ਏਸੀ ਕਿਉਂ ਫਟਦੇ ਹਨ? ਦੁਰਘਟਨਾਵਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ

ਤਸਵੀਰ ਸਰੋਤ, Getty Images
ਇਨ੍ਹੀ ਦਿਨੀਂ ਅੱਤ ਦੀ ਗਰਮੀ ਦੇ ਚਲਦਿਆਂ ਲੋਕ ਏਅਰ ਕੰਡਿਸ਼ਨਰ (ਏਸੀ) ਦੀ ਵਰਤੋਂ ਕਰ ਰਹੇ ਹਨ। ਹਾਲ ਹੀ ਵਿੱਚ ਕਈ ਏਸੀ ਦੇ ਫਟਣ ਦੀਆਂ ਕਈ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਨੋਇਡਾ ਦੀ ਇੱਕ ਹਾਊਸਿੰਗ ਸੁਸਾਇਟੀ ਵਿੱਚ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ।
ਇੱਕ ਅਪਾਰਟਮੈਂਟ ਵਿੱਚ ਲੱਗੇ ਏਸੀ ਦਾ ਕੰਪ੍ਰੈਸਰ ਫਟ ਗਿਆ ਜਿਸ ਕਾਰਨ ਭਿਆਨਕ ਅੱਗ ਲੱਗ ਗਈ।
ਇਸ ਧਮਾਕੇ ਦੌਰਾਨ ਇੱਕ ਫਲੈਟ ਵਿੱਚ ਅੱਗ ਲੱਗਣ ਦੇ ਦ੍ਰਿਸ਼ ਸਾਰਾ ਦਿਨ ਮੀਡੀਆ ਵਿੱਚ ਦਿਖਾਏ ਗਏ।
ਇਸ ਘਟਨਾ ਨੇ ਕਈ ਲੋਕਾਂ ਨੂੰ ਡਰਾ ਦਿੱਤਾ ਸੀ।
ਕਾਫੀ ਜੱਦੋ-ਜਹਿਦ ਤੋਂ ਬਾਅਦ ਇਸ ਅੱਗ ਨੂੰ ਕਾਬੂ ਕੀਤਾ ਗਿਆ।
ਇਸੇ ਤਰ੍ਹਾਂ ਮੁੰਬਈ ਅਤੇ ਹਰਿਆਣਾ ਦੇ ਹਿਸਾਰ ਵਿੱਚ ਇੱਕ ਹਸਪਤਾਲ ਵਿੱਚ ਏਸੀ ਦਾ ਕੰਪ੍ਰੈਸ਼ਰ ਫਟ ਗਿਆ ਸੀ।
ਨੋਇਡਾ ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਪਰਦੀਪ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ, “ਹਾਲ ਹੀ ਵਿੱਚ ਕੁਝ ਦਿਨਾਂ ਵਿੱਚ 10 ਤੋਂ 12 ਏਸੀ ਫਟਣ ਦੀਆਂ ਘਟਨਾਵਾਂ ਦੀ ਸੂਚਨਾ ਮਿਲੀ ਹੈ।”
27 ਮਈ ਨੂੰ ਬੋਰੀਵਲੀ ਵੈੱਸਟ ਦੇ ਇੱਕ ਫਲੈਟ ਵਿੱਚ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ। ਨੋਇਡਾ ਵਿੱਚ ਵਾਪਰੇ ਹਾਦਸੇ ਦੇ ਵਾਂਗ ਹੀ ਏਸੀ ਤੋਂ ਸ਼ੁਰੂ ਹੋਈ ਅੱਗ ਨੇ ਪੂਰੇ ਘਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ।
ਕੁਝ ਦਿਨ ਪਹਿਲਾਂ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਵੀਕੇ ਨਿਊਰੋਕੇਅਰ ਹਸਪਤਾਲ ਵਿੱਚ ਏਸੀ ਦਾ ਕੰਪ੍ਰੈਸਰ ਫਟ ਗਿਆ ਸੀ ਅਤੇ ਅੱਗ ਲੱਗ ਗਈ ਸੀ।
ਇਸ ਮਗਰੋਂ ਇਹ ਸਵਾਲ ਉੱਠਦਾ ਹੈ ਕਿ ਏਸੀ ਵਿੱਚ ਅਚਾਨਕ ਅੱਗ ਲੱਗਣ ਦਾ ਕੀ ਕਾਰਨ ਹੋ ਸਕਦਾ ਹੈ?
ਅਜਿਹੇ ਵਿੱਚ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ।
ਇਸ ਰਿਪੋਰਟ ਰਾਹੀਂ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।

ਤਸਵੀਰ ਸਰੋਤ, ANI
ਏਸੀ ਫਟਣ ਦਾ ਕੀ ਕਾਰਨ ਹੈ?
ਏਸੀ ਵਿੱਚ ਧਮਾਕੇ ਦੇ ਕਾਰਨ ਨੂੰ ਸਮਝਣ ਲਈ ਅਸੀਂ ਆਈਆਈਟੀ ਬੀਐੱਚਯੂ ਦੇ ਮਕੈਨੀਕਲ ਵਿਭਾਗ ਦੇ ਪ੍ਰੋਫ਼ੈਸਰ ਜਾਹਰ ਸਰਕਾਰ ਨਾਲ ਗੱਲ ਕੀਤੀ।
ਪ੍ਰੋਫ਼ੈਸਰ ਸਰਕਾਰ ਨੇ ਬੀਬੀਸੀ ਪੱਤਰਕਾਰ ਅਰਸ਼ਦ ਮਿਸਾਲ ਨੂੰ ਦੱਸਿਆ ਕਿ ਇੱਕ ਕਮਰੇ ਦੇ ਏਸੀ ਨੂੰ ਠੰਡਾ ਬਣਾਉਣ ਲਈ ਬਾਹਰ ਕੰਪ੍ਰੈਸਰ ਦੇ ਨੇੜੇ-ਤੇੜੇ ਦਾ ਤਾਪਮਾਨ ਉਸ ਦੇ ਕੰਡੈਂਸਰ ਦੇ ਤਾਪਮਾਨ ਤੋਂ ਲਗਭਗ 10 ਡਿਗਰੀ ਸੈਲਸੀਅਸ ਘੱਟ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਦੱਸਿਆ, “ਆਮ ਤੌਰ ਉੱਤੇ ਭਾਰਤ ਵਿੱਚ ਵਰਤੇ ਜਾਣ ਵਾਲੇ ਏਸੀ ਦੇ ਕੰਡੈਂਸਰ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ।ਜੇਕਰ ਬਾਹਰ ਦਾ ਤਾਪਮਾਨ ਕੰਡੈਂਸਰ ਦੇ ਤਾਪਮਾਨ ਤੋਂ ਵੱਧ ਹੈ ਤਾਂ ਏਸੀ ਕੰਮ ਕਰਨਾ ਬੰਦ ਕਰ ਦੇਵੇਗਾ।ਅਜਿਹੀ ਸਥਿਤੀ ਵਿੱਚ ਕੰਡੈਂਸਰ ਉੱਤੇ ਦਬਾਅ ਵੱਧ ਜਾਂਦਾ ਹੈ, ਇਸ ਨਾਲ ਕੰਡੈਂਸਰ ਦੇ ਫਟਣ ਦੀ ਸੰਭਾਵਨਾ ਵੱਧ ਜਾਂਦੀ ਹੈ। ”

ਤਸਵੀਰ ਸਰੋਤ, ANI
ਏਸੀ ਫਟਣ ਦਾ ਕੀ ਕਾਰਨ ਹੈ?

ਤਸਵੀਰ ਸਰੋਤ, Getty Images
ਤਾਪਮਾਨ ਵਧਣ ਦੇ ਨਾਲ-ਨਾਲ ਅਜਿਹੇ ਹਾਦਸਿਆਂ ਦੇ ਹੋਰ ਵੀ ਕਾਰਨ ਹਨ।
ਗੈਸ ਲੀਕੇਜ - ਮਾਹਰਾਂ ਦਾ ਕਹਿਣਾ ਹੈ ਕਿ ਕੰਡੈਂਸਰ ਤੋਂ ਗੈਸ ਲੀਕੇਜ ਵੀ ਅਜਿਹੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ।ਜਿਵੇਂ -ਜਿਵੇਂ ਗੈਸ ਘੱਟ ਹੁੰਦੀ ਜਾਂਦੀ ਹੈ ਕੰਡੈਂਸਰ ਉੱਤੇ ਦਬਾਅ ਵੱਧਦਾ ਜਾਂਦਾ ਹੈ। ਇਸ ਨਾਲ ਇਹ ਵੱਧ ਗਰਮ ਹੋ ਜਾਂਦਾ ਹੈ। ਇਸ ਨਾਲ ਅੱਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈੇ।
ਕੋਇਲਜ਼ ਵਿੱਚ ਧੂੜ: ਏਸੀ ਨੂੰ ਠੰਢਾ ਕਰਨ ਵਿੱਚ ਕੰਡੈਂਸਰ ਕੋਇਲ ਬਹੁਤ ਜ਼ਰੂਰੀ ਹੈ। ਇਹ ਹਵਾ ਤੋਂ ਗਰਮੀ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ।
ਜਦੋਂ ਕੋਇਲ ਗੰਦੇ ਹੋ ਜਾਂਦੇ ਹਨ ਜਾਂ ਇਨ੍ਹਾਂ ਉੱਤੇ ਧੂੜ ਜੰਮ ਜਾਂਦੀ ਹੈ ਤਾਂ ਗੈਸ ਘਟਣ ਦੀ ਦਿੱਕਤ ਪੈਦਾ ਹੁੰਦੀ ਹੈ। ਇਸ ਨਾਲ ਕੰਡੈਂਸਰ ਵੱਧ ਗਰਮ ਹੋ ਜਾਂਦਾ ਹੈ। ਇਸ ਨਾਲ ਅੱਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਵੋਟਲੇਜ ਦਾ ਵੱਧਣਾ-ਘਟਣਾ - ਵਾਰ-ਵਾਰ ਵੋਲਟੇਜ ਦਾ ਵਧਣਾ-ਘਟਣਾ ਕੰਪ੍ਰੈਸਰ ਦੇ ਕੰਮ ਉੱਤੇ ਅਸਰ ਪਾਉਂਦਾ ਹੈ, ਇਸ ਨਾਲ ਹਾਦਸੇ ਦਾ ਖ਼ਤਰਾ ਰਹਿੰਦਾ ਹੈ।

ਤਸਵੀਰ ਸਰੋਤ, ANI
ਏਸੀ ਨੂੰ ਫਟਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?
ਇਸ ਗੱਲ ਨੂੰ ਯਕੀਨੀ ਬਣਾਉਣ ਕੀ ਤਾਪਮਾਨ ਵੱਧ ਹੋਣ ਉੱਤੇ ਏਸੀ ਕੰਪ੍ਰੈਸ਼ਰ ਛਾਂ ਵਿੱਚ ਹੋਵੇ। ਕੰਪ੍ਰੈਸਰ ਅਤੇ ਕੰਡੈਂਸਰ ਯੂਨਿਟ ਦਾ ਆਲਾ ਦੁਆਲਾ ਹਵਾਦਾਰ ਹੋਣਾ ਚਾਹੀਦਾ ਹੈ। ਜੇਕਰ ਹਵਾ ਚੱਲ ਰਹੀ ਹੈ ਤਾਂ ਯੂਨਿਟ ਵੱਧ ਗਰਮ ਨਹੀਂ ਹੋਵੇਗੀ।
- ਏਸੀ ਦੀ ਸਮੇਂ-ਸਮੇਂ ਉੱਤੇ ਸਰਵਿਸ ਕਰਵਾਉਂਦੇ ਰਹੋ ਤਾਂ ਜੋ ਕਿਸੇ ਤਕਨੀਕੀ ਖ਼ਰਾਬੀ ਬਾਰੇ ਪਤਾ ਲੱਗ ਸਕੇ।
- ਏਅਰ ਫਿਲਟਰ ਅਤੇ ਕੂਲਿੰਗ ਕੋਇਲ ਨੂੰ ਸਾਫ਼ ਕਰਦੇ ਰਹੋ। ਇਸ ਨਾਲ ਕੰਪ੍ਰੈਸਰ 'ਤੇ ਜ਼ਿਆਦਾ ਦਬਾਅ ਨਹੀਂ ਪਵੇਗਾ ਅਤੇ ਇਹ ਠੀਕ ਤਰ੍ਹਾਂ ਕੰਮ ਕਰੇਗਾ।
- ਸਮੇਂ-ਸਮੇਂ 'ਤੇ ਕੂਲਿੰਗ ਫੈਨ ਦੀ ਜਾਂਚ ਕਰਦੇ ਰਹੋ। ਜੇਕਰ ਇਸ ਨਾਲ ਕੋਈ ਸਮੱਸਿਆ ਹੈ ਤਾਂ ਉਸ ਨੂੰ ਤੁਰੰਤ ਠੀਕ ਕਰੋ।
- ਜੇਕਰ ਤੁਹਾਡਾ ਏਸੀ ਸਾਧਾਰਨ ਨਾਲੋਂ ਜ਼ਿਆਦਾ ਸ਼ੋਰ ਕਰ ਰਿਹਾ ਹੈ ਜਾਂ ਵਾਈਬ੍ਰੇਸ਼ਨ ਹੈ, ਤਾਂ ਇਸ ਦੀ ਜਾਂਚ ਕਰਵਾਓ।
- ਏਸੀ ਨੂੰ ਕਦੇ ਵੀ ਐਕਸਟੈਂਸ਼ਨ ਤਾਰ ਨਾਲ ਨਾ ਕਨੈਕਟ ਕਰੋ, ਇਸਦੀ ਵੋਲਟੇਜ 'ਤੇ ਨਜ਼ਰ ਰੱਖੋ।
- ਇਸ ਲਈ ਗਰਮੀ ਦੇ ਮੌਸਮ ਵਿੱਚ ਆਪਣੀ ਸਿਹਤ ਦੇ ਨਾਲ-ਨਾਲ ਆਪਣੇ ਏਸੀ ਦਾ ਵੀ ਪੂਰਾ ਧਿਆਨ ਰੱਖੋ, ਤਾਂ ਜੋ ਇਹ ਤੁਹਾਨੂੰ ਚੰਗੀ ਅਤੇ ਠੰਡੀ ਹਵਾ ਦਿੰਦਾ ਰਹੇ।
ਏਸੀ ਖਰੀਦਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ?
ਮਾਹਰਾਂ ਦਾ ਕਹਿਣਾ ਹੈ ਕਿ ਤਾਂਬੇ ਨਾਲ ਬਣੇ ਏਸੀ ਐਲੂਮੀਨੀਅਮ ਕੰਡੈਂਸਰ ਵਾਲੇ ਏਸੀ ਦੀ ਤੁਲਨਾ ਵਿੱਚ ਵੱਧ ਮਹਿੰਗੇ ਹਨ।
ਤਾਂਬਾ ਪਾਣੀ ਜਾਂ ਹਵਾ ਦੇ ਨਾਲ ਪ੍ਰਤੀਕਿਰਿਆ ਨਹੀਂ ਕਰਦਾ। ਇਹ ਜਲਦੀ ਠੰਡਾ ਵੀ ਹੋ ਜਾਂਦਾ ਹੈ।
ਤਾਂਬਾ ਆਪਣੇ ਘੱਟ ਤਾਪ ਗੁਣਾਂ ਦੇ ਕਰਕੇ ਜਲਦੀ ਗਰਮ ਨਹੀਂ ਹੁੰਦਾ। ਇਸ ਲਈ ਮਾਹਰ ਐਲੂਮੀਨੀਅਮ ਏਸੀ ਦੀ ਦੀ ਥਾਂ ਤਾਂਬੇ ਦੇ ਏਸੀ ਨੂੰ ਪਹਿਲ ਦਿੰਦੇ ਹਨ।













