ਰੂਸ-ਯੂਕਰੇਨ ਜੰਗ ਵਿੱਚ ਕੌਣ ਜਿੱਤ ਰਿਹਾ ਹੈ ਸਣੇ ਪੰਜ ਅਹਿਮ ਸਵਾਲਾਂ ਦੇ ਜਵਾਬ

ਰੂਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੂਸ ਯੂਕਰੇਨ ਦੀ ਜੰਗ ਨੂੰ ਦੋ ਸਾਲ ਹੋ ਗਏ ਹਨ
    • ਲੇਖਕ, ਕੈਟਰੀਨਾ ਖਾਇਨਕੁਲੋਵਾ ਅਤੇ ਵਿਕਟੋਰੀਆ ਪ੍ਰਾਈਸਦਸਕਾਇਆ
    • ਰੋਲ, ਬੀਬੀਸੀ ਨਿਊਜ਼

ਯੂਕਰੇਨ ਵਿੱਚ ਰੂਸ ਦੇ ਹਮਲੇ ਤੋਂ ਬਾਅਦ ਜਾਰੀ ਜੰਗ ਨੂੰ ਦੋ ਸਾਲ ਹੋ ਚੁੱਕੇ ਹਨ ਅਤੇ ਇਹ ਜਲਦੀ ਖ਼ਤਮ ਹੋ ਜਾਵੇਗੀ ਇਸਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।

ਦੋ ਸਾਲ ਬਾਅਦ ਵੀ ਨਾ ਹੀ ਯੂਕਰੇਨ ਅਤੇ ਰੂਸ ਅਤੇ ਨਾ ਹੀ ਉਨ੍ਹਾਂ ਦੇ ਸਹਿਯੋਗੀ ਸ਼ਾਂਤੀ ਸਮਝੌਤੇ ਦੀ ਕੋਈ ਜ਼ਮੀਨ ਦੇਖ ਰਹੇ ਹਨ।

ਯੂਕਰੇਨ ਬਾਜ਼ਿੱਦ ਹੈ ਕਿ ਇਸ ਦੀਆਂ ਕੌਮਾਂਤਰੀ ਸਰਹੱਦਾਂ ਦਾ ਸਤਿਕਾਰ ਕੀਤਾ ਜਾਵੇ ਅਤੇ ਉਹ ਰੂਸੀ ਫੌਜ ਨੂੰ ਆਪਣੀ ਜ਼ਮੀਨ ਤੋਂ ਬਾਹਰ ਕੱਢ ਕੇ ਹੀ ਦਮ ਲਵੇਗਾ। ਜਦਕਿ ਰੂਸ ਦਾ ਕਹਿਣਾ ਹੈ ਕਿ ਯੂਕਰੇਨ ਕੋਈ ਬਾਕਾਇਦਾ ਦੇਸ ਨਹੀਂ ਹੈ ਅਤੇ ਰੂਸੀ ਫੌਜਾਂ ਮੰਤਵ ਪੂਰਾ ਹੋਣ ਤੱਕ ਆਪਣਾ ਦਬਾਅ ਕਾਇਮ ਰੱਖਣਗੀਆਂ।

ਹੁਣ ਅਸੀਂ ਦੇਖਦੇ ਹਾਂ ਕਿ ਹੁਣ ਕੀ ਹੋ ਰਿਹਾ ਹੈ ਅਤੇ ਭਵਿੱਖ ਦੀ ਦਿਸ਼ਾ ਕੀ ਹੋ ਸਕਦੀ ਹੈ-

ਬੀਬੀਸੀ

ਕੌਣ ਜਿੱਤ ਰਿਹਾ ਹੈ?

ਸਰਦੀਆਂ ਦੌਰਾਨ ਵੀ ਦੋਵਾਂ ਧਿਰਾਂ ਵਿਚਕਾਰ ਜੰਗ ਜਾਰੀ ਰਹੀ ਹੈ। ਦੋਵਾਂ ਪਾਸਿਓਂ ਭਾਰੀ ਜਾਨੀ ਨੁਕਸਾਨ ਹੋ ਰਿਹਾ ਹੈ।

ਜੰਗ ਦਾ ਮੈਦਾਨ 1000 ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਇਸਦਾ ਅਕਾਰ 2022 ਦੀ ਪਤਝੜ ਤੋਂ ਲਗਾਤਾਰ ਬਦਲਦਾ ਰਿਹਾ ਹੈ।

ਰੂਸ ਨੇ ਯੂਕਰੇਨ ਉੱਪਰ ਦੋ ਸਾਲ ਪਹਿਲਾਂ ਹਮਲਾ ਕੀਤਾ ਸੀ। ਕੁਝ ਮਹੀਨਿਆਂ ਦੇ ਅੰਦਰ ਹੀ ਯੂਕਰੇਨ ਨੇ ਰਾਜਧਾਨੀ ਕੀਵ ਦੇ ਉੱਤਰ ਵਾਲੇ ਪਾਸੇ ਤੋਂ ਅਤੇ ਆਲੇ ਦੁਆਲੇ ਤੋਂ ਪਿੱਛੇ ਧੱਕਣਾ ਸ਼ੁਰੂ ਕਰ ਦਿੱਤਾ ਸੀ। ਉਸੇ ਸਾਲ ਅੱਗੇ ਜਾ ਕੇ ਯੂਕਰੇਨ ਨੇ ਦੱਖਣ ਵੱਲ ਵੀ ਆਪਣੀ ਕਾਫ਼ੀ ਥਾਂ ਖਾਲੀ ਕਰਵਾ ਲਈ ਸੀ।

ਜਦਕਿ ਹੁਣ ਰੂਸੀ ਫੌਜਾਂ ਜ਼ਿਆਦਾ ਮੋਰਚੇਬੰਦੀ ਕਰਕੇ ਅੱਗੇ ਵਧ ਰਹੀਆਂ ਹਨ ਅਤੇ ਯੂਕਰੇਨ ਪੱਖ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਸਲ੍ਹਾ ਮੁਕਦਾ ਜਾ ਰਿਹਾ ਹੈ।

ਕਈ ਮਾਹਰਾਂ ਨੂੰ ਲਗਦਾ ਹੈ ਕਿ ਇਹ ਫੌਜੀ ਸਟੇਲਮੇਟ ਦੀ ਸਥਿਤੀ ਹੈ। ਹਾਲ ਹੀ ਵਿੱਚ ਯੂਕਰੇਨ ਨੇ ਆਪਣੇ ਆਹਲਾ ਫੌਜੀ ਜਰਨੈਲ ਵਲੇਰੀ ਜ਼ਾਲੁਜ਼ਹਨੀ ਅਤੇ ਰੂਸ ਵਿੱਚ ਕਰੈਮਲਿਨ ਪੱਖੀ ਮਿਲਟਰੀ ਬਲੌਗਰਾਂ ਦੀ ਰਾਇ ਹੈ ਕਿ ਇਹ ਸਥਿਤੀ ਇੱਕ ਲੰਬੀ ਫੌਜੀ ਖੜੋਤ ਸਾਬਤ ਹੋ ਸਕਦੀ ਹੈ।

ਫਰਵਰੀ ਦੇ ਅੱਧ ਵਿੱਚ, ਯੂਕਰੇਨ ਦੀਆਂ ਫੌਜਾਂ ਨੇ ਪੂਰਬ ਵਿੱਚ ਇੱਕ ਲੰਬੀ ਲੜਾਈ ਤੋਂ ਬਾਅਦ ਅਵਦੀਵਕਾ ਸ਼ਹਿਰ ਵਿੱਚੋਂ ਪੈਰ ਪਿੱਛੇ ਖਿੱਚ ਲਏ।

ਰੂਸ ਦੀ ਫੌਜ ਨੇ ਇਸ ਨੂੰ ਆਪਣੀ ਇੱਕ ਵੱਡੀ ਜਿੱਤ ਵਜੋਂ ਪੇਸ਼ ਕੀਤਾ ਹੈ। ਅਵਦੀਵਕਾ ਰਣਨੀਤਿਕ ਤੌਰ ਉੱਤੇ ਇੱਕ ਅਹਿਮ ਸ਼ਹਿਰ ਹੈ। ਇਸ ਸ਼ਹਿਰ ਦੇ ਕਬਜ਼ੇ ਤੋਂ ਬਾਅਦ ਰੂਸੀ ਫੌਜ ਲਈ ਹੋਰ ਡੂੰਘੇ ਹਮਲੇ ਕਰਨ ਦੇ ਹੋਰ ਰਸਤੇ ਖੁੱਲ੍ਹ ਸਕਦੇ ਹਨ।

ਕੀਵ ਨੇ ਕਿਹਾ ਹੈ ਕਿ ਉਸ ਨੇ ਆਪਣੇ ਫੌਜੀਆਂ ਦੀ ਜਾਨ ਬਚਾਉਣ ਲਈ ਇਹ ਸ਼ਹਿਰ ਛੱਡਿਆ ਹੈ। ਕੀਵ ਨੇ ਇਹ ਵੀ ਓਹਲਾ ਨਹੀਂ ਰੱਖਿਆ ਕਿ ਮੋਰਚੇ ਉੱਪਰ ਉਹ ਨਫਰੀ ਅਤੇ ਅਸਲ੍ਹੇ ਦੇ ਮਾਮਲੇ ਵਿੱਚ ਰੂਸ ਤੋਂ ਫਾਡੀ ਰਹਿ ਗਿਆ ਸੀ।

ਪਿਛਲੇ ਸਾਲ ਮਈ ਵਿੱਚ ਬਖ਼ਮੂਤ ਦੀ ਜਿੱਤ ਤੋਂ ਬਾਅਦ ਰੂਸ ਦੀਆਂ ਫੌਜਾਂ ਦੀ ਇਹ ਦੂਜੀ ਵੱਡੀ ਜਿੱਤ ਹੈ। ਅਵਦੀਵਕਾ ਦੋਨੇਤਸਕ ਤੋਂ ਮਹਿਜ਼ 20 ਕਿੱਲੋਮੀਟਰ ਦੂਰ ਹੈ ਜੋ ਕਿ ਪਹਿਲਾਂ ਹੀ ਸਾਲ 2014 ਤੋਂ ਰੂਸ ਦੇ ਕਬਜ਼ੇ ਹੇਠ ਹੈ।

ਅਜਿਹੀ ਬੜ੍ਹਤ ਰੂਸ ਦੇ ਸ਼ੁਰੂਆਤੀ ਫਰਵਰੀ 2022 ਦੇ ਮਨਸੂਬਿਆਂ ਦੇ ਮੁਕਾਬਲੇ ਬਹੁਤ ਥੋੜ੍ਹੀ ਹੈ। ਉਦੋਂ ਰੂਸ ਦੇ ਮਿਲਟਰੀ ਬਲੌਗਰ ਅਤੇ ਸਰਕਾਰੀ ਪ੍ਰਚਾਰ ਤੰਤਰ ਲਗਾਤਾਰ ਦਾਅਵੇ ਕਰ ਰਿਹਾ ਸੀ ਕਿ ਕੀਵ ਉੱਪਰ ਮਹਿਜ਼ “ਤਿੰਨ ਦਿਨਾਂ ਦੇ ਅੰਦਰ” ਕਬਜ਼ਾ ਕਰ ਲਿਆ ਜਾਵੇਗਾ।

ਫਿਲਹਾਲ ਯੂਕਰੇਨ ਦੀ ਲਗਭਗ 18 ਫੀਸਦੀ ਜ਼ਮੀਨ ਰੂਸ ਦੇ ਅਧਿਕਾਰ ਹੇਠ ਹੈ ਜਿਸ ਵਿੱਚ ਮਾਰਚ 2014 ਤੋਂ ਰੂਸੀ ਕਬਜ਼ੇ ਵਾਲਾ ਕ੍ਰੀਮੀਅਨ ਪੈਨਿਸੂਏਲਾ ਵੀ ਸ਼ਾਮਲ ਹੈ। ਜਦਕਿ ਲੋਹਾਂਸਕ ਅਤੇ ਦੋਨੇਤਸਕ ਇਲਾਕਿਆਂ ਉੱਪਰ ਕੁਝ ਸਮੇਂ ਬਾਅਦ ਰੂਸ ਨੇ ਅਧਿਕਾਰ ਕਰ ਲਿਆ ਸੀ।

ਬੀਬੀਸੀ

ਕੀ ਯੂਕਰੇਨ ਲਈ ਮਦਦ ਘਟ ਰਹੀ ਹੈ?

ਪਿਛਲੇ ਦੋ ਸਾਲਾਂ ਦੌਰਾਨ ਰੂਸ ਦੇ ਦੋਸਤਾਂ ਨੇ ਭਾਰੀ ਮਾਤਰਾ ਵਿੱਚ ਫੌਜੀ, ਵਿੱਤੀ ਅਤੇ ਮਨੁੱਖੀ ਸਹਾਇਤਾ ਭੇਜੀ ਹੈ।

ਕੀਲ ਇੰਸਟੀਚਿਊਟ ਫਾਰ ਦਿ ਵਰਲਡ ਇਕਾਨਮੀ ਮੁਤਾਬਕ ਇਸ ਵਿੱਚ ਜਨਵਰੀ 2024 ਤੱਕ ਲਗਭਗ 92 ਬਿਲੀਅਨ ਡਾਲਰ ਦੀ ਮਦਦ ਯੂਰਪੀ ਯੂਨੀਅਨ ਦੀਆਂ ਸੰਸਥਾਵਾਂ ਅਤੇ 73 ਬਿਲੀਅਨ ਡਾਲਰ ਅਮਰੀਕਾ ਦੀ ਤਰਫ਼ੋਂ ਉਸ ਨੂੰ ਮਿਲੇ ਹਨ।

ਪੱਛਮ ਦੇ ਦਿੱਤੇ ਹੋਏ ਟੈਂਕ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਲੰਬੀ ਦੂਰੀ ਦੇ ਤੋਪਖ਼ਾਨੇ ਨੇ ਯੂਕਰੇਨ ਨੂੰ ਟਿਕੇ ਰਹਿਣ ਵਿੱਚ ਮਦਦ ਕੀਤੀ ਹੈ।

ਹਾਲਾਂਕਿ ਪਿਛਲੇ ਸਾਲਾਂ ਦੌਰਾਨ ਯੂਕਰੇਨ ਨੂੰ ਪਹੁੰਚਣ ਵਾਲੀ ਮਦਦ ਵਿੱਚ ਕਮੀ ਆਈ ਹੈ। ਇਸ ਦੌਰਾਨ ਇਹ ਬਹਿਸ ਵੀ ਛਿੜੀ ਹੈ ਕਿ ਆਖਰ ਦੋਸਤ ਤੇ ਗੁਆਂਢੀ ਕਦੋਂ ਕੁ ਤੱਕ ਯੂਕਰੇਨ ਦੀ ਮਦਦ ਕਰਦੇ ਰਹਿ ਸਕਦੇ ਹਨ।

ਅਮਰੀਕਾ ਵੱਲੋਂ ਭੇਜਿਆ ਜਾਣ ਵਾਲਾ 60 ਬਿਲੀਅਨ ਡਾਲਰ ਦਾ ਪੈਕੇਜ ਸੰਸਦ ਅਤੇ ਘਰੇਲੂ ਸਿਆਸਤ ਵਿੱਚ ਅਟਕ ਗਿਆ।

ਕਿਆਸ ਲਾਏ ਜਾ ਰਹੇ ਕਿ ਜੇ ਇਸ ਸਾਲ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੌਨਲਡ ਟਰੰਪ ਇੱਕ ਵਾਰ ਮੁੜ ਰਾਸ਼ਟਰਪਤੀ ਚੁਣ ਲਏ ਜਾਂਦੇ ਹਨ ਤਾਂ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਮਦਦ ਵਿੱਚ ਹੋਰ ਕਮੀ ਕੀਤੀ ਜਾ ਸਕਦੀ ਹੈ।

ਇਸ ਸਾਲ ਫਰਵਰੀ ਵਿੱਚ ਯੂਰਪੀ ਯੂਨੀਅਨ ਵੱਲੋਂ ਬਹੁਤ ਸਾਰੀ ਬਹਿਸਬਾਜ਼ੀ ਅਤੇ ਸੌਦੇਬਾਜ਼ੀ ਤੋਂ ਬਾਅਦ ਆਖਰ 54 ਬਿਲੀਅਨ ਡਾਲਰ ਦੇ ਮਦਦ ਪੈਕੇਜ ਨੂੰ ਪਰਵਾਨਗੀ ਦਿੱਤੀ ਗਈ।

ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਇਸ ਪੈਕੇਜ ਵਿੱਚ ਵੱਡੀ ਰੁਕਾਵਟ ਸਨ। ਵਿਕਟਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਾਥੀ ਹਨ ਅਤੇ ਯੂਕਰੇਨ ਨੂੰ ਮਦਦ ਕਰਨ ਦੇ ਖੁੱਲ੍ਹੇ ਵਿਰੋਧੀ ਰਹੇ ਹਨ।

ਪੁਤਿਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰੂਸ ਦੇ ਰਾਸ਼ਟਰਪਤੀ ਪੁਤਿਨ ਇੱਕ ਇੰਟਰਵਿਊ ਦੌਰਾਨ

ਇਸ ਤੋਂ ਇਲਾਵਾ ਯੂਰਪੀ ਯੂਨੀਅਨ ਨੇ ਵਾਅਦਾ ਕੀਤਾ ਸੀ ਕਿ ਉਹ ਯੂਕਰੇਨ ਨੂੰ ਇਸ ਸਾਲ ਮਾਰਚ ਤੱਕ ਦਸ ਲੱਖ ਕਾਰਤੂਸ ਮੁਹੱਈਆ ਕਰਵਾਏਗਾ। ਜਦਕਿ ਅਜੇ ਤੱਕ ਇਸਦੇ ਅੱਧੇ ਹੀ ਭੇਜੇ ਜਾ ਸਕੇ ਹਨ।

ਰੂਸ ਦੇ ਹਮਾਇਤੀਆਂ ਵਿੱਚ ਬੇਲਾਰੂਸ ਸ਼ਾਮਲ ਹੈ ਜਿਸਦੇ ਅਕਾਸ਼ ਦੀ ਵਰਤੋਂ ਕਰਕੇ ਰੂਸ ਨੇ ਯੂਕਰੇਨ ਉੱਪਰ ਹਮਲਾ ਕੀਤਾ ਹੈ।

ਅਮਰੀਕਾ ਅਤੇ ਯੂਰਪੀ ਯੂਨੀਅਨ ਦਾ ਦਾਅਵਾ ਹੈ ਕਿ ਈਰਾਨ ਰੂਸ ਦੀ ਸ਼ਾਹਿਦ ਡਰੋਨ ਨਾਲ ਮਦਦ ਕਰ ਰਿਹਾ ਹੈ। ਜਦਕਿ ਈਰਾਨ ਕਹਿੰਦਾ ਰਿਹਾ ਹੈ ਕਿ ਉਸ ਨੇ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੁਝ ਕੁ ਡਰੋਨ ਰੂਸ ਨੂੰ ਦਿੱਤੇ ਸਨ।

ਬਿਨਾਂ ਮਨੁੱਖ ਦੇ ਉੱਡਣ ਵਾਲੇ ਸਾਧਨ ਯੂਕਰੇਨ ਦੇ ਧੁਰ ਅੰਦਰ ਤੱਕ ਹਮਲਾ ਕਰਨ ਵਿੱਚ ਰੂਸ ਦੇ ਮਦਦਗਾਰ ਸਾਬਤ ਹੋਏ ਹਨ। ਹਾਲਾਂਕਿ ਡਰੋਨ ਦੀ ਮੰਗ ਰੂਸ ਅਤੇ ਯੂਕਰੇਨ ਦੋਵਾਂ ਵੱਲੋਂ ਕੀਤੀ ਜਾਂਦੀ ਰਹੀ ਹੈ ਕਿਉਂਕਿ ਇਹ ਹਵਾਈ ਰੱਖਿਆ ਪ੍ਰਣਾਲੀ ਨੂੰ ਚਕਮਾ ਦੇਣ ਵਿੱਚ ਕਾਰਗਰ ਹਨ।

ਪੱਛਮੀ ਦੇਸਾਂ ਵੱਲੋਂ ਰੂਸ ਉੱਪਰ ਲਗਾਈਆਂ ਪਾਬੰਦੀਆਂ ਦਾ ਵੀ ਬਹੁਤਾ ਅਸਰ ਨਹੀਂ ਹੋਇਆ ਹੈ। ਪੱਛਮੀ ਮੁਲਕਾਂ ਨੂੰ ਉਮੀਦ ਸੀ ਕਿ ਵਪਾਰਕ ਪਾਬੰਦੀਆਂ ਨਾਲ ਉਹ ਰੂਸੀ ਆਰਥਿਕਤਾ ਦੀ ਕਮਰ ਤੋੜ ਦੇਣਗੇ ਪਰ ਅਜਿਹਾ ਨਹੀਂ ਹੋਇਆ ਹੈ।

ਰੂਸ ਅਜੇ ਵੀ ਆਪਣਾ ਤੇਲ ਅਤੇ ਗੈਸ ਵੇਚਣ ਵਿੱਚ ਕਾਮਯਾਬ ਹੈ ਅਤੇ ਉਹ ਵਿਦੇਸ਼ਾਂ ਤੋਂ ਫੌਜੀ ਕਲਪੁਰਜ਼ੇ ਅਤੇ ਉਪਕਰਣ ਵੀ ਮੰਗਾਵਾ ਰਿਹਾ ਹੈ।

ਚੀਨ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਵੀ ਧਿਰ ਨੂੰ ਹਥਿਆਰ ਸਪਲਾਈ ਨਹੀਂ ਕਰ ਰਿਹਾ। ਚੀਨ ਨੇ ਅਜੇ ਤੱਕ ਨਪੀਤੁਲੀ ਕੂਟਨੀਤੀ ਦਾ ਮੁਜ਼ਾਹਰਾ ਕੀਤਾ ਹੈ।

ਉਸ ਨੇ ਨਾ ਤਾਂ ਰੂਸ ਦੀ ਇਸ ਹਮਲੇ ਲਈ ਨਿੰਦਾ ਕੀਤੀ ਹੈ ਅਤੇ ਨਾ ਹੀ ਉਸਦਾ ਪੱਖ ਪੂਰਿਆ ਹੈ। ਹਾਂ, ਚੀਨ ਅਤੇ ਭਾਰਤ ਰੂਸੀ ਤੇਲ ਖ਼ਰੀਦ ਰਹੇ ਹਨ।

ਰੂਸ ਅਤੇ ਯੂਕਰੇਨ ਦੋਵਾਂ ਨੇ ਵਿਕਾਸਸ਼ੀਲ ਦੇਸਾਂ ਨੂੰ ਆਪਣੇ ਖੇਮੇ ਵਿੱਚ ਕਰਨ ਦੀ ਵਾਹ ਲਾਈ ਹੈ। ਇਸ ਸੰਬੰਧ ਵਿੱਚ ਦੋਵਾਂ ਦੇਸਾਂ ਨੇ ਅਫਰੀਕਾ ਅਤੇ ਲਾਤੀਨੀ ਅਮਰੀਕਾ ਵਿੱਚ ਕੂਟਨੀਤਿਕ ਦੌਰੇ ਕੀਤੇ ਹਨ।

ਬੀਬੀਸੀ

ਕੀ ਰੂਸ ਦੇ ਮਨਸੂਬੇ ਬਦਲ ਗਏ ਹਨ?

ਮੰਨਿਆ ਜਾਂਦਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਜੇ ਵੀ ਮੁਕੰਮਲ ਯੂਕਰੇਨ ਚਾਹੁੰਦੇ ਹਨ।

ਅਮਰੀਕੀ ਟਾਕ ਸ਼ੋਅ ਹੋਸਟ ਟਕਰ ਕਾਰਸਨ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਇੱਕ ਵਾਰ ਫਿਰ ਇਤਿਹਾਸ ਅਤੇ ਤਣਾਅ ਬਾਰੇ ਆਪਣਾ ਪੁਰਾਣਾ ਤੋੜਿਆ-ਮਰੋੜਿਆ ਹੋਇਆ ਪੁਰਾਣਾ ਨਜ਼ਰੀਆ ਦੀ ਦੁਹਰਾਇਆ।

ਉਹ ਲੰਬੇ ਸਮੇਂ ਤੋਂ ਬਿਨਾਂ ਕੋਈ ਠੋਸ ਸਬੂਤ ਦਿੱਤੇ ਇਹ ਦਲੀਲ ਦਿੰਦੇ ਰਹੇ ਹਨ ਕਿ ਯੂਕਰੇਨ ਦੇ ਨਾਗਰਿਕ ਖ਼ਾਸ ਕਰਕੇ ਪੂਰਬੀ ਦੋਨਬਾਸ ਖੇਤਰ ਰੂਸੀ ਸੁਰੱਖਿਆ ਚਾਹੁੰਦੇ ਹਨ।

ਟਾਕਸ਼ੋ ਦੌਰਾਨ ਪੁਤਿਨ ਨੇ ਨਾਟੋ ਦੇ ਪੂਰਬ ਵੱਲ ਵਧਦੇ ਪ੍ਰਭਾਵ ਬਾਰੇ ਵੀ ਆਪਣੇ ਫਿਕਰ ਜ਼ਾਹਰ ਕੀਤੇ। ਇਹ ਗੱਲਾਂ ਉਹ ਹਮਲੇ ਦੇ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਨ।

ਹਮਲੇ ਤੋਂ ਪਹਿਲਾਂ ਉਨ੍ਹਾਂ ਨੇ ਲੰਬਾ ਲੇਖ ਲਿਖਦਿਆਂ ਇੱਕ ਅਜ਼ਾਦ ਦੇਸ ਵਜੋਂ ਯੂਕਰੇਨ ਦੀ ਹੋਂਦ ਨੂੰ ਰੱਦ ਕੀਤਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਯੂਕਰੇਨੀ ਅਤੇ ਰੂਸੀ “ਲੋਕ ਇੱਕ ਹੀ” ਸਨ।

ਦਸੰਬਰ 2023 ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਰੂਸ ਦੇ ਵਿਸ਼ੇਸ਼ ਫੌਜੀ ਅਪਰੇਸ਼ਨ (ਰੂਸ ਯੂਕਰੇਨ ਉੱਤੇ ਆਪਣੇ ਹਮਲੇ ਨੂੰ ਇਹੀ ਨਾਮ ਦਿੰਦਾ ਹੈ) ਪਿੱਛੇ ਉਨ੍ਹਾਂ ਦੇ ਮਕਸਦ ਜਿਸ ਵਿੱਚ “ਡੀਨਾਜ਼ੀਫਿਕੇਸ਼ਨ” (ਨਾਜ਼ੀਆਂ ਦਾ ਖਾਤਮਾ) ਵਿੱਚ ਅਜੇ ਕੋਈ ਬਦਲਾਅ ਨਹੀਂ ਹੋਇਆ ਹੈ। ਰੂਸ ਦਾਅਵਾ ਕਰਦਾ ਰਿਹਾ ਹੈ ਕਿ ਯੂਕਰੇਨ ਉੱਪਰ ਸੱਜੇ ਪੱਖੀਆਂ ਦਾ ਪ੍ਰਭਾਵ ਹੈ।

ਪੁਤਿਨ ਇਹ ਵੀ ਕਹਿੰਦੇ ਹਨ ਕਿ ਉਹ ਯੂਕਰੇਨ ਨੂਮ “ਸੈਨਾ-ਮੁਕਤ” ਕਰਨਾ ਚਾਹੁੰਦੇ ਹਨ। ਉਹ ਯੂਕਰੇਨ ਨੂੰ ਪ੍ਰਭਾਵ ਮੁਕਤ ਕਰਕੇ ਖਿੱਤੇ ਵਿੱਚ ਨਾਟੋ ਦੇ ਵਧ ਰਹੇ ਪ੍ਰਭਾਵ ਨੂੰ ਵੀ ਠੱਲ੍ਹ ਪਾਉਣਾ ਚਾਹੁੰਦੇ ਹਨ।

ਇੱਕ ਅਜ਼ਾਦ ਦੇਸ ਵਜੋਂ ਯੂਕਰੇਨ ਕਦੇ ਵੀ ਕਿਸੇ ਫੌਜੀ ਸੰਗਠਨ ਦਾ ਹਿੱਸਾ ਨਹੀਂ ਰਿਹਾ ਹੈ। ਹਾਲਾਂਕਿ ਯੂਕਰੇਨ ਦੇ ਸਿਆਸੀ ਮਨਸੂਬਿਆਂ ਵਿੱਚ ਵਪਾਰਕ ਮੰਤਵਾਂ ਲਈ ਯੂਰਪੀ ਯੂਨੀਅਨ ਵਿੱਚ ਸ਼ਾਮਲ ਹੋਣਾ ਅਤੇ ਨਾਟੋ ਦੀ ਨਜ਼ਦੀਕੀ ਸ਼ਾਮਲ ਰਹੇ ਹਨ। ਇਹ ਦੋਵੇਂ ਮਨਸੂਬੇ ਜੰਗ ਸ਼ੁਰੂ ਹੋਣ ਸਮੇਂ ਜਿੰਨੇ ਦੂਰ ਪ੍ਰਤੀਤ ਹੁੰਦੇ ਸਨ ਹਾਲ ਦੀ ਘੜੀ ਉਨੇ ਹੀ ਨਜ਼ਦੀਕ ਆਏ ਲਗਦੇ ਹਨ।

ਇਨ੍ਹਾਂ ਮਨਸੂਬਿਆਂ ਨਾਲ ਯੂਕਰੇਨ ਦੇ ਪ੍ਰਭੂਸੱਤਾ ਸੰਪਨ ਦੇਸ ਹੋਣ ਦੇ ਦਾਅਵੇ ਨੂੰ ਬਲ ਮਿਲੇਗਾ। ਇਸ ਤੋਂ ਇਲਾਵਾ ਸਾਬਕਾ ਸੋਵੀਅਤ ਯੂਨੀਅਨ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਮੁੜ ਬਹਾਲ ਕਰਨ ਦੇ ਕਿਸੇ ਭੂ-ਸਿਆਸੀ ਪ੍ਰੋਜੈਕਟ ਵਿੱਚ ਘਸੀਟੇ ਜਾਣ ਤੋਂ ਵੀ ਯੂਕਰੇਨ ਦੀ ਰੱਖਿਆ ਹੋਵੇਗੀ।

ਯੂਕਰੇਨ

ਤਸਵੀਰ ਸਰੋਤ, Getty Images

ਜੰਗ ਕਿਵੇਂ ਖ਼ਤਮ ਹੋ ਸਕਦੀ ਹੈ?

ਹੁਣ ਜਦੋਂ ਦੋਵਾਂ ਵਿੱਚੋਂ ਕੋਈ ਵੀ ਧਿਰ ਹਥਿਆਰ ਰੱਖਣ ਨੂੰ ਤਿਆਰ ਨਹੀਂ ਹੈ। ਦੂਜੇ ਪਾਸੇ ਪੁਤਿਨ ਇੱਕ ਵਾਰ ਫਿਰ ਰੂਸ ਦੇ ਰਾਸ਼ਟਰਪਤੀ ਬਣਨ ਲਈ ਕਮਰਕਸਾ ਕਰੀ ਬੈਠੇ ਹਨ। ਇਨ੍ਹਾਂ ਸਥਿਤੀਆਂ ਦੇ ਦਰਮਿਆਨ ਵਿਸ਼ਲੇਸ਼ਕ ਮੰਨਦੇ ਹਨ ਕਿ ਜੰਗ ਹੋਰ ਲੰਬੀ ਚੱਲ ਸਕਦੀ ਹੈ।

ਵਿਸ਼ਵੀ ਰੱਖਿਆ ਬਾਰੇ ਥਿੰਕ ਟੈਂਕ ਗਲੋਬਸਕ ਨੇ ਦਰਜਣ ਭਰ ਮਾਹਿਰਾਂ ਦੇ ਵਿਚਾਰਾਂ ਦਾ ਮੰਥਨ ਕਰਕੇ ਜੰਗ ਦੇ ਸੰਭਾਵੀ ਸਿੱਟਿਆਂ ਦਾ ਅਨੁਮਾਨ ਲਾਇਆ ਹੈ।

ਸਭ ਤੋਂ ਸੰਭਾਵੀ ਸਥਿਤੀ ਇਹ ਹੈ ਕਿ ਜੰਗ 2025 ਤੋਂ ਬਾਅਦ ਵੀ ਜਾਰੀ ਰਹਿ ਸਕਦੀ ਹੈ। ਜਿਸ ਦੌਰਾਨ ਯੂਕਰੇਨ ਅਤੇ ਰੂਸ ਦੋਵਾਂ ਪਾਸਿਆਂ ਤੋਂ ਭਾਰੀ ਜਾਨੀ-ਮਾਲੀ ਨੁਕਸਾਨ ਹੋਣਾ ਤੈਅ ਹੈ। ਇਸ ਵਿੱਚ ਯੂਕਰੇਨ ਹਥਿਆਰਾਂ ਦੀ ਸਪਲਾਈ ਲਈ ਆਪਣੇ ਹਮਾਇਤੀਆਂ ਦੀ ਮਦਦ ਲਈ ਨਿਰਭਰ ਰਹੇਗਾ।

ਦੂਜੀ ਸਥਿਤੀ ਵਿੱਚ ਦੁਨੀਆਂ ਦੇ ਦੂਜੇ ਹਿੱਸਿਆਂ ਵਿੱਚ ਵੀ ਇਹ ਸੰਕਟ ਫੈਲ ਸਕਦਾ ਹੈ। ਜਿਵੇਂ ਕਿ ਪੱਛਮੀ ਏਸ਼ੀਆ, ਚੀਨ-ਤਾਇਵਾਨ ਅਤੇ ਬਲਕਾਨਸ ਦੇ ਸੰਕਟ ਵਧ ਸਕਦੇ ਹਨ ਜਿੱਥੇ ਰੂਸ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਮਾਹਰਾਂ ਦੀ ਰਾਇ ਹੈ ਕਿ ਬਹੁਤ ਸਾਰੇ ਜਾਨੀ-ਮਾਲੀ ਨੁਕਸਾਨ ਸਮੇਤ ਇੱਕ ਲੰਮੇਰੀ ਜੰਗ ਦੀ ਸੰਭਾਵਨਾ ਜ਼ਿਆਦਾ ਤੇਜ਼ ਹੈ।

ਦੋ ਹੋਰ ਸੰਭਾਵੀ ਸਥਿਤੀਆਂ ਹਨ- ਯੂਕਰੇਨ ਰੂਸ ਨਾਲ ਲੜਦਾ ਰਹੇ ਥੋੜ੍ਹਾ ਬਹੁਤ ਅੱਗੇ ਵੀ ਵਧੇ ਪਰ ਜੰਗ ਦੇ ਖ਼ਾਤਮੇ ਲਈ ਕੋਈ ਸਮਝੌਤਾ ਨਾ ਹੋਵੇ। ਜਾਂ ਇਹ ਹੋ ਸਕਦਾ ਹੈ ਕਿ ਯੂਕਰੇਨ ਦੇ ਹਮਾਇਤੀਆਂ ਦੀ ਮਦਦ ਵਿੱਚ ਕਮੀ ਆ ਜਾਵੇ ਅਤੇ ਉਹ ਕਿਸੇ ਗੱਲਬਾਤ ਲਈ ਦਬਾਅ ਬਣਾਉਣ।

ਅਨਿਸ਼ਚਿਤਤਾ ਬਣੀ ਹੋਈ ਹੈ। ਹਾਲਾਂਕਿ ਇਸ ਜੰਗ ਦੇ ਨਤੀਜਿਆਂ ਉੱਪਰ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ, ਹਮਾਸ-ਈਜ਼ਰਾਈਲ ਤਣਾਅ ਦਾ ਵੀ ਅਸਰ ਰਹੇਗਾ। ਰੂਸ ਅਤੇ ਯੂਕਰੇਨ ਦੇ ਸਾਥੀਆਂ ਦੀਆਂ ਪਹਿਲਤਾਵਾਂ ਵੀ ਇਨ੍ਹਾਂ ਮੁਤਾਬਕ ਹੀ ਤੈਅ ਹੋਣਗੀਆਂ।

ਯੂਕਰੇਨ

ਕੀ ਸੰਕਟ ਹੋਰ ਵੀ ਵਧ ਸਕਦਾ ਹੈ?

ਫਰਵਰੀ ਦੇ ਅੱਧ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਦੇਸ ਨੂੰ ਹਥਿਆਰਾਂ ਦੀ “ਬਣਾਉਟੀ ਕਮੀ” ਵਿੱਚ ਰੱਖਣ ਨਾਲ ਰੂਸ ਨੂੰ ਫਾਇਦਾ ਪਹੁੰਚੇਗਾ।

ਉਨ੍ਹਾਂ ਨੇ ਮਿਊਨਿਖ ਵਿੱਚ ਹੋਏ ਇੱਕ ਸੰਮੇਲਨ ਵਿੱਚ ਬੋਲਦਿਆਂ ਕੌਮਾਂਤਰੀ ਭਾਈਚਾਰੇ ਨੂੰ ਦੱਸਿਆ ਕਿ ਜੇ ਪੱਛਮੀ ਦੇਸ ਉਨ੍ਹਾਂ ਦੇ ਖਿਲਾਫ਼ ਖੜ੍ਹੇ ਨਾ ਹੋਏ ਤਾਂ ਆਉਣ ਵਾਲੇ ਪੰਜ ਸਾਲਾਂ ਨੂੰ ਪੁਤਿਨ ਹੋਰ ਵੀ ਕਈ ਦੇਸਾਂ ਲਈ "ਵਿਨਾਸ਼ਕਾਰੀ” ਬਣਾ ਦੇਣਗੇ।

ਥਿੰਕਟੈਂਕ, ਰੌਇਲ ਯੂਨਾਇਟਿਡ ਸਰਵਿਸਿਜ਼ ਇੰਸਟੀਚਿਊਟ ਦਾ ਕਹਿਣਾ ਹੈ ਕਿ ਰੂਸ ਨੇ ਆਪਣੀ ਆਰਥਿਕਤਾ ਨੂੰ ਸਫ਼ਲਤਾ ਪੂਰਬਕ ਢਾਲ ਲਿਆ ਹੈ। ਉਹ ਫੌਜੀ ਉਤਪਾਦਨ ਵਧਾ ਕੇ ਇੱਕ ਲੰਬੀ ਲੜਾਈ ਦੀ ਤਿਆਰੀ ਕਰ ਰਿਹਾ ਹੈ।

ਥਿੰਕਟੈਂਕ ਦਾ ਕਹਿਣਾ ਹੈ ਕਿ ਯੂਰਪ ਰੂਸ ਦੇ ਨਾਲ ਗਤੀ ਨਹੀਂ ਮਿਲਾ ਰਿਹਾ। ਪੋਲੈਂਡ ਦੇ ਵਿਦੇਸ਼ ਮੰਤਰੀ ਨੇ ਵੀ ਅਜਿਹਾ ਖ਼ਦਸ਼ਾ ਜ਼ਾਹਰ ਕੀਤਾ ਸੀ।

ਯੂਰਪੀ ਦੇਸ ਜਿਨ੍ਹਾਂ ਵਿੱਚ ਜਰਮਨੀ ਦੇ ਵਿਦੇਸ ਮੰਤਰੀ ਤੋਂ ਇਲਾਵਾ ਇਸਟੋਨੀਆ ਦੀਆਂ ਖੂਫੀਆ ਚੇਤਾਵਨੀਆਂ ਵੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਖਦਸ਼ੇ ਜਤਾਏ ਹਨ ਕਿ ਆਉਂਦੇ ਦਸਾਂ ਸਾਲਾਂ ਦੌਰਾਨ ਰੂਸ ਕਿਸੇ ਨਾਟੋ ਦੇਸ ਉੱਪਰ ਵੀ ਹਮਲਾ ਕਰ ਸਕਦਾ ਹੈ।

ਇਸਦੇ ਮੱਦੇ ਨਜ਼ਰ ਨਾਟੋ ਅਤੇ ਯੂਰਪੀ ਯੂਨੀਅਨ ਨੂੰ ਫੌਜੀ ਅਤੇ ਸੰਗਠਨ ਵਜੋਂ ਇੱਕ ਵੱਖਰੀ ਦੁਨੀਆਂ ਵਿੱਚ ਰਹਿਣ ਲਈ ਆਪਣੀ ਯੋਜਨਾਬੰਦੀ ਤੇਜ਼ ਕਰਨੀ ਪਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)