ਸਿਕੀਹੋਰ ਟਾਪੂ: ਇੱਕ ਅਜਿਹਾ ਰਹੱਸਮਈ ਟਾਪੂ, ਜਿੱਥੇ ਜਾਦੂ ਅਤੇ ਟੂਣਾ ਹੈ ਹਰ ਰੋਗ ਤੇ ਸਮੱਸਿਆ ਦਾ ਹੱਲ

ਤਸਵੀਰ ਸਰੋਤ, Simon Urwin
- ਲੇਖਕ, ਸਿਮੋਨ ਉਰਵਿਨ
- ਰੋਲ, ਬੀਬੀਸੀ ਟ੍ਰੈਵਲ
ਫਿਲੀਪੀਨਜ਼ ਵਿੱਚ ਦੂਰ ਦੁਰਾਡੇ ਸਥਿਤ ਟਾਪੂ ਸਿਕੀਹੋਰ ਨਾ ਸਿਰਫ਼ ਫਿਲੀਪੀਨਜ਼ ਬਲਕਿ ਪੂਰੇ ਦੱਖਣ ਪੂਰਬੀ ਏਸ਼ੀਆ ਵਿੱਚ ਇੱਕ ਵਿਲੱਖਣ ਟਾਪੂ ਹੈ।
ਇਹ ਪੁਰਾਣੇ ਜ਼ਮਾਨੇ ਤੋਂ ਜਾਦੂ-ਟੂਣੇ ਅਤੇ ਟੋਟਕਿਆਂ ਨਾਲ ਬਿਮਾਰੀਆਂ ਦਾ ਇਲਾਜ ਕਰਨ ਦੇ ਕੇਂਦਰ ਵਜੋਂ ਪ੍ਰਸਿੱਧ ਹੈ।
ਮੱਧ ਵਿਸਾਯਾਸ ਖੇਤਰ ਵਿੱਚ ਸਥਿਤ ਸਿਕਿਜੋਰ ਫਿਲੀਪੀਨਜ਼ ਦੇ ਲੋਕਾਂ ਨੂੰ ਵੱਡੇ ਪੱਧਰ ’ਤੇ ਆਪਣੇ ਵੱਲ ਆਕਰਸ਼ਿਤ ਕਰਦਾ ਹੈ, ਜੋ ਕਿ ਟਾਪੂ ਦੀਆਂ ਇਲਾਜ ਪੱਧਤੀਆਂ ਦਾ ਅਨੁਭਵ ਕਰਨ ਲਈ ਆਉਂਦੇ ਹਨ।
ਇਨ੍ਹਾਂ ਲੋਕਾਂ ਵਿੱਚ ਵਿਦੇਸ਼ਾਂ ਵਿੱਚ ਰਹਿਣ ਵਾਲੇ ਸੈਲਾਨੀ ਵੀ ਸ਼ਾਮਲ ਹਨ।
ਇਨ੍ਹਾਂ ਇਲਾਜ ਦੇ ਤਰੀਕਿਆਂ ਵਿੱਚ ਕੈਥੋਲਿਕ ਚਰਚ (16ਵੀਂ ਸਦੀ ਵਿੱਚ ਸਪੈਨਿਸ਼ ਦੁਆਰਾ ਸ਼ੁਰੂ ਕੀਤੀ ਗਈ ਚਰਚ) ਦੀ ਔਸ਼ਧੀ ਬਣਾਉਣ, ਭੂਤ-ਪ੍ਰੇਤ ਭਜਾਉਣ ਅਤੇ ਜੜੀਆਂ-ਬੂਟੀਆਂ ਦੇ ਧੂੰਏ ਵਰਗੀਆਂ ਸ਼ਮੈਨਿਕ ਪ੍ਰਥਾਵਾਂ ਸ਼ਾਮਲ ਹਨ।
ਸ਼ਮੈਨਿਕ ਇੱਕ ਧਰਮ ਹੈ, ਜਿਸ ਦੀ ਆਦਿਵਾਸੀ ਲੋਕਾਂ ਦੁਆਰਾ ਪਾਲਣਾ ਕੀਤੀ ਜਾਂਦੀ ਹੈ। ਇਸ ਧਰਮ ਦੇ ਪੈਰੋਕਾਰ ਦੇਵਤਿਆਂ, ਭੂਤਾਂ ਅਤੇ ਪੂਰਵਜਾਂ ਦੀਆਂ ਆਤਮਾਵਾਂ ਦੇ ਅਣਦੇਖੇ ਸੰਸਾਰ ਵਿੱਚ ਵਿਸ਼ਵਾਸ ਕਰਦੇ ਹਨ
ਇੱਥੇ ਉਪਲੱਬਧ ਵੱਖ-ਵੱਖ ਕੁਦਰਤੀ ਅਤੇ ਅਲੌਕਿਕ ਇਲਾਜ ਨੂੰ ਬਿਮਾਰੀਆਂ ਖ਼ਤਮ ਕਰਨ ਲ਼ਈ ਕਥਿਤ ਸ਼ਕਤੀਆਂ ਲਈ ਵਿਆਪਕ ਤੌਰ 'ਤੇ ਮਾਨਤਾ ਦਿੱਤੀ ਜਾਂਦੀ ਹੈ।
ਬਿਮਾਰੀ ਭਾਵੇਂ ਕਿੰਨੀ ਵੀ ਗੰਭੀਰ ਕਿਉਂ ਨਾ ਹੋਵੇ।

ਤਸਵੀਰ ਸਰੋਤ, Simon Urwin
ਬਿਮਾਰੀ ਬਾਰੇ ਕੀ ਮਾਨਤਾ ਹੈ?
ਇੱਥੇ ਬਿਮਾਰੀ ਬਾਰੇ ਮਾਨਤਾ ਹੈ ਕਿ ਇਹ ਤਿੰਨ ਪ੍ਰਮੁੱਖ ਕਾਰਕਾਂ ਵਿੱਚੋਂ ਇੱਕ ਦੇ ਨਤੀਜੇ ਵਜੋਂ ਹੁੰਦੀ ਹੈ।
ਮੇਰੇ ਗਾਈਡ ਲੁਈਸ ਨੈਥੋਨਿਯਲ ਬੋਰੋਂਗਨ ਕਹਿੰਦੇ ਹਨ, ‘‘ਪਹਿਲਾ ਕਾਰਨ ਕਰੋਧੀ ਆਤਮਾਵਾਂ ਦੀ ਦੁਨੀਆਂ ਹੈ।’’
‘‘ਬੁਰੀਆਂ ਆਤਮਾਵਾਂ ਸਾਡੇ ਚਾਰੋ ਪਾਸੇ ਘੁੰਮ ਰਹੀਆਂ ਹਨ। ਇਹ ਝਰਨਿਆਂ, ਜੰਗਲਾਂ ਅਤੇ ਸਮੁੰਦਰਾਂ ਵਿੱਚ ਮੌਜੂਦ ਹਨ। ਜੇ ਅਸੀਂ ਉਨ੍ਹਾਂ ਦੀ ਦੁਨੀਆਂ ਵਿੱਚ ਦਖਲ ਦਿੰਦੇ ਹਾਂ, ਤਾਂ ਉਹ ਬਿਮਾਰੀ, ਸਰਾਪ ਜਾਂ ਮੌਤ ਦੇ ਰੂਪ ਵਿੱਚ ਵੀ ਸਾਡੇ ਤੋਂ ਬਦਲਾ ਲੈ ਸਕਦੀਆਂ ਹਨ।’’
ਬੋਰੋਂਗਨ ਦੱਸਦੇ ਹਨ ਕਿ ਦੂਜਾ ਜਾਦੂ-ਟੂਣੇ ਕਾਰਨ ਹੁੰਦਾ ਹੈ।
ਉਹ ਕਹਿੰਦੇ ਹਨ, ‘‘ਇਸ ਦੇ ਕਈ ਰੂਪ ਹਨ, ਜਿਨ੍ਹਾਂ ਵਿੱਚ ਹੈਪਲਿਟ (ਕਿਸੇ ਨੂੰ ਵੂਡੂ ਗੁੱਡੀ ਨਾਲ ਪ੍ਰਭਾਵਿਤ ਕਰਨਾ) ਅਤੇ ਬਾਰੰਗ (ਦੂਜਿਆਂ ਅਤੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੀੜਿਆਂ ਨੂੰ ਪ੍ਰਭਾਵਿਤ ਕਰਨਾ) ਸ਼ਾਮਲ ਹਨ।’’
ਤੀਜਾ ਕਾਰਨ ਜ਼ਿਆਦਾ ਸੁਭਾਵਿਕ ਸ਼੍ਰੇਣੀ ‘‘ਕੁਦਰਤੀ ਤੌਰ ’ਤੇ ਹੋਣ ਵਾਲੀਆਂ ਬਿਮਾਰੀਆਂ’’ ਹਨ, ਜਿੱਥੇ ਕੋਈ ਵੀ ਬਿਮਾਰੀ ਭਾਵੇਂ ਉਹ ਗਲੇ ਦੀ ਆਮ ਖਰਾਸ਼ ਹੋਵੇ ਜਾਂ ਰਹੱਸਮਈ ਪ੍ਰੇਤ ਵੱਲੋਂ ਪੈਦਾ ਕੀਤੀ ਗਈ ਪਰੇਸ਼ਾਨੀ, ਇਨ੍ਹਾਂ ਦਾ ਇਲਾਜ ਕਿਸੇ ‘ਮਨਨੰਬਲ’ (ਬਾਬੇ/ਹੀਲਰ) ਕੋਲ ਜਾ ਕੇ ਕੀਤਾ ਜਾ ਸਕਦਾ ਹੈ।
ਇਸ ਟਾਪੂ ਦੇ ਬਾਬੇ ਜਾਂ ਹੀਲਰ ਦੀ ਸ਼ਕਤੀ ਵਿੱਚ ਰਵਾਇਤੀ ਤੌਰ ’ਤੇ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਜਾਂਦਾ ਹੈ।
ਇਹ ਵਿਸ਼ਵਾਸ ਇੰਨਾ ਜ਼ਿਆਦਾ ਹੈ ਕਿ ਇਸ ਕਾਰਨ ਸਿਕਿਜੋਰ ਹੁਣ ਫਿਲੀਪੀਨਜ਼ ਅਤੇ ਦੇਸ਼ ਤੋਂ ਦੂਰ ਪਰਵਾਸੀ ਸੈਲਾਨੀਆਂ ਦਾ ਵੀ ਧਿਆਨ ਖਿੱਚਣ ਲੱਗਾ ਹੈ।
ਬੋਰੋਂਗਨ ਕਹਿੰਦੇ ਹਨ, ‘‘ਟਾਪੂ ’ਤੇ ਆਉਣ ਵਾਲੇ ਕੌਮਾਂਤਰੀ ਸੈਨਾਨੀਆਂ ਨੂੰ ਸਿਰਫ਼ ਟੂਰਿਸਟ ਦਫ਼ਤਰ ਜਾਂ ਸਥਾਨਕ ਟੈਕਸੀ ਡਰਾਈਵਰ ਤੋਂ ਪੁੱਛਣ ਦੀ ਹੀ ਲੋੜ ਹੁੰਦੀ ਹੈ; ਉਹ ਤੁਹਾਨੂੰ ਦੱਸ ਦੇਣਗੇ ਕਿ ਹੀਲਰ ਕਿੱਥੇ ਮਿਲ ਸਕਦੇ ਹਨ।’’
‘‘ਇਹ ਇਲਾਜ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਉਨ੍ਹਾਂ ’ਤੇ ਰੱਬ ਵੱਲੋਂ ਬਖ਼ਸ਼ਿਸ਼ ਕੀਤੀ ਗਈ ਹੈ, ਇਸ ਲਈ ਉਹ ਸਿਰਫ਼ ਕੁਝ ਚੁਣੇ ਹੋਏ ਲੋਕਾਂ ਲਈ ਨਹੀਂ ਹਨ, ਬਲਕਿ ਉਹ ਹਰ ਕਿਸੇ ਲਈ ਉਪਲੱਬਧ ਹਨ।’’
ਅੱਜ, ਸਿਕਿਹੋਰ ਨੂੰ ‘ਰਹੱਸਵਾਦੀ ਟਾਪੂ’ ਵਜੋਂ ਜਾਣਿਆ ਜਾਂਦਾ ਹੈ। ਅਜਿਹਾ ਟਾਪੂ ਜਿੱਥੇ ਇਲਾਜ ਕਰਨ ਵਾਲਿਆਂ ਦਾ ਸਤਿਕਾਰ ਕੀਤਾ ਜਾਂਦਾ ਹੈ
ਇਸ ਟਾਪੂ ਦੇ ਵਸਨੀਕਾਂ ਨੂੰ ਸਿਕਿਹੋਡਨ ਵਜੋਂ ਜਾਣਿਆ ਜਾਂਦਾ ਹੈ, ਜੋ ਨਿਯਮਤ ਰੂਪ ਨਾਲ ਬਿਮਾਰੀ ਦੇ ਇਲਾਜ ਲਈ ਡਾਕਟਰ ਦੀ ਬਜਾਇ ‘ਮਨਨੰਬਲ’ ਕੋਲ ਜਾਂਦੇ ਹਨ।
ਟੂਣੇ ਟੋਕਿਆਂ ਵਾਲਿਆਂ ਦਾ ਸਤਿਕਾਰ

ਤਸਵੀਰ ਸਰੋਤ, Simon Urwin
ਬੋਰੋਂਗਨ ਕਹਿੰਦੇ ਹਨ, ‘‘ਇਹ ਬਾਬੇ (ਹੀਲਰ) ਅਕਸਰ ਉੱਥੇ ਵੀ ਸਫ਼ਲ ਹੁੰਦੇ ਹਨ, ਜਿੱਥੇ ਪੱਛਮੀ ਦਵਾਈਆਂ ਅਸਫ਼ਲ ਹੋ ਜਾਂਦੀਆਂ ਹਨ।’’
ਉਨ੍ਹਾਂ ਦੇ ਇਲਾਜ ਦਾ ਇੱਕ ਪ੍ਰਮੁੱਖ ਹਿੱਸਾ ਘਰੇਲੂ ਜੜੀਆਂ-ਬੂਟੀਆਂ ਦੀਆਂ ਦਵਾਈਆਂ ਦਾ ਨੁਸਖ਼ਾ ਹੈ।
ਇੱਥੋਂ ਦੇ ਲੋਕ ਡਾਕਟਰਾਂ ਕੋਲ ਜਾਣ ਦੀ ਥਾਂ ਦਵਾਈ ਲਈ ‘ਮੰਨਾਨੰਬਲ’ ਕੋਲ ਜਾਂਦੇ ਹਨ।
‘‘ਉਹ ਟਾਪੂ ’ਤੇ ਉੱਗਣ ਵਾਲੇ 300 ਤੋਂ ਵੱਧ ਔਸ਼ਧੀ ਪੌਦਿਆਂ ਤੋਂ ਹਰ ਕਿਸਮ ਦੇ ਕੁਦਰਤੀ ਦਵਾ ਬਣਾਉਂਦੇ ਹਨ। ਇਸ ਲਈ ਵਰਤੇ ਜਾਣ ਵਾਲੇ ਪੌਦਿਆਂ ਦੀ ਟਾਪੂ ’ਤੇ ਬਹੁਤਾਤ ਹੀ ਉਹ ਕਾਰਨ ਹੈ, ਜਿਸ ਕਾਰਨ ਸਦੀਆਂ ਤੋਂ ਟਾਪੂ ਦੇ ਜੀਵਨ ਲਈ ਲੋਕਧਾਰਾਈ ਇਲਾਜ ਇੰਨਾ ਮਹੱਤਵਪੂਰਨ ਰਿਹਾ ਹੈ।’’
ਜਾਦੂ ਲਈ ਪ੍ਰਸਿੱਧੀ

ਤਸਵੀਰ ਸਰੋਤ, Simon Urwin
ਸਪੇਨਿਸ਼ ਖੋਜੀ ਜੁਆਨ ਐਗੁਏਰੇ ਅਤੇ ਐਸਟੇਬਨ ਰੌਡਰਿਗਜ਼ 1565 ਵਿੱਚ ਸਿਕਿਹੋਰ ਪਹੁੰਚਣ ਵਾਲੇ ਪਹਿਲੇ ਯੂਰਪੀਅਨ ਸਨ।
ਉਨ੍ਹਾਂ ਨੇ ਦੂਰੋਂ ਟਾਪੂ ਦੇਖਿਆ,ਉਨ੍ਹਾਂ ਨੂੰ ਲੱਗਾ ਕਿ ਇਸ ਟਾਪੂ ਉੱਤੇ ਅੱਗ ਲੱਗੀ ਹੋਈ ਸੀ ਇਸ ਲਈ ਉਨ੍ਹਾਂ ਨੇ ਇਸ ਦਾ ਨਾਮ ‘ਇਸਲਾ ਡੇ ਫਯੂਗੋ’(ਫਾਇਰ ਆਈਲੈਂਡ) ਰੱਖ ਦਿੱਤਾ।
ਬੋਰੋਂਗਨ ਕਹਿੰਦੇ ਹਨ, ‘‘ਅਸਲ ਵਿੱਚ, ਇਹ ਰੌਸ਼ਨੀ ਟਾਪੂ ਦੇ ਮੋਲਾਵੇ ਦਰੱਖਤਾਂ ਉੱਤੇ ਝੁੰਡ ਵਿੱਚ ਉੱਡਣ ਵਾਲੇ ਜੁਗਨੂਆਂ ਤੋਂ ਆ ਰਿਹਾ ਸੀ।’’
‘‘ਸ਼ਾਇਦ ਇਹ ਕੁਦਰਤੀ ਵਰਤਾਰਾ (ਜੋ ਹੁਣ ਬਹੁਤ ਦੁਰਲੱਭ ਹੈ) ਹੀ ਸੀ ਕਿ ਸਿਕਿਹੋਰ ਨੂੰ ਪਹਿਲਾਂ ਜਾਦੂਮਈ ਥਾਂ ਦੇ ਰੂਪ ਵਿੱਚ ਪ੍ਰਸਿੱਧੀ ਮਿਲੀ, ਅਤੇ ਇਹੀ ਕਾਰਨ ਸੀ ਕਿ ਗੁਆਂਢੀ ਟਾਪੂਆਂ ਦੇ ਸਥਾਨਕ ਲੋਕ ਵੀ ਇੱਥੇ ਆਉਣ ਤੋਂ ਡਰਦੇ ਸਨ।’’
ਸ਼ਮੈਨਿਕ ਪਰੰਪਰਾ ਅਤੇ ਕੈਥੋਲਿਕ ਚਰਚ

ਤਸਵੀਰ ਸਰੋਤ, Simon Urwin
ਫਿਲੀਪੀਨਜ਼ ਵਿੱਚ 1521 ਵਿੱਚ ਕੈਥੋਲਿਕ ਧਰਮ ਅਪਣਾ ਲਿਆ ਗਿਆ, ਫਿਰ ਵੀ ਮਿਸ਼ਨਰੀ 1700 ਦੇ ਦਹਾਕੇ ਤੱਕ ਸਿਕਿਹੋਰ ਨਹੀਂ ਆਏ ਸਨ, ਸ਼ਾਇਦ ਜਾਦੂ-ਟੂਣਿਆਂ ਦੀਆਂ ਅਫ਼ਵਾਹਾਂ ਦੇ ਕਾਰਨ ਅਜਿਹਾ ਹੋਇਆ।
ਬੋਰੋਂਗਨ ਕਹਿੰਦੇ ਹਨ, ‘‘ਉਦੋਂ ਤੱਕ ਟਾਪੂ ਦੇ ਸੱਭਿਆਚਾਰ ਵਿੱਚ ਸ਼ਮੈਨਿਕ ਪਰੰਪਰਾਵਾਂ ਆਪਣੀਆਂ ਗਹਿਰੀਆਂ ਜੜ੍ਹਾਂ ਜਮਾਂ ਚੁੱਕੀਆਂ ਸਨ, ਮਿਸ਼ਨਰੀ ਇਸ ਨੂੰ ਬਦਲ ਨਹੀਂ ਸਕੇ।’’
‘‘ਪਰ ਸਮੇਂ ਦੇ ਨਾਲ, ਦੋਵੇਂ ਵਿਸ਼ਵਾਸ ਆਪਸ ਵਿੱਚ ਮਿਲ ਗਏ: ਇਲਾਜ ਕਰਨ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਦਾ ਹੁਨਰ ਉੱਚ ਸ਼ਕਤੀ ਤੋਂ ਆਉਂਦਾ ਹੈ ਜਿਸ ਨੂੰ ਉਨ੍ਹਾਂ ਨੇ ਰੱਬ ਕਿਹਾ, ਉਨ੍ਹਾਂ ਨੇ ਧਾਰਮਿਕ ਪ੍ਰਤੀਕਾਂ ਨੂੰ ਅਪਣਾ ਲਿਆ ਅਤੇ ਬਹੁਤ ਸਾਰੇ ਸੈਨ ਐਂਟੋਨੀਓ ਪਿੰਡ ਵਿੱਚ ਰਹਿਣ ਲਈ ਆਕਰਸ਼ਿਤ ਹੋਏ।’’’
ਐਂਟੋਨੀਓ ਗੁਆਚ ਚੁੱਕੇ ਲੋਕਾਂ ਦਾ ਸੰਤ ਹੈ। ਇਲਾਜ ਕਰਨ ਵਾਲਿਆਂ ਲਈ ਉਹ ਵਿਸ਼ੇਸ਼ ਤੌਰ 'ਤੇ ਪ੍ਰਤੀਕਾਤਮਕ ਹਨ ਕਿਉਂਕਿ ਬਿਮਾਰੀ ਸਰੀਰ ਵਿੱਚ ਸੰਤੁਲਨ ਦੀ ਗੜਬੜ ਨੂੰ ਦਰਸਾਉਂਦੀ ਹੈ।
ਪਿਆਰ, ਕਾਮਨਾ ਅਤੇ ਸਫ਼ਲਤਾ ਲਈ ਔਸ਼ਧੀ

ਤਸਵੀਰ ਸਰੋਤ, Simon Urwin
ਟਾਪੂ 'ਤੇ ਜੜੀਆਂ-ਬੂਟੀਆਂ ਦੇ ਮਿਸ਼ਰਣ ਦੀ ਵਰਤੋਂ ਵਿਆਪਕ ਪੱਧਰ ’ਤੇ ਹੈ। ਉਨ੍ਹਾਂ ਨੂੰ ਸੜਕ ਕਿਨਾਰੇ ਦੁਕਾਨਾਂ ਤੋਂ ਲਗਭਗ 148 ਰੁਪਏ (100 ਪੇਸੋ) ਵਿੱਚ ਆਸਾਨੀ ਨਾਲ ਖਰੀਦਿਆ ਜਾ ਸਕਦਾ ਹੈ।
ਸਭ ਤੋਂ ਵੱਧ ਹਰਮਨ ਪਿਆਰੀਆਂ ਔਸ਼ਧੀਆਂ ਵਿੱਚੋਂ ਇੱਕ ਪ੍ਰੇਮ ਔਸ਼ਧੀ ਹੈ, ਜਿਸ ਵਿੱਚ 20 ਕੁਦਰਤੀ ਤੱਤ ਹੁੰਦੇ ਹਨ ਜਿਸ ਵਿੱਚ ਪੋਂਗਾਮਈ ਟਾਹਣੀ ਵੀ ਸ਼ਾਮਲ ਹੈ, ਜਿਸ ਦਾ ਆਕਾਰ ਹੱਥ ਵਰਗਾ ਹੁੰਦਾ ਹੈ।
30 ਸਾਲਾਂ ਤੋਂ ਵੱਧ ਸਮੇਂ ਤੋਂ ਔਸ਼ਧੀ ਬਣਾਉਣ ਵਾਲੀ ਲੀਲੀਆ ਅਲੋਮ ਕਹਿੰਦੀ ਹੈ, ‘‘ਇਹ ਇਸ਼ਾਰੇ ਦਾ ਪ੍ਰਤੀਕ ਹੈ।
‘‘ਇਹ ਕਹਿੰਦਾ ਹੈ, ‘‘ਮੇਰੇ ਕੋਲ ਆਓ’’, ਚਾਹੇ ਇਹ ਰੋਮਾਂਸ ਹੋਵੇ ਜਾਂ ਖੁਸ਼ਹਾਲੀ।’’
ਅਲੋਮ ਨੇ ਮੈਨੂੰ ਦੱਸਿਆ ਕਿ ਇਹ ਔਸ਼ਧੀ ਸਦੀਵੀ ਪਿਆਰ ਨਹੀਂ ਲਿਆ ਸਕਦੀ, ‘‘ਇਹ ਥੋੜ੍ਹੇ ਸਮੇਂ ਦੀ ਵਾਸ਼ਨਾ ਲਈ ਬਿਹਤਰ ਹੈ’’ ਪਰ ਇਹ ਅਸਲ ਵਿੱਚ ਕਾਰੋਬਾਰ ਵਿੱਚ ਸਫ਼ਲਤਾ ਦਾ ਧਿਆਨ ਖਿੱਚਣ ਲਈ ਵਧੇਰੇ ਢੁੱਕਵੀਂ ਹੈ।
‘‘ਇਹ ਤੁਹਾਨੂੰ ਅਮੀਰ ਬਣਨ ਲਈ ਜ਼ਰੂਰੀ ਆਤਮਵਿਸ਼ਵਾਸ ਅਤੇ ਸਕਾਰਾਤਮਕਤਾ ਪ੍ਰਦਾਨ ਕਰ ਸਕਦੀ ਹੈ।’’
ਅਧਿਆਤਮਕ ਸ਼ਕਤੀ ਲਈ ‘ਬਲੈਕ ਸੈਟਰਡੇਅ’ ਦੀ ਪ੍ਰਥਾ

ਤਸਵੀਰ ਸਰੋਤ, Simon Urwin
200 ਤੋਂ ਵੱਧ ਤਰ੍ਹਾਂ ਦੀ ਸਮੱਗਰੀ ਨਾਲ ਬਣੀ ਵੈਕਸ ਬਲੈਕ ਔਸ਼ਧੀ ‘ਮਿਨਾਸਾ’ ਨੂੰ ਟੋ-ਓਬ ਦੇ ਦੌਰਾਨ ਸਾੜਿਆ ਜਾਂਦਾ ਹੈ। ਟੋ-ਓਬ ਇੱਕ ਪ੍ਰਥਾ ਹੈ, ਜੋ ਜਾਦੂ-ਟੂਣੇ ਅਤੇ ਬੁਰੀਆਂ ਆਤਮਾਵਾਂ ਨੂੰ ਬਾਹਰ ਕੱਢਣ ਲਈ ਕੀਤੀ ਜਾਂਦੀ ਹੈ।
‘ਮਿਨਾਸਾ’ ਬਣਾਉਣ ਲਈ ਬਾਬੇ/ਹੀਲਰ ਲੈਂਟ ਦੌਰਾਨ (ਲੈਂਟ 40 ਦਿਨਾਂ ਦੀ ਮਿਆਦ ਹੈ ਜਿਸ ਦੌਰਾਨ ਮਸੀਹੀ ਲੋਕ ਯਿਸੂ ਮਸੀਹ ਦੀ ਮੌਤ ਤੱਕ ਦੀਆਂ ਘਟਨਾਵਾਂ ਨੂੰ ਯਾਦ ਕਰਦੇ ਹਨ) ਲਗਾਤਾਰ ਸੱਤ ਸ਼ੁੱਕਰਵਾਰਾਂ ਨੂੰ ਅਧਿਆਤਮਕ ਸ਼ਕਤੀ ਵਾਲੇ ਸਥਾਨਾਂ ’ਤੇ ਜਾਂਦੇ ਹਨ ਅਤੇ ਕੀੜੇ-ਮਕੌੜਿਆਂ, ਫੁੱਲਾਂ, ਜੜੀਆਂ-ਬੂਟੀਆਂ, ਜੰਗਲੀ ਸ਼ਹਿਦ ਅਤੇ ਕਬਰਸਤਾਨ ਦੀਆਂ ਪਿਘਲੀਆਂ ਹੋਈਆਂ ਮੋਮਬੱਤੀਆਂ ਵਰਗੇ ਵੱਖੋ-ਵੱਖਰੇ ਤੱਤਾਂ ਨੂੰ ਇਕੱਠਾ ਕਰਦੇ ਹਨ।
ਇਨ੍ਹਾਂ ਨੂੰ ਸਾਲ ਦੇ ਸਿਰਫ਼ ਇੱਕ ਖ਼ਾਸ ਦਿਨ ‘ਕਾਲੇ ਸ਼ਨੀਵਾਰ’ (ਗੁੱਡ ਫਰਾਈਡੇ ਤੋਂ ਬਾਅਦ ਦਾ ਦਿਨ ਜਦੋਂ ਯਿਸੂ ਮਸੀਹ ਨੂੰ ਕਬਰ ਵਿੱਚ ਦਫ਼ਨਾਇਆ ਗਿਆ ਸੀ) ਨੂੰ ਪਕਾਇਆ ਜਾਂਦਾ ਹੈ। ਇਸ ਨੂੰ ਫਿਲੀਪੀਨਜ਼ ਵਿੱਚ ਸੋਗ ਦਾ ਦਿਨ ਮੰਨਿਆ ਜਾਂਦਾ ਹੈ, ਇਸ ਲਈ ‘‘ਬਲੈਕ’’ ਸ਼ਬਦ ਦਿੱਤਾ ਗਿਆ ਹੈ।
ਪੂਰਵਜਾਂ ਨਾਲ ਗੱਲਬਾਤ

ਤਸਵੀਰ ਸਰੋਤ, Simon Urwin
ਟਿਗੀ ਇੱਕ ਅਜਿਹੀ ਪ੍ਰਥਾ ਹੈ ਜੋ ਮ੍ਰਿਤਕ ਰਿਸ਼ਤੇਦਾਰ ਦੀ ਆਤਮਾ ਵੱਲੋਂ ਲਿਆਂਦੀਆਂ ਗਈਆਂ ਬਿਮਾਰੀਆਂ ਦਾ ਇਲਾਜ ਕਰਦੀ ਹੈ।
ਹੀਲਰ ਪਾਸਕਲ ਓਗੋਕ ਮਰੇ ਹੋਏ ਵਿਅਕਤੀ ਦੀ ਪਛਾਣ ਦਰਸਾਉਣ ਲਈ ਇੱਕ ਡੰਡੇ ਦੀ ਵਰਤੋਂ ਕਰਦੇ ਹਨ। ਆਤਮਾ ਨਾਲ ਸੰਵਾਦ ਕਰਨ ਤੋਂ ਪਹਿਲਾਂ ਉਹ ਦੱਸਦੇ ਹਨ ਕਿ, “ਜਦੋਂ ਉਨ੍ਹਾਂ ਦਾ ਨਾਂ ਜ਼ੋਰ ਨਾਲ ਲਿਆ ਜਾਂਦਾ ਹੈ ਤਾਂ ਡੰਡਾ ਝੁਕ ਜਾਂਦਾ ਹੈ ਜਾਂ ਉਸ ਦੀ ਲੰਬਾਈ ਵਧ ਸਕਦੀ ਹੈ।”
ਓਗੋਕ ਕਹਿੰਦੇ ਹਨ, “ਉਹ (ਪੂਰਵਜ) ਅਕਸਰ ਮੈਨੂੰ ਦੱਸਦੇ ਹਨ ਕਿ ਉਹ ਇਸ ਲਈ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਭੁਲਾ ਦਿੱਤਾ ਗਿਆ ਹੈ।’’
‘‘ਇਸ ਲਈ ਬਿਮਾਰੀ ਉਨ੍ਹਾਂ ਨੂੰ ਯਾਦ ਦਿਵਾਉਣ ਦਾ ਇੱਕ ਤਰੀਕਾ ਹੈ।”
ਇਸ ਦਾ ਇਲਾਜ ਬਹੁਤ ਸੌਖਾ ਹੈ: ਪ੍ਰਭਾਵਿਤ ਵਿਅਕਤੀ ਸਥਾਨਕ ਪਾਦਰੀ ਨੂੰ ਨਕਦ ਦਾਨ ਦਿੰਦਾ ਹੈ ਅਤੇ ਮ੍ਰਿਤਕ ਦੀ ਅਸ਼ਾਂਤ ਆਤਮਾ ਦੀ ਸ਼ਾਂਤੀ ਲਈ ਉਸ ਦੇ ਸਨਮਾਨ ਵਿੱਚ ਪ੍ਰਾਰਥਨਾ ਕੀਤੀ ਜਾਂਦੀ ਹੈ।
ਜਾਦੂ ਅਤੇ ਬੁਰੀਆਂ ਆਤਮਾਵਾਂ ਤੋਂ ਛੁਟਕਾਰਾ

ਤਸਵੀਰ ਸਰੋਤ, Simon Urwin
ਰੁਹੇਲੀਓ ਲੁਗਾਤੀਮਨ ‘ਬੋਲੋ-ਬੋਲੋ’ ਪ੍ਰਥਾ ਦੇ ਕੁਝ ਬਚੇ ਹੋਏ ਅਭਿਆਸ਼ੀਆਂ ਵਿੱਚੋਂ ਇੱਕ ਹਨ।
ਇਸ ਪ੍ਰਥਾ ਨੂੰ ਨਿਭਾਉਣ ਲਈ ਤਾਜ਼ੇ ਪਾਣੀ ਨਾਲ ਭਰੀ ਇੱਕ ਬੋਤਲ, ਇੱਕ ਸਟ੍ਰਾ ਅਤੇ ਇੱਕ ਜਾਦੂਈ ਪੱਥਰ ਲਿਆ ਜਾਂਦਾ ਹੈ।
ਜਦੋਂ ਬੋਤਲ ਨੂੰ ਰੋਗੀ ਦੇ ਉੱਪਰ ਘੁੰਮਾਇਆ ਜਾਂਦਾ ਹੈ ਤਾਂ ਪਾਣੀ ਵਿੱਚ ਬੁਲਬੁਲੇ ਬਣਦੇ ਹਨ; ਜਾਦੂਈ ਪੱਥਰ ਜਾਦੂ-ਟੂਣੇ ਅਤੇ ਆਤਮਾਵਾਂ ਦਾ ਸਾਇਆ ਹਟਾ ਦਿੰਦਾ ਹੈ ਜਿਸ ਨਾਲ ਪਾਣੀ ਬੱਦਲ ਬਣ ਜਾਂਦਾ ਹੈ ਅਤੇ ਵਸਤੂਆਂ ਜਾਦੂਈ ਤੌਰ 'ਤੇ ਪ੍ਰਗਟ ਹੁੰਦੀਆਂ ਹਨ।
ਲੁਗਾਤੀਮਨ ਕਹਿੰਦੇ ਹਨ ਕਿ ਉਨ੍ਹਾਂ ਨੇ ਇਲਾਜ ਦੌਰਾਨ ਟਿੱਡੀ (ਬਾਰੰਗ ਦਾ ਨਤੀਜਾ) ਤੋਂ ਲੈ ਕੇ ਸੂਈ (ਵੂਡੂ ਗੁੱਡੀ ਦੇ ਸਰਾਪ ਤੋਂ) ਤੱਕ ਹਰ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਹੈ।
ਇਹ ਪ੍ਰਕਿਰਿਆ ਉਦੋਂ ਤੱਕ ਦੁਹਰਾਈ ਜਾਂਦੀ ਹੈ ਜਦੋਂ ਤੱਕ ਕਿ ਪਾਣੀ ਸਾਫ਼ ਨਾ ਹੋ ਜਾਵੇ ਜੋ ਕਿ ਸਿਹਤ ਦੇ ਤੰਦਰੁਸਤ ਹੋਣ ਨੂੰ ਦਰਸਾਉਂਦਾ ਹੈ।
ਲੋਕਾਂ ਨੂੰ ਇਲਾਜ ਮੁਹੱਈਆ ਕਰਾਉਣਾ
ਹੀਲਰ ਆਪਣੇ ਵੱਲੋਂ ਕੀਤੇ ਇਲਾਜ ਲਈ ਪੈਸੇ ਨਹੀਂ ਲੈਂਦੇ, ਬਲਕਿ ਇਸ ਦੇ ਬਦਲੇ ਘੱਟ ਦਾਨ ਮੰਗਦੇ ਹਨ।
ਹੀਲਰ ਜੁਆਨਿਤਾ ਟੋਰੇਮਾਚਾ ਕਹਿੰਦੇ ਹਨ, ‘‘ਇਹ ਲੋਕਾਂ ਦੀ ਦੇਖਭਾਲ ਕਰਨ ਵਾਲਾ ਕਿੱਤਾ ਹੈ, ਨਾ ਕਿ ਲਾਭ ਕਮਾਉਣ ਵਾਲਾ, ਅਸੀਂ ਬਹੁਤ ਸਾਦਗੀ ਨਾਲ ਰਹਿੰਦੇ ਹਾਂ।’’
ਨਤੀਜੇ ਵਜੋਂ, ਹਾਲ ਹੀ ਦੇ ਸਾਲਾਂ ਵਿੱਚ ਉਨ੍ਹਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਇਸ ਰੁਝਾਨ ਨੂੰ ਉਲਟਾਉਣ ਲਈ ਮਾਊਂਟ ਬੈਂਡਿਲਾਨ ਨੈਸ਼ਨਲ ਪਾਰਕ ਵਿੱਚ 2006 ਤੋਂ ਹਰ ਪਵਿੱਤਰ ਹਫ਼ਤੇ ਵਿੱਚ ਸਾਲਾਨਾ ਸਿਕਿਜੋਰ ਹੀਲਿੰਗ ਫੈਸਟੀਵਲ ਕਰਾਇਆ ਜਾਂਦਾ ਹੈ।
ਸਥਾਨਕ ਲੋਕ ਅਤੇ ਸੈਲਾਨੀ ਦੋਵੇਂ ਇੱਥੇ ਹਾਜ਼ਰ ਹੁੰਦੇ ਹਨ।
ਬੋਰੋਂਗਨ ਕਹਿੰਦੇ ਹਨ, ‘‘ਹਰ ਕੋਈ ਆਪਣੀ ਪ੍ਰੇਮ ਔਸ਼ਧੀ ਬਣਾ ਸਕਦਾ ਹੈ ਅਤੇ ਆਪਣੇ ਖ਼ੁਦ ਲਈ ਇਨ੍ਹਾਂ ਪ੍ਰਥਾਵਾਂ ਨੂੰ ਨਿਭਾ ਸਕਦਾ ਹੈ।’’
‘‘ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਇਹ ਕੋਈ ਅਜੀਬ ਗੱਲ ਨਹੀਂ ਹੈ। ਸਾਡੀ ਇਲਾਜ ਪੱਧਤੀ ਸ਼ਕਤੀਸ਼ਾਲੀ ਹੈ ਅਤੇ ਸਦੀਆਂ ਤੋਂ ਇਸ ਨੇ ਸਿਕਿਜੋਰ ਨੂੰ ਵਿਲੱਖਣ ਬਣਾਇਆ ਹੋਇਆ ਹੈ। ਅਸੀਂ ਉਸ ਜਾਦੂ ਨੂੰ ਕਦੇ ਵੀ ਗੁਆਉਣਾ ਨਹੀਂ ਚਾਹੁੰਦੇ।’’












