ਜੁਲੀਅਨ ਅਸਾਂਜ ਕੌਣ ਹੈ, ਜਿਸ ਨੂੰ ਅਮਰੀਕਾ ਨੇ 5 ਸਾਲ ਬਾਅਦ ਯੂਕੇ ਦੀ ਜੇਲ੍ਹ 'ਚੋਂ ਰਿਹਾਅ ਕਰਵਾਇਆ

ਤਸਵੀਰ ਸਰੋਤ, Getty Images
ਸਾਲਾਂ ਤੱਕ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ ਵਿਕੀਲੀਕਸ ਦੇ ਸੰਸਥਾਪਕ ਜੁਲੀਅਸ ਅਸਾਂਜ ਬਰਤਾਵਨੀ ਜੇਲ੍ਹ ਤੋਂ ਰਿਹਾਅ ਹੋ ਗਏ ਹਨ।
ਅਮਰੀਕੀ ਪ੍ਰਸ਼ਾਸਨ ਨਾਲ ਸਮਝੌਤਾ ਹੋਣ ਤੋਂ ਬਾਅਦ ਜੁਲੀਅਸ ਅਸਾਂਜ ਨੂੰ ਰਿਹਾਅ ਕੀਤਾ ਗਿਆ ਹੈ।
ਅਸਾਂਜ ਨੇ ਪਿਛਲੇ ਪੰਜ ਸਾਲ ਬਰਤਾਨੀਆ ਦੀ ਜੇਲ੍ਹ ਵਿਚ ਬਿਤਾਏ ਹਨ, ਜਿੱਥੋਂ ਉਹ ਅਮਰੀਕਾ ਨੂੰ ਹਵਾਲਗੀ ਦੇਣ ਦੀ ਲੜਾਈ ਲੜ ਰਿਹਾ ਹੈ।
52 ਸਾਲਾਂ ਦੇ ਅਸਾਂਜ 'ਤੇ ਕੌਮਾਂਤਰੀ ਸੁਰੱਖਿਆ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਕਰਨ ਅਤੇ ਉਸ ਦਾ ਖੁਲਾਸਾ ਕਰਨ ਦੀ ਸਾਜ਼ਿਸ਼ ਦੇ ਇਲਜ਼ਾਮ ਸਨ।
ਅਮਰੀਕਾ ਨੇ ਸਾਲਾਂਬੱਧੀ ਇਹ ਦਲੀਲ ਦਿੱਤੀ ਕਿ ਵਿਕੀਲੀਕਸ ਦੀਆਂ ਫਾਈਲਾਂ ਜੋ ਇਰਾਕ ਅਤੇ ਅਫਗਾਨਿਸਤਾਨ ਜੰਗ ਨਾਲ ਸਬੰਧਿਤ ਜਾਣਕਾਰੀ ਰੱਖਦੀਆਂ ਹਨ ਦੇ ਵੇਰਵੇ ਜੇ ਬਾਹਰ ਆ ਜਾਂਦੇ ਹਨ ਤਾਂ ਇਹ ਕਈ ਜਾਨਾਂ ਨੂੰ ਖ਼ਤਰੇ ਵਿੱਚ ਪਾ ਸਕਦੀਆਂ ਹਨ।
ਸੀਬੀਐੱਸ ਮੁਤਾਬਕ ਅਸਾਂਜ ਅਮਰੀਕਾ ਦੀ ਹਿਰਾਸਤ ਵਿੱਚ ਨਹੀਂ ਰਹੇਗਾ ਬਿਤਾਏਗਾ ਅਤੇ ਯੂਕੇ ਵਿੱਚ ਬਿਤਾਏ ਸਮੇਂ ਦਾ ਕ੍ਰੈਡਿਟ ਹਾਸਿਲ ਕਰੇਗਾ।
ਨਿਆਂ ਵਿਭਾਗ ਦੇ ਇੱਕ ਪੱਤਰ ਮੁਤਾਬਕ ਅਸਾਂਜ ਆਸਟ੍ਰੇਲੀਆ ਪਰਤਣਗੇ।

ਤਸਵੀਰ ਸਰੋਤ, Getty Images
ਅਸਾਂਜ ਦੀ ਰਿਹਾਈ
ਵਿਕੀਲੀਕਸ ਮੁਤਾਬਕ ਅਸਾਂਜ ਦੀ ਰਿਹਾਹੀ ਵਿਸ਼ਵ-ਵਿਆਪੀ ਮੁਹਿੰਮ ਤੇ ਸੰਯੁਕਤ ਰਾਸ਼ਟਰ ਵਿੱਚ ਅਵਾਜ਼ ਉਠਾਉਣ ਵਾਲੇ ਆਗੂਆਂ ਦੀ ਬਦੌਲਤ ਹੋਈ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜਾਣਕਾਰੀ ਦਿੰਦਿਆਂ ਵਿਕੀਲੀਕਸ ਨੇ ਲਿਖਿਆ ਸੀ ਕਿ ਅਸਾਂਜ ਨੇ ਸੋਮਵਾਰ ਨੂੰ ਬੇਲਮਾਰਸ਼ ਜੇਲ੍ਹਰ ਦੇ ਛੋਟੇ ਜਿਹੈ ਸੈੱਲ ਨੂੰ 1,901 ਦਿਨਾਂ ਬਾਅਦ ਛੱਡ ਦਿੱਤਾ ਹੈ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਦੁਪਹਿਰ ਸਮੇਂ ਸਟੈਨਸਟੇਡ ਹਵਾਈ ਅੱਡੇ 'ਤੇ ਰਿਹਾਅ ਕੀਤਾ ਗਿਆ, ਜਿੱਥੋਂ ਉਹ ਇੱਕ ਜਹਾਜ਼ ਵਿੱਚ ਸਵਾਰ ਹੋ ਕੇ ਆਸਟਰੇਲੀਆ ਲਈ ਰਵਾਨਾ ਹੋਏ।
ਵਿਕੀਲੀਕਸ ਵੱਲੋਂ ਅਸਾਂਜ ਦੇ ਯੂਕੇ ਤੋਂ ਰਵਾਨਾ ਹੋਣ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ।
ਬੀਬੀਸੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।
ਉਨ੍ਹਾਂ ਦੀ ਪਤਨੀ, ਸਟੈਲਾ ਅਸਾਂਜ, ਨੇ ਐੱਕਸ ’ਤੇ ਇੱਕ ਪੋਸਟ ਸਾਂਝੀ ਕਰਕੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ, "ਜਿਨ੍ਹਾਂ ਨੇ ਇਸ ਨੂੰ ਸੱਚ ਕਰਨ ਲਈ ਸਾਲਾਂ ਤੋਂ ਲਾਮਬੰਦੀ ਕੀਤੀ"।

ਆਖ਼ਰੀ ਫ਼ੈਸਲਾ ਆਉਣ ਦੀ ਆਸ
ਜਿਸ ਡੀਲ ਵਿੱਚ ਅਸਾਂਜ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਕਿ ਉਸ ਬਾਰੇ ਬੁੱਧਵਾਰ, 26 ਜੂਨ ਉੱਤਰੀ ਮਾਰੀਆਨਾ ਟਾਪੂ ਦੀ ਇੱਕ ਅਦਾਲਤ ਵਿੱਚ ਅੰਤਿਮ ਫ਼ੈਸਲਾ ਆਉਣ ਦੀ ਸੰਭਾਵਨਾ ਹੈ।
ਇਹ ਦੂਰ ਦਾ ਇੱਕ ਪੈਸੀਫਿਕ ਟਾਪੂ, ਅਮਰੀਕੀ ਰਾਸ਼ਟਰਮੰਡਲ ਦਾ ਹਿੱਸਾ ਹੈ ਜੋ ਕਿ ਅਮਰੀਕੀ ਸੰਘੀ ਅਦਾਲਤਾਂ ਨਾਲੋਂ ਆਸਟਰੇਲੀਆ ਦੇ ਬਹੁਤ ਨੇੜੇ ਹਨ।
ਏਜੰਸੀ ਫਰਾਂਸ ਪ੍ਰੈਸ ਨੇ ਆਸਟ੍ਰੇਲੀਆ ਸਰਕਾਰ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਇਹ ਮਾਮਲਾ ਬਹੁਤ ਲੰਬੇ ਤੋਂ ਖਿੱਚਿਆ ਗਿਆ ਸੀ।
ਹਾਲਾਂਕਿ ਅਟਾਰਨੀ, ਰਿਚਰਡ ਮਿਲਰ ਨਾਲ ਜਦੋਂ ਸੀਬੀਐੱਸ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਬੀਬੀਸੀ ਨੇ ਵੀ ਉਨ੍ਹਾਂ ਦੇ ਅਮਰੀਕਾ ਵਿਚਲੇ ਵਕੀਲ ਨਾਲ ਸੰਪਰਕ ਕੀਤਾ ਹੈ।

ਤਸਵੀਰ ਸਰੋਤ, Getty Images
ਅਸਾਂਜ ਅਤੇ ਉਨ੍ਹਾਂ ਦੇ ਵਕੀਲਾਂ ਦਾ ਲੰਬੇ ਸਮੇਂ ਤੋਂ ਦਾਅਵਾ ਸੀ ਕਿ ਉਨ੍ਹਾਂ ਖ਼ਿਲਾਫ਼ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ।
ਅਪ੍ਰੈਲ ਮਹੀਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਸੀ ਕਿ ਉਹ ਅਸਾਂਜ ਵਿਰੁੱਧ ਚੱਲ ਰਹੇ ਮੁਕੱਦਮੇ ਨੂੰ ਖ਼ਤਮ ਕਰਨ ਲਈ ਆਸਟਰੇਲੀਆ ਦੀ ਬੇਨਤੀ 'ਤੇ ਵਿਚਾਰ ਕਰ ਰਹੇ ਹਨ।
ਇਸ ਤੋਂ ਇੱਕ ਮਹੀਨਾ ਬਾਅਦ, ਯੂਕੇ ਹਾਈ ਕੋਰਟ ਨੇ ਫ਼ੈਸਲਾ ਸੁਣਾਇਆ ਕਿ ਅਸਾਂਜ ਅਮਰੀਕਾ ਨੂੰ ਹਵਾਲਗੀ ਦੇ ਖ਼ਿਲਾਫ਼ ਇੱਕ ਨਵੀ ਅਪੀਲ ਦਾਇਰ ਕਰ ਸਕਦੇ ਹਨ।
ਫ਼ੈਸਲਾ ਆਉਣ ਤੋਂ ਬਾਅਦ ਅਸਾਂਦ ਦੀ ਪਤਨੀ ਨੇ ਸਟੈਲਾ ਨੇ ਪੱਤਰਕਾਰਾਂ ਅਤੇ ਉਨ੍ਹਾਂ ਸਮਰਥਕਾਂ ਨੂੰ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੂੰ "ਇਸ ਸ਼ਰਮਨਾਕ ਮੁਕੱਦਮੇ ਤੋਂ ਆਪਣੇ ਆਪ ਨੂੰ ਦੂਰ ਕਰਨਾ ਚਾਹੀਦਾ ਹੈ"।
ਅਮਰੀਕੀ ਸਰਕਾਰੀ ਵਕੀਲ ਅਸਲ ਵਿੱਚ ਵਿਕੀਲੀਕਸ ਦੇ ਸੰਸਥਾਪਕ ਖ਼ਿਲਾਫ਼ 18 ਮਾਮਲਿਆਂ ਵਿੱਚ ਮੁਕੱਦਮਾ ਚਲਾਉਣਾ ਚਾਹੁੰਦੇ ਸਨ। ਜਿਨ੍ਹਾਂ ਵਿੱਚੋਂ ਬਹੁਤੇ ਜਾਸੂਸੀ ਐਕਟ ਦੇ ਤਹਿਤ ਸਨ। ਜਿਵੇਂ ਕਿ ਅਫਗਾਨਿਸਤਾਨ ਅਤੇ ਇਰਾਕ ਦੀਆਂ ਜੰਗਾਂ ਨਾਲ ਸਬੰਧਤ ਗੁਪਤ ਅਮਰੀਕੀ ਫੌਜੀ ਰਿਕਾਰਡਾਂ ਅਤੇ ਕੂਟਨੀਤਕ ਸੰਦੇਸ਼ਾਂ ਨੂੰ ਸਾਂਝਾ ਕਰਨ ਨਾਲ ਸਬੰਧਿਤ ਸਨ।

ਤਸਵੀਰ ਸਰੋਤ, Getty Images
ਅਸਾਂਜ ਕੌਣ ਹਨ
ਜੂਲੀਅਨ ਅਸਾਂਜ ਆਪਣੇ ਹਮਾਇਤੀਆਂ ਲਈ ਸੱਚ ਦੇ ਝੰਡਾਬਰਦਾਰ ਹਨ ਪਰ ਉਨ੍ਹਾਂ ਦੇ ਆਲੋਚਕ ਉਨ੍ਹਾਂ ਨੂੰ ਧਿਆਨ ਦਾ ਭੁੱਖਾ ਦੱਸਦੇ ਹਨ।
ਜੂਲੀਅਨ ਨਾਲ ਨੇੜਿਓਂ ਕੰਮ ਕਰਨ ਵਾਲਿਆਂ ਮੁਤਾਬਕ ਉਹ ਬਹੁਤ ਹੀ ਤੀਖਣ ਬੁੱਧੀ ਵਾਲੇ ਹਨ ਅਤੇ ਉਨ੍ਹਾਂ ਵਿੱਚ ਔਖੇ ਤੋਂ ਔਖਾ ਕੰਪਿਊਟਰ ਕੋਡ ਕਰੈਕ ਕਰਨ ਦੀ ਅਸਧਾਰਣ ਸਮਰੱਥਾ ਹੈ।
ਵਿਕੀਲੀਕਸ, ਜਿਸਦੀ ਸਥਾਪਨਾ ਅਸਾਂਜ ਨੇ 2006 ਵਿੱਚ ਕੀਤੀ ਸੀ ਨੇ 1 ਕਰੋੜ ਤੋਂ ਵੱਧ ਦਸਤਾਵੇਜ਼ਾਂ ਨੂੰ ਪ੍ਰਕਾਸ਼ਿਤ ਕਰਨ ਦਾ ਦਾਅਵਾ ਕੀਤਾ ਹੈ।
ਅਮਰੀਕਾ ਸਰਕਾਰ ਨੇ ਬਾਅਦ ਵਿੱਚ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਵਿੱਚ ਅਮਰੀਕਾ ਦੇ ਇਤਿਹਾਸ ਦੇ ਸਭ ਤੋ ਅਹਿਮ ਸਮਝੌਤਿਆਂ ਬਾਰੇ ਸ਼੍ਰੇਣੀਬੱਧ ਜਾਣਕਾਰੀ ਹੈ।
2010 ਵਿੱਚ ਵੈੱਬਸਾਈਟ ਨੇ ਅਮਰੀਕੀ ਫੌਜੀਆਂ ਦੀ ਇੱਕ ਫੋਟੋ ਪ੍ਰਕਾਸ਼ਿਤ ਕੀਤੀ। ਫੋਟੋ ਵਿੱਚ ਉਹ ਫੌਜੀ ਹੈਲੀਕਾਪਟਰ ਵਿੱਚੋਂ 18 ਇਰਾਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਫੋਟੋ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਉਹ ਚਰਚਾ ਵਿੱਚ ਆ ਗਏ।
ਅਗਲੇ ਹੀ ਸਾਲ ਸਵੀਡਨ ਨੇ ਉਨ੍ਹਾਂ ਖ਼ਿਲਾਫ਼ ਜਿਣਸੀ ਸ਼ੋਸ਼ਣ ਦੇ ਇਲਜ਼ਮਾਂ ਤਹਿਤ ਕੌਮਾਂਤਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਸਨ।
ਸਵੀਡਨ, ਉਨ੍ਹਾਂ ਖ਼ਿਲਾਫ਼ ਦੋ ਔਰਤਾਂ ਵੱਲੋਂ ਲਾਏ ਗਏ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਮਾਮਲੇ ਵਿੱਚ ਪੁੱਛਗਿਛ ਕਰਨੀ ਚਾਹੁੰਦਾ ਸੀ।
ਇਸ ਘਟਨਾ ਸਮੇਂ ਉਹ ਸਟਾਕਹੋਮ ਵਿੱਚ ਇੱਕ ਭਾਸ਼ਣ ਲਈ ਗਏ ਹੋਏ ਸਨ। ਅਸਾਂਜ ਦਾ ਕਹਿਣਾ ਸੀ ਕਿ ਦੋਵਾਂ ਮਾਮਲਿਆਂ ਵਿੱਚ ਜੋ ਵੀ ਹੋਇਆ ਉਹ ਆਪਸੀ ਸਹਿਮਤੀ ਨਾਲ ਕੀਤਾ ਗਿਆ ਸੀ।
ਅਸਾਂਜ ਨੇ ਸੱਤ ਸਾਲ ਇਕਵਾਡੋਰ ਦੇ ਲੰਡਨ ਦੂਤਾਵਾਸ ਵਿੱਚ ਛੁਪ ਕੇ ਬਿਤਾਏ ਸਨੇ ਤੇ ਦਾਅਵਾ ਕੀਤਾ ਕਿ ਸਵੀਡਨ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਅਮਰੀਕਾ ਭੇਜਿਆ ਜਾਵੇਗਾ।
ਸਵੀਡਿਸ਼ ਅਧਿਕਾਰੀਆਂ ਨੇ 2019 ਵਿੱਚ ਕੇਸ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਅਸਲ ਸ਼ਿਕਾਇਤ ਹੋਈ ਨੂੰ ਬਹੁਤ ਸਮਾਂ ਲੰਘ ਚੁੱਕਾ ਹੈ।
ਪਰ ਬਾਅਦ ਵਿੱਚ ਯੂਕੇ ਦੇ ਅਧਿਕਾਰੀਆਂ ਨੇ ਅਸਾਂਜ ਨੂੰ ਹਿਰਾਸਤ ਵਿੱਚ ਲੈ ਲਿਆ।
ਲੰਬੇ ਸਮੇਂ ਤੋਂ ਚੱਲ ਰਹੀਆਂ ਕਾਨੂੰਨੀ ਲੜਾਈਆਂ ਦੇ ਬਾਵਜੂਦ, ਅਸਾਂਜ ਨੂੰ ਜਨਤਕ ਤੌਰ 'ਤੇ ਘੱਟ ਹੀ ਦੇਖਿਆ ਗਿਆ ਹੈ ਅਤੇ ਸਾਲਾਂ ਤੋਂ ਕਥਿਤ ਤੌਰ 'ਤੇ ਮਾੜੀ ਸਿਹਤ ਤੋਂ ਪੀੜਤ ਹੈ।












