ਗੁਰਪਤਵੰਤ ਪੰਨੂ ਦਾ ਅਮਰੀਕਾ ਕਿਉਂ ਕਰ ਰਿਹਾ ਹੈ ਬਚਾਅ, ਅਮਰੀਕੀ ਰਾਜਦੂਤ ਨੇ ਇਹ ਦਿੱਤਾ ਜਵਾਬ

ਐਰਿਕ ਗਾਰਸੇਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਅਮਰੀਕਾ ਦੇ ਗੁਰਪਤਵੰਤ ਪੰਨੂ ਬਾਰੇ ਆਪਣੇ ਸਟੈਂਡ ਸਬੰਧੀ ਗੱਲਬਾਤ ਕੀਤੀ

ਐਰਿਕ ਗਾਰਸੇਟੀ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਹਨ। ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਖਾਲਿਸਤਾਨ ਦੇ ਮੁੱਦੇ 'ਤੇ ਅਮਰੀਕਾ ਦੇ ਰੁਖ਼ ਬਾਰੇ ਚਰਚਾ ਕੀਤੀ।

ਭਾਰਤ ਵਿੱਚ ਅੱਤਵਾਦੀ ਵਜੋਂ ਨਾਮਜ਼ਦ ਗੁਰਪਤਵੰਤ ਸਿੰਘ ਪੰਨੂ ਦਾ ਅਮਰੀਕਾ ਬਚਾਅ ਕਰ ਰਿਹਾ ਹੈ, ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਕਹਿਣਾ ਸਹੀ ਨਹੀਂ ਕਿ ਅਮਰੀਕਾ ਕਿਸੇ ਨੂੰ ਬਚਾ ਰਿਹਾ, ਅਮਰੀਕਾ ਦੇ ਕਾਨੂੰਨ ਤੋਂ ਕੋਈ ਵੀ ਬਚਿਆ ਹੋਇਆ ਨਹੀਂ ਹੈ ਚਾਹੇ ਉਹ ਕਿਸੇ ਵੀ ਪਿੱਠਭੂਮੀ ਨਾਲ ਸਬੰਧ ਰੱਖਦਾ ਹੋਵੇ।

ਏਐੱਨਆਈ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਅਮਰੀਕੀ ਨਾਗਰਿਕ ਦੇ ਕਤਲ ਦੀ ਸਾਜਿਸ਼ ਦੀ ਜਾਂਚ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਰਤ ਨੇ ਇਸ ਬਾਰੇ ਜਾਂਚ ਕਮਿਸ਼ਨ ਬਿਠਾਇਆ ਅਤੇ ਸੀਨੀਅਰ ਅਧਿਕਾਰੀਆਂ ਕੋਲੋਂ ਇਸ ਮਾਮਲੇ ਜਾਂਚ ਕਰਵਾਈ ਜਾ ਰਹੀ ਹੈ।

ਵੀਡੀਓ ਕੈਪਸ਼ਨ, ਪੰਨੂ ਦਾ ਅਮਰੀਕਾ ਕਿਉਂ ਕਰ ਰਿਹਾ ਹੈ ਬਚਾਅ, ਸੁਣੋ ਅਮਰੀਕੀ ਰਾਜਦੂਤ ਦਾ ਜਵਾਬ

ਉਹ ਕਹਿੰਦੇ ਹਨ ਕਿ ਅਧਿਕਾਰੀ ਇਸ ਬਾਰੇ ਜਾਂਚ ਕਰ ਰਹੇ ਹਨ ਤਾਂ ਜੋ ਅਜਿਹੇ ਸਬੂਤ ਸਾਹਮਣੇ ਲਿਆ ਸਕਣ ਜੋ ਇਹ ਦਿਖਾਉਣ ਕਿ 'ਜੋ ਮਰਡਰ ਫੌਰ ਹਾਇਰ ਪਲਾਟ' ਵਿੱਚ ਭਾਰਤ ਸਰਕਾਰ ਵੱਲੋਂ ਵੱਲੋਂ ਕਿਸੇ ਦੀ ਵੀ ਸ਼ਮੂਲੀਅਤ ਹੋਵੇੇ, ਇਹ ਬਹੁਤ ਅਹਿਮ ਹੈ।

ਉਨ੍ਹਾਂ ਕਿਹਾ ਕਿ ਇਹ ਇਕ ਅਸਵੀਕਾਰਯੋਗ 'ਰੈੱਡਲਾਈਨ' ਹੋਣੀ ਚਾਹੀਦੀ ਹੈ ਕਿ ਕੋਈ ਵੀ ਸਰਕਾਰ ਜਾਂ ਕੋਈ ਵੀ ਸਰਕਾਰੀ ਅਧਿਕਾਰੀ ਤੁਹਾਡੇ ਨਾਗਰਿਕ ਦੇ ਕਥਿਤ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਨਹੀਂ ਹੋ ਸਕਦੇ।

ਭਾਰਤ ਅਤੇ ਅਮਰੀਕਾ ਦਾ ਰਿਸ਼ਤਾ

ਅਮਰੀਕੀ ਰਾਜਦੂਤ ਨੇ ਕਿਹਾ, "ਮੌਜੂਦਾ ਸਮੇਂ ਭਾਰਤ ਤੇ ਅਮਰੀਕਾ ਦਾ ਰਿਸ਼ਤਾ ਇਤਿਹਾਸ ਵਿੱਚ ਸਭ ਤੋਂ ਗਹਿਰਾ ਹੈ।"

ਉਨ੍ਹਾਂ ਕਿਹਾ, ''ਬੇਸ਼ੱਕ ਕਈ ਮਸਲਿਆਂ ’ਤੇ ਅਸੀਂ ਇੱਕਸੁਰ ਨਹੀਂ ਜਾਂ ਵੱਖੋ-ਵੱਖਰਾ ਮੱਤ ਰੱਖਦੇ ਹਾਂ ਪਰ ਅਸੀਂ ਉਨ੍ਹਾਂ ਨਾਲ ਵੀ ਬਿਹਤਰ ਤਰੀਕੇ ਨਾਲ ਨਜਿੱਠਦੇ ਹਾਂ, ਦੋਵਾਂ ਮੁਲਕਾਂ ਦਾ ਰਿਸ਼ਤਾ ਬਿਲਕੁਲ ਇੱਕ ਸਫ਼ਲ ਵਿਆਹ ਵਰਗਾ ਹੈ।''

''ਜਿਵੇਂ ਵਿਆਹ ਵਿੱਚ ਤੁਸੀਂ ਆਪਣੇ ਸਾਥੀ ਦੀ ਹਰ ਗੱਲ ਨਾਲ ਸਹਿਮਤ ਨਹੀਂ ਹੁੰਦੇ ਪਰ ਤੁਹਾਡਾ ਪਿਆਰ ਤੇ ਦੋਸਤੀ ਬਰਕਰਾਰ ਰਹਿੰਦੀ ਹੈ।''

''ਦੋਵਾਂ ਦੇਸ਼ਾਂ ਦਰਮਿਆਨ ਸਬੰਧ ਮਹਿਜ਼ ਸਰਕਾਰਾਂ ਦਾ ਨਹੀਂ ਬਲਕਿ ਲੋਕਾਂ ਦਾ ਆਪਸੀ ਭਾਈਚਾਰਾ ਵੀ ਹੈ।''

ਉਨ੍ਹਾਂ ਇੰਟਰਵਿਊ ਵਿੱਚ ਬੋਲਦਿਆਂ ਅੱਗੇ ਕਿਹਾ, ''ਅਸੀਂ ਕਿਸੇ ਵੀ ਕਿਸਮ ਦੀ ਧਮਕੀ ਜਾਂ ਅਪਰਾਧਿਕ ਗਤੀਵਿਧੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਜਿਸ ਬਾਰੇ ਭਾਰਤ ਸਾਨੂੰ ਅਗਾਹ ਕੀਤਾ ਜਾਂਦਾ ਹੈ। ਇਹ ਚਾਹੇ ਸਾਡੇ ਆਪਣੇ ਮੁਲਕ ਵਿੱਚ ਹੋਣ ਵਾਲੀ ਸੰਭਾਵਿਤ ਸਥਿਤੀ ਬਾਰੇ ਹੀ ਕਿਉਂ ਨਾ ਹੋਵੇ।''

''ਭਾਰਤ ਨੇ ਜਦੋਂ ਵੀ ਅਜਿਹਾ ਕੀਤਾ ਹੈ ਅਸੀਂ ਹਰ ਵਾਰ ਅਜਿਹੇ ਮਸਲੇ ਨੂੰ ਗੰਭੀਰ ਰੂਪ ਵਿੱਚ ਦੇਖਿਆ ਅਤੇ ਵਿਚਾਰਿਆ ਹੈ।''

ਜੋਅ ਬਾਇਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੀ-20 ਸੰਮੇਲਨ ਦੌਰਾਨ ਪੀਐੱਮ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ

ਅਮਰੀਕੀ ਪ੍ਰਸ਼ਾਸਨ ਗੁਰਪਤਵੰਤ ਪੰਨੂ ਦਾ ਬਚਾਅ ਕਿਉਂ ਰਿਹਾ?

ਐਰਿਕ ਨੇ ਪੰਨੂ ਦੇ ਮਾਮਲੇ ਉੱਤੇ ਅਮਰੀਕਾ ਦੇ ਪੱਖ ਨੂੰ ਸਪੱਸ਼ਟ ਕਰਦਿਆਂ ਦੋਵਾਂ ਦੇਸ਼ਾਂ ਵਿੱਚ ਕਾਨੂੰਨੀ ਵਖਰੇਵਿਆਂ ਵੱਲ ਇਸ਼ਾਰਾ ਕੀਤਾ।

ਉਨ੍ਹਾਂ ਕਿਹਾ ਕਿ ਇਹ ਕਹਿਣਾ ਸਹੀ ਨਹੀਂ ਕਿ ਅਮਰੀਕਾ ਕਿਸੇ ਨੂੰ ਬਚਾਅ ਰਿਹਾ। ਅਮਰੀਕਾ ਦੇ ਕਾਨੂੰਨ ਤੋਂ ਕੋਈ ਵੀ ਬਚਿਆ ਹੋਇਆ ਨਹੀਂ ਹੈ ਚਾਹੇ ਉਹ ਕਿਸੇ ਵੀ ਪਿੱਠਭੂਮੀ ਨਾਲ ਸਬੰਧ ਰੱਖਦਾ ਹੋਵੇ।

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵੇਂ ਲੋਕਤੰਤਰਿਕ ਦੇਸ਼ ਹਨ ਪਰ ਇੱਕੋ ਜਿਹੇ ਨਹੀਂ ਹਨ, ਦੋਵਾਂ ਵਿੱਚ ਕਾਨੂੰਨੀ ਪ੍ਰੀਕਿਰਿਆ ਵੀ ਅਲੱਗ-ਅਲੱਗ ਹੈ, ਭਾਰਤੀ ਅਤੇ ਅਮਰੀਕੀ ਅਦਾਲਤਾਂ ਵੀ ਅਲੱਗ ਤਰੀਕੇ ਨਾਲ ਕੰਮ ਕਰਦੀਆਂ ਹਨ। ਅਮਰੀਕਾ ਵਿੱਚ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ’ ਬਹੁਤ ਮਜ਼ਬੂਤ ਤਰੀਕੇ ਨਾਲ ਦਿੱਤੀ ਜਾਂਦੀ ਹੈ।

ਉਨ੍ਹਾਂ ਅੱਗੇ ਕਿਹਾ, "ਅਸੀਂ ਭਾਰਤੀ ਡਿਪਲੋਮੈਟਾਂ ਨੂੰ ਮਿਲੀਆਂ ਧਮਕੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੈ ਹਾਂ।"

ਉਨ੍ਹਾਂ ਕਿਹਾ, "ਅਸੀਂ ਡਰੱਗਜ਼ ਦੇ ਕਾਰੋਬਾਰ, ਹਥਿਆਰਾਂ ਦੇ ਲੈਣ-ਦੇਣ ਜਾਂ ਮਨੁੱਖੀ ਤਸਕਰੀ ਵਰਗੇ ਅਪਰਾਧਾਂ ਜਿਨ੍ਹਾਂ ਵਿੱਚ ਅੰਤਰ-ਦੇਸ਼ੀ ਹਿੱਸੇਦਾਰੀ ਨਜ਼ਰ ਆਉਂਦੀ ਹੈ ਪ੍ਰਤੀ ਵੀ ਬਹੁਤ ਗੰਭੀਰ ਹਾਂ।"

ਗੁਰਪਤਵੰਤ ਪੰਨੂੰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਰਿਕ ਮੁਤਾਬਕ ਭਾਰਤ ਅਤੇ ਅਮਰੀਕਾ ਆਪੋ-ਆਪਣੀ ਨਿਆਂ ਪ੍ਰਣਾਲੀ ਦੇ ਆਧਾਰ ’ਤੇ ਕੰਮ ਕਰਦੇ ਹਨ

ਗੁਰਪਤਵੰਤ ਪੰਨੂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਦਿੱਤੀਆਂ ਧਮਕੀਆਂ ਬਾਰੇ ਅਮਰੀਕਾ ਦਾ ਪੱਖ ਕੀ ਹੈ

ਅਮਰੀਕੀ ਰਾਜਦੂਤ ਨੇ ਕਿਹਾ, ਅਮਰੀਕਾ ਵਿੱਚ ਆਪਣੇ ਵਿਚਾਰ ਪ੍ਰਗਟਾਉਣ ਦੀ ਕਾਨੂੰਨੀ ਆਜ਼ਾਦੀ ਹੈ, ਕੋਈ ਵੀ ਆਪਣੀ ਰਾਏ ਰੱਖ ਸਕਦਾ ਹੈ, ਜਦੋਂ ਤੱਕ ਕਿਸੇ ਕਾਰਜ ਨੂੰ ਅੰਜਾਮ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਹ ਕਾਨੂੰਨੀ ਕਾਰਵਾਈ ਦੇ ਦਾਇਰੇ ਵਿੱਚ ਨਹੀਂ ਆਉਂਦਾ।

ਅਮਰੀਕਾ ਦੇ ਕਾਨੂੰਨ ਮੁਤਾਬਕ ਉਥੋਂ ਦੇ ਨਾਗਰਿਕ ਖ਼ਿਲਾਫ਼ ਅਮਰੀਕੀ ਅਦਾਲਤ ਵਿੱਚ ਹੀ ਮੁਕੱਦਮਾ ਚਲੇਗਾ ਤੇ ਉਸ ਨੂੰ ਡਿਪਰੋਟ ਕੀਤੇ ਜਾਣ ਦਾ ਫ਼ੈਸਲਾ ਵੀ ਅਮਰੀਕਾ ਦਾ ਹੀ ਹੋਵੇਗਾ।

ਉਨ੍ਹਾਂ ਅਮਰੀਕਾ ਦਾ ਪੱਖ ਰਖਦਿਆਂ ਅੱਗੇ ਕਿਹਾ, "ਅਸੀਂ ਭਾਰਤ ਨਾਲ ਗੱਲਬਾਤ ਕਰਕੇ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਮਰੀਕੀ ਨਾਗਰਿਕ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰ ਸਕਦੇ ਹਨ।"

ਉਹ ਕਹਿੰਦੇ ਹਨ ਕਿ ਵੱਖੋ-ਵੱਖਰੀਆਂ ਘਟਨਵਾਂ ਨੂੰ ਅਲੱਗ ਤੌਰ ’ਤੇ ਵਿਚਾਰਿਆ ਜਾ ਰਿਹਾ ਹੈ। ਇਸ ਮਸਲੇ ਉੱਤੇ ਹਜ਼ਾਰਾਂ ਡਾਲਰ ਖਰਚ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਵਿੱਚ ਭਾਰਤ ਦੇ ਵੀ ਸੀਨੀਅਰ ਅਧਿਕਾਰੀ ਸ਼ਾਮਲ ਹਨ।

ਉਹ ਕਹਿੰਦੇ ਹਨ, "ਅਸੀਂ ਉਸ ਇਤਿਹਾਸ ਤੋਂ ਵਾਕਫ਼ ਹਾਂ ਜਿਸ ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਦਾ ਕਤਲ ਕਰ ਦਿੱਤਾ ਗਿਆ। ਪਰ ਸਾਡਾ ਢਾਂਚਾ ਬੋਲਣ ਦੀ ਆਜ਼ਾਦੀ ਦਿੰਦਾ ਹੈ ਅਤੇ ਇਸ ਤਹਿਤ ਅਸੀਂ ਕਿਸੇ ਨੂੰ ਵੀ ਆਪਣੀ ਵਿਚਾਰਧਾਰਾ ਬਾਰੇ ਬੋਲਣ ਦਾ ਅਧਿਕਾਰ ਦਿੰਦੇ ਹਾਂ।"

ਗੁਰਪਤਵੰਤ ਪੰਨੂੰ

ਤਸਵੀਰ ਸਰੋਤ, X/@NIA_INDIA

ਤਸਵੀਰ ਕੈਪਸ਼ਨ, ਪੰਨੂ ਦੀ ਭਾਰਤ ਵਿਚਲੀ ਜਾਇਦਾਦ ਭਾਰਤ ਸਰਕਾਰ ਵੱਲੋਂ ਜ਼ਬਤ ਕੀਤੀ ਜਾ ਚੁੱਕੀ ਹੈ

ਅਮਰੀਕਾ, ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਕੀ ਕੀਤਾ ਜਾ ਸਕਦਾ ਹੈ

ਹਾਲ ਹੀ ਵਿੱਚ ਅਮਰੀਕਾ ਵਿੱਚ ਭਾਰਤੀ ਵਿਦਿਆਰਥੀ ਹਮਲਿਆਂ ਦਾ ਸ਼ਿਕਾਰ ਹੋਏ। ਇਸ ਬਾਰੇ ਐਰਿਕ ਨੇ ਕਿਹਾ ਕਿ ਅਸੀਂ ਕਨੂੰਨੀ ਤੌਰ ’ਤੇ ਇਨਸਾਫ਼ ਨੂੰ ਯਕੀਨੀ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਾਂ।

ਪਰ ਵਿਦਿਆਰਥੀਆਂ ਨੂੰ ਕਿਤੇ ਵੀ ਜਾਣ ਤੋਂ ਪਹਿਲਾਂ ਆਪਣੇ ਪਰਿਵਾਰ ਜਾਂ ਦੋਸਤਾਂ ਵਿੱਚੋਂ ਕਿਸੇ ਨੂੰ ਨਾਲ ਲੈ ਜਾਣਾ ਚਾਹੀਦਾ ਹੈ ਤਾਂ ਤੋਂ ਖ਼ਤਰੇ ਦੀ ਸੰਭਵਾਨਾ ਘਟੇ।

ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਜਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਭਾਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਰਿਕ ਮੁਤਾਬਕ ਮੌਜੂਦਾ ਸਮੇਂ ਵਿੱਚ ਭਾਰਤ ਅਤੇ ਅਮਰੀਕਾ ਦੇ ਆਪਸੀ ਸਬੰਧ ਬਹੁਤ ਮਜ਼ਬੂਤ ਹਨ

ਭਾਰਤ ਦੇ ਵਿਦੇਸ਼ ਮੰਤਰੀ ਨੇ ਕੀ ਕਿਹਾ

ਐੱਸ ਜੈਸ਼ੰਕਰ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਐੱਸ ਜੈਸ਼ੰਕਰ

ਅਮਰੀਕੀ ਰਾਜਦੂਤ ਦੇ ਬਿਆਨ ਉੱਤੇ ਪ੍ਰਤਿਕਿਰਿਆ ਦਿੰਦਿਆਂ ਸੋਮਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ, "ਅਸੀਂ ਇਸ ਬਾਰੇ ਜਾਂਚ ਕਰ ਰਹੇ ਹਾਂ, ਕਿਉਂਕਿ ਅਸੀਂ ਇਹ ਮੰਨਦੇ ਹਾਂ ਕਿ ਸਾਡੀ ਆਪਣੀ ਕੌਮੀ ਸੁਰੱਖਿਆ ਦੇ ਹਿੱੱਤ ਇਸ ਜਾਂਚ ਵਿੱਚ ਸ਼ਾਮਲ ਹਨ।"

ਉਨ੍ਹਾਂ ਅੱਗੇ ਕਿਹਾ, "ਮੇਰੀ ਸਰਕਾਰ ਦੀ ਇਸ ਬਾਰੇ ਇਹ ਰਾਇ ਹੈ ਕਿ ਇਸ ਕੇਸ ਵਿੱਚ ਸਾਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ।"

ਗੁਰਪਤਵੰਤ ਸਿੰਘ ਪੰਨੂ ਕੌਣ ਹਨ

ਪੇਸ਼ੇ ਤੋਂ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਪਰਿਵਾਰ ਦੇ ਵੱਡ-ਵਡੇਰੇ ਪਹਿਲਾਂ ਪੱਟੀ ਦੇ ਪਿੰਡ ਨੱਥੂਚੱਕ ਵਿੱਚ ਰਹਿੰਦੇ ਸਨ ਅਤੇ ਬਾਅਦ ਵਿੱਚ ਉਹ ਅੰਮ੍ਰਿਤਸਰ ਨੇੜੇ ਪੈਂਦੇ ਪਿੰਡ ਖਾਨਕੋਟ ਵਿਖੇ ਜਾ ਵਸੇ ਸਨ।

ਪੰਨੂ ਦਾ ਇੱਕ ਭਰਾ ਤੇ ਇੱਕ ਭੈਣ ਹਨ। ਉਨ੍ਹਾਂ ਦੀ ਸਾਰੀ ਪੜ੍ਹਾਈ ਭਾਰਤ ਵਿੱਚ ਹੀ, ਲੁਧਿਆਣਾ ਅਤੇ ਚੰਡੀਗੜ੍ਹ ਤੋਂ ਹੋਈ ਹੈ। ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਵੀ ਭਾਰਤ ਵਿੱਚ ਹੀ ਕੀਤੀ ਹੈ। ਪੰਨੂ ਦੇ ਪਿਤਾ ਮਹਿੰਦਰ ਸਿੰਘ ਪੰਜਾਬ ਮਾਰਕੀਟਿੰਗ ਬੋਰਡ ਦੇ ਸਕੱਤਰ ਸਨ।

1990ਵਿਆਂ ਵਿੱਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ। ਕਾਲਜ ਦੇ ਸਮੇਂ ਤੋਂ ਹੀ ਉਹ ਸਟੂਡੈਂਟ ਐਕਟੀਵਿਸਟ ਬਣ ਗਏ ਸਨ ਅਤੇ ਸਟੂਡੈਂਟ ਪੌਲੀਟਿਕਸ ਵਿੱਚ ਐਕਟਿਵ ਹੋ ਗਏ ਸਨ।

ਨੱਬੇ ਦੇ ਦਹਾਕੇ ਵਿੱਚ ਪੰਨੂ ਉੱਤੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਸ਼ਹਿਰਾਂ ਵਿੱਚ ਸਥਿਤ ਥਾਣਿਆਂ ਵਿੱਚ ਇਰਾਦਤਨ ਕਤਲ ਅਤੇ ਕਤਲ ਕਰਨ ਦੇ ਕੇਸ ਦਰਜ ਕੀਤੇ ਗਏ।

ਸੂਤਰਾਂ ਮੁਤਾਬਕ ਗੁਰਪਤਵੰਤ ਪੰਨੂ ਦੇ ਉੱਪਰ ਕਈ ਕੇਸ ਦਰਜ ਹੋਏ ਸਨ, ਜਿਨ੍ਹਾਂ ਵਿੱਚ ਟਾਡਾ (ਟੈਰਰਿਸਟ ਐਂਡ ਡਿਸਰਪਟਿਵ ਐਕਟਿਵਿਟੀਜ਼) ਵੀ ਸ਼ਾਮਿਲ ਹੈ। ਪੰਨੂ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਪੁਲਿਸ ਨੇ ਝੂਠੇ ਮੁਕੱਦਮੇ ਦਾਇਰ ਕੀਤੇ ਸਨ।

ਉਸ ਵੇਲੇ ਦੀ ਨਰਸਿਮ੍ਹਾ ਰਾਓ ਦੀ ਸਰਕਾਰ 'ਚ ਉਨ੍ਹਾਂ ਦੇ ਪਰਿਵਾਰ ਦੇ ਰਸੂਖ਼ ਵਾਲੇ ਲੋਕਾਂ ਨੇ ਜ਼ੋਰ ਲਗਾ ਕੇ ਪੰਨੂ ਨੂੰ ਕਈ ਕੇਸਾਂ ਵਿੱਚੋਂ ਕਢਵਾ ਲਿਆ ਸੀ।

ਇਸ ਤੋਂ ਬਾਅਦ, 1991-92 ਵਿੱਚ ਪੰਨੂ ਅਮਰੀਕਾ ਚਲੇ ਗਏ। ਉੱਥੇ ਜਾ ਕੇ ਉਨ੍ਹਾਂ ਨੇ ਕਨੈਕਟੀਕਟ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ, ਜਿੱਥੇ ਪੰਨੂ ਨੇ ਐੱਮਬੀਏ ਫਾਇਨਾਂਸ ਅਤੇ ਨਿਊਯਾਰਕ ਯੂਨੀਵਰਸਿਟੀ ਵਿੱਚ ਮਾਸਟਰਜ਼ ਆਫ਼ ਲਾਅ ਦੀ ਡਿਗਰੀ ਹਾਸਿਲ ਕੀਤੀ।

ਅਮਰੀਕਾ ਵਿੱਚ ਉਚੇਰੀ ਸਿੱਖਿਆ ਲੈਣ ਤੋਂ ਬਾਅਦ ਪੰਨੂ ਨੇ ਨਿਊਯਾਰਕ ਸਥਿਤ ਵਾਲ ਸਟਰੀਟ ਵਿੱਚ ਸਿਸਟਮ ਐਨੇਲਿਸਟ ਵਜੋਂ 2014 ਤੱਕ ਕੰਮ ਕੀਤਾ। ਉਹ ਅਮਰੀਕਾ ਜਾ ਕੇ ਵੀ ਸਿਆਸੀ ਤੌਰ 'ਤੇ ਸਰਗਰਮ ਰਹੇ।

ਪੰਨੂ ਇੱਕ ਡਿਫੈਂਸ ਵਕੀਲ ਹਨ ਅਤੇ ਉਨ੍ਹਾਂ ਨੇ ਸਾਲ 2007 ਵਿੱਚ ਹੀ ਸਿਖਸ ਫਾਰ ਜਸਟਿਸ ਦੀ ਸਥਾਪਨਾ ਕੀਤੀ ਸੀ।

ਸਿਖਸ ਫਾਰ ਜਸਟਿਸ ਦਾ ਰਜਿਸਟਰਡ ਦਫ਼ਤਰ ਵਾਸ਼ਿੰਗਟਨ ਵਿੱਚ ਹੈ ਅਤੇ ਪੰਨੂ ਦਾ ਦਫ਼ਤਰ ਨਿਊਯਾਰਕ ਵਿੱਚ ਹੈ, ਜਿੱਥੇ ਉਹ ਆਪਣੀ ਲਾਅ ਫਰਮ ਚਲਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)