ਲਕਸ਼ਦੀਪ ਕਿਵੇਂ ਪਹੁੰਚਿਆ ਜਾ ਸਕਦਾ ਹੈ? ਕਿੰਨਾ ਹੁੰਦਾ ਹੈ ਖਰਚਾ ਤੇ ਕਿਉਂ ਲੈਣਾ ਪੈਂਦਾ ਹੈ ਪਰਮਿਟ

ਕਰਾਵਤੀ ਦਾ ਪੁੱਲ

ਤਸਵੀਰ ਸਰੋਤ, LAKSHDEEP ADMINISTRATION

ਚਿੱਟੀ ਰੇਤ, ਨੀਲਾ ਪਾਣੀ, ਟਕਰਾਉਂਦੀਆਂ ਲਹਿਰਾਂ। ਇਹ ਨਜ਼ਾਰਾ ਕਿੰਨਾ ਖ਼ੂਬਸੂਰਤ ਹੋਵੇਗਾ।

ਇਹ ਪੜ੍ਹ ਕੇ ਘੁੰਮਣ ਦੇ ਸ਼ੌਕੀਨ ਲੋਕਾਂ ਦੇ ਮਨਾਂ ਵਿਚ ਉੱਥੇ ਜਾਣ ਦੀ ਇੱਛਾ ਤਾਂ ਜ਼ਰੂਰ ਉੱਠ ਰਹੀ ਹੋਣੀ।

ਭਾਰਤ ’ਚ ਅਜਿਹੇ ਖ਼ੂਬਸੂਰਤ ਸੁਮੰਦਰੀ ਕੰਢੇ ਯਾਨਿ ਬੀਚ ਨੇ ਜਿੱਥੇ ਤੁਸੀਂ ਜਾ ਸਕਦੇ ਹੋ। ਪਰ ਸਾਲ 2024 ਚੜਦਿਆਂ ਹੀ ਜਿਸ ਥਾਂ ਦੀ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ, ਉਹ ਹੈ ਲਕਸ਼ਦੀਪ।

ਲਕਸ਼ਦੀਪ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ ਅਤੇ ਭਾਰਤ ਦੇ ਦੱਖਣ-ਪੱਛਮ ਵਿੱਚ ਹੈ। ਇਹ 36 ਦੀਪਾਂ ਵਾਲੀ ਜਗ੍ਹਾ ਹੈ, ਜਿਸ ਦੀ ਤੁਲਨਾ ਅੱਜਕੱਲ੍ਹ ਮਾਲਦੀਵ ਨਾਲ ਹੋ ਰਹੀ ਹੈ।

ਜੇਕਰ ਤੁਸੀਂ ਵੀ ਲਕਸ਼ਦੀਪ ਜਾਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਕੁਝ ਗੱਲਾਂ ਦਾ ਖ਼ਾਸਾ ਧਿਆਨ ਰੱਖਣ ਦੀ ਲੋੜ ਹੈ।

ਇਸ ਕਹਾਣੀ ਵਿੱਚ ਜਾਣੋ ਲਕਸ਼ਦੀਪ ਕਿਵੇਂ ਪਹੁੰਚਿਆ ਜਾ ਸਕਦਾ ਹੈ? ਤੁਹਾਡੇ ਲਈ ਕਿਹੜਾ ਤਰੀਕਾ ਜਾਂ ਰਸਤਾ ਬਿਹਤਰ ਹੋਵੇਗਾ? ਪਰ ਪਹਿਲਾਂ ਜਾਣੋ ਲਕਸ਼ਦੀਪ ਬਾਰੇ ਕੁਝ ਗੱਲਾਂ।

ਲਕਸ਼ਦੀਪ

ਤਸਵੀਰ ਸਰੋਤ, LAKSHADWEEP.GOV.IN

ਲਕਸ਼ਦੀਪ ਬਾਰੇ ਕੁਝ ਗੱਲਾਂ

  • ਮਲਿਆਲਮ ਅਤੇ ਸੰਸਕ੍ਰਿਤ ਵਿੱਚ ਲਕਸ਼ਦੀਪ ਦਾ ਅਰਥ ਹੈ ਇੱਕ ਲੱਖ ਟਾਪੂ
  • ਲਕਸ਼ਦੀਪ ਕੇਰਲ ਦੇ ਕੋਚੀ ਤੋਂ ਲਗਭਗ 440 ਕਿਲੋਮੀਟਰ ਦੂਰ ਹੈ
  • ਲਕਸ਼ਦੀਪ 36 ਛੋਟੇ ਟਾਪੂਆਂ ਦਾ ਸਮੂਹ
  • ਕੁੱਲ ਆਬਾਦੀ 64 ਹਜ਼ਾਰ ਦੇ ਕਰੀਬ ਹੈ
  • ਖੇਤਰ ਲਗਭਗ 32 ਵਰਗ ਕਿਲੋਮੀਟਰ
  • ਭਾਸ਼ਾ- ਮਲਿਆਲਮ ਅਤੇ ਅੰਗਰੇਜ਼ੀ

ਮਹੱਤਵਪੂਰਨ ਟਾਪੂ- ਕਵਾਰਾਟੀ, ਅਗਾਟੀ, ਅਮਿਨੀ, ਕਦਮਤ, ਕਿਲਾਤਨ, ਚੇਤਲਾਟ, ਬਿਤਰਾ, ਆਨਦੋਹ, ਕਲਪਨੀ ਅਤੇ ਮਿਨੀਕੋਏ।

ਪ੍ਰਸ਼ਾਸਨ ਮੁਤਾਬਕ ਲਕਸ਼ਦੀਪ 'ਚ 13 ਬੈਂਕ, 13 ਗੈਸਟ ਹਾਊਸ, 10 ਹਸਪਤਾਲ ਹਨ।

ਲਕਸ਼ਦੀਪ ਪਹੁੰਚਣ ਲਈ ਗਾਈਡ: ਪਰਮਿਟ ਸਭ ਤੋਂ ਜ਼ਰੂਰੀ

ਲਕਸ਼ਦੀਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਕਸ਼ਦੀਪ ਦਾ ਕਲਪਨੀ ਆਈਲੈਂਡ

ਤੁਸੀਂ ਭਾਰਤ ਦੇ ਕਿਸੇ ਵੀ ਹਿੱਸੇ ਤੋਂ ਕੇਰਲ ਦੇ ਕੋਚੀ ਦੀ ਫਲਾਈਟ ਜਾਂ ਟ੍ਰੇਨ ਲੈ ਸਕਦੇ ਹੋ। ਕੋਚੀ ਪਹੁੰਚਣ 'ਤੇ ਤੁਹਾਨੂੰ ਸਭ ਤੋਂ ਪਹਿਲਾਂ ਕੰਮ ਜੋ ਕਰਨਾ ਹੈ, ਉਹ ਹੈ ਲਕਸ਼ਦੀਪ ਜਾਣ ਲਈ ਪਰਮਿਟ ਲੈਣਾ।

ਭਾਰਤ ਵਿੱਚ ਕੁਝ ਅਜਿਹੀਆਂ ਸੰਵੇਦਨਸ਼ੀਲ ਜਾਂ ਸੁਰੱਖਿਅਤ ਥਾਵਾਂ ਹਨ, ਜਿੱਥੇ ਜਾਣ ਤੋਂ ਪਹਿਲਾਂ ਤੁਹਾਨੂੰ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਲਕਸ਼ਦੀਪ ਵੀ ਅਜਿਹਾ ਹੀ ਇੱਕ ਸਥਾਨ ਹੈ।

ਲਕਸ਼ਦੀਪ ਪ੍ਰਸ਼ਾਸਨ ਦਾ ਦਫਤਰ ਕੋਚੀ ਦੇ ਵਲਿੰਗਟਨ ਟਾਪੂ ਖੇਤਰ ਵਿੱਚ ਹੈ। ਤੁਸੀਂ ਇੱਥੇ ਜਾ ਕੇ ਪਰਮਿਟ ਲਈ ਅਰਜ਼ੀ ਦੇ ਸਕਦੇ ਹੋ।

ਲਕਸ਼ਦੀਪ ਪ੍ਰਸ਼ਾਸਨ ਦਾ ਦਫ਼ਤਰ ਕੋਚੀ ਦੇ ਵਲਿੰਗਟਨ ਟਾਪੂ ਇਲਾਕੇ ਵਿੱਚ ਹੈ। ਤੁਸੀਂ ਉੱਥੇ ਪਹੁੰਚ ਕੇ ਪਰਮਿਟ ਲਈ ਅਰਜ਼ੀ ਦੇ ਸਕਦੇ ਹੋ।

ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਵੀ ਪਰਮਿਟ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਨਲਾਈਨ ਅਪਲਾਈ ਕਰਨ ਲਈ ਇੱਥੇ ਕਲਿੱਕ ਕਰੋ।

ਅਪਲਾਈ ਕਰਦੇ ਸਮੇਂ ਤੁਹਾਨੂੰ ਯਾਤਰਾ ਦੀ ਮਿਤੀ, ਆਈਲੈਂਡ, ਦਸਤਾਵੇਜ਼ ਅਪਲੋਡ ਕਰਨੇ ਪੈਣਗੇ। ਇਹ ਸਾਰੀਆਂ ਚੀਜ਼ਾਂ 15 ਦਿਨ ਪਹਿਲਾਂ ਕਰ ਲਓ ਤਾਂ ਜ਼ਿਆਦਾ ਵਧੀਆ ਰਹੇਗਾ।

ਪਰਮਿਟ 30 ਦਿਨਾਂ ਲਈ ਰਹਿੰਦਾ ਹੈ ਅਤੇ ਇਸਦੀ ਫੀਸ 300 ਰੁਪਏ ਹੈ।

ਤੁਹਾਨੂੰ ਏਅਰਪੋਰਟ 'ਤੇ 300 ਰੁਪਏ ਗ੍ਰੀਨ ਟੈਕਸ ਵਜੋਂ ਵੀ ਅਦਾ ਕਰਨੇ ਪੈਣਗੇ।

ਲਕਸ਼ਦੀਪ

ਤਸਵੀਰ ਸਰੋਤ, LAKSHADWEEP.GOV.IN

ਦੂਜਾ ਤਰੀਕਾ ਇਹ ਹੈ ਕਿ ਤੁਸੀਂ ਲਕਸ਼ਦੀਪ ਪ੍ਰਸ਼ਾਸਨ ਦੀ ਵੈੱਬਸਾਈਟ ਤੋਂ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ।

ਪਹਿਲਾਂ ਇਸ ਐਪਲੀਕੇਸ਼ਨ ਨੂੰ ਭਰੋ। ਫਿਰ ਇਸ ਨੂੰ ਕਲੈਕਟਰ ਦਫ਼ਤਰ ਵਿੱਚ ਜਮ੍ਹਾ ਕਰਾਓ। ਪਰ ਧਿਆਨ ਰੱਖੋ ਕਿ ਇਸ ਵਿੱਚ ਸਮਾਂ ਲੱਗ ਸਕਦਾ ਹੈ, ਇਸ ਲਈ ਪਹਿਲਾਂ ਹੀ ਸਾਰਾ ਕੁਝ ਪਲਾਨ ਕਰ ਲੈਣਾ ਬਿਹਤਰ ਹੋਵੇਗਾ।

ਆਪਣਾ ਆਈਡੀ ਪਰੂਫ, ਪਾਸਪੋਰਟ ਸਾਈਜ਼ ਫੋਟੋ ਅਤੇ ਪਰਮਿਟ ਆਪਣੇ ਕੋਲ ਰੱਖੋ। ਤੁਹਾਨੂੰ ਇਹ ਪਰਮਿਟ ਲਕਸ਼ਦੀਪ ਦੇ ਪੁਲਿਸ ਸਟੇਸ਼ਨ ਜਾਂ ਪ੍ਰਸ਼ਾਸਨ ਦੇ ਦਫ਼ਤਰ ਵਿੱਚ ਜਮ੍ਹਾਂ ਕਰਾਉਣਾ ਪੈਂਦਾ ਹੈ।

ਇਕ ਹੋਰ ਚੀਜ਼, ਇਹ ਸੰਭਵ ਹੈ ਕਿ ਤੁਹਾਨੂੰ ਸਕੂਬਾ ਡਾਈਵਿੰਗ ਜਾਂ ਵਾਈਲਡਲਾਈਫ ਫੋਟੋਗ੍ਰਾਫੀ ਲਈ ਕੁਝ ਵਾਧੂ ਇਜਾਜ਼ਤ ਲੈਣੀ ਪਵੇ।

ਹੁਣ ਜੇ ਪਰਮਿਟ ਤਿਆਰ ਹੈ ਤਾਂ ਚਲੋ, ਅਗਲੀ ਯਾਤਰਾ ਸ਼ੁਰੂ ਕਰਦੇ ਹਾਂ।

ਅਗਾਟੀ ਏਅਰਪੋਰਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਗਾਟੀ ਏਅਰਪੋਰਟ

ਕੋਚੀ ਤੋਂ ਲਕਸ਼ਦੀਪ ਕਿਵੇਂ ਪਹੁੰਚਿਆ ਜਾਵੇ ?

ਤੁਸੀਂ ਦੋ ਤਰੀਕਿਆਂ ਨਾਲ ਲਕਸ਼ਦੀਪ ਪਹੁੰਚ ਸਕਦੇ ਹੋ। ਪਹਿਲੀ- ਫਲਾਈਟ, ਦੂਜਾ- ਸਮੁੰਦਰੀ ਜਹਾਜ਼। ਦੋਵਾਂ ਹੀ ਤਰੀਕਿਆਂ ਲਈ ਤੁਹਾਨੂੰ ਕੇਰਲ ਤੋਂ ਕੋਚੀ ਆਉਣਾ ਪਵੇਗਾ।

ਫਿਲਹਾਲ ਕੋਚੀ ਤੋਂ ਇਲਾਵਾ ਲਕਸ਼ਦੀਪ ਲਈ ਸਿੱਧੀ ਉਡਾਣ ਕਿਧਰੇ ਨਹੀਂ ਹੈ।

ਕੋਚੀ ਪਹੁੰਚਣ ਤੋਂ ਬਾਅਦ, ਜੇਕਰ ਤੁਸੀਂ ਫਲਾਈਟ ਰਾਹੀਂ ਲਕਸ਼ਦੀਪ ਜਾਣਾ ਚਾਹੁੰਦੇ ਹੋ, ਤਾਂ ਅਗਾਟੀ ਦੇ ਲਈ ਫਲਾਈਟ ਉਪਲਬਧ ਹੈ। ਇਹ ਉਡਾਣ ਕਰੀਬ ਡੇਢ ਘੰਟੇ ਦੀ ਹੈ।

ਪਰ ਧਿਆਨ ਰਹੇ ਕਿ ਜਨਵਰੀ 2024 ਦੀ ਸ਼ੁਰੂਆਤ ਤੱਕ ਲਕਸ਼ਦੀਪ ਜਾਣ ਵਾਲੀਆਂ ਉਡਾਣਾਂ ਦੀ ਗਿਣਤੀ ਬਹੁਤ ਘੱਟ ਹੈ।

ਇਸਦਾ ਮਤਲਬ ਇਹ ਹੈ ਕਿ ਇਹ ਸੰਭਵ ਹੈ ਕਿ ਤੁਹਾਨੂੰ ਪਹਿਲਾਂ ਤੋਂ ਟਿਕਟ ਬੁੱਕ ਕਰਨੀ ਪਵੇਗੀ ਅਤੇ ਆਪਣੀ ਯਾਤਰਾ ਬਾਰੇ ਸਹੀ ਢੰਗ ਨਾਲ ਪਲਾਨ ਕਰਨਾ ਹੋਵੇਗਾ।

ਫਲਾਈਟ ਤੋਂ ਇਲਾਵਾ ਤੁਸੀਂ ਜਹਾਜ਼ ਰਾਹੀਂ ਕੋਚੀ ਤੋਂ ਲਕਸ਼ਦੀਪ ਵੀ ਜਾ ਸਕਦੇ ਹੋ।

ਲਕਸ਼ਦੀਪ ਪ੍ਰਸ਼ਾਸਨ ਦੀ ਵੈੱਬਸਾਈਟ ਮੁਤਾਬਕ ਕੋਚੀ ਤੋਂ ਅਗਾਟੀ ਅਤੇ ਬੰਗਾਰਮ ਟਾਪੂ ਲਈ ਉਡਾਣਾਂ ਉਪਲਬਧ ਹਨ। ਅਗਾਟੀ ਵਿੱਚ ਸਿਰਫ਼ ਇੱਕ ਹਵਾਈ ਪੱਟੀ ਹੈ।

ਹਾਲਾਂਕਿ, ਆਨਲਾਈਨ ਸਰਚ ਕਰਨ 'ਤੇ ਤੁਹਾਨੂੰ ਕੋਚੀ ਤੋਂ ਫਲਾਈਟ ਸਿਰਫ਼ ਅਗਾਟੀ ਦੀ ਮਿਲੇਗੀ, ਉਹ ਵੀ ਸੀਮਤ।

ਲਕਸ਼ਦੀਪ ਪ੍ਰਸ਼ਾਸਨ ਮੁਤਾਬਕ, ਅਗਾਟੀ ਤੋਂ ਕਵਾਰਾਟੀ ਅਤੇ ਕਦਮਤ ਲਈ ਅਕਤੂਬਰ ਤੋਂ ਮਈ ਤੱਕ ਬੋਟਸ ਉਪਲਬਧ ਹਨ।

ਮਾਨਸੂਨ ਦੌਰਾਨ ਅਗਾਟੀ ਤੋਂ ਕਵਾਰਾਟੀ ਤੱਕ ਹੈਲੀਕਾਪਟਰ ਦੀ ਸਹੂਲਤ ਉਪਲਬਧ ਹੈ।

ਬੰਗਾਰਾਮ

ਤਸਵੀਰ ਸਰੋਤ, LAKSHADWEEP.GOV.IN

ਤਸਵੀਰ ਕੈਪਸ਼ਨ, ਬੰਗਾਰਾਮ ਆਈਲੈਂਡ

ਸਮੁੰਦਰ ਦੇ ਰਸਤੇ ਲਕਸ਼ਦੀਪ ਤੱਕ ਕਿਵੇਂ ਪਹੁੰਚਣਾ ਹੈ?

ਹਵਾਈ ਮਾਰਗ ਦੀ ਬਜਾਏ ਜੇਕਰ ਤੁਸੀਂ ਸਮੁੰਦਰੀ ਰਸਤੇ ਲਕਸ਼ਦੀਪ ਜਾਣਾ ਚਾਹੁੰਦੇ ਹੋ ਤਾਂ ਕੋਚੀ ਤੋਂ ਸੱਤ ਯਾਤਰੀ ਜਹਾਜ਼ ਚੱਲਦੇ ਹਨ।

ਉਨ੍ਹਾਂ ਦੇ ਨਾਮ ਹਨ-

  • ਐਮਵੀ ਕਵਾਰਟੀ
  • ਐੱਮਵੀ ਅਰੇਬੀਅਨ ਸੀ
  • ਐੱਮਪੀ ਲਕਸ਼ਦੀਪ ਸੀ
  • ਐੱਮਵੀ ਲਗੂਨ
  • ਐੱਮਵੀ ਕੋਰਲਜ਼
  • ਐਮਵੀ ਅਮੀਨਦੀਵੀ
  • ਐੱਮਵੀ ਮਿਨੀਕੋਏ

ਇਨ੍ਹਾਂ ਯਾਤਰੀ ਜਹਾਜ਼ਾਂ ਨੂੰ 14 ਤੋਂ 18 ਘੰਟੇ ਲੱਗਦੇ ਹਨ। ਪਰ ਯਾਤਰਾ ਦਾ ਸਮਾਂ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਟਾਪੂ 'ਤੇ ਜਾ ਰਹੇ ਹੋ।

ਇਨ੍ਹਾਂ ਜਹਾਜ਼ਾਂ ਵਿਚ ਸਫ਼ਰ ਕਰਨ ਲਈ ਕਈ ਕਲਾਸਾਂ ਹਨ। ਏਸੀ ਫਸਟ ਕਲਾਸ, ਸੈਕਿੰਡ ਕਲਾਸ, ਬੈਕ-ਬੰਕ ਕਲਾਸ।

ਕੁਝ ਲੋਕ ਜਹਾਜ਼ ਰਾਹੀਂ ਸਫ਼ਰ ਕਰਦੇ ਸਮੇਂ ਅਸਹਿਜ ਮਹਿਸੂਸ ਕਰਦੇ ਹਨ ਜਿਸ ਨੂੰ ਸੀ-ਸਿੱਕਨੈਸ ਕਹਿੰਦੇ ਹਨ। ਅਜਿਹੇ ਲੋਕਾਂ ਲਈ ਜਹਾਜ਼ ਵਿਚ ਇਕ ਡਾਕਟਰ ਵੀ ਰਹਿੰਦਾ ਹੈ।

ਲਕਸ਼ਦੀਪ ਪ੍ਰਸ਼ਾਸਨ ਮੁਤਾਬਕ, ਐਮਵੀ ਅਮੀਨਦੀਵੀ, ਐੱਮਵੀ ਮਿਨੀਕੋਏ ਦੀਆਂ ਸੀਟਾਂ ਜ਼ਿਆਦਾ ਕੰਫਰਟੇਬਲ ਹੁੰਦੀਆਂ ਹਨ ਅਤੇ ਇਹ ਇੱਕ ਰਾਤ ਵਿੱਚ ਕੋਚੀ ਤੋਂ ਲਕਸ਼ਦੀਪ ਪਹੁੰਚਾ ਦਿੰਦੇ ਹਨ।

ਸੀਜ਼ਨ ਦੌਰਾਨ ਇੱਕ ਆਈਲੈਂਡ ਤੋਂ ਦੂਜੇ ਆਈਲੈਂਡ ਤੱਕ ਜਾਣ ਲਈ ਸਪੀਡ ਬੋਟਸ ਵੀ ਚੱਲਦੀਆਂ ਹਨ।

ਲਕਸ਼ਦੀਪ

ਤਸਵੀਰ ਸਰੋਤ, LAKSHADWEEP.GOV.IN

ਲਕਸ਼ਦੀਪ ਵਿੱਚ ਦੇਖਣ ਲਈ ਕਿਹੜੀਆਂ ਥਾਵਾਂ ਹਨ?

  • ਕਵਾਰਾਟੀ ਆਈਲੈਂਡ
  • ਲਾਈਟ ਹਾਊਸ
  • ਜੇਟੀ ਸਾਈਟ, ਮਸਜਿਦ
  • ਅਗਾਟੀ
  • ਕਦਮਤ
  • ਬੰਗਾਰਾਮ
  • ਥਿੰਨਾਕਾਰਾ

ਮਾਲਦੀਪ ਵਾਂਗ ਇੱਥੇ ਵੀ ਚਿੱਟੀ ਰੇਤ ਵਾਲੇ ਬੀਚ ਹਨ। ਜਿੱਥੇ ਜਾਣ ਲਈ ਸਭ ਤੋਂ ਸਹੀ ਸਮਾਂ ਮਈ ਤੋਂ ਸਤੰਬਰ ਵਿਚਾਲੇ ਦਾ ਹੈ।

ਇੱਥੇ ਤਾਪਮਾਨ 22 ਤੋਂ 36 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ। ਹਾਲਾਂਕਿ ਦਸੰਬਰ ਤੋਂ ਫਰਵਰੀ ਤੱਕ ਇੱਥੇ ਸੈਲਾਨੀਆਂ ਦੀ ਬਹੁਤ ਭੀੜ ਹੁੰਦੀ ਹੈ।

ਜੇਕਰ ਤੁਸੀਂ ਲਕਸ਼ਦੀਪ ਨੂੰ ਆਰਾਮ ਨਾਲ ਘੁੰਮਣਾ ਚਾਹੁੰਦੇ ਹੋ, ਤਾਂ ਛੇ-ਸੱਤ ਦਿਨ ਕਾਫ਼ੀ ਹੋਣਗੇ।

ਲਕਸ਼ਦੀਪ ਵਿੱਚ ਖਾਣ-ਪੀਣ ਲਈ ਕੀ ਚੰਗਾ ਹੈ?

ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਹਾਨੂੰ ਦਿੱਕਤ ਹੋ ਸਕਦੀ ਹਨ। ਪਰ ਤੁਹਾਨੂੰ ਨਾਰੀਆਲ ਦਾ ਦੁੱਧ, ਕੇਲੇ ਵਾਲੇ ਚਿਪਸ, ਕਟਹਲ ਵਾਲੇ ਕੁਝ ਪਕਵਾਨ ਖਾਣ ਨੂੰ ਮਿਲ ਸਕਦੇ ਹਨ।

ਪਰ ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਲਕਸ਼ਦੀਪ ਤੁਹਾਡੇ ਲਈ ਚੰਗੀ ਜਗ੍ਹਾ ਹੋ ਸਕਦੀ ਹੈ।

ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਪਕਵਾਨਾਂ ਦਾ ਲੁਤਫ਼ ਲੈ ਸਕਦੇ ਹੋ-

  • ਕਵਾਰਾਟੀ ਬਿਰਯਾਨੀ
  • ਤਨਾ ਕਰੀ
  • ਮਸਲ ਪਿਕਲ
  • ਹੌਬਸਟਰ ਮਸਾਲਾ
  • ਸਕਾਈਡ ਫ੍ਰਾਈ
  • ਇਸ ਤੋਂ ਇਲਾਵਾ ਕੁਝ ਸੀ-ਫੂਡ ਵੀ ਖਾਣ ਨੂੰ ਮਿਲ ਸਕਦੇ ਹਨ।
ਲਕਸ਼ਦੀਪ

ਤਸਵੀਰ ਸਰੋਤ, LAKSHADWEEP.GOV.IN

ਲਕਸ਼ਦੀਪ ਜਾਣ ਲਈ ਕਿੰਨਾ ਖਰਚਾ ਆਵੇਗਾ?

ਵਧੀਆ ਸਵਾਲ ਹੈ।

ਇਸ ਦਾ ਜਵਾਬ ਹੈ ਕਿ ਤੁਹਾਡੀ ਲਕਸ਼ਦੀਪ ਯਾਤਰਾ ਦੀ ਕੀਮਤ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿਸ ਸੀਜ਼ਨ ਵਿੱਚ ਲਕਸ਼ਦੀਪ ਜਾ ਰਹੇ ਹੋ ਅਤੇ ਤੁਸੀਂ ਕਿੰਨਾ ਚਿਰ ਪਹਿਲਾਂ ਤੋਂ ਯੋਜਨਾ ਬਣਾ ਰਹੇ ਹੋ।

ਇਸ ਦੇ ਨਾਲ ਹੀ, ਕਹਾਣੀ ਵਿੱਚ ਦੱਸੀਆਂ ਕੀਮਤਾਂ ਤੁਹਾਡੀ ਸੌਦੇਬਾਜ਼ੀ ਦੀ ਸ਼ਕਤੀ ਦੇ ਅਧਾਰ ਤੇ ਘੱਟ ਜਾਂ ਵੱਧ ਹੋ ਸਕਦੀਆਂ ਹਨ।

ਅਹਿਮ ਚੀਜ਼ - ਨਕਦ ਲੈ ਕੇ ਜਾਓ। ਤੁਹਾਨੂੰ ਏਟੀਐੱਮ ਜਾਂ ਔਨਲਾਈਨ ਭੁਗਤਾਨ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਦਾਹਰਨ ਲਈ, 11 ਜਨਵਰੀ 2024 ਦੀ ਮਿਤੀ ਚੈੱਕ ਕਰਨ 'ਤੇ 14 ਫਰਵਰੀ ਵੈਲੇਨਟਾਈਨ ਡੇਅ, 'ਤੇ ਦਿੱਲੀ ਤੋਂ ਕੋਚੀ ਦੀ ਫਲਾਈਟ ਟਿਕਟ ਦੀ ਕੀਮਤ 7,000 ਰੁਪਏ ਹੈ ਅਤੇ ਕੋਚੀ ਤੋਂ ਅਗਾਟੀ ਦੀ ਫਲਾਈਟ ਟਿਕਟ ਦੀ ਕੀਮਤ 5500 ਰੁਪਏ ਹੈ।

ਜੇਕਰ ਤੁਸੀਂ ਕੋਚੀ ਤੋਂ ਜਹਾਜ਼ ਰਾਹੀਂ ਲਕਸ਼ਦੀਪ ਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਟੂਰ ਪੈਕੇਜ ਪ੍ਰਦਾਨ ਕਰਦੀਆਂ ਹਨ।

ਦੋ ਦਿਨਾਂ ਤੋਂ ਲੈ ਕੇ ਪੰਜ ਦਿਨਾਂ ਤੱਕ ਦੇ ਪੈਕੇਜਾਂ ਵਿੱਚ ਕਈ ਟਾਪੂਆਂ ਦਾ ਦੌਰਾ ਕੀਤਾ ਜਾਂਦਾ ਹੈ ਅਤੇ ਇਸ ਪੈਕੇਜ ਦੀ ਕੀਮਤ 15 ਹਜ਼ਾਰ ਤੋਂ 60 ਹਜ਼ਾਰ ਰੁਪਏ ਤੱਕ ਹੈ।

ਲਕਸ਼ਦੀਪ

ਤਸਵੀਰ ਸਰੋਤ, ANI

ਬੰਗਾਰਾਮ ਵਿੱਚ ਕਰੀਬ 18 ਹਜ਼ਾਰ ਰੁਪਏ ਵਿੱਚ ਇੱਕ ਕੋਟੇਜ ਮਿਲ ਸਕਦਾ ਹੈ। ਤੁਹਾਨੂੰ ਕਦਮਤ ਵਿੱਚ ਤਿੰਨ ਤੋਂ ਅੱਠ ਹਜ਼ਾਰ ਰੁਪਏ ਵਿੱਚ ਇੱਕ ਕਮਰਾ ਮਿਲ ਸਕਦਾ ਹੈ। 1500-3000 ਰੁਪਏ ਵਿੱਚ ਅਗਾਟੀ ਵਿੱਚ ਕਮਰਿਆ ਲੱਭਿਆ ਜਾ ਸਕਦਾ ਹੈ।

11,000 ਰੁਪਏ ਵਿੱਚ ਕਵਾਰਾਟੀ ਟਾਪੂ ਵਿੱਚ ਇੱਕ ਰਿਜ਼ੋਰਟ ਲੱਭਿਆ ਜਾ ਸਕਦਾ ਹੈ।

ਲਕਸ਼ਦੀਪ ਵਿੱਚ 20 ਮਿੰਟ ਦੀ ਸਕੂਬਾ ਡਾਈਵਿੰਗ 3,000 ਰੁਪਏ ਵਿੱਚ ਅਤੇ 40 ਮਿੰਟ ਦੀ ਸਕੂਬਾ ਡਾਈਵਿੰਗ ਲਗਭਗ 5,000 ਰੁਪਏ ਵਿੱਚ ਮਿਲ ਸਕਦੀ ਹੈ।

ਸਨੌਕਲਿੰਗ ਪੈਕੇਜ ਇੱਕ ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੇ ਹਨ। ਔਸਤਨ, ਇੱਕ ਟਾਪੂ ਟੂਰ ਪੈਕੇਜ ਪ੍ਰਤੀ ਵਿਅਕਤੀ ਡੇਢ ਤੋਂ ਦੋ ਹਜ਼ਾਰ ਰੁਪਏ ਖਰਚ ਹੁੰਦਾ ਹੈ।

ਜੇਕਰ ਤੁਸੀਂ ਜਹਾਜ਼ ਰਾਹੀਂ ਇੱਕ ਟਾਪੂ ਤੋਂ ਦੂਜੇ ਟਾਪੂ 'ਤੇ ਜਾ ਰਹੇ ਹੋ ਤਾਂ ਲਗਭਗ ਚਾਰ ਤੋਂ ਅੱਠ ਹਜ਼ਾਰ ਰੁਪਏ ਖਰਚ ਹੋ ਸਕਦੇ ਹਨ।

ਆਖ਼ਰੀ ਗੱਲ ਜੋ ਅਸੀਂ ਦੱਸਣਾ ਚਾਹਾਂਗੇ ਉਹ ਹੈ ਕਿ ਜੇਕਰ ਤੁਸੀਂ ਲਕਸ਼ਦੀਪ ਦਾ ਦੌਰਾ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਅਪਡੇਟ੍ਸ ਪੋਸਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਦਿੱਕਤ ਆ ਸਕਦੀ ਹੈ।

ਕਿਉਂਕਿ ਇੱਥੇ ਇੰਟਰਨੈਟ ਦੀ ਸੁਵਿਧਾ ਹਾਲੇ ਜ਼ਿਆਦਾ ਵਧੀਆ ਨਹੀਂ ਹੈ। ਲਕਸ਼ਦੀਪ ਜਾਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉੱਥੇ ਏਅਰਟੈੱਲ ਅਤੇ ਬੀਐਸਐਨਐਲ ਦੇ ਕੁਨੈਕਸ਼ਨ ਵਧੀਆ ਹਨ ਪਰ ਵਾਈ-ਫਾਈ ਦੀ ਸਹੂਲਤ ਮੁਸ਼ਕਲ ਹੈ।

ਅਜਿਹੇ ਵਿੱਚ ਜੇਕਰ ਤੁਸੀਂ ਲਕਸ਼ਦੀਪ ਜਾਣ ਦਾ ਮਨ ਬਣਾ ਰਹੇ ਹੋ ਤਾਂ ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ, ਵੀਡੀਓ, ਰੀਲਸ ਵਾਪਸ ਕੇ ਪੋਸਟ ਕਰਿਓ। ਜਦੋਂ ਤੱਕ ਉੱਥੇ ਰਹੋ, ਲਕਸ਼ਦੀਪ ਦਾ ਆਨੰਦ ਲਓ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)