ਡੇਟਿੰਗ ਐਪ ਜ਼ਰੀਏ ਮਿਲੇ ਨੌਜਵਾਨ ਨਾਲ ਗੈਂਗਰੇਪ ਦਾ ਮਾਮਲਾ, ਅਜਿਹੀ ਐਪ ਇਸਤੇਮਾਲ ਕਰਦੇ ਸਮੇਂ ਕਿਹੜੀਆਂ ਸਾਵਧਾਨੀਆਂ ਜ਼ਰੂਰੀ ਹਨ

ਸੰਕੇਤਰ ਤਸਵੀਰ

ਤਸਵੀਰ ਸਰੋਤ, Getty Images

    • ਲੇਖਕ, ਭਾਗਿਆਸ਼੍ਰੀ ਰਾਉਤ
    • ਰੋਲ, ਬੀਬੀਸੀ ਪੱਤਰਕਾਰ

ਮਹਾਰਾਸ਼ਟਰ ਦੇ ਅਕੋਲਾ ਵਿੱਚ ਐੱਲਜੀਬੀਟੀਕਿਊ ਭਾਈਚਾਰੇ ਲਈ ਇੱਕ ਡੇਟਿੰਗ ਐਪ ਦੀ ਵਰਤੋਂ ਕਰਕੇ 30 ਸਾਲਾ ਬੈਂਕ ਅਧਿਕਾਰੀ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।

ਮੁਲਜ਼ਮਾਂ ਨੇ ਨੌਜਵਾਨ ਦੇ ਖਾਤੇ ਵਿੱਚੋਂ ਪੈਸੇ ਵੀ ਆਪਣੇ ਖਾਤੇ ਵਿੱਚ ਟਰਾਂਸਫਰ ਕਰ ਲਏ ਸੀ ਅਤੇ ਪੈਸੇ ਦੇ ਲਈ ਉਸ ਨੂੰ ਧਮਕਾ ਵੀ ਰਹੇ ਸਨ।

ਅਕੋਲਾ ਦਾ ਇਹ ਬੈਂਕ ਅਧਿਕਾਰੀ ਇਨ੍ਹਾਂ ਮੁਲਜ਼ਮਾਂ ਦੇ ਜਾਲ ਵਿੱਚ ਕਿਵੇਂ ਫਸਿਆ? ਉਸ ਨਾਲ ਕਿਵੇਂ ਧੋਖਾਧੜੀ ਹੋਈ? ਕੀ ਇਸ ਡੇਟਿੰਗ ਐਪ ਜ਼ਰੀਏ ਐੱਲਜੀਬੀਟੀਕਿਊ ਭਾਈਚਾਰੇ ਨੂੰ ਠੱਗਣ ਦੀ ਅਜਿਹੀ ਕੋਈ ਘਟਨਾ ਪਹਿਲਾਂ ਵੀ ਵਾਪਰੀ ਹੈ? ਅਜਿਹਾ ਹੋਣ ਤੋਂ ਰੋਕਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ? ਆਓ ਜਾਣਦੇ ਹਾਂ।

ਅਕੋਲਾ ਦਾ ਬੈਂਕ ਅਧਿਕਾਰੀ ਕਿਵੇਂ ਫਸਿਆ?

ਪੀੜਤ ਨੇ ਆਪਣੇ ਮੋਬਾਈਲ ਫੋਨ 'ਤੇ ਇੱਕ ਐਪ ਇੰਸਟਾਲ ਕੀਤੀ ਸੀ। ਇਸ ਐਪ ਦੀ ਜ਼ਰੀਏ ਐੱਲਜੀਬੀਟੀਕਿਊ ਭਾਈਚਾਰਾ ਦੇ ਲੋਕ ਇੱਕ-ਦੂਜੇ ਨਾਲ ਜੁੜਦੇ ਹਨ, ਚੈਟ ਕਰਦੇ ਹੋਏ ਅਤੇ ਡੈਟ ਦੇ ਲਈ ਸਾਥੀ ਲੱਭਦੇ ਹਨ।

ਇਸ ਤੋਂ ਇਲਾਵਾ ਇਹ ਨੌਜਵਾਨ ਪੀੜਤ ਵੀ ਇੱਕ ਸਾਥੀ ਦੀ ਤਲਾਸ਼ ਵਿੱਚ ਸੀ।

ਐਪ ਦੇ ਜ਼ਰੀਏ ਨੌਜਵਾਨ ਦੀ ਪਛਾਣ ਮੁਲਜ਼ਮ ਮਨੀਸ਼ ਨਾਇਕ ਨਾਲ ਹੋਈ। ਇਸ ਤੋਂ ਬਾਅਦ ਉਨ੍ਹਾਂ ਦਾ 14 ਜੂਨ ਨੂੰ ਸ਼ਹਿਰ ਤੋਂ ਬਾਹਰ ਕਿਤੇ ਮਿਲਣਾ ਤੈਅ ਹੋਇਆ।

ਇਹ ਵੀ ਪੜ੍ਹੋ-

ਯੋਜਨਾ ਮੁਤਾਬਕ ਪੀੜਤ ਅਤੇ ਮੁਲਜ਼ਮ ਮਨੀਸ਼ ਨਾਇਕ ਮਿਲੇ ਅਤੇ ਕਾਰ ਰਾਹੀਂ ਸ਼ਹਿਰ ਤੋਂ ਬਾਹਰ ਹਿੰਗਨਾ ਫਾਟਾ ਗਏ।

ਇਥੇ ਦੋਵਾਂ ਵਿਚਾਲੇ ਸਬੰਧ ਬਣ ਗਏ। ਪਰ ਇਸ ਵਿਚਾਲੇ ਮੁਲਜ਼ਮ ਮਨੀਸ਼ ਨਾਇਕ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ ਅਤੇ ਉਨ੍ਹਾਂ ਨੇ ਵੀ ਉਸ 'ਤੇ ਤਸ਼ੱਦਦ ਕੀਤਾ। ਇਸ ਘਟਨਾ ਦੀ ਵੀਡੀਓ ਵੀ ਬਣਾ ਲਈ ਗਈ।

ਉਨ੍ਹਾਂ ਨੇ ਨੌਜਵਾਨ ਦੇ ਖਾਤੇ 'ਚੋਂ 80 ਹਜ਼ਾਰ ਰੁਪਏ ਵੀ ਆਪਣੇ ਖਾਤੇ ਵਿੱਚ ਟਰਾਂਸਫਰ ਕਰ ਲਏ। ਮੁਲਜ਼ਮਾਂ ਨੇ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦਿੱਤੀ ਅਤੇ ਹੋਰ ਪੈਸੇ ਮੰਗੇ। ਇਸੇ ਡਰ ਕਾਰਨ ਨੌਜਵਾਨ ਨੇ ਪੁਲਿਸ ਕੋਲ ਇਸਾਕਇਤ ਦਰਜ ਕਰਵਾਈ।

ਡੇਟਿੰਗ ਐਪ

ਤਸਵੀਰ ਸਰੋਤ, Getty Images

ਵਾਰ-ਵਾਰ ਪੈਸਾ ਮੰਗਣਾ ਨੌਜਵਾਨ ਦੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ। ਇਸ ਲਈ ਪੀੜਤ ਨੌਜਵਾਨ ਨੇ ਸਬੰਧਤ ਪੁਲਿਸ ਸਟੇਸ਼ਨ 'ਚ ਜਾ ਕੇ ਸ਼ਿਕਾਇਤ ਦਰਜ ਕਰਵਾਈ। ਸਬੰਧਤ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਮਨੋਜ ਕੇਦਾਰੇ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੇ ਪੀੜਤ ਦੀ ਮਦਦ ਨਾਲ ਜਾਲ ਵਿਛਾਇਆ ਅਤੇ ਦੋ ਮੁਲਜ਼ਮ ਮਨੀਸ਼ ਨਾਇਕ ਅਤੇ ਮਯੂਰ ਵਾਗੜੇ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਦੋ ਹੋਰ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਜਾਂਚ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਹ ਮੁਲਜ਼ਮ ਐੱਲਜੀਬੀਟੀਕਿਊ ਭਾਈਚਾਰੇ ਤੋਂ ਨਹੀਂ ਹਨ। ਉਹ ਸਿਰਫ ਧੋਧਾਖੜੀ ਦੇ ਇਰਾਦੇ ਨਾਲ ਐਪ ਵਿੱਚ ਆਏ ਸਨ। ਪੁਲਿਸ ਇੰਸਪੈਕਟਰ ਕੇਦਾਰੇ ਨੇ ਕਿਹਾ ਕਿ ਜਾਂਚ ਤੋਂ ਪਤਾ ਚੱਲਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਪਹਿਲਾਂ ਵੀ ਐੱਲਜੀਬੀਟੀਕਿਊ ਭਾਈਚਾਰੇ ਦੇ ਕਿਸੇ ਵਿਅਕਤੀ ਨੂੰ ਠੱਗਿਆ ਹੈ।

ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਐੱਲਜੀਬੀਟੀਕਿਊ ਭਾਈਚਾਰੇ ਦੇ ਲੋਕਾਂ ਨੂੰ ਡੇਟਿੰਗ ਐਪ ਦੇ ਜ਼ਰੀਏ ਠੱਗਿਆ ਗਿਆ ਹੋਵੇ।

ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋਈਆਂ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਮਹਾਰਾਸ਼ਟਰ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ।

ਇਸੇ ਤਰ੍ਹਾਂ ਦੀ ਠੱਗੀ ਦੀ ਘਟਨਾ 2022 ਵਿੱਚ ਨਾਗਪੁਰ ਦੇ ਇੱਕ ਨੌਜਵਾਨ ਦੇ ਨਾਲ ਐੱਲਜੀਬੀਟੀਕਿਊ ਦੇ ਲੋਕਾਂ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਡੇਟਿੰਗ ਐਪ ਦੇ ਜ਼ਰੀਏ ਹੋਈ ਸੀ।

19 ਸਾਲਾ ਨੌਜਵਾਨ ਦੀ ਡੇਟਿੰਗ ਐਪ ਰਾਹੀਂ ਇੱਕ ਨੌਜਵਾਨ ਨਾਲ ਜਾਣ-ਪਛਾਣ ਹੋਈ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਇੱਕ ਦੋਸਤ ਦੇ ਨਾਲ ਮਿਲ ਕੇ ਪੀੜਤ ਨੂੰ ਮਿਲਣ ਦੇ ਲਈ ਬੁਲਾਇਆ ਅਤੇ ਉਸ ਦੇ ਨਾਲ ਬਦਫੈਲੀ ਕੀਤੀ। ਇਸ ਤੋਂ ਬਾਅਦ ਦੋਵੇਂ ਫਰਾਰ ਹੋ ਗਏ।

ਇਹ ਘਟਨਾ ਨੰਦਨਵਨ ਪੁਲਿਸ ਸਟੇਸ਼ਨ ਵਿੱਚ ਵਾਪਰੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਇਸ ਤੋਂ ਇਲਾਵਾ ਪੁਣੇ ਵਿੱਚ ਵੀ ਪਹਿਲਾਂ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ। ਪਰ ਬਹੁਤ ਘੱਟ ਲੋਕ ਪੁਲਿਸ ਕੋਲ ਸ਼ਿਕਾਇਤ ਕਰਦੇ ਹਨ। ਕਿਉਂਕਿ ਇਨ੍ਹਾਂ ਲੋਕਾਂ ਨੂੰ ਆਪਣੀ ਪਛਾਣ ਜਨਤਕ ਹੋਣ ਦਾ ਡਰ ਰਹਿੰਦਾ ਹੈ। ਇਸ ਲਈ ਜੇ ਘਟਨਾ ਹੁੰਦੀ ਵੀ ਹੈ ਤਾਂ ਉਹ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੇ।

ਹਾਲਾਂਕਿ ਪੁਣੇ ਵਿੱਚ 'ਯੁਤਕ' ਨਾਮ ਦਾ ਇੱਕ ਸੰਗਠਨ ਅਜਿਹੇ ਲੋਕਾਂ ਦੇ ਲਈ ਕੰਮ ਕਰਦਾ ਹੈ, ਜੋ ਅਜਿਹੇ ਡੇਟਿੰਗ ਐਪਸ ਦੇ ਜ਼ਰੀਏ ਐੱਲਜੀਬੀਟੀਕਿਊ ਭਾਈਚਾਰੇ ਦੇ ਲੋਕਾਂ ਨਾਲ ਧੋਖਾਧੜੀ ਦੀਆਂ ਘਟਨਾਵਾਂ ਤੋਂ ਬਾਅਦ ਸਿੱਧੇ ਪੁਲਿਸ ਸਟੇਸ਼ਨ ਨਹੀਂ ਜਾ ਪਾਉਂਦਾ।

ਕੀ ਡੇਟਿੰਗ ਐਪਸ ਦੇ ਮਾਧਿਅਮ ਨਾਲ ਐੱਲਜੀਬੀਟੀਕਿਊ ਦੇ ਲੋਕਾਂ ਖ਼ਿਲਾਫ਼ ਧੋਖਾਧੜੀ ਦੀ ਦਰ ਵਧ ਗਈ ਹੈ?

ਡੇਟਿੰਗ ਐਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੇਟਿੰਪ ਐਪ ਉੱਤੇ ਧੋਖਾਧੜੀ ਕਰਨ ਵਾਲੇ ਲੋਕ ਪੈਸਿਆਂ ਲਈ ਬਲੈਕਮੇਲਿੰਗ ਕਰਦੇ ਹਨ

ਦੋ ਸਾਲ ਪਹਿਲਾਂ ਸੰਗਠਨ ਨੇ ਸਾਲ ਵਿੱਚ ਸਿਰਫ ਦੋ ਤੋਂ ਤਿੰਨ ਅਜਿਹੇ ਮਾਮਲਿਆਂ ਦੀ ਰਿਪੋਰਟ ਕਰ ਰਿਹਾ ਸੀ ਪਰ ਪਿਛਲੇ ਸਾਲ ਡੇਟਿੰਗ ਐਪ ਧੋਖਾਧੜੀ ਦੇ 14 ਮਾਮਲੇ ਸਾਹਮਣੇ ਆਏ ਹਨ।

ਡੇਟਿੰਗ ਐਪਸ 'ਤੇ ਐੱਲਜੀਬੀਟੀਕਿਊ ਭਾਈਚਾਰੇ ਦੇ ਲੋਕਾਂ ਦੇ ਨਾਲ ਧੋਖਾਧੜੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਹ ਘਟਨਾਵਾਂ ਪੁਣੇ ਜ਼ਿਲ੍ਹੇ ਦੀਆਂ ਹਨ।

ਮਹਾਰਾਸ਼ਟਰ ਦੇ ਹੋਰ ਹਿੱਸਿਆਂ ਤੋਂ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ। ਯੁਤਕ ਸੰਸਥਾ ਦੇ ਅਨਿਲ ਅਕਾਰੰਡੇ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਾਸਿਕ, ਸੰਭਾਜੀਨਗਰ ਅਤੇ ਅਹਿੱਲਿਆਨਗਰ ਤੋਂ ਵੀ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ।

ਉਹ ਅੱਗੇ ਕਹਿੰਦੇ ਹਨ ਕਿ ਦੋ ਦਿਨ ਪਹਿਲਾਂ ਸੰਭਾਜੀਨਗਰ ਤੋਂ ਡੇਟਿੰਗ ਐਪ ਜ਼ਰੀਏ ਆਰਥਿਕ ਧੋਖਾਧੜੀ ਦੀਆਂ ਦੋ ਸ਼ਿਕਾਇਤਾਂ ਮਿਲੀਆਂ ਸੀ। ਇੱਕ ਵਿਅਕਤੀ ਨੂੰ ਮਿਲਣ ਗਏ ਤਾਂ ਉਸ ਨਾਲ ਕੁੱਟਮਾਰ ਕੀਤੀ ਹੋਈ ਸੀ ਅਤੇ ਉਸ ਦੇ ਸਾਰੇ ਪੈਸੇ ਤੇ ਦਸਤਾਵੇਜ਼ ਖੋਹ ਲਏ। ਇਨ੍ਹਾਂ ਲੋਕਾਂ ਨੇ ਇਸ ਸੰਗਠਨ ਕੋਲ ਤਾਂ ਸ਼ਿਕਾਇਤ ਕੀਤੀ ਪਰ ਉਹ ਪੁਲਿਸ ਕੋਲ ਜਾਣ ਲਈ ਤਿਆਰ ਨਹੀਂ ਹਨ।

ਇਨ੍ਹਾਂ ਸ਼ਿਕਾਇਤਾਂ ਦੇ ਦਰਜ ਹੋਣ ਤੋਂ ਬਾਅਦ ਇਹ ਸੰਗਠਨ ਪੀੜਤਾਂ ਨੂੰ ਸਥਿਤੀ ਸਮਝਾਉਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਪੁਲਿਸ ਸਟੇਸ਼ਨ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ।

ਅਨਿਲ ਦਾ ਕਹਿਣਾ ਹੈ ਕਿ ਪੁਣੇ ਵਿੱਚ ਉਨ੍ਹਾਂ ਕੋਲ ਸ਼ਿਕਾਇਤਾਂ ਆਉਣ ਤੋਂ ਬਾਅਦ ਉਨ੍ਹਾਂ ਨੇ ਬੰਡ ਗਾਰਡਨ ਪੁਲਿਸ ਸਟੇਸ਼ਨ, ਪਾਰਵਤੀ ਪੁਲਿਸ ਸਟੇਸ਼ਨ ਅਤੇ ਖਰਾਡੀ ਵਰਗੇ ਸਬੰਧਤ ਪੁਲਿਸ ਸਟੇਸ਼ਨਾਂ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਮਾਮਲੇ ਦਰਜ ਕਰਵਾਏ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਿਰਾਂ ਮੁਤਾਬਕ ਡੇਟਿੰਗ ਐਪਸ ਉੱਤੇ ਗੱਲਬਾਤ ਵੇਲੇ ਦੂਜੇ ਬੰਦੇ ਦੀ ਪਛਾਣ ਬਾਰੇ ਸੰਤੁਸ਼ਟੀ ਕਰਨੀ ਜ਼ਰੂਰੀ ਹੈ

ਪਰ ਪੇਂਡੂ ਇਲਾਕਿਆਂ ਵਿੱਚ ਅਜਿਹੀ ਕੋਈ ਸੰਸਥਾ ਨਹੀਂ ਹੈ। ਇਸ ਲਈ ਪੀੜਤਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਸ਼ਿਕਾਇਤ ਕਿੱਥੇ ਕਰਨ। ਨਾਲ ਹੀ ਲੋਕ ਸ਼ਿਕਾਇਤ ਕਰਨ ਤੋਂ ਡਰਦੇ ਵੀ ਹਨ। ਇਸ ਲਈ ਉਹ ਇਹ ਵੀ ਖਦਸ਼ਾ ਪ੍ਰਗਟਾਉਂਦੇ ਹਨ ਕਿ ਅਜਿਹੀਆਂ ਘਟਨਾਵਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ।

ਜੇ ਅਜਿਹਾ ਕੋਈ ਦੁਰਵਰਤੋਂ ਜਾਂ ਧੋਖਾਧੜੀ ਹੁੰਦੀ ਹੈ ਤਾਂ ਪੀੜਤ ਨੂੰ ਅੱਗੇ ਆ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਕਿਉਂਕਿ ਅਸੀਂ ਡਰ ਕਾਰਨ ਸ਼ਿਕਾਇਤ ਦਰਜ ਨਹੀਂ ਕਰਵਾਉਂਦੇ। ਇਸ ਨਾਲ ਸਾਈਬਰ ਅਪਰਾਧੀਆਂ ਜਾਂ ਅਜਿਹੀਆਂ ਡੇਟਿੰਗ ਐਪ ਰਾਹੀਂ ਠੱਗੀ ਮਾਰਨ ਵਾਲਿਆਂ ਦਾ ਹੌਸਲਾ ਵਧਦਾ ਹੈ।

ਪਰ ਪੁਲਿਸ ਦੇ ਧਿਆਨ 'ਚ ਆਉਣ ਨਾਲ ਇਨ੍ਹਾਂ ਅਪਰਾਧੀਆਂ 'ਤੇ ਕਾਰਵਾਈ ਕੀਤੀ ਜਾਵੇਗੀ। ਅਨਿਲ ਨੂੰ ਵੀ ਉਮੀਦ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਸਹਿਯੋਗ ਕਰੇਗੀ।

ਮੁੰਬਈ ਵਿੱਚ ਨਕਸਲ ਬਾਗਵੇ ਵੀ ਇਸੇ ਭਾਈਚਾਰੇ ਦੇ ਲੋਕਾਂ ਦੇ ਲਈ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡੇਟਿੰਗ ਐਪ ਰਾਹੀਂ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲਦੀਆਂ ਹਨ।

ਉਹ ਕਹਿੰਦੇ ਹਨ ਕਿ ਹਰ ਮਹੀਨੇ ਦੇਸ਼ ਭਰ ਤੋਂ 30-40 ਸ਼ਿਕਾਇਤਾਂ ਆਉਂਦੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਦਿੱਲੀ, ਨੋਇਡਾ, ਗੁਰੂਗ੍ਰਾਮ ਦੇ ਹੁੰਦੇ ਹਨ। ਪਰ ਲੋਕ ਪੁਲਿਸ ਸਟੇਸ਼ਨ ਸ਼ਿਕਾਇਤ ਕਰਨ ਦੇ ਲਈ ਤਿਆਰ ਨਹੀਂ ਹੁੰਦੇ।

ਅਸੀਂ ਉਨ੍ਹਾਂ ਲੋਕਾਂ ਦੀ ਸ਼ਿਕਾਇਤ ਦਰਜ ਕਰਦੇ ਹਾਂ ਜੋ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਤਿਆਰ ਹਨ।

ਪਰ ਜੋ ਲੋਕ ਆਪਣੀ ਪਛਾਣ ਉਜਾਗਰ ਨਹੀਂ ਕਰਨਾ ਚਾਹੁੰਦੇ ਹਨ ਤਾਂ ਅਸੀਂ ਉਹ ਮੁਲਜ਼ਮ ਲੱਭਦੇ ਹਾਂ।

ਇਸ ਦੇ ਲਈ ਪਹਿਲਾਂ ਅਸੀਂ ਪੂਰੇ ਸਬੂਤ ਇਕੱਠਾ ਕਰਦੇ ਹਾਂ। ਇਹ ਪਤਾ ਚੱਲਣ ਤੋਂ ਬਾਅਦ ਕਿ ਉਹ ਵਿਅਕਤੀ ਉਹੀ ਹੈ, ਅਸੀਂ ਆਪਣੇ ਭਾਈਚਾਰੇ ਨੂੰ ਵੀ ਇਸ ਵਿਅਕਤੀ ਤੋਂ ਸਾਵਧਾਨ ਰਹਿਣ ਦੇ ਲਈ ਕਹਿੰਦੇ ਹਾਂ।

ਇਸ ਰਾਹੀਂ ਵਿਅਕਤੀ ਦੇ ਘਰ ਤੱਕ ਪਹੁੰਚਿਆ ਜਾਂਦਾ। ਇਕ ਵਾਰ ਜਦੋਂ ਗੱਲ ਅਜਿਹੇ ਧੋਖੇਬਾਜ਼ਾਂ ਦੇ ਘਰ ਤੱਕ ਪਹੁੰਚ ਜਾਂਦੀ ਹੈ ਤਾਂ ਉਹ ਅਪਰਾਧ ਸਵੀਕਾਰ ਕਰ ਲੈਂਦੇ ਹਨ ਅਤੇ ਪੈਸੇ ਵਾਪਸ ਕਰ ਦਿੰਦੇ ਹਨ।

ਕਦੇ-ਕਦੇ ਜੇ ਸ਼ਿਕਾਇਤਕਰਤਾ ਤਿਆਰ ਹੋਣ ਤਾਂ ਪੁਲਿਸ ਵਿੱਚ ਮਾਮਲਾ ਵੀ ਦਰਜ ਕਰ ਲਿਆ ਜਾਂਦਾ ਹੈ।

ਡੇਟਿੰਗ ਐਪ ਦੀਆਂ ਸਾਵਧਾਨੀਆਂ

ਅਕੋਲਾ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਮਨੋਜ ਕੇਦਾਰੇ ਨੇ ਐੱਲਜੀਬੀਟੀਕਿਊ ਦੇ ਭਾਈਚਾਰੇ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨ ਵਾਲੇ ਸ਼ਿਕਾਇਤ ਦਰਜ ਕਰਵਾਉਣ ਲਈ ਅੱਗੇ ਆਉਣ।

ਉਨ੍ਹਾਂ ਦਾ ਕਹਿਣਾ ਜਿਨ੍ਹਾਂ ਮੁਲਜ਼ਮਾਂ ਨੂੰ ਹੁਣ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਪਹਿਲਾਂ ਵੀ ਅਜਿਹੀਆਂ ਹਰਕਤਾਂ ਕਰ ਚੁੱਕੇ ਹਨ ਪਰ ਕੋਈ ਵੀ ਇਨ੍ਹਾਂ ਦੀ ਸ਼ਿਕਾਇਤ ਕਰਨ ਲਈ ਅੱਗੇ ਨਹੀਂ ਆਉਂਦਾ।

ਉਹ ਕਹਿੰਦੇ ਹਨ ਕਿ ਬਿਨਾਂ ਸ਼ਿਕਾਇਤ ਦਰਜ ਦੇ ਅਸੀਂ ਕਾਰਵਾਈ ਨਹੀਂ ਕਰ ਸਕਦੇ ਤੇ ਹੁਣ ਜਿਵੇਂ ਹੀ ਸ਼ਿਕਾਇਤ ਦਰਜ ਹੋਈ ਅਸੀਂ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?

ਯੁਤਕ ਸੰਸਥਾ ਦੇ ਅਨਿਲ ਦੱਸਦੇ ਹਨ ਕਿ ਡੇਟਿੰਗ ਐਪ 'ਤੇ ਧੋਖਾਧੜੀ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਉਸ ਵਿਅਕਤੀ ਨੂੰ ਮਿਲਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਉਹ ਸਲਾਹ ਦਿੰਦੇ ਹਨ ਕਿ ਡੇਟਿੰਗ ਐਪ 'ਤੇ ਜਾਣ-ਪਛਾਣ ਤੋਂ ਬਾਅਦ ਤੁਹਾਨੂੰ ਸਭ ਤੋਂ ਪਹਿਲਾਂ ਸਾਹਮਣੇ ਵਾਲੇ ਦੀ ਫੋਟੋ ਮੰਗਣੀ ਚਾਹੀਦੀ ਹੈ। ਇਸ ਤੋਂ ਬਾਅਦ ਪਤਾ ਲਗਾਓ ਕਿ ਇਹ ਤਸਵੀਰ ਉਸੇ ਦੀ ਹੈ। ਇਸ ਦੌਰਾਨ ਤੁਹਾਨੂੰ ਇੱਕ ਜਾਂ ਦੋ ਵਾਰ ਵੀਡੀਓ ਕਾਲ 'ਤੇ ਗੱਲ ਕਰਨੀ ਚਾਹੀਦੀ ਹੈ।

ਫਿਰ ਭੀੜ-ਭਾੜ ਵਾਲੀ ਥਾਂ 'ਤੇ ਉਸ ਵਿਅਕਤੀ ਨੂੰ ਮਿਲੋ ਅਤੇ ਉਸ ਨੂੰ ਜਾਣੋ। ਦੇਖੋ ਕਿ ਉਹ ਕਿਵੇਂ ਬੋਲਦਾ ਹੈ ਅਤੇ ਕਿਵੇਂ ਵਿਵਹਾਰ ਕਰਦਾ ਹੈ। ਫਿਰ ਜਦੋਂ ਤੁਸੀਂ ਸੰਤੁਸ਼ਟ ਹੋ ਜਾਓ ਤਾਂ ਤੁਸੀਂ ਉਸ ਵਿਅਕਤੀ ਨੂੰ ਇਕੱਲੇ ਵਿੱਚ ਮਿਲ ਸਕਦੇ ਹੋ।

ਪਰ ਇਕੱਲੇ ਕਿਸੇ ਨੂੰ ਜਾਣ ਸਮੇਂ ਵੀ ਉਸ ਵਿਅਕਤੀ ਦੀ ਫੋਟੋ, ਲੋਕੇਸ਼ਨ ਅਤੇ ਨੰਬਰ ਆਪਣੇ ਕਰੀਬੀ ਦੋਸਤ ਦੇ ਨਾਲ ਸਾਂਝਾ ਕਰੋ ਤਾਂ ਕਿ ਜੇ ਕੋਈ ਘਟਨਾ ਵਾਪਰੇ ਤਾਂ ਉਸ ਵਿਅਕਤੀ ਨੂੰ ਪਤਾ ਚਲ ਜਾਵੇ ਕਿ ਤੁਸੀਂ ਕਿੱਥੇ ਹੋ।

ਕਈ ਵਾਰ ਤਾਂ ਅਪਰਾਧੀਆਂ ਦੀ ਇੱਕ ਪੂਰੀ ਟੀਮ ਮਿਲ ਕੇ ਇਸ ਜਾਲ ਦੀ ਯੋਜਨਾ ਬਣਾਉਂਦੀ ਹੈ। ਨਤੀਜੇ ਵਜੋਂ, ਤੁਹਾਡੇ ਨਿੱਜੀ ਪਲਾਂ ਦੀ ਵੀਡੀਓ ਬਣਾਈ ਜਾਂਦੀ ਹੈ ਅਤੇ ਤੁਹਾਨੂੰ ਕੁੱਟਿਆ ਵੀ ਜਾਂਦਾ ਹੈ।

ਅਜਿਹੀ ਸਥਿਤੀ ਵਿੱਚ ਹਿੰਮਤ ਕਰਕੇ ਪੁਲਿਸ ਦੇ ਐਮਰਜੈਂਸੀ ਨੰਬਰ 'ਤੇ ਕਾਲ ਕਰਨੀ ਚਾਹੀਦੀ ਹੈ। ਅਨਿਲ ਸਲਾਹ ਦਿੰਦੇ ਹਨ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਘਟਨਾ ਤੋਂ ਬਾਅਦ ਪੁਲਿਸ ਸਟੇਸ਼ਨ ਆ ਕੇ ਸ਼ਿਕਾਇਤ ਦਰਜ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਪੁਲਿਸ ਇੰਸਪੈਕਟਰ ਮਨੋਜ ਕੇਦਾਰੇ ਦਾ ਵੀ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੇ ਰਾਹੀਂ ਮਿਲੇ ਵਿਅਕਤੀ ਦੀ ਪਹਿਲਾਂ ਜਾਂਚ-ਪੜਤਾਲ ਕਰਨੀ ਚਾਹੀਦੀ ਹੈ।

ਉਹ ਕਹਿੰਦੇ ਹਨ ਕਿ ਕਿਸੇ ਵੀ ਵੈੱਬਸਾਈਟ 'ਤੇ ਖਾਤਾ ਬਣਾਉਂਦੇ ਸਮੇਂ, ਤੁਹਾਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਉਹ ਵੈੱਬਸਾਈਟ ਜਾਂ ਐਪ ਕਿੰਨੀ ਅਧਿਕਾਰਤ ਹੈ।

ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਨਾਲ ਤੁਸੀਂ ਗੱਲ ਕਰ ਰਹੇ ਹੋ ਉਹ ਭਰੋਸੇਯੋਗ ਹੈ।

ਹਾਲਾਂਕਿ, ਆਨਲਾਈਨ ਹੋਈ ਜਾਣ-ਪਛਾਣ ਦੇ ਆਧਾਰ 'ਤੇ ਸੰਚਾਰ ਕਰਨਾ ਖ਼ਤਰਨਾਕ ਹੋ ਸਕਦਾ ਹੈ। ਇਸਦਾ ਫਾਇਦਾ ਉਠਾਇਆ ਜਾ ਸਕਦਾ ਹੈ। ਇਸ ਲਈ, ਤੁਹਾਨੂੰ ਅਜਿਹੀ ਐਪ ਰਾਹੀਂ ਜਾਣ-ਪਛਾਣ ਕਰਨ ਤੋਂ ਬਾਅਦ ਇਸ ਬਾਰੇ ਪੂਰੀ ਤਰ੍ਹਾਂ ਯਕੀਨੀ ਹੋਣਾ ਚਾਹੀਦਾ ਹੈ।

ਮੁੰਬਈ ਸਥਿਤ ਸਮਾਜ ਸੇਵੀ ਨਕਸ਼ਤਰਾ ਬਾਗਵੇ ਵੀ ਅਜਿਹੀ ਧੋਖੀਧੜੀ ਤੋਂ ਬਚਨ ਦੀ ਸਲਾਹ ਦਿੰਦੇ ਹਨ।

ਉਹ ਕਹਿੰਦੇ ਹਨ ਇਸ ਭਾਈਚਾਰੇ ਦੇ ਲੋਕ ਆਪਣੇ ਪਰਿਵਾਰ ਤੋਂ ਆਪਣੀ ਪਛਾਣ ਲੁਕਾਉਂਦੇ ਹਨ। ਇਸ ਲਈ ਤੁਹਾਨੂੰ ਅਜਿਹੇ ਦੋਸਤ ਬਣਾਉਣੇ ਚਾਹੀਦੇ ਹਨ, ਜੋ ਤੁਹਾਡਾ ਸਾਥ ਦੇਣ।

ਨਾਲ ਹੀ, ਕਿਸੇ ਅਣਜਾਣ ਵਿਅਕਤੀ ਨੂੰ ਇਹ ਨਾ ਦੱਸੋ ਕਿ ਤੁਹਾਡਾ ਪਰਿਵਾਰ ਅਤੇ ਦੋਸਤ ਤੁਹਾਡੇ ਬਾਰੇ ਨਹੀਂ ਜਾਣਦੇ। ਕਿਉਂਕਿ ਅਪਰਾਧੀ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ ਆਪਣੀ ਪਛਾਣ ਲੁਕਾਉਂਦੇ ਹਨ। ਇਸ ਲਈ, ਉਨ੍ਹਾਂ ਨੂੰ ਦੱਸੋ ਕਿ ਤੁਸੀਂ ਖੁੱਲ੍ਹੇ ਵਿਚਾਰਾਂ ਵਾਲੇ ਹੋ ਅਤੇ ਇਸ ਭਾਈਚਾਰੇ ਨਾਲ ਸਬੰਧਤ ਹੋ।

ਇਸ ਤੋਂ ਇਲਾਵਾ, ਜਦੋਂ ਤੁਸੀਂ ਕਿਸੇ ਅਜਨਬੀ ਨੂੰ ਮਿਲਣ ਜਾਂਦੇ ਹੋ ਤਾਂ ਆਪਣੇ ਮੋਬਾਈਲ ਤੋਂ ਬੈਂਕ ਐਪ ਡਿਲੀਟ ਕਰੋ, ਮਹਿੰਗੀਆਂ ਘੜੀਆਂ ਅਤੇ ਸੋਨੇ ਦੇ ਗਹਿਣੇ ਪਹਿਨਣ ਤੋਂ ਬਚੋ। ਇਸ ਨਾਲ ਵਿੱਤੀ ਧੋਖਾਧੜੀ ਅਤੇ ਬਲੈਕਮੇਲ ਦਾ ਖ਼ਤਰਾ ਵੀ ਹੋ ਸਕਦਾ ਹੈ।

ਜੇਕਰ ਤੁਸੀਂ ਕਿਸੇ ਨੂੰ ਮਿਲਣ ਲਈ ਕਿਸੇ ਹੋਟਲ ਜਾਂ ਘਰ ਜਾ ਰਹੇ ਹੋ ਤਾਂ ਪਤਾ ਕਰੋ ਕਿ ਕੀ ਉੱਥੇ ਕੈਮਰੇ ਤਾਂ ਨਹੀਂ ਹਨ ਅਤੇ ਕੀ ਤੁਹਾਡੇ ਦੋਵਾਂ ਤੋਂ ਇਲਾਵਾ ਉੱਥੇ ਕੋਈ ਹੋਰ ਹੈ।

ਅਜਿਹੀਆਂ ਘਟਨਾਵਾਂ ਪੂਰੀ ਦੁਨੀਆਂ ਵਿੱਚ ਹੋ ਰਹੀਆਂ ਹਨ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਭਾਰਤ ਹੀ ਨਹੀਂ ਬਲਕਿ ਦੁਨੀਆ ਭਰ ਵਿੱਚ ਐੱਲਜੀਬੀਟੀਕਿਊ ਭਾਈਚਾਰੇ ਦੇ ਲੋਕਾਂ ਨੂੰ ਅਜਿਹੀਆਂ ਡੇਟਿੰਗ ਐਪਸ ਰਾਹੀਂ ਠੱਗੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇੰਗਲੈਂਡ ਵਿੱਚ ਪੁਲਿਸ ਨੇ ਅਜਿਹੇ ਇੱਕ ਗਿਰੋਹ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

ਇੰਨਾ ਹੀ ਨਹੀਂ ਇਹ ਵੀ ਪਤਾ ਚੱਲਿਆ ਕਿ ਮਿਸਰ ਵਿੱਚ ਪੁਲਿਸ ਐੱਲਜੀਬੀਟੀ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਇਨ੍ਹਾਂ ਡੇਟਿੰਗ ਐਪਸ ਦੀ ਦੁਰਵਰਤੋਂ ਕਰ ਰਹੀ ਸੀ।

ਮਿਸਰ ਵਿੱਚ ਐੱਲਜੀਬੀਟੀ ਭਾਈਚਾਰੇ ਦੇ ਖ਼ਿਲਾਫ਼ ਕੋਈ ਕਾਨੂੰਨ ਨਹੀਂ ਹੈ। ਹਾਲਾਂਕਿ ਪੁਲਿਸ ਅਜਿਹੇ ਡੇਟਿੰਗ ਐਪ ਰਾਹੀਂ ਆਈਡੀ ਬਣਾਉਂਦੀ ਹੈ ਅਤੇ ਵਿਅਕਤੀ ਨਾਲ ਗੱਲਬਾਤ ਕਰਦੀ ਹੈ। ਉਹ ਉਸ ਵਿਅਕਤੀ ਨਾਲ ਮਿਲਣ ਦੇ ਲਈ ਭਰੋਸਾ ਬਣਾਉਂਦੇ ਹਨ ਅਤੇ ਫਿਰ ਉਸ ਨੂੰ ਅਸ਼ਲੀਲਤਾ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕਰ ਲੈਂਦੇ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)