ਅਮਰੀਕਾ 'ਚ ਬਾਇਡਨ ਸਰਕਾਰ 5 ਲੱਖ ਗ਼ੈਰ-ਦਸਤਾਵੇਜ਼ੀ ਜੋੜਿਆਂ ਨੂੰ ਕਾਨੂੰਨੀ ਰਾਹਤ ਦੇਣ ਲਈ ਕੀ ਨੀਤੀ ਲਿਆ ਰਹੀ ਹੈ

ਤਸਵੀਰ ਸਰੋਤ, Getty Images
- ਲੇਖਕ, ਬਰਨਡ ਦੇਬੂਸਮਨ ਜੁਨੀਅਰ
- ਰੋਲ, ਬੀਬੀਸੀ ਪੱਤਰਕਾਰ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਗ਼ੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਅਮਰੀਕੀ ਨਾਗਰਿਕਾਂ ਦੇ ਜੀਵਨ ਸਾਥੀਆਂ ਨੂੰ ਲਾਭ ਦੇਣ ਵਾਲੀ ਨੀਤੀ ਦਾ ਐਲਾਨ ਕੀਤਾ ਹੈ।
ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਇਹ ਨਵੀਂ ਨੀਤੀ ਅਮਰੀਕੀ ਨਾਗਰਿਕਾਂ ਦੇ ਲੱਖਾਂ ਗ਼ੈਰ ਕਾਨੂੰਨੀ ਜੀਵਨ ਸਾਥੀਆਂ ਨੂੰ ਡਿਪੋਰਟ ਹੋਣ ਤੋਂ ਬਚਾਏਗੀ।
ਚੋਣਾਂ ਦੇ ਇਸ ਸਾਲ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਲਈ ਇੱਕ ਸਿਰਦਰਦ ਬਣਿਆ ਹੋਇਆ ਹੈ।
ਹਾਲਾਂਕਿ, ਆਲੋਚਨਾ ਦੇ ਬਾਵਜੂਦ ਉਨ੍ਹਾਂ ਨੇ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਹੋਰ ਵਧੇਰੇ ਸੁਧਾਰਨ ਦੀ ਸਹੁੰ ਖਾਦੀ ਹੈ।
ਉਨ੍ਹਾਂ ਨੇ ਹਾਲ ਹੀ ਵਿੱਚ ਅਮਰੀਕਾ-ਮਕਸੀਕੋ ਸਰਹੱਦ ਰਾਹੀਂ ਆਉਣ ਵਾਲੇ ਪ੍ਰਵਾਸੀਆਂ 'ਤੇ ਰੋਕ ਲਗਾਉਣ ਲਈ ਵੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ।
5 ਲੱਖ ਤੋਂ ਵੱਧ ਲੋਕਾਂ ਨੂੰ ਮਿਲੇਗਾ ਲਾਭ
ਅਮਰੀਕੀ ਰਾਸ਼ਟਰਪਤੀ ਵੱਲੋਂ ਐਲਾਨੀ ਗਈ ਇਹ ਨਵੀਂ ਨੀਤੀ ਉਨ੍ਹਾਂ ਲੋਕਾਂ 'ਤੇ ਹੀ ਲਾਗੂ ਹੋਵੇਗੀ ਜੋ ਘੱਟੋ-ਘੱਟ 10 ਸਾਲ ਤੋਂ ਦੇਸ਼ ਵਿੱਚ ਰਹਿ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲੇਗੀ।
ਵ੍ਹਾਈਟ ਹਾਊਸ ਦਾ ਮੰਨਣਾ ਹੈ ਕਿ 5 ਲੱਖ ਤੋਂ ਵੱਧ ਜੋੜਿਆਂ ਨੂੰ ਇਸ ਦਾ ਲਾਭ ਮਿਲੇਗਾ।

ਤਸਵੀਰ ਸਰੋਤ, Getty Images
ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਸਮਾਗਮ ਦੌਰਾਨ ਬੋਲਦਿਆਂ ਜੋਅ ਬਾਇਡਨ ਨੇ ਕਿਹਾ ਕਿ ਇਹ ਕਦਮ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਘੱਟ ‘ਅਨੁਚਿਤ’ ਅਤੇ ‘ਅਨਿਆਇਕ’ ਬਣਨ ਵਿੱਚ ਮਦਦ ਕਰੇਗਾ ਅਤੇ ਇਸ ਨਾਲ ਪ੍ਰਵਾਸੀਆਂ, ਵਿਆਹੇ ਜੋੜਿਆਂ ਅਤੇ ਸਾਰੇ ਅਮਰੀਕੀਆਂ ਨੂੰ ਲਾਭ ਹੋਵੇਗਾ।
ਸਰਵੇਖਣਾਂ ਮੁਤਾਬਕ ਇਹ ਪਤਾ ਚੱਲਦਾ ਹੈ ਕਿ ਨਵੰਬਰ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਤੋਂ ਪਹਿਲਾਂ ਇਮੀਗ੍ਰੇਸ਼ਨ ਬਹੁਤ ਸਾਰੇ ਵੋਟਰਾਂ ਲਈ ਇੱਕ ਮੁੱਖ ਚਿੰਤਾ ਦਾ ਵਿਸ਼ਾ ਹੈ।
ਵ੍ਹਾਈਟ ਹਾਊਸ ਦਾ ਇਹ ਵੀ ਮੰਨਣਾ ਹੈ ਕਿ ਇਸ ਨਵੀਂ ਨੀਤੀ ਨਾਲ 21 ਸਾਲ ਤੋਂ ਘੱਟ ਉਮਰ ਦੇ 50,000 ਨੌਜਵਾਨ, ਜਿਨ੍ਹਾਂ ਦੇ ਮਾਤਾ-ਪਿਤਾ ਦਾ ਵਿਆਹ ਕਿਸੇ ਅਮਰੀਕੀ ਨਾਗਰਿਕ ਨਾਲ ਹੋਇਆ ਹੈ, ਉਨ੍ਹਾਂ ਨੂੰ ਵੀ ਫਾਇਦਾ ਹੋਵੇਗਾ।

ਗ਼ੈਰ-ਕਾਨੂੰਨੀ ਪਰਵਾਸੀਆਂ ਲਈ ਅਹਿਮ ਮੌਕਾ
2012 ਵਿੱਚ ਓਬਾਮਾ ਪ੍ਰਸ਼ਾਸਨ ਵੱਲੋਂ ਡੈੱਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਸ (ਡਾਕਾ) ਦੀ ਘੋਸ਼ਣਾ ਕੀਤੇ ਜਾਣ ਮਗਰੋਂ ਇਹ ਅਮਰੀਕਾ ਵਿੱਚ ਪਹਿਲਾਂ ਤੋਂ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਸਭ ਤੋਂ ਮਹੱਤਵਪੂਰਨ ਰਾਹਤ ਪ੍ਰੋਗਰਾਮ ਮੰਨਿਆ ਜਾ ਰਿਹਾ ਹੈ।
ਜੋਅ ਬਾਇਡਨ ਨੇ ਵ੍ਹਾਈਟ ਹਾਊਸ ਵਿੱਚ ਕਿਹਾ ਕਿ, “ਜਿਸ ਕਾਰਵਾਈ ਦਾ ਮੈਂ ਅੱਜ ਐਲਾਨ ਕਰ ਰਿਹਾ ਹਾਂ ਉਹ ਇਨ੍ਹਾਂ ਗਰਮੀਆਂ ਦੇ ਅੰਤ ਵਿੱਚ ਲਾਗੂ ਹੋ ਜਾਵੇਗਾ।"
ਉਨ੍ਹਾਂ ਨੇ ਰਿਪਬਲਿਕਨਸ ਵੱਲ ਇਸ਼ਾਰਾ ਕਰਦਿਆਂ ਕਿਹਾ, "ਅੱਜ ਮੈਂ ਜੋ ਕਦਮ ਚੁੱਕ ਰਿਹਾ ਹਾਂ, ਦੂਜੀ ਟੀਮ ਦੇ ਕੁੱਝ ਵੀ ਕਹਿਣ ਦੇ ਬਾਵਜੂਦ ਉਸ ਨੂੰ ਅਮਰੀਕੀ ਲੋਕਾਂ ਵੱਲੋਂ ਭਾਰੀ ਸਮਰਥਨ ਮਿਲ ਰਿਹਾ ਹੈ।"
ਅਮਰੀਕਾ ਵਿੱਚ ਡਾਕਾ ਦੀ 12ਵੀਂ ਵਰ੍ਹੇਗੰਢ ਮੌਕੇ ਵ੍ਹਾਈਟ ਹਾਊਸ ਦਾ ਇਹ ਐਲਾਨ ਆਇਆ ਹੈ।
ਡਾਕਾ ਨੇ 530,000 ਤੋਂ ਵੱਧ ਪ੍ਰਵਾਸੀਆਂ ਨੂੰ ਦੇਸ਼ 'ਚੋਂ ਬਾਹਰ ਕੱਢੇ ਜਾਣ (ਡਿਪੋਰਟ ਹੋਣ) ਤੋਂ ਬਚਾਇਆ ਹੈ, ਜੋ ਬਚਪਨ ਵੇਲੇ ਅਮਰੀਕਾ ਆਏ ਸਨ, ਇਨ੍ਹਾਂ ਨੂੰ ਡਰੀਮਰਜ਼ ਵਜੋਂ ਵੀ ਕਿਹਾ ਜਾਂਦਾ ਹੈ।
ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਅਮਰੀਕੀ ਨਾਗਰਿਕਾਂ ਦੇ ਗੈਰ-ਕਾਨੂੰਨੀ ਪਤੀ-ਪਤਨੀ ਹੀ ਯੋਗ ਹੋਣਗੇ ਜੋ ਉਹ ਪਿਛਲੇ 10 ਸਾਲ ਤੋਂ ਦੇਸ਼ ਵਿੱਚ ਰਹਿ ਰਹੇ ਹਨ ਅਤੇ ਜਿਨ੍ਹਾਂ ਦਾ ਵਿਆਹ 17 ਜੂਨ ਤੋਂ ਪਹਿਲਾਂ ਦਾ ਹੋਇਆ ਹੋਵੇਗਾ।
ਜਿਹੜੇ ਵੀ ਇਸ ਨੀਤੀ ਦੇ ਯੋਗ ਹੋਣਗੇ, ਉਨ੍ਹਾਂ ਕੋਲ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਤਿੰਨ ਸਾਲ ਤੱਕ ਦਾ ਸਮਾਂ ਹੋਵੇਗਾ ਅਤੇ ਇਸ ਦੇ ਨਾਲ ਹੀ ਉਹ ਤਿੰਨ ਸਾਲਾਂ ਦੇ ਵਰਕ ਪਰਮਿਟ ਲਈ ਵੀ ਯੋਗ ਹੋ ਜਾਣਗੇ।
ਵ੍ਹਾਈਟ ਹਾਊਸ ਦਾ ਮੰਨਣਾ ਹੈ ਕਿ ਇਸ ਨੀਤੀ ਲਈ ਔਸਤ ਯੋਗ ਲੋਕ 23 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਪੈਦਾਇਸ਼ ਮੈਕਸੀਕੋ ਦੀ ਹੈ।
ਉਨ੍ਹਾਂ ਨੂੰ "ਜਗ੍ਹਾ 'ਤੇ ਪੈਰੋਲ" ਕੀਤਾ ਜਾਵੇਗਾ ਅਤੇ ਉਹਨਾਂ ਦੀ ਸਥਿਤੀ ਦੇ ਬਦਲਣ ਤੱਕ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਤਸਵੀਰ ਸਰੋਤ, Getty Images
ਅਲੋਚਣਾ ਵੀ ਮਿਲੀ
ਨੰਬਰਯੂਐੱਸਏ ਨਾਮ ਦੇ ਇੱਕ ਸੰਗਠਨ ਜੋ ਸਖ਼ਤ ਇਮੀਗ੍ਰੇਸ਼ਨ ਨਿਯੰਤਰਣ ਦੀ ਵਕਾਲਤ ਕਰਦਾ ਹੈ, ਉਸ ਨੇ ਨਵੀਂ ਨੀਤੀ ਨੂੰ ‘ਅਸੁਵਿਧਾਜਨਕ’ ਕਰਾਰ ਦਿੱਤਾ ਹੈ।
ਇਸ ਸੰਗਠਨ ਦੇ ਮੁੱਖ ਕਾਰਜਕਾਰੀ, ਜੇਮਸ ਮਾਸਾ ਨੇ ਇੱਕ ਬਿਆਨ ਵਿੱਚ ਕਿਹਾ ਕਿ, “ਇਤਿਹਾਸ ਦੇ ਸਭ ਤੋਂ ਭਿਆਨਕ ਸਰਹੱਦੀ ਸੰਕਟ ਨੂੰ ਰੋਕਣ ਦੀ ਬਜਾਏ, ਰਾਸ਼ਟਰਪਤੀ ਬਾਇਡਨ ਨੇ ਇੱਕ ਗੈਰ-ਸੰਵਿਧਾਨਕ ਪ੍ਰਕਿਰਿਆ ਦੀ ਵਰਤੋਂ ਕਰਨ ਲਈ ਆਪਣੇ ਕਾਰਜਕਾਰੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਲੋਕਾਂ ਨੂੰ ਮੁਆਫ਼ੀ ਦੇਣ ਦਾ ਸੰਦੇਸ਼ ਭੇਜਣ ਲਈ, ਵੋਟਰਾਂ ਅਤੇ ਕਾਂਗਰਸ ਵਿੱਚ ਉਨ੍ਹਾਂ ਦੇ ਚੁਣੇ ਨੁਮਾਇੰਦਿਆਂ ਨੂੰ ਧੋਖਾ ਦਿੱਤਾ ਹੈ।''
ਇੱਕ ਇਮੀਗ੍ਰੇਸ਼ਨ ਵਕੀਲ ਅਤੇ ਓਹੀਓ ਵਿੱਚ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੈਕਸ ਕੁਇਕ ਨੇ ਬੀਬੀਸੀ ਨੂੰ ਦੱਸਿਆ ਕਿ ਭਾਵੇਂ ਇਸ ਕਾਰਵਾਈ ਨੇ ਇੱਕ "ਛੋਟੇ ਸਮੂਹ" ਨੂੰ ਪ੍ਰਭਾਵਿਤ ਕੀਤਾ ਹੈ, ਪਰ ਅਮਰੀਕਾ ਦੀ ਪ੍ਰਵਾਸੀ ਆਬਾਦੀ ਦੇ ਇੱਕ ਹਿੱਸੇ ਲਈ ਇਹ "ਸ਼ੁਰੂਆਤ" ਵਾਂਗ ਹੈ, ਜਿਨ੍ਹਾਂ ਨੂੰ ਯੋਗ ਹੋਣ ਦੇ ਬਾਵਜੂਦ ਦੇਸ਼ ਵਿੱਚ ਆਪਣੀ ਸਥਿਤੀ ਨੂੰ ਲੈ ਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ।
ਉਨ੍ਹਾਂ ਨੇ ਕਿਹਾ ਕਿ, "ਉਨ੍ਹਾਂ ਵਿੱਚੋਂ ਬਹੁਗਿਣਤੀ ਲੋਕਾਂ ਨੂੰ ਕਾਨੂੰਨੀ ਤੌਰ 'ਤੇ ਵਾਪਸ ਆਉਣ ਲਈ ਦੇਸ਼ ਛੱਡਣਾ ਪੈ ਸਕਦਾ ਸੀ। ਇਹ ਇਸ ਤਰ੍ਹਾਂ ਹੈ ਜਿਵੇਂ ਉਹ ਸਰੀਰਕ ਤੌਰ 'ਤੇ ਤਾਂ ਅਮਰੀਕਾ ਵਿੱਚ ਦਾਖਲ ਹੋਏ, ਪਰ ਉਨ੍ਹਾਂ ਦੀ ਇਮੀਗ੍ਰੇਸ਼ਨ 'ਰੂਹ' ਉਨ੍ਹਾਂ ਨਾਲ ਨਹੀਂ ਆਈ।"
ਲਾਭਪਾਤਰੀਆਂ ਨੂੰ ਅਸਥਾਈ ਤੌਰ 'ਤੇ ਇਥੇ ਰਹਿਣ (ਪੈਰੋਲ) ਦੀ ਆਗਿਆ ਦਿੰਦਿਆਂ ਕੁਇਕ ਨੇ ਅੱਗੇ ਕਿਹਾ ਕਿ, ਅਧਿਕਾਰੀ "ਪਰਿਵਾਰਾਂ ਨੂੰ ਵੱਖ ਕਰਨ ਦੀ ਜ਼ਰੂਰਤ ਨੂੰ ਖਤਮ ਕਰ ਦਿੰਦੇ ਹਨ" ਜਦੋਂ ਕਿਸੇ ਇੱਕ ਜੀਵਨ ਸਾਥੀ ਨੂੰ ਕਾਨੂੰਨੀ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਦੇਸ਼ ਛੱਡਣ ਦੀ ਲੋੜ ਪੈਂਦੀ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਅਰਜ਼ੀ ਦੀ ਪ੍ਰੀਕਿਰਿਆ ਗਰਮੀਆਂ ਦੇ ਅੰਤ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਵ੍ਹਾਈਟ ਹਾਊਸ ਉੱਚ ਹੁਨਰਮੰਦ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਡ੍ਰੀਮਰਸ ਲਈ ਵੀਜ਼ਾ ਪ੍ਰਕਿਰਿਆ ਨੂੰ ਸੌਖਾ ਅਤੇ ਤੇਜ਼ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਨ੍ਹਾਂ ਨੇ ਅਮਰੀਕੀ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ ਕੀਤੀਆਂ ਹਨ ਜਾਂ ਜਿਨ੍ਹਾਂ ਨੂੰ ਆਪਣੇ ਖੇਤਰ ਵਿੱਚ ਨੌਕਰੀ ਕਰਨ ਦੀ ਪੇਸ਼ਕਸ਼ ਮਿਲੀ ਹੈ।

ਤਸਵੀਰ ਸਰੋਤ, Getty Images
ਜੋਅ ਬਾਇਡਨ ਦੀ ਇਹ ਘੋਸ਼ਣਾ ਸ਼ਰਣ ਬੇਨਤੀਆਂ ਕੀਤੇ ਬਿਨਾਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਪ੍ਰਵਾਸੀਆਂ 'ਤੇ ਤੁਰੰਤ ਰੋਕ ਲਗਾਉਣ ਲਈ ਅਮਰੀਕੀ ਅਧਿਕਾਰੀਆਂ ਨੂੰ ਕਾਰਜਕਾਰੀ ਕਾਰਵਾਈ ਜਾਰੀ ਕਰਨ ਦੇ ਦੋ ਹਫ਼ਤਿਆਂ ਬਾਅਦ ਆਈ ਹੈ।
ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਉਦੋਂ ਹੋਵੇਗਾ ਜਦੋਂ ਰੋਜ਼ਾਨਾ ਆਉਣ ਵਾਲੀਆਂ ਪਨਾਹ ਦੀਆਂ ਅਰਜ਼ੀਆਂ ਉੱਤੇ ਸੁਣਵਾਲੀ ਮੁਕੰਮਲ ਹੋ ਜਾਵੇਗੀ।
ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ (ਏਸੀਐਲਯੂ) ਨੇ ਪਿਛਲੇ ਹਫਤੇ ਬਾਇਡਨ ਪ੍ਰਸ਼ਾਸਨ 'ਤੇ ਮੁਕੱਦਮਾ ਕੀਤਾ ਹੈ, ਇਹ ਦਲੀਲ ਦਿੱਤੀ ਗਈ ਹੈ ਕਿ ਇਨ੍ਹਾਂ ਨੇ ਕਾਰਵਾਈ ਨਾਲ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕੀਤੀ ਹੈ।
ਘੋਸ਼ਣਾ ਦੇ ਸਮੇਂ, ਬਾਇਡਨ ਨੇ ਉਨ੍ਹਾਂ ਲੋਕਾਂ ਨੂੰ "ਸਬਰ ਰੱਖਣ" ਦੀ ਅਪੀਲ ਕੀਤੀ ਜੋ ਇਸ ਫੈਸਲੇ ਨੂੰ "ਬਹੁਤ ਸਖ਼ਤ" ਮੰਨਦੇ ਹਨ।
ਉਨ੍ਹਾਂ ਨੇ ਕਿਹਾ ਕਿ, “ਆਉਣ ਵਾਲੇ ਹਫ਼ਤਿਆਂ ਵਿੱਚ ਮੈਂ ਗੱਲ ਕਰਾਂਗਾ ਕਿ ਅਸੀਂ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਹੋਰ ਨਿਰਪੱਖ ਅਤੇ ਨਿਆਂਇਕ ਕਿਵੇਂ ਬਣਾ ਸਕਦੇ ਹਾਂ।"
ਅਮਰੀਕਨ ਇਮੀਗ੍ਰੇਸ਼ਨ ਕੌਂਸਲ ਦੇ ਨੀਤੀ ਨਿਰਦੇਸ਼ਕ ਐਰੋਨ ਰੀਚਲਿਨ-ਮੇਲਨਿਕ ਨੇ ਕਿਹਾ ਕਿ, “ਭਾਵੇਂ ਇਹ ਦੋਵੇਂ ਐਲਾਨ ਇੱਕ ਦੂਜੇ ਨਾਲ ਬਿਲਕੁਲ ਮੇਲ ਨਹੀਂ ਖਾਂਦੇ, ਪਰ ਹਾਲੀਆ ਕਾਰਵਾਈ ਪ੍ਰਸ਼ਾਸਨ ਨੂੰ ਸਰਹੱਦੀ ਘੋਸ਼ਣਾ ਤੋਂ ਲੱਗੇ ਧੱਕੇ ਤੋਂ ਬਾਅਦ ਕੁਝ ਸਕਾਰਾਤਮਕ ਸੁਰਖੀਆਂ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੀ ਹੈ।”
ਉਨ੍ਹਾਂ ਨੇ ਅੱਗੇ ਕਿਹਾ ਕਿ, “ਬਾਇਡਨ ਪ੍ਰਸ਼ਾਸਨ ਦੀ ਬਹੁਤ ਜ਼ਿਆਦਾ ਆਲੋਚਨਾ ਵੀ ਹੋ ਰਹੀ ਹੈ, ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਾਰਾ ਧਿਆਨ ਸਿਰਫ਼ ਨਵੇਂ ਆਉਣ ਵਾਲੇ ਲੋਕਾਂ 'ਤੇ ਹੈ, ਜਦੋਂ ਕਿ ਬਹੁਤ ਸਾਰੇ ਗ਼ੈਰ-ਕਾਨੂੰਨੀ ਪਰਵਾਸੀ ਅਜੇ ਵੀ ਸਾਡੀ ਗੁੰਝਲਦਾਰ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਫਸੇ ਹੋਏ ਹਨ।"
ਰੀਚਲਿਨ-ਮੇਲਨਿਕ ਨੇ ਅੱਗੇ ਕਿਹਾ, "ਮੈਨੂੰ ਲੱਗਦਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਰਾਸ਼ਟਰਪਤੀ ਬਾਇਡਨ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਅਸਲ ਵਿੱਚ ਉਨ੍ਹਾਂ ਦੋਵਾਂ ਚਿੰਤਾਵਾਂ ਦਾ ਹੱਲ ਕਰਨ ਵੱਲ ਹੀ ਧਿਆਨ ਦਿੰਦੀਆਂ ਹਨ।"












