ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ 'ਚੋਂ ਚੀਜ਼ਾਂ ਗੁਆਚੀਆਂ ਤਾਂ ਪੱਤਰਕਾਰਾਂ ਨੂੰ ਕਿਉਂ ਮਿਲੀ ਚੇਤਾਵਨੀ

ਤਸਵੀਰ ਸਰੋਤ, Getty Images
ਫ਼ਰਵਰੀ ਮਹੀਨੇ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਦੇ ਪੱਛਮੀ ਤੱਟ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਜਹਾਜ਼ ਏਅਰਫੋਰਸ ਵਨ ਵਿੱਚ ਮੌਜੂਦ ਸਮਾਨ ਦੀ ਗਿਣਤੀ ਕੀਤੀ ਗਈ ਤਾਂ ਉਸ ਵਿੱਚਲੀਆਂ ਕਈ ਚੀਜ਼ਾਂ ਮੌਜੂਦ ਨਹੀਂ ਸਨ।
ਇਸ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਗਿਆ ਕਿ ਉਹ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਜਹਾਜ਼ ਤੋਂ ਯਾਦਗਾਰੀ ਚਿੰਨ੍ਹ ਚੋਰੀ ਕਰਨ ਤੋਂ ਗੁਰੇਜ਼ ਕਰਨ।
ਰਾਸ਼ਟਰਪਤੀ ਦੇ ਜਹਾਜ਼ 'ਚੋਂ ਬ੍ਰੈਂਡਿਡ ਸਿਰਹਾਣੇ ਦੇ ਕਵਰ, ਗਲਾਸ, ਸੁਨਿਹਰੀ ਰਿੰਮ ਵਾਲੀਆਂ ਪਲੇਟਾਂ ਸਮੇਤ ਕਈ ਕੁਝ ਹੈ ਜੋ ਮਿਲ ਨਹੀਂ ਰਿਹਾ।
ਇਸ ਮਾਮਲੇ ਵਿੱਚ ਉਨ੍ਹਾਂ ਪੱਤਰਕਾਰਾਂ ਉੱਤੇ ਸ਼ੱਕ ਕੀਤਾ ਜਾ ਰਿਹਾ ਹੈ ਜੋ ਰਾਸ਼ਟਰਪਤੀ ਨਾਲ ਉਨ੍ਹਾਂ ਦੇ ਜਹਾਜ਼ ਏਅਰਫੋਰਸ ਵਨ ਵਿੱਚ ਸਫ਼ਰ ਕਰਦੇ ਹਨ।

ਤਸਵੀਰ ਸਰੋਤ, Getty Images
ਪੱਤਰਕਾਰਾਂ ਨੂੰ ਚੇਤਾਵਨੀ
ਜਹਾਜ਼ ਵਿੱਚੋਂ ਸਮਾਨ ਗੁਆਚਣ ਦਾ ਪਤਾ ਲੱਗਣ ਤੋਂ ਬਾਅਦ ਵ੍ਹਾਈਟ ਹਾਊਸ ਦੀ ਕਵਰੇਜ ਕਰਨ ਵਾਲੇ ਪੱਤਰਕਾਰਾਂ ਦੇ ਸੰਗਠਨ 'ਦਿ ਵ੍ਹਾਈਟ ਹਾਊਸ ਕੋਰਸਪੌਂਡੈਂਟਸ ਐਸੋਸੀਏਸ਼ਨ' ਨੇ ਚਿਤਾਵਨੀ ਦਿੱਤੀ ਹੈ ਕਿ ਰਾਸ਼ਟਰਪਤੀ ਦੇ ਜਹਾਜ਼ ਤੋਂ ਸਮਾਨ ਲੈ ਕੇ ਜਾਣ ਦੀ ਮਨਾਹੀ ਹੈ।
ਪਿਛਲੇ ਮਹੀਨੇ, ਐਸੋਸੀਏਸ਼ਨ ਨੇ ਪੱਤਰਕਾਰਾਂ ਨੂੰ ਇੱਕ ਈਮੇਲ ਲਿਖੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਦਾ ਵਿਵਹਾਰ ਪ੍ਰੈਸ ਪੂਲ ਲਈ ਠੀਕ ਨਹੀਂ ਹੈ।
ਪ੍ਰੈਸ ਪੂਲ ਉਨ੍ਹਾਂ ਪੱਤਰਕਾਰਾਂ ਨੂੰ ਕਹਿੰਦੇ ਹਨ ਜੋ ਏਅਰ ਫੋਰਸ ਵਨ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਨਾਲ ਯਾਤਰਾ ਕਰਦੇ ਹਨ।
ਈਮੇਲ ਵਿੱਚ ਕਿਹਾ ਗਿਆ ਹੈ ਕਿ ਇਸ ਕਿਸਮ ਦੇ ਵਿਵਹਾਰ ਨੂੰ ਰੋਕਣਾ ਚਾਹੀਦਾ ਹੈ।
ਕਈ ਵਾਰ, ਰਾਸ਼ਟਰਪਤੀ ਦੇ ਨਾਲ ਯਾਤਰਾ ਕਰਨ ਵੇਲੇ, ਪੱਤਰਕਾਰਾਂ ਨੂੰ ਐੱਮ ਐਂਡ ਐੱਮ ਚਾਕਲੇਟਾਂ ਦਾ ਇੱਕ ਪੈਕੇਟ ਦਿੱਤਾ ਜਾਂਦਾ ਹੈ ਜਿਸ 'ਤੇ ਰਾਸ਼ਟਰਪਤੀ ਦੀ ਮੋਹਰ ਹੁੰਦੀ ਹੈ।
ਪਰ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ ਵਿੱਚੋਂ ਚਮਚ, ਪਲੇਟ, ਕਟਲਰੀ ਜਾਂ ਹੋਰ ਚੀਜ਼ਾਂ ਲੈ ਕੇ ਜਾਣਾ ਆਮ ਗੱਲ ਹੈ ਅਤੇ ਅਜਿਹਾ ਹੁੰਦਾ ਰਹਿੰਦਾ ਹੈ।

ਤਸਵੀਰ ਸਰੋਤ, Getty Images
ਜਹਾਜ਼ ਤੋਂ ਚੁੱਕੀਆਂ ਚੀਜ਼ਾਂ ਦਾ ਸੰਗ੍ਰਿਹ ਬਣਾਉਣ ਵਾਲਾ ਪੱਤਰਕਾਰ
ਵਾਇਸ ਆਫ਼ ਅਮਰੀਕਾ ਦੇ ਵ੍ਹਾਈਟ ਹਾਊਸ ਦੀ ਪੱਤਰਕਾਰ ਮੀਸ਼ਾ ਕੋਮਾਡੋਵਸਕੀ ਨੇ ਆਪਣੀ ਯਾਤਰਾ ਦੌਰਾਨ ਰਾਸ਼ਟਰਪਤੀ ਦੇ ਜਹਾਜ਼ ਤੋਂ ਇਕੱਠੀਆਂ ਕੀਤੀਆਂ ਚੀਜ਼ਾਂ ਦਾ ਪ੍ਰਭਾਵਸ਼ਾਲੀ ਸੰਗ੍ਰਹਿ ਬਣਾ ਲਿਆ ਹੈ।
ਮੀਸ਼ਾ ਏਅਰ ਫੋਰਸ ਵਨ ਦੇ ਲੋਗੋ ਵਾਲਾ ਇੱਕ ਪੇਪਰ ਕੱਪ ਹੱਥ ਵਿੱਚ ਫੜ ਕੇ ਕਹਿੰਦੇ ਹਨ, “ਇਨ੍ਹਾਂ ਚੀਜ਼ਾਂ ਨੂੰ ਇਕੱਠਾ ਕਰਕੇ ਮੈਂ ਨਾ ਤਾਂ ਕੁਝ ਗ਼ਲਤ ਕੀਤਾ ਹੈ ਅਤੇ ਨਾ ਹੀ ਕਿਸੇ ਨੂੰ ਸ਼ਰਮਿੰਦਾ ਕੀਤਾ ਹੈ।”
ਮੀਸ਼ਾ ਕਹਿੰਦੇ ਹਨ, "ਮੈਂ ਇਸ ਪੇਪਰ ਕੱਪ ਨੂੰ ਸੁੱਟਣਾ ਭੁੱਲ ਗਿਆ ਸੀ।"
ਮੀਸ਼ਾ ਕੋਮਾਡੋਵਸਕੀ ਕੋਲ ਰਾਸ਼ਟਰਪਤੀ ਦੀ ਮੋਹਰ ਵਾਲਾ ਚਾਕਲੇਟਾਂ ਦਾ ਇੱਕ ਪੈਕੇਟ ਵੀ ਹੈ। ਇਸ 'ਤੇ ਰਾਸ਼ਟਰਪਤੀ ਬਾਇਡਨ ਦੇ ਦਸਤਖ਼ਤ ਵੀ ਹਨ।
ਉਹ ਕਹਿੰਦੇ ਹਨ, "ਇਹ ਬਜ਼ਾਰ ਵਿੱਚੋਂ ਮਿਲਣ ਵਾਲੀਆਂ ਆਮ ਚਾਕਲੇਟ ਹਨ, ਬਸ ਇਨ੍ਹਾਂ ਨੂੰ ਇੱਕ ਚੰਗੇ ਡੱਬੇ ਵਿੱਚ ਪੈਕ ਕੀਤਾ ਗਿਆ ਹੈ।"

ਰਾਸ਼ਟਰਪਤੀ ਦਾ ਹਵਾਈ ਦਫ਼ਤਰ
ਏਅਰ ਫੋਰਸ ਵਨ ਨੂੰ ਰਾਸ਼ਟਰਪਤੀ ਦਾ ਹਵਾ ਵਿੱਚ ਉੱਡਦਾ ਦਫ਼ਤਰ ਵੀ ਕਿਹਾ ਜਾਂਦਾ ਹੈ। ਵ੍ਹਾਈਟ ਹਾਊਸ ਵਲੋਂ ਵੀ ਇਸ ਨੂੰ ਹਵਾ ਵਿੱਚ ਰਾਸ਼ਟਰਪਤੀ ਦੇ ਦਫਤਰ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ।
ਇਸ ਏਅਰਕ੍ਰਾਫਟ 'ਚ 4 ਹਜ਼ਾਰ ਵਰਗ ਫੁੱਟ ਦੀ ਫਲੋਰ ਸਪੇਸ ਹੈ ਅਤੇ ਇਸ ਦੀਆਂ ਤਿੰਨ ਮੰਜ਼ਿਲਾਂ ਹਨ।
ਇਸ ਦੀਆਂ ਪ੍ਰਭਾਵਸ਼ਾਲੀ ਸਹੂਲਤਾਂ ਵਿੱਚ ਰਾਸ਼ਟਰਪਤੀ ਲਈ ਇੱਕ ਵਿਸ਼ਾਲ ਸੂਟ, ਇੱਕ ਓਪਰੇਟਿੰਗ ਟੇਬਲ ਦੇ ਨਾਲ ਇੱਕ ਮੈਡੀਕਲ ਸਟੇਸ਼ਨ, ਇੱਕ ਕਾਨਫਰੰਸ ਅਤੇ ਡਾਇਨਿੰਗ ਰੂਮ, ਭੋਜਨ ਤਿਆਰ ਕਰਨ ਲਈ ਦੋ ਥਾਵਾਂ ਜਿਥੇ ਇੱਕ ਵੇਲੇ 100 ਲੋਕਾਂ ਦਾ ਖਾਣਾ ਤਿਆਰ ਕੀਤਾ ਜਾ ਸਕਦਾ ਹੈ ਅਤੇ ਪ੍ਰੈੱਸ ਦੇ ਨਾਲ ਨਾਲ ਖ਼ਾਸ ਲੋਕਾਂ ਜਿਵੇਂ ਸੁਰੱਖਿਆ ਅਤੇ ਸਕੱਤਰੇਤ ਸਟਾਫ਼ ਲਈ ਵਿਸ਼ੇਸ਼ ਜਗ੍ਹਾ ਮੌਜੂਦ ਹੈ।

ਤਸਵੀਰ ਸਰੋਤ, Getty Images
ਫ਼ੌਜੀ ਜਹਾਜ ਵਾਲੀ ਤਕਨੀਕ ਦੀ ਵਰਤੋਂ
ਇਸ ਜਹਾਜ ਨੂੰ ਉੱਨਤ ਐਵੀਓਨਿਕਸ ਅਤੇ ਸੁਰੱਖਿਆ ਉਪਾਵਾਂ ਕਰਕੇ ਇੱਕ ਫ਼ੌਜੀ ਜਹਾਜ਼ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਯਾਨੀ ਇੱਕ ਅਜਿਹਾ ਜਹਾਜ ਜੋ ਹਵਾਈ ਹਮਲੇ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਗਿਆ ਹੋਵੇ।
ਇਸ ਜਹਾਜ਼ ਵਿੱਚ ਤੇਲ ਵੀ ਹਵਾ 'ਚ ਹੀ ਭਰਿਆ ਜਾ ਸਕਦਾ ਹੈ। ਇਸ ਤਰ੍ਹਾਂ ਇਹ ਜਹਾਜ ਅਸੀਮਿਤ ਸਮੇਂ ਲਈ ਹਵਾ ਵਿੱਚ ਉੱਡਣ ਦੀ ਸਮਰੱਥਾ ਰੱਖਦਾ ਹੈ। ਐਮਰਜੈਂਸੀ ਸਥਿਤੀ ਵਿੱਚ ਅਜਿਹੀ ਸਮਰੱਥਾ ਵਾਲੇ ਜਹਾਜ਼ ਦੀ ਹੀ ਲੋੜ ਹੁੰਦੀ ਹੈ।
ਏਅਰ ਫੋਰਸ ਵਨ ਸੁਰੱਖਿਅਤ ਸੰਚਾਰ ਉਪਕਰਨਾਂ ਨਾਲ ਵੀ ਲੈਸ ਹੈ, ਜਿਸ ਨਾਲ ਜਹਾਜ਼ ਨੂੰ ਮੋਬਾਈਲ ਕਮਾਂਡ ਸੈਂਟਰ ਵਜੋਂ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ।
ਜਹਾਜ਼ ਵਿੱਚ 85 ਆਨਬੋਰਡ ਟੈਲੀਫ਼ੋਨ, ਦੋ-ਤਰਫ਼ਾ ਰੇਡੀਓ ਅਤੇ ਕੰਪਿਊਟਰ ਕੁਨੈਕਸ਼ਨ ਹਨ।
ਏਅਰ ਫੋਰਸ ਵਨ ਵਿੱਚ, ਰਾਸ਼ਟਰਪਤੀ ਸਾਹਮਣੇ ਬੈਠਦੇ ਹਨ ਜਦੋਂ ਕਿ ਪੱਤਰਕਾਰਾਂ ਲਈ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਇੱਕ ਗੈਲਰੀ ਹੈ।












