ਰੇਖਾ ਗੁਪਤਾ ਬਣੇ ਦਿੱਲੀ ਦੇ ਮੁੱਖ ਮੰਤਰੀ, ਮਨਜਿੰਦਰ ਸਿੰਘ ਸਿਰਸਾ ਸਣੇ ਇਨ੍ਹਾਂ 6 ਮੰਤਰੀਆਂ ਨੇ ਚੁੱਕੀ ਸਹੁੰ

ਤਸਵੀਰ ਸਰੋਤ, Getty Images
ਦਿੱਲੀ ਦੇ ਸ਼ਾਲੀਮਾਰ ਬਾਗ਼ ਸੀਟ ਤੋਂ ਜਿੱਤੇ ਭਾਜਪਾ ਵਿਧਾਇਕ ਰੇਖਾ ਗੁਪਤਾ ਨੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ।
ਸਹੁੰ ਚੁੱਕ ਸਮਾਗਮ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਇਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਐੱਨਡੀਏ ਦੀ ਪੂਰੀ ਲੀਡਰਸ਼ਿਪ ਰਾਮਲੀਲਾ ਮੈਦਾਨ ਪਹੁੰਚੀ ਸੀ।
ਰੇਖਾ ਗੁਪਤਾ ਦੇ ਨਾਲ ਛੇ ਹੋਰ ਵਿਧਾਇਕਾਂ ਨੇ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਦਿੱਲੀ ਕੈਬਨਿਟ ਵਿੱਚ ਪ੍ਰਵੇਸ਼ ਵਰਮਾ, ਅਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਇੰਦਰਾਜ ਸਿੰਘ, ਕਪਿਲ ਮਿਸ਼ਰਾ ਅਤੇ ਪੰਕਜ ਕੁਮਾਰ ਸਿੰਘ ਵੱਖ-ਵੱਖ ਵਿਭਾਗਾਂ ਦੇ ਮੰਤਰੀਆਂ ਵੱਜੋਂ ਸਹੁੰ ਚੁੱਕੀ ਹੈ।

ਰਾਜੌਰੀ ਗਾਰਡਨ ਤੋਂ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਵਿੱਚ ਸਹੁੰ ਚੁੱਕੀ।
ਇਸ ਮੌਕੇ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ, "ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਸੁੰਦਰ ਦਿੱਲੀ ਵੇਖੋਗੇ।"
ਰਵਿੰਦਰ ਇੰਦਰਰਾਜ ਸਿੰਘ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ, "ਮੰਤਰਾਲੇ ਬਾਰੇ ਅਜੇ ਫ਼ੈਸਲਾ ਨਹੀਂ ਹੋਇਆ ਹੈ।"
ਦਿੱਲੀ ਕੈਬਨਿਟ ਵਿੱਚ ਵੱਖ ਵੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਨੂੰ ਜਗ੍ਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਰੇਖਾ ਗੁਪਤਾ ਕੌਣ ਹੈ

ਤਸਵੀਰ ਸਰੋਤ, Rekha Gupta
ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ, ਰੇਖਾ ਗੁਪਤਾ ਨੇ ਸ਼ਾਲੀਮਾਰ ਬਾਗ਼ ਸੀਟ ਤੋਂ ਆਮ ਆਦਮੀ ਪਾਰਟੀ ਦੀ ਬੰਦਨਾ ਕੁਮਾਰੀ ਨੂੰ ਤਕਰੀਬਨ 30 ਹਜ਼ਾਰ ਵੋਟਾਂ ਨਾਲ ਹਰਾਇਆ।
ਉਹ 2020 ਦੀਆਂ ਚੋਣਾਂ ਵਿੱਚ ਇਹੀ ਸੀਟ ਥੋੜ੍ਹੇ ਫ਼ਰਕ ਨਾਲ ਹਾਰ ਗਏ ਸਨ।
ਰੇਖਾ ਗੁਪਤਾ ਦਿੱਲੀ ਨਗਰ ਨਿਗਮ ਦੇ ਕੌਂਸਲਰ ਅਤੇ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਦਿੱਲੀ ਚੋਣਾਂ ਵਿੱਚ ਜਿੱਤ ਤੋਂ ਬਾਅਦ, ਮੁੱਖ ਮੰਤਰੀ ਅਹੁਦੇ ਲਈ ਚਰਚਾ ਵਿੱਚ ਆ ਰਹੇ ਨਾਵਾਂ ਵਿੱਚ ਰੇਖਾ ਗੁਪਤਾ ਦਾ ਨਾਮ ਵੀ ਸ਼ਾਮਲ ਸੀ।
ਕਈ ਵਿਸ਼ਲੇਸ਼ਕਾਂ ਦੇ ਮੁਤਾਬਕ, ਭਾਜਪਾ ਰੇਖਾ ਗੁਪਤਾ ਦੇ ਐਲਾਨ ਰਾਹੀਂ ਔਰਤਾਂ ਅਤੇ ਵੈਸ਼ ਭਾਈਚਾਰੇ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਉਂਦੀ ਹੈ।
ਉਨ੍ਹਾਂ ਨੇ ਆਪਣਾ ਸਿਆਸੀ ਕਰੀਅਰ ਦਿੱਲੀ ਯੂਨੀਵਰਸਿਟੀ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨਾਲ ਸ਼ੁਰੂ ਕੀਤਾ ਸੀ।

ਤਸਵੀਰ ਸਰੋਤ, Rekha Gupta
1996 ਵਿੱਚ, ਉਹ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੀਯੂਐੱਸਯੂ) ਦੀ ਪ੍ਰਧਾਨ ਬਣੇ।
2007 ਵਿੱਚ, ਉਹ ਪੀਤਮਪੁਰਾ (ਉੱਤਰੀ), ਦਿੱਲੀ ਦੀ ਕੌਂਸਲਰ ਬਣੇ।
ਰੇਖਾ ਗੁਪਤਾ ਦਿੱਲੀ ਭਾਜਪਾ ਮਹਿਲਾ ਮੋਰਚਾ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ।
2004 ਤੋਂ 2006 ਤੱਕ, ਉਹ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚੇ ਦੇ ਕੌਮੀ ਸਕੱਤਰ ਸਨ।
ਰੇਖਾ ਗੁਪਤਾ ਦਾ ਜਨਮ 1974 ਵਿੱਚ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਜੁਲਾਨਾ ਵਿੱਚ ਹੋਇਆ ਸੀ। ਉਹ ਬਚਪਨ ਤੋਂ ਹੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਵਿੱਚ ਸ਼ਾਮਲ ਹੋ ਗਏ ਸਨ।
ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਬੀਕਾਮ ਅਤੇ ਐੱਲਐੱਲਬੀ ਕੀਤੀ। ਸਾਲ 1998 ਵਿੱਚ, ਉਨ੍ਹਾਂ ਦਾ ਵਿਆਹ ਦਿੱਲੀ ਦੇ ਰਹਿਣ ਵਾਲੇ ਮਨੀਸ਼ ਗੁਪਤਾ ਨਾਲ ਹੋਇਆ।
ਚੋਣ ਕਮਿਸ਼ਨ ਕੋਲ ਦਾਇਰ ਕੀਤੇ ਗਏ ਉਨ੍ਹਾਂ ਦੇ ਹਲਫ਼ਨਾਮੇ ਮੁਤਾਬਕ, ਵਿੱਤੀ ਸਾਲ 2023-24 ਵਿੱਚ ਉਨ੍ਹਾਂ ਦੀ ਕੁੱਲ ਆਮਦਨ 6,92,050 ਰੁਪਏ ਦੱਸੀ ਗਈ ਹੈ। ਜਦੋਂ ਕਿ ਇਸੇ ਸਮੇਂ ਦੌਰਾਨ, ਉਨ੍ਹਾਂ ਦੇ ਪਤੀ ਮਨੀਸ਼ ਗੁਪਤਾ ਦੀ ਆਮਦਨ 97,33,570 ਰੁਪਏ ਦੱਸੀ ਗਈ ਹੈ।
ਮਨਜਿੰਦਰ ਸਿੰਘ ਸਿਰਸਾ

ਤਸਵੀਰ ਸਰੋਤ, ANI
ਰਾਜੌਰੀ ਗਾਰਡਨ ਤੋਂ ਜਿੱਤੇ ਮਨਜਿੰਦਰ ਸਿੰਘ ਸਿਰਸਾ ਨੇ ਮੰਤਰੀ ਅਹੁਦੇ ਦੀ ਸਹੁੰ ਪੰਜਾਬੀ ਭਾਸ਼ਾ ਵਿੱਚ ਚੁੱਕੀ।
ਮਨਜਿੰਦਰ ਸਿੰਘ ਸਿਰਸਾ 1 ਦਸੰਬਰ, 2021 ਵਿੱਚ ਸ਼੍ਰੋਮਣੀ ਅਕਾਲੀ ਤੋਂ ਕਿਨਾਰਾ ਕਰਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਉਸ ਸਮੇਂ ਉਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦਿੱਤਾ ਸੀ।
ਮਨਜਿੰਦਰ ਸਿੰਘ ਸਿਰਸਾ ਦਾ ਜਨਮ ਫ਼ਰਵਰੀ 1972 ਨੂੰ ਹਰਿਆਣਾ ਦੇ ਸਿਰਸਾ ਵਿੱਚ ਜਸਬੀਰ ਸਿੰਘ ਦੇ ਘਰ ਵਿੱਚ ਹੋਇਆ। ਉਨ੍ਹਾਂ ਨੇ ਬੀਏ (ਆਨਰ) ਦੂਜੇ ਸਾਲ ਤੱਕ ਕਾਲਜ ਦੀ ਪੜ੍ਹਾਈ ਕੀਤੀ ਹੈ।
ਦਿੱਲੀ ਵਿਧਾਨ ਸਭਾ ਦੀ ਵੈੱਬਸਾਈਟ ਮੁਤਾਬਕ ਉਨ੍ਹਾਂ ਨੇ ਆਪਣਾ ਪੇਸ਼ਾ ਇੱਕ ਕਾਰੋਬਾਰੀ ਹੋਣਾ ਦੱਸਿਆ ਹੈ।
ਪਹਿਲੀ ਚੋਣ ਸਾਲ 2007 ਵਿੱਚ ਉਨ੍ਹਾਂ ਨੇ ਐੱਮਸੀਡੀ ਲਈ ਲੜੀ ਸੀ ਅਤੇ ਕਾਊਂਸਲਰ ਚੁਣੇ ਗਏ ਸਨ।
ਇਸ ਤੋਂ ਬਾਅਦ ਉਨ੍ਹਾਂ ਨੇ ਅਕਾਲੀ ਦਲ ਵਿੱਚ ਰਹਿੰਦਿਆਂ ਭਾਜਪਾ ਦੇ ਚੋਣ ਨਿਸ਼ਾਨ 'ਤੇ ਸਾਲ 2017 ਵਿੱਚ ਚੋਣ ਲੜੀ ਅਤੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਵਿਧਾਇਕ ਬਣੇ।
ਸਿਰਸਾ ਪਹਿਲੀ ਵਾਰ 2013 ਵਿੱਚ ਅਤੇ ਫਿਰ 2017 ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਵਾਰ ਪ੍ਰਧਾਨ ਰਹੇ ਹਨ।
22 ਅਗਸਤ, 2021 ਨੂੰ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਉਹ ਹਾਰ ਗਏ ਸਨ।
ਪ੍ਰਵੇਸ਼ ਵਰਮਾ

ਤਸਵੀਰ ਸਰੋਤ, ANI
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਵਾਲੇ ਪਰਵੇਸ਼ ਵਰਮਾ ਨੇ ਵੀ ਮੰਤਰੀ ਅਹੁਦੇ ਲਈ ਸਹੁੰ ਚੁੱਕੀ ਹੈ।
ਪਰਵੇਸ਼ ਵਰਮਾ ਨੇ ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਨੂੰ 4,089 ਵੋਟਾਂ ਨਾਲ ਹਰਾਇਆ ਹੈ।
ਪਰਵੇਸ਼ ਵਰਮਾ ਭਾਰਤੀ ਜਨਤਾ ਪਾਰਟੀ ਦਾ ਪੰਜਾਬੀ ਅਤੇ ਜਾਟ ਚਿਹਰਾ ਹਨ। ਉਹ 'ਰਾਸ਼ਟਰੀ ਸਵੈਮ' ਨਾਮਕ ਇੱਕ ਸਮਾਜ ਸੇਵਾ ਸੰਸਥਾ ਵੀ ਚਲਾਉਂਦੇ ਹਨ।
ਉਹ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਮਰਹੂਮ ਸਾਹਿਬ ਸਿੰਘ ਵਰਮਾ ਦੇ ਪੁੱਤਰ ਹਨ। ਇਹ ਪਰਿਵਾਰ ਦਿੱਲੀ ਦੇ ਪ੍ਰਭਾਵਸ਼ਾਲੀ ਸਿਆਸੀ ਪਰਿਵਾਰਾਂ ਵਿੱਚੋਂ ਇੱਕ ਹੈ।

ਤਸਵੀਰ ਸਰੋਤ, ANI
ਪਰਵੇਸ਼ ਦੇ ਪਤਨੀ ਸਵਾਤੀ ਸਿੰਘ ਮੱਧ ਪ੍ਰਦੇਸ਼ ਦੇ ਭਾਜਪਾ ਆਗੂ ਵਿਕਰਮ ਵਰਮਾ ਦੇ ਧੀ ਹਨ। ਪਰਵੇਸ਼ ਵਰਮਾ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ।
ਚੋਣ ਪ੍ਰਚਾਰ ਵਿੱਚ ਉਨ੍ਹਾਂ ਦੀਆਂ ਦੋਵੇਂ ਧੀਆਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਸੀ।
ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਹੋਏ, ਪਰਵੇਸ਼ ਵਰਮਾ ਨੇ ਵੀ ਸਿਆਸਤ ਵਿੱਚ ਪਰਵੇਸ਼ ਕੀਤਾ।

ਤਸਵੀਰ ਸਰੋਤ, ANI
ਪਰਵੇਸ਼ ਵਰਮਾ ਨੇ ਸਾਲ 2013 ਵਿੱਚ ਪਹਿਲੀ ਵਾਰ ਚੋਣ ਲੜੀ ਅਤੇ ਮਹਿਰੌਲੀ ਤੋਂ ਵਿਧਾਇਕ ਬਣੇ।
ਚੋਣ ਕਮਿਸ਼ਨ ਦੇ ਰਿਕਾਰਡ ਮੁਤਾਬਕ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਰਵੇਸ਼ ਵਰਮਾ ਪੱਛਮੀ ਦਿੱਲੀ ਲੋਕ ਸਭਾ ਸੀਟ ਉੱਤੇ ਭਾਜਪਾ ਵਲੋਂ ਚੋਣ ਲੜੇ ਅਤੇ ਜਿੱਤੇ।
ਇਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਰਿਕਾਰਡ ਤੋੜ 5.78 ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਭਾਜਪਾ ਨੇ 2024 ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ।
ਫਿਰ ਹੁਣ ਪਾਰਟੀ ਨੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਖੜ੍ਹਾ ਕੀਤਾ ਅਤੇ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਹਰਾ ਦਿੱਤਾ।
ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਪ੍ਰਦੂਸ਼ਣ ਪ੍ਰਬੰਧਨ ਅਤੇ ਬੁਨਿਆਦੀ ਢਾਂਚੇ ਸਮੇਤ ਕਈ ਮੁੱਦਿਆਂ 'ਤੇ ਤਿੱਖੀਆਂ ਪ੍ਰਤੀਕਿਰਿਆਵਾਂ ਦਿੱਤੀਆਂ।
ਪਰਵੇਸ਼ ਵਰਮਾ ਦਾ ਜਨਮ 1977 ਵਿੱਚ ਹੋਇਆ ਸੀ। ਉਨ੍ਹਾਂ ਨੇ ਦਿੱਲੀ ਪਬਲਿਕ ਸਕੂਲ ਤੋਂ ਪੜ੍ਹਾਈ ਕੀਤੀ।
ਇਸ ਤੋਂ ਬਾਅਦ, ਉਨ੍ਹਾਂ ਨੇ ਕਿਰੋੜੀ ਮਲ ਕਾਲਜ ਤੋਂ ਬੀਏ ਦੀ ਡਿਗਰੀ ਅਤੇ ਫੋਰ ਸਕੂਲ ਆਫ਼ ਮੈਨੇਜਮੈਂਟ ਤੋਂ ਐੱਮਬੀਏ ਕੀਤੀ।
ਪਰਵੇਸ਼ ਵਰਮਾ ਭਾਜਪਾ ਦੇ ਅਰਬਪਤੀ ਵਿਧਾਇਕਾਂ ਵਿੱਚੋਂ ਇੱਕ ਹਨ।
ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਅਨੁਸਾਰ, ਉਨ੍ਹਾਂ ਕੋਲ ਕੁੱਲ 115 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।
ਉਹ ਆਪਣੇ ਹਮਲਾਵਰ ਬਿਆਨਾਂ ਕਾਰਨ ਕਈ ਵਾਰ ਵਿਵਾਦਾਂ ਵਿੱਚ ਵੀ ਘਿਰ ਚੁੱਕੇ ਹਨ।
ਕਪਿਲ ਮਿਸ਼ਰਾ

ਤਸਵੀਰ ਸਰੋਤ, Getty Images
ਆਮ ਆਦਮੀ ਪਰਾਟੀ ਤੋਂ ਭਾਜਪਾ ਵਿੱਚ ਆਉਣ ਵਾਲੇ ਕਪਿਲ ਮਿਸ਼ਰਾ ਆਪਣੇ ਤਿੱਖੇ ਬਿਆਨਾਂ ਲਈ ਜਾਣੇ ਜਾਂਦੇ ਹਨ।
2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਦਿੱਲੀ ਦੀ ਕਰਾਵਲ ਨਗਰ ਸੀਟ ਤੋਂ ਆਪ ਦੀ ਟਿਕਟ ਉੱਤੇ ਚੋਣ ਲੜੇ ਸਨ ਅਤੇ ਭਾਜਪਾ ਦੇ ਉਮੀਦਵਾਰ ਮੋਹਨ ਸਿੰਘ ਬਿਸ਼ਟ ਨੂੰ ਹਰਾ ਕੇ ਵਿਧਾਇਕ ਬਣੇ ਸਨ।
ਉਹ ਅਰਵਿੰਦ ਕੇਜਰੀਵਾਲ ਦੀ ਸਰਕਾਰ ਮੌਕੇ ਵੀ ਕੈਬਿਨਟ ਮੰਤਰੀ ਸਨ।
ਪਰ ਉਨ੍ਹਾਂ ਨੂੰ ਕੈਬਨਿਟ ਮੰਤਰੀ ਸਤਿੰਦਰ ਜੈਨ ਅਤੇ ਮੁੱਖ ਮੰਤਰੀ ਕੇਜਰੀਵਾਲ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਉਣ ਤੋਂ ਬਾਅਦ ਕੈਬਿਨਟ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ ਸੀ।
ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਰਿਸ਼ਤੇ ਖ਼ਰਾਬ ਹੋਣ ਤੋਂ ਬਾਅਦ ਉਹ ਅਗਸਤ 2019 ਵਿੱਚ ਮਿਸ਼ਰਾ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਰਵਿੰਦਰ ਇੰਦਰਾਜ ਸਿੰਘ

ਤਸਵੀਰ ਸਰੋਤ, Ravinder Indraj Singh/FB
1975 ਵਿੱਚ ਜਨਮੇ ਰਵਿੰਦਰ ਇੰਦਰਾਜ ਸਿੰਘ ਨੂੰ ਦਿੱਲੀ ਭਾਜਪਾ ਦਾ ਦਲਿਤ ਚਿਹਰਾ ਮੰਨਿਆਂ ਜਾਂਦਾ ਹੈ।
ਇੰਦਰਾਜ ਭਾਜਪਾ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਵੀ ਹਨ। ਉਨ੍ਹਾਂ ਦੇ ਪਿਤਾ ਇੰਦਰਾਜ ਸਿੰਘ ਵੀ ਨਰੇਲਾ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ।
ਰਵਿੰਦਰ ਇੰਦਰਾਜ ਸਿੰਘ ਨੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਇੰਦਰਾਜ ਨੇ ਬਵਾਨਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਭਗਵਾਨ ਉਪਕਾਰ ਨੂੰ 31 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ।
ਪੰਕਜ ਕੁਮਾਰ ਸਿੰਘ

ਤਸਵੀਰ ਸਰੋਤ, Pankaj Kumar Singh/FB
ਪੰਜਕ ਕੁਮਾਰ ਸਿੰਘ ਦਾ ਜਨਮ 1977 ਵਿੱਚ ਦਿੱਲੀ ਵਿੱਚ ਹੀ ਹੋਇਆ। ਪੰਕਜ ਕੁਮਾਰ ਪੇਸ਼ੇ ਤੋਂ ਡੈਂਟਿਸਟ ਹਨ।
ਉਨ੍ਹਾਂ ਦੇ ਪਿਤਾ ਰਾਜ ਮੋਹਨ ਸਿੰਘ ਐੱਮਸੀਡੀ ਵਿੱਚ ਵਧੀਕ ਕਮਿਸ਼ਨਰ ਸਨ।
ਉਸਨੇ 1998 ਵਿੱਚ ਮਗਧ ਯੂਨੀਵਰਸਿਟੀ, ਬੋਧਗਯਾ, ਬਿਹਾਰ ਤੋਂ ਬੀਡੀਐੱਸ ਦੀ ਡਿਗਰੀ ਪ੍ਰਾਪਤ ਕੀਤੀ।
ਉਨ੍ਹਾਂ ਦੀ ਪਤਨੀ ਰਸ਼ਮੀ ਕੁਮਾਰੀ ਵੀ ਡੈਂਸਿਟ ਹੈ।
ਅਸ਼ੀਸ਼ ਸੂਦ

ਤਸਵੀਰ ਸਰੋਤ, Ashish Sood/FB
ਅਸ਼ੀਸ਼ ਸੂਦ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ।
ਦਿੱਲੀ ਸਿਆਸਤ ਵਿੱਚ ਆਪਣੀ ਥਾਂ ਬਣਾ ਚੁੱਕੇ ਅਸ਼ੀਸ਼ ਸੂਦ ਆਰਐੱਸਐੱਸ ਨਾਲ ਜੁੜੇ ਹੋਏ ਹਨ।
ਉਨ੍ਹਾਂ ਨੇ ਜਨਕਪੁਰੀ ਹਲਕੇ ਤੋਂ ਆਪ ਆਗੂ ਰਾਜੇਸ਼ ਰਿਸ਼ੀ ਨੂੰ ਹਰਾਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












