨਤਕ ਤੌਰ ਉੱਤੇ ਉਪਲਬਧ ਡੇਟਾ ਮੁਤਾਬਕ ਏਵਿਓ ਫਾਰਮਾ ਅਤੇ ਇਸਦੀ ਇੱਕ ਸਹਾਇਕ ਕੰਪਨੀ ਵੈਸਟਫਿਨ ਇੰਟਰਨੈਸ਼ਨਲ, ਅਜਿਹੀਆਂ ਲੱਖਾਂ ਗੋਲ਼ੀਆਂ ਘਾਨਾ ਅਤੇ ਹੋਰ ਪੱਛਮ ਅਫ਼ਰੀਕੀ ਦੇਸ਼ਾਂ ਨੂੰ ਭੇਜਦੀਆਂ ਹਨ।
225 ਮਿਲੀਅਨ ਦੀ ਆਬਾਦੀ ਵਾਲ਼ਾ ਨਾਈਜ਼ੀਰੀਆ, ਇਨ੍ਹਾਂ ਦਵਾਈਆਂ ਦੀ ਸਭ ਤੋਂ ਵੱਡੀ ਮੰਡੀ ਹੈ। ਨਾਈਜ਼ੀਰੀਆ ਦੇ ਕੌਮੀ ਅੰਕੜਾ ਬਿਓਰੋ ਦੇ ਇੱਕ ਅੰਦਾਜ਼ੇ ਮੁਤਾਬਕ ਲਗਭਗ ਚਾਲੀ ਲੱਖ ਦੇਸ਼ ਵਾਸੀ ਇਨ੍ਹਾਂ ਦੇ ਆਦੀ ਹਨ।
ਨਾਈਜ਼ੀਰੀਆ ਦੇ ਡਰੱਗ ਐਂਡ ਲਾਅ ਇਨਫੋਰਸਮੈਂਟ ਏਜੰਸੀ (ਐੱਨਡੀਐੱਲਈਏ) ਦੇ ਬ੍ਰਿਗੇਡੀਅਰ ਜਨਰਲ ਮੁਹੰਮਦ ਬੂਬਾ ਮਾਰਵਾ ਨੇ ਬੀਬੀਸੀ ਨੂੰ ਦੱਸਿਆ, "ਨਸ਼ੀਲੀਆਂ ਦਵਾਈਆਂ, ਨਾਈਜ਼ੀਰੀਆਂ ਵਿੱਚ ਸਾਡੇ ਨੌਜਵਾਨਾਂ, ਸਾਡੇ ਪਰਿਵਾਰਾਂ ਨੂੰ ਤਬਾਹ ਕਰ ਰਹੀਆਂ ਹਨ, ਇਹ ਹਰ ਭਾਈਚਾਰੇ ਵਿੱਚ ਹਨ"।
ਨਵੀਂ ਦਵਾਈ ਟਰੈਮਾਡੋਲ ਨਾਲੋਂ ਵੀ ਖ਼ਤਰਨਾਕ

ਸਾਲ 2018 ਵਿੱਚ ਇਨ੍ਹਾਂ ਦਵਾਈਆਂ ਦੀ ਖੁੱਲ੍ਹੇ ਆਮ ਹੁੰਦੀ ਵਿਕਰੀ ਬਾਰੇ ਬੀਬੀਸੀ ਅਫ਼ਰੀਕਾ ਆਈ ਦੀ ਜਾਂਚ ਤੋਂ ਬਾਅਦ ਨਾਈਜ਼ੀਰੀਆ ਦੇ ਪ੍ਰਸ਼ਾਸਨ ਨੇ ਨਸ਼ੇ ਵਜੋਂ ਵਿਆਪਕ ਰੂਪ ਵਿੱਚ ਵਰਤੀ ਜਾਣ ਵਾਲੀ ਦਰਦ-ਨਿਵਾਰਕ ਦਵਾਈ ਟਰੈਮਾਡੋਲ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਸਰਕਾਰ ਨੇ ਬਿਨਾਂ ਡਾਕਟਰ ਦੀ ਪਰਚੀ ਤੋਂ ਟਰੈਮਾਡੋਲ ਦੀ ਵਿਕਰੀ ਉੱਤੇ ਪਾਬੰਦੀ ਲਗਾ ਦਿੱਤੀ। ਵੱਧੋ-ਵੱਧ ਖ਼ੁਰਾਕ ਦੀ ਵੀ ਸੀਮਾ ਤੈਅ ਕੀਤੀ ਗਈ।
ਗੈਰ-ਕਾਨੂੰਨੀ ਰੂਪ ਵਿੱਚ ਆਯਾਤ ਹੋਣ ਵਾਲੀਆਂ ਗੋਲ਼ੀਆਂ ਉੱਤੇ ਵੀ ਸ਼ਿਕੰਜਾ ਕਸਿਆ ਗਿਆ। ਉਸੇ ਸਮੇਂ ਭਾਰਤ ਸਰਕਾਰ ਨੇ ਵੀ ਟਰੈਮਾਡੋਲ ਦੇ ਨਿਰਯਾਤ ਸਬੰਧੀ ਆਪਣੇ ਨਿਯਮਾਂ ਨੂੰ ਸਖ਼ਤ ਕੀਤਾ।
ਇਸ ਸਖ਼ਤੀ ਨੂੰ ਅਜੇ ਬਹੁਤੀ ਦੇਰ ਨਹੀਂ ਹੋਈ ਸੀ ਕਿ ਏਵਓ ਫਾਰਮਾ ਨੇ ਟੇਪੈਂਟਾਡੋਲ ਉੱਤੇ ਅਧਾਰਿਤ ਇੱਕ ਨਵੀਂ ਗੋਲ਼ੀ, ਪਹਿਲੀ ਤੋਂ ਵੀ ਜ਼ਿਆਦਾ ਨਸ਼ੇ ਵਾਲ਼ੀ ਨੂੰ ਮਾਸਪੇਸ਼ੀਆਂ ਨੂੰ ਅਰਾਮ ਦੇਣ ਵਾਲੇ ਰਸਾਇਣ- ਕਾਰੋਸੋਪਰੋਡੋਲ ਨਾਲ ਮਿਲਾ ਕੇ ਬਣਾਈ।
ਪੱਛਮੀ ਅਫ਼ਰੀਕਾ ਦੇ ਅਧਿਕਾਰੀਆਂ ਮੁਤਾਬਕ ਨਸ਼ੀਲੀਆਂ ਦਵਾਈਆਂ ਦੇ ਕਾਰੋਬਾਰੀ ਟਰੈਮਾਡੋਲ ਦੇ ਬਦਲ ਵਜੋਂ ਅਤੇ ਸਖ਼ਤੀ ਤੋਂ ਬਚਣ ਲਈ ਇਹ ਨਵੀਆਂ ਗੋਲ਼ੀਆਂ ਵਰਤ ਰਹੇ ਹਨ।
ਵਿਨੋਦ ਸ਼ਰਮਾ ਨੇ ਬੀਬੀਸੀ ਦੀ ਅੰਡਰ ਕਵਰ ਟੀਮ ਨੂੰ ਦੱਸਿਆ ਕਿ "ਨਵੇਂ ਉਤਪਾਦ" ਬਣਾਉਣ ਲਈ ਉੁਨ੍ਹਾਂ ਦੀ ਫੈਕਟਰੀ ਵਿੱਚ "ਸਾਇੰਸਦਾਨ" ਵੱਖ-ਵੱਖ ਦਵਾਈਆਂ ਮਿਲਾ ਸਕਦੇ ਹਨ।
ਏਵਿਓ ਦਾ ਨਵਾਂ ਉਤਪਾਦ ਟਰੈਮਾਡੋਲ ਨਾਲ਼ੋਂ ਵੀ ਜ਼ਿਆਦਾ ਖ਼ਤਰਨਾਕ ਹੈ ਅਤੇ ਇਸ ਨੇ ਉਸਦੀ ਥਾਂ ਮੱਲ ਲਈ ਹੈ। ਡਾ਼ ਲੰਕੇਸ਼ ਸ਼ੁਕਲਾ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸ ਬੈਂਗਲੂਰੂ ਵਿੱਚ ਸਹਾਇਕ ਪ੍ਰੋਫੈਸਰ ਹਨ।
ਉਹ ਕਹਿੰਦੇ ਹਨ ਕਿ ਟੇਪੈਂਟਾਡੋਲ ਇੱਕ ਨਸ਼ੀਲੀ ਦਵਾਈ ਵਾਲੇ ਅਸਰ ਦਿਖਾਉਂਦੀ ਹੈ, ਜਿਸ ਵਿੱਚ ਬਹੁਤ ਡੂੰਘੀ ਨੀਂਦ ਆਉਣਾ ਵੀ ਸ਼ਾਮਲ ਹੈ।
"ਇਹ ਨੀਂਦ ਇੰਨੀ ਡੂੰਘੀ ਹੋ ਸਕਦੀ ਹੈ ਕਿ ਲੋਕਾਂ ਦਾ ਸਾਹ ਰੁਕ ਸਕਦਾ ਹੈ, ਜਿਸ ਕਾਰਨ ਓਵਰਡੋਜ਼ ਹੋ ਸਕਦੀ ਹੈ।" ਉਹ ਦੱਸਦੇ ਹਨ, "ਇਸ ਤੋਂ ਇਲਾਵਾ, ਤੁਸੀਂ ਇੱਕ ਹੋਰ ਤੱਤ ਕੈਰੀਸੋਪਰੋਡੋਲ ਦੇ ਰਹੇ ਹੋ, ਉਹ ਵੀ ਬਹੁਤ ਡੂੰਘੀ ਨੀਂਦ ਦਿੰਦਾ ਹੈ, ਸ਼ਾਂਤ ਕਰਦਾ ਹੈ। ਇਹ ਬਹੁਤ ਡਰਾਉਣਾ ਮਿਸ਼ਰਣ ਪ੍ਰਤੀਤ ਹੁੰਦਾ ਹੈ।"
“ਏਵਿਓ ਭਾਰਤੀ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ”
ਕੈਰੀਸੋਪਰੋਡੋਲ ਉੱਤੇ ਯੂਰਪ ਵਿੱਚ ਪਾਬੰਦੀ ਹੈ ਕਿਉਂਕਿ ਇਸਦੀ ਆਦਤ ਲੱਗ ਸਕਦੀ ਹੈ। ਅਮਰੀਕਾ ਵਿੱਚ ਇਸ ਨੂੰ ਸਿਰਫ਼ ਤਿੰਨ ਹਫ਼ਤਿਆਂ ਦੇ ਥੋੜ੍ਹੇ ਸਮੇਂ ਲਈ ਵਰਤਿਆ ਜਾ ਸਕਦਾ ਹੈ। ਦਵਾਈ ਛੱਡਣ ਤੋਂ ਬਾਅਦ (ਵਿਡਰਾਲ) ਐਂਗਜ਼ਾਈਟੀ, ਉਨੀਂਦਰਾਪਣ ਅਤੇ ਭਰਮ ਪੈਣ ਵਰਗੇ ਲੱਛਣ ਪੈਦਾ ਹੁੰਦੇ ਹਨ।
ਡਾ਼ ਸ਼ੁਕਲਾ ਮੁਤਾਬਕ, ਟੇਪੈਂਟਾਡੋਲ ਨਾਲ ਮਿਲਾ ਕੇ ਇਸਦੇ 'ਵਿਡਰਾਲ' ਲੱਛਣ ਨਸ਼ੇ ਦੀਆਂ ਆਮ ਦਵਾਈਆਂ ਦੀ ਤੁਲਨਾ ਵਿੱਚ "ਕਿਤੇ ਜ਼ਿਆਦਾ ਗੰਭੀਰ" ਹਨ। "ਇਹ ਬਹੁਤ ਦਰਦਨਾਕ ਅਨੁਭਵ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਮਿਸ਼ਰਣ ਦੇ ਕਾਰਗਰ ਹੋਣ ਬਾਰੇ ਕਿਸੇ ਕਿਸਮ ਦੇ ਕਲੀਨੀਕਲ ਟਰਾਇਲਾਂ ਦੀ ਕੋਈ ਜਾਣਕਾਰੀ ਨਹੀਂ ਹੈ। ਟਰੈਮਾਡੋਲ ਜਿਸਦੀ ਸੀਮਤ ਵਰਤੋਂ ਹੀ ਕਨੂੰਨੀ ਤੌਰ ਉੱਤੇ ਪ੍ਰਵਾਨਿਤ ਹੈ, ਟੇਪੈਂਟਾਡੋਲ-ਕੈਰੀਸੋਪਰੋਡੋਲ "ਕੋਈ ਤਰਕਸੰਗਤ ਮਿਸ਼ਰਣ ਨਹੀਂ ਲਗਦਾ"। ਉਹ ਕਹਿੰਦੇ ਹਨ ਕਿ ਇਹ "ਕੁਝ ਅਜਿਹਾ ਨਹੀਂ ਹੈ ਜਿਸ ਨੂੰ ਸਾਡੇ ਦੇਸ਼ ਵਿੱਚ ਵਰਤਣ ਦੀ ਮਨਜ਼ੂਰੀ ਹੋਵੇ"।
ਭਾਰਤ ਵਿੱਚ ਦਵਾਈ ਨਿਰਮਾਤਾ ਕੰਪਨੀਆਂ ਕਾਨੂੰਨੀ ਰੂਪ ਵਿੱਚ ਗੈਰ-ਲਾਈਸੈਂਸੀ ਦਵਾਈਆਂ ਦਾ ਉਤਪਾਦਨ ਅਤੇ ਨਿਰਯਾਤ ਨਹੀਂ ਕਰ ਸਕਦੀਆਂ। ਜਦੋਂ ਤੱਕ ਕਿ ਇਹ ਮੰਗਵਾਉਣ ਵਾਲ਼ੇ ਦੇਸ਼ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ।
ਏਵਿਓ ਟਫਰੋਡੋਲ ਅਤੇ ਅਜਿਹੇ ਹੋਰ ਉਤਪਾਦ ਘਾਨਾ ਭੇਜਦੀ ਹੈ, ਜਿੱਥੇ ਟੇਪੈਂਟਾਡੋਲ ਅਤੇ ਕੈਰੀਸੋਪਰੋਡੋਲ, ਉੱਥੋਂ ਦੀ ਨੈਸ਼ਨਲ ਡਰੱਗ ਇਨਫੋਰਸੈਂਟ ਏਜੰਸੀ ਮੁਤਾਬਕ ਗੈਰ-ਲਾਈਸੈਂਸੀ ਅਤੇ ਗੈਰ-ਕਨੂੰਨੀ ਹੈ। ਟਫਰੋਡੋਲ ਦੇ ਨਿਰਯਾਤ ਨਾਲ ਏਵਿਓ ਭਾਰਤੀ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ।
ਅਸੀਂ ਇਹ ਇਲਜ਼ਾਮ ਵਿਨੋਦ ਸ਼ਰਮਾ ਅਤੇ ਏਵਿਓ ਫਾਰਮਾਸਿਊਟੀਕਲ ਦੇ ਸਾਹਮਣੇ ਰੱਖੇ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਭਾਰਤੀ ਦਵਾਈ ਰੈਗੂਲੇਟਰ ਕੀ ਕਹਿੰਦਾ ਹੈ

ਭਾਰਤੀ ਦਵਾਈ ਰੈਗੂਲੇਟਰ (ਸੀਡੀਐੱਸਸੀਓ) ਨੇ ਸਾਨੂੰ ਦੱਸਿਆ ਕਿ ਭਾਰਤ ਸਰਕਾਰ ਵਿਸ਼ਵ ਸਿਹਤ ਸਬੰਧੀ ਆਪਣੀ ਜ਼ਿੰਮੇਵਾਰੀ ਨੂੰ ਪਛਾਣਦੀ ਹੈ ਅਤੇ ਦਵਾਈ ਖੇਤਰ ਵਿੱਚ ਮਜ਼ਬੂਤ ਅਤੇ ਜ਼ਿੰਮੇਵਾਰ ਪ੍ਰਣਾਲੀ ਲਾਗੂ ਕਰਨ ਲਈ ਵਚਨਬੱਧ ਹੈ।
ਸੰਸਥਾ ਮੁਤਾਬਕ ਭਾਰਤ ਤੋਂ ਹੋਣ ਵਾਲੇ ਵਿਦੇਸ਼ੀ ਨਿਰਯਾਤ ਉੱਤੇ ਸਖ਼ਤ ਨਜ਼ਰ ਰੱਖੀ ਜਾਂਦੀ ਹੈ। ਇਸ ਸਬੰਧ ਵਿੱਚ ਨਿਯਮ ਹੋਰ ਸਖ਼ਤ ਕੀਤੇ ਗਏ ਹਨ ਅਤੇ ਸਖ਼ਤੀ ਨਾਲ ਲਾਗੂ ਕੀਤੇ ਜਾ ਰਹੇ ਹਨ। ਸੰਸਥਾ ਨੇ ਆਯਾਤ ਕਰਨ ਵਾਲੇ ਦੇਸ਼ਾਂ ਨੂੰ ਵੀ ਇਸ ਸਬੰਧ ਵਿੱਚ ਭਾਰਤ ਦਾ ਸਾਥ ਦੇਣ ਦੀ ਅਪੀਲ ਕੀਤੀ ਕਿ ਉਹ ਆਪਣੇ ਇੱਥੇ ਵੀ ਸਖ਼ਤ ਰੈਗੂਲੇਟਰੀ ਪ੍ਰਣਾਲੀਆਂ ਲਾਗੂ ਕਰਨ।
ਸੀਡੀਐੱਸਸੀਓ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਸਲਾ ਪੱਛਮੀ ਅਫ਼ਰੀਕਾ ਸਮੇਤ ਹੋਰ ਦੇਸ਼ਾਂ ਕੋਲ ਵੀ ਚੁੱਕਿਆ ਹੈ। ਇਸ ਦਿਸ਼ਾ ਵਿੱਚ ਉਹ ਇਨ੍ਹਾਂ ਮੁਲਕਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ। ਰੈਗੂਲੇਟਰ ਨੇ ਕਿਹਾ ਕਿ ਉਹ ਨਿਯਮਾਂ ਦੀ ਉਲੰਘਣਾ ਕਰਨ ਵਾਲ਼ੀ ਕਿਸੇ ਵੀ ਕੰਪਨੀ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਨਗੇ।
ਗੈਰ-ਲਾਈਸੈਂਸੀ ਨਸ਼ੀਲੀਆਂ ਦਵਾਈਆਂ ਦੇ ਉਤਪਾਦਨ ਅਤੇ ਬਰਾਮਦ ਵਾਲ਼ੀ ਏਵਿਓ ਇਕੱਲੀ ਭਾਰਤੀ ਕੰਪਨੀ ਨਹੀਂ ਹੈ। ਜਨਤਕ ਰੂਪ ਵਿੱਚ ਉਪਲਭਦ ਡੇਟਾ ਮੁਤਾਬਕ ਹੋਰ ਫਾਰਮਾ ਕੰਪਨੀਆਂ ਵੀ ਅਜਿਹੇ ਉਤਪਾਦ ਤਿਆਰ ਕਰਦੀਆਂ ਹਨ। ਪੱਛਮੀ ਅਫ਼ਰੀਕਾ ਵਿੱਚ ਵੱਖੋ-ਵੱਖ ਬਰੈਂਡਿੰਗ ਵਾਲ਼ੀਆਂ ਨਸ਼ੀਲੀਆਂ ਦਵਾਈਆਂ ਆਮ ਮਿਲਦੀਆਂ ਹਨ।
ਅਜਿਹੇ ਉਤਪਾਦਕ ਭਾਰਤ ਦੇ ਉੱਭਰ ਰਹੇ ਫਾਰਮਾ ਖੇਤਰ ਦੀ ਸਾਖ ਨੂੰ ਵੱਟਾ ਲਾ ਰਹੇ ਹਨ। ਭਾਰਤ ਦੇ ਫਾਰਮਾ ਖੇਤਰ ਦੀਆਂ ਉੱਚ-ਗੁਣਵੱਤਾ ਵਾਲ਼ੀਆਂ ਜੈਨਰਿਕ ਦਵਾਈਆਂ 'ਤੇ ਦੁਨੀਆਂ ਦੇ ਲੱਖਾਂ ਲੋਕ ਨਿਰਭਰ ਹਨ। ਇਸਦੇ ਬਣਾਏ ਟੀਕਿਆਂ ਨੇ ਲੱਖਾਂ ਜਾਨਾਂ ਬਚਾਈਆਂ ਹਨ। ਭਾਰਤ ਦਾ ਫਾਰਮਾ ਖੇਤਰ ਹਰ ਸਾਲ ਘੱਟੋ-ਘੱਟ 28 ਬਿਲੀਅਨ ਅਮਰੀਕੀ ਡਾਲਰ ਦਾ ਨਿਰਯਾਤ ਕਰਦਾ ਹੈ।
ਸ਼ਰਮਾ ਨਾਲ ਮੁਲਾਕਾਤ ਬਾਰੇ ਬੀਬੀਸੀ ਦੇ ਅੰਡਰਕਵਰ ਓਪਰੇਟਿਵ (ਪਛਾਣ ਸੁਰੱਖਿਆ ਕਾਰਨਾਂ ਕਰਕੇ ਗੁਪਤ ਰੱਖੀ ਗਈ ਹੈ) ਨੇ ਦੱਸਿਆ, "ਨਾਈਜ਼ੀਰੀਆ ਦੇ ਪੱਤਰਕਾਰ ਨਸ਼ੀਲੀਆਂ ਦਵਾਈਆਂ ਦੇ ਇਸ ਸੰਕਟ ਬਾਰੇ ਪਿਛਲੇ 20 ਸਾਲਾਂ ਤੋਂ ਲਿਖ ਰਹੇ ਹਨ ਪਰ ਆਖਰਕਾਰ ਮੈਂ ਉਨ੍ਹਾਂ ਵਿੱਚੋਂ ਇੱਕ ਦੇ ਰੂਬਰੂ ਹੋਇਆ ਸੀ....ਜੋ ਅਫ਼ਰੀਕਾ ਦੇ ਨਸ਼ੀਲੀਆਂ ਦਵਾਈਆਂ ਦੇ ਸੰਕਟ ਦੇ ਸਿਖਰ ਉੱਤੇ ਬੈਠੇ ਹਨ।"
"ਉਨ੍ਹਾਂ ਲੋਕਾਂ ਵਿੱਚੋਂ ਇੱਕ ਜੋ ਵਾਕਈ ਉਤਪਾਦਨ ਕਰਦੇ ਅਤੇ ਸਾਡੇ ਦੇਸ਼ਾਂ ਨੂੰ ਕੰਟੇਨਰਾਂ ਵਿੱਚ ਭਰ ਕੇ ਭੇਜਦੇ ਹਨ। ਇਹ ਜੋ ਨੁਕਸਾਨ ਕਰ ਰਿਹਾ ਸੀ, ਉਹ ਉਸ ਤੋਂ ਜਾਣੂ ਸੀ ਪਰ ਲੱਗਦਾ ਸੀ ਜਿਵੇਂ ਉਸ ਨੂੰ ਫਿਕਰ ਹੀ ਨਹੀਂ ਸੀ। ਇਹ ਇਸ ਨੂੰ ਸਿਰਫ਼ ਕਾਰੋਬਾਰ ਕਹਿ ਰਿਹਾ ਸੀ।"
ਪਿੱਛੇ ਤਾਮੇਲ ਵਿੱਚ ਬੀਬੀਸੀ ਦੀ ਟੀਮ ਨੇ ਸਥਾਨਕ ਕਾਰਜ ਬਲ ਦੇ ਨਾਲ ਇੱਕ ਆਖ਼ਰੀ ਛਾਪੇ ਵਿੱਚ ਹਿੱਸਾ ਲਿਆ, ਜਿੱਥੋਂ ਏਵਿਓ ਦੀ ਟਫਰੋਡੋਲ ਖੇਪ ਜ਼ਬਤ ਕੀਤੀ ਗਈ ਉਸ ਸ਼ਾਮ ਉਹ ਸਾਰੇ ਇੱਕ ਸਥਾਨਕ ਬਾਜ਼ਾਰ ਵਿੱਚ ਇਨ੍ਹਾਂ ਨਸ਼ਿਆਂ ਨੂੰ ਦਾਹ ਕਰਨ ਲਈ ਇਕੱਠੇ ਹੋਏ।
ਪੈਕਟਾਂ ਉੱਤੇ ਪੈਟਰੋਲ ਛਿੜਕੇ ਜਾਣ ਦੌਰਾਨ ਕਾਰਜ ਬਲ ਦੇ ਇੱਕ ਆਗੂ ਜ਼ਿਕੇ ਨੇ ਕਿਹਾ, "ਅਸੀਂ ਇਸ ਨੂੰ ਸਾਰਿਆਂ ਦੇ ਸਾਹਮਣੇ ਸਾੜ ਰਹੇ ਹਾਂ, ਤਾਂ ਜੋ ਸਾਰੇ ਦੇਖ ਸਕਣ। ਇਹ ਵੇਚਣ ਵਾਲਿਆਂ ਅਤੇ ਸਪਲਾਈ ਕਰਨ ਵਾਲ਼ਿਆਂ ਨੂੰ ਇੱਕ ਸੰਦੇਸ਼ ਭੇਜਿਆ ਕਿ ਜੇ ਉਨ੍ਹਾਂ ਨੇ ਤੁਹਾਨੂੰ ਫੜ ਲਿਆ ਤਾਂ ਉਹ ਤੁਹਾਡੇ ਨਸ਼ੇ ਜਲਾ ਦੇਣਗੇ।"
ਪਰ ਜਦੋਂ ਅੱਗ ਦੇ ਲਾਂਬੂ ਟਫਰੋਡੋਲ ਦੇ ਕੁਝ ਸੈਂਕੜੇ ਪੈਕਟਾਂ ਨੂੰ ਸੁਆਹ ਕਰ ਰਹੇ ਸਨ। ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਭਾਰਤ ਵਿੱਚ ਇਸ ਪੂਰਤੀ ਲੜੀ ਦੇ ਸਿਖਰ ਉੱਤੇ ਬੈਠੇ ਵਿਕਰੇਤਾ ਅਤੇ ਪੂਰਤੀ ਕਰਨ ਵਾਲੇ ਲੱਖਾਂ ਉਤਪਾਦ ਹੋਰ ਬਣਾ ਰਹੇ ਸਨ ਅਤੇ ਦੁੱਖ ਸੰਤਾਪ ਦੇ ਮੁਨਾਫ਼ੇ ਨਾਲ ਧਨਾਢ ਬਣ ਰਹੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













