ਗੁਰਦੇਵ ਸਿੰਘ ਕਾਉਂਕੇ ਦੀ ਗ੍ਰਿਫ਼ਤਾਰੀ ਵੇਲੇ ਕੀ ਸਨ ਉਨ੍ਹਾਂ ਦੇ ਆਖ਼ਰੀ ਬੋਲ, ਕਹਾਣੀ ਜੋ ਪਰਿਵਾਰ ਨੇ ਦੱਸੀ

ਤਸਵੀਰ ਸਰੋਤ, BBC/ Surinder Mann
- ਲੇਖਕ, ਸੁਰਿੰਦਰ ਸਿੰਘ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਮਰਹੂਮ ਜਥੇਦਾਰ ਗੁਰਦੇਵ ਸਿੰਘ ਕਾਉਂਕੇ 1986 ਵਿੱਚ ਹੋਏ ਸਰਬੱਤ ਖਾਲਸਾ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਾਏ ਗਏ ਸਨ। ਪਰ ਦਸੰਬਰ 1992 ਵਿੱਚ ਜਗਰਾਉਂ ਪੁਲਿਸ ਵਲੋਂ ਕੀਤੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਕਥਿਤ ਤੌਰ ਉੱਤੇ ਪੁਲਿਸ ਹਿਰਾਸਤ ਵਿੱਚ 1 ਜਨਵਰੀ 1993 ਨੂੰ ਮੌਤ ਹੋ ਗਈ ਸੀ।
ਦਸੰਬਰ 2023 ਵਿੱਚ ਉਨ੍ਹਾਂ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਣ ਬਾਰੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਰਿਪੋਰਟ ਜਨਤਕ ਹੋਣ ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਉੱਤੇ ਕਾਫੀ ਸਵਾਲ ਚੁੱਕੇ ਗਏ ਸਨ।
ਉਦੋਂ ਬੀਬੀਸੀ ਪੰਜਾਬੀ ਨੇ ਗੁਰਦੇਵ ਸਿੰਘ ਕਾਉਂਕੇ ਦੇ ਪਰਿਵਾਰ ਨੂੰ ਮਿਲ ਕੇ ਉਨ੍ਹਾਂ ਦੇ ਆਖ਼ਰੀ ਸਮੇਂ ਬਾਰੇ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਨੂੰ ਪਾਠਕਾਂ ਦੀ ਰੁਚੀ ਲਈ ਦੁਬਾਰਾ ਹੂ-ਬ-ਹੂ ਛਾਪਿਆ ਜਾ ਰਿਹਾ ਹੈ।
-----------
"ਉਹ ਕੌਮ ਦੇ ਜਥੇਦਾਰ ਸਨ ਨਾ ਕਿ ਭੱਜਣ ਵਾਲਾ ਕੋਈ ਭਗੌੜਾ। ਉਹ ਗੁਰੂ ਦੇ ਆਸ਼ੇ ਮੁਤਾਬਕ ਸਿੱਖ ਹਿੱਤਾਂ ਲਈ ਲੜ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਕੋਹ-ਕੋਹ ਕੇ ਮਾਰਿਆ ਅਤੇ ਬਾਅਦ ਵਿੱਚ ਉਨ੍ਹਾਂ ਦੇ ਭਗੌੜੇ ਹੋਣ ਦਾ ਡਰਾਮਾ ਰਚ ਦਿੱਤਾ।"
ਪੰਜਾਬ ਪੁਲਿਸ ਉੱਤੇ ਇਹ ਇਲਜ਼ਾਮ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਪਿੰਡ ਕਾਉਂਕੇ ਕਲਾਂ ਦੇ ਵਸਨੀਕ ਗੁਰਮੇਲ ਕੌਰ ਦੇ ਹਨ।
ਉਹ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਰਹੇ ਗੁਰਦੇਵ ਸਿੰਘ ਕਾਉਂਕੇ ਦੀ ਪਤਨੀ ਹਨ।
ਜਥੇਦਾਰ ਕਾਉਂਕੇ ਬਾਰੇ ਪੰਜਾਬ ਪੁਲਿਸ ਦੇ ਸਾਬਕਾ ਵਧੀਕ ਡੀਜੀਪੀ ਬੀਪੀ ਤਿਵਾੜੀ ਦੀ ਪਿਛਲੇ ਹਫ਼ਤੇ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਣ ਲੱਗੇ ਹਨ।
ਸਾਲ 1999 ਵਿੱਚ ਪੰਜਾਬ ਪੁਲਿਸ ਵਲੋਂ ਕੀਤੀ ਗਈ ਜਾਂਚ ਰਿਪੋਰਟ ਨੇ ਨਾ ਸਿਰਫ਼ ਗੁਰਦੇਵ ਸਿੰਘ ਕਾਉਂਕੇ ਦੀ ਗ੍ਰਿਫਤਾਰੀ ਬਾਰੇ ਪੁਲਿਸ ਦੇ ਦਾਅਵਿਆਂ ਉੱਤੇ ਸਵਾਲ ਖੜ੍ਹੇ ਕੀਤੇ ਸਨ, ਸਗੋਂ ਲੁਧਿਆਣਾ ਦਿਹਾਤੀ ਪੁਲਿਸ (ਪੁਲਿਸ ਜ਼ਿਲ੍ਹਾ ਜਗਰਾਓਂ) ਦੇ ਉਸ ਦਾਅਵੇ ਨੂੰ ਵੀ ਝੂਠਾ ਦੱਸਿਆ ਹੈ ਕਿ ਗੁਰਦੇਵ ਸਿੰਘ ਹਿਰਾਸਤ ’ਚੋਂ ਫਰਾਰ ਹੋ ਗਏ ਸੀ।
ਹੁਣ ਪਰਿਵਾਰਕ ਮੈਂਬਰ ਜਥੇਦਾਰ ਨੂੰ ਪੁਲਿਸ ਹਿਰਾਸਤ ਵਿਚ ''ਕਤਲ'' ਕੀਤੇ ਜਾਣ ਦੀ ਗੱਲ ਦੁਹਰਾ ਰਹੇ ਹਨ, ਜਦਕਿ ਪੁਲਿਸ ਰਿਕਾਰਡ ਵਿੱਚ ਉਨ੍ਹਾਂ ਨੂੰ 'ਭਗੌੜਾ' ਕਰਾਰ ਦਿੱਤਾ ਗਿਆ ਹੈ।
ਪਿੰਡ ਕਾਉਂਕੇ ਕਲਾਂ ਦੇ ਬਾਹਰਵਾਰ ਬਣੇ ਘਰ ਵਿਚ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਪਤਨੀ ਗੁਰਮੇਲ ਕੌਰ ਤੇ ਉਨਾਂ ਦੇ ਪੁੱਤਰ ਹਰੀ ਸਿੰਘ ਰਹਿੰਦੇ ਹਨ।
ਬੀਬੀਸੀ ਪੰਜਾਬੀ ਨੇ ਜਦੋਂ ਉਨ੍ਹਾਂ ਨਾਲ ਜਥੇਦਾਰ ਕਾਉਂਕੇ ਕੇਸ ਬਾਰੇ ਗੱਲਬਾਤ ਕੀਤੀ ਤਾਂ ਉਹ ਨਿਆਂ ਨਾ ਮਿਲਣ ਤੋਂ ਨਿਰਾਸ਼ ਨਜ਼ਰ ਆ ਰਹੇ ਸਨ।
ਬੀਪੀ ਤਿਵਾੜੀ ਦੀ ਰਿਪੋਰਟ ਬਾਰੇ ਨਾ ਪੰਜਾਬ ਸਰਕਾਰ ਅਤੇ ਨਾ ਹੀ ਪੰਜਾਬ ਪੁਲਿਸ ਨੇ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਇਹ ਰਿਪੋਰਟ ਇੱਕ ਮਨੁੱਖੀ ਅਧਿਕਾਰ ਸੰਗਠਨ ਦੇ ਉੱਦਮ ਨਾਲ ਜਨਤਕ ਹੋਈ ਹੈ।
‘20 ਦਸੰਬਰ 1992 ਦਾ ਉਹ ਦਿਨ...’

ਤਸਵੀਰ ਸਰੋਤ, BBC/Surinder Mann
ਗੁਰਮੇਲ ਕੌਰ ਸਾਲ 1992 ਦੇ ਦਸੰਬਰ ਮਹੀਨੇ ਦੇ ਆਖਰੀ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, "20 ਦਸੰਬਰ ਵਾਲੇ ਦਿਨ ਮੇਰੇ ਦੋਹਤੇ ਦੀ ਮੌਤ ਹੋ ਗਈ ਸੀ ਤੇ ਉਸੇ ਦਿਨ ਪੁਲਿਸ ਮੇਰੇ ਪਤੀ ਨੂੰ ਫੜ ਕੇ ਲੈ ਗਈ ਸੀ।"
ਉਹ ਕਹਿੰਦੇ ਹਨ, "ਘਰ ਦੇ ਵਿਹੜੇ ਵਿੱਚ ਲਾਸ਼ ਪਈ ਸੀ ਤੇ ਘਰ ਦਾ ਮੁਖੀ ਹਵਾਲਾਤ ਦੀਆਂ ਸਲਾਖਾਂ ਪਿੱਛੇ ਬੰਦ ਸੀ। ਮੈਂ ਕੁਝ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਜਗਰਾਉਂ ਥਾਣੇ ਗਈ ਸੀ। ਅਸੀਂ ਪੁਲਿਸ ਨੂੰ ਕਿਹਾ ਸੀ ਕਿ ਦੋਹਤੇ ਦੇ ਅੰਤਮ ਸੰਸਕਾਰ ਲਈ ਜਥੇਦਾਰ ਜੀ ਨੂੰ ਛੱਡਿਆ ਜਾਵੇ ਤੇ ਪੁਲਿਸ ਵਾਲੇ ਸਾਡੀ ਗੱਲ ਨੂੰ ਮੰਨ ਗਏ ਸਨ।"
ਇਹ ਕਹਿ ਕੇ ਗੁਰਮੇਲ ਕੌਰ ਚੁੱਪ ਹੋ ਜਾਂਦੇ ਹਨ। ਫਿਰ ਆਪਣਾ ਗੱਚ ਭਰਦੇ ਹੋਏ ਗੱਲ ਨੂੰ ਜਾਰੀ ਰੱਖਦੇ ਹਨ।
ਉਹ ਅੱਗੇ ਕਹਿੰਦੇ ਹਨ, "ਫਿਰ ਉਹੀ ਭਾਣਾ ਵਰਤ ਗਿਆ ਜਿਹੜਾ ਸਾਡੇ ਦਿਮਾਗ ਵਿੱਚ ਉਹਨਾਂ ਦਿਨਾਂ ਵਿੱਚ ਘੁੰਮਦਾ ਰਹਿੰਦਾ ਸੀ। ਪੁਲਿਸ ਦੀ ਧਾੜ 25 ਦਸੰਬਰ ਨੂੰ ਮੁੜ ਸਾਡੇ ਘਰ ਆ ਧਮਕੀ। ਜਥੇਦਾਰ ਪਿੰਡ ਦੇ ਗੁਰਦੁਵਾਰਾ ਸਾਹਿਬ ਵਿੱਚ ਕਥਾ ਕਰਨ ਗਏ ਹੋਏ ਸਨ। ਪੁਲਿਸ ਉਨ੍ਹਾਂ ਨੂੰ ਗੁਰਦਵਾਰੇ ਤੋਂ ਘਰ ਲੈ ਆਈ ਤੇ ਥੋੜ੍ਹੇ ਸਮੇਂ ਬਾਅਦ ਪੁਲਿਸ ਜਥੇਦਾਰ ਨੂੰ ਆਪਣੇ ਨਾਲ ਲੈ ਗਈ।"
ਗੁਰਮੇਲ ਕੌਰ ਕਹਿੰਦੇ ਹਨ ਕਿ ਉਨਾਂ ਦੇ ਪਤੀ ਦੇ ਘਰ ਤੋਂ ਜਾਣ ਸਮੇਂ ਬੋਲੇ ਗਏ ਉਹ ਬੋਲ ਹਾਲੇ ਵੀ ਉਹਨਾਂ ਦੇ ਕਾਲਜੇ ਨੂੰ ਚੀਰਦੇ ਹਨ, ਜੋ ਪਰਿਵਾਰ ਵਾਲਿਆਂ ਨੇ ਆਖਰੀ ਵਾਰ ਸੁਣੇ ਸਨ।

ਤਸਵੀਰ ਸਰੋਤ, BBC/Surinder Mann
ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਦੇ ਨਾਲ ਘਰੋਂ ਬਾਹਰ ਪੈਰ ਰੱਖਣ ਸਮੇਂ ਜਥੇਦਾਰ ਨੇ ਕਿਹਾ ਸੀ, "ਸਰਕਾਰ ਆਪਣੇ ਆਖ਼ਰੀ ਦਾਅ 'ਤੇ ਉੱਤਰ ਆਈ ਹੈ। ਹੁਣ ਪੁਲਿਸ ਵਾਲੇ ਹੱਦਾਂ ਪਾਰ ਕਰਨਗੇ ਤੇ ਤੁਸੀਂ ਵਾਹਿਗੁਰੂ 'ਤੇ ਅਟੱਲ ਭਰੋਸਾ ਰੱਖਣਾ।"
"ਫਿਰ ਉਹੀ ਗੱਲ ਹੋ ਗਈ। ਪੁਲਿਸ ਨੇ ਮੇਰੇ ਪਤੀ ਨੂੰ ਕੋਹ-ਕੋਹ ਕੇ ਮਾਰ ਮੁਕਾਇਆ।"
ਗੁਰਦੇਵ ਸਿੰਘ ਕਾਉਂਕੇ ਦੇ ਪੁਲਿਸ ਹਿਰਾਸਤ ਵਿੱਚ ਹੋਣ ਦੇ ਸਮੇਂ ਦੀਆਂ ਯਾਦਾਂ ਨੂੰ ਫਰੋਲਦੇ ਹੋਏ ਗੁਰਮੇਲ ਕੌਰ ਭਾਵੁਕ ਹੋ ਜਾਂਦੇ ਹਨ।
ਉਹ ਕਹਿੰਦੇ ਹਨ, "ਮੈਂ ਜਥੇਦਾਰ ਜੀ ਲਈ ਥਾਣੇ ਰੋਟੀ ਲੈ ਕੇ ਜਾਂਦੀ ਸੀ ਤੇ ਪੁਲਿਸ ਵਾਲੇ ਰੋਟੀ ਵਾਲਾ ਡੱਬਾ ਖਾਲੀ ਕਰਕੇ ਮੋੜ ਦਿੰਦੇ ਸਨ। ਮੈਨੂੰ ਨਹੀਂ ਪਤਾ ਕਿ ਰੋਟੀ ਮੇਰੇ ਪਤੀ ਤੱਕ ਪਹੁੰਚਦੀ ਵੀ ਸੀ ਜਾਂ ਪੁਲਿਸ ਵਾਲੇ ਹੀ ਖਾ ਜਾਂਦੇ ਸਨ।"
"ਮੈਂ ਪੁਲਿਸ ਵਾਲਿਆਂ ਨੂੰ ਬਥੇਰਾ ਆਖਦੀ ਸੀ ਕਿ ਮੈਨੂੰ ਮੇਰੇ ਪਤੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਕੋਈ ਵੀ ਮੇਰੀ ਗੱਲ ਨਾ ਸੁਣਦਾ। ਗੱਲ ਕੀ ਸਾਰੇ ਸਵਰਨ ਘੋਟਣੇ ਤੋਂ ਡਰਦੇ ਸਨ।"
ਜ਼ਿਕਰਯੋਗ ਹੈ ਕਿ ਸਵਰਨ ਸਿੰਘ 1992 ਵਿੱਚ ਪੁਲਿਸ ਜ਼ਿਲਾ ਜਗਰਾਉਂ ਦੇ ਐੱਸਐੱਸਪੀ ਸਨ।
ਪੁਲਿਸ ਹਿਰਾਸਤ ਵਿੱਚ ਕੀ ਸਨ ਹਾਲਾਤ

ਤਸਵੀਰ ਸਰੋਤ, BBC/Surinder Mann
ਗੁਰਮੇਲ ਕੌਰ ਨੇ ਕਿਹਾ ਕਿ ਇੱਕ ਦਿਨ ਪਿੰਡ ਕਲੇਰ ਦੀ ਇੱਕ ਔਰਤ ਜਗਰਾਉਂ ਥਾਣੇ ਦੇ ਅੰਦਰ ਗਈ ਸੀ ਤੇ ਉਸ ਨੇ ਬਾਹਰ ਆ ਕੇ ਦੱਸਿਆ ਸੀ ਕਿ ਜਥੇਦਾਰ ਦੀ ਹਾਲਤ ਠੀਕ ਨਹੀਂ ਹੈ।
ਉਨ੍ਹਾਂ ਦੱਸਿਆ, "ਉਸ ਔਰਤ ਨੇ ਮੈਨੂੰ ਕਿਹਾ ਸੀ ਕਿ ਜਥੇਦਾਰ ਜੀ ਦੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਨੂੰ ਭੁੰਜੇ ਸੁੱਟਿਆ ਹੋਇਆ ਹੈ ਤੇ ਉਨ੍ਹਾਂ ਨੂੰ ਇੱਕ ਗਦੈਲੇ ਦੀ ਲੋੜ ਹੈ। ਅਸੀਂ ਉਸੇ ਵੇਲੇ ਘਰ ਤੋਂ ਇੱਕ ਗਦੈਲਾ ਚਾਦਰ ਵਿੱਚ ਲਪੇਟ ਕੇ ਥਾਣੇ ਫੜਾ ਕੇ ਆਏ ਸੀ।"
ਅੱਖਾਂ ਨਮ ਕਰਦੇ ਹੋਏ ਉਹ ਗੱਲ ਨੂੰ ਜਾਰੀ ਰੱਖਦੇ ਹਨ, "ਪਰ ਅਫਸੋਸ ਇਸ ਗੱਲ ਦਾ ਹੈ ਕਿ ਜਥੇਦਾਰ ਨੂੰ ਮਾਰ ਕੇ ਉਨ੍ਹਾਂ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਤੋਂ ਬਾਅਦ ਇੱਕ ਪੁਲਿਸ ਵਾਲੇ ਨੇ ਉਹੀ ਗਦੈਲਾ ਉਸੇ ਤਰ੍ਹਾਂ ਚਾਦਰ ਵਿੱਚ ਲਪੇਟਿਆ ਹੋਇਆ ਮੇਰੇ ਹੱਥਾਂ ਵਿੱਚ ਧਰ ਦਿੱਤਾ।"
ਗੁਰਮੇਲ ਕੌਰ 1998 ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਚੰਡੀਗੜ੍ਹ ਜਾ ਕੇ ਮਿਲਣ ਦਾ ਵੀ ਜ਼ਿਕਰ ਕਰਦੇ ਹਨ।
ਉਹ ਕਹਿੰਦੇ ਹਨ, "ਮੈਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਅਤੇ ਕੁਝ ਹੋਰਨਾਂ ਲੋਕਾਂ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਸੀ। ਜਾਂਚ ਰਿਪੋਰਟਾਂ ਸਮੇਂ-ਸਮੇਂ 'ਤੇ ਸਾਹਮਣੇ ਆਉਂਦੀਆਂ ਰਹੀਆਂ ਪਰ ਦੋਸ਼ੀਆਂ ਨੂੰ ਹਾਲੇ ਤੱਕ ਕਟਹਿਰੇ ਵਿੱਚ ਖੜ੍ਹਾ ਨਹੀਂ ਕੀਤਾ ਜਾ ਸਕਿਆ ਹੈ।"

ਤਸਵੀਰ ਸਰੋਤ, BBC/Surinder Mann
ਪਰਿਵਾਰ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਦੇ ਆਦੇਸ਼ ਤੋਂ ਬਾਅਦ ਹਾਲ ਹੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫ਼ਦ ਉਨ੍ਹਾਂ ਦੇ ਘਰ ਆਇਆ ਸੀ।
ਪਰਿਵਾਰਕ ਮੈਂਬਰ ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਨਿਆਂ ਮਿਲਣ ਵਿੱਚ ਬਹੁਤ ਦੇਰੀ ਹੋ ਗਈ ਹੈ।
ਗ੍ਰਿਫਤਾਰੀ ਵੇਲੇ 15 ਸਾਲ ਦਾ ਸੀ ਪੁੱਤ
ਗੁਰਦੇਵ ਸਿੰਘ ਕਾਉਂਕੇ ਦੇ ਪੁੱਤਰ ਹਰੀ ਸਿੰਘ ਨੇ ਦੱਸਿਆ ਕੇ ਜਿਸ ਦਿਨ ਉਨ੍ਹਾਂ ਦੇ ਪਿਤਾ ਨੂੰ ਪੁਲਿਸ ਘਰ ਤੋਂ ਚੁੱਕ ਕੇ ਲੈ ਕੇ ਗਈ ਸੀ, ਉਸ ਵੇਲੇ ਉਹ 15 ਸਾਲਾਂ ਦੇ ਸਨ।
ਹਰੀ ਸਿੰਘ ਸਾਫ਼ ਸ਼ਬਦਾਂ ਵਿੱਚ ਕਹਿੰਦੇ ਹਨ, "ਮੇਰੇ ਤਾਂ ਉਹ ਪਿਤਾ ਸਨ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਸਿੱਖ ਕੌਮ ਦੇ ਜਥੇਦਾਰ ਸਨ। ਇਸ ਲਈ ਇਨਸਾਫ਼ ਸਾਨੂੰ ਨਹੀਂ, ਸਗੋਂ ਕੌਮ ਨੂੰ ਚਾਹੀਦਾ ਹੈ।"
"ਜਦੋਂ ਮੈਂ ਤੇ ਮੇਰੇ ਭਰਾ ਨੇ ਆਪਣੀ ਮਾਤਾ ਨਾਲ ਮਿਲ ਕੇ ਇਨਸਾਫ ਲੈਣ ਲਈ ਆਪਣੇ ਕਦਮ ਅੱਗੇ ਵਧਾਏ ਤਾਂ ਪੁਲਿਸ ਨੇ ਫੜ ਲਿਆ। ਬਾਅਦ ਵਿੱਚ ਮੇਰੇ ਭਰਾ ਨੂੰ ਤਾਂ ਛੱਡ ਦਿੱਤਾ ਗਿਆ ਪਰ ਮੇਰੇ ਉੱਪਰ ਬੰਬ ਧਮਾਕਾ ਕਰਨ ਦਾ ਕੇਸ ਮੜ੍ਹ ਦਿੱਤਾ ਗਿਆ।"
ਉਹ ਇਲਜ਼ਾਮ ਲਾਉਂਦੇ ਹਨ, "ਇਸ ਦਾ ਕਾਰਨ ਇਹ ਸੀ ਕਿ ਅਸੀਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਲਈ ਕੋਈ ਕਾਨੂੰਨੀ ਲੜਾਈ ਨਾ ਲੜ ਸਕੀਏ। ਇਹ ਵੱਖਰੀ ਗੱਲ ਹੈ ਕਿ ਬੰਬ ਧਮਾਕੇ ਦੇ ਕੇਸ ਵਿੱਚ ਮੈਨੂੰ ਬਰੀ ਕਰ ਦਿੱਤਾ ਗਿਆ ਸੀ।"
ਹਰੀ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਕੋਲੋਂ ਕੁਝ ਜਾਣਕਾਰੀਆਂ ਮੰਗੀਆਂ ਸਨ ਅਤੇ ‘ਦੋਸ਼ੀ’ ਪੁਲਿਸ ਵਾਲਿਆਂ ਦਾ ਹਵਾਲਾ ਪੁੱਛਿਆ ਸੀ, ਜਿਹੜਾ ਵਫਦ ਨੂੰ ਦੱਸ ਦਿੱਤਾ ਗਿਆ।
ਉਹ ਕਹਿੰਦੇ ਹਨ, "ਸਾਡੀ ਤਾਂ ਇੱਕੋ ਹੀ ਮੰਗ ਹੈ ਕਿ ਜਿਹੜੇ ਦੋਸ਼ੀ ਪੁਲਿਸ ਵਾਲੇ ਜਿਉਂਦੇ ਬਚੇ ਹਨ, ਉਹਨਾਂ ਖਿਲਾਫ ਤਾਂ ਹਰ ਹਾਲਤ ਵਿੱਚ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਗੱਲ ਫਿਰ ਉਹੀ ਆ ਗਈ ਕਿ ਇਨਸਾਫ ਸਾਨੂੰ ਨਹੀਂ ਸਿੱਖ ਕੌਮ ਨੂੰ ਚਾਹੀਦਾ ਹੈ, ਜਿਨ੍ਹਾਂ ਦੇ ਗੁਰਦੇਵ ਸਿੰਘ ਕਾਉਂਕੇ ਜਥੇਦਾਰ ਸਨ।"
ਕਾਰਜਕਾਰੀ ਜਥੇਦਾਰ ਬਣਨ ਦੀ ਕਹਾਣੀ
ਗੁਰਦੇਵ ਸਿੰਘ ਕਾਉਂਕੇ ਨੂੰ 26 ਜਨਵਰੀ 1986 ਵਾਲੇ ਦਿਨ ਅੰਮ੍ਰਿਤਸਰ ਵਿਖੇ ਬੁਲਾਏ ਗਏ ਸਰਬੱਤ ਖਾਲਸਾ ਦੌਰਾਨ ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਸੀ।
ਅਸਲ ਵਿੱਚ ਇਸ ਦਿਨ ਦਮਦਮੀ ਟਕਸਾਲ ਦੇ ਮੁਖੀ ਰਹੇ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਭਤੀਜੇ ਜਸਵੀਰ ਸਿੰਘ ਰੋਡੇ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਗਿਆ ਸੀ। ਪਰ ਇਸ ਵੇਲੇ ਜਸਵੀਰ ਸਿੰਘ ਰੋਡੇ ਦੇ ਜੇਲ੍ਹ ਵਿੱਚ ਹੋਣ ਕਾਰਨ ਕਾਰਜਕਾਰੀ ਜਥੇਦਾਰ ਥਾਪਿਆ ਜਾਣਾ ਜ਼ਰੂਰੀ ਸੀ।
ਉਸ ਸਮੇਂ ਪੰਜਾਬ ਵਿੱਚ ਖਾਲਿਸਤਾਨਪੱਖੀ ਲਹਿਰ ਜ਼ੋਰਾਂ ਉੱਤੇ ਸੀ, ਜਿਸ ਕਾਰਨ ਪੁਲਿਸ ਦਾ ਇਲਜ਼ਾਮ ਸੀ ਕਿ ਜਥੇਦਾਰ ਕਾਉਂਕੇ ਇਸ ਹਥਿਕਾਰਬੰਦ ਲਹਿਰ ਵਿੱਚ ਸ਼ਾਮਲ ਸਨ। ਉਨ੍ਹਾਂ ਨੂੰ ਇੱਕ ਕਤਲ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਰ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤੇ ਕਿ ਉਹ ਇੱਕ ਪੁਲਿਸ ਮੁਕਾਬਲੇ ਦੌਰਾਨ ਹੱਥਕੜੀ ਲੱਗਿਆਂ ਹੀ ਭਗੋੜੇ ਹੋ ਗਏ। ਪਰ ਪਰਿਵਾਰ ਦਾ ਇਲਜ਼ਾਮ ਸੀ ਕਿ ਉਨ੍ਹਾਂ ਨੂੰ ਪੁਲਿਸ ਨੇ ਤਸ਼ੱਦਦ ਕਰਕੇ ਮਾਰ ਦਿੱਤਾ। ਇਨ੍ਹਾਂ ਇਲਜ਼ਾਮਾਂ ਨੂੰ ਪੁਲਿਸ ਨੇ ਕਦੇ ਵੀ ਸਵਿਕਾਰ ਨਹੀਂ ਕੀਤਾ।
ਜਾਂਚ ਲਈ ਬਣੇ ਕਮਿਸ਼ਨ

ਤਸਵੀਰ ਸਰੋਤ, BBC/ Surinder Mann
ਤਤਕਾਲੀ ਅਕਾਲੀ-ਭਾਜਪਾ ਸਰਕਾਰ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਮਾਮਲੇ ਦੀ ਜਾਂਚ ਲਈ ਇੱਕ ਕਮਿਸ਼ਨ ਕਾਇਮ ਕੀਤਾ ਸੀ।
ਬੀਪੀ ਤਿਵਾੜੀ ਵੱਲੋਂ ਕੀਤੀ ਗਈ ਜਾਂਚ ਰਿਪੋਰਟ ਭਾਵੇਂ ਸਾਲ 1998 ਵਿਚ ਹੀ ਤਤਕਾਲੀ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ ਪਰ ਇਸ ਨੂੰ ਜੱਗ-ਜ਼ਾਹਰ ਨਹੀਂ ਕੀਤਾ ਗਿਆ ਸੀ।
ਬੀਪੀ ਤਿਵਾੜੀ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਵਿੱਚ ਪੁਲਿਸ ਦੇ ਕੁਝ ਅਧਿਕਾਰੀਆਂ ਵੱਲ ਉਂਗਲ ਉਠਾਈ ਗਈ ਸੀ।
ਬਾਅਦ ਵਿੱਚ ਇਸ ਜਾਂਚ ਕਮਿਸ਼ਨ ਦੀ ਰਿਪੋਰਟ ਨੂੰ ਲਾਂਭੇ ਰੱਖਦੇ ਹੋਏ ਸਰਕਾਰ ਵੱਲੋਂ ਇੱਕ ਵੱਖਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਵੀ ਗਠਨ ਕੀਤਾ ਗਿਆ ਸੀ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ।
ਐਨਾ ਕੁਝ ਹੋਣ ਦੇ ਬਾਵਜੂਦ ਇਹੀ ਦਰਸਾਇਆ ਗਿਆ ਹੈ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਜਦੋਂ ਪੁਲਿਸ ਹਥਿਆਰਾਂ ਦੀ ਬਰਾਮਦਗੀ ਲਈ ਹੱਥਕੜੀਆਂ ਸਮੇਤ ਲੈ ਕੇ ਗਈ ਤਾਂ ਉਹ 'ਭਗੌੜਾ ਹੋ ਗਏ ਸਨ।
ਪਰਿਵਾਰਕ ਮੈਂਬਰ ਇਹ ਸਵਾਲ ਚੁੱਕਦੇ ਹਨ ਕਿ ਆਖਰਕਾਰ ਇੰਨੇ ਸਾਲ ਬੀਤਣ ਦੇ ਬਾਵਜੂਦ ਪੁਲਿਸ ਉਨ੍ਹਾਂ ਦੀ ਭਾਲ ਕਿਉਂ ਨਹੀਂ ਕਰ ਸਕੀ ਹੈ।
ਇਸ ਮੁੱਦੇ 'ਤੇ ਆਵਾਜ਼ ਚੁੱਕਣ ਵਾਲੇ ਸੰਗਠਨ
ਇਸ ਮੁੱਦੇ ਨੂੰ ਲੈ ਕੇ ਕਈ ਵਾਰ ਵੱਖ-ਵੱਖ ਸਿੱਖ ਸੰਗਠਨਾਂ ਵੱਲੋਂ ਸਰਗਰਮੀਆਂ ਸ਼ੁਰੂ ਕੀਤੀਆਂ ਗਈਆਂ ਸਨ।
ਇਸ ਸੰਦਰਭ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਹਿ ਚੁੱਕੇ ਜਸਟਿਸ ਅਜੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ।
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਮੁੱਦੇ ਨੂੰ ਲੈ ਕੇ 'ਕਮੇਟੀ ਫਾਰ ਕੁਆਰਡੀਨੇਸ਼ਨ ਆਫ਼ ਡਿਸਅਪੀਅਰੈਂਸ ਇਨ ਪੰਜਾਬ' ਨੇ ਆਪਣੇ ਤੌਰ 'ਤੇ ਜਾਂਚ ਕੀਤੀ ਸੀ। ਇਸ ਜਾਂਚ ਵਿੱਚ ਵੀ ਪੁਲਿਸ ਦੀ 'ਭਗੌੜਾ' ਹੋਣ ਵਾਲੀ ਕਹਾਣੀ 'ਤੇ ਸਵਾਲ ਖੜ੍ਹੇ ਕੀਤੇ ਗਏ ਸਨ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਹਾਲੇ ਤੱਕ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ ਹੈ।
ਰਿਪੋਰਟ ਨੇ ਹੋਰ ਕਿਹੜੇ ਖੁਲਾਸੇ ਕੀਤੇ
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਪੁਲਿਸ ਹਿਰਾਸਤ ਦੌਰਾਨ ਕਥਿਤ ਤੌਰ ਉੱਤੇ ਹੋਈ ਮੌਤ ਦਾ ਮਾਮਲਾ ਕਰੀਬ ਤਿੰਨ ਦਹਾਕੇ ਬਾਅਦ ਮੁੜ ਚਰਚਾ ਵਿੱਚ ਆਇਆ ਹੈ।
ਏਡੀਜੀਪੀ ਬੀ.ਪੀ. ਤਿਵਾੜੀ ਨੇ ਗੁਰਦੇਵ ਸਿੰਘ ਕਾਉਂਕੇ ਦੇ ਗੈਰ-ਨਿਆਇਕ ਕਤਲ ਦੇ ਇਲਜ਼ਾਮਾਂ ਸੰਬੰਧੀ ਆਪਣੀ ਜਾਂਚ ਰਿਪੋਰਟ ਦੇ ਸਿੱਟੇ ਵਿੱਚ ਲਿਖਿਆ ਹੈ, “ਸਾਰੇ ਹਾਲਾਤ ਨੂੰ ਦੇਖਦੇ ਹੋਏ ਇਹ ਸਪੱਸ਼ਟ ਹੁੰਦਾ ਹੈ ਕਿ ਤਤਕਾਲੀ ਐੱਸਐੱਚਓ ਅਤੇ ਹੁਣ ਡੀਐੱਸਪੀ ਗੁਰਮੀਤ ਸਿੰਘ ਵੱਲੋਂ 25 ਦਸੰਬਰ 1992 ਨੂੰ ਭਾਈ ਗੁਰਦੇਵ ਸਿੰਘ ਨੂੰ ਉਸ ਦੇ ਘਰੋਂ ਲਿਆਇਆ ਗਿਆ ਜੋ ਕਿ ਮੁੜ ਕੇ ਵਾਪਸ ਨਹੀਂ ਆਇਆ।’’
ਇਸ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ, ‘‘ਇਹ ਗੱਲ ਵਿਸ਼ਵਾਸਯੋਗ ਨਹੀਂ ਹੈ ਕਿ ਗੁਰਦੇਵ ਸਿੰਘ ਕਾਉਂਕੇ ਨੂੰ 2 ਜਨਵਰੀ, 1993 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਪਿੰਡ ਕੰਨੀਆਂ ਦੀ ਹੱਦ ਉੱਤੇ ਖਾੜਕੂਆਂ ਅਤੇ ਪੁਲਿਸ ਪਾਰਟੀ ਦਰਮਿਆਨ ਹੋਈ ਗੋਲੀਬਾਰੀ ਦੌਰਾਨ ਬੈਲਟ ਤੋੜ ਕੇ ਭੱਜ ਗਏ ਸਨ।’’
ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਗੁਰਦੇਵ ਸਿੰਘ ਨੂੰ ਪੁਲਿਸ ਨੇ ਕੁੱਟ ਕੇ ਮਾਰ ਦਿੱਤਾ। ਸਾਬਕਾ ਸਿਪਾਹੀ ਦਰਸ਼ਨ ਸਿੰਘ ਜੋ ਕੁੱਟ-ਮਾਰ ਦੇ ਗਵਾਹ ਹਨ, ਦੇ ਮਨੁੱਖੀ ਅਧਿਕਾਰਾਂ ਅਤੇ ਜਾਂਚ ਟੀਮ ਅੱਗੇ ਦਿੱਤੇ ਆਪਣੇ ਬਿਆਨਾਂ ਵਿੱਚ ਫਰਕ ਹੈ।

ਤਸਵੀਰ ਸਰੋਤ, BBC/ Surinder Mann
ਗੁਰਦੇਵ ਸਿੰਘ ਕਾਉਂਕੇ ਦੀ ਗੈਰ-ਕਾਨੂੰਨੀ ਹਿਰਾਸਤ ਸਬੰਧੀ ਕਿਸੇ ਵੀ ਵਿਅਕਤੀ ਨੇ ਕਿਸੇ ਅਧਿਕਾਰੀ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਅਤੇ ਨਾ ਹੀ ਕੋਈ ਡਾਕਟਰੀ ਮੁਆਇਨਾ ਕਰਾਇਆ। ਲੱਗਦਾ ਹੈ ਕਿ ਉਨ੍ਹਾਂ ਦੀ ਕਹਾਣੀ 'ਤੇ ਯਕੀਨ ਕਰਨਾ ਉਚਿਤ ਨਹੀਂ ਹੋਵੇਗਾ।
ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ, “ਸਾਰੇ ਬਿਆਨਾਂ ਦੀ ਘੋਖ ਕਰਨ ਤੋਂ ਬਾਅਦ ਲੱਗਦਾ ਹੈ ਕਿ ਕਾਉਂਕੇ ਨੂੰ ਪੁਲਿਸ ਹਿਰਾਸਤ ਵਿੱਚ ਰੱਖ ਕੇ ਝੂਠਾ ਕੇਸ ਬਣਾਉਣ ਦੀ ਕਹਾਣੀ ਦਾ ਸਾਰੇ ਛੋਟੇ ਅਤੇ ਵੱਡੇ ਅਫਸਰਾਂ ਨੂੰ ਪਤਾ ਸੀ। ਪਰ ਉਸ ਸਮੇਂ ਪੁਲਿਸ ਦਾ ਜੋ ਮਾਹੌਲ ਸੀ, ਉਸ ਤੋਂ ਜ਼ਾਹਿਰ ਹੁੰਦਾ ਹੈ ਕਿ ਪੁਲਿਸ ਅਧਿਕਾਰੀ ਜਾਂ ਤਾਂ ਜ਼ਿਮਨੀਆਂ ਲਿਖਦੇ ਹੀ ਨਹੀਂ ਸਨ ਜਾਂ ਛੋਟੇ ਅਫਸਰਾਂ ਦੁਆਰਾ ਲਿਖੀ ਜ਼ਿਮਨੀ ਉੱਤੇ ਬਿਨਾਂ ਪੜੇ ਦਸਤਖਤ ਕਰਦੇ ਰਹੇ ਸਨ।’’
ਬੀਬੀਸੀ ਨਿਊਜ਼ ਪੰਜਾਬੀ ਨੇ ਪੰਜਾਬ ਪੁਲਿਸ ਦੇ ਬੁਲਾਰੇ ਅਤੇ ਪੁਲਿਸ ਦੇ ਇੰਸਪੈਕਟਰ ਜਨਰਲ ਸੁਖਚੈਨ ਸਿੰਘ ਗਿੱਲ ਨਾਲ ਸੰਪਰਕ ਕੀਤਾ ਅਤੇ ਇਸ ਮਾਮਲੇ ਵਿੱਚ ਪੁਲਿਸ ਦੁਆਰਾ ਕੀਤੀ ਗਈ ਕਿਸੇ ਵੀ ਕਾਰਵਾਈ ਦੇ ਵੇਰਵੇ 'ਤੇ ਪੰਜਾਬ ਪੁਲਿਸ ਦਾ ਪੱਖ ਲੈਣ ਲਈ ਕੋਸ਼ਿਸ ਕੀਤੀ।
ਇਸ ਰਿਪੋਰਟ ਨੂੰ ਲਿਖੇ ਜਾਣ ਤੱਕ ਪੰਜਾਬ ਪੁਲਿਸ ਵਲੋਂ ਕੋਈ ਜਵਾਬ ਨਹੀਂ ਮਿਲਿਆ। ਜਦੋ ਪੰਜਾਬ ਪੁਲਿਸ ਦਾ ਜਵਾਬ ਆਵੇਗਾ ਤਾਂ ਉਸ ਨੂੰ ਰਿਪੋਰਟ ਵਿੱਚ ਅਪਡੇਟ ਕਰ ਦਿੱਤਾ ਜਾਵੇਗਾ।












