'ਸੈਕਸ ਥੀਮ' ਪਾਰਟੀਆਂ 'ਤੇ ਪੁਲਿਸ ਨੇ ਛਾਪੇ ਮਾਰਨੇ ਕਿਉਂ ਸ਼ੁਰੂ ਕੀਤੇ, ਕੌਣ ਲੋਕ ਹੁੰਦੇ ਹਨ ਇਨ੍ਹਾਂ ਵਿੱਚ ਸ਼ਾਮਲ

ਤਸਵੀਰ ਸਰੋਤ, Getty Images
- ਲੇਖਕ, ਅਮਾਲਿਆ ਜ਼ਤਾਰੀ ਅਤੇ ਅਨਾਸਤਾਸਿਆ ਗੋਲੁਬੇਵਾ
- ਰੋਲ, ਬੀਬੀਸੀ ਰੂਸੀ ਸੇਵਾ
ਰੁਸ ਵਿੱਚ ਅੱਜ-ਕੱਲ੍ਹ ਸੈਕਸ ਪਾਰਟੀਆਂ ਉੱਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਕਾਰਵਾਈ ਬੀਤੇ ਸਾਲ ਨਵੰਬਰ ਵਿੱਚ ਆਏ ਸੁਪਰੀਮ ਕੋਰਟ ਦੇ ਇੱਕ ਫ਼ੈਸਲੇ ਤੋਂ ਬਾਅਦ ਕੀਤੀ ਜਾ ਰਹੀ ਹੈ।
ਅਦਾਲਤ ਨੇ ਐਲਜੀਬੀਟੀਕਿਊ ਅੰਦੋਲਨ ਨੂੰ ਕੱਟੜਪੰਥੀ ਵਿਚਾਰਧਾਰਾ ਦੱਸਿਆ ਸੀ।
ਹਾਲ ਦੇ ਮਹੀਨਿਆਂ ਵਿੱਚ ਰੂਸ ਦੇ ਵੱਖਰੇ-ਵੱਖਰੇ ਇਲਾਕਿਆਂ ਵਿੱਚ ਸੈਕਸ ਥੀਮ ਵਾਲੀਆਂ ਛੇ ਜਨਤਕ ਜਾਂ ਨਿੱਜੀ ਪਾਰਟੀਆਂ ਦੇ ਦੌਰਾਨ ਪੁਲਿਸ ਨੇ ਛਾਪੇਮਾਰੀ ਕੀਤੀ ਹੈ।
ਇਨ੍ਹਾਂ ਵਿੱਚੋਂ ਕੁਝ ਪਾਰਟੀਆਂ ਦਾ ਐਲਜੀਬੀਟੀਕਿਊ ਭਾਈਚਾਰੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਰੂਸੀ ਪੁਲਿਸ ਨੇ ਫਰਵਰੀ ਵਿੱਚ ਯੈਕਾਤੇਰਿਨਬਰਗ ਦੇ ਇੱਕ ਨਾਈਟ ਕਲੱਬ ਉੱਤੇ ਛਾਪਾ ਮਾਰਿਆ ਸੀ।
ਇਸ ਕਲੱਬ ਵਿੱਚ 'ਬਲੂ ਵੈਲਵੈੱਟ' ਨਾਮ ਦੀ ਇੱਕ ਸੈਕਸ ਥੀਮ ਪਾਰਟੀ ਕਰਵਾਈ ਗਈ ਸੀ।
ਇਸ ਵਿੱਚ ਸ਼ਾਮਲ ਲੋਕਾਂ ਨੇ ਆਪਣੀ ਪਛਾਣ ਲੁਕਾਉਣ ਦੇ ਲਈ ਬਾਲਾਕਲਾਵਾ(ਮੰਕੀ ਕੈਪ) ਪਾਈ ਹੋਈ ਸੀ।
ਇਸ ਪਾਰਟੀ ਦੇ ਪ੍ਰਬੰਧਕਾਂ ਨੇ ਬੀਬੀਸੀ ਦੀ ਰੂਸੀ ਸੇਵਾ ਨੂੰ ਕਿਹਾ ਕਿ ਕਾਰਵਾਈ ਵਿੱਚ ਘੱਟੋ-ਘੱਟ 50 ਪੁਲਿਸ ਮੁਲਾਜ਼ਮ ਸ਼ਾਮਲ ਸਨ।
ਇਨ੍ਹਾਂ ਵਿੱਚੋਂ ਕੁਝ ਰੂਸ ਦੇ ਵਿਸ਼ੇਸ਼ ਸੁਰੱਖਿਆ ਬਲ ਐੱਫਐੱਸਬੀ ਦੇ ਮੈਂਬਰ ਸਨ।

ਤਸਵੀਰ ਸਰੋਤ, Getty Images
ਪ੍ਰਬੰਧਕਾਂ ਵਿੱਚੋਂ ਇੱਕ ਸਟਾਨਿਸਲਾਵ ਸਲੋਵਿਕੋਵਸਕੀ ਨੇ ਦੱਸਿਆ ਕਿ ਪੁਲਿਸ ਨੇ ਪਾਰਟੀ ਵਿੱਚ ਸ਼ਾਮਲ ਲੋਕਾਂ ਨੂੰ ਮਾਸਕ ਲਾਹੁਣ ਦੇ ਲਈ ਮਜਬੂਰ ਕੀਤਾ। ਪੁਲਿਸ ਨੇ ਉਨ੍ਹਾਂ ਕੋਲੋਂ ਉਨ੍ਹਾਂ ਦੀ ਨਿੱਜੀ ਜਾਣਕਾਰੀ ਮੰਗੀ।
ਉਨ੍ਹਾਂ ਨੇ ਕਿਹਾ, "ਉਨ੍ਹਾਂ ਨੇ ਮੇਰੇ ਕੋਲੋਂ ਪੁੱਛਿਆ ਕਿ ਕੀ ਪਾਰਟੀ ਵਿੱਚ ਕੋਈ ਗੇ ਜਾਂ ਲੈਸਬੀਅਨ ਵੀ ਸ਼ਾਮਲ ਹੈ ਜਾਂ ਐਲਜੀਬੀਟੀਕਿਊ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਕੀ ਲੋਕ ਡਰੱਗਸ ਵੀ ਲੈ ਰਹੇ ਹਨ, ਹਾਲਾਂਕਿ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਰੁਚੀ ਇਸ ਵਿੱਚ ਘੱਟ ਹੀ ਸੀ।”
ਰੂਸੀ ਅਧਿਕਾਰੀ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ 'ਐਲਜੀਬੀਟੀਕਿਊ' ਅੰਦੋਲਨ ਨੂੰ ਇੱਕ ਕੱਟੜਪੰਥੀ ਵਿਚਾਰਧਾਰਾ ਦੱਸ ਕੇ ਗ਼ੈਰ-ਕਾਨੂੰਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਦੇ ਲਈ ਕਈ ਕਾਨੂੰਨ ਬਣਾਏ ਗਏ ਹਨ ਅਤੇ 'ਐਲਜੀਬੀਟੀਕਿਊ' ਭਾਈਚਾਰੇ ਕੋਲੋਂ ਉਨ੍ਹਾਂ ਦੇ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ।
ਰੂਸੀ ਸੰਸਦ ਦੇ ਹੇਠਲੇ ਸਦਨ ਨੇ 2013 ਵਿੱਚ 'ਐੱਲਜੀਬੀਟੀਕਿਊ 'ਦੇ ਪ੍ਰਚਾਰ 'ਤੇ ਰੋਕ ਲਗਾਉਣ ਦੇ ਲਈ ਇੱਕ ਬਿੱਲ ਪਾਸ ਕੀਤਾ ਸੀ।
ਇਸ ਨੇ 'ਐੱਲਜੀਬੀਟੀਕਿਊ' ਭਾਈਚਾਰੇ ਦੇ ਹੱਕਾਂ ਅਤੇ ਉਨ੍ਹਾਂ ਨਾਲ ਸਬੰਧਤ ਮੁੱਦਿਆਂ ਉੱਤੇ ਕਿਸੇ ਵੀ ਜਨਤਕ ਬਹਿਸ ਨੂੰ ਸੀਮਤ ਕਰ ਦਿੱਤਾ ਹੈ।
ਪਿਛਲੇ ਸਾਲ 'ਐੱਲਜੀਬੀਟੀਕਿਊ' ਵਿਰੋਧੀ ਹੋਰ ਸਖ਼ਤ ਕਾਨੂੰਨ ਲਾਗੂ ਕੀਤਾ ਗਿਆ।
ਬੀਤੇ ਸਾਲ ਜੁਲਾਈ ਵਿੱਚ ਸੰਸਦ ਨੇ 'ਟ੍ਰਾਂਸਜੈਂਡਰ ਟ੍ਰਾਂਜਿਸ਼ਨ' (ਲਿੰਗ ਬਦਲਣ) ਉੱਤੇ ਰੋਕ ਲਾ ਦਿੱਤੀ ਸੀ ਜੋ ਕਿ 1997 ਤੋਂ ਜਾਇਜ਼ ਸੀ।
ਅਧਿਕਾਰਤ ਦਸਤਾਵੇਜ਼ਾਂ ਵਿੱਚ ਲਿੰਗ ਬਦਲਣ, ਹਾਰਮੋਨਲ ਥੈਰੇਪੀ, ਅਤੇ ਹੋਰ ਪ੍ਰਕਿਰਿਆਵਾਂ ਨੂੰ ਗ਼ੈਰ-ਕਾਨੂੰਨੀ ਐਲਾਨ ਦਿੱਤਾ ਸੀ।
ਬੀਤੇ ਸਾਲ ਨਵੰਬਰ ਵਿੱਚ ਹੀ ਰੂਸ ਦੇ ਸੁਪਰੀਮ ਕੋਰਟ ਨੇ ਐੱਲਜੀਬੀਟੀਕਿਊ ਅੰਦੋਲਨ ਨੂੰ ਅੱਤਵਾਦੀ ਵਿਚਾਰਧਾਰਾ ਦੱਸਿਆ ਸੀ।
ਇਸ ਤੋਂ ਬਾਅਦ ਐਲਜੀਬੀਟੀਕਿਊ ਨੂੰ ਕੱਟੜਪੰਥੀ ਸੰਗਠਨਾਂ ਦੀ ਉਸ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਜਿਸ ਵਿੱਚ ਇਸਲਾਮਿਕ ਸਟੇਟ ਜਿਹੇ ਸੰਗਠਨ ਸ਼ਾਮਲ ਹਨ।
ਬੀਡੀਐੱਸਐੱਮ ਪਾਰਟੀਆਂ

ਤਸਵੀਰ ਸਰੋਤ, Getty Images
ਸਟਾਨਿਸਲਾਵ ਸਲੋਵਿਕੋਵਸਕੀ ਨੇ ਬੀਬੀਸੀ ਦੀ ਰੂਸੀ ਸੇਵਾ ਨੂੰ ਦੱਸਿਆ ਕਿ ਜਿਸ ‘ਬਲੂ ਵੈਲਵੈੱਟ’ ਪਾਰਟੀ ਉੱਤੇ ਪੁਲਿਸ ਨੇ ਛਾਪਾ ਮਾਰਿਆ ਸੀ ਉਸ ਨੇ ਕੋਈ ਅਪਰਾਧ ਨਹੀਂ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿੱਚ ਕੁਝ ਕਾਮੁਕ ਪ੍ਰਦਰਸ਼ਨ ਸ਼ਾਮਲ ਸਨ। ਉਨ੍ਹਾਂ ਵਿੱਚੋਂ ਕੁਝ ਵਿੱਚ ਬੀਡੀਐੱਸਐੱਮ ਸੀ।
ਇਸ ਵਿੱਚ ਵੱਖ-ਵੱਖ ਤਰੀਕੇ ਦੀ ਸੈਕਸ਼ੂਅਲ ਐਕਟੀਵਿਟੀ ਜਾਂ ਰੋਲ ਪਲੇਅ ਸ਼ਾਮਲ ਸਨ।
ਇਸ ਵਿੱਚ ਸ਼ਾਮਲ ਹੋਣ ਦੇ ਲਈ ਲੋਕਾਂ ਨੂੰ ਸੱਦਾ ਦਿੱਤਾ ਗਿਆ।
ਇਸ ਦੇ ਨਾਲ ਹੀ ਸਲੋਵਿਕੋਵਸਕੀ ਨੇ ਇਹ ਵੀ ਕਿਹਾ ਕਿ ਮਹਿਮਾਨਾਂ ਕੋਲੋਂ ਜਿਨਸੀ ਸਬੰਧ ਬਣਾਉਣ ਦੀ ਇੱਛਾ ਜਾ ਦਬਾਅ ਨਹੀਂ ਸੀ।
ਉੱਥੇ ਹੀ ਬਾਅਦ ਵਿੱਚ ਯੇਕਾਤੇਰਿਨਬਰਗ ਸਿਟੀ ਪੁਲਿਸ ਦੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਨੇ ਉਸ ਰਾਤ ਰੋਕਣ ਲਈ ਛਾਪੇਮਾਰੀ ਕੀਤੀ ਸੀ।
ਯੇਕਾਤੇਰਿਨਬਰਗ ਪਬਲਿਕ ਚੈਂਬਰ ਦੇ ਮੈਂਬਰ ਦਿਮਿਤਰੀ ਚੌਕ੍ਰੀਵ ਨੇ ਕਿਹਾ, “ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਐਲਜੀਬੀਟੀਕਿਊ ਭਾਈਚਾਰਾ ਬੀਡੀਐੱਸਐੱਮ ਪਾਰਟੀਆਂ ਦੇ ਪਰਦੇ ਹੇਠ ਆਪਣੀ ਮੀਟਿੰਗ ਦਾ ਪ੍ਰਬੰਧ ਕਰ ਸਕਦਾ ਹੈ।”
ਉਹ ਕਹਿੰਦੇ ਹਨ ਕਿ ਅਧਿਕਾਰੀਆਂ ਨੇ ਪਿਛਲੇ ਕੁਝ ਸਾਲਾਂ ਵਿੱਚ ਐੱਲਜੀਬੀਟੀਕਿਊ ਭਾਈਚਾਰੇ ਉੱਤੇ ਕਾਰਵਾਈ ਵਧਾ ਦਿੱਤੀ ਹੈ, ਇਸ ਤੋਂ ਬਾਅਦ ਵੀ ਉਹ ਗਾਇਬ ਨਹੀਂ ਹੋਏ ਹਨ।
ਉਨ੍ਹਾਂ ਨੇ ਬੀਬੀਸੀ ਦੀ ਰੂਸੀ ਸੇਵਾ ਨੂੰ ਕਿਹਾ, “ਉਨ੍ਹਾਂ ਨੂੰ ਹਾਲੇ ਵੀ ਆਪਣਾ ਮਨੋਰੰਜਨ ਕਰਨ ਅਤੇ ਆਪਣੇ ਵਿਚਾਰਾਂ ਨੂੰ ਪੂਰਾ ਕਰਨ ਦੀ ਲੋੜ ਹੈ। ਸ਼ਾਇਦ ਇਸ ਤਰੀਕੇ ਉਹ ਬੀਡੀਐੱਮ ਦੇ ਰੂਪ ਵਿੱਚ ਅਜਿਹੇ ਆਯੋਜਨ ਕਰ ਸਕਦੇ ਹਨ, ਜਿਨ੍ਹਾਂ ਉੱਤੇ ਹਾਲੇ ਤੱਕ ਪਾਬੰਦੀ ਨਹੀਂ ਲਗਾਈ ਗਈ ਹੈ।”
ਪਿਛਲੇ ਦਹਾਕੇ ਵਿੱਚ ਸੈਕਸ ਪਾਰਟੀਆਂ ਸਿਰਫ਼ ਰੂਸ ਦੇ ਵੱਡੇ ਸ਼ਹਿਰਾਂ ਵਿੱਚ ਹੀ ਦਿਖਦੀਆਂ ਸਨ ਉਹ ਜ਼ਿਆਦਾਤਰ ਵੱਡੇ ਸ਼ਹਿਰਾਂ ਦੇ ਲੋਕਾਂ ਤੱਕ ਹੀ ਸੀਮਤ ਸਨ।
ਅੰਦਾਜ਼ਾ ਹੈ ਕਿ ਆਬਾਦੀ ਦਾ ਇੱਕ ਛੋਟਾ ਹਿੱਸਾ ਹੀ ਇਸ ਵਿੱਚ ਸ਼ਾਮਲ ਹੁੰਦਾ ਸੀ। ਇਨ੍ਹਾਂ ਪਾਰਟੀਆਂ ਨੇ ਮੱਧ ਵਰਗ ਦੇ ਨੌਕਰੀਪੇਸ਼ਾ ਲੋਕਾਂ ਨੂੰ ਆਪਣੇ ਵੱਲ ਖਿੱਚਿਆ।
ਇਨ੍ਹਾਂ ਲੋਕਾਂ ਵਿੱਚ ਕ੍ਰਿਏਟਿਵ ਇੰਡਸਟ੍ਰੀ ਜਾਂ ਆਈਟੀ ਸੈਕਟਰ ਦੇ ਲੋਕ ਸ਼ਾਮਲ ਸਨ।
‘ਆਲਮੋਸਟ ਨਿਊਡ’ ਪਾਰਟੀ ਦੇ ਮਹਿਮਾਨਾਂ ਉੱਤੇ ਕਾਰਵਾਈ

ਤਸਵੀਰ ਸਰੋਤ, Getty Images
ਰੂਸੀ ਅਧਿਕਾਰੀਆਂ ਨੇ ਦਸੰਬਰ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਟੀਵੀ ਹੋਸਟ ਅਨਾਸਤਾਸੀਆ ਇਵਿਲੇਵਾ ਦੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਸੈਕਸ ਪਾਰਟੀਆਂ 'ਤੇ ਕਾਰਵਾਈ ਸਖ਼ਤ ਕੀਤੀ।
ਇਸ ਪਾਰਟੀ 'ਚ ਮਹਿਮਾਨਾਂ ਲਈ ਅਜਿਹਾ ਡਰੈੱਸ ਕੋਡ ਲਾਗੂ ਕੀਤਾ ਗਿਆ ਸੀ ਜਿਸ ਵਿੱਚ ਇਹ ਜ਼ਰੂਰੀ ਸੀ ਕਿ ਉਹ ਘੱਟ ਤੋਂ ਘੱਟ ਕੱਪੜੇ ਪਾ ਕੇ ਆਉਣ।
ਇਸ ਪਾਰਟੀ ਦਾ ਸੋਸ਼ਲ ਮੀਡੀਆ 'ਤੇ ਜ਼ੋਰਦਾਰ ਪ੍ਰਚਾਰ ਹੋਇਆ।
ਇਸ ਵਿੱਚ ਹਾਜ਼ਰ ਮਹਿਮਾਨਾਂ ਵਿੱਚ ਏ-ਲਿਸਟ ਰੂਸੀ ਮਸ਼ਹੂਰ ਹਸਤੀਆਂ ਸ਼ਾਮਲ ਸਨ। ਉਨ੍ਹਾਂ ਵਿੱਚ ਰੂਸੀ ਮੀਡੀਆ ਦੀ ਚਰਚਿਤ ਹਸਤੀ ਕੇਨਸਿਆ ਸੋਬਚਕ ਵੀ ਸ਼ਾਮਲ ਸੀ।
ਉਹ ਵਲਾਦੀਮੀਰ ਪੁਤਿਨ ਦੇ ਪੁਰਾਣੇ ਸਹਿਯੋਗੀ ਅਤੇ ਸਲਾਹਕਾਰ ਅਨਾਤੋਲੀ ਸੋਬਚਕ ਦੀ ਧੀ ਹਨ। ਉਨ੍ਹਾਂ ਤੋਂ ਇਲਾਵਾ ਇਸ ਪਾਰਟੀ 'ਚ ਸੀਨੀਅਰ ਪੌਪ ਗਾਇਕ ਫਿਲਿਪ ਕਿਰਕੋਰੋਵ ਵੀ ਮਹਿਮਾਨ ਸਨ।
ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਕਈ ਲੋਕ ਨਾਰਾਜ਼ ਹੋਏ ਸਨ।
ਇਸ ਪਾਰਟੀ 'ਚ ਸ਼ਾਮਲ ਹੋਏ ਰੈਪਰ ਵਾਸਿਓ ਨੂੰ ਗੁੰਡਾਗਰਦੀ ਦੇ ਇਲਜ਼ਾਮ 'ਚ 15 ਦਿਨਾਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ। ਉਸ ਦੇ ਪਹਿਰਾਵੇ ਕਾਰਨ ਉਸ 'ਤੇ ਦੋ ਲੱਖ ਰੂਬਲ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।
ਇਵਿਲੇਵਾ ਉੱਤੇ ਅਜਿਹੀ ਪਾਰਟੀ ਕਰਵਾਉਣ ਲਈ ਇੱਕ ਲੱਖ ਰੂਬਲ ਦਾ ਜੁਰਮਾਨਾ ਲਗਾਇਆ ਗਿਆ ਸੀ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਥਿਤ ਤੌਰ 'ਤੇ ਪਾਰਟੀ ਦੀਆਂ ਤਸਵੀਰਾਂ ਦਿਖਾਏ ਜਾਣ ਤੋਂ ਬਾਅਦ ਪ੍ਰਬੰਧਕ ਅਤੇ ਮਹਿਮਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪਾਰਟੀ ਵਿੱਚ ਸ਼ਾਮਲ ਹੋਣ ਵਾਲੀਆਂ ਕੁਝ ਮਸ਼ਹੂਰ ਹਸਤੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਹਿਲਾਂ ਤੋਂ ਹੀ ਨਿਰਧਾਰਤ ਰੁਝੇਵਿਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਅਪਰਾਧਿਕ ਮੁਕੱਦਮੇ ਦੀਆਂ ਦੀ ਧਮਕੀ ਮਿਲੀ ਸੀ।
ਰੂਸ 'ਚ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਪੁਤਿਨ ਨੇ ਰਵਾਇਤੀ ਕਦਰਾਂ-ਕੀਮਤਾਂ 'ਤੇ ਜ਼ੋਰ ਦੇਣਾ ਦਿੱਤਾ ਸੀ। ਨਤੀਜਾ ਇਹ ਨਿਕਲਿਆ ਕਿ ਇਸ ਨੇ ਰਾਸ਼ਟਰਪਤੀ ਦੇ ਤੌਰ 'ਤੇ ਪੰਜਵੀਂ ਵਾਰ ਜਿੱਤਣ ਵਿਚ ਉਨ੍ਹਾਂ ਦੀ ਮਦਦ ਕੀਤੀ।
ਪੁਲਿਸ ਦੀ ਕਾਰਵਾਈ ਦਾ ਅਸਰ

ਤਸਵੀਰ ਸਰੋਤ, Getty Images
ਹਾਲ ਹੀ ਵਿਚ ਸੈਕਸ ਪਾਰਟੀਆਂ 'ਤੇ ਛਾਪੇਮਾਰੀ ਵਿਚ ਵੀ ਅਜਿਹਾ ਹੀ ਕੀਤਾ ਗਿਆ ਸੀ। ਪੁਲਿਸ ਨੇ ਆ ਕੇ ਸਾਰਿਆਂ ਨੂੰ ਲੇਟਣ ਲਈ ਕਿਹਾ ਅਤੇ ਉਨ੍ਹਾਂ ਦੇ ਪਛਾਣ ਪੱਤਰਾਂ ਬਾਰੇ ਜਾਣਕਾਰੀ ਲਈ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਛਾਪਿਆਂ ਨੂੰ ਪੁਤਿਨ ਪੱਖੀ ਮੀਡੀਆ ਵੱਲੋਂ ਕਵਰ ਕੀਤਾ ਗਿਆ, ਕੁਝ ਟੈਲੀਵਿਜ਼ਨ ਚੈਨਲਾਂ ਨੇ ਪਾਰਟੀ 'ਚ ਮੌਜੂਦ ਲੋਕਾਂ ਦੀ ਨਿੱਜੀ ਜਾਣਕਾਰੀ ਜਨਤਕ ਕੀਤੀ।
ਇਹ ਕਾਰਵਾਈ ਸਿਰਫ਼ ਜਨਤਕ ਪ੍ਰੋਗਰਾਮਾਂ ਤੱਕ ਸੀਮਤ ਨਹੀਂ ਸੀ। ਘੱਟੋ-ਘੱਟ ਦੋ ਮਾਮਲਿਆਂ ਵਿੱਚ ਪੁਲਿਸ ਨੇ ਪ੍ਰਾਈਵੇਟ(ਨਿੱਜੀ) ਪਾਰਟੀਆਂ 'ਤੇ ਵੀ ਕਾਰਵਾਈ ਕੀਤੀ।
ਇੱਕ ਹਾਜ਼ਰ ਨੇ ਬੀਬੀਸੀ ਦੀ ਰੂਸੀ ਸੇਵਾ ਨੂੰ ਦੱਸਿਆ ਕਿ ਕੁਝ ਮਰਦ ਮਹਿਮਾਨਾਂ ਨੂੰ ਯੁੱਧ ਵਿੱਚ ਲੜਨ ਲਈ ਯੂਕਰੇਨ ਭੇਜਣ ਦੀ ਧਮਕੀ ਵੀ ਦਿੱਤੀ ਗਈ ਸੀ।
ਪੁਲਿਸ ਦੇ ਵੱਧ ਰਹੇ ਛਾਪਿਆਂ ਅਤੇ ਜਨਤਕ ਤੌਰ ਉੱਤੇ ਹੋਣ ਵਾਲੀ ਨਮੋਸ਼ੀ ਨੂੰ ਦੇਖਦਿਆਂ ਅਜਿਹੀਆਂ ਪਾਰਟੀਆਂ ਦੇ ਪ੍ਰਬੰਧਕ ਠੰਢੇ ਪੈ ਗਏ ਹਨ।
ਮਾਸਕੋ ਵਿੱਚ ਸਮਲਿੰਗੀਆਂ ਵਿੱਚ ਪ੍ਰਸਿੱਧ ਪੌਪ ਆਫ ਕਿਚਨ ਅਤੇ ਸੈਕਸ-ਥੀਮ ਵਾਲੀਆਂ ਪਾਰਟੀਆਂ ਦੀ ਮੇਜ਼ਬਾਨੀ ਕਰਨ ਵਾਲੇ 'ਕਿੰਕੀ ਪਾਰਟੀ'(ਸ਼ੋਅ ਪ੍ਰੋਜੈਕਟ) ਨੇ ਇਸ ਸਾਲ ਫਰਵਰੀ ਵਿੱਚ ਘੋਸ਼ਣਾ ਕੀਤੀ ਸੀ ਕਿ ਉਹ ਰੂਸ ਵਿੱਚ ਕਿਸੇ ਵੀ ਸਮਾਗਮ ਕਰਵਾਉਣੇ ਬੰਦ ਕਰ ਦੇਣਗੇ।
ਕਿੰਕੀ ਪਾਰਟੀ ਦੇ ਪ੍ਰਬੰਧਕਾਂ ਨੇ ਇੱਕ ਬਿਆਨ ਵਿੱਚ ਕਿਹਾ, "ਸਾਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਹੁਣ ਤੋਂ ਕਿਸੇ ਵੀ ਸੈਕਸ ਨਾਲ ਸਬੰਧਤ ਸਮਾਗਮਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।"
ਪੌਪ ਆਫ ਕਿਚਨ ਦੀ ਨਿਕਿਤਾ ਐਗੋਰੋਵ ਕਿਰੀਲੋਵ ਨੇ ਬੀਬੀਸੀ ਨੂੰ ਦੱਸਿਆ: "ਮੈਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਉਹ ਸਭ ਤੋਂ ਮਸ਼ਹੂਰ ਪਾਰਟੀ ਨੂੰ ਵੀ ਬੰਦ ਕਰ ਸਕਦੇ ਹਨ। ਇਹ ਜਾਣ ਕੇ ਕੰਮ ਕਰਨਾ ਅਸੰਭਵ ਹੈ ਕਿ ਤੁਸੀਂ ਆਪਣੇ ਮਹਿਮਾਨਾਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਦੇ ਸਕਦੇ।
ਉਨ੍ਹਾਂ ਕਿਹਾ, "ਇਹ ਸਾਰੇ ਛਾਪੇ, ਧਮਕੀਆਂ, ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਨੂੰ ਰਿਕਾਰਡ ਕਰਨਾ... ਇਹ ਸਿਰਫ਼ ਇੱਕ ਵਾਰੀ ਹੀ ਹੁੰਦਾ ਹੈ। ਉਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਦੁਬਾਰਾ ਇਹ ਯਕੀਨ ਨਹੀਂ ਦਵਾ ਸਕੋਗੇ ਕਿ ਤੁਹਾਡੀ ਪਾਰਟੀ ਸੁਰੱਖਿਅਤ ਹੈ।"












