ਮੋਦੀ ਦੀ ਲਕਸ਼ਦੀਪ ਫੇਰੀ ਤੋਂ ਬਾਅਦ ਮਾਲਦੀਵ ਨਾਲ ਵਿਵਾਦ ਕਿਉਂ ਛਿੜਿਆ, ਹੁਣ ਤੱਕ ਕੀ ਹੋਇਆ

ਤਸਵੀਰ ਸਰੋਤ, @NARENDRAMODI/@SHIUNA_M
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਕਸ਼ਦੀਪ ਦੌਰੇ ਦੌਰਾਨ ਮਾਲਦੀਵ ਸਰਕਾਰ ਦੀ ਮੰਤਰੀ ਮਰੀਅਮ ਸ਼ਿਓਨਾ ਅਤੇ ਹੋਰ ਨੇਤਾਵਾਂ ਵੱਲੋਂ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਸਰਹੱਦ ਦੇ ਆਰ-ਪਾਰ ਪਾਰਾ ਚੜਿਆ ਹੋਇਆ ਹੈ।
ਮੁਹੰਮਦ ਮੁਈਜ਼ੂ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਤੋਂ ਲਗਾਤਾਰ ਪਟੜੀ ਤੋਂ ਉਤਰਦੇ ਨਜ਼ਰ ਆ ਰਹੇ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਲਈ ਇਨ੍ਹਾਂ ਬਿਆਨਾਂ ਨੂੰ ਵੱਡਾ ਝਟਕਾ ਦੱਸਿਆ ਜਾ ਰਿਹਾ ਹੈ।
ਭਾਰਤ ਦੀਆਂ ਕਈ ਮਸ਼ਹੂਰ ਹਸਤੀਆਂ ਅਤੇ ਆਮ ਲੋਕ ਇਸ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਭਾਰਤ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ #BycottMaldives ਟ੍ਰੈਂਡ ਕਰ ਰਿਹਾ ਹੈ।
ਇਸ ਵਿਚਾਲੇ ਮਾਲਦੀਵ ਦੀ ਮੁਹੰਮਦ ਮੁਈਜ਼ੁ ਸਰਕਾਰ ਨੁਕਸਾਨ ਦੀ ਭਰਪਾਈ ਦੀ ਕੋਸ਼ਿਸ਼ ਵਿੱਚ ਲੱਗ ਗਈ ਹੈ।
ਮਾਲਦੀਵ ਸਰਕਾਰ ਨੇ ਪਹਿਲਾਂ ਇੱਕ ਬਿਆਨ ਜਾਰੀ ਕਰ ਕੇ ਖ਼ੁਦ ਨੂੰ ਮੰਤਰੀ ਦੀਆਂ ਟਿੱਪਣੀਆਂ ਤੋਂ ਵੱਖ ਕੀਤਾ।
ਇਸ ਤੋਂ ਬਾਅਦ ਮੀਡੀਆ ਰਿਪੋਰਟਾਂ 'ਚ ਮਾਲਦੀਵ ਸਰਕਾਰ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ਟਿੱਪਣੀ ਕਰਨ ਵਾਲੇ ਲੋਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਤਸਵੀਰ ਸਰੋਤ, ANI
ਸਾਬਕਾ ਡਿਪਟੀ ਸਪੀਕਰ ਨੇ ਮੰਤਰੀਆਂ ਦੀ ਮੁਅੱਤਲੀ ਦੀ ਕੀਤੀ ਪੁਸ਼ਟੀ
ਰਿਪੋਰਟਾਂ ਮੁਤਾਬਕ ਮਾਲਦੀਵ ਸਰਕਾਰ ਨੇ ਆਪਣੇ ਬਿਆਨ 'ਚ ਕਿਹਾ, "ਗੁਆਂਢੀ ਭਾਰਤ ਨੂੰ ਅਪਮਾਨਿਤ ਕਰਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਹੈ।"
"ਸਰਕਾਰ 'ਚ ਅਹੁਦਿਆਂ 'ਤੇ ਰਹਿੰਦਿਆਂ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਅਜਿਹੀਆਂ ਪੋਸਟਾਂ ਪਾਈਆਂ ਹਨ, ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।"
ਮੀਡੀਆ ਰਿਪੋਰਟਾਂ ਮੁਤਾਬਕ ਮਰੀਅਮ ਸ਼ਿਓਨਾ ਤੋਂ ਇਲਾਵਾ ਮਾਲਸ਼ਾ ਸ਼ਰੀਫ ਅਤੇ ਮਹਿਜ਼ੂਮ ਮਾਜਿਦ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਮਾਲਦੀਵ ਦੀ ਸਾਬਕਾ ਡਿਪਟੀ ਸਪੀਕਰ ਅਤੇ ਸੰਸਦ ਮੈਂਬਰ ਈਵਾ ਅਬਦੁੱਲਾ ਨੇ ਮੰਤਰੀਆਂ ਦੀ ਮੁਅੱਤਲੀ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਮਾਲਦੀਵ ਸਰਕਾਰ ਨੂੰ ਭਾਰਤ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਨਿਊਜ਼ ਏਜੰਸੀ ਏਐੱਨਆਈ ਦੇ ਅਨੁਸਾਰ, ਉਨ੍ਹਾਂ ਨੇ ਕਿਹਾ, “ਇਹ ਮਹੱਤਵਪੂਰਨ ਹੈ ਕਿ ਮਾਲਦੀਵ ਸਰਕਾਰ ਨੇ ਆਪਣੇ-ਆਪ ਨੂੰ ਮੰਤਰੀ ਦੇ ਬਿਆਨ ਤੋਂ ਦੂਰ ਕਰ ਲਿਆ। ਮੈਨੂੰ ਪਤਾ ਹੈ ਕਿ ਸਰਕਾਰ ਨੇ ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਪਰ ਮੈਨੂੰ ਲਗਦਾ ਹੈ ਕਿ ਇਹ ਮਹੱਤਵਪੂਰਨ ਹੋਵੇਗਾ ਕਿ ਮਾਲਦੀਵ ਸਰਕਾਰ ਭਾਰਤ ਦੇ ਲੋਕਾਂ ਤੋਂ ਮੁਆਫ਼ੀ ਮੰਗੇ।"

ਤਸਵੀਰ ਸਰੋਤ, @NARENDRAMODI
ਉਨ੍ਹਾਂ ਕਿਹਾ, "ਮੰਤਰੀ ਨੇ ਜੋ ਟਿੱਪਣੀ ਕੀਤੀ ਉਹ ਸ਼ਰਮਨਾਕ ਹੈ। ਉਹ ਨਸਲਵਾਦੀ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।"
"ਇਹ ਗੱਲਾਂ ਭਾਰਤ ਅਤੇ ਭਾਰਤ ਦੇ ਲੋਕਾਂ ਲਈ, ਮਾਲਦੀਵ ਦੇ ਲੋਕਾਂ ਦੀ ਰਾਏ ਨਹੀਂ ਹਨ। ਅਸੀਂ ਜਾਣਦੇ ਹਾਂ ਕਿ ਅਸੀਂ ਭਾਰਤ 'ਤੇ ਕਿਸ ਹੱਦ ਤੱਕ ਨਿਰਭਰ ਰਹੇ ਹਾਂ। ਜਦੋਂ ਵੀ ਸਾਨੂੰ ਲੋੜ ਪਈ ਹੈ, ਭਾਰਤ ਨੇ ਸਭ ਤੋਂ ਪਹਿਲਾਂ ਮਦਦ ਕੀਤੀ ਹੈ।”
ਈਵਾ ਅਬਦੁੱਲਾ ਨੇ ਕਿਹਾ, "ਅਸੀਂ ਆਰਥਿਕ ਸਬੰਧਾਂ, ਸਮਾਜਿਕ ਸਬੰਧਾਂ, ਸਿਹਤ, ਸਿੱਖਿਆ, ਵਪਾਰ, ਸੈਰ-ਸਪਾਟਾ ਆਦਿ ਲਈ ਭਾਰਤ 'ਤੇ ਨਿਰਭਰ ਰਹੇ ਹਾਂ। ਲੋਕ ਇਸ ਬਾਰੇ ਜਾਣੂ ਹਨ ਅਤੇ ਉਹ ਇਸ ਲਈ ਧੰਨਵਾਦੀ ਹਨ।"
"ਸਾਰੀਆਂ ਸਿਆਸੀ ਪਾਰਟੀਆਂ, ਸਾਬਕਾ ਮੰਤਰੀਆਂ ਅਤੇ ਮੌਜੂਦਾ ਸਰਕਾਰ ਦੇ ਗੱਠਜੋੜ ਭਾਈਵਾਲਾਂ ਸਮੇਤ ਸਾਰਿਆਂ ਨੇ ਅਪਮਾਨਜਨਕ ਟਿੱਪਣੀ ਦੀ ਨਿੰਦਾ ਕੀਤੀ ਹੈ।"

ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ, ਸਾਬਕਾ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਅਤੇ ਸਾਬਕਾ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਇਸ ਬਿਆਨ ਦੀ ਨਿੰਦਾ ਕਰਦੇ ਹੋਏ ਆਪਣੇ ਦੇਸ਼ ਦੀ ਸਰਕਾਰ ਨੂੰ ਨਸੀਹਤ ਦਿੱਤੀ ਸੀ।
ਹਾਲ ਹੀ ਦੇ ਮਹੀਨਿਆਂ ਵਿੱਚ ਮਾਲਦੀਵ ਅਤੇ ਭਾਰਤ ਦੇ ਸਬੰਧਾਂ ਵਿੱਚ ਬਦਲਾਅ ਦੇਖਣ ਨੂੰ ਮਿਲੇ ਹਨ ਹੈ। ਖ਼ਾਸ ਤੌਰ 'ਤੇ ਨਵੰਬਰ 2023 ਵਿੱਚ ਮੁਹੰਮਦ ਮੁਈਜ਼ੂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਕੁੜੱਤਣ ਵਧੀ ਹੈ।
ਮੁਈਜ਼ੂ ਤੋਂ ਪਹਿਲਾਂ ਇਬਰਾਹਿਮ ਮੁਹੰਮਦ ਸੋਲਿਹ ਮਾਲਦੀਵ ਦੇ ਰਾਸ਼ਟਰਪਤੀ ਸਨ ਅਤੇ ਉਨ੍ਹਾਂ ਦੀ ਸਰਕਾਰ ਨੇ 'ਇੰਡੀਆ ਫਸਟ' ਦੀ ਨੀਤੀ ਲਾਗੂ ਕੀਤੀ ਸੀ।
ਜਦਕਿ ਮੁਈਜ਼ੂ ਨੇ 'ਇੰਡੀਆ ਆਊਟ' ਦਾ ਨਾਅਰਾ ਦੇ ਕੇ ਚੋਣਾਂ ਵਿੱਚ ਉਤਰੇ ਸਨ। ਜਿੱਤ ਹਾਸਿਲ ਕਰਨ ਤੋਂ ਬਾਅਦ ਮੁਈਜ਼ੂ ਦੇ ਫ਼ੈਸਲਿਆਂ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਵਧਦੀ ਦੂਰੀ ਦਿਖਾਈ ਦੇਣ ਲੱਗੀ ਹੈ।
ਮੁਈਜ਼ੂ ਨੂੰ ਭਾਰਤ ਨਾਲੋਂ ਚੀਨ ਦੇ ਨੇੜੇ ਮੰਨਿਆ ਜਾਂਦਾ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਲਕਸ਼ਦੀਪ ਫੇਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਲਕਸ਼ਦੀਪ ਦਾ ਦੌਰਾ ਕੀਤਾ ਸੀ। ਪੀਐੱਮ ਮੋਦੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ 'ਤੇ ਇਸ ਦੌਰੇ ਦੀਆਂ ਤਸਵੀਰਾਂ ਪੋਸਟ ਕੀਤੀਆਂ ਸਨ।
ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪੀਐੱਮ ਮੋਦੀ ਨੇ ਲਿਖਿਆ ਸੀ ਕਿ ਜੋ ਲੋਕ 'ਰੋਮਾਂਚ ਪਸੰਦ ਕਰਦੇ ਹਨ ਉਨ੍ਹਾਂ ਨੂੰ ਲਕਸ਼ਦੀਪ ਜ਼ਰੂਰ ਆਉਣਾ ਚਾਹੀਦਾ ਹੈ।'
ਇਸ ਦੌਰਾਨ ਉਨ੍ਹਾਂ ਨੇ ਸਨੌਰਕਲਿੰਗ ਵੀ ਕੀਤੀ ਅਤੇ ਇੱਕ ਤਰ੍ਹਾਂ ਨਾਲ ਉਹ ਲਕਸ਼ਦੀਪ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦੇ ਨਜ਼ਰ ਆਏ।
ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਲੱਖਾਂ ਲੋਕਾਂ ਨੇ ਅਚਾਨਕ ਗੂਗਲ 'ਤੇ ਲਕਸ਼ਦੀਪ ਨੂੰ ਸਰਚ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਇੱਕ ਚਰਚਾ ਸ਼ੁਰੂ ਹੋ ਗਈ ਕਿ ਹੁਣ ਲੋਕਾਂ ਨੂੰ ਆਪਣੀਆਂ ਛੁੱਟੀਆਂ ਮਾਲਦੀਵ ਦੀ ਬਜਾਏ ਲਕਸ਼ਦੀਪ 'ਚ ਮਨਾਉਣੀਆਂ ਚਾਹੀਦੀਆਂ ਹਨ।
ਭਾਰਤ ਤੋਂ ਹਰ ਸਾਲ ਦੋ ਲੱਖ ਤੋਂ ਵੱਧ ਲੋਕ ਮਾਲਦੀਵ ਜਾਂਦੇ ਹਨ।
ਮਾਲਦੀਵ ਵਿੱਚ ਮੌਜੂਦ ਭਾਰਤੀ ਹਾਈ ਕਮਿਸ਼ਨ ਦੇ ਅਨੁਸਾਰ, ਸਾਲ 2022 ਵਿੱਚ 2 ਲੱਖ 41 ਹਜ਼ਾਰ ਅਤੇ 2023 ਵਿੱਚ ਲਗਭਗ 2 ਲੱਖ ਲੋਕਾਂ ਨੇ ਮਾਲਦੀਵ ਦੀ ਯਾਤਰਾ ਕੀਤੀ।

ਤਸਵੀਰ ਸਰੋਤ, X@NARENDRAMODI
ਮੁਈਜ਼ੂ ਦੇ ਮੰਤਰੀ ਦਾ ਇਤਰਾਜ਼ਯੋਗ ਬਿਆਨ
ਜਦੋਂ ਸੋਸ਼ਲ ਮੀਡੀਆ 'ਤੇ ਮਾਲਦੀਵ ਦੀ ਬਜਾਏ ਲਕਸ਼ਦੀਪ ਜਾਣ ਦੀ ਚਰਚਾ ਤੇਜ਼ ਹੋਈ ਤਾਂ ਮਾਲਦੀਵ ਤੋਂ ਵੀ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।
ਇਸ ਵਿੱਚ ਇੱਕ ਟਿੱਪਣੀ ਮਾਲਦੀਵ ਸਰਕਾਰ ਵਿੱਚ ਇੱਕ ਮੰਤਰੀ ਮਰੀਅਮ ਸ਼ਿਓਨਾ ਦੀ ਵੀ ਸੀ। ਉਨ੍ਹਾਂ ਨੇ ਪੀਐੱਮ ਮੋਦੀ ਦੀਆਂ ਤਸਵੀਰਾਂ 'ਤੇ ਇਤਰਾਜ਼ਯੋਗ ਗੱਲਾਂ ਕਹੀਆਂ।
ਬਾਅਦ ਵਿੱਚ ਉਨ੍ਹਾਂ ਨੇ ਆਪਣਾ ਇੱਕ ਟਵੀਟ ਡਿਲੀਟ ਕਰ ਦਿੱਤਾ। ਹਾਲਾਂਕਿ ਇੱਕ ਹੋਰ ਟਵੀਟ 'ਚ ਮਰੀਅਮ ਨੇ ਕਿਹਾ, 'ਮਾਲਦੀਵ ਨੂੰ ਭਾਰਤੀ ਫੌਜ ਦੀ ਕੋਈ ਲੋੜ ਨਹੀਂ ਹੈ।'
ਮਰੀਅਮ ਸੋਸ਼ਲ ਮੀਡੀਆ 'ਤੇ ਅਜਿਹੇ ਕਈ ਟਵੀਟ ਸ਼ੇਅਰ ਕਰਦੀ ਹੈ, ਜਿਸ 'ਚ ਮਾਲਦੀਵ ਦੀ ਖ਼ੂਬਸੂਰਤੀ ਦਿਖਾਈ ਦਿੰਦੀ ਹੈ ਅਤੇ ਲੋਕਾਂ ਨੂੰ ਮਾਲਦੀਵ ਆਉਣ ਲਈ ਕਿਹਾ ਜਾਂਦਾ ਹੈ।
ਮਰੀਅਮ ਤੋਂ ਇਲਾਵਾ ਮਾਲਦੀਵ ਦੇ ਕਈ ਹੋਰ ਨੇਤਾਵਾਂ ਨੇ ਵੀ ਅਜਿਹੀਆਂ ਟਿੱਪਣੀਆਂ ਕੀਤੀਆਂ, ਜਿਨ੍ਹਾਂ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ।
ਅਜਿਹੇ ਬਿਆਨਾਂ 'ਤੇ ਭਾਰਤ 'ਚ ਤਿੱਖੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ। ਆਮ ਲੋਕਾਂ ਤੋਂ ਇਲਾਵਾ ਬਾਲੀਵੁੱਡ ਸਿਤਾਰਿਆਂ ਅਤੇ ਖਿਡਾਰੀਆਂ ਨੇ ਵੀ ਪ੍ਰਤੀਕਿਰਿਆ ਦਿੱਤੀ।
ਇਸ ਦਾ ਅਸਰ ਮਾਲਦੀਵ ਵਿੱਚ ਵੀ ਦੇਖਣ ਨੂੰ ਮਿਲਿਆ। ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਆਪਣੇ ਦੇਸ਼ ਦੀ ਸਰਕਾਰ ਨੂੰ ਇਸ ਮਾਮਲੇ ਨੂੰ ਸੰਭਾਲਣ ਦੀ ਨਸੀਹਤ ਦਿੱਤੀ।

ਮੁਹੰਮਦ ਨਸ਼ੀਦ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਮਾਲਦੀਵ ਸਰਕਾਰ ਦੀ ਮੰਤਰੀ ਮਰੀਅਮ ਕਿੰਨੀ ਭਿਆਨਕ ਭਾਸ਼ਾ ਬੋਲ ਰਹੀ ਹੈ, ਉਹ ਵੀ ਇੱਕ ਅਜਿਹੇ ਪ੍ਰਮੁੱਖ ਦੇਸ਼ ਲਈ ਜੋ ਮਾਲਦੀਵ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਹੈ।"
"ਮੁਈਜ਼ੂ ਸਰਕਾਰ ਨੂੰ ਅਜਿਹੇ ਬਿਆਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਇਹ ਸਰਕਾਰ ਦੇ ਵਿਚਾਰ ਨਹੀਂ ਹਨ।"
ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੇ ਅਜਿਹੇ ਬਿਆਨਾਂ ਨੂੰ ਸੰਵੇਦਨਹੀਣ ਅਤੇ ਸਬੰਧਾਂ ਨੂੰ ਵਿਗਾੜਨ ਵਾਲੇ ਦੱਸਿਆ।
ਉਨ੍ਹਾਂ ਨੇ ਐਕਸ 'ਤੇ ਲਿਖਿਆ, "ਭਾਰਤ ਦੇ ਖ਼ਿਲਾਫ ਮਾਲਦੀਪ ਦੇ ਸਰਕਾਰੀ ਅਧਿਕਾਰੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਨਫ਼ਰਤ ਭਰੀ ਭਾਸ਼ਾ ਦੀ ਵਰਤੋਂ ਕੀਤੇ ਜਾਣ ਦੀ ਮੈਂ ਨਿੰਦਾ ਕਰਦਾ ਹਾਂ।"
"ਭਾਰਤ ਹਮੇਸ਼ਾ ਹੀ ਮਾਲਦੀਵ ਦਾ ਚੰਗਾ ਦੋਸਤ ਰਿਹਾ ਹੈ ਅਤੇ ਸਾਡੇ ਦੋਵਾਂ ਵਿਚਾਲੇ ਸਾਲਾਂ ਪੁਰਾਣੀ ਦੋਸਤੀ 'ਤੇ ਨਕਾਰਾਤਮਕ ਅਸਰ ਪਾਉਣ ਵਾਲੇ ਇਸ ਤਰ੍ਹਾਂ ਦੇ ਸੰਵੇਦਨਹੀਣ ਬਿਆਨ ਦੇਣ ਦੀ ਸਾਨੂੰ ਇਜਾਜ਼ਤ ਨਹੀਂ ਦੇਣੀ ਚਾਹੀਦੀ।"

ਇਸ ਤੋਂ ਇਲਾਵਾ ਮਾਲਦੀਵ ਦੇ ਸਾਬਕਾ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਐਕਸ 'ਤੇ ਆਪਣੀ ਇੱਕ ਪੋਸਟ ਵਿੱਚ ਲਿਖਿਆ ਹੈ, ਮੌਜੂਦਾ ਮਾਲਦੀਪ ਸਰਕਾਰ ਦੇ ਉੱਪ ਮੰਤਰੀਆਂ ਅਤੇ ਸੱਤਾਧਾਰੀ ਗੱਠਜੋੜ ਦੇ ਸਿਆਸੀ ਦਲਾਂ ਦੇ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਲੋਕਾਂ ਦੇ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਕੀਤੀਆਂ ਗਈਆਂ ਟਿੱਪਣੀਆਂ ਨਿੰਦਣਯੋਗ ਅਤੇ ਘਿਣਾਉਣੀਆਂ ਹਨ।"
"ਸਰਕਾਰ ਨੂੰ ਇਨ੍ਹਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਜਨਤਕ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਮਰਿਆਦਾ ਕਾਇਮ ਰੱਖਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਐਕਟੀਵਿਜ਼ਮ ਹੋਰ ਨਹੀਂ ਹੋਵੇਗੀ ਅਤੇ ਲੋਕਾਂ ਨੂੰ ਦੇਸ਼ ਦੇ ਹਿੱਤਾਂ ਦੀ ਰਾਖੀ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।"
ਉਨ੍ਹਾਂ ਨੇ ਲਿਖਿਆ, "ਸਾਡਾ ਰਿਸ਼ਤਾ ਆਪਸੀ ਸਨਮਾਨ, ਇਤਿਹਾਸ, ਸੱਭਿਆਚਾਰ ਅਤੇ ਜਨਤਾ ਵਿਚਾਲੇ ਮਜ਼ਬੂਤ ਰਿਸ਼ਤਿਆਂ ਦੀ ਬੁਨਿਆਦ 'ਤੇ ਟਿਕਿਆ ਹੈ। ਭਾਰਤ ਇੱਕ ਅਜ਼ਮਾਇਆ ਹੋਇਆ ਅਤੇ ਸੱਚਾ ਦੋਸਤ ਹੈ।"

ਤਸਵੀਰ ਸਰੋਤ, Getty Images
ਮਾਲਦੀਵ ਸਰਕਾਰ ਦੀ ਸਫਾਈ
ਇਸ ਤੋਂ ਕੁਝ ਘੰਟਿਆਂ ਬਾਅਦ ਮਾਲਦੀਵ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਸਫਾਈ ਪੇਸ਼ ਕੀਤੀ।
ਐਤਵਾਰ ਨੂੰ ਜਾਰੀ ਬਿਆਨ ਦੇ ਮੁਤਾਬਕ, " ਵਿਦੇਸ਼ੀ ਨੇਤਾਵਾਂ ਅਤੇ ਚੋਟੀ ਦੇ ਵਿਅਕਤੀਆਂ ਦੇ ਖਿਲਾਫ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਤੋਂ ਮਾਲਦੀਵ ਸਰਕਾਰ ਜਾਣੂ ਹੈ। ਇਹ ਵਿਚਾਰ ਨਿੱਜੀ ਹਨ ਅਤੇ ਮਾਲਦੀਵ ਸਰਕਾਰ ਦੇ ਵਿਚਾਰਾਂ ਦੀ ਅਗਵਾਈ ਨਹੀਂ ਕਰਦੇ।"
ਬਿਆਨ ਮੁਤਾਬਕ, "ਸਰਕਾਰ ਦਾ ਮੰਨਣਾ ਹੈ ਕਿ ਬੋਲਣ ਦੀ ਆਜ਼ਾਦੀ ਦੀ ਵਰਤੋਂ ਲੋਕਤਾਂਤਰਿਕ ਅਤੇ ਜ਼ਿੰਮੇਵਾਰ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਸ ਨਾਲ ਨਫ਼ਰਤ, ਨਕਾਰਾਤਮਕਤਾ ਪੈਦਾ ਨਾ ਹੋਵੇ ਅਤੇ ਕੌਮਾਂਤਰੀ ਭਾਈਵਾਲਾਂ ਨਾਲ ਮਾਲਦੀਵ ਦੇ ਸਬੰਧਾਂ 'ਤੇ ਕੋਈ ਅਸਰ ਨਾ ਪਵੇ।"
ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ, "ਸਰਕਾਰ ਦੇ ਸਬੰਧਤ ਵਿਭਾਗ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਸੰਕੋਚ ਨਹੀਂ ਕਰਨਗੇ।"

ਤਸਵੀਰ ਸਰੋਤ, X/@akshaykumar
ਪੀਐੱਮ ਮੋਦੀ ਦੇ ਸਮਰਥਨ 'ਚ ਆਈਆਂ ਮਸ਼ਹੂਰ ਹਸਤੀਆਂ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਮਾਲਦੀਵ ਦੀਆਂ ਵੱਡੀਆਂ ਸ਼ਖਸੀਅਤਾਂ ਦੇ ਸਕ੍ਰੀਨਸ਼ਾਟ ਸ਼ੇਅਰ ਕੀਤੇ ਹਨ, ਜਿਨ੍ਹਾਂ 'ਚ ਭਾਰਤੀਆਂ ਖ਼ਿਲਾਫ਼ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸਨ।
ਅਕਸ਼ੇ ਕੁਮਾਰ ਨੇ ਲਿਖਿਆ, “ਮੈਂ ਹੈਰਾਨ ਹਾਂ ਕਿ ਇਹ ਲੋਕ ਉਸ ਦੇਸ਼ ਨਾਲ ਅਜਿਹਾ ਕਰ ਰਹੇ ਹਨ ਜੋ ਸਭ ਤੋਂ ਵੱਧ ਸੈਲਾਨੀ ਉੱਥੇ ਭੇਜਦਾ ਹੈ। ਅਸੀਂ ਆਪਣੇ ਗੁਆਂਢੀਆਂ ਪ੍ਰਤੀ ਚੰਗੇ ਹਾਂ ਪਰ ਅਸੀਂ ਅਜਿਹੀਆਂ ਨਫ਼ਰਤ ਭਰੀਆਂ ਟਿੱਪਣੀਆਂ ਨੂੰ ਕਿਉਂ ਬਰਦਾਸ਼ਤ ਕਰੀਏ?"
"ਮੈਂ ਕਈ ਵਾਰ ਮਾਲਦੀਵ ਗਿਆ ਹਾਂ ਅਤੇ ਇਸਦੀ ਪ੍ਰਸ਼ੰਸਾ ਕੀਤੀ ਹੈ। ਆਓ ਅਸੀਂ ਆਪਣੇ ਭਾਰਤੀ ਟਾਪੂਆਂ ਦੀ ਪੜਚੋਲ ਕਰਨ ਦਾ ਫ਼ੈਸਲਾ ਲਈਏ ਅਤੇ ਆਪਣੇ ਦੇਸ਼ ਦੇ ਸੈਰ-ਸਪਾਟੇ ਨੂੰ ਸਮਰਥਨ ਕਰੀਏ।"

ਤਸਵੀਰ ਸਰੋਤ, X/@ImRaina
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਅਕਸ਼ੈ ਕੁਮਾਰ ਦੀ ਲਿਖੀ ਪੋਸਟ ਨੂੰ ਰਿਪੋਸਟ ਕਰਦਿਆਂ ਹੋਇਆਂ ਕ੍ਰਿਕਟਰ ਸੁਰੇਸ਼ ਰੈਨਾ ਨੇ ਲਿਖਿਆ ਕਿ ਉਨ੍ਹਾਂ ਨੂੰ ਵੀ ਮਾਲਦੀਪ ਦੇ ਲੋਕਾਂ ਵੱਲੋਂ ਨਫ਼ਰਤ ਭਰੀਆਂ ਟਿੱਪਣੀਆਂ ਦੇਖ ਕੇ ਦੁੱਖ ਪਹੁੰਚਿਆ ਹੈ
ਉਨ੍ਹਾਂ ਨੇ ਲਿਖਿਆ, "ਇਹ ਦੇਖਣਾ ਬਹੁਤ ਬੁਰਾ ਹੈ, ਖ਼ਾਸ ਤੌਰ 'ਤੇ ਜਦੋਂ ਭਾਰਤ ਉਨ੍ਹਾਂ ਦੀ ਆਰਥਿਕਤਾ ਸਮੇਤ ਕਈ ਤਰ੍ਹਾਂ ਦੇ ਸੰਕਟਾਂ ਨਾਲ ਨਜਿੱਠਣ ਵਿੱਚ ਇੰਨਾ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।"
ਰੈਨਾ ਨੇ ਲਿਖਿਆ ਕਿ ਉਹ ਵੀ ਕਈ ਵਾਰ ਮਾਲਦੀਵ ਜਾ ਚੁੱਕੇ ਹਨ ਅਤੇ ਉੱਥੋਂ ਦੀ ਖ਼ੂਬਸੂਰਤੀ ਦੀ ਤਾਰੀਫ਼ ਕਰ ਚੁੱਕੇ ਹਨ ਪਰ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਆਪਣੇ ਸਵੈ-ਸਨਮਾਨ ਨੂੰ ਪਹਿਲ ਦੇਣੀ ਹੋਵੇਗੀ।
ਉਨ੍ਹਾਂ ਨੇ ਲੋਕਾਂ ਨੂੰ ਭਾਰਤੀ ਟਾਪੂਆਂ ਦੀ ਪੜਚੋਲ ਕਰਨ ਦੀ ਵੀ ਅਪੀਲ ਕੀਤੀ ਹੈ।

ਤਸਵੀਰ ਸਰੋਤ, X/@sachin_rt
ਅਦਾਕਾਰ ਜੌਨ ਅਬ੍ਰਾਹਮ ਨੇ ਵੀ ਮਾਲਦੀਵ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, "ਭਾਰਤ ਦੇ ਕਮਾਲ ਦੇ ਸਵਾਗਤ ਸਤਕਾਰ ਦੀ ਭਾਵਨਾ ਅਤੇ ਅਤਿਥੀ ਦੇਵੋ ਭਵ ਦਾ ਖ਼ਿਆਲ। ਨਾਲ ਹੀ, ਘੁੰਮਣ ਲਈ ਵਿਸ਼ਾਲ ਸਮੁੰਦਰੀ ਜੀਵਨ। ਲਕਸ਼ਦੀਪ ਜਾਣ ਯੋਗ ਜਗ੍ਹਾ ਹੈ।"
ਇਨ੍ਹਾਂ ਮਸ਼ਹੂਰ ਹਸਤੀਆਂ ਵੱਲੋਂ #exploreindianislands ਹੈਸ਼ਟੈਗ ਵੀ ਵਰਤਿਆ ਜਾ ਰਿਹਾ ਹੈ।
ਸਚਿਨ ਤੇਂਦੁਲਕਰ ਨੇ ਮਹਾਰਾਸ਼ਟਰ ਦੇ ਸਿੰਧੂਦੁਰਗ ਤਟ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਉਹ ਕਹਿੰਦੇ ਹਨ, "ਭਾਰਤ ਨੂੰ ਅਜਿਹੇ ਸੁੰਦਰ ਬੀਚਾਂ ਅਤੇ ਟਾਪੂਆਂ ਦੀ ਬਖਸ਼ਿਸ਼ ਹੈ। ਸਾਡੇ ਅਤਿਥੀ ਦੇਵੋ ਭਵ, ਦੇ ਵਿਚਾਰ ਨਾਲ ਬਹੁਤ ਕੁਝ ਦੇਖਣ ਦੀ ਲੋੜ ਹੈ। ਕਿੰਨੀਆਂ ਯਾਦਾਂ ਖ਼ੁਦ ਦੇ ਬਣਨ ਦੀ ਇੰਤਜ਼ਾ ਕਰ ਰਹੀਆਂ ਹਨ।"
ਇਨ੍ਹਾਂ ਸਿਤਾਰਿਆਂ ਤੋਂ ਇਲਾਵਾ ਸ਼ਰਧਾ ਕਪੂਰ ਵਰਗੀਆਂ ਕਈ ਮਸ਼ਹੂਰ ਹਸਤੀਆਂ ਵੀ ਮਾਲਦੀਵ ਨੂੰ ਲੈ ਕੇ ਟਵੀਟ ਕਰ ਰਹੀਆਂ ਹਨ।












