ਡੇਟਿੰਗ ਐਪ ਰਾਹੀਂ ਕੀਤੀ ਗਈ ਸਾਥੀ ਦੀ ਭਾਲ ਸ਼ੋਸ਼ਣ, ਬਲੈਕਮੇਲਿੰਗ ਅਤੇ ਬਲਾਤਕਾਰ ਤੱਕ ਕਿਵੇਂ ਪਹੁੰਚ ਗਈ

ਤਸਵੀਰ ਸਰੋਤ, Getty Images
- ਲੇਖਕ, ਨਿਲੇਸ਼ ਧੋਤਰੇ
- ਰੋਲ, ਬੀਬੀਸੀ ਪੱਤਰਕਾਰ
(ਚੇਤਾਵਨੀ: ਇਸ ਲੇਖ ਵਿੱਚ ਕੁਝ ਵੇਰਵੇ ਪਰੇਸ਼ਾਨ ਕਰਨ ਵਾਲੇ ਹੋ ਸਕਦੇ ਹਨ। ਇਸ ਵਿੱਚ ਸਰੀਰਕ ਸੰਪਰਕ, ਜਿਨਸੀ ਹਿੰਸਾ ਅਤੇ ਹਮਲੇ ਦਾ ਜ਼ਿਕਰ ਹੈ। ਪੀੜਤਾਂ ਦੇ ਨਾਮ ਅਤੇ ਸ਼ਹਿਰ ਉਨ੍ਹਾਂ ਦੀ ਬੇਨਤੀ 'ਤੇ ਬਦਲ ਦਿੱਤੇ ਗਏ ਹਨ।)
ਜੈ ਆਪਣੇ ਵੀਹਵਿਆਂ ਵਿੱਚ ਸਨ। ਮਹਾਰਾਸ਼ਟਰ ਦੇ ਪੱਛਮੀ ਜ਼ਿਲ੍ਹਾਂ ਉਨ੍ਹਾਂ ਦਾ ਜ਼ੱਦੀ ਸ਼ਹਿਰ ਹੈ, ਜੋ ਉਨ੍ਹਾਂ ਦੇ ਸੁਪਨਿਆਂ ਦੀ ਉਡਾਣ ਭਰਨ ਲਈ ਬਹੁਤ ਛੋਟਾ ਸੀ।
ਏਵੀਏਸ਼ਨ ਸੈਕਟਰ ਵਿੱਚ ਚੰਗੀ ਤਨਖ਼ਾਹ ਵਾਲੀ ਨੌਕਰੀ ਪਾਉਣ ਦੀ ਆਪਣੀ ਇੱਛਾ ਪੂਰੀ ਕਰਨ ਲਈ ਹੌਸਪੀਟੇਲਿਟੀ ਕੋਰਸ ਲਈ ਉਹ ਪੈਸੇ ਜਮਾਂ ਕਰਦੇ ਸਨ।
ਸਾਥੀ ਦੀ ਭਾਲ ਲਈ ਉਹ ਸਮਲਿੰਗੀ ਡੇਟਿੰਗ ਐਪ ʼਤੇ ਗਏ।
25 ਸਾਲ ਦੇ ਰਿਸ਼ਭ ਨਾਲ ਮਿਲਾਣ ਤੋਂ ਬਾਅਦ, ਜੈ ਨੂੰ ਲੱਗਾ ਕਿ ਇੱਕ ਸਾਥੀ ਲਈ ਉਨ੍ਹਾਂ ਦੀ ਖੋਜ ਖ਼ਤਮ ਹੋ ਗਈ ਹੈ।

ਤਸਵੀਰ ਸਰੋਤ, Getty Images
ਇੱਕ ਕੈਫੇ ਵਿੱਚ ਉਨ੍ਹਾਂ ਦੀ ਪਹਿਲੀ ਮੁਲਾਕਾਤ ਵਿੱਚ ਗੱਲਬਾਤ ਸ਼ੁਰੂ ਹੋ ਗਈ। ਜਿਵੇਂ ਹੀ ਉਹ ਕੈਫੇ ਤੋਂ ਬਾਹਰ ਨਿਕਲੇ, ਰਿਸ਼ਭ ਦੀ ਕਾਰ ਵਿੱਚ ਰੋਮਾਂਟਿਕ ਗੀਤ ਵੱਜ ਰਹੇ ਸਨ। ਇਸ ਲਈ, ਜਦੋਂ ਰਿਸ਼ਭ ਨੇ ਆਪਣੇ ਦੋਸਤ ਦੇ ਘਰ ਜਾਣ ਦਾ ਸੁਝਾਅ ਦਿੱਤਾ, ਤਾਂ ਜੈ ਨੂੰ ਇਸ ਵਿੱਚ ਕੁਝ ਗ਼ਲਤ ਨਹੀਂ ਲੱਗਾ।
ਹਾਲਾਂਕਿ, ਉਸ ਸ਼ਾਮ ਦਾ ਅੰਤ ਜੈ ਦੇ ਜਿਨਸੀ ਸੋਸ਼ਣ ਨਾਲ ਹੋਇਆ। ਦੋ ਸਾਲ ਬਾਅਦ ਵੀ ਉਹ ਸਦਮੇ ਵਿੱਚ ਹੈ।
"ਅੱਜ ਵੀ ਮੈਂ ਆਪਣੀ ਨੀਂਦ ਵਿੱਚ ਚੀਕਦਾ ਹੋਇਆ ਉੱਠਦਾ ਹਾਂ, 'ਮੈਨੂੰ ਇਕੱਲਾ ਛੱਡ ਦਿਓ, ਮੈਨੂੰ ਜਾਣ ਦਿਓ, ਮੈਂ ਮਰ ਜਾਵਾਂਗਾ।' ਅੱਜ ਵੀ ਮੇਰੇ ਮਾਪੇ ਮੈਨੂੰ ਪੁੱਛਦੇ ਹਨ ਕਿ ਤੇਰੇ ਨਾਲ ਅਜਿਹਾ ਕਿਉਂ ਹੋਇਆ ਅਤੇ ਮੈਂ ਸਿਰਫ਼ ਇਹੀ ਜਵਾਬ ਦਿੰਦਾ ਹਾਂ, 'ਮੈਨੂੰ ਵੀ ਨਹੀਂ ਪਤਾʼ।"
ਜੈ ਦਾ ਕਹਿਣਾ ਹੈ ਕਿ ਅਸਲ ਵਿੱਚ ਉਸ ਨੂੰ ਇਸ ਦਾ ਕਾਰਨ ਪਤਾ ਹੈ ਅਤੇ "ਮੈਂ ਕਿਸੇ ਨੂੰ ਨਹੀਂ ਦੱਸ ਸਕਦਾ। ਕਿਉਂਕਿ ਮੈਨੂੰ ਡਰ ਹੈ ਕਿ ਮੇਰਾ ਪਰਿਵਾਰ ਇਸ 'ਤੇ ਕਿਵੇਂ ਪ੍ਰਤੀਕਿਰਿਆ ਦੇਵੇਗਾ। ਇਹ ਸਮਾਜ ਮੈਨੂੰ ਕਿਵੇਂ ਦੇਖੇਗਾ।"
ਆਪਣੀ ਔਖੀ ਘੜੀ ਬਾਰੇ ਦੱਸਦੇ ਹੋਏ, ਜੈ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਦੋਸਤ ਦੇ ਫਲੈਟ 'ਤੇ ਪਹੁੰਚਣ ਤੋਂ ਬਾਅਦ ਰਿਸ਼ਭ ਦਾ ਇੱਕ ਹੋਰ ਪੱਖ ਦੇਖਿਆ। "ਉਹ ਮੈਨੂੰ ਸਿੱਧਾ ਬੈੱਡਰੂਮ ਵਿੱਚ ਘੜੀਸ ਕੇ ਲੈ ਗਿਆ, ਮੈਨੂੰ ਬਿਸਤਰੇ ਵੱਲ ਧੱਕ ਦਿੱਤਾ। ਮੈਂ ਡਿੱਗ ਪਿਆ ਅਤੇ ਮੇਰੇ ਸਿਰ 'ਤੇ ਵਾਰ ਕੀਤਾ। ਮੈਂ ਚੀਕਿਆ ਪਰ ਉਸ ਨੇ ਤੁਰੰਤ ਮੇਰਾ ਮੂੰਹ ਢੱਕ ਲਿਆ ਅਤੇ ਮੈਨੂੰ ਕਿਹਾ ਕਿ ਮੈਂ ਰੌਲਾ ਨਾ ਪਾਵਾਂ।"
"ਉਸਨੇ ਮੇਰਾ ਮੂੰਹ ਬੰਦ ਕਰਨ ਲਈ ਕੱਪੜੇ ਦੀ ਵਰਤੋਂ ਕੀਤੀ, ਫਿਰ ਮੇਰੇ ਹੱਥ ਅਤੇ ਲੱਤਾਂ ਬੰਨ੍ਹ ਦਿੱਤੀਆਂ। ਉਸ ਨੇ ਪਹਿਲਾਂ ਹੀ ਕੱਪੜਾ ਅਤੇ ਰੱਸੀ ਤਿਆਰ ਰੱਖੀ ਸੀ।"

ਜੈ ਨੇ ਇਲਜ਼ਾਮ ਲਾਏ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਬਲਦੀ ਹੋਈ ਸਿਗਰਟ ਨਾਲ ਜ਼ਖਮੀ ਕੀਤਾ ਤੇ ਨਾਲ ਹੀ ਫੋਨ 'ਤੇ ਇਸ ਦੀ ਰਿਕਾਰਡਿੰਗ ਵੀ ਕੀਤੀ।
ਉਹ ਅਗਾਂਹ ਕਹਿੰਦੇ ਹਨ, "ਉਸ ਤੋਂ ਬਾਅਦ ਰਿਸ਼ਭ ਨੂੰ ਕਿਸੇ ਤਰ੍ਹਾਂ ਮੇਰੇ ਤੋਂ ਛੁਟਕਾਰਾ ਪਾਉਣਾ ਪਿਆ। ਉਸ ਨੇ ਮੈਨੂੰ ਆਪਣੇ ਕੱਪੜੇ ਦਿੱਤੇ, ਮੈਨੂੰ ਆਪਣੀ ਕਾਰ ਵਿੱਚ ਬਿਠਾਇਆ ਅਤੇ ਮੈਨੂੰ ਸ਼ਹਿਰ ਤੋਂ ਬਾਹਰ ਇੱਕ ਸੁੰਨਸਾਨ ਜਗ੍ਹਾ 'ਤੇ ਛੱਡ ਦਿੱਤਾ।"
"ਹਿੰਮਤ ਕਰਕੇ, ਮੈਂ ਇੱਕ ਨਜ਼ਦੀਕੀ ਦੋਸਤ ਨੂੰ ਫ਼ੋਨ ਕੀਤਾ ਅਤੇ ਤੁਰੰਤ ਮਦਦ ਮੰਗੀ। ਉਸ ਨੂੰ ਨਹੀਂ ਪਤਾ ਸੀ ਕਿ ਮੈਂ ਸਮਲਿੰਗੀ ਹਾਂ, ਪਰ ਮੈਨੂੰ ਯਕੀਨ ਸੀ ਕਿ ਉਹ ਮੇਰਾ ਸਮਰਥਨ ਕਰੇਗਾ।"
ਜੈ ਨੇ ਆਪਣੇ ਦੋਸਤ ਨੂੰ ਹਮਲੇ ਬਾਰੇ ਦੱਸਿਆ ਪਰ ਉਹ ਇਸ ਡਰੋਂ ਪੁਲਿਸ ਕੋਲ ਨਹੀਂ ਗਏ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਸ ਘਟਨਾ ਬਾਰੇ ਪਤਾ ਲੱਗ ਜਾਵੇਗਾ। ਹਮਲੇ ਕਾਰਨ, ਉਨ੍ਹਾਂ ਦੇ ਪੇਟ ਵਿੱਚ ਅੰਦਰੂਨੀ ਸੱਟਾਂ ਲੱਗੀਆਂ ਸਨ।
ਜੈ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਪਰ ਡਾਕਟਰ ਨੂੰ ਆਪਣੇ ਪਰਿਵਾਰ ਨੂੰ ਦੱਸਣ ਲਈ ਰਾਜ਼ੀ ਕਰ ਲਿਆ ਕਿ ਉਨ੍ਹਾਂ ਨਾਲ ਹਾਦਸਾ ਹੋਇਆ ਹੈ।
15 ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ, ਉਹ ਘਰ ਗਏ ਪਰ ਸਭ ਤੋਂ ਬੁਰਾ ਹਾਲ ਅਜੇ ਖ਼ਤਮ ਨਹੀਂ ਹੋਇਆ ਸੀ।
ਰਿਸ਼ਭ ਉਨ੍ਹਾਂ ਨੂੰ ਬਲੈਕਮੇਲ ਕਰਦਾ ਰਿਹਾ ਅਤੇ ਹਾਦਸੇ ਦੀ ਵੀਡੀਓ ਜਨਤਕ ਤੌਰ 'ਤੇ ਸ਼ੇਅਰ ਕਰਨ ਦੀ ਧਮਕੀ ਦੇ ਕੇ 2.5 ਲੱਖ ਰੁਪਏ ਵਸੂਲ ਲਿਆ। ਤਣਾਅ ਇੰਨਾ ਗੰਭੀਰ ਹੋ ਗਿਆ ਕਿ ਜੈ ਨੂੰ ਦਿਮਾਗੀ ਦੌਰਾ ਪੈ ਗਿਆ।
ਇਸ ਤੋਂ ਬਾਅਦ ਹੀ ਜੈ ਨੇ ਅੰਤ ਵਿੱਚ ਆਪਣੇ ਰਿਸ਼ਤੇਦਾਰੀ ਵਿੱਚ ਲੱਗਦੇ ਭਰਾ ਨਾਲ ਹੋਏ ਆਪਣੇ ਹਾਦਸੇ ਦਾ ਜ਼ਿਕਰ ਕੀਤਾ।
ਉਨ੍ਹਾਂ ਦੇ ਭਰਾ ਅਤੇ ਇੱਕ ਦੋਸਤ ਦੀ ਮਦਦ ਨਾਲ ਜੈ ਨੇ ਰਿਸ਼ਭ ਦੇ ਪਰਿਵਾਰ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਘਟਨਾ ਬਾਰੇ ਦੱਸਿਆ।

ਤਸਵੀਰ ਸਰੋਤ, Getty Images
ਪਿਛਲੇ ਦੋ ਸਾਲਾਂ ਵਿੱਚ, ਜੈ ਦੇ ਸਰੀਰਕ ਜ਼ਖ਼ਮ ਠੀਕ ਹੋ ਗਏ ਹਨ। ਪਰ ਭਾਵਨਾਤਮਕ ਜ਼ਖ਼ਮ ਅਜੇ ਵੀ ਅੱਲੇ ਹਨ। ਹਾਲਾਂਕਿ, ਇਹ ਸਿਰਫ਼ ਜੈ ਦੀ ਕਹਾਣੀ ਨਹੀਂ ਹੈ।
ਸਤੰਬਰ ਅਤੇ ਦਸੰਬਰ 2024 ਦੇ ਵਿਚਕਾਰ ਸਿਰਫ਼ ਦਿੱਲੀ ਵਿੱਚ ਹੀ ਹਮਸਫ਼ਰ ਟਰੱਸਟ, ਇੱਕ ਐੱਲਜੀਬੀਟੀਕਿਊ+ ਐਡਵੋਕੇਸੀ ਅਤੇ ਕਾਉਂਸਲਿੰਗ ਐੱਨਜੀਓ, ਨੂੰ 23 ਅਜਿਹੀਆਂ ਕਾਲਾਂ ਆਈਆਂ ਜਿਨ੍ਹਾਂ ਵਿੱਚ ਖ਼ਾਸ ਤੌਰ 'ਤੇ ਡੇਟਿੰਗ ਐਪਸ ਨਾਲ ਜੁੜੇ ਸਰੀਰਕ ਹਿੰਸਾ ਦੇ ਕੇਸ, ਬਲੈਕਮੇਲਿੰਗ ਅਤੇ ਜਬਰੀ ਵਸੂਲੀ ਦੀਆਂ ਘਟਨਾਵਾਂ ਦੀ ਰਿਪੋਰਟ ਕੀਤੀ ਗਈ।
ਹਮਸਫ਼ਰ ਟਰੱਸਟ ਦੇ ਇੱਕ ਐਡਵੋਕੇਸੀ ਅਧਿਕਾਰੀ ਅਰਨਬ ਅਧਿਕਾਰੀ ਨੇ ਕਿਹਾ ਕਿ ਇਸ ਸਾਲ ਜਨਵਰੀ ਅਤੇ ਜੂਨ ਦੇ ਵਿਚਕਾਰ, ਅਜਿਹੀਆਂ ਕਾਲਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਸਮਲਿੰਗੀ ਵਿਅਕਤੀਆਂ ਲਈ ਪੁਲਿਸ ਸਹਾਇਤਾ ਦੀ ਘਾਟ, ਸਮਾਜਿਕ ਕਲੰਕ ਅਤੇ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੀ ਜਿਨਸੀ ਪਛਾਣ ਜ਼ਾਹਰ ਹੋਣ ਕਾਰਨ ਉਹ ਹੋਰ ਵੀ ਕਮਜ਼ੋਰ ਹਨ।
"ਕਿਉਂਕਿ ਭਾਰਤ ਵਿੱਚ ਐੱਲਜੀਬੀਟੀਕਿਊ+ ਵਿਅਕਤੀਆਂ ਵਿਰੁੱਧ ਜਿਨਸੀ ਹਮਲੇ ਨਾਲ ਨਜਿੱਠਣ ਵਾਲਾ ਕੋਈ ਖ਼ਾਸ ਕਾਨੂੰਨ ਨਹੀਂ ਹੈ, ਇਸ ਲਈ ਭਾਈਚਾਰੇ ਦੇ ਲੋਕਾਂ ਕੋਲ ਢੁਕਵੇਂ ਕਾਨੂੰਨੀ ਸਹਾਰੇ ਦੀ ਵੀ ਘਾਟ ਹੈ।"
ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, "ਐੱਲਜੀਬੀਟੀਕਿਊ+ ਵਿਰੁੱਧ ਜਿਨਸੀ ਹਮਲੇ ਸਬੰਧੀ ਮਾਮਲਿਆਂ ਵਿੱਚੋਂ ਸਿਰਫ਼ 2% ਵੱਲ ਹੀ ਅਧਿਕਾਰੀਆਂ ਵੱਲੋਂ ਕੋਈ ਧਿਆਨ ਦਿੱਤਾ ਜਾਂਦਾ ਹੈ ਅਤੇ ਉਹ ਵੀ ਲਗਾਤਾਰ ਵਕਾਲਤ ਦੇ ਯਤਨਾਂ ਤੋਂ ਬਾਅਦ।"

ਤਸਵੀਰ ਸਰੋਤ, Getty Images
ਲਿੰਗ ਸਮਾਨਤਾ ਦੀ ਵਕਾਲਤ ਕਰਨ ਵਾਲੀ ਐੱਨਜੀਓ ਪਾਪੂਲੇਸ਼ਨ ਫਰਸਟ ਦੇ ਡਾਇਰੈਕਟਰ ਯੋਗੇਸ਼ ਪਵਾਰ ਨੇ ਸਹਿਮਤੀ ਪ੍ਰਗਟਾਈ ਕਿ ਭਾਰਤ ਵਿੱਚ ਸਮਲਿੰਗੀ ਪੁਰਸ਼ਾਂ ਵਿਰੁੱਧ ਲਿੰਗ-ਅਧਾਰਤ ਹਿੰਸਾ ਅਸਪੱਸ਼ਟ ਹੈ।
ਪਵਾਰ ਨੇ ਬੀਬੀਸੀ ਨੂੰ ਦੱਸਿਆ, "ਬਲੈਕਮੇਲ, ਧਮਕੀਆਂ ਅਤੇ ਇੱਥੋਂ ਤੱਕ ਕਿ ਸਰੀਰਕ ਹਮਲਿਆਂ ਦਾ ਦੌਰ ਵੱਧ ਰਿਹਾ ਹੈ। ਹਿੰਸਾ ਸਿਰਫ਼ ਡਿਜੀਟਲ, ਸ਼ਾਂਤ ਹੀ ਨਹੀਂ ਹੈ ਬਲਕਿ ਇਹ ਵਧੇਰੇ ਜ਼ਾਲਮ ਵੀ ਹੋ ਗਈ ਹੈ।"
"ਅਤੇ ਜਦੋਂ ਸਮਲਿੰਗੀ ਪੁਰਸ਼ ਇਨਸਾਫ਼ ਦੀ ਮੰਗ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ ਇੱਕ ਅਜਿਹੀ ਪ੍ਰਣਾਲੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਪੂਰੀ ਤਰ੍ਹਾਂ ਢੁੱਕਵੀਂ ਨਹੀ ਬਲਕਿ ਅਕਸਰ ਉਦਾਸੀਨ ਹੁੰਦੀ ਹੈ।"
ਮੁੰਬਈ-ਅਧਾਰਤ ਸਮਲਿੰਗੀ ਕਾਰਕੁਨ ਨਕਸ਼ਤਰ ਬਾਗਵੇ, ਐੱਲਜੀਬੀਟੀਕਿਊ+ ਭਾਈਚਾਰੇ ਦੇ ਮੈਂਬਰਾਂ ਨੂੰ ਪਰੇਸ਼ਾਨ ਕਰਨ ਵਾਲਿਆਂ ਨੂੰ ਬੇਨਕਾਬ ਕਰਨ ਲਈ ਆਪਣੇ ਵੀਡੀਓਜ਼ ਲਈ ਮਸ਼ਹੂਰ ਹਨ।
ਉਨ੍ਹਾਂ ਦਾ ਉਦੇਸ਼ ਹੈ ਕਿ ਅਜਿਹੀਆਂ ਵੀਡੀਓਜ਼ ਰਾਹੀਂ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਕਿਸ ਤਰ੍ਹਾਂ ਅਜਿਹੀਆਂ ਘਟਨਾਵਾਂ ਤੋਂ ਆਪਣੇ ਆਪ ਬਣਾਉਣ।
ਉਹ ਦੇਖਦੇ ਹਨ ਕਿ ਅਜਿਹੀਆਂ ਘਟਨਾਵਾਂ ਹੁਣ ਭਾਰਤ ਦੇ ਛੋਟੇ ਕਸਬਿਆਂ ਵਿੱਚ ਵੱਧ ਰਹੀਆਂ ਹਨ।
ਉਹ ਕਹਿੰਦੇ ਹਨ, "ਵੱਡੇ ਸ਼ਹਿਰਾਂ ਦੇ ਉਲਟ, ਇੱਥੇ ਲੋਕਾਂ ਕੋਲ ਸੁਰੱਖਿਅਤ ਐੱਲਜੀਬੀਟੀਕਿਊ+ ਥਾਵਾਂ ਤੱਕ ਇੱਕੋ ਜਿਹੀ ਪਹੁੰਚ ਨਹੀਂ ਹੈ।"
ਡੇਟਿੰਗ ਐਪਸ ਦੇ ਜੋਖ਼ਮ- ਇੱਕ ਜਾਣਿਆ-ਪਛਾਣਿਆ ਖ਼ਤਰਾ
ਪਿਛਲੇ ਦਹਾਕੇ ਦੌਰਾਨ ਭਾਰਤ ਵਿੱਚ ਇੰਟਰਨੈੱਟ ਪਹੁੰਚ ਦੇ ਤੇਜ਼ੀ ਨਾਲ ਫੈਲਣ ਦਾ ਭਾਰਤ ਵਿੱਚ ਸਮਲਿੰਗੀ ਪੁਰਸ਼ਾਂ ਉੱਤੇ ਡੇਟਿੰਗ 'ਤੇ ਵੱਡਾ ਪ੍ਰਭਾਵ ਪਿਆ ਹੈ, ਜਿਸ ਨਾਲ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਔਨਲਾਈਨ ਸਾਥੀਆਂ ਦੀ ਭਾਲ ਕਰ ਰਿਹਾ ਹੈ।
ਸਮਲਿੰਗੀ ਡੇਟਿੰਗ ਐਪਸ ਵਿੱਚ ਮਾਰਕੀਟ ਲੀਡਰ- ਗ੍ਰਿੰਡਰ ਦੇ ਡਾਊਨਲੋਡ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਸਾਰੇ ਦੇਸ਼ਾਂ ਵਿੱਚੋਂ ਦੂਜੇ ਸਥਾਨ 'ਤੇ ਹੈ।
ਹਾਲਾਂਕਿ, ਇੱਕ ਸਾਥੀ ਤੱਕ ਆਸਾਨੀ ਨਾਲ ਪਹੁੰਚਣ ਵਿੱਚ ਕਈ ਜੋਖ਼ਮ ਵੀ ਸ਼ਾਮਲ ਹੁੰਦੇ ਹਨ।
ਗਿਰੀਸ਼ ਦੀ ਉਦਾਹਰਣ ਲਓ, ਜੋ ਦਫ਼ਤਰ ਤੋਂ ਘਰ ਵਾਪਸ ਆਉਂਦੇ ਸਮੇਂ ਮੁੰਬਈ ਦੀ ਇੱਕ ਲੋਕਲ ਟ੍ਰੇਨ ਵਿੱਚ ਇੱਕ ਡੇਟਿੰਗ ਐਪ ਦੇਖ ਰਹੇ ਸਨ।
ਉਨ੍ਹਾਂ ਦਾ ਉਸੇ ਸ਼ਹਿਰ ਦੇ 19 ਸਾਲਾ ਯਸ਼ ਨਾਲ ਮੇਲ ਹੋਇਆ। ਦੋਵਾਂ ਆਦਮੀਆਂ ਨੇ ਫੋਟੋਆਂ ਸਾਂਝੀਆਂ ਕੀਤੀਆਂ, ਆਪਣੀਆਂ ਸਾਂਝੀਆਂ ਰੁਚੀਆਂ ਬਾਰੇ ਇੱਕ ਦੂਜੇ ਨੂੰ ਸੁਨੇਹੇ ਭੇਜੇ ਅਤੇ ਤੁਰੰਤ ਮਿਲਣ ਦਾ ਪਲਾਨ ਬਣਾਇਆ।
ਯਸ਼ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਬਾਹਰ ਮਿਲਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਘਰ ਮਹਿਮਾਨ ਸਨ।
ਉਹ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਮਿਲੇ ਅਤੇ ਜਲਦੀ ਹੀ ਨਜ਼ਦੀਕੀ ਹੋ ਗਏ। ਜਿਵੇਂ ਹੀ ਉਨ੍ਹਾਂ ਨੇ ਕੱਪੜੇ ਉਤਾਰੇ, ਚਾਰ ਆਦਮੀ ਅੰਦਰ ਆ ਗਏ ਅਤੇ ਉਨ੍ਹਾਂ ਨੂੰ ਆਪਣੇ ਮੋਬਾਈਲ ਫੋਨਾਂ 'ਤੇ ਫਿਲਮਾਉਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇਕਰ ਉਹ ਪੈਸੇ ਨਹੀਂ ਦਿੰਦੇ ਤਾਂ ਵੀਡੀਓ ਵਾਇਰਲ ਕਰ ਦੇਣਗੇ। ਉਨ੍ਹਾਂ ਆਦਮੀਆਂ ਨੇ ਗਿਰੀਸ਼ ਨੂੰ ਫ਼ੋਨ ਬੈਂਕਿੰਗ ਰਾਹੀਂ 13,000 ਰੁਪਏ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ।
ਇੱਕ ਵਾਰ ਜਦੋਂ ਇਹ ਸਭ ਖ਼ਤਮ ਹੋ ਗਿਆ ਤਾਂ ਗਿਰੀਸ਼ ਨੇ ਦੇਖਿਆ ਕਿ ਯਸ਼ ਵੀ ਦੂਜੇ ਆਦਮੀਆਂ ਦੇ ਨਾਲ ਭੱਜ ਗਿਆ ਸੀ। ਉਦੋਂ ਹੀ ਗਿਰੀਸ਼ ਨੂੰ ਅਹਿਸਾਸ ਹੋਇਆ ਕਿ ਉਹ ਯਸ਼ ਦੇ ਵਿਛਾਏ ਗਏ ਜਾਲ ਵਿੱਚ ਫਸ ਗਿਆ ਹੈ।

ਤਸਵੀਰ ਸਰੋਤ, Getty Images
ਸਮਾਜਿਕ ਕਲੰਕ ਅਤੇ ਨਤੀਜਿਆਂ ਤੋਂ ਡਰਦੇ ਹੋਏ, ਗਿਰੀਸ਼ ਨੇ ਚੁੱਪ ਰਹਿਣ ਦੀ ਚੋਣ ਕੀਤੀ। ਪਰ ਵਰਤਮਾਨ ਵਿੱਚ, ਉਹ ਡਿਪਰੈਸ਼ਨ ਦਾ ਇਲਾਜ ਕਰਵਾ ਰਹੇ ਹਨ।
ਪੁਣੇ ਦੇ ਸਰਵੇਸ਼ ਨੂੰ ਵੀ ਇਸੇ ਤਰ੍ਹਾਂ ਦੀ ਮੁਲਾਕਾਤ ਦਾ ਤਜਰਬਾ ਹੋਇਆ ਭਾਵੇਂ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਗੇਅ ਡੇਟਿੰਗ ਐਪਸ ਨਾਲ ਜੁੜੇ ਜੋਖ਼ਮਾਂ ਤੋਂ ਜਾਣੂ ਸੀ ਪਰ ਫਿਰ ਵੀ ਉਹ ਝਾਂਸੇ ਵਿੱਚ ਆ ਗਏ।
ਉਹ ਇੱਕ ਅਜਿਹੀ ਐਪ 'ਤੇ ਇੱਕ ਨੌਜਵਾਨ ਨਾਲ ਮਿਲੇ ਸੀ ਜੋ ਉਨ੍ਹਾਂ ਨੂੰ ਇੱਕ ਇਕਾਂਤ ਜਗ੍ਹਾ 'ਤੇ ਲੰਬੀ ਡਰਾਈਵ ਲਈ ਲੈ ਗਿਆ।
ਫਿਰ ਉਸ ਨੇ ਸਰਵੇਸ਼ ਦਾ ਫੋਨ ਲੈ ਲਿਆ ਅਤੇ ਉਨ੍ਹਾਂ ਦੇ ਔਨਲਾਈਨ ਬੈਂਕਿੰਗ ਖਾਤੇ ਵਿੱਚੋਂ ਸਾਰੇ ਪੈਸੇ ਜ਼ਬਰਦਸਤੀ ਟ੍ਰਾਂਸਫਰ ਕਰ ਦਿੱਤੇ। ਉਨ੍ਹਾਂ ਨੇ ਸਰਵੇਸ਼ ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਨੰਬਰ ਵੀ ਲੈ ਲਏ ਅਤੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਨ੍ਹਾਂ ਨੂੰ ਉਨ੍ਹਾਂ 'ਤੇ ਹੋਏ ਹਮਲੇ ਦੀ ਵੀਡੀਓ ਭੇਜ ਦੇਣਗੇ।
ਸਰਵੇਸ਼ ਨੇ ਕਿਸੇ ਨੂੰ ਨਹੀਂ ਦੱਸਿਆ, ਨਾ ਹੀ ਉਹ ਪੁਲਿਸ ਕੋਲ ਗਏ। ਕਾਰਨ ਉਨ੍ਹਾਂ ਦੀ ਸ਼ਰਮ ਅਤੇ ਡਰ ਦੀ ਡੂੰਘੀ ਭਾਵਨਾ ਸੀ।

ਤਸਵੀਰ ਸਰੋਤ, Getty Images
ਪਰ ਡੇਟਿੰਗ ਐਪਸ ਦੇ ਜੋਖ਼ਮਾਂ ਬਾਰੇ ਜਾਣਨ ਦੇ ਬਾਵਜੂਦ, ਸਮਲਿੰਗੀ ਪੁਰਸ਼ ਅਜਿਹੇ ਜੋਖ਼ਮ ਕਿਉਂ ਲੈਂਦੇ ਹਨ
ਪੁਣੇ-ਅਧਾਰਤ ਮਾਨਸਿਕ ਸਿਹਤ ਮਾਹਰ ਸ਼ਿਲਪਾ ਤਾਂਬੇ, ਜਿਨ੍ਹਾਂ ਕੋਲ ਸਮਲਿੰਗੀ ਵਿਅਕਤੀਆਂ ਨੂੰ ਸਲਾਹ ਦੇਣ ਦਾ ਤਜਰਬਾ ਹੈ, ਉਨ੍ਹਾਂ ਨੇ ਦੱਸਿਆ ਕਿ ਇਸ ਦਾ ਕਾਰਨ ਡਰ ਹੋਣਾ ਹੈ ਕਿ ਐੱਲਜੀਬੀਟੀਕਿਊ ਭਾਈਚਾਰੇ ਦੇ ਮੈਂਬਰ ਆਪਣੇ ਪਰਿਵਾਰਾਂ ਦੁਆਰਾ ਸਵੀਕਾਰ ਨਾ ਕੀਤੇ ਜਾਣ ਦਾ ਸਾਹਮਣਾ ਕਰਦੇ ਹਨ।
"ਉਹ ਬਹੁਤ ਅਲੱਗ-ਥਲੱਗ ਮਹਿਸੂਸ ਕਰਦੇ ਹਨ। ਉਨ੍ਹਾਂ ਕੋਲ ਸੁਰੱਖਿਅਤ ਥਾਵਾਂ ਤੱਕ ਪਹੁੰਚ ਨਹੀਂ ਹੈ ਜਿੱਥੇ ਉਹ ਆਪਣੇ ਆਪ ਨੂੰ ਖੁੱਲ੍ਹ ਕੇ ਪ੍ਰਗਟ ਕਰ ਸਕਣ। ਉਸ ਦਮ ਘੁੱਟਣ ਵਾਲੀ ਇਕੱਲਤਾ ਵਿੱਚ, ਉਨ੍ਹਾਂ ਲਈ ਕਿਸੇ ਅਜਿਹੇ ਵਿਅਕਤੀ ਦੀ ਤਾਂਘ ਕਰਨਾ ਸੁਭਾਵਿਕ ਹੈ ਜਿਸ ਨੂੰ ਉਹ ਆਪਣਾ ਕਹਿ ਸਕਣ, ਕੋਈ ਅਜਿਹਾ ਵਿਅਕਤੀ ਜੋ ਉਨ੍ਹਾਂ ਨੂੰ ਦੇਖੇ ਅਤੇ ਉਨ੍ਹਾਂ ਦੀ ਕਦਰ ਕਰੇ।"
"ਇਹ ਭਾਵਨਾਤਮਕ ਲੋੜ ਉਨ੍ਹਾਂ ਨੂੰ ਗੁਪਤ ਰੂਪ ਵਿੱਚ ਸੰਪਰਕ ਲੱਭਣ ਲਈ ਪ੍ਰੇਰਿਤ ਕਰਦੀ ਹੈ।"
ਤਾਂਬੇ ਦਾ ਕਹਿਣਾ ਹੈ ਕਿ ਸੁਰੱਖਿਅਤ ਜਗ੍ਹਾ ਦੀ ਇਹ ਖੋਜ ਅਕਸਰ ਸੁਰੱਖਿਅਤ ਅਤੇ ਅਸੁਰੱਖਿਅਤ ਵਿਚਕਾਰ ਰੇਖਾ ਨੂੰ ਧੁੰਦਲਾ ਕਰ ਦਿੰਦੀ ਹੈ।
30 ਸਾਲਾਂ ਤੋਂ ਅਭਿਆਸ ਕਰ ਰਹੇ ਮਨੋਚਿਕਿਤਸਕ ਡਾ. ਮ੍ਰਿਦੁਲਾ ਆਪਟੇ ਨੇ ਦੱਸਿਆ ਕਿ ਭਾਰਤ ਵਿੱਚ ਸਮਲਿੰਗੀ ਲੋਕਾਂ ਕੋਲ ਸਾਥੀ ਲੱਭਣ ਦੇ ਬਹੁਤ ਘੱਟ ਤਰੀਕੇ ਹਨ।
ਉਨ੍ਹਾਂ ਦਾ ਕਹਿਣਾ ਹੈ, "ਡੇਟਿੰਗ ਐਪਸ ਸਭ ਤੋਂ ਆਸਾਨ ਬਦਲ ਵਾਂਗ ਮਹਿਸੂਸ ਹੁੰਦੀਆਂ ਹਨ। ਗੇਅ ਅਤੇ ਲੈਸਬੀਅਨ ਵਿਅਕਤੀਆਂ ਲਈ, ਰਿਸ਼ਤੇ ਦੇ ਮੌਕਿਆਂ ਦੀ ਪਹੁੰਚ ਅਤੇ ਉਪਲੱਭਧਤਾ ਸਭ ਤੋਂ ਵੱਡੀ ਚੁਣੌਤੀ ਹੈ। ਇਸ ਕਰਕੇ ਉਹ ਅਕਸਰ ਜੋਖ਼ਮ ਲੈਣ ਲਈ ਮਜਬੂਰ ਹੁੰਦੇ ਹਨ।"
ਡਾ. ਆਪਟੇ ਨੇ ਅਪਰਾਧੀਆਂ ਦੇ ਦ੍ਰਿਸ਼ਟੀਕੋਣ ਬਾਰੇ ਵੀ ਇੱਕ ਸਮਝ ਪ੍ਰਦਾਨ ਕੀਤੀ।
ਉਨ੍ਹਾਂ ਦਾ ਕਹਿਣਾ ਹੈ, "ਅਜਿਹੇ ਲੋਕਾਂ ਨੂੰ ਲੱਗਦਾ ਹੈ ਕਿ ਆਪਣੇ ਤੋਂ ਕਮਜ਼ੋਰ ਲੋਕਾਂ ਨੂੰ ਪਰੇਸ਼ਾਨ ਕਰ ਕੇ ਉਨ੍ਹਾਂ ਨੂੰ ਚੰਗਾ ਲੱਗੇਗਾ ਜਾਂ ਉਨ੍ਹਾਂ ਦਾ ਆਪਣਾ ਸਵੈ-ਮਾਣ ਵਧੇਗਾ। ਸਮਲਿੰਗੀ ਭਾਈਚਾਰਾ ਉਨ੍ਹਾਂ ਲਈ ਇੱਕ ਆਸਾਨ ਨਿਸ਼ਾਨਾ ਜਾਪਦਾ ਹੈ।"
ਉਨ੍ਹਾਂ ਨੇ ਇੱਕ ਹੋਰ ਵੀ ਮਹੱਤਵਪੂਰਨ ਨੁਕਤੇ 'ਤੇ ਜ਼ੋਰ ਦਿੱਤਾ ਕਿ ਸਮਲਿੰਗੀ ਵਿਅਕਤੀਆਂ ਦੁਆਰਾ ਐੱਲਜੀਬੀਟੀਕਿਊ+ ਭਾਈਚਾਰੇ ਪ੍ਰਤੀ ਪਾਇਆ ਜਾਣ ਵਾਲਾ ਗੁੱਸਾ ਅਤੇ ਨਫ਼ਰਤ ਅਕਸਰ ਅਜਿਹੀਆਂ ਘਟਨਾਵਾਂ ਦਾ ਮੂਲ ਕਾਰਨ ਹੁੰਦੀ ਹੈ।
ਅਨਿਲ ਉਕਾਰਾਂਡੇ ਪੁਣੇ ਵਿੱਚ ਯੂਤਕ ਐੱਲਜੀਬੀਟੀਕਿਊ+ ਟਰੱਸਟ ਚਲਾਉਂਦੇ ਹਨ ਜੋ ਘੁਟਾਲਿਆਂ ਅਤੇ ਸੋਸ਼ਣ ਦਾ ਸ਼ਿਕਾਰ ਹੋਏ ਸਮਲਿੰਗੀ ਪੁਰਸ਼ਾਂ ਦੀ ਮਦਦ ਕਰਦੇ ਹਨ। ਉਹ ਦਲੀਲ ਦਿੰਦੇ ਹਨ ਕਿ ਜੇਕਰ ਸਮਲਿੰਗੀ ਸਬੰਧਾਂ ਨੂੰ ਸਮਾਜਿਕ ਅਤੇ ਕਾਨੂੰਨੀ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਇਹ ਘਟਨਾਵਾਂ ਘਟ ਜਾਣਗੀਆਂ।
ਅਨਿਲ ਅੱਗੇ ਕਹਿੰਦੇ ਹਨ, "ਸਮਲਿੰਗੀ ਹੋਣ ਬਾਰੇ ਇਹ ਹੀਣ ਭਾਵਨਾ ਇੱਕ ਮੁੱਖ ਕਾਰਨ ਹੈ ਅਤੇ ਇਹੀ ਉਹ ਹੈ ਜਿਸਦਾ ਸੋਸ਼ਣ ਕਰਨ ਵਾਲੇ ਫਾਇਦਾ ਉਠਾਉਂਦੇ ਹਨ। ਜੇਕਰ ਮੀਡੀਆ ਹਿੰਸਾ ਅਤੇ ਜ਼ਬਰਦਸਤੀ ਦੀਆਂ ਇਨ੍ਹਾਂ ਘਟਨਾਵਾਂ ਨੂੰ ਵਧੇਰੇ ਪ੍ਰਮੁੱਖਤਾ ਨਾਲ ਉਜਾਗਰ ਕਰਦਾ ਹੈ, ਤਾਂ ਜਾਣਕਾਰੀ ਵਿਆਪਕ ਦਰਸ਼ਕਾਂ ਤੱਕ ਪਹੁੰਚੇਗੀ।"
"ਇਹ ਸਮਲਿੰਗੀ ਭਾਈਚਾਰੇ ਦੇ ਲੋਕਾਂ ਨੂੰ ਅਜਿਹੇ ਜੋਖ਼ਮ ਲੈਣ ਤੋਂ ਬਚਣ ਵਿੱਚ ਵੀ ਮਦਦ ਕਰੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












