ਪੁਤਿਨ ਵਾਰ-ਵਾਰ ਰੂਸ ਵਿੱਚ ਰਾਸ਼ਟਰਪਤੀ ਚੋਣਾਂ ਕਿਵੇਂ ਜਿੱਤ ਜਾਂਦੇ ਹਨ

ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਲਾਦੀਮੀਰ ਪੁਤਿਨ ਪੰਜਵੀਂ ਵਾਰ ਰਾਸ਼ਟਰਪਤੀ ਬਣਨ ਜਾ ਰਹੇ ਹਨ
    • ਲੇਖਕ, ਪੌਲ ਕਿਰਬੀ
    • ਰੋਲ, ਬੀਬੀਸੀ ਨਿਊਜ਼

ਵਲਾਦੀਮੀਰ ਪੁਤਿਨ ਪੰਜਵੀਂ ਵਾਰ ਰਾਸ਼ਟਰਪਤੀ ਬਣਨ ਜਾ ਰਹੇ ਹਨ। ਉਨ੍ਹਾਂ ਦੇ ਸਾਹਮਣੇ ਤਿੰਨ ਉਮੀਦਵਾਰ ਸਨ ਅਤੇ ਤਿੰਨੋਂ ਕ੍ਰੇਮਲਿਨ ਵੱਲੋਂ ਨਾਮਜ਼ਦ ਕੀਤੇ ਗਏ ਸਨ।

ਪਰ ਜਦੋਂ ਉਹ ਜਿੱਤ ਗਏ ਅਤੇ ਕੁੱਲ ਵੋਟਾਂ ਦਾ 87 ਫੀਸਦ ਹਿੱਸਾ ਪੁਤਿਨ ਨੂੰ ਮਿਲਿਆ ਤਾਂ ਉਨ੍ਹਾਂ ਨੇ ਕਿਹਾ ਕਿ ਰੂਸ ਦਾ ਲੋਕਤੰਤਰ ਕਈ ਪੱਛਮੀ ਦੇਸ਼ਾਂ ਦੇ ਲੋਕਤੰਤਰ ਨਾਲੋਂ ਮਜ਼ਬੂਤ ਹੈ।

ਪਰ ਸੱਚਾਈ ਇਹ ਹੈ ਕਿ ਇਸ ਚੋਣ ਵਿੱਚ ਇੱਕ ਵੀ ਉਮੀਦਵਾਰ ਅਜਿਹਾ ਨਹੀਂ ਸੀ ਜਿਸ ਦੀ ਭਰੋਸੇਯੋਗਤਾ ਹੋਵੇ।

ਪੁਤਿਨ ਦੇ ਵਿਰੋਧੀ ਅਲੈਕਸੀ ਨਵਾਲਨੀ ਦੇ ਸਮਰਥਕਾਂ ਨੇ ਪ੍ਰਤੀਕਾਤਮਕ ਵਿਰੋਧ ਦਰਜ ਕਰਵਾਇਆ।

'ਨੂਨ ਅਗੇਂਸਟ ਪੁਤਿਨ' ਮੁਹਿੰਮ ਤਹਿਤ ਰੂਸ ਦੇ ਮਾਸਕੋ ਅਤੇ ਸੇਂਟ ਪੀਟਰਸਬਰਗ ਸਣੇ ਕਈ ਸ਼ਹਿਰਾਂ ਅਤੇ ਕਈ ਦੇਸ਼ਾਂ ਦੇ ਰੂਸੀ ਦੂਤਾਵਾਸਾਂ ਦੇ ਸਾਹਮਣੇ ਲੋਕ ਇਕੱਠੇ ਹੋਏ ਅਤੇ ਆਪਣਾ ਵਿਰੋਧ ਦਰਜ ਕਰਵਾਉਂਦਿਆਂ ਵੋਟਿੰਗ ਕੀਤੀ, ਜਿਸ ਨੂੰ 'ਪ੍ਰੋਟੈਸਟ ਵੋਟਿੰਗ' ਕਿਹਾ ਜਾ ਰਿਹਾ ਹੈ।

ਹਾਲਾਂਕਿ, ਇਨ੍ਹਾਂ ਪ੍ਰਦਰਸ਼ਨਾਂ ਦਾ ਚੋਣਾਂ 'ਤੇ ਕੋਈ ਅਸਰ ਨਹੀਂ ਹੋਣ ਵਾਲਾ ਸੀ ਅਤੇ ਨਾ ਹੀ ਹੋਇਆ।

ਨਿਗਰਾਨੀ ਸਮੂਹ ਓਵੀਡੀ-ਇਨਫੋ ਨੇ ਕਿਹਾ ਹੈ ਕਿ ਰੂਸ ਵਿੱਚ ਘੱਟੋ-ਘੱਟ 80 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਵੀ ਕੁਝ ਪੋਲਿੰਗ ਬੂਥਾਂ 'ਤੇ ਹਮਲਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।

ਰੂਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁੱਲ ਵੋਟਾਂ ਦਾ 87 ਫੀਸਦ ਹਿੱਸਾ ਪੁਤਿਨ ਨੂੰ ਮਿਲਿਆ

ਪੱਛਮੀ ਦੇਸ਼ਾਂ ਨੇ ਰੂਸ ਦੀਆਂ ਚੋਣਾਂ ਦੀ ਨਿੰਦਾ ਕਰਦੇ ਹੋਏ ਕਿਹਾ, "ਇਹ ਚੋਣਾਂ ਨਾ ਤਾਂ ਆਜ਼ਾਦ ਸਨ ਅਤੇ ਨਾ ਹੀ ਨਿਰਪੱਖ ਸਨ।"

ਜਰਮਨੀ ਨੇ ਇਸ ਚੋਣ ਨੂੰ ਸੈਂਸਰਸ਼ਿਪ, ਦਮਨ ਅਤੇ ਹਿੰਸਾ ਦੇ ਵਿਚਕਾਰ ਇੱਕ "ਮਖੌਲੀ ਚੋਣ" ਕਿਹਾ ਹੈ।

ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਕੈਮਰਨ ਨੇ ਰੂਸ ਦੀਆਂ ਚੋਣਾਂ ਦੀ ਨਿੰਦਾ ਕਰਦੇ ਹੋਏ ਕਿਹਾ ਹੈ, "ਯੂਕਰੇਨ ਦੀ ਧਰਤੀ 'ਤੇ ਚੋਣਾਂ ਗ਼ੈਰ-ਕਾਨੂੰਨੀ ਢੰਗ ਨਾਲ ਕਰਵਾਈਆਂ ਗਈਆਂ ਸਨ।"

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ, "ਰੂਸੀ ਤਾਨਾਸ਼ਾਹ ਇੱਕ ਹੋਰ ਚੋਣ ਕਰਵਾ ਰਹੇ ਹਨ।"

ਲਿਥੁਆਨੀਆ ਵਿੱਚ ਸ਼ਰਨ ਦੀ ਮੰਗ ਕਰ ਰਹੇ ਨੇਵਾਲਨੀ ਦੇ ਸਹਿਯੋਗੀ ਲਿਓਨਿਡ ਵੋਲਕੋਫ ਨੂੰ ਇੱਕ ਹਫ਼ਤਾ ਪਹਿਲਾਂ ਹਥੌੜੇ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ ਸੀ।

ਉਨ੍ਹਾਂ ਨੇ ਇਨ੍ਹਾਂ ਚੋਣਾਂ ਬਾਰੇ ਕਿਹਾ ਹੈ ਕਿ "ਪੁਤਿਨ ਨੂੰ ਜੋ ਫੀਸਦ ਵੋਟਾਂ ਮਿਲੀਆਂ ਹਨ, ਉਨ੍ਹਾਂ ਦਾ ਅਸਲੀਅਤ ਨਾਲ ਕੋਈ ਸਬੰਧ ਨਹੀਂ ਹੈ।"

ਲੰਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੰਡਨ ਵਿੱਚ ਰੂਸ ਦੇ ਦੂਤਾਵਾਸ ਦੇ ਬਾਹਰ ਖੜ੍ਹੇ ਲੋਕ

ਘਰਾਂ ਤੱਕ ਬੈਲੇਟ ਬੌਕਸ ਲੈ ਕੇ ਪਹੁੰਚੇ

ਰੂਸ ਵਿੱਚ ਚੋਣਾਂ ਤਿੰਨ ਦਿਨ ਚੱਲੀਆਂ ਅਤੇ ਰੂਸ ਦੇ ਕਬਜ਼ੇ ਵਾਲੇ ਯੂਕਰੇਨੀ ਖੇਤਰਾਂ ਵਿੱਚ ਇਸ ਤੋਂ ਵੀ ਵੱਧ ਸਮੇਂ ਲਈ। ਕੋਸ਼ਿਸ਼ ਇਹ ਸੀ ਕਿ ਲੋਕਾਂ ਨੂੰ ਘਰੋਂ ਬਾਹਰ ਕੱਢ ਕੇ ਚੋਣਾਂ ਵਿੱਚ ਹਿੱਸਾ ਲੈਣ ਲਈ ਮਨਾਇਆ ਜਾਵੇ।

ਐਤਵਾਰ ਨੂੰ ਰੂਸ ਦੇ ਕਬਜ਼ੇ ਵਾਲੇ ਸ਼ਹਿਰ ਬੇਰਡੀਅਨਸਕ ਵਿੱਚ ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰੂਸ ਦੇ ਸਮਰਥਕ, ਜਿਨ੍ਹਾਂ ਦੇ ਨਾਲ ਫੌਜ ਦੇ ਲੋਕ ਵੀ ਹਨ, ਉਹ ਬੈਲੇਟ ਬੌਕਸ ਲੈ ਕੇ ਲੋਕਾਂ ਦੇ ਘਰਾਂ 'ਚ ਜਾ ਕੇ ਵੋਟਾਂ ਲੈ ਰਹੇ ਸਨ।

ਪਰ ਜਦੋਂ ਨਤੀਜੇ ਆਏ ਤਾਂ ਰੂਸੀ ਟੀਵੀ ਚੈਨਲਾਂ ਨੇ ਪੁਤਿਨ ਦੀ ਜਿੱਤ ਨੂੰ ਵੱਡੀ ਜਿੱਤ ਕਰਾਰ ਦਿੱਤਾ।

ਇੱਕ ਰੂਸੀ ਚੈਨਲ ਦੇ ਇੱਕ ਪੱਤਰਕਾਰ ਨੇ ਕਿਹਾ, "ਵਲਾਦੀਮੀਰ ਪੁਤਿਨ ਲਈ ਇੱਕ ਵੱਡਾ ਸਮਰਥਨ ਹੈ ਅਤੇ ਪੱਛਮੀ ਦੇਸ਼ਾਂ ਲਈ ਇੱਕ ਵੱਡਾ ਸੰਦੇਸ਼ ਹੈ।"

ਪੁਤਿਨ ਨੇ ਜਿੱਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਸੀ ਰਾਸ਼ਟਰਪਤੀ ਚੋਣ ਮੁਹਿੰਮ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਹ ਅਮਰੀਕਾ ਨਾਲੋਂ ਵੀ ਬਿਹਤਰ ਹੈ।

ਰੂਸ ਨੇ ਆਨਲਾਈਨ ਵੋਟਿੰਗ ਪ੍ਰਣਾਲੀ ਦੀ ਵਰਤੋਂ ਕੀਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਤਹਿਤ ਉਨ੍ਹਾਂ ਨੂੰ 80 ਲੱਖ ਵੋਟਾਂ ਮਿਲੀਆਂ।

ਉਨ੍ਹਾਂ ਨੇ ਕਿਹਾ, “ਇਹ ਪਾਰਦਰਸ਼ੀ ਅਤੇ ਬਿਲਕੁਲ ਸਹੀ ਹੈ। ਅਮਰੀਕਾ ਵਰਗਾ ਨਹੀਂ ਜਿੱਥੇ 10 ਡਾਲਰ ਵਿੱਚ ਵੋਟ ਖਰੀਦੀ ਜਾ ਸਕਦੀ ਹੈ।”

ਸੁਤੰਤਰ ਵਾਚਡੌਗ ਗੋਲੋਜ਼ ਨੂੰ ਵੋਟਿੰਗ ਪ੍ਰਕਿਰਿਆ ਦੀ ਨਿਗਰਾਨੀ ਕਰਨ ਤੋਂ ਰੋਕ ਦਿੱਤਾ ਗਿਆ ਸੀ।

ਪਰ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਚੋਣਾਂ ਵਿੱਚ ਗੜਬੜ ਹੋਈ ਹੈ।

ਇੱਥੋਂ ਤੱਕ ਕਿਹਾ ਗਿਆ ਕਿ ਸਰਕਾਰੀ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ 'ਤੇ ਦਬਾਅ ਸੀ ਕਿ ਉਹ ਪੋਲਿੰਗ ਬੂਥ 'ਤੇ ਜਾ ਕੇ ਜਾਂ ਆਨਲਾਈਨ ਵੋਟਿੰਗ ਕਰਕੇ ਵੋਟਿੰਗ ਵਿੱਚ ਹਿੱਸਾ ਲੈਣ, ਪਰ ਉਹ ਵੋਟ ਜ਼ਰੂਰ ਪਾਉਣ।

ਨਵੇਲਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਤਿਨ ਨੇ ਪਹਿਲੀ ਵਾਰ ਖੁੱਲ੍ਹ ਕੇ ਅਲੈਕਸੀ ਨਵਾਲਨੀ ਦਾ ਨਾਂ ਲਿਆ

ਪਹਿਲੀ ਵਾਰ ਪੁਤਿਨ ਨੇ ਲਿਆ ਨਵਾਲਨੀ ਦਾ ਨਾਮ

ਪੁਤਿਨ ਨੇ ਚੋਣਾਂ ਵਿੱਚ ਆਪਣੇ ਵਿਰੋਧੀਆਂ ਦੀ ਵੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਵੱਧ ਤੋਂ ਵੱਧ ਵੋਟਰਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

ਪਹਿਲੀ ਵਾਰ ਉਨ੍ਹਾਂ ਨੇ ਖੁੱਲ੍ਹ ਕੇ ਅਲੈਕਸੀ ਨਵਾਲਨੀ ਦਾ ਨਾਂ ਲਿਆ। ਉਹ ਵੀ ਜਦੋਂ ਇੱਕ ਮਹੀਨਾ ਪਹਿਲਾਂ ਆਰਕਟਿਕ ਜੇਲ੍ਹ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਹੈ।

ਸ਼ਾਇਦ ਉਹ ਉਨ੍ਹਾਂ ਇਲਜ਼ਾਮਾਂ ਦਾ ਜਵਾਬ ਦੇਣਾ ਚਾਹੁੰਦੇ ਸੀ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਪੁਤਿਨ ਨੇ ਨਵਾਲਨੀ ਦਾ ਕਤਲ ਕਰਵਾਇਆ ਹੈ।

ਨਵਾਲਨੀ ਬਾਰੇ ਗੱਲ ਕਰਦਿਆਂ, ਉਨ੍ਹਾਂ ਨੇ ਉਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਕੀਤੀ, ਜਿਸ ਵਿੱਚ ਕਿਹਾ ਗਿਆ ਸੀ ਉਨ੍ਹਾਂ ਨੇ ਪੱਛਮੀ ਦੇਸ਼ਾਂ ਵਿੱਚ ਬੰਦ ਰੂਸੀ ਕੈਦੀਆਂ ਦੇ ਬਦਲੇ ਨਵਾਲਨੀ ਨੂੰ ਵਿਦੇਸ਼ ਭੇਜਣ ਦੇ ਬਦਲ 'ਤੇ ਵਿਚਾਰ ਕੀਤਾ ਸੀ ਪਰ ਇਸ ਸ਼ਰਤ 'ਤੇ ਕਿ ਉਹ ਰੂਸ ਵਾਪਸ ਨਹੀਂ ਪਰਤੇਗਾ।

ਪੁਤਿਨ ਨੇ ਕਿਹਾ, "ਮੈਂ ਕਿਹਾ ਸੀ ਕਿ ਮੈਂ ਇਸ ਦੇ ਲਈ ਤਿਆਰ ਹਾਂ ਪਰ ਬਦਕਿਸਮਤੀ ਨਾਲ ਜੋ ਹੋਇਆ ਉਹ ਹੋਇਆ। ਕੀ ਕੀਤਾ ਜਾ ਸਕਦਾ ਹੈ। ਇਹ ਜ਼ਿੰਦਗੀ ਹੈ।"

ਯੂਲੀਆ ਨਵੇਲਨਾਯਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਲੀਆ ਨਵਾਲਨਾਯਾ ਨੇ ਬਰਲਿਨ ਵਿੱਚ ਰੂਸੀ ਦੂਤਾਵਾਸ ਦੇ ਸਾਹਮਣੇ ਵੋਟਿੰਗ ਦਾ ਵਿਰੋਧ ਕੀਤਾ।

ਪ੍ਰੋਟੈਸਟ ਵੋਟ ਅਤੇ ਇਸ ਦੇ ਮਾਅਨੇ

ਯੂਲੀਆ ਨਵਾਲਨਾਯਾ ਬਰਲਿਨ ਵਿੱਚ ਰੂਸੀ ਦੂਤਾਵਾਸ ਦੇ ਬਾਹਰ ਛੇ ਘੰਟੇ ਤੱਕ ਖੜ੍ਹੀ ਰਹੀ ਅਤੇ ਪ੍ਰੋਟੈਸਟ ਵੋਟ ਯਾਨਿ ਚੋਣਾਂ ਦੇ ਵਿਰੋਧ ਵਿੱਚ ਵੋਟਿੰਗ ਵਿੱਚ ਹਿੱਸਾ ਲਿਆ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੈਲੇਟ ਪੇਪਰ 'ਤੇ ਆਪਣੇ ਪਤੀ ਨਵਾਲਨੀ ਦਾ ਨਾਮ ਲਿਖਿਆ ਹੈ। ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਆਏ ਲੋਕਾਂ ਦੀ ਪ੍ਰਸ਼ੰਸਾ ਕਰਦਿਆਂ, ਉਨ੍ਹਾਂ ਨੇ ਕਿਹਾ, "ਇਸ ਨਾਲ ਉਮੀਦ ਮਿਲਦੀ ਹੈ ਕਿ ਸਭ ਕੁਝ ਖ਼ਤਮ ਨਹੀਂ ਹੋਇਆ ਹੈ।"

ਲੰਡਨ ਵਿੱਚ ਇੱਕ ਪ੍ਰਦਰਸ਼ਨਕਾਰੀ ਵੋਟਰ ਨੇ ਕਿਹਾ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਸੱਤ ਘੰਟੇ ਤੋਂ ਵੱਧ ਸਮੇਂ ਤੱਕ ਕਤਾਰ ਵਿੱਚ ਖੜ੍ਹੀ ਰਹੀ।

ਕਾਰਕੁਨ ਅਤੇ ਵਕੀਲ ਲਿਓਬੋਵ ਸੋਬੋਲ ਨੇ ਵਾਸ਼ਿੰਗਟਨ, ਡੀਸੀ ਵਿੱਚ ਕਿਹਾ ਕਿ ਵਿਰੋਧ ਵਿੱਚ ਪਾਈਆਂ ਜਾ ਰਹੀਆਂ ਵੋਟਾਂ ਕ੍ਰੇਮਲਿਨ ਦੇ ਨਤੀਜਿਆਂ ਵਿੱਚ ਨਹੀਂ ਦਿਖਾਈ ਦੇਣਗੀਆਂ। ਪਰ ਇਹ ਏਕਤਾ ਦਾ ਪ੍ਰਤੀਕ ਹੈ ਅਤੇ ਇਸ ਲਈ ਇਹ ਮਹੱਤਵਪੂਰਨ ਹੈ।”

ਰੂਸ ਦੀਆਂ ਚੋਣਾਂ ਕਦੇ ਵੀ 'ਲੈਵਲ ਪਲੇਅ ਫੀਲਡ' ਨਹੀਂ ਹੋਣ ਵਾਲੀਆਂ ਸਨ। ਭਾਵ ਅਜਿਹਾ ਨਹੀਂ ਹੋਣ ਵਾਲਾ ਸੀ ਜਿਸ ਵਿੱਚ ਸਾਰਿਆਂ ਨੂੰ ਬਰਾਬਰ ਮੌਕੇ ਮਿਲਣ।

ਕਮਿਊਨਿਸਟ ਪਾਰਟੀ ਦੇ ਉਮੀਦਵਾਰ ਨਿਕੋਲਾਈ ਖਾਰੀਤੋਨੋਫ ਨੂੰ ਚਾਰ ਫੀਸਦੀ ਤੋਂ ਕੁਝ ਵੱਧ ਵੋਟਾਂ ਮਿਲੀਆਂ ਅਤੇ ਉਨ੍ਹਾਂ ਦੇ ਸਾਥੀ ਉਮੀਦਵਾਰਾਂ ਨੂੰ ਇਸ ਤੋਂ ਵੀ ਘੱਟ ਵੋਟਾਂ ਮਿਲੀਆਂ।

ਤਿੰਨੇਂ ਹੀ ਉਮੀਦਵਾਰ ਗੰਭੀਰ ਨਹੀਂ ਸਨ ਅਤੇ ਖਰੀਤੋਨੋਫ ਤਾਂ ਪੁਤਿਨ ਦੀ ਆਪਣੀ ਮੁਹਿੰਮ ਵਿੱਚ ਤਾਰੀਫ਼ ਕਰਦਿਆਂ ਕਿਹਾ ਹੈ ਕਿ "ਪੁਤਿਨ ਸਾਰੇ ਖੇਤਰਾਂ ਵਿੱਚ ਦੇਸ਼ ਨੂੰ ਇੱਕਜੁੱਟ ਕਰਨ ਅਤੇ ਜਿੱਤ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ।"

ਲੱਖਾਂ ਲੋਕਾਂ ਨੇ ਪੁਤਿਨ ਨੂੰ ਉਨ੍ਹਾਂ ਦੇ ਪੰਜਵੇਂ ਕਾਰਜਕਾਲ ਲਈ ਵੋਟ ਦਿੱਤਾ ਕਿਉਂਕਿ ਉਨ੍ਹਾਂ ਕੋਲ ਕੋਈ ਬਦਲ ਨਹੀਂ ਸੀ।

ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕ੍ਰੇਮਲਿਨ ਨੇ ਕਿਸੇ ਵੀ ਭਰੋਸੇਮੰਦ ਵਿਰੋਧੀ ਨੂੰ ਪੂਰੇ ਸਿਆਸੀ ਸਪੈਕਟ੍ਰਮ ਤੋਂ ਬਾਹਰ ਨਹੀਂ ਰਹਿਣ ਦਿੱਤਾ, ਪੁਤਿਨ ਦੇ ਵਿਰੋਧੀ ਜਾਂ ਤਾਂ ਜੇਲ੍ਹ ਵਿੱਚ ਡੱਕੇ ਹੋਏ ਹਨ ਜਾਂ ਜਲਾਵਤਨੀ ਦੀ ਜ਼ਿੰਦਗੀ ਜੀ ਰਹੇ ਹਨ।

ਕੁਝ ਹਫ਼ਤਿਆਂ ਤੋਂ ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਸਨ ਕਿ ਜੰਗ ਵਿਰੋਧੀ ਨੇਤਾ ਬੋਰਿਸ ਨਦੇਜ਼ਦੀਨ ਨੂੰ ਚੋਣਾਂ ਵਿੱਚ ਖੜ੍ਹੇ ਹੋਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਪਰ ਪਿਛਲੇ ਮਹੀਨੇ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਉਮੀਦਵਾਰੀ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਅਜਿਹਾ ਲੱਗਦਾ ਸੀ ਕਿ ਵੱਡੀ ਗਿਣਤੀ ਵਿੱਚ ਰੂਸੀ ਆਪਣਾ ਸਮਰਥਨ ਉਨ੍ਹਾਂ ਲਈ ਦਰਜ ਕਰਵਾ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)