ਦਿੱਲੀ ਦੇਸ਼ ਦੀ ਰਾਜਧਾਨੀ ਕਦੋਂ ਬਣੀ? ਹੁਣ ਕੁਝ ਲੋਕ ਇਸ ਨੂੰ ਬਦਲਣ ਦੀ ਮੰਗ ਕਿਉਂ ਕਰ ਰਹੇ ਹਨ

ਇੰਡੀਆ ਗੇਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਡੀਆ ਗੇਟ ਦੀ ਇੱਕ ਪੁਰਾਣੀ ਤਸਵੀਰ
    • ਲੇਖਕ, ਸ਼ਾਰਧਾ ਮੀਆਪੁਰਮ
    • ਰੋਲ, ਬੀਬੀਸੀ ਪੱਤਰਕਾਰ

ਕਾਂਗਰਸ ਸਾਂਸਦ ਸ਼ਸ਼ੀ ਥਰੂਰ ਦੇ ਇੱਕ ਟਵੀਟ ਨੇ ਸੋਸ਼ਲ ਮੀਡੀਆ ਉੱਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ, ਕਿ ਜਦੋਂ ਦਿੱਲੀ ਵਿੱਚ ਪ੍ਰਦੂਸ਼ਣ ਹੱਦੋਂ ਵੱਧ ਗਿਆ ਹੈ, ਤਾਂ ਕੀ ਇਸ ਸ਼ਹਿਰ ਨੂੰ ਦੇਸ਼ ਦੀ ਰਾਜਧਾਨੀ ਬਣਿਆ ਰਹਿਣਾ ਚਾਹੀਦਾ ਹੈ?

ਉਨ੍ਹਾਂ ਟਵੀਟ ਕੀਤਾ ਕਿ ਨਵੰਬਰ ਤੋਂ ਜਨਵਰੀ ਦਰਮਿਆਨ ਦਿੱਲੀ ਰਹਿਣ ਯੋਗ ਨਹੀਂ ਰਹੇਗੀ ਅਤੇ ਸਾਲ ਦੇ ਬਾਕੀ ਦਿਨਾਂ ਦੌਰਾਨ ਵੀ ਦਿੱਲੀ ਦਾ ਮੌਸਮ ਠੀਕ ਨਹੀਂ ਰਹੇਗਾ।

ਉਨ੍ਹਾਂ ਕਿਹਾ ਕਿ ਦਿੱਲੀ ਦੇ ਹਾਲਾਤ ਸਾਲਾਂ ਤੋਂ ਇੰਨੇ ਖ਼ਰਾਬ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ।

ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਸਾਂਝੀ ਕਰਨ ਵਾਲੇ ਸ਼ਸ਼ੀ ਥਰੂਰ ਨੇ ਕਿਹਾ ਕਿ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ।

ਉਨ੍ਹਾਂ ਲਿਖਿਆ,“ਅਧਿਕਾਰਤ ਤੌਰ 'ਤੇ ਇਹ ਖੁਲਾਸਾ ਹੋਇਆ ਹੈ ਕਿ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ। ਖਤਰਨਾਕ ਪ੍ਰਦੂਸ਼ਣ ਦਾ ਪੱਧਰ ਚਾਰ ਗੁਣਾ ਹੋ ਗਿਆ ਹੈ।”

“ਦਿੱਲੀ ਵਿੱਚ ਢਾਕਾ ਨਾਲੋਂ ਪੰਜ ਗੁਣਾ ਵੱਧ ਖਤਰਨਾਕ ਪ੍ਰਦੂਸ਼ਕ ਹਨ, ਜੋ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਦੂਜੇ ਨੰਬਰ 'ਤੇ ਹੈ।''

ਸ਼ਸ਼ੀ ਥਰੂਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਕੇਂਦਰ ਸਰਕਾਰ ਸਾਲਾਂ ਤੋਂ ਅਜਿਹੇ ਗੰਭੀਰ ਹਾਲਾਤ ਦੇਖ ਰਹੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਮੁਤਾਬਕ, ਮੰਗਲਵਾਰ ਸਵੇਰੇ 8 ਵਜੇ ਦਿੱਲੀ ਦਾ ਏਕਿਊਆਈ ਸਕੋਰ 488 ਸੀ, ਇਸ ਨੂੰ 'ਗੰਭੀਰ ਪਲੱਸ' ਸ਼੍ਰੇਣੀ ਵਿੱਚ ਰੱਖਿਆ ਗਿਆ।

ਬੁੱਧਵਾਰ ਨੂੰ ਵੀ, ਏਕਿਊਆਈ ਸਕੋਰ 460 ਸੀ ਅਤੇ ਇਸਨੂੰ ਵੀ ਗੰਭੀਰ ਪ੍ਰਦੂਸ਼ਣ ਕਰਾਰ ਦਿੱਤਾ ਗਿਆ ਸੀ।

ਇਸ ਦੇ ਨਾਲ ਹੀ, ਦੇਸ਼ ਦੇ ਹੋਰ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਮੁੰਬਈ (123), ਚੇੱਨਈ (126), ਹੈਦਰਾਬਾਦ (114), ਕੋਲਕਾਤਾ (178) ਵਿੱਚ ਹਵਾ ਦੀ ਗੁਣਵੱਤਾ ਵਿਚਕਾਲੇ ਪੱਧਰ ਉੱਤੇ ਆਉਂਦੀ ਹੈ ਅਤੇ ਬੈਂਗਲੁਰੂ (96) ਵਿੱਚ ਹਵਾ ਦੀ ਗੁਣਵੱਤਾ ਤਸੱਲੀਬਖ਼ਸ਼ ਪੱਧਰ ’ਤੇ ਹੈ।

ਸ਼ਸ਼ੀ ਥਰੂਰ ਨੇ ਸਵਾਲ ਕੀਤਾ ਕਿ ਕੀ ਦਿੱਲੀ ਦੀ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ 'ਤੇ ਪਹੁੰਚ ਚੁੱਕੀ ਹੈ, ਅਜਿਹੇ ਹਾਲਾਤ 'ਚ ਵੀ ਕੀ ਦਿੱਲੀ ਹੀ ਦੇਸ਼ ਦੀ ਰਾਜਧਾਨੀ ਹੋਣੀ ਚਾਹੀਦੀ ਹੈ?

ਜਨਵਰੀ 2018 ਵਿੱਚ, ਕਰਨਾਟਕ ਦੇ ਭਾਰੀ ਅਤੇ ਮੱਧ-ਵਰਗੀ ਉਦਯੋਗ ਮੰਤਰੀ ਆਰਵੀ ਦੇਸ਼ਪਾਂਡੇ ਨੇ ਬੈਂਗਲੁਰੂ ਨੂੰ ਦੇਸ਼ ਦੀ ਦੂਜੀ ਰਾਜਧਾਨੀ ਬਣਾਉਣ ਲਈ ਕੇਂਦਰ ਨੂੰ ਪੱਤਰ ਲਿਖਿਆ ਸੀ।

ਭਾਜਪਾ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਸੀਐੱਚ ਵਿਦਿਆਸਾਗਰ ਰਾਓ ਨੇ ਵੀ ਹੈਦਰਾਬਾਦ ਨੂੰ ਦੇਸ਼ ਦੀ ਦੂਜੀ ਰਾਜਧਾਨੀ ਬਣਾਉਣ ਵਿੱਚ ਆਪਣੀ ਰੁਚੀ ਦਿਖਾਈ ਸੀ।

ਕਈ ਵਾਰ ਅਜਿਹੇ ਮੌਕੇ ਆਏ ਹਨ ਜਦੋਂ ਤਾਮਿਲਨਾਡੂ, ਕੇਰਲ ਅਤੇ ਕੁਝ ਹੋਰ ਸੂਬਿਆਂ ਦੇ ਆਗੂਆਂ ਨੇ ਕਿਹਾ ਹੈ ਕਿ ਰਾਜਧਾਨੀ ਨੂੰ ਬਦਲਣਾ ਚਾਹੀਦਾ ਹੈ ਜਾਂ ਦੂਜੀ ਰਾਜਧਾਨੀ ਦੀ ਲੋੜ ਹੈ।

ਦਿੱਲੀ ਕਦੋਂ ਤੋਂ ਦੇਸ਼ ਦੀ ਰਾਜਧਾਨੀ ਹੈ?

ਪਾਰਲੀਮੈਂਟ ਦੀ ਉਸਾਰੀ 1929 ਵਿੱਚ ਮੁਕੰਮਲ ਹੋਈ ਸੀ

ਤਸਵੀਰ ਸਰੋਤ, indianculture.gov.in

ਤਸਵੀਰ ਕੈਪਸ਼ਨ, ਪਾਰਲੀਮੈਂਟ ਦੀ ਉਸਾਰੀ 1929 ਵਿੱਚ ਮੁਕੰਮਲ ਹੋਈ ਸੀ

ਦਿੱਲੀ ਇੱਕ ਇਤਿਹਾਸਕ ਸ਼ਹਿਰ ਹੈ। ਇਸਦਾ ਲੰਮਾ ਇਤਿਹਾਸ ਹੈ।

ਇਹ ਸਦੀਆਂ ਤੋਂ ਕਈ ਸਾਮਰਾਜਾਂ ਅਤੇ ਸ਼ਾਸ਼ਕਾਂ ਦੀ ਰਾਜਧਾਨੀ ਰਹੀ ਹੈ।

ਅਹਿਮ ਭੂਗੋਲਿਕ ਸਥਿਤੀ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਨੇ ਸ਼ਹਿਰ ਨੂੰ ਸ਼ਕਤੀ ਦਾ ਕੇਂਦਰ ਬਣਾਇਆ ਹੈ।

ਭਾਰਤ ਦੀ ਰਾਜਧਾਨੀ ਦਿੱਲੀ ਦੇ ਇਤਿਹਾਸਕ ਸਫ਼ਰ ਬਾਰੇ ਜਾਣਦੇ ਹਾਂ।

ਮਹਾਭਾਰਤ ਦੇ ਯੁੱਗ ਵਿੱਚ ਵਸੀ ਦਿੱਲੀ

ਮੁਗ਼ਲ ਸਾਮਰਾਜ

ਤਸਵੀਰ ਸਰੋਤ, indianculture.gov.in

ਤਸਵੀਰ ਕੈਪਸ਼ਨ, ਕਈ ਇਤਿਹਾਸਕਾਰ ਮੰਨਦੇ ਹਨ ਕਿ ਦਿੱਲੀ ਦੀ ਸ਼ੁਰੂਆਤ ਮਹਾਭਾਰਤ ਯੁੱਗ ਤੋਂ ਹੋਈ

ਦਿੱਲੀ ਦੀ ਸ਼ੁਰੂਆਤ ਮਹਾਭਾਰਤ ਵਿੱਚ ਜ਼ਿਕਰ ਕੀਤੇ ਪ੍ਰਾਚੀਨ ਸ਼ਹਿਰ ਇੰਦਰਪ੍ਰਸਥ (1000 ਈ.ਪੂ.) ਤੋਂ ਕੀਤੀ ਜਾ ਸਕਦੀ ਹੈ।

ਕੁਝ ਇਤਿਹਾਸਕਾਰ ਮੱਤ ਰੱਖਦੇ ਹਨ ਕਿ ਪਾਂਡਵਾਂ ਨੇ ਯਮੁਨਾ ਨਦੀ ਦੇ ਕੰਢੇ ਇੰਦਰਪ੍ਰਸਥ ਦਾ ਇਹ ਸ਼ਹਿਰ ਵਸਾਇਆ ਸੀ। ਇਹ ਪਾਂਡਵਾਂ ਦੀ ਰਾਜਧਾਨੀ ਸੀ।

ਇਤਿਹਾਸਕਾਰਾਂ ਦਾ ਇੱਕ ਵਰਗ ਦਾਅਵਾ ਕਰਦਾ ਹੈ ਕਿ ਪਾਂਡਵਾਂ ਦਾ ਇੰਦਰਪ੍ਰਸਥ ਹੀ ਹੁਣ ਦਿੱਲੀ ਹੈ।

ਇਤਿਹਾਸ ਵਿੱਚ ਕਈ ਰਾਜਵੰਸ਼ ਅਤੇ ਸਾਮਰਾਜ ਬਣੇ ਅਤੇ ਡਿੱਗੇ ਹਨ। ਹਰ ਇੱਕ ਨੇ ਦਿੱਲੀ 'ਤੇ ਆਪਣੀ ਛਾਪ ਛੱਡੀ ਹੈ।

ਤੋਮਰ, ਚੌਹਾਨ ਅਤੇ ਦਿੱਲੀ ਦੇ ਸੁਲਤਾਨ ਦਿੱਲੀ ਉੱਤੇ ਰਾਜ ਕਰਨ ਵਾਲੀ ਪਹਿਲੀ ਪੀੜ੍ਹੀ ਦੇ ਰਾਜਵੰਸ਼ ਸਨ।

ਭਾਰਤੀ ਸਭਿਆਚਾਰ ਵਿਭਾਗ ਦੀ ਵੈੱਬਸਾਈਟ ਮੁਤਾਬਕ, ਤੋਮਰ ਰਾਜਵੰਸ਼ ਨੇ 736 ਈਸਵੀ ਦੇ ਆਸਪਾਸ ਦਿੱਲੀ ਉੱਤੇ ਰਾਜ ਕੀਤਾ।

ਵੈੱਬਸਾਈਟ ਮੁਤਾਬਕ, 12ਵੀਂ ਸਦੀ ਦੇ ਸ਼ੁਰੂ ਵਿੱਚ, ਅਜਮੇਰ ਦੇ ਚੌਹਾਨਾਂ ਨੇ ਤੋਮਰ ਵੰਸ਼ ਨੂੰ ਹਰਾ ਕੇ ਦਿੱਲੀ ਉੱਤੇ ਕਬਜ਼ਾ ਕਰ ਲਿਆ ਸੀ।

ਬਾਅਦ ਵਿਚ ਦਿੱਲੀ ਦੇ ਸੁਲਤਾਨਾਂ ਨੇ ਇਸ ਖੇਤਰ ਨੂੰ ਆਪਣੀ ਰਾਜਧਾਨੀ ਬਣਾਇਆ।

ਦਿੱਲੀ ਸਲਤਨਤ ਅਤੇ ਮੁਗ਼ਲ ਸਾਮਰਾਜ ਦੇ ਦੌਰਾਨ ਦਿੱਲੀ ਸ਼ਕਤੀ ਦਾ ਇੱਕ ਮਜ਼ਬੂਤ ਕੇਂਦਰ ਬਣਕੇ ਉੱਭਰੀ।

ਕੁਤਬੁੱਦੀਨ ਐਬਕ, ਅਲਾਊਦੀਨ ਖ਼ਿਲਜੀ ਅਤੇ ਸ਼ਾਹਜਹਾਂ ਵਰਗੇ ਸ਼ਾਸਕਾਂ ਨੇ ਸ਼ਾਨਦਾਰ ਇਮਾਰਤਾਂ ਬਣਵਾਈਆਂ ਅਤੇ ਦਿੱਲੀ ਨੂੰ ਮਹਾਨ ਸ਼ਹਿਰ ਬਣਾਉਣ ਵਿੱਚ ਹਿੱਸਾ ਪਾਇਆ।

ਮੁਗ਼ਲ ਸਾਮਰਾਜ ਦੀ ਸਥਾਪਨਾ ਬਾਬਰ ਵੱਲੋਂ 1526 ਵਿੱਚ ਕੀਤੀ ਗਈ ਸੀ। ਮੁਗ਼ਲਾਂ ਨੇ ਦਿੱਲੀ ਦੇ ਪ੍ਰਭਾਵ ਨੂੰ ਹੋਰ ਵਧਾਇਆ।

ਖ਼ਾਸ ਕਰਕੇ ਸ਼ਾਹਜਹਾਂ ਦੇ ਰਾਜ ਦੌਰਾਨ ਦਿੱਲੀ ਦੀ ਖ਼ੂਬਸੂਰਤੀ ਹੋਰ ਉੱਭਰੀ।

ਦਿੱਲੀ ਵਿੱਚ ਲਾਲ ਕਿਲ੍ਹਾ, ਜਾਮਾ ਮਸਜਿਦ, ਅਤੇ ਨੇੜਲੇ ਆਗਰਾ ਵਿੱਚ ਤਾਜ ਮਹਿਲ ਸ਼ਾਹਜਹਾਂ ਵੱਲੋਂ ਹੀ ਬਣਵਾਏ ਗਏ ਸਨ।

ਬਰਤਾਨਵੀ ਸਾਮਰਾਜ ਤੇ ਨਵੀਂ ਦਿੱਲੀ ਦਾ ਜਨਮ

ਮੁਗ਼ਲ ਗਾਰਡਨਜ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਦਿੱਲੀ ਵਿੱਚ ਸ਼ਾਹਜਹਾਂ ਨੇ ਕਈ ਇਤਿਹਾਸਿਕ ਇਮਾਰਤਾਂ ਦੀ ਉਸਾਰੀ ਕਰਵਾਈ

ਕਲਕੱਤਾ (ਹੁਣ ਕੋਲਕਾਤਾ) ਬ੍ਰਿਟਿਸ਼ ਸ਼ਾਸਨ ਅਧੀਨ ਬਰਤਾਨਵੀ ਭਾਰਤ ਦੀ ਰਾਜਧਾਨੀ ਸੀ।

ਬਰਤਾਨਵੀ ਸਰਕਾਰ ਨੇ ਦੋ ਮੁੱਖ ਕਾਰਨਾਂ ਕਰਕੇ ਰਾਜਧਾਨੀ ਕਲਕੱਤੇ ਤੋਂ ਬਦਲਣ ਦਾ ਫੈਸਲਾ ਕੀਤਾ ਸੀ। ਇੱਕ ਸੀ 1909 ਦਾ ਇੰਡੀਅਨ ਕੌਂਸਲ ਐਕਟ ਅਤੇ ਦੂਜਾ ਬੰਗਾਲ ਦਾ ਵੰਡ ਸੰਕਟ।

ਰਾਜਧਾਨੀ ਲਈ ਕਈ ਇਲਾਕਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ, ਖੋਜ ਕੀਤੀ ਗਈ।

ਹਾਲਾਂਕਿ, ਦਿੱਲੀ ਦੇ ਇਤਿਹਾਸਕ ਮਹੱਤਵ, ਰਣਨੀਤਿਕ ਸਥਿਤੀ, ਆਵਾਜਾਈ ਦੇ ਪਹਿਲੂਆਂ ਅਤੇ ਸਿਆਸੀ-ਸੱਭਿਆਚਾਰਕ ਅਹਿਮੀਅਤ ਕਾਰਨ ਇਸ ਦੇ ਵਧ ਰਹੇ ਮਹੱਤਵ ਨੂੰ ਪਛਾਣਦਿਆਂ ਬਰਤਾਵਨੀ ਸਰਕਾਰ ਨੇ ਰਾਜਧਾਨੀ ਨੂੰ ਕਲਕੱਤੇ ਤੋਂ ਦਿੱਲੀ ਲਿਆਉਣ ਦਾ ਫ਼ੈਸਲਾ ਕੀਤਾ ਸੀ।

ਉਸ ਸਮੇਂ ਦੀ ਗਰਮੀਆਂ ਦੀ ਰਾਜਧਾਨੀ ਸ਼ਿਮਲਾ ਤੋਂ ਦਿੱਲੀ ਤੱਕ ਆਉਣ-ਜਾਣ ਦੀ ਸੌਖ ਨੇ ਵੀ ਉਨ੍ਹਾਂ ਨੂੰ ਆਪਣੇ ਫ਼ੈਸਲੇ ਤੱਕ ਪਹੁੰਚਣ ਵਿੱਚ ਮਦਦ ਕੀਤੀ।

ਕਿੰਗ ਜਾਰਜ ਪੰਜਵੇਂ ਅਤੇ ਮਹਾਰਾਣੀ ਮੈਰੀ ਨੇ 1911 ਵਿੱਚ ਦਿੱਲੀ ਦਰਬਾਰ ਵਿਖੇ ਰਾਜਧਾਨੀ ਨੂੰ ਬਦਲਣ ਦੇ ਫ਼ੈਸਲੇ ਦਾ ਐਲਾਨ ਕੀਤਾ।

ਇਸ ਫ਼ੈਸਲੇ ਨੇ ਹੀ ਨਵੀਂ ਦਿੱਲੀ ਸ਼ਹਿਰ ਦੇ ਨਿਰਮਾਣ ਦੀ ਨੀਂਹ ਰੱਖੀ।

ਮਸ਼ਹੂਰ ਬਰਤਾਨਵੀ ਆਰਕੀਟੈਕਟ ਐਡਵਿਨ ਲੂਟੇਅਨਜ਼ ਅਤੇ ਹਰਬਰਟ ਬੇਕਰ ਨੇ ਇਸ ਨਵੇਂ ਰਾਜਧਾਨੀ ਸ਼ਹਿਰ ਨੂੰ ਡਿਜ਼ਾਈਨ ਕੀਤਾ ਸੀ।

ਸ਼ਹਿਰ ਦੇ ਖਾਕੇ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ।

ਦਿੱਲੀ ਦਰਬਾਰ ਦਾ ਦ੍ਰਿਸ਼

ਤਸਵੀਰ ਸਰੋਤ, indianculture.gov.in

ਤਸਵੀਰ ਕੈਪਸ਼ਨ, 1911 ਵਿੱਚ ਕਿੰਗ ਜੌਰਜ ਵੀ ਨੇ ਦਿੱਲੀ ਨੂੰ ਰਾਜਧਾਨੀ ਐਲਾਨਿਆ ਸੀ

ਸਰਕਾਰੀ ਇਮਾਰਤਾਂ, ਸਕੱਤਰੇਤ, ਕਮਾਂਡਰ-ਇਨ-ਚੀਫ਼ ਨਿਵਾਸ, ਕੌਂਸਲ ਮੈਂਬਰਾਂ ਦੀ ਰਿਹਾਇਸ਼, ਕਲਰਕ ਹਾਊਸ, ਚੌੜੇ ਰਸਤੇ, ਸੜਕਾਂ, ਪਾਣੀ ਦੀ ਸਪਲਾਈ, ਡਰੇਨੇਜ਼ ਦਾ ਪ੍ਰਬੰਧ, ਪਾਰਕ ਅਤੇ ਜਨਤਕ ਬਗ਼ੀਚੇ ਪਹਿਲੇ ਹਿੱਸੇ (ਨਿਊ ਇੰਪੀਰੀਅਲ ਕੈਪੀਟਲ) ਵਿੱਚ ਬਣਾਏ ਗਏ।

ਇਹ ਸਭ ਢਾਂਚੇ ਭਾਰਤ ਵਿੱਚ ਅੰਗਰੇਜ਼ ਸਾਮਰਾਜ ਦਾ ਪ੍ਰਤੀਕ ਬਣ ਗਏ।

ਸ਼ਹਿਰ ਦੇ ਨਿਰਮਾਣ ਵਿੱਚ ਇਸ ਪਹਿਲੀ ਸ਼੍ਰੇਣੀ ਨੂੰ ਉੱਚ ਤਰਜੀਹ ਦਿੱਤੀ ਗਈ ਸੀ।

ਸਰਕਾਰ ਵੱਲੋਂ ਬਾਅਦ ਵਿੱਚ ਬਣਾਈਆਂ ਜਾਣ ਵਾਲੀਆਂ ਇਮਾਰਤਾਂ ਨੂੰ ਦੂਜੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਪ੍ਰਾਈਵੇਟ ਏਜੰਸੀਆਂ ਵੱਲੋਂ ਬਣਾਈਆਂ ਜਾਣ ਵਾਲੀਆਂ ਇਮਾਰਤਾਂ ਨੂੰ ਤੀਜੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ।

1912 ਵਿੱਚ ਦਿੱਲੀ ਟਾਊਨ ਪਲਾਨਿੰਗ ਕਮੇਟੀ ਬਣਾਈ ਗਈ।

ਉਸ ਸਮੇਂ ਸ਼ੁਰੂ ਹੋਇਆ ਸ਼ਹਿਰ ਦਾ ਨਿਰਮਾਣ ਕਾਰਜ ਤਕਰੀਬਨ 31 ਦਸੰਬਰ, 1929 ਤੱਕ ਪੂਰਾ ਹੋ ਗਿਆ ਸੀ।

ਨਵੇਂ ਪੂੰਜੀ ਪ੍ਰੋਜੈਕਟ ਦੇ ਕੰਮਾਂ ਦੀ ਅਨੁਮਾਨਿਤ ਲਾਗਤ 10,01,66,500 ਰੁਪਏ ਸੀ।

ਭਾਰਤੀ ਸੱਭਿਆਚਾਰਕ ਵਿਭਾਗ ਮੁਤਾਬਕ ਜਦੋਂ ਤੱਖ ਪ੍ਰੋਜੈਕਟ ਪੂਰਾ ਹੋਇਆ ਸੀ, ਉਦੋਂ ਤੱਕ ਇਸ ਲਾਗਤ ਵਿੱਚ ਕਾਫ਼ੀ ਵਾਧਾ ਹੋ ਚੁੱਕਿਆ ਸੀ।

6 ਹਜ਼ਾਰ ਏਕੜ ਵਿੱਚ ਫ਼ੈਲੀ ਇਹ ਨਵੀਂ ਰਾਜਧਾਨੀ 1931 ਵਿੱਚ ਸ਼ੁਰੂ ਹੋਈ ਸੀ।

ਉਸ ਸਮੇਂ ਇਸ ਨੂੰ ਲੂਟੀਅਨਜ਼ ਦੀ ਦਿੱਲੀ ਕਿਹਾ ਜਾਂਦਾ ਸੀ।

ਲਾਰਡ ਇਰਵਿਨ ਵਾਇਸਰਾਏ ਦੇ ਘਰ ਵਿੱਚ ਪਹਿਲੇ ਸ਼ਖ਼ਸ ਸਨ, ਉਹ ਜਿੱਥੇ ਰਹੇ ਉਸੇ ਇਮਾਰਤ ਨੂੰ ਹੁਣ ਰਾਸ਼ਟਰਪਤੀ ਭਵਨ ਵੱਜੋਂ ਜਾਣਿਆਂ ਜਾਂਦਾ ਹੈ।

ਇਹ ਵੀ ਪੜ੍ਹੋ-

ਸ਼ਿਮਲਾ ਗਰਮੀਆਂ ਦੀ ਰਾਜਧਾਨੀ ਹੈ

ਸ਼ਿਮਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਧਾਨੀ ਸ਼ਿਮਲਾ ਬਾਜ਼ਾਰ ਵਿੱਚ ਮਸ਼ਹੂਰ ਕ੍ਰਾਈਸਟ ਚਰਚ ਤੋਂ ਸ਼ੁਰੂ ਕਰਕੇ ਤਿੰਨ ਮੀਲ ਤੱਕ ਫ਼ੈਲੀ ਹੋਈ ਸੀ।

ਸਰ ਜੌਹਨ ਲਾਰੈਂਸ ਨੇ ਅਧਿਕਾਰਤ ਤੌਰ 'ਤੇ 1864 ਵਿੱਚ ਸ਼ਿਮਲਾ ਨੂੰ ਬਰਤਾਨਵੀ ਸਾਮਰਾਜ ਦੀ ਗਰਮੀਆਂ ਦੀ ਰਾਜਧਾਨੀ ਐਲਾਨਿਆ ਸੀ।

ਰਾਜਧਾਨੀ ਸ਼ਿਮਲਾ ਬਾਜ਼ਾਰ ਵਿੱਚ ਮਸ਼ਹੂਰ ਕ੍ਰਾਈਸਟ ਚਰਚ ਤੋਂ ਸ਼ੁਰੂ ਕਰਕੇ ਤਿੰਨ ਮੀਲ ਤੱਕ ਫ਼ੈਲੀ ਹੋਈ ਸੀ।

ਜਿਵੇਂ ਹੀ ਇਸ ਨੂੰ ਰਾਜਧਾਨੀ ਐਲਾਨਿਆ ਗਿਆ ਉੱਥੇ ਵਿਕਾਸ ਕਾਰਜ ਸ਼ੁਰੂ ਹੇ ਗਏ ਤੇ ਸ਼ਿਮਲਾ ਇੱਕ ਬਰਤਾਨਵੀ ਸ਼ਹਿਰ ਬਣ ਗਿਆ।

ਡਾਕਖਾਨਾ, ਟੈਲੀਗ੍ਰਾਫ਼ ਦਫ਼ਤਰ, ਆਰਮਡ ਫੋਰਸਿਜ਼ ਹੈੱਡਕੁਆਰਟਰ, ਭਾਰਤ ਸਰਕਾਰ ਦਾ ਸਕੱਤਰੇਤ, ਪ੍ਰੈਸ, ਕਲਰਕਾਂ, ਕਲਰਕਾਂ ਲਈ ਰਿਹਾਇਸ਼ ਅਤੇ ਸਰਕਾਰ ਦੇ ਹੋਰ ਵਿਭਾਗਾਂ ਦੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ।

ਅੰਗਰੇਜ਼ ਸ਼ਾਸ਼ਨ ਦੌਰਾਨ ਰਾਜਧਾਨੀ ਗਰਮੀਆਂ ਵਿੱਚ ਕਲਕੱਤਾ ਤੋਂ ਸ਼ਿਮਲੇ ਚਲੀ ਜਾਂਦੀ ਸੀ।

ਬਰਤਾਨਵੀ ਸਰਕਾਰ ਹਰ ਸਾਲ ਅਪ੍ਰੈਲ ਤੋਂ ਅਕਤੂਬਰ ਤੱਕ ਸ਼ਿਮਲਾ ਨੂੰ ਆਪਣੀ ਰਾਜਧਾਨੀ ਵਜੋਂ ਇਸਤੇਮਾਲ ਕਰਦੀ।

ਇਹ ਸ਼ਹਿਰ ਕੁਝ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ ਹੈ। ਸਾਲ 1945 ਵਿੱਚ ਸ਼ਿਮਲਾ ਕਾਨਫਰੰਸ ਅਤੇ 2 ਜੁਲਾਈ 1972 ਨੂੰ ‘ਦਿ ਸ਼ਿਮਲਾ ਸਮਝੌਤਾ’ ਵਰਗੀਆਂ ਇਤਿਹਾਸਕ ਘਟਨਾਵਾਂ ਇੱਥੇ ਵਾਪਰੀਆਂ।

ਆਜ਼ਾਦੀ ਤੋਂ ਬਾਅਦ ਦਿੱਲੀ ਦੀ ਵਿਰਾਸਤ

ਦਿੱਲੀ

ਤਸਵੀਰ ਸਰੋਤ, Getty Images

1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ, ਨਵੀਂ ਦਿੱਲੀ ਦੇਸ਼ ਦੀ ਰਾਜਧਾਨੀ ਬਣੀ ਰਹੀ।

ਆਪਣੇ ਅਮੀਰ ਇਤਿਹਾਸ ਅਤੇ ਵਿਭਿੰਨ ਸੱਭਿਆਚਾਰਕ ਵਿਰਾਸਤ ਦੇ ਕਾਰਨ, ਦਿੱਲੀ ਭਾਰਤੀ ਪ੍ਰਭੂਸੱਤਾ ਅਤੇ ਭਵਿੱਖ ਦੀਆਂ ਇੱਛਾਵਾਂ ਦਾ ਪ੍ਰਤੀਕ ਬਣ ਗਈ।

ਇਹ ਸਿਆਸੀ ਅਤੇ ਆਰਥਿਕ ਗਤੀਵਿਧੀਆਂ ਦਾ ਮੁੱਖ ਕੇਂਦਰ ਬਣ ਗਈ। ਆਜ਼ਾਦੀ ਤੋਂ ਬਾਅਦ ਦਿੱਲੀ ਦਾ ਤੇਜ਼ੀ ਨਾਲ ਵਿਕਾਸ ਹੋਇਆ।

ਇਹ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਇੱਕ ਬਣ ਗਈ।

ਹੁਣ ਤੱਕ ਵੀ ਦਿੱਲੀ ਵਿੱਚ ਮੌਜੂਦ ਇਤਿਹਾਸਕ ਇਮਰਾਤਾਸਜ਼ੀ ਦੇ ਨਮੂਨੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ।

ਉਹ ਕਾਰਨ ਜਿਨ੍ਹਾਂ ਨੇ ਦਿੱਲੀ ਦਾ ਰਾਜਧਾਨੀ ਵੱਜੋਂ ਵਿਕਾਸ ਕੀਤਾ

ਦਿੱਲੀ ਵਿੱਚ ਸਥਿਤ ਹਿਮਾਉਂ ਦੀ ਸਮਾਰਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਅਜਿਹੀ ਥਾਂ ’ਤੇ ਸੀ ਜਿੱਥੋਂ ਹਮਲਿਆਂ ਬਾਰੇ ਅਗਾਓਂ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਸੀ ਤੇ ਤਿਆਰੀ ਕੀਤੀ ਜਾ ਸਕਦੀ ਸੀ।

ਰਣਨੀਤਕ ਸਥਾਨ: ਪ੍ਰਾਚੀਨ ਅਤੇ ਮੱਧਕਾਲੀਨ ਸਮੇਂ ਵਿੱਚ, ਭਾਰਤ ਉੱਤੇ ਜ਼ਿਆਦਾਤਰ ਉੱਤਰ-ਪੱਛਮੀ ਦਿਸ਼ਾਵਾਂ ਤੋਂ ਹਮਲੇ ਕੀਤੇ ਗਏ ਯਾਨੀ ਅਫ਼ਗਾਨਿਸਤਾਨ ਰਾਹੀਂ।

ਦਿੱਲੀ ਅਜਿਹੀ ਥਾਂ ’ਤੇ ਸੀ ਜਿੱਥੋਂ ਹਮਲਿਆਂ ਬਾਰੇ ਅਗਾਓਂ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਸੀ ਤੇ ਤਿਆਰੀ ਕੀਤੀ ਜਾ ਸਕਦੀ ਸੀ।

ਯੂਰਪੀ ਜਲ ਸੈਨਾਵਾਂ ਦੇ ਖ਼ਤਰੇ ਤੋਂ ਪਹਿਲਾਂ ਭਾਰਤ ਨੂੰ ਉਸ ਸਮੇਂ ਸਮੁੰਦਰ ਪਾਰੋਂ ਕੋਈ ਖ਼ਤਰਾ ਨਹੀਂ ਸੀ।

ਅਰਬ ਸਾਗਰ, ਬਲੋਚਿਸਤਾਨ ਅਤੇ ਹਿਮਾਲਿਆ ਭਾਰਤੀ ਰਾਜਿਆਂ ਲਈ ਕੁਦਰਤੀ ਸੁਰੱਖਿਆ ਪ੍ਰਦਾਨ ਕਰਨ ਵਾਲੇ ਸਨ।

ਦਿੱਲੀ ਵਪਾਰਕ ਲਾਂਘਾ ਵੀ ਸੀ।

ਇਹ ਹੀ ਕਾਰਨ ਰਹੇ ਜਿਨ੍ਹਾਂ ਕਰਕੇ ਤਕਰੀਬਨ ਸਾਰੇ ਸ਼ਾਸਕਾਂ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਉਣ ਦਾ ਪੱਖ ਵਿੱਚ ਖੜੇ ਕੀਤਾ।

ਅਮੀਰ ਸੱਭਿਆਚਾਰਕ ਵਿਰਾਸਤ: ਬਹੁਤ ਸਾਰੇ ਰਾਜਵੰਸ਼ਾਂ ਅਤੇ ਵੱਖ-ਵੱਖ ਧਰਮਾਂ ਦੇ ਸ਼ਾਸਕਾਂ ਤੋਂ ਪ੍ਰਭਾਵਿਤ, ਸ਼ਹਿਰ ਦੀ ਸੱਭਿਆਚਾਰਕ ਵਿਰਾਸਤ ਨੇ ਦਿੱਲੀ ਨੂੰ ਇੱਕ ਵਿਲੱਖਣ ਪਛਾਣ ਦਿੱਤੀ ਹੈ।

ਸਿਆਸੀ ਅਹਿਮੀਅਤ: ਪੂਰੇ ਇਤਿਹਾਸ ਵਿੱਚ ਬਹੁਤ ਸਾਰੇ ਰਾਜਾਂ ਅਤੇ ਸਾਮਰਾਜਾਂ ਦੀ ਸ਼ਕਤੀ ਦਾ ਕੇਂਦਰ ਹੋਣ ਕਰਕੇ, ਦਿੱਲੀ ਨੂੰ ਸੁਭਾਵਿਕ ਤੌਰ 'ਤੇ ਆਜ਼ਾਦ ਭਾਰਤ ਦੀ ਰਾਜਧਾਨੀ ਵਜੋਂ ਵੀ ਚੁਣਿਆ ਗਿਆ ਸੀ।

ਬੁਨਿਆਦੀ ਢਾਂਚਾ ਅਤੇ ਕੁਨੈਕਟੀਵਿਟੀ: ਆਧੁਨਿਕ ਬੁਨਿਆਦੀ ਢਾਂਚੇ ਜਿਵੇਂ ਕਿ ਆਵਾਜਾਈ ਅਤੇ ਸੰਚਾਰ ਨੈੱਟਵਰਕ ਦੇ ਵਿਕਾਸ ਨੇ ਇੱਕ ਪ੍ਰਮੁੱਖ ਸ਼ਹਿਰੀ ਕੇਂਦਰ ਵਜੋਂ ਦਿੱਲੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ।

ਸੰਖੇਪ ਰੂਪ ਵਿੱਚ, ਰਾਜਧਾਨੀ ਦੇ ਰੂਪ ਵਿੱਚ ਦਿੱਲੀ ਦਾ ਸਫ਼ਰ ਇਸਦੀ ਇਤਿਹਾਸਕ ਵਿਰਾਸਤ, ਰਣਨੀਤਕ ਸਥਿਤੀ ਅਤੇ ਅਮੀਰ ਸੱਭਿਆਚਾਰ ਦਾ ਨਤੀਜਾ ਹੈ।

ਕੁਦਰਤੀ ਆਫ਼ਤਾਂ ਦੇ ਖਤਰੇ ਤੋਂ ਦੂਰੀ: ਕਲਕੱਤਾ ਅਤੇ ਮੁੰਬਈ ਤੱਟਵਰਤੀ ਸ਼ਹਿਰ ਹੋਣ ਕਰਕੇ ਅਕਸਰ ਚੱਕਰਵਾਤ ਵਰਗੀਆਂ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਹੁੰਦੇ ਹਨ।

ਸਮੁੰਦਰੀ ਰਸਤੇ ਵੀ ਖ਼ਤਰੇ ਦਾ ਕਾਰਨ ਹੋ ਸਕਦੇ ਹਨ। ਮਾਹਰਾਂ ਮੁਤਾਬਕ ਦਿੱਲੀ ਲਈ ਅਜਿਹਾ ਖ਼ਤਰਾ ਘੱਟ ਹੈ।

ਦਿੱਲੀ ਦਾ ਮੌਸਮ

ਦਿੱਲੀ

ਤਸਵੀਰ ਸਰੋਤ, Rameen Khan

ਤਸਵੀਰ ਕੈਪਸ਼ਨ, ਦਿੱਲੀ ਦੇ ਨੇੜਲੇ ਇਲਾਕਿਆਂ ਵਿੱਚ ਆਰਥਿਕ ਗਤੀਵਿਧੀਆਂ ਵਧਣ ਕਾਰਨ ਵਾਤਾਵਰਨ ਸਬੰਧੀ ਸਮੱਸਿਆਵਾਂ ਵਿੱਚ ਵੀ ਵਾਧਾ ਹੋਇਆ ਹੈ।

ਹਾਲਾਂਕਿ, ਆਧੁਨਿਕ ਜੰਗੀ ਸਾਜ਼ੋ-ਸਾਮਾਨ ਦੀ ਮੌਜੂਦਗੀ ਵਿੱਚ ਭੂਗੋਲਿਕ ਸੁਰੱਖਿਆ ਦੀ ਪ੍ਰੀਭਾਸ਼ਾ ਬਦਲ ਗਈ ਹੈ।

ਭੂਗੋਲਿਕ ਤੌਰ 'ਤੇ ਉਸ ਸਮੇਂ ਦਿੱਲੀ ਕੋਲ ਜੋ ਕੁਦਰਤੀ ਰੱਖਿਆ ਸੀ, ਉਹ ਹੁਣ ਨਹੀਂ ਰਹੇ।

ਹੁਣ ਦਿੱਲੀ ਪਾਕਿਸਤਾਨ ਅਤੇ ਚੀਨ ਵਰਗੇ ਗੁਆਂਢੀ ਦੇਸ਼ਾਂ ਦੇ ਨੇੜੇ ਹੈ।

ਭਾਰਤ ਸਰਕਾਰ ਦੀ ਨੈਸ਼ਨਲ ਕੈਪੀਟਲ ਟੈਰੀਟਰੀ ਆਫ਼ ਦਿੱਲੀ ਦੀ ਵੈੱਬਸਾਈਟ ਮੁਤਾਬਕ, ਦਿੱਲੀ ਦੇ ਵਸੀਲੇ ਇਸਦੀ ਵਧਦੀ ਆਬਾਦੀ ਦੇ ਮੁਕਾਬਲੇ ਸੀਮਤ ਹਨ।

ਦਿੱਲੀ ਵਿੱਚ ਤੇਜ਼ੀ ਨਾਲ ਵੱਧ ਰਹੇ ਸ਼ਹਿਰੀਕਰਨ ਦੇ ਨਾਲ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਦਿੱਲੀ ਦੇ ਨੇੜਲੇ ਇਲਾਕਿਆਂ ਵਿੱਚ ਆਰਥਿਕ ਗਤੀਵਿਧੀਆਂ ਵਧਣ ਕਾਰਨ ਵਾਤਾਵਰਨ ਸਬੰਧੀ ਸਮੱਸਿਆਵਾਂ ਵਿੱਚ ਵੀ ਵਾਧਾ ਹੋਇਆ ਹੈ।

ਨੈਸ਼ਨਲ ਕੈਪੀਟਲ ਟੈਰੀਟਰੀ ਆਫ਼ ਦਿੱਲੀ ਮੁਤਾਬਕ ਰਾਜਧਾਨੀ ਵਿੱਚ ਹਵਾ, ਪਾਣੀ ਅਤੇ ਸ਼ੋਰ ਪ੍ਰਦੂਸ਼ਣ ਦਿੱਲੀ ਦੇ ਵਾਤਾਵਰਣ ਨੂੰ ਖ਼ਤਰੇ ਵਿੱਚ ਪਾ ਰਹੇ ਹਨ।

(ਸਰੋਤ: ਇਕਨੋਮਿਕ ਸਰਵੇ ਆਫ਼ ਦਿੱਲੀ, ਮੇਕਿੰਗ ਆਫ਼ ਕੈਪੀਟਲ- ਨਵੀਂ ਦਿੱਲੀ)

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)