ਹੰਟਰ ਬਾਇਡਨ: ਅਮਰੀਕੀ ਰਾਸ਼ਟਰਪਤੀ ਦੇ ਪੁੱਤ ਦੀ 'ਅੱਯਾਸ਼ੀ ਦੇ ਕਿੱਸੇ' ਜੋ ਅਦਾਲਤਾਂ ਤੱਕ ਪਹੁੰਚੇ

ਤਸਵੀਰ ਸਰੋਤ, Getty Images
- ਲੇਖਕ, ਸੈਮ ਕੈਬਰਲ
- ਰੋਲ, ਬੀਬੀਸੀ ਪੱਤਰਕਾਰ
ਹੰਟਰ ਬਾਇਡਨ ਨੂੰ ਗੈਰ ਕਾਨੂੰਨੀ ਤੌਰ ’ਤੇ ਬੰਦੂਕ ਰੱਖਣ ਅਤੇ ਖ਼ਰੀਦਣ ਵੇਲੇ ਡਰੱਗਜ਼ ਦੀ ਵਰਤੋਂ ਬਾਰੇ ਝੂਠ ਬੋਲਣ ਦਾ ਦੋਸ਼ੀ ਮੰਨਿਆ ਗਿਆ ਹੈ। ਇਸ ਫ਼ੈਸਲੇ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਦਾ ਬੇਟਾ ਕੈਦ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ।
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੌਜੂਦਾ ਅਮਰੀਕੀ ਆਗੂ ਦੇ ਬੱਚੇ ਨੂੰ ਕਿਸੇ ਫੈਡਰਲ ਅਪਰਾਧ ਵਿੱਚ ਦੋਸ਼ੀ ਮੰਨਿਆ ਗਿਆ ਹੋਵੇ। ਪਰ ਉਹ ਸਤੰਬਰ ਵਿੱਚ ਇੱਕ ਵੱਖਰੇ ਮੁਕੱਦਮੇ ̛ਚ ਟੈਕਸ ਸਬੰਧੀ ਇਲਜ਼ਾਮਾਂ ਦਾ ਸਾਹਮਣਾ ਕਰਨ ਲਈ ਮੁੜ ਅਦਾਲਤ ਵਿੱਚ ਹੋਣਗੇ।
ਪਿਛਲੀਆਂ ਗਰਮੀਆਂ ਵਿੱਚ, ਮਸਲਾ ਵੱਖਰਾ ਲੱਗ ਰਿਹਾ ਸੀ, ਜਦੋਂ 54 ਸਾਲਾ ਹੰਟਰ ਬਾਇਡਨ ਮੁਕੱਦਮਾ ਸੁਲਝਾਉਣ ਅਤੇ ਸਰਕਾਰੀ ਵਕੀਲਾਂ ਨਾਲ ਸਮਝੌਤੇ ਜ਼ਰੀਏ ਜੇਲ੍ਹ ਜਾਣ ਤੋਂ ਬਚਣ ਲਈ ਤਿਆਰ ਜਾਪ ਰਹੇ ਸੀ।
ਪਰ ਡੀਲ ਅਦਾਲਤ ਵਿੱਚ ਸਫ਼ਲ ਨਾ ਹੋ ਸਕੀ ਅਤੇ ਜਾਂਚ ਦੀ ਅਗਵਾਈ ਕਰ ਰਹੇ ਸਰਕਾਰੀ ਵਕੀਲਾਂ ਨੇ ਬੰਦੂਕ ਸਬੰਧੀ ਇਲਜ਼ਾਮ ਲਗਾਏ।
ਦਸੰਬਰ ਵਿੱਚ, ਇੱਕ ਹੋਰ ਇਲਜ਼ਾਮ ਮੁਤਾਬਕ ਹੰਟਰ ਨੇ 2016 ਤੋਂ 2019 ਟੈਕਸ ਸਾਲਾਂ ਦਾ ਤਕਰੀਬਨ 14 ਲੱਖ ਡਾਲਰ ਟੈਕਸ ਨਹੀਂ ਭਰਿਆ ਸੀ।
ਕੰਗਰੈਸ਼ਨਲ ਰਿਪਬਲਿਕਨਜ਼ ਨੇ ਹੰਟਰ ਵੱਲੋਂ ਕਥਿਤ ਤੌਰ ̛ਤੇ ਪਿਤਾ ਦੇ ਅਹੁਦੇ ਦੀ ਦੁਰਵਰਤੋਂ ਦੇ ਇਲਜ਼ਾਮਾਂ ਦੀ ਜਾਂਚ ਕਰਨ ਲਈ ਰਾਸ਼ਟਰਪਤੀ ਬਾਇਡਨ ਲਈ ਮਹਾਂਦੋਸ਼ ਸੁਣਵਾਈ ਵੀ ਕੀਤੀ। ਮਹੀਨਿਆਂ ਤੱਕ ਚੱਲੀ ਇਸ ਜਾਂਚ ਵਿੱਚ ਕੁਝ ਗਲਤ ਨਹੀਂ ਮਿਲਿਆ।
ਇਸੇ ਦਰਮਿਆਨ, ਅਲਕੋਹਲ ਤੋਂ ਡਰੱਗਜ਼ ਦੀ ਦੁਰਵਰਤੋਂ ਅਤੇ ਰਿਸ਼ਤੇ ਵਿੱਚ ਝਗੜੇ ਵਰਗੇ ਮਸਲੇ ਜੋ ਹੰਟਰ ਦਾ ਨਿੱਜੀ ਸੰਘਰਸ਼ ਸਨ, ਖੁੱਲ੍ਹ ਕੇ ਜਨਤਾ ਦੇ ਸਾਹਮਣੇ ਆ ਗਏ।
ਹੰਟਰ ਬਾਇਡਨ ਦਾ ਵਿਅਕਤੀਤਵ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

ਤਸਵੀਰ ਸਰੋਤ, Getty Images
ਦੁਖਾਂਤ ਵਿੱਚ ਜਕੜਿਆ ਬਚਪਨ
ਸਾਲ 1970 ਵਿੱਚ ਹੰਟਰ ਡੇਲਾਵੇਅਰ ਦੇ ਵਿਲਮਿੰਗਟਨ ਵਿੱਚ ਜੋਅ ਬਾਇਡਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਨੀਲੀਆ ਦੇ ਘਰ ਜਨਮੇ।
ਹੰਟਰ ਦਾ ਨਾਮ ਉਨ੍ਹਾਂ ਦੀ ਮਾਂ ਦੇ ਨਾਮ ਪਿੱਛੇ ਰੱਖਿਆ ਗਿਆ।
ਦਸੰਬਰ 1972 ਵਿੱਚ ਜਦੋਂ ਉਹ ਮਹਿਜ਼ ਦੋ ਸਾਲ ਦੇ ਸਨ ਅਤੇ ਉਨ੍ਹਾਂ ਦੇ ਪਿਤਾ ਦੇ ਅਮਰੀਕਾ ਸੈਨੇਟ ਵਿੱਚ ਚੁਣੇ ਜਾਣ ਨੂੰ ਛੇ ਹਫ਼ਤੇ ਵੀ ਨਹੀਂ ਹੋਏ ਸੀ ਕਿ ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ ਸੀ।
ਇਸ ਹਾਦਸੇ ਵਿੱਚ ਹੰਟਰ ਦੀ ਮਾਂ ਅਤੇ ਛੋਟੀ ਭੈਣ ਨਾਓਮੀ ਦੀ ਜਾਨ ਚਲੀ ਗਈ ਜਦਕਿ ਉਸ ਦੀ ਖੋਪੜੀ ਟੁੱਟ ਗਈ ਅਤੇ ਭਰਾ ਦੀ ਇੱਕ ਲੱਤ ਟੁੱਟ ਗਈ ਸੀ।

ਜੋਅ ਬਾਇਡਨ ਉਸ ਵੇਲੇ ਕਾਰ ਵਿੱਚ ਨਹੀਂ ਸਨ। ਬਾਇਡਨ ਨੇ ਉਸ ਵੇਲੇ ਹਸਪਤਾਲ ਵਿੱਚ ਆਪਣੇ ਬੱਚਿਆਂ ਕੋਲ ਹੀ ਅਹੁਦੇ ਦੀ ਸਹੁੰ ਚੁੱਕੀ ਸੀ।
ਹੰਟਰ ਨੇ ਜੌਰਜਟਾਊਨ ਯੁਨੀਵਰਸਿਟੀ ਅਤੇ ਯੇਲ ਲਾਅ ਸਕੂਲ ਤੋਂ ਪੜ੍ਹਾਈ ਕੀਤੀ ਅਤੇ 1996 ਵਿੱਚ ਗ੍ਰੈਜੁਏਟ ਹੋਏ।
ਉਨ੍ਹਾਂ ਨੇ ਹਾਸ਼ੀਏ ̛ਤੇ ਪਏ ਭਾਈਚਾਰਿਆਂ ਦੀ ਸੇਵਾ ਕਰਨ ਵਾਲਾ ਇੱਕ ਕੈਥਲਿਕ ਗਰੁੱਪ, ਜੇਸੂਟ ਵਲੰਟਰੀਅਰ ਕੌਰਪਸ ਜੁਆਇਨ ਕੀਤਾ।
ਉੱਥੇ ਉਨ੍ਹਾਂ ਦੀ ਮੁਲਾਕਾਤ ਕੈਥਲੀਨ ਬੂਹਲ ਨਾਲ ਹੋਈ, ਜਿਨ੍ਹਾਂ ਨਾਲ 1993 ਵਿੱਚ ਉਨ੍ਹਾਂ ਨੇ ਵਿਆਹ ਕਰਵਾਇਆ।
ਉਨ੍ਹਾਂ ਦੇ ਤਿੰਨ ਬੱਚੇ ਹਨ- ਨਾਓਮੀ, ਫਿਨੇਗਨ ਅਤੇ ਮੇਜ਼ੀ। ਹੰਟਰ ਅਤੇ ਕੈਥਲੀਨ 2017 ਵਿੱਚ ਅਲੱਗ ਰਹਿਣ ਲੱਗੇ ਸਨ।

ਤਸਵੀਰ ਸਰੋਤ, Getty Images
ਨਸ਼ੇ ਦਾ ਆਦੀ ਹੋਣਾ
ਪਿਤਾ ਅਲਕੋਹਲ ਤੋਂ ਦੂਰ ਰਹਿੰਦੇ ਸੀ, ਪਰ ਹੰਟਰ ਨੇ ਕਿਸ਼ੋਰ ਉਮਰ ਵਿੱਚ ਹੀ ਪੀਣੀ ਸ਼ੁਰੂ ਕਰ ਦਿੱਤੀ ਸੀ ਅਤੇ ਕਾਲਜ ਦੇ ਦਿਨਾਂ ਵਿੱਚ ਕੋਕੀਨ ਦਾ ਨਸ਼ਾ ਕਰਨ ਦੀ ਗੱਲ ਵੀ ਕਬੂਲੀ।
ਸਾਲ 2013 ਵਿੱਚ, ਉਹ ਅਮਰੀਕਨ ਨੇਵੀ ਰਿਜ਼ਰਵ ਵਿੱਚ ਸ਼ਾਮਲ ਹੋਏ ਅਤੇ ਆਪਣੇ ਪਿਤਾ ਸਾਹਮਣੇ ਸਹੁੰ ਚੁੱਕੀ ਜੋ ਕਿ ਉਸ ਵੇਲੇ ਉਪ ਰਾਸ਼ਟਰਪਤੀ ਸਨ।
ਪਰ ਨੇਵਲ ਬੇਸ ̛ਤੇ ਆਪਣੇ ਪਹਿਲੇ ਹੀ ਦਿਨ, ਉਹ ਕੋਕੀਨ ਇਸਤੇਮਾਲ ਦੇ ਟੈਸਟ ਵਿੱਚ ਪੌਜ਼ੀਟਿਵ ਮਿਲੇ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ।
ਨਿਊ ਯਾਰਕਰ ਟਾਈਮਜ਼ ਮੁਤਾਬਕ, 2015 ਵਿੱਚ ਆਪਣੇ ਵੱਡੇ ਭਰਾ ਬਿਊ ਦੀ ਦਿਮਾਗ਼ ਦੇ ਕੈਂਸਰ ਕਾਰਨ ਹੋਈ ਮੌਤ ਤੋਂ ਬਾਅਦ ਹੰਟਰ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਕਈ ਵਾਰ ਸਿਰਫ਼ ਵੋਡਕਾ ਖ਼ਰੀਦਣ ਲਈ ਹੀ ਘਰੋਂ ਬਾਹਰ ਨਿਕਲਦੇ ਸੀ।
ਹੰਟਰ ਦੀ ਬੇਟੀ ਨਾਓਮੀ ਨੇ ਇੱਕ ਵਾਰ ਟਵਿੱਟਰ ̛ਤੇ ਲਿਖਿਆ ਸੀ, “ਉਹ ਅਤੇ ਬਿਊ ਇੱਕ ਸਨ। ਇੱਕ ਦਿਲ, ਇੱਕ ਰੂਹ, ਇੱਕ ਮਨ।”

ਤਸਵੀਰ ਸਰੋਤ, Getty Images
ਤਲਾਕ ਦੌਰਾਨ, ਹੰਟਰ ਦੀ ਪਹਿਲੀ ਪਤਨੀ ਕੈਥਲੀਨ ਬੂਹਲ ਨੇ ਇਲਜ਼ਾਮ ਲਗਾਇਆ ਸੀ ਕਿ, “ਹੰਟ ਡਰੱਗਜ਼, ਅਲਕੋਹਲ, ਵੇਸਵਾਵਾਂ, ਸਟਰਿਪ ਕਲੱਬਾਂ ਅਤੇ ਉਨ੍ਹਾਂ ਔਰਤਾਂ ਲਈ ਤੋਹਫ਼ੇ ਖ਼ਰੀਦਣ ਵਿੱਚ ਬਹੁਤ ਪੈਸੇ ਉਜਾੜਦਾ ਹੈ, ਜਿਨ੍ਹਾਂ ਨਾਲ ਉਸ ਦੇ ਜਿਨਸੀ ਸੰਬੰਧ ਸਨ। ਜਿਸ ਕਾਰਨ ਪਰਿਵਾਰ ਕੋਲ ਬਿੱਲ ਭਰਨ ਲਈ ਵੀ ਪੈਸੇ ਨਹੀਂ ਬਚਦੇ ਸਨ।”
ਪਿਛਲੇ ਸਾਲ ਆਪਣੀ ਚੁੱਪੀ ਤੋੜਦਿਆਂ ‘ਗੁੱਡ ਮੌਰਨਿੰਗ ਅਮਰੀਕਾ’ ਨੂੰ ਕੈਥਲੀਨ ਨੇ 24 ਸਾਲਾ ਵਿਆਹੁਤਾ ਰਿਸ਼ਤੇ ਬਾਰੇ ਕਿਹਾ ਸੀ, “ਉਹ ਨਸ਼ੇ ਦੀ ਭੈੜੀ ਆਦਤ ਨਾਲ ਜੂਝ ਰਿਹਾ ਸੀ। ਇਹ ਬਹੁਤ ਦਿਲ ਤੋੜਨ ਵਾਲਾ ਅਤੇ ਦਰਦਨਾਇਕ ਸੀ ਅਤੇ ਇਹ ਉਹ ਨਹੀਂ ਸੀ, ਜਿਸ ਨਾਲ ਮੈਂ ਵਿਆਹ ਕਰਵਾਇਆ ਸੀ।”
ਸਾਲ 2021 ਵਿੱਚ ਆਪਣੀ ਕਿਤਾਬ ਬਿਊਟੀਫੁਲ ਥਿੰਗਜ਼ ਵਿੱਚ ਹੰਟਰ ਲਿਖਦੇ ਹਨ ਕਿ ਉਨ੍ਹਾਂ ਦੀ ਬੇਵਫ਼ਾਈ ਉਨ੍ਹਾਂ ਦਾ ਵਿਆਹ ਟੁੱਟਣ ਦਾ ਅੰਤਿਮ ਕਾਰਨ ਸੀ।
ਸਾਲ 2019 ਵਿੱਚ ਇੱਕ ਡੀਐੱਨਏ ਟੈਸਟ ਵਿੱਚ ਪਾਇਆ ਗਿਆ ਕਿ ਉਹ ਅਰਕਾਨਸਸ ਤੋਂ ਇੱਕ ਡਾਂਸਰ ਲੂਡਿਨ ਅਲੈਕਸਿਸ ਰੋਬਰਟਸ ਦੇ ਬੱਚੇ ਦਾ ‘ਕਾਨੂੰਨੀ ਅਤੇ ਬਾਇਓਲਾਜੀਕਲ’ ਪਿਤਾ ਹੈ।
ਆਪਣੀ ਕਿਤਾਬ ਵਿੱਚ ਹੰਟਰ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਮਿਸ ਰੋਬਰਟਸ ਨਾਲ ਸਾਹਮਣਾ ਹੋਣ ਬਾਰੇ ਕੁਝ ਵੀ ਯਾਦ ਨਹੀਂ, ਪਰ ਉਨ੍ਹਾਂ ਮੁਕੱਦਮੇ ਤੋਂ ਬਾਅਦ ਬੱਚੇ ਦੇ ਪਾਲਣ ਪੋਸ਼ਣ ਲਈ ਰਾਸ਼ੀ ਦਿੰਦੇ ਆ ਰਹੇ ਹਨ।
ਬਾਇਡਨ ਪਰਿਵਾਰ ਵਿੱਚੋਂ ਕੋਈ ਵੀ ਹੁਣ ਚਾਰ ਸਾਲ ਦੀ ਹੋ ਚੁੱਕੀ ਨੇਵੀ ਰੋਬਰਟਸ ਨੂੰ ਨਹੀਂ ਮਿਲਿਆ ਸੀ।
ਪਰ ਮੀਡੀਆ ਦੇ ਦਬਾਅ ਹੇਠ, ਪਿਛਲੀਆਂ ਗਰਮੀਆਂ ਵਿੱਚ ਰਾਸ਼ਟਰਪਤੀ ਬਾਇਡਨ ਨੂੰ ਆਪਣੇ ਸੱਤਵੇਂ ‘ਗਰੈਂਡ ਚਾਈਲਡ’ ਨੂੰ ਸਵੀਕਾਰ ਕਰਨਾ ਪਿਆ।

ਤਸਵੀਰ ਸਰੋਤ, Getty Images
ਬੰਦੂਕ
ਕੈਥਲੀਨ ਬੂਹਲ ਨਾਲ ਵੱਖਰਾ ਹੋਣ ਦੀ ਕਾਰਵਾਈ ਖ਼ਤਮ ਹੋਣ ਤੋਂ ਪਹਿਲਾਂ ਹੰਟਰ ਦੇ ਸਬੰਧ ਆਪਣੇ ਭਰਾ ਦੀ ਵਿਧਵਾ ਹੈਲੀ ਬਾਇਡਨ ਨਾਲ ਬਣ ਗਏ।
ਹੰਟਰ ਨੇ ਨਿਊ ਯਾਰਕਰ ਨੂੰ ਦੱਸਿਆ ਕਿ ਇਸ ਦੋ ਸਾਲਾ ਰਿਸ਼ਤੇ ਦੌਰਾਨ, ਦੋਹਾਂ ਨੇ ਬਿਊ ਬਾਇਡਨ ਦੀ ਮੌਤ ਦਾ ਆਪਣਾ ਸਾਂਝਾ ਅਤੇ ਖ਼ਾਸ ਦੁੱਖ ਸਾਂਝਾ ਕੀਤਾ।
ਡੇਲਾਵੇਅਰ ਮੁਕੱਦਮੇ ਵਿੱਚ ਆਪਣਾ ਪੱਖ ਰੱਖਦਿਆਂ, ਹੈਲੀ ਬਾਇਡਨ ਨੇ ਬਿਆਨ ਦਿੱਤਾ ਕਿ ਹੰਟਰ ਨੇ ਉਸ ਨੂੰ ਕੋਕੀਨ ‘ਕਰੈਕ ਕਰਨਾ’ ਸਿਖਾਇਆ ਅਤੇ ਉਸ ਦੀ ਮੌਜੂਦਗੀ ਵਿੱਚ ਉਹ ਡਰੱਗਜ਼ ਲਿਆਉਂਦਾ ਰਿਹਾ ਹੈ।
ਸਾਲ 2018 ਵਿੱਚ ਨਸ਼ਾ ਛੁਡਾਊ ਕੇਂਦਰ ਵਿੱਚ ਦੋ ਮਹੀਨੇ ਬਿਤਾਉਣ ਬਾਅਦ, ਹੰਟਰ ਬਾਇਡਨ ਨੇ ਇੱਕ ਬੰਦੂਕ ਖਰੀਦੀ।
ਜਿਸ ਬਾਰੇ ਉਸ ਦੀ ਬਚਾਅ ਟੀਮ ਦਾ ਕਹਿਣਾ ਹੈ ਕਿ ਗੰਨ ਸਟੋਰ ਦੇ ਮਾਲਕ ਵੱਲੋਂ ਦਬਾਅ ਪਾਏ ਜਾਣ ਕਾਰਨ ਉਹ ਇੱਕ ਆਵੇਗ ਖਰੀਦ ਲਿਆਏ ਸੀ।
ਸਰਕਾਰੀ ਵਕੀਲਾਂ ਨੇ ਕਿਹਾ ਕਿ ਹੰਟਰ ਨੇ ਹਥਿਆਰ ਐਪਲੀਕੇਸ਼ਨ ਫ਼ਾਰਮ ̛ਤੇ ਉਸ ਵੇਲੇ ਝੂਠ ਬੋਲਿਆ ਕਿ ਇਸ ਵੇਲੇ ਉਹ ਡਰੱਗਜ਼ ਨਹੀਂ ਲੈ ਰਿਹਾ।
ਹੰਟਰ ਬਾਇਡਨ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਹੰਟਰ ਨੇ ਖ਼ੁਦ ਨੂੰ ਨਸ਼ੇੜੀ ਨਹੀਂ ਮੰਨਿਆ ਅਤੇ ਉਸ ਵੇਲੇ ਉਹ ਡਰੱਗਜ਼ ਨਹੀਂ ਲੈ ਰਿਹਾ ਸੀ।
ਹੈਲੀ ਬਾਇਡਨ, ਜਿਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਹੰਟਰ ਬਾਇਡਨ ਦਾ ਡਰੱਗਜ਼ ਦੇ ਇਸਤੇਮਾਲ ਬਾਰੇ ਸਾਹਮਣਾ ਕੀਤਾ ਹੈ ਤੇ ਹੰਟਰ ਦੀ ਕਾਰ ਵਿੱਚੋਂ ਕੋਕੀਨ ਅਤੇ ਹੋਰ ਡਰੱਗਜ਼ ਦਾ ਬਚਿਆ ਖੁਚਿਆ ਸਮਾਨ ਹਟਾਉਂਦਿਆਂ ਉਸ ਨੂੰ ਅਸਲਾ ਵੀ ਮਿਲਿਆ।
ਉਸ ਪਲ ਬਾਰੇ ਉਹ ਕਹਿੰਦੀ ਹੈ ਕਿ ਕਿਵੇਂ ਉਹ ਘਬਰਾ ਗਈ ਸੀ ਅਤੇ ਕਾਹਲ਼ੀ ਵਿੱਚ ਉਹ ਬੰਦੂਕ ਉਸ ਨੇ ਸ਼ੌਪਿੰਗ ਬੈਗ ਵਿੱਚ ਪਾ ਦਿੱਤੀ ਅਤੇ ਫਿਰ ਕਚਰੇ ਦੇ ਡੱਬੇ ਵਿੱਚ ਸੁੱਟ ਦਿੱਤੀ, ਇਹ ਅਸਲਾ ਖ਼ਰੀਦਣ ਤੋਂ 11 ਦਿਨ ਬਾਅਦ ਦੀ ਗੱਲ ਹੈ।
ਉਸ ਨੇ ਕਿਹਾ, “ਮੈਂ ਨਹੀਂ ਚਾਹੁੰਦੀ ਸੀ ਕਿ ਉਹ ਖੁਦ ਨੂੰ ਸੱਟ ਪਹੁੰਚਾਵੇ ਜਾਂ ਬੱਚਿਆਂ ਦੇ ਹੱਥ ਲੱਗਣ ̛ਤੇ ਉਹ ਖੁਦ ਨੂੰ ਕੋਈ ਨੁਕਸਾਨ ਪਹੁੰਚਾ ਲੈਣ। ”
ਨਿਊ ਯਾਰਕ ਟਾਈਮਜ਼ ਮੁਤਾਬਕ, ਹੰਟਰ ਨੇ ਆਪਣੇ ਇੱਕ ਦੋਸਤ ਨੂੰ ਇੱਕ ਵਾਰ ਕਿਹਾ ਸੀ, “ਮੈਂ ਜਾਣਦਾ ਹਾਂ ਤੁਸੀਂ ਸਾਰੇ ਸੋਚਦੇ ਹੋ।”
ਸੁੱਟੀ ਗਈ ਬੰਦੂਕ ਲੱਭਣ ਲਈ ਸਥਾਨਕ ਪੁਲਿਸ, ਐੱਫਬੀਆਈ ਅਤੇ ਕਚਰੇ ਵਿੱਚੋਂ ਐਲੂਮੀਨੀਅਮ ਤੇ ਪਲਾਸਟਿਕ ਛਾਂਟ ਰਿਹਾ ਇੱਕ ਬਜ਼ੁਰਗ ਸ਼ਾਮਲ ਸੀ।

ਤਸਵੀਰ ਸਰੋਤ, Getty Images
2019 ਵਿੱਚ, ਜੋਅ ਬਾਇਡਨ ਵੱਲੋਂ ਤੀਜੀ ਵਾਰ ਰਾਸ਼ਟਰਪਤੀ ਅਹੁਦੇ ਲਈ ਆਪਣਾ ਨਾਮ ਦੇਣ ਤੋਂ ਹਫ਼ਤੇ ਦੇ ਅੰਦਰ-ਅੰਦਰ ਹੈਲੀ ਅਤੇ ਹੰਟਰ ਦੇ ਆਪਸੀ ਸਹਿਮਤੀ ਨਾਲ ਵੱਖ ਹੋਣ ਦੀਆਂ ਖ਼ਬਰਾਂ ਆਈਆਂ।
ਮਹਿਜ਼ ਕੁਝ ਹਫ਼ਤਿਆਂ ਬਾਅਦ, ਹੰਟਰ ਨੇ ਅਫਰੀਕਨ ਫ਼ਿਲਮ ਸਾਜ਼ ਮੈਲੀਸਾ ਕੋਹਿਨ ਨਾਲ ਛੇ ਦਿਨਾਂ ਦੇ ਰੋਮਾਂਸ ਬਾਅਦ ਵਿਆਹ ਕਰਵਾ ਲਿਆ, ਦੋਹਾਂ ਦਾ ਇੱਕ ਬੇਟਾ ਵੀ ਹੈ।
ਮੁਕੱਦਮੇ ਦੌਰਾਨ, ਹੰਟਰ ਬਾਇਡਨ ਨੇ ਖੁਦ ਲਈ ਸਟੈਂਡ ਨਹੀਂ ਲਿਆ ਪਰ ਉਹ ਅਤੇ ਕੁਝ ਪਰਿਵਾਰਕ ਮੈਂਬਰ ਤਿੰਨ ਪਿਛਲੇ ਸਾਥੀਆਂ ਦੇ ਭਾਵੁਕ ਬਿਆਨਾਂ ਦੌਰਾਨ ਬੈਠੇ ਰਹੇ।
ਇਨ੍ਹਾਂ ਵਿੱਚ ਕੈਥਲੀਨ ਬੂਹਲ ਅਤੇ ਉਸ ਦੀ ਬੇਟੀ ਨਾਓਮੀ ਨੇ ਵੀ ਬਿਆਨ ਦਿੱਤਾ।
ਸਾਲ 2019 ਵਿੱਚ ਆਪਣੇ ਸੰਘਰਸ਼ ਬਾਰੇ ਹੰਟਰ ਨੇ ਕਿਹਾ ਸੀ, “ਤੁਹਾਨੂੰ ਇਸ ਤੋਂ ਛੁਟਕਾਰਾ ਨਹੀਂ ਮਿਲਦਾ, ਤੁਹਾਨੂੰ ਇਸ ਨਾਲ ਨਜਿੱਠਣਾ ਆ ਜਾਂਦਾ ਹੈ।”
ਬਿਊਟੀਫੁੱਲ ਥਿੰਗਜ਼ ਵਿੱਚ ਉਹ ਆਪਣੇ ਬਚਾਅ ਦਾ ਸਿਹਰਾ ਪਰਿਵਾਰ ਦੇ ਪਿਆਰ ਸਿਰ ਬੰਨ੍ਹਦੇ ਹਨ।
ਇੱਕ ਯਾਦ ਦਾ ਜ਼ਿਕਰ ਕਰਦੇ ਹਨ ਜਦੋਂ ਉਨ੍ਹਾਂ ਦੇ ਪਿਤਾ ਘੁੱਟ ਕੇ ਜੱਫੀ ਪਾਉਂਦਿਆਂ ਕਿਹਾ ਸੀ ਕਿ, “ਮੈਂ ਨਹੀਂ ਜਾਣਦਾ ਹੋਰ ਕੀ ਕਰਨਾ ਹੈ। ਮੈਂ ਬਹੁਤ ਡਰਿਆ ਹੋਇਆ ਹਾਂ। ਮੈਨੂੰ ਦੱਸੋ ਕੀ ਕਰਨਾ ਹੈ।”
ਪਿਛਲੇ ਸਾਲਾਂ ਵਿੱਚ ਰਾਸ਼ਟਰਪਤੀ ਦੇ ਬੇਟੇ ਨੇ ਥੈਰੇਪੀ ਵਜੋਂ ਪੇਂਟਿੰਗ ਕੀਤੀ।
ਉਨ੍ਹਾਂ ਨਿਊਯਾਰਕ ਟਾਈਮਜ਼ ਨੂੰ ਦੱਸਿਆ, “ਇਹ ਮੈਨੂੰ ਉਨ੍ਹਾਂ ਲੋਕਾਂ ਅਤੇ ਥਾਂਵਾਂ ਤੋਂ ਦੂਰ ਰੱਖਦੀ ਹੈ ਜਿੱਥੇ ਮੈਨੂੰ ਨਹੀਂ ਹੋਣਾ ਚਾਹੀਦਾ।”
ਪਰ ਉਸ ਦੇ ਆਰਟਵਰਕ ਦਾ ਇਕ ਪੀਸ 5,00,000 ਡਾਲਰ ਤੱਕ ਦਾ ਵਿਕਣ ਨੇ ਵਾਈਟ ਹਾਊਸ ਲਈ ਇੱਕ ਨੈਤਿਕ ਦੁਚਿੱਤੀ ਪੈਦਾ ਕਰ ਦਿੱਤੀ ਹੈ।
ਰਾਸ਼ਟਰਪਤੀ ਬਾਇਡਨ ਨੇ ਕਈ ਮੌਕਿਆਂ ̛ਤੇ ਆਪਣੇ ਬੇਟੇ ਦਾ ਬਚਾਅ ਕੀਤਾ ਹੈ, ਜਿਸ ਵਿੱਚ 2020 ਵਿੱਚ ਡੋਨਲਡ ਟਰੰਪ ਨਾਲ ਰਾਸ਼ਟਰਪਤੀ ਅਹੁਦੇ ਦੀ ਜ਼ੋਰਦਾਰ ਬਹਿਸ ਵੀ ਸ਼ਾਮਲ ਹੈ।
ਮੁਕੱਦਮੇ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਬਿਆਨ ਜਾਰੀ ਕੀਤਾ, “ਮੈਂ ਇੱਕ ਰਾਸ਼ਟਰਪਤੀ ਹਾਂ, ਪਰ ਮੈਂ ਇੱਕ ਪਿਤਾ ਵੀ ਹਾਂ ਅਤੇ ਮੈਂ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਉਹ ਅੱਜ ਜੋ ਵੀ ਹੈ ਸਾਨੂੰ ਉਸ ਉੱਤੇ ਮਾਣ ਹੈ।”
ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਅਦਾਲਤ ਹੰਟਰ ਬਾਇਡਨ ਨੂੰ ਦੋਸ਼ੀ ਪਾਉਂਦੀ ਹੈ ਤਾਂ ਉਹ ਮਾਫ਼ੀ ਦੀ ਉਮੀਦ ਨਾ ਕਰੇ।

ਤਸਵੀਰ ਸਰੋਤ, Getty Images
ਪਰਿਵਾਰ ਅਤੇ ਕਾਰੋਬਾਰ ਨੂੰ ਰਲਾਉਣਾ
ਯੇਲੇ ਯੁਨੀਵਰਸਿਟੀ ਤੋਂ ਗ੍ਰੈਜੁਏਸ਼ਨ ਕਰਨ ਤੋਂ ਬਾਅਦ, ਹੰਟਰ ਨੇ ਡਾਲੀਵੇਅਰ ਦੀ ਇੱਕ ਬੈਂਕ ਹੋਲਡਿੰਗ ਕੰਪਨੀ ਐੱਮਬੀਐੱਨਏ ਅਮਰੀਕਾ ਵਿੱਚ ਕੰਮ ਕੀਤਾ।
ਡੇਲਾਵੇਅਰ ਵਿੱਚ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਅਤੇ ਸਿਆਸੀ ਮੁਹਿੰਮਾਂ ਦੇ ਖ਼ਾਸ ਸਹਿਯੋਗੀ ਇਸ ਬੈਂਕ ਨਾਲ ਜੋਅ ਬਾਇਡਨ ਦੇ ਨਜ਼ਦੀਕੀ ਸਬੰਧਾਂ ਕਰਕੇ ਉਨ੍ਹਾਂ ਨੂੰ ‘ਦ ਸੈਨੇਟਰ ਫ਼ਰੌਮ ਐੱਮਬੀਐੱਨਏ’ ਉਪਨਾਮ ਵੀ ਦਿੱਤਾ ਗਿਆ।
ਜਦੋਂ ਹੰਟਰ ਨੂੰ ਐਗਜ਼ਿਕਿਊਟਿਵ ਵਾਈਸ-ਪ੍ਰੈਜ਼ੀਡੈਂਟ ਦੇ ਅਹੁਦੇ ̛ਤੇ ਪ੍ਰਮੋਟ ਕੀਤਾ ਗਿਆ, ਜੋਅ ਨੇ ਸੈਨੇਟ ਜ਼ਰੀਏ ਦੀਵਾਲੀਆਪਨ ਸੁਧਾਰ ਕਾਨੂੰਨ ਲਿਆਂਦਾ।
2000ਵਿਆਂ ਦੀ ਸ਼ੁਰੂਆਤ ਵਿੱਚ, ਜਦੋਂ ਹੰਟਰ ਹਾਲੇ ਬੈਂਕ ਤੋਂ ਕੰਸਲਟਿੰਗ ਫ਼ੀਸ ਲੈ ਰਹੇ ਸੀ, ਹੰਟਰ ਨੇ ਵਾਸ਼ਿੰਗਟਨ ਲੌਬਿੰਗ ਪ੍ਰੈਕਟਿਸ ਦੀ ਸ਼ੁਰੂਆਤ ਕੀਤੀ।

ਤਸਵੀਰ ਸਰੋਤ, Getty Images
ਪੋਲਿਟਿਕੋ ਮੈਗਜ਼ੀਨ ਮੁਤਾਬਕ, “ਇਸ ਨੇ ਹੰਟਰ ਨੂੰ ਉਹ ਗਾਹਕ ਦਿੱਤੇ ਜਿਨ੍ਹਾਂ ਦੀਆਂ ਰੁਚੀਆਂ ਉਨ੍ਹਾਂ ਦੇ ਪਿਤਾ ਦੀ ਕਮੇਟੀ ਦੇ ਕੰਮਾਂ ਅਤੇ ਲੈਜਿਸਲੇਟਿਵ ਤਰਜ਼ੀਹਾਂ ਨਾਲ ਓਵਰਲੈਪ ਕਰਦੀਆਂ ਸੀ।”
ਉਨ੍ਹਾਂ ਨੇ ਨਿਯੂਯਾਰਕ ਟਾਈਮਜ਼ ਨੂੰ ਦੱਸਿਆ ਕਿ ਉਸ ਵੇਲੇ ਪਿਓ-ਪੁੱਤ ਦਾ ਰਿਸ਼ਤਾ ਅਜਿਹਾ ਸੀ ਕਿ ਕੋਈ ਵੀ ਇੱਕ ਦੂਜੇ ਨੂੰ ਲੌਬਿੰਗ ਦੇ ਕੰਮ ਬਾਰੇ ਨਹੀਂ ਦੱਸਦਾ ਸੀ।
ਰਾਸ਼ਟਰਪਤੀ ਬਾਇਡਨ ਨੇ ਇਸ ਨੂੰ ਸੱਚ ਮੰਨਿਆ ਹੈ।
ਸਾਲ 2006 ਵਿੱਚ ਤਤਕਾਲੀ ਸੈਨੇਟਰ ਜੋਅ ਬਾਇਡਨ ਜੋ ਕਿ ਸੈਨੇਟ ਦੇ ਵਿਦੇਸ਼ੀ ਸੰਬੰਧਾਂ ਬਾਰੇ ਕਮੇਟੀ ਦੀ ਚੇਅਰਮੈਨਸ਼ਿਪ ਹਾਸਿਲ ਕਰਨ ਲਈ ਤਿਆਰ ਸਨ ਨੇ ਹੰਟਰ ਅਤੇ ਇੱਕ ਹੋਰ ਰਿਸ਼ਤੇਦਾਰ ਨੇ ਮਿਲ ਕੇ ਹੈੱਜ ਫੰਡ ਗਰੁੱਪ ਦੀ ਖਰੀਦ ਕੀਤੀ।
ਪੈਰਾਡਿਗਮ ਗਲੋਬਲ ਐਡਵਾਈਜ਼ਰ ਦਾ ਕਾਰਜ-ਕਾਲ ਜੋਅ ਬਾਇਡਨ ਦੀ 2008 ਵਿੱਚ ਰਾਸ਼ਟਰਪਤੀ ਅਹੁਦੇ ਲਈ ਦੌੜ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਉਪ-ਰਾਸ਼ਟਰਪਤੀ ਦੀ ਚੋਣ ਹੋਣ ਨਾਲ ਵਧਿਆ।
ਇਸ ਸਮੇਂ ਦੌਰਾਨ, ਫੰਡ ਕਈ ਕਥਿਤ ਧੋਖੇਬਾਜ਼ਾਂ ਨਾਲ ਜੋੜਿਆ ਗਿਆ, ਜਿਨ੍ਹਾਂ ਵਿੱਚ ਅਮਰੀਕਨ ਇਤਿਹਾਸ ਦੀ ਸਭ ਤੋਂ ਵੱਡੀ ਪੁੰਜੀ ਸਕੀਮ ਚਲਾਉਣ ਦੇ ਇਲਜ਼ਾਮਾਂ ਵਿੱਚ ਘਿਰੇ ਟੈਕਸਾਸ ਦੇ ਇੱਕ ਫਾਈਨਾਂਸਰ ਵੀ ਸ਼ਾਮਲ ਹਨ।
ਬਾਇਡਨ ਪਰਿਵਾਰ ਨੇ ਕਿਸੇ ਤਰ੍ਹਾਂ ਦੇ ਗ਼ਲਤ ਕੰਮਾਂ ਦੇ ਇਲਜ਼ਾਮਾਂ ਨੂੰ ਨਕਾਰਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਇਲਜ਼ਾਮਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਸਾਲ 2010 ਵਿੱਚ ਉਨ੍ਹਾਂ ਨੇ ਨਿਵੇਸ਼ਕਾਂ ਨੂੰ ਪੈਸੇ ਵਾਪਸ ਕਰ ਦਿੱਤੇ।

ਤਸਵੀਰ ਸਰੋਤ, Getty Images
ਚੀਨ ਅਤੇ ਯੁਕਰੇਨ
ਪਿਤਾ ਦੇ ਉਪ ਰਾਸ਼ਟਰਪਤੀ ਹੁੰਦਿਆਂ ਹੰਟਰ ਦੇ ਵਿਦੇਸ਼ੀ ਕਾਰੋਬਾਰਾਂ ਬਾਰੇ ਪਿਛਲੇ ਸਾਲਾਂ ਵਿੱਚ ਕਾਫੀ ਚਰਚਾ ਰਹੀ ਹੈ।
2013 ਵਿੱਚ, ਉਨ੍ਹਾਂ ਨੇ ਚੀਨੀ ਪ੍ਰਾਈਵੇਟ ਇਕੁਇਟੀ ਫ਼ਰਮ ਕੰਪਨੀ ਬੀਐੱਚਆਰ ਵਿੱਚ ਫਾਊਂਡਿੰਗ ਬੋਰਡ ਸੀਟ ਲੈ ਲਈ। ਪਹਿਲਾਂ ਅਣਪੇਡ ਮੈਂਬਰ ਵਜੋਂ ਅਤੇ ਫਿਰ ਫੰਡ ਵਿੱਚ 10 ਫੀਸਦੀ ਇਕੁਇਟੀ ਸਟੇਕ ਨਾਲ।
ਹੰਟਰ ਵੱਲੋਂ ਆਪਣੇ ਉਪ-ਰਾਸ਼ਟਰਪਤੀ ਪਿਤਾ ਦੇ ਚੀਨ ਦੌਰੇ ̛ਤੇ ਨਾਲ ਜਾਣ ਅਤੇ ਬੀਐੱਚਆਰ ਦੇ ਚੀਫ ਐਗਜ਼ਿਕਿਊਟਿਵ ਨੂੰ ਕੌਫ਼ੀ ’ਤੇ ਮਿਲਣ ਦੇ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਸ਼ੰਘਾਈ ਵਿੱਚ ਇਹ ਕੰਪਨੀ ਰਜਿਸਟਰ ਹੋਈ ਸੀ।
2017 ਵਿੱਚ ਉਨ੍ਹਾਂ ਦੇ ਪਿਤਾ ਦੇ ਅਹੁਦਾ ਛੱਡਣ ਤੋਂ ਬਾਅਦ, ਹੰਟਰ ਨੇ ਚੀਨੀ ਤੇਲ ਕੰਪਨੀ ਮਾਲਿਕ ਯੇ ਜੀਆਨਮਿੰਗ ਨਾਲ ਲੋਉਸਿਆਨਾ ਵਿੱਚ ਕੁਦਰਤੀ ਗੈਸ ਪ੍ਰੌਜੈਕਟ ਲਈ ਪਾਰਟਰਨਸ਼ਿਪ ਕਰ ਲਈ।
ਯੇ ਨੂੰ ਚੀਨੀ ਅਧਿਕਾਰੀਆਂ ਵੱਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਗ੍ਰਿਫਤਾਰ ਕਰ ਲੈਣ ਅਤੇ ਫਿਰ ਉਸ ਦੇ ਲਾਪਤਾ ਹੋ ਜਾਣ ਬਾਅਦ ਡੀਲ ਫ਼ੇਲ੍ਹ ਹੋ ਗਈ।
ਹੰਟਰ ਦੀਆਂ ਯੁਕਰੇਨ ਵਿੱਚ ਡੀਲਾਂ ਨੇ ਹੋਰ ਵਿਵਾਦਾਂ ਨੂੰ ਜਨਮ ਦਿੱਤਾ, ਕਿਉਂਕਿ ਉਨ੍ਹਾਂ ਦੇ ਪਿਤਾ ਅਮਰੀਕਾ-ਯੁਕਰੇਨ ਰਿਸ਼ਤਿਆਂ ਬਾਰੇ ਓਬਾਮਾ ਸਰਕਾਰ ਦੇ ਨੁਮਾਇੰਦੇ ਸਨ।
ਸਾਲ 2014 ਵਿੱਚ ਉਨ੍ਹਾਂ ਨੇ ਯੁਕਰੇਨੀਅਨ ਐਨਰਜੀ ਕੰਪਨੀ ਬੁਰਸਿਮਾ ਹੋਲਡਿੰਗਜ਼ ਜੁਆਇਨ ਕਰ ਲਈ ਜਿੱਥੇ ਉਨ੍ਹਾਂ ਨੂੰ ਪ੍ਰਤੀ ਸਾਲ ਕਰੀਬ 12 ਲੱਖਅ ਡਾਲਰ ਅਦਾ ਕੀਤਾ ਜਾਂਦਾ ਸੀ।
ਭ੍ਰਿਸ਼ਟਾਚਾਰ ਰੋਕੂ ਮੁਹਿੰਮ ਦੇ ਹਿੱਸੇ ਵਜੋਂ, ਉਪ ਰਾਸ਼ਟਰਪਤੀ ਜੋਅ ਬਾਇਡਨ ਉਸ ਵੇਲੇ ਚੋਟੀ ਦੇ ਸਰਕਾਰੀ ਵਕੀਲ ਵਿਕਟਰ ਸ਼ੋਕਿਨ ਨੂੰ ਕੱਢਣ ਲਈ ਰੈਲੀ ਕਰ ਰਹੇ ਸੀ।
ਸ਼ੋਕਿਨ ਨੂੰ 2016 ਵਿੱਚ ਪਾਰਲੀਮੈਂਟ ਨੇ ਅਹੁਦੇ ਤੋਂ ਲਾਹ ਦਿੱਤਾ ਗਿਆ ਸੀ ਪਰ ਅਲੋਚਕਾਂ ਦੀ ਦਲੀਲ ਹੈ ਕਿ ਬੁਰਸਿਮਾ ਬਾਰੇ ਜਾਂਚ ਕਰਨ ਦੇ ਨਤੀਜੇ ਵਜੋਂ ਹੀ ਸ਼ੋਕਿਨ ਦੀ ਨੌਕਰੀ ਖੋਹੀ ਗਈ।
ਰਿਪਬਲਿਕਨਜ਼ ਜੋਅ ਅਤੇ ਹੰਟਰ ਦੋਵਾਂ ਉੱਤੇ ਸ਼ੋਕਿਨ ਨੂੰ ਕਢਵਾਉਣ ਬਦਲੇ ਬੁਰਸਿਮਾ ਦੇ ਅਧਿਕਾਰੀਆਂ ਤੋਂ 5 ਲੱਖ ਡਾਲਰ ਲੈਣ ਦਾ ਇਲਜ਼ਾਮ ਲਗਾਉਂਦੇ ਹਨ।
ਪਰ ਉਹ ਇਲਜ਼ਾਮ ਫਿੱਕੇ ਪੈ ਗਏ ਜਦੋਂ ਇੱਕ ਸਾਬਕਾ ਐੱਫਬੀਆਈ ਸੂਚਨਾਕਾਰ ̛ਤੇ ਰਿਸ਼ਵਤਖੋਰੀ ਦੀ ਸਕੀਮ ਘੜਨ ਦੇ ਇਲਜ਼ਾਮ ਲੱਗੇ।

ਤਸਵੀਰ ਸਰੋਤ, Getty Images
ਹੰਟਰ ਦੇ ਇੱਕ ਸਾਬਕਾ ਬਿਜ਼ਨਸ ਪਾਰਟਨਰ ਨੇ ਵੀ ਬਿਆਨ ਦਿੱਤਾ ਕਿ ਕਈ ਵਾਰ ਹੰਟਰ ਦੀਆਂ ਵੱਖੋ-ਵੱਖ ਲੋਕਾਂ ਨਾਲ ਫ਼ੋਨ ਕਾਲਜ਼ ਦੌਰਾਨ ਜੋਅ ਬਾਇਡਨ ਸਪੀਕਰ ਰਾਹੀਂ ਗੱਲਬਾਤ ਸੁਣ ਰਹੇ ਹੁੰਦੇ ਸੀ।
ਭ੍ਰਿਸ਼ਟਾਚਾਰ ਦੇ ਇਲਜ਼ਾਮ, ਰਾਸ਼ਟਰਪਤੀ ਟਰੰਪ ਲਈ ਵੀ 2019 ਵਿੱਚ ਮਹਾਂਦੋਸ਼ ਦਾ ਕਾਰਨ ਬਣੇ ਸਨ।
ਹੰਟਰ ਵੱਲੋਂ ਡੇਲਾਵੇਅਰ ਦੀ ਇੱਕ ਰਿਪੇਅਰ ਦੀ ਦੁਕਾਨ ̛ਤੇ ਛੱਡੇ ਗਏ ਲੈਪਟਾਪ ਅਤੇ ਉਸ ਵਿਚੋਂ ਮਿਲੀ ਜਾਣਕਾਰੀ਼ 2020 ਦੀ ਰਾਸ਼ਟਰਪਤੀ ਚੋਣ ਦੌਰਾਨ ਵੀ ਸੁਰਖ਼ੀਆਂ ਬਟੋਰਦੀ ਰਹੀ ਸੀ।
ਬਾਇਡਨ ਦੀ ਟੀਮ ਨੇ ਉਸ ਵੇਲੇ ਦਲੀਲ ਦਿੱਤੀ ਸੀ ਕਿ ਇਹ ਰੂਸ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਲਈ ਤਿਆਰ ਕੀਤੀ ਗਈ ਇੱਕ ਮੁਹਿੰਮ ਸੀ, ਪਰ ਲੈਪਟਾਪ ਦੀ ਹਾਰਡ ਡਰਾਈਵ ਨੂੰ ਅਮਰੀਕੀ ਮੀਡੀਆ ਵੱਲੋਂ ਪ੍ਰਮਾਣਿਤ ਕੀਤਾ ਗਿਆ ਅਤੇ ਹੁਣ ਉਹ ਐੱਫਬੀਆਈ ਦੇ ਕੋਲ ਹੈ।
ਇਸ ਦੇ ਕੰਟੈਂਟ ਦੇ ਵਿਸ਼ਲੇਸ਼ਣ ਨੇ ਹੰਟਰ ਦੀ ਚੀਨ ਅਤੇ ਯੁਕਰੇਨ ਵਿੱਚ ਕੰਮਾਂ ਤੋਂ ਵੱਡੀ ਕਮਾਈ ਦੇ ਸਬੂਤ ਦਿੱਤੇ ਹਨ ਅਤੇ ਉਸ ਦੀ ਸ਼ਰਾਬ ਅਤੇ ਡਰੱਗਜ਼ ਲੈਣ ਦੇ ਵੀ ਸਬੂਤ ਦਿੱਤੇ ਹਨ।
ਜਿਵੇਂ ਜਿਵੇਂ ਰਾਸ਼ਟਰਪਤੀ ਆਪਣੀ ਮੁੜ-ਚੋਣ ਦੀ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ, ਉਨ੍ਹਾਂ ਦੇ ਬੇਟੇ ਦਾ ਕਾਨੂੰਨੀ ਡਰਾਮਾ, ਕਾਰੋਬਾਰੀ ਹਿੱਤ ਅਤੇ ਨਿੱਜੀ ਹਲਚਲ ਭਰੀ ਜ਼ਿੰਦਗੀ ਅਣਚਾਹੀ ਭਟਕਣਾ ਪੈਦਾ ਕਰ ਰਹੀ ਹੈ।












