ਦਿੱਲੀ ਤੇ ਗੁਜਰਾਤ: ਦੋ ਹਫ਼ਤਿਆਂ ’ਚ 13 ਹਜ਼ਾਰ ਕਰੋੜ ਦੀ ਡਰੱਗਜ਼ ਜ਼ਬਤ ਹੋਈ, ਨਸ਼ੇ ਦੇ ਕਾਰੋਬਾਰ ਬਾਰੇ ਇਹ ਹੈਰਾਨ ਕਰਨ ਵਾਲੇ ਖੁਲਾਸੇ ਹੋਏ

ਨਸ਼ੀਲੇ ਪਦਾਰਥ
ਤਸਵੀਰ ਕੈਪਸ਼ਨ, ਪੁਲਿਸ ਬਿਆਨਾਂ ਮੁਤਾਬਕ ਹੁਣ ਤੱਕ 1289 ਕਿਲੋ ਹੈਰੋਇਨ ਅਤੇ 40 ਕਿਲੋ ਹਾਈ ਗ੍ਰੇਡ ਹਾਈਡ੍ਰੋਪੋਨਿਕ ਗਾਂਜਾ ਬਰਾਮਦ ਕੀਤਾ ਗਿਆ ਹੈ
    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਅਤੇ ਗੁਜਰਾਤ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਸ਼ਨੀਵਾਰ ਨੂੰ ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਤੋਂ 518 ਕਿਲੋ ਹੈਰੋਈਨ ਜ਼ਬਤ ਕੀਤੀ ਹੈ।

ਕੌਮਾਂਤਰੀ ਬਾਜ਼ਾਰ 'ਚ ਇਸ ਦੀ ਕੀਮਤ 5 ਹਜ਼ਾਰ ਕਰੋੜ ਰੁਪਏ ਦੱਸੀ ਗਈ ਹੈ।

ਗੁਜਰਾਤ ਪੁਲਿਸ ਅਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਡਰੱਗ ਅੰਕਲੇਸ਼ਵਰ ਦੀ ਇੱਕ ਫਾਰਮਾ ਕੰਪਨੀ ਤੋਂ ਜ਼ਬਤ ਕੀਤੀ ਗਈ ਹਨ। ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

ਪਿਛਲੇ ਦੋ ਹਫ਼ਤਿਆਂ ਦੇ ਅੰਦਰ ਦਿੱਲੀ ਪੁਲਿਸ ਅਤੇ ਗੁਜਰਾਤ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਦੇ ਹੋਏ ਵੱਡੀ ਮਾਤਰਾ ਵਿੱਚ ਡਰੱਗਜ਼ ਬਰਾਮਦ ਕੀਤੀ ਹੈ।

ਪੁਲਿਸ ਦੇ ਬਿਆਨਾਂ ਮੁਤਾਬਕ ਹੁਣ ਤੱਕ 1289 ਕਿਲੋ ਹੈਰੋਇਨ ਅਤੇ 40 ਕਿਲੋ ਹਾਈ ਗ੍ਰੇਡ ਹਾਈਡ੍ਰੋਪੋਨਿਕ ਗਾਂਜਾ ਬਰਾਮਦ ਕੀਤਾ ਗਿਆ ਹੈ।

ਪੁਲਿਸ ਮੁਤਾਬਕ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਕੌਮਾਂਤਰੀ ਬਜ਼ਾਰ ਵਿੱਚ ਕੀਮਤ ਕਰੀਬ 13 ਹਜ਼ਾਰ ਕਰੋੜ ਰੁਪਏ ਹੈ।

ਇਸ ਤੋਂ ਪਹਿਲਾਂ ਵੀਰਵਾਰ (10 ਅਕਤੂਬਰ) ਦੀ ਸ਼ਾਮ ਨੂੰ, ਪੱਛਮੀ ਦਿੱਲੀ ਦੇ ਰਮੇਸ਼ ਨਗਰ ਵਿੱਚ ਇੱਕ ਦੁਕਾਨ ਤੋਂ ਨਮਕੀਨ ਦੇ ਪੈਕੇਟਾਂ ਵਿੱਚ ਰੱਖੀ 208 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਸੀ।

ਕੌਮਾਂਤਰੀ ਬਾਜ਼ਾਰ 'ਚ ਇਸ ਦੀ ਕੀਮਤ ਲਗਭਗ 2,000 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਦਿੱਲੀ ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੱਛਮੀ ਦਿੱਲੀ ਦੇ ਰਮੇਸ਼ ਨਗਰ ਵਿੱਚ ਇੱਕ ਦੁਕਾਨ ਤੋਂ ਨਮਕੀਨ ਦੇ ਪੈਕੇਟਾਂ ਵਿੱਚ ਰੱਖੀ 208 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਸੀ

ਦਿੱਲੀ ਪੁਲਿਸ ਮੁਤਾਬਕ ਇਹ ਨਸ਼ੀਲੇ ਪਦਾਰਥ ਰਮੇਸ਼ ਨਗਰ ਦੀ ਇੱਕ ਤੰਗ ਗਲੀ ਵਿੱਚ ਸਥਿਤ ਇੱਕ ਦੁਕਾਨ ਵਿੱਚ ਵੀਹ ਪੈਕਟਾਂ ਵਿੱਚ ਰੱਖੇ ਹੋਏ ਸਨ ਅਤੇ ਅੱਗੇ ਡਿਲੀਵਰ ਕੀਤੇ ਜਾਣੇ ਸਨ।

ਇਸੇ ਦੌਰਾਨ 1 ਅਕਤੂਬਰ ਨੂੰ ਦਿੱਲੀ ਪੁਲਿਸ ਨੇ ਮਹੀਪਾਲਪੁਰ ਦੇ ਇੱਕ ਗੋਦਾਮ ਵਿੱਚੋਂ 562 ਕਿਲੋ ਹੈਰੋਇਨ ਅਤੇ 40 ਕਿਲੋ ਹਾਈਡ੍ਰੋਪੋਨਿਕ ਗਾਂਜਾ ਬਰਾਮਦ ਕੀਤਾ ਸੀ।

ਸਪੈਸ਼ਲ ਸੈੱਲ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, “ਇੱਕ ਅਕਤੂਬਰ ਅਤੇ 10 ਅਕਤੂਬਰ ਨੂੰ ਦਿੱਲੀ ਦੇ ਦੋ ਵੱਖ-ਵੱਖ ਇਲਾਕਿਆਂ ਤੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਇੱਕੋ ਡਰੱਗ ਰੈਕੇਟ ਨਾਲ ਸਬੰਧਤ ਹਨ। ਗੁਜਰਾਤ ਦੇ ਭਰੂਚ ਵਿੱਚ ਬਰਾਮਦ ਹੋਈ ਡਰੱਗ ਵੀ ਇਸ ਰੈਕੇਟ ਨਾਲ ਜੁੜੇ ਹੋਈ ਹਨ।"

ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਕਈ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ। ਪੁਲਿਸ ਮੁਤਾਬਕ ਜਿਸ ਗੋਦਾਮ ਵਿੱਚੋਂ ਡਰੱਗ ਬਰਾਮਦ ਕੀਤੀ ਗਈ, ਉਹ ਤੁਸ਼ਾਰ ਗੋਇਲ ਨਾਮਕ ਵਿਅਕਤੀ ਦਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ 'ਚ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ 'ਚ ਤੁਸ਼ਾਰ ਗੋਇਲ ਸਭ ਤੋਂ ਵੱਡੇ ਪੱਧਰ ਦਾ ਨਸ਼ਾ ਤਸਕਰ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗੁਜਰਾਤ ਪੁਲਿਸ ਨੇ ਵੀ ਕੀਤੀ ਹੈ ਕਾਰਵਾਈ

ਦੂਜੇ ਪਾਸੇ, ਗੁਜਰਾਤ ਪੁਲਿਸ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਨਾਲ ਮਿਲ ਕੇ ਭੋਪਾਲ ਦੀ ਇੱਕ ਫੈਕਟਰੀ ਤੋਂ 5 ਅਕਤੂਬਰ ਨੂੰ 907 ਕਿਲੋਗ੍ਰਾਮ ਮੈਫੇਡ੍ਰੋਨ (ਐੱਮਡੀ) ਡਰੱਗ ਬਰਾਮਦ ਕੀਤੀ ਸੀ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 1814 ਕਰੋੜ ਰੁਪਏ ਦੱਸੀ ਗਈ ਸੀ। ਇਹ ਕਾਰਵਾਈ ਦਿੱਲੀ ਪੁਲਿਸ ਦੀ ਨਸ਼ਿਆਂ ਵਿਰੁੱਧ ਕਾਰਵਾਈ ਤੋਂ ਵੱਖਰੀ ਹੈ।

ਗੁਜਰਾਤ ਪੁਲਿਸ ਮੁਤਾਬਕ, ਕਰੀਬ ਪੰਜ ਹਜ਼ਾਰ ਕਿੱਲੋ ਕੱਚਾ ਮਾਲ ਵੀ ਇਸ ਛਾਪੇਮਾਰੀ ਦੌਰਾਨ ਦੌਰਾਨ ਬਰਾਮਦ ਕੀਤਾ ਗਿਆ ਹੈ।

ਗੁਜਰਾਤ ਪੁਲਿਸ ਦੀ ਏਟੀਐੱਸ ਅਤੇ ਐੱਨਸੀਬੀ (ਨਾਰਕੋਟਿਕਸ ਕੰਟਰੋਲ ਬਿਊਰੋ) ਦੀ ਟੀਮ ਨੇ ਲੰਬੇ ਆਪ੍ਰੇਸ਼ਨ ਤੋਂ ਬਾਅਦ ਇਹ ਛਾਪੇਮਾਰੀ ਕੀਤੀ ਸੀ।

ਇਹ ਡਰੱਗ ਭੋਪਾਲ ਦੇ ਬਾਗਰੋੜਾ ਇੰਡਸਟਰੀਅਲ ਅਸਟੇਟ ਵਿੱਚ ਚੱਲ ਰਹੀ ਇੱਕ ਫੈਕਟਰੀ ਵਿੱਚੋਂ ਬਰਾਮਦ ਕੀਤੀ ਗਈ ਸੀ।

ਇਸ ਛਾਪੇਮਾਰੀ ਦੌਰਾਨ ਪੁਲਿਸ ਨੇ 57 ਸਾਲਾ ਪ੍ਰਕਾਸ਼ਚੰਦਰ ਚਤੁਰਵੇਦੀ ਅਤੇ 40 ਸਾਲਾ ਸਾਨਿਆਲ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕੀਤਾ ਸੀ।

ਗੁਜਰਾਤ ਏਟੀਐੱਸ ਅਧਿਕਾਰੀ ਸੁਨੀਲ ਜੋਸ਼ੀ ਨੇ ਬੀਬੀਸੀ ਨੂੰ ਦੱਸਿਆ, “ਗੁਜਰਾਤ ਏਟੀਐੱਸ ਅਤੇ ਐੱਨਸੀਬੀ ਕੋਲ ਖ਼ੁਫ਼ੀਆ ਜਾਣਕਾਰੀ ਸੀ। ਇਹ ਛਾਪੇਮਾਰੀ ਲੰਬੀ ਕਾਰਵਾਈ ਅਤੇ ਸੂਚਨਾ ਦੀ ਪੁਸ਼ਟੀ ਤੋਂ ਬਾਅਦ ਕੀਤੀ ਗਈ ਸੀ।"

ਗੁਜਰਾਤ ਪੁਲਿਸ

ਤਸਵੀਰ ਸਰੋਤ, GUJARAT POLICE

ਤਸਵੀਰ ਕੈਪਸ਼ਨ, ਗੁਜਰਾਤ ਏਟੀਐੱਸ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਭੋਪਾਲ ਵਿੱਚ ਇੱਕ ਫੈਕਟਰੀ ਫੜੀ ਜਿਸ ਵਿੱਚ ਐੱਮਡੀ (ਮੈਫੇਡ੍ਰੋਨ) ਨਸ਼ੀਲੇ ਪਦਾਰਥਾਂ ਦਾ ਵੱਡੇ ਪੱਧਰ ਉੱਤੇ ਉਤਪਾਦਨ ਕੀਤਾ ਜਾ ਰਿਹਾ ਸੀ

ਗੁਜਰਾਤ ਪੁਲਿਸ ਮੁਤਾਬਕ, ਸਾਨਿਆਲ ਪ੍ਰਕਾਸ਼ ਨੂੰ ਪਹਿਲਾਂ ਵੀ ਐੱਮਡੀ ਡਰੱਗਜ਼ ਦੇ ਨਾਲ 2017 ਵਿੱਚ ਮੁੰਬਈ ਵਿੱਚ ਗ੍ਰਿਫਤਾਰ ਹੋਇਆ ਸੀ ਅਤੇ ਉਹ ਪੰਜ ਸਾਲ ਜੇਲ੍ਹ ਵਿੱਚ ਰਿਹਾ ਸੀ।

ਸੁਨੀਲ ਜੋਸ਼ੀ ਮੁਤਾਬਕ, “ਜਿਸ ਫੈਕਟਰੀ ‘ਤੇ ਛਾਪਾ ਮਾਰਿਆ ਗਿਆ ਉਹ ਕਰੀਬ 2500 ਗਜ਼ ਵਿੱਚ ਚੱਲ ਰਹੀ ਸੀ ਅਤੇ ਇਹ ਗੁਜਰਾਤ ਏਟੀਐੱਸ ਦੀ ਨਸ਼ਿਆਂ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਇਸ ਫੈਕਟਰੀ ਦੀ ਸਮਰੱਥਾ ਪ੍ਰਤੀ ਦਿਨ 25 ਕਿਲੋ ਐੱਮਡੀ ਪੈਦਾ ਕਰਨ ਦੀ ਸੀ।"

ਗੁਜਰਾਤ ਏਟੀਐੱਸ ਅਤੇ ਐੱਨਸੀਬੀ ਫਿਲਹਾਲ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਡਰੱਗ ਆਪ੍ਰੇਸ਼ਨ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ ਅਤੇ ਗ਼ੈਰ-ਕਾਨੂੰਨੀ ਤੌਰ 'ਤੇ ਤਿਆਰ ਕੀਤੀ ਜਾ ਰਹੀ ਐੱਮਡੀ ਡਰੱਗਜ਼ ਕਿੱਥੇ ਅਤੇ ਕਿਹੜੇ ਲੋਕਾਂ ਨੂੰ ਭੇਜੀ ਜਾ ਰਹੀ ਸੀ।

ਇਸ ਦੇ ਨਾਲ ਹੀ ਨਸ਼ੇ ਦੇ ਕਾਰੋਬਾਰ ਤੋਂ ਇਹ ਪੈਸਾ ਕਿਵੇਂ ਅਤੇ ਕਿਸ ਨੂੰ ਮਿਲ ਰਿਹਾ ਸੀ। ਇਸ ਨਸ਼ੇ ਦੇ ਕਾਰੋਬਾਰ ਵਿੱਚ ਕੌਣ-ਕੌਣ ਸ਼ਾਮਲ ਹਨ?

ਗੁਜਰਾਤ ਪੁਲਿਸ ਮੁਤਾਬਕ, ਇਸ ਡਰੱਗ ਕਾਰਟੈਲ ਨਾਲ ਜੁੜੇ ਹੋਰ ਲੋਕਾਂ ਦੇ ਨਾਂ ਸਾਹਮਣੇ ਆ ਸਕਦੇ ਹਨ ਅਤੇ ਇਸ ਦੇ ਸਬੰਧ ਕਈ ਸੂਬਿਆਂ ਨਾਲ ਜੁੜੇ ਹੋ ਸਕਦੇ ਹਨ।

ਸੁਨੀਲ ਜੋਸ਼ੀ ਮੁਤਾਬਕ, “ਇਸ ਡਰੱਗ ਨੈੱਟਵਰਕ ਦੇ ਤਾਰ ਦੇਸ਼ ਤੋਂ ਬਾਹਰ ਵੀ ਜੁੜੇ ਹੋ ਸਕਦੇ ਹਨ। ਸਾਡੀ ਜਾਂਚ ਅਜੇ ਵੀ ਜਾਰੀ ਹੈ ਅਤੇ ਅੱਗੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ।"

ਗੁਜਰਾਤ ਪੁਲਿਸ

ਤਸਵੀਰ ਸਰੋਤ, Gujarat Police

ਤਸਵੀਰ ਕੈਪਸ਼ਨ, ਗੁਜਰਾਤ ਪੁਲਿਸ ਮੁਤਾਬਕ ਭੋਪਾਲ 'ਚ ਵੱਡੇ ਪੱਧਰ 'ਤੇ ਐੱਮਡੀ ਡਰੱਗਜ਼ ਦਾ ਉਤਪਾਦਨ ਹੋ ਰਿਹਾ ਸੀ
ਇਹ ਵੀ ਪੜ੍ਹੋ-

ਹੁਣ ਤੱਕ 13 ਹਜ਼ਾਰ ਕਰੋੜ ਰੁਪਏ ਡਰੱਗਜ਼ ਜ਼ਬਤ

ਇਸ ਦੇ ਨਾਲ ਹੀ, ਦਿੱਲੀ ਪੁਲਿਸ ਇੱਕ ਅਕਤੂਬਰ ਨੂੰ ਸਪੈਸ਼ਲ ਸੈੱਲ ਦੀ ਟਰਾਂਸ ਯਮੁਨਾ ਰੇਂਜ ਯੂਨਿਟ ਨੇ ਮਹੀਪਾਲਪੁਰ ਤੋਂ ਜੋ ਡਰੱਗ ਜ਼ਬਤ ਕੀਤੀ ਗਈ ਉਹ ਹਾਲ ਦੇ ਸਾਲਾਂ ਵਿੱਚ ਜ਼ਬਤ ਕੀਤੀ ਗਈ ਕੋਕੀਨ ਦੀ ਸਭ ਤੋਂ ਵੱਡੀ ਮਾਤਰਾ ਵਿੱਚੋਂ ਇੱਕ ਹੈ।

ਪੁਲਿਸ ਮੁਤਾਬਕ 562 ਕਿਲੋ ਕੋਕੀਨ ਤੋਂ ਇਲਾਵਾ 40 ਕਿਲੋ ਹਾਈਡ੍ਰੋਪੋਨਿਕ ਗਾਂਜਾ ਜ਼ਬਤ ਕੀਤਾ ਗਿਆ, ਜੋ ਥਾਈਲੈਂਡ ਤੋਂ ਆਇਆ ਸੀ।

ਸਪੈਸ਼ਲ ਸੈੱਲ ਦੇ ਇੱਕ ਅਧਿਕਾਰੀ ਮੁਤਾਬਕ, “ਮਹੀਪਾਲਪੁਰ ਤੋਂ ਜ਼ਬਤ ਕੀਤੀ ਗਈ ਡਰੱਗ ਭਾਰਤ ਦੇ ਬਾਹਰੋਂ ਲਿਆਂਦੀ ਗਈ ਸੀ। ਹਾਲਾਂਕਿ, ਇਸਦੇ ਪਿੱਛੇ ਕਿਹੜਾ ਕੌਮਾਂਤਰੀ ਡਰੱਗ ਕਾਰਟੇਲ ਹੈ, ਉਸ ਤੱਕ ਪਹੁੰਚਣ ਵਿੱਚ ਸਮਾਂ ਲੱਗ ਸਕਦਾ ਹੈ।"

ਦਿੱਲੀ ਪੁਲਿਸ ਨੇ ਇੱਕ ਅਕਤੂਬਰ ਨੂੰ ਫੜੀ ਗਈ ਡਰੱਗਜ਼ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਹਨ 40 ਸਾਲਾ ਤੁਸ਼ਾਰ ਗੋਇਲ, 27 ਸਾਲਾ ਹਿਮਾਂਸ਼ੂ ਕੁਮਾਰ, 23 ਸਾਲਾ ਔਰੰਗਜ਼ੇਬ ਸਿੱਦੀਕੀ ਅਤੇ 48 ਸਾਲਾ ਭਰਤ ਕੁਮਾਰ।

ਪੁਲਿਸ ਮੁਤਾਬਕ, ਡਰੱਗਜ਼ ਦੇ ਖ਼ਿਲਾਫ਼ ਕਾਰਵਾਈਆਂ ਦੌਰਾਨ ਅਗਸਤ ਮਹੀਨੇ ਵਿੱਚ ਦਿੱਲੀ ਵਿੱਚ ਸਰਗਰਮ ਇੱਕ ਕੈਮਾਂਤਰੀ ਡਰੱਗ ਕਾਰਟੇਲ ਬਾਰੇ ਪੁਲਿਸ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ’ਤੇ ਛਾਪੇਮਾਰੀ ਦੀ ਕਾਰਵਾਈ ਕੀਤੀ ਗਈ ਅਤੇ ਇਸ ਵੱਡੀ ਤਾਦਾਦ ਵਿੱਚ ਡਰੱਗਜ਼ ਬਰਾਮਦ ਕੀਤੀ ਗਈ।

ਦਿੱਲੀ ਪੁਲਿਸ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਵੀ ਜਤਿੰਦਰ ਉਰਫ਼ ਜੱਸੀ ਨੂੰ ਡਰੱਗ ਨੈੱਟਵਰਕ ਨਾਲ ਜੁੜੇ ਹੋਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਸੀ ਅਤੇ ਅੰਮ੍ਰਿਤਸਰ ਦੇ ਇਕ ਪਿੰਡ 'ਚ ਛਾਪੇਮਾਰੀ ਕਰ ਕੇ ਕਰੀਬ 10 ਕਰੋੜ ਰੁਪਏ ਦੇ ਡਰੱਗਜ਼ ਬਰਾਮਦ ਕੀਤੀ ਸੀ। ਇਹ ਘਟਨਾ 5 ਅਕਤੂਬਰ ਦੀ ਹੈ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਇੱਕ ਅਧਿਕਾਰੀ ਦੇ ਮੁਤਾਬਕ, "ਇਹ ਸਾਰੀਆਂ ਕਾਰਵਾਈਆਂ ਹੁਣ ਤੱਕ ਇੱਕੋ ਡਰੱਗ ਗਿਰੋਹ ਨਾਲ ਸਬੰਧਤ ਹਨ ਅਤੇ ਇਸ ਨਾਲ ਜੁੜੇ ਕੁਝ ਸ਼ੱਕੀ ਦੇਸ਼ ਤੋਂ ਬਾਹਰ ਵੀ ਹਨ।"

ਦਿੱਲੀ ਪੁਲਿਸ ਨੇ ਵਰਿੰਦਰ ਬਾਸੋਆ ਨਾਮ ਦੇ ਇੱਕ ਸ਼ੱਕੀ ਨਸ਼ਾ ਤਸਕਰ ਦੇ ਖ਼ਿਲਾਫ਼ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਹੈ।

ਸਪੈਸ਼ਲ ਸੈੱਲ ਦੇ ਇਕ ਅਧਿਕਾਰੀ ਮੁਤਾਬਕ, "ਅਜੇ ਤੱਕ ਜੋ ਲੋਕ ਫੜੇ ਗਏ ਹਨ, ਉਨ੍ਹਾਂ ਤੋਂ ਮਿਲੀ ਜਾਣਕਾਰੀਆਂ ਦੇ ਆਧਾਰ 'ਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਡਰੱਗਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਨਸ਼ਿਆਂ ਦਾ ਵਪਾਰ ਕਈ ਸ਼ਹਿਰਾਂ ਵਿੱਚ ਫੈਲਿਆ ਹੋਇਆ ਹੈ

ਪੁਲਿਸ ਸਾਹਮਣੇ ਕਈ ਚੁਣੌਤੀਆਂ

ਅਜੋਕੇ ਸਮੇਂ ਵਿੱਚ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਪਰ ਇਸ ਨਾਲ ਕਈ ਸਵਾਲ ਵੀ ਖੜ੍ਹੇ ਹੋ ਗਏ ਹਨ।

ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਵਿਕਰਮ ਸਿੰਘ ਦਾ ਕਹਿਣਾ ਹੈ, "ਜਿਸ ਵੱਡੇ ਪੱਧਰ 'ਤੇ ਡਰੱਗਜ਼ ਫੜੀ ਗਈ ਹੈ, ਉਹ ਹੈਰਾਨ ਕਰ ਦੇਣ ਵਾਲੀ ਹੈ। ਬੇਸ਼ੱਕ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਪਰ ਸਵਾਲ ਇਹ ਵੀ ਹੈ ਕਿ ਭਾਰਤ 'ਚ ਅਜਿਹੇ ਡਰੱਗ ਨੈੱਟਵਰਕ ਇੰਨੀ ਆਸਾਨੀ ਨਾਲ ਕਿਵੇਂ ਕੰਮ ਕਰ ਰਹੇ ਹਨ।"

"ਪੁਲਿਸ ਨੇ ਜਿੰਨਾ ਕੰਮ ਕੀਤਾ ਹੈ, ਉਸ ਤੋਂ ਕਿਤੇ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਅਜੇ ਤੱਕ ਕਿਸੇ ਵੱਡੇ ਕਿੰਗਪਿਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।”

ਵਿਕਰਮ ਸਿੰਘ ਨੇ ਸਵਾਲ ਕੀਤਾ, “ਡਰੱਗਜ਼ ਖ਼ਿਲਾਫ਼ ਕਾਨੂੰਨ ਦੇ ਤਹਿਤ, ਪੁਲਿਸ ਇਸ ਤੋਂ ਹਾਸਲ ਕੀਤੀ ਜਾਇਦਾਦ ਨੂੰ ਜ਼ਬਤ ਕਰ ਸਕਦੀ ਹੈ। ਪਰ ਹੁਣ ਤੱਕ ਡਰੱਗਜ਼ ਤਾਂ ਜ਼ਬਤ ਕੀਤੀ ਗਈ ਹੈ ਪਰ ਇਨ੍ਹਾਂ ਗਿਰੋਹਾਂ ਨਾਲ ਜੁੜੇ ਕਿਸੇ ਵੀ ਵੱਡੇ ਅਪਰਾਧੀ ਵਿਰੁੱਧ ਜਾਇਦਾਦ ਜ਼ਬਤ ਕਰਨ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ।"

"ਪੁਲਿਸ ਜੇਕਰ ਪੁਲਿਸ ਸਖ਼ਤੀ ਨਾਲ ਜਾਂਚ ਨੂੰ ਨਿਸ਼ਚਿਤ ਤੌਰ ʼਤੇ ਕੁਝ ਵੱਡੇ ਨਾਮ ਸਾਹਮਣੇ ਆਉਣਗੇ।"

ਵਿਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਵੱਡੀ ਗਿਣਤੀ ਵਿੱਚ ਨਸ਼ੀਲੇ ਪਦਾਰਥਾਂ ਦਾ ਜ਼ਬਤ ਹੋਣਾ ਇਹ ਵੀ ਦਰਸਾਉਂਦਾ ਹੈ ਕਿ ਭਾਰਤੀ ਬਾਜ਼ਾਰ ਵਿੱਚ ਡਰੱਗਜ਼ ਦੀ ਮੰਗ ਵੱਧ ਰਹੀ ਹੈ ਅਤੇ ਇਸ ਲਈ ਇਸ ਦੀ ਸਪਲਾਈ ਵਧੀ ਹੈ।

ਵਿਕਰਮ ਸਿੰਘ ਦਾ ਕਹਿਣਾ ਹੈ, "ਇੰਨੀ ਵੱਡੀ ਗਿਣਤੀ ਵਿੱਚ ਡਰੱਗਜ਼ ਨੂੰ ਫੜਨਾ ਇਹ ਵੀ ਦਰਸਾਉਂਦਾ ਹੈ ਕਿ ਭਾਰਤ ਵਿੱਚ ਨਸ਼ਿਆਂ ਦੀ ਮੰਗ ਵਧ ਰਹੀ ਹੈ।"

"ਜੇਕਰ ਮੰਗ ਨਾ ਵਧੀ ਹੁੰਦੀ ਤਾਂ ਇੰਨੀ ਵੱਡੀ ਸਪਲਾਈ ਨਹੀਂ ਹੋਣੀ ਸੀ। ਇਸ ਕਾਰੋਬਾਰ ਵਿੱਚ ਬਹੁਤ ਸਾਰਾ ਪੈਸਾ ਹੈ, ਇਸ ਲਈ ਲੋਕ ਇਸ ਵੱਲ ਆਕਰਸ਼ਿਤ ਹੋ ਰਹੇ ਹਨ। ਇਸ ਲਈ ਪੁਲਿਸ ਦੀ ਕਾਰਵਾਈ ਦਰਸਾਉਂਦੀ ਹੈ ਕਿ ਡਰੱਗਜ਼ ਤਸਕਰੀ ਦੇ ਨੈੱਟਵਰਕ ਅਤੇ ਸੰਗਠਿਤ ਹੋਏ ਹਨ। ਹਾਲ ਦੇ ਸਾਲਾਂ ਵਿੱਚ ਡਰੱਗਜ਼ ਨਾਲ ਜੁੜੇ ਅਪਰਾਧ ਵਧੇ ਹਨ।"

ਡਰੱਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਵੇ ਮੁਤਾਬਕ, ਭਾਰਤ ਵਿੱਚ 1.18 ਕਰੋੜ ਲੋਕ ਸਿਡੈਟਿਵ (ਗ਼ੈਰ-ਮੈਡੀਕਲ) ਦਾ ਇਸਤੇਮਾਲ ਕਰਦੇ ਹਨ

ਇਸ ਵੱਡੇ ਪੱਧਰ 'ਤੇ ਡਰੱਗਜ਼ ਦੇ ਫੜੇ ਜਾਣ ਤੋਂ ਇਹ ਸਵਾਲ ਵੀ ਉੱਠਿਆ ਹੈ ਕਿ ਕੀ ਭਾਰਤੀ ਬਾਜ਼ਾਰ 'ਚ ਡਰੱਗਜ਼ ਆਸਾਨੀ ਨਾਲ ਉਪਲਬਧ ਹਨ?

ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਖੋਜਕਰਤਾ ਅਤੇ ਨਸ਼ਾ ਵਿਰੋਧੀ ਮੁਹਿੰਮਾਂ ਨਾਲ ਜੁੜੇ ਸ਼ੀਸ਼ਪਾਲ ਸ਼ਿਵਕੰਡ ਦਾ ਕਹਿਣਾ ਹੈ, “ਪਹਿਲਾਂ ਦੇ ਮੁਕਾਬਲੇ ਅੱਜ ਬਾਜ਼ਾਰ ਵਿੱਚ ਡਰੱਗਜ਼ ਆਸਾਨੀ ਨਾਲ ਉਪਲਬਧ ਹੈ।"

"ਪੰਜਾਬ ਅਤੇ ਹਰਿਆਣਾ ਵਿੱਚ ਨਸ਼ੇ ਦੇ ਆਦੀ ਲੋਕਾਂ ਨਾਲ ਕੰਮ ਕਰਦਿਆਂ, ਅਸੀਂ ਮਹਿਸੂਸ ਹੋਇਆ ਕਿ ਬਾਜ਼ਾਰ ਵਿੱਚ ਡਰੱਗਜ਼ ਦੀ ਉਪਲਬਧਤਾ ਵਿੱਚ ਕਾਫ਼ੀ ਵਾਧਾ ਹੋਇਆ ਹੈ।"

ਸ਼ੀਸ਼ਪਾਲ ਦਾ ਕਹਿਣਾ ਹੈ, “ਪੁਲਿਸ ਨੇ ਅਜੋਕੇ ਸਮੇਂ ਵਿੱਚ ਜਿਸ ਵੱਡੇ ਪੱਧਰ ‘ਤੇ ਨਸ਼ੇ ਫੜੇ ਹਨ, ਉਹ ਬੇਮਿਸਾਲ ਹੈ। ਪਰ ਨਸ਼ਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਸਵਾਲ ਇਹ ਹੈ ਕਿ ਕੀ ਇਹ ਕਾਰਵਾਈਆਂ ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨਗੀਆਂ? ਕੀ ਬਜ਼ਾਰ ਵਿੱਚ ਡਰੱਗਜ਼ ਦੀ ਕਮੀ ਆਵੇਗੀ?"

ਸ਼ੀਸ਼ਪਾਲ ਦਾ ਕਹਿਣਾ ਹੈ, "ਜਿਸ ਆਸਾਨੀ ਨਾਲ ਡਰੱਗਜ਼ ਬਾਜ਼ਾਰ ਉਪਲਬਧ ਹਨ, ਉਸ ਨੂੰ ਦੇਖਦੇ ਹੋਏ ਇਹ ਕਾਰਵਾਈ ਹੈਰਾਨ ਨਹੀਂ ਕਰਦੀ। ਚੰਗੀ ਗੱਲ ਇਹ ਹੈ ਕਿ ਏਜੰਸੀਆਂ ਹੁਣ ਇਸ ਸਮੱਸਿਆ ਨੂੰ ਲੈ ਕੇ ਗੰਭੀਰ ਹਨ ਅਤੇ ਇਨ੍ਹਾਂ ਨੈੱਟਵਰਕਾਂ ਨੂੰ ਤੋੜਨ ਲਈ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।"

ਦਿੱਲੀ ਪੁਲਿਸ ਮੁਤਾਬਕ ਜੋ ਡਰੱਗਜ਼ ਫੜੇ ਗਏ ਹਨ, ਉਹ ਭਾਰਤ ਤੋਂ ਬਾਹਰੋਂ ਲਿਆਂਦੇ ਗਏ ਹਨ। ਅਜਿਹੇ 'ਚ ਸਵਾਲ ਹੋਰ ਵੀ ਗੰਭੀਰ ਹਨ ਕਿ ਇਹ ਨੈੱਟਵਰਕ ਭਾਰਤ ਦੀ ਸਰਹੱਦ ਤੋਂ ਪਾਰ ਨਸ਼ੇ ਪਹੁੰਚਾਉਣ 'ਚ ਕਿਵੇਂ ਕਾਮਯਾਬ ਹੋ ਰਹੇ ਹਨ।

ਵਿਕਰਮ ਸਿੰਘ ਨੇ ਸਵਾਲ ਕਰਦੇ ਹਨ, “ਇੰਨੇ ਵੱਡੇ ਪੱਧਰ ‘ਤੇ ਡਰੱਗਜ਼ ਦੀ ਬਰਾਮਦਗੀ ਇਹ ਵੀ ਦਰਸਾਉਂਦੀ ਹੈ ਕਿ ਭਾਰਤ ਵਿੱਚ ਡਰੱਗ ਕਾਰਟੈਲ ਦਾ ਨੈੱਟਵਰਕ ਕਿੰਨਾ ਫੈਲ ਗਿਆ ਹੈ।"

"ਜ਼ਾਹਿਰ ਹੈ ਕਿ ਇਨ੍ਹਾਂ ਲੋਕਾਂ ਨੂੰ ਕਿਤੇ ਨਾ ਕਿਤੇ ਸਮਰਥਨ ਅਤੇ ਸਹਿਯੋਗ ਜ਼ਰੂਰ ਮਿਲ ਰਿਹਾ ਹੋਵੇਗਾ, ਨਹੀਂ ਤਾਂ ਨਸ਼ਿਆਂ ਦਾ ਇੰਨੀ ਵੱਡੀ ਮਾਤਰਾ ਵਿੱਚ ਪਹੁੰਚਣਾ ਸੰਭਵ ਨਹੀਂ ਹੈ। ਨਸ਼ਿਆਂ ਦੇ ਪ੍ਰਸਾਰ ਨੂੰ ਰੋਕਣ ਲਈ, ਪੁਲਿਸ ਨੂੰ ਇਸ ਨੈੱਟਵਰਕ ਦੀ ਸਹਾਇਤਾ ਪ੍ਰਣਾਲੀ ਨੂੰ ਵੀ ਖ਼ਤਮ ਕਰਨਾ ਹੋਵੇਗਾ।"

ਟੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਦਾਜ਼ੇ ਮੁਤਾਬਕ ਭਾਰਤ ਵਿੱਚ ਕਰੀਬ 8.5 ਲੱਖ ਲੋਕ ਇੰਜੈਕਸ਼ਨ ਰਾਹੀਂ ਨਸ਼ਾ ਲੈਂਦੇ ਹਨ

ਭਾਰਤ ਵਿੱਚ ਕਿੰਨਾ ਫੈਲਿਆ ਹੈ ਨਸ਼ਾ

ਸੰਯੁਕਤ ਰਾਸ਼ਟਰ ਦੇ ਡਰੱਗਜ਼ ਐਂਡ ਕ੍ਰਾਈਮ ਦਫ਼ਤਰ ਦੇ ਇੱਕ ਸਰਵੇ ਮੁਤਾਬਕ, ਡਰੱਗਜ਼ ਦੀ ਵਰਤੋਂ ਨੌਜਵਾਨ ਆਬਾਦੀ ਵਿੱਚ ਵਧ ਰਹੀ ਹੈ।

ਭਾਰਤ ਦੇ ਨੈਸ਼ਨਲ ਇੰਸਟੀਚਿਊਟ ਆਫ ਸੋਸ਼ਲ ਡਿਫੈਂਸ ਮੁਤਾਬਕ, ਕਰੀਬ 3.1 ਕਰੋੜ ਲੋਕ ਗਾਂਜੇ ਦੀ ਵਰਤੋਂ ਹੈ ਜਦ ਕਿ 72 ਲੱਖ ਲੋਕ ਗਾਂਜੇ ਦੇ ਆਦੀ ਹਨ।

ਭਾਰਤ ਵਿੱਚ ਓਪੀਆਊਡ ਦੇ ਕੁੱਲ ਵਰਤੋਕਾਰ 2.06 ਫੀਸਦ ਹਨ ਅਤੇ ਕਰੀਬ 0.55 ਫੀਸਦ (ਕਰੀਬ 60 ਲੱਖ) ਲੋਕਾਂ ਨੂੰ ਇਲਾਜ ਦੀ ਲੋੜ ਹੈ।

ਐੱਨਆਈਐੱਸਡੀ ਦੇ ਇਸ ਸਰਵੇ ਮੁਤਾਬਕ, ਭਾਰਤ ਵਿੱਚ 1.18 ਕਰੋੜ ਲੋਕ ਸਿਡੈਟਿਵ (ਗ਼ੈਰ-ਮੈਡੀਕਲ) ਦਾ ਇਸਤੇਮਾਲ ਕਰਦੇ ਹਨ। ਭਾਰਤ ਵਿੱਚ ਕਰੀਬ 18 ਲੱਖ ਬੱਚੇ ਸੁੰਘ ਕੇ ਨਸ਼ਾ ਕਰਦੇ ਹਨ।

ਅੰਦਾਜ਼ੇ ਮੁਤਾਬਕ ਭਾਰਤ ਵਿੱਚ ਕਰੀਬ 8.5 ਲੱਖ ਲੋਕ ਇੰਜੈਕਸ਼ਨ ਰਾਹੀਂ ਨਸ਼ਾ ਲੈਂਦੇ ਹਨ।

ਸ਼ੀਸ਼ਪਾਲ ਸ਼ਿਵਕੰਡ ਕਹਿੰਦੇ ਹਨ, "ਨਸ਼ੇ ਦੀ ਆਸਾਨੀ ਉਪਲਬਧਤਾ ਹੀ ਡਰੱਗਜ਼ ਦੇ ਇਸਤੇਮਾਲ ਦੇ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ। ਹਾਲ ਦੇ ਸਾਲਾਂ ਵਿੱਚ ਨਸ਼ੇ ਨੂੰ ਗਲੈਮਰਾਈਜ਼ ਵੀ ਕੀਤਾ ਗਿਆ ਹੈ, ਜਿਸ ਕਾਰਨ ਵਧੇਰੇ ਤਾਦਾਦ ਵਿੱਚ ਨੌਜਵਾਨ ਇਸ ਦੇ ਸੰਪਰਕ ਵਿੱਚ ਆ ਰਹੇ ਹਨ।"

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਕਸ਼ਤੀਕਰਨ ਮੰਤਰਾਲੇ ਨੇ ਸਾਲ 2020 ਵਿੱਚ ਨਸ਼ਾ ਮੁਕਤ ਮੁਹਿੰਮ ਸ਼ੁਰੂ ਕੀਤਾ ਸੀ।

ਨਾਰਕੋਟਿਕਸ ਕੰਟ੍ਰੋਲ ਬਿਓਰੋ ਦੇ ਇਨਪੁਟ ਅਤੇ ਭਾਰਤ ਵਿੱਚ ਨਸ਼ੇ ਦੀ ਲਤ ʼਤੇ ਕੀਤੇ ਗਏ ਪਹਿਲੇ ਸਰਵੇ ਦੇ ਆਧਾਰ ʼਤੇ ਇਸ ਨੂੰ ਦੇਸ਼ ਦੇ 372 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਹੈ।

ਨਸ਼ਾ ਮੁਕਤ ਭਾਰਤ ਮੁਹਿੰਮ ਦਾ ਮਕਸਦ ਨੌਜਵਾਨਾਂ ਵਿੱਚ ਨਸ਼ੇ ਦੀ ਲਤ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਡਰੱਗਜ਼ ਦੇ ਕਾਰੋਬਾਰ ਦੇ ਖ਼ਿਲਾਫ਼ ਕਾਰਵਾਈਆਂ ਕਰਨਾ ਹੈ।

ਦਿੱਲੀ ਪੁਲਿਸ ਮੁਤਾਬਕ, ਇਸ ਦੇ ਤਹਿਤ ਡਰੱਗਜ਼ ਨੈੱਟਵਰਕ ਦੇ ਖ਼ਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)