ਖਾਲਿਸਤਾਨ ਹਮਾਇਤੀ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਮੁਲਜ਼ਮ ਨਿਖਿਲ ਗੁਪਤਾ ਦੀ ਪਟੀਸ਼ਨ ਅਦਾਲਤ ਨੇ ਕਿਉਂ ਰੱਦ ਕੀਤੀ

ਤਸਵੀਰ ਸਰੋਤ, Getty Images
ਭਾਰਤੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇੱਕ ਖ਼ਾਲਿਸਤਾਨ ਸਮਰਥਕ ਦੇ ਕਤਲ ਦੀ ਕਥਿਤ ਸਾਜ਼ਿਸ਼ ਦੇ ਮੁਲਜ਼ਮ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੇ ਰਿਸ਼ਤੇਦਾਰਾਂ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
ਗੁਪਤਾ ਅਮਰੀਕੀ-ਕੈਨੇਡੀਅਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ।
ਪੰਨੂ ਸਿੱਖਾਂ ਲਈ ਭਾਰਤ ਵਿੱਚ ਖ਼ਾਲਿਸਤਾਨ ਦੀ ਮੰਗ ਕਰਦੇ ਹਨ।
ਦੋ ਜੱਜਾਂ ਦੇ ਬੈਂਚ ਦੀ ਅਗਵਾਈ ਕਰਨ ਵਾਲੇ ਜਸਟਿਸ ਸੰਜੀਵ ਖੰਨਾ ਨੇ ਕਿਹਾ, “ਇਸ ’ਤੇ ਕਾਰਵਾਈ ਸਰਕਾਰ ਨੇ ਕਰਨੀ ਹੈ। ਇਸ ਬਾਰੇ ਫੈਸਲਾ ਨੇ ਲੈਣਾ ਹੈ ਕਿਉਂਕਿ ਇਹ ਇੱਕ ਸੰਵੇਦਨਸ਼ੀਲ ਮਾਮਲਾ ਹੈ।”
ਅਦਾਲਤ ਨੇ ਕਿਹਾ, “ਅਸੀਂ ਮੌਜੂਦਾ ਰਿੱਟ ਪਟੀਸ਼ਨ ਵਿੱਚ ਕੀਤੀ ਬੇਨਤੀ ਦੀ ਜਾਂਚ ਕੀਤੀ ਹੈ। ਜਨਤਕ ਕੌਮਾਂਤਰੀ ਕਾਨੂੰਨ, ਪ੍ਰਭੂਸੱਤਾ ਅਤੇ ਹੋਰ ਪਹਿਲੂਆਂ ਨੂੰ ਦੇਖਦੇ ਹੋਏ ਸਾਨੂੰ ਨਹੀਂ ਲੱਗਦਾ ਕਿ ਕੋਈ ਵੀ ਬੇਨਤੀ ਸੁਣੀ ਜਾ ਸਕਦੀ ਹੈ।”
ਅਦਾਲਤ ਨੇ ਜ਼ਬਾਨੀ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਗੁਪਤਾ ਸਿਰਫ ਭਾਰਤ ਤੋਂ ਕੌਂਸਲਰ ਸਹਾਇਤਾ ਦੇ ਹੱਕਦਾਰ ਹੋਣਗੇ।
ਗੁਪਤਾ ਦੇ ਪਰਿਵਾਰ ਦੇ ਵਕੀਲ ਨੇ ਕੀ ਕਿਹਾ ?

ਤਸਵੀਰ ਸਰੋਤ, REUTERS
ਹਾਲਾਂਕਿ, ਗੁਪਤਾ ਦੇ ਪਰਿਵਾਰ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ ਸੀ ਆਰਿਆਮਨ ਸੁੰਦਰਮ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਕੌਂਸਲਰ ਦੀ ਸਹਾਇਤਾ ਵਰਗਾ ਕੁਝ ਨਹੀਂ ਮਿਲਿਆ ਹੈ।
ਸੁੰਦਰਮ ਰਾਹੀਂ ਨਿਖਿਲ ਗੁਪਤਾ ਨੇ ਦਲੀਲ ਦਿੱਤੀ, "ਮੈਂ ਭਾਰਤੀ ਅਧਿਕਾਰੀਆਂ ਤੋਂ ਇਸ ਲਈ ਸਹਾਇਤਾ ਮੰਗ ਰਿਹਾ ਹਾਂ ਕਿਉਂਕਿ ਇਹ ਕੇਸ ਇਸ ਅਧਾਰ 'ਤੇ ਚੱਲ ਰਿਹਾ ਹੈ ਕਿ ਮੈਂ ਭਾਰਤ ਸਰਕਾਰ ਲਈ ਕੰਮ ਕਰ ਰਿਹਾ ਹਾਂ।"
ਸੁੰਦਰਮ ਨੇ ਕਿਹਾ, “(ਗੁਪਤਾ ਨੂੰ) ਕੌਂਸਲਰ ਦੀ ਪਹੁੰਚ ਨਹੀਂ ਦਿੱਤੀ ਗਈ। ਇਹ ਸਹਾਇਤਾ ਅਕਸਰ ਹਵਾਲਗੀ ਦੀ ਕਾਰਵਾਈ ਤੋਂ ਪਹਿਲਾਂ ਦਿੱਤੀ ਜਾਂਦੀ ਹੈ। ਮੈਨੂੰ ਕੱਲ੍ਹ ਹੀ ਹਵਾਲਗੀ ਦਾ ਆਦੇਸ਼ ਮਿਲੇ ਹਨ।”

ਤਸਵੀਰ ਸਰੋਤ, DEPARTMENT OF JUSTICE
ਹਵਾਲਗੀ ਦੇ ਆਦੇਸ਼ ਪ੍ਰਾਪਤ ਹੋਣ ਤੋਂ ਬਾਅਦ ਉਹਨਾਂ ਨੇ ਗੁਪਤਾ ਨੂੰ ਸਹਾਇਤਾ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ, “ਆਪਣੇ ਬਚਾਅ ਲਈ ਮੈਨੂੰ ਮੰਤਰਾਲੇ ਤੋਂ ਕੁਝ ਸਹਿਯੋਗ ਦੀ ਲੋੜ ਹੈ।”
ਹਾਲਾਂਕਿ, ਅਦਾਲਤ ਨੇ ਕਿਹਾ ਕਿ ਉਹ ਭਾਰਤ ਸਰਕਾਰ ਤੱਕ ਪਹੁੰਚ ਕਰਨ ਲਈ ਆਜ਼ਾਦ ਹੈ।
ਪਿਛਲੇ ਸਾਲ ਦਸੰਬਰ ਵਿੱਚ ਨਿਖਿਲ ਗੁਪਤਾ ਦੇ ਪਰਿਵਾਰ ਵੱਲੋਂ ਇੱਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਗਈ ਹੈ।
ਇਸ ਪਟੀਸ਼ਨ ਵਿੱਚ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਰਿਹਾਅ ਕਰਵਾ ਕੇ ਭਾਰਤ ਲਿਆਉਣ ਲਈ ਭਾਰਤੀ ਸਰਕਾਰ ਦੇ ਦਖਲ ਦੀ ਮੰਗ ਕੀਤੀ ਗਈ ਹੈ।
ਅਮਰੀਕੀ ਅਦਾਲਤ 'ਚ ਦਾਇਰ ਇਲਜ਼ਾਮਾਂ 'ਚ ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ ਇੱਕ ਲੱਖ ਡਾਲਰ (ਤਕਰੀਬਨ 83 ਲੱਖ ਰੁਪਏ) ਦੀ ਨਕਦੀ ਬਦਲੇ ਅਮਰੀਕੀ ਨਾਗਰਿਕ ਦੇ ਕਤਲ ਦਾ ਠੇਕਾ ਦੇਣ ਦੇ ਇਲਜ਼ਾਮ ਲਗਾਏ ਗਏ ਹਨ।
ਪਟੀਸ਼ਨ ’ਚ ਕੀ ਕਿਹਾ ਗਿਆ ਸੀ?

ਤਸਵੀਰ ਸਰੋਤ, GETTY IMAGES
ਨਿਖਿਲ ਗੁਪਤਾ ਦੇ ਪਰਿਵਾਰ ਦਾ ਦਾਅਵਾ ਸੀ ਕਿ ਉਸ ਨੂੰ ਬਿਨਾਂ ਕਿਸੇ ਗ੍ਰਿਫਤਾਰੀ ਵਾਰੰਟ ਦੇ "ਖੁਦ ਨੂੰ ਅਮਰੀਕੀ ਏਜੰਟ" ਦੱਸਣ ਵਾਲਿਆਂ ਨੇ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੇ ਕੇਸ ਦੀ ਨਿਰਪੱਖ ਸੁਣਵਾਈ ਨਹੀਂ ਹੋਈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਜਿੱਥੇ ਉਸ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ।
ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਨਜ਼ਰਬੰਦੀ ਦੌਰਾਨ ਬੀਫ ਅਤੇ ਸੂਰ ਦਾ ਮਾਸ ਖਾਣ ਲਈ ਮਜਬੂਰ ਕੀਤਾ ਗਿਆ ਸੀ, ਜੋ ਕਿ ਉਸ ਦੇ ਧਰਮ ਦੇ ਵਿਰੁੱਧ ਹੈ।
ਪਟੀਸ਼ਨ ਅਨੁਸਾਰ ਉਹ ਹਿੰਦੂ ਸ਼ਰਧਾ ਵਾਲਾ ਅਤੇ ਸ਼ਾਕਾਹਾਰੀ ਹੈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਸਿਆਸੀ ਕਾਰਨਾਂ ਕਰਕੇ ਸਤਾਇਆ ਗਿਆ ਹੈ।
ਉਸ 'ਤੇ ਗਲਤ ਤਰੀਕੇ ਨਾਲ ਭਾਰਤ ਸਰਕਾਰ ਨਾਲ ਮਿਲ ਕੇ ਅਮਰੀਕਾ ਵਿਚ ਇਕ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹੈ। ਹਾਲਾਂਕਿ, ਉਸ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।
ਗੁਪਤਾ ਦੇ ਪਰਿਵਾਰ ਨੇ ਭਾਰਤ ਸਰਕਾਰ ਨੂੰ ਉਸ ਦੀ ਰਿਹਾਈ ਲਈ ਦਖਲ ਦੇਣ ਅਤੇ ਉਸ ਨਿਰਪੱਖ ਸੁਣਵਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਸੀ। ਉਸ ਲਈ ਚੈੱਕ ਗਣਰਾਜ ਅਤੇ ਸੰਯੁਕਤ ਰਾਜ ਵਿੱਚ ਪ੍ਰਤੀਨਿਧਤਾ ਕਰਨ ਲਈ ਇੱਕ ਭਾਰਤੀ ਵਕੀਲ ਦੀ ਮੰਗ ਵੀ ਕੀਤੀ ਸੀ।
‘ਹੈਬੀਅਸ ਕਾਰਪਸ’ ਪਟੀਸ਼ਨ ਕੀ ਹੁੰਦੀ ਹੈ?
'ਹੈਬੀਅਸ ਕਾਰਪਸ' ਲਾਤੀਨੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ 'ਸਰੀਰ ਤੁਹਾਡੇ ਕੋਲ ਹੈ'। ਇਹ ਮਾਮਲਾ ਗ਼ੈਰਕਾਨੂੰਨੀ ਗ੍ਰਿਫ਼ਤਾਰੀ ਜਾਂ ਨਾਜਾਇਜ਼ ਹਿਰਾਸਤ ਦੇ ਖ਼ਦਸ਼ੇ ਤਹਿਤ ਦਾਇਰ ਕੀਤਾ ਜਾਂਦਾ ਹੈ।
ਇਸ ਦੀ ਸੁਣਵਾਈ ਦਾਇਰ ਕੀਤੇ ਜਾਣ ਵਾਲੇ ਦਿਨ ਹੀ ਹੁੰਦੀ ਹੈ। ਜੇ ਕੋਰਟ ਦੇ ਕੰਮ ਦਾ ਸਮਾਂ ਖ਼ਤਮ ਹੋ ਚੁੱਕਾ ਹੋਵੇ ਤਾਂ ਜੱਜ ਇਸ ਪਟੀਸ਼ਨ ਦੀ ਸੁਣਵਾਈ ਆਪਣੇ ਘਰ ਵਿੱਚ ਵੀ ਕਰ ਸਕਦੇ ਹਨ।
ਇਸ ਹੇਠ ਕੋਰਟ ਕੋਲ ਕਈ ਸ਼ਕਤੀਆਂ ਹਨ। ਉਹ ਵਾਰੰਟ ਅਫ਼ਸਰ ਨੂੰ ਉੱਥੇ ਭੇਜ ਸਕਦੀ ਹੈ, ਜਿੱਥੇ ਗ਼ੈਰਕਾਨੂੰਨੀ ਗ੍ਰਿਫ਼ਤਾਰੀ ਜਾਂ ਨਾਜਾਇਜ਼ ਹਿਰਾਸਤ ਦਾ ਸ਼ੱਕ ਹੈ। ਇਹ ਅਫ਼ਸਰ ਪੁਲਿਸ ਦੀ ਮਦਦ ਵੀ ਲੈ ਸਕਦਾ ਹੈ।
ਗੰਭੀਰ ਇਲਜ਼ਾਮ

ਤਸਵੀਰ ਸਰੋਤ, Getty Images
ਇਲਜ਼ਾਮ ਮੁਤਾਬਕ ਮਈ 2023 ਵਿੱਚ ਅਧਿਕਾਰੀ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਵਿੱਚ ਕਤਲ ਕਰਵਾਉਣ ਦਾ ਟਾਸਕ ਦਿੱਤਾ ਸੀ।
ਦਸਤਾਵੇਜ਼ ਮੁਤਾਬਕ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ ਅਤੇ ਭਾਰਤ 'ਚ ਰਹਿੰਦਾ ਹੈ।
ਗੁਪਤਾ ਨੇ ਹਿੱਟਮੈਨ ਨਾਲ ਸੰਪਰਕ ਕਰਨ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਜਿਸ ਨੂੰ ਉਹ ਇੱਕ ਅਪਰਾਧਿਕ ਸਹਿਯੋਗੀ ਮੰਨ ਰਹੇ ਸਨ। ਦਰਅਸਲ ਇਹ ਵਿਅਕਤੀ ਅਮਰੀਕੀ ਖ਼ੁਫ਼ੀਆ ਏਜੰਸੀ ਦਾ ਭਰੋਸੇਯੋਗ ਸੂਤਰ ਸੀ।
ਅਮਰੀਕੀ ਖ਼ੁਫ਼ੀਆ ਏਜੰਸੀ ਦੇ ਇੱਕ ਭਰੋਸੇਮੰਦ ਸੂਤਰ ਨੇ ਗੁਪਤਾ ਦਾ ਸੰਪਰਕ ਅਮਰੀਕੀ ਏਜੰਸੀ ਦੇ ਇੱਕ ਅੰਡਰਕਵਰ ਏਜੰਟ ਨਾਲ ਸੰਪਰਕ ਕਰਾਇਆ।
ਗੁਪਤਾ ਅਤੇ ਅੰਡਰਕਵਰ ਏਜੰਟ ਵਿਚਕਾਰ ਇੱਕ ਲੱਖ ਅਮਰੀਕੀ ਡਾਲਰ ਦੇ ਬਦਲੇ ਕਤਲ ਕਰਨ ਦਾ ਸੌਦਾ ਹੋਇਆ।
ਨਿਖਿਲ ਗੁਪਤਾ ਨੇ ਆਪਣੇ ਇੱਕ ਸੰਪਰਕ ਰਾਹੀਂ ਨਿਊਯਾਰਕ ਦੇ ਮੈਨਹਟਨ ਵਿੱਚ ਅਮਰੀਕੀ ਏਜੰਟ ਤੱਕ ਪੰਦਰਾਂ ਹਜ਼ਾਰ ਅਮਰੀਕੀ ਡਾਲਰ ਪਹੁੰਚਾਏ।
ਇਹ ਕਤਲ ਦੇ ਕੰਮ ਲਈ ਪੇਸ਼ਗੀ ਦਿੱਤੀ ਗਈ ਸੀ। ਇਸ ਦੀ ਵੀਡੀਓ ਵੀ ਏਜੰਟ ਨੇ ਰਿਕਾਰਡ ਕੀਤੀ ਹੈ ਅਤੇ ਕੇਸ ਨਾਲ ਨੱਥੀ ਕਰ ਦਿੱਤੀ ਹੈ।
ਇਲਜ਼ਾਮਾਂ ਅਨੁਸਾਰ, ਇਸ ਕੰਮ ਨੂੰ ਨਿਰਦੇਸ਼ਤ ਕਰ ਰਹੇ ਭਾਰਤੀ ਅਧਿਕਾਰੀ ਨੇ ਜੂਨ 2023 ਵਿੱਚ ਟਾਰਗੈਟ ਬਾਰੇ ਵਿਅਰਤੀਗਤ ਜਾਣਕਾਰੀਆਂ ਗੁਪਤਾ ਨੇ ਅੱਗੇ ਅਮਰੀਕੀ ਏਜੰਟ ਨੂੰ ਦੇ ਦਿੱਤੀਆਂ।
ਇਨ੍ਹਾਂ ਵਿੱਚ ਟਾਰਗੈਟ ਵਿਅਕਤੀ ਦੀਆਂ ਤਸਵੀਰਾਂ ਅਤੇ ਘਰ ਦਾ ਪਤਾ ਵੀ ਸੀ।
ਇਲਜ਼ਾਮ ਮੁਤਾਬਕ ਅਮਰੀਕਾ ਦੀ ਬੇਨਤੀ 'ਤੇ ਅਤੇ ਇਸ ਮਾਮਲੇ ਦੇ ਸਬੰਧ 'ਚ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਅਮਰੀਕਾ ਹਵਾਲੇ ਕੀਤਾ ਜਾਵੇਗਾ।
ਭਾਰਤ ਸਰਕਾਰ ਨੇ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਅਮਰੀਕਾ ਵੱਲੋਂ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਸੀ ਤੇ ਇਸ ਬਾਰੇ ਕਮੇਟੀ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ।
ਗੁਰਪਤਵੰਤ ਸਿੰਘ ਪੰਨੂ ਕੌਣ ਹਨ

ਤਸਵੀਰ ਸਰੋਤ, X/@NIA_INDIA
ਪੇਸ਼ੇ ਤੋਂ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਪਰਿਵਾਰ ਦੇ ਵੱਡ-ਵਡੇਰੇ ਪਹਿਲਾਂ ਪੱਟੀ ਦੇ ਪਿੰਡ ਨੱਥੂਚੱਕ ਵਿੱਚ ਰਹਿੰਦੇ ਸਨ ਅਤੇ ਬਾਅਦ ਵਿੱਚ ਉਹ ਅੰਮ੍ਰਿਤਸਰ ਨੇੜੇ ਪੈਂਦੇ ਪਿੰਡ ਖਾਨਕੋਟ ਵਿਖੇ ਜਾ ਵਸੇ ਸਨ।
ਪੰਨੂ ਦਾ ਇੱਕ ਭਰਾ ਤੇ ਇੱਕ ਭੈਣ ਹਨ। ਉਨ੍ਹਾਂ ਦੀ ਸਾਰੀ ਪੜ੍ਹਾਈ ਭਾਰਤ ਵਿੱਚ ਹੀ, ਲੁਧਿਆਣਾ ਅਤੇ ਚੰਡੀਗੜ੍ਹ ਤੋਂ ਹੋਈ ਹੈ। ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਵੀ ਭਾਰਤ ਵਿੱਚ ਹੀ ਕੀਤੀ ਹੈ। ਪੰਨੂ ਦੇ ਪਿਤਾ ਮਹਿੰਦਰ ਸਿੰਘ ਪੰਜਾਬ ਮਾਰਕੀਟਿੰਗ ਬੋਰਡ ਦੇ ਸਕੱਤਰ ਸਨ।
1990ਵਿਆਂ ਵਿੱਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ। ਕਾਲਜ ਦੇ ਸਮੇਂ ਤੋਂ ਹੀ ਉਹ ਸਟੂਡੈਂਟ ਐਕਟੀਵਿਸਟ ਬਣ ਗਏ ਸਨ ਅਤੇ ਸਟੂਡੈਂਟ ਪੌਲੀਟਿਕਸ ਵਿੱਚ ਐਕਟਿਵ ਹੋ ਗਏ ਸਨ।
ਨੱਬੇ ਦੇ ਦਹਾਕੇ ਵਿੱਚ ਪੰਨੂ ਉੱਤੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਸ਼ਹਿਰਾਂ ਵਿੱਚ ਸਥਿਤ ਥਾਣਿਆਂ ਵਿੱਚ ਇਰਾਦਤਨ ਕਤਲ ਅਤੇ ਕਤਲ ਕਰਨ ਦੇ ਕੇਸ ਦਰਜ ਕੀਤੇ ਗਏ।
ਸੂਤਰਾਂ ਮੁਤਾਬਕ ਗੁਰਪਤਵੰਤ ਪੰਨੂ ਦੇ ਉੱਪਰ ਕਈ ਕੇਸ ਦਰਜ ਹੋਏ ਸਨ, ਜਿਨ੍ਹਾਂ ਵਿੱਚ ਟਾਡਾ (ਟੈਰਰਿਸਟ ਐਂਡ ਡਿਸਰਪਟਿਵ ਐਕਟਿਵਿਟੀਜ਼) ਵੀ ਸ਼ਾਮਿਲ ਹੈ। ਪੰਨੂ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਪੁਲਿਸ ਨੇ ਝੂਠੇ ਮੁਕੱਦਮੇ ਦਾਇਰ ਕੀਤੇ ਸਨ।
ਉਸ ਵੇਲੇ ਦੀ ਨਰਸਿਮ੍ਹਾ ਰਾਓ ਦੀ ਸਰਕਾਰ 'ਚ ਉਨ੍ਹਾਂ ਦੇ ਪਰਿਵਾਰ ਦੇ ਰਸੂਖ਼ ਵਾਲੇ ਲੋਕਾਂ ਨੇ ਜ਼ੋਰ ਲਗਾ ਕੇ ਪੰਨੂ ਨੂੰ ਕਈ ਕੇਸਾਂ ਵਿੱਚੋਂ ਕਢਵਾ ਲਿਆ ਸੀ।
ਇਸ ਤੋਂ ਬਾਅਦ, 1991-92 ਵਿੱਚ ਪੰਨੂ ਅਮਰੀਕਾ ਚਲੇ ਗਏ। ਉੱਥੇ ਜਾ ਕੇ ਉਨ੍ਹਾਂ ਨੇ ਕਨੈਕਟੀਕਟ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ, ਜਿੱਥੇ ਪੰਨੂ ਨੇ ਐੱਮਬੀਏ ਫਾਇਨਾਂਸ ਅਤੇ ਨਿਊਯਾਰਕ ਯੂਨੀਵਰਸਿਟੀ ਵਿੱਚ ਮਾਸਟਰਜ਼ ਆਫ਼ ਲਾਅ ਦੀ ਡਿਗਰੀ ਹਾਸਿਲ ਕੀਤੀ।
ਅਮਰੀਕਾ ਵਿੱਚ ਉਚੇਰੀ ਸਿੱਖਿਆ ਲੈਣ ਤੋਂ ਬਾਅਦ ਪੰਨੂ ਨੇ ਨਿਊਯਾਰਕ ਸਥਿਤ ਵਾਲ ਸਟਰੀਟ ਵਿੱਚ ਸਿਸਟਮ ਐਨੇਲਿਸਟ ਵਜੋਂ 2014 ਤੱਕ ਕੰਮ ਕੀਤਾ। ਉਹ ਅਮਰੀਕਾ ਜਾ ਕੇ ਵੀ ਸਿਆਸੀ ਤੌਰ 'ਤੇ ਸਰਗਰਮ ਰਹੇ।
ਪੰਨੂ ਇੱਕ ਡਿਫੈਂਸ ਵਕੀਲ ਹਨ ਅਤੇ ਉਨ੍ਹਾਂ ਨੇ ਸਾਲ 2007 ਵਿੱਚ ਹੀ ਸਿਖਸ ਫਾਰ ਜਸਟਿਸ ਦੀ ਸਥਾਪਨਾ ਕੀਤੀ ਸੀ।
ਸਿਖਸ ਫਾਰ ਜਸਟਿਸ ਦਾ ਰਜਿਸਟਰਡ ਦਫ਼ਤਰ ਵਾਸ਼ਿੰਗਟਨ ਵਿੱਚ ਹੈ ਅਤੇ ਪੰਨੂ ਦਾ ਦਫ਼ਤਰ ਨਿਊਯਾਰਕ ਵਿੱਚ ਹੈ, ਜਿੱਥੇ ਉਹ ਆਪਣੀ ਲਾਅ ਫਰਮ ਚਲਾਉਂਦੇ ਹਨ।












