ਸਮੁੰਦਰੀ ਸੈਰ ’ਤੇ ਗਏ ਪਰਿਵਾਰ ਦੀ ਕਿਸ਼ਤੀ ਵ੍ਹੇਲਾਂ ਨੇ ਡੋਬੀ ਤੇ ਫਿਰ 38 ਦਿਨਾਂ ਤੱਕ ਜ਼ਿੰਦਾ ਰਹਿਣ ਲਈ ਜੰਗ ਕੀਤੀ

ਤਸਵੀਰ ਸਰੋਤ, DOUGLAS ROBERTSON
- ਲੇਖਕ, ਰਿਡੈਕਸੀਅਨ
- ਰੋਲ, ਬੀਬੀਸੀ ਪੱਤਰਕਾਰ
ਡੂਗਲਸ ਰੌਬਰਟਸਨ ਨੂੰ ਡਰਦੇ ਮਾਰੇ ਕਿਸ਼ਤੀ ’ਚ ਪਾਣੀ ਚੜ੍ਹਦਾ ਵੀ ਮਹਿਸੂਸ ਨਹੀਂ ਹੋ ਰਿਹਾ ਸੀ।
ਇਹ ਬਾਦਵਾਨਾਂ ਵਾਲੀ ਕਿਸ਼ਤੀ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਦੇ ਪਰਿਵਾਰ ਦਾ ਘਰ ਸੀ। ਹੁਣ ਪਾਣੀ ਡੂਗਲਸ ਦੇ ਲੱਕ ਨੂੰ ਪਹੁੰਚ ਗਿਆ ਸੀ ਅਤੇ ਉਹ ਜਾਣ ਗਏ ਸਨ ਕਿ ਕਿਸ਼ਤੀ ਡੁੱਬਣ ਹੀ ਵਾਲੀ ਹੈ।
ਉਨ੍ਹਾਂ ਦੇ ਦਿਮਾਗ਼ ਵਿੱਚ ਸਿਰਫ ਇੱਕ ਵਿਚਾਰ ਘੁੰਮ ਰਿਹਾ ਸੀ, ਕਿਸ਼ਤੀ ਹੇਠਲੇ ਪਾਣੀ ਵਿੱਚ ਚੱਕਰ ਕੱਟ ਰਹੀਆਂ ਕਿਲਰ ਵੇਲ੍ਹਜ਼ ਦਾ, ਜਿਨ੍ਹਾਂ ਨੇ ਕੁਝ ਚਿਰ ਪਹਿਲਾਂ ਕਿਸ਼ਤੀ ਨੂੰ ਟੱਕਰ ਮਾਰ ਕੇ, ਡੂਗਲਸ ਨੂੰ ਇਸ ਭਿਆਨਕ ਸਥਿਤੀ ਵਿੱਚ ਪਹੁੰਚਾਇਆ ਸੀ।
ਸਾਲ 1972 ਵਿੱਚ ਵਾਪਰੀ ਘਟਨਾ ਨੂੰ 50 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਿਆ ਹੈ। ਉਸ ਸਮੇਂ ਨੂੰ ਯਾਦ ਕਰਦੇ ਹੋਏ ਡੂਗਲਸ ਕਹਿੰਦੇ ਹਨ, “ਮੈਨੂੰ ਅਜੇ ਵੀ ਉਹ ਖੌਫ਼ ਯਾਦ ਹੈ। ਅਸੀਂ ਦੇਖਿਆ ਕਿਲਰ ਵੇਲ੍ਹਜ਼ ਸਤਹਿ ’ਤੇ ਆਈਆਂ। ਉਨ੍ਹਾਂ ਵਿੱਚੋਂ ਇੱਕ ਦੇ ਸਿਰ ’ਤੇ ਜ਼ਖਮ ਸੀ ਜਿਸ ਵਿੱਚੋਂ ਖੂਨ ਵਹਿ ਕੇ ਸਮੁੰਦਰ ਵਿੱਚ ਰਲ ਰਿਹਾ ਸੀ।”
ਆਖ਼ਰ ਉਨ੍ਹਾਂ ਦੀ ਕਿਸ਼ਤੀ ਡੁੱਬ ਗਈ ਤੇ ਡੂਗਲਸ ਪਰਿਵਾਰ ਸਮੇਤ ਪ੍ਰਸ਼ਾਂਤ ਮਹਾਂ ਸਾਗਰ ਵਿੱਚ ਤਰ ਰਿਹਾ ਸੀ।
ਉਹ 38 ਦਿਨਾਂ ਤੱਕ ਇਸੇ ਤਰ੍ਹਾਂ ਤਰਦੇ ਰਹੇ। ਉਨ੍ਹਾਂ ਕੋਲ ਖਾਣ ਲਈ ਸਿਰਫ਼ ਕੱਛੂ ਦਾ ਸੁਕਾਇਆ ਹੋਇਆ ਮਾਸ ਅਤੇ ਥੋੜ੍ਹਾ ਬਹੁਤ ਪਾਣੀ ਸੀ। ਇਹੀ ਉਹ ਰਸਦ ਸੀ ਜੋ ਉਹ ਡੁੱਬਦੀ ਕਿਸ਼ਤੀ ’ਚੋਂ ਚੁੱਕ ਸਕੇ।
ਡੂਗਲਸ ਰੌਬਰਟਸਨ ਦੇ ਪਿਤਾ ਕਦੇ ਸਮੁੰਦਰੀ ਜਹਾਜ਼ ਦੇ ਕਪਤਾਨ ਰਹੇ ਸਨ। ਇਹ ਉਨ੍ਹਾਂ ਦਾ ਸੁਫ਼ਨਾ ਸੀ ਕਿ ਪਰਿਵਾਰ ਇੱਕ ਬਾਦਵਾਨ ਵਾਲੀ ਕਿਸ਼ਤੀ ਵਿੱਚ ਧਰਤੀ ਦਾ ਚੱਕਰ ਲਾਵੇ।
ਡੂਗਲਸ ਦੇ ਪਿਤਾ ਨੇ ਤਿੰਨ ਸਾਲ ਦੀ ਲੰਬੀ ਸੋਚ ਵਿਚਾਰ ਮਗਰੋਂ ਕੇਂਦਰੀ ਇੰਗਲੈਂਡ ਵਿੱਚ ਆਪਣਾ ਫਾਰਮ ਵੇਚਿਆ ਤੇ 13 ਮੀਟਰ ਲੰਬੀ ਕਿਸ਼ਤੀ, ਲੂਸੈਟ ਖ਼ਰੀਦ ਲਈ।
ਡੂਗਲਸ ਮੁਤਾਬਕ ਉਹ ਕਿਸ਼ਤੀ, “ਪੁਰਾਣੀ ਭਾਵੇਂ ਸੀ ਪਰ ਬਹੁਤ ਚੰਗੀ ਸਥਿਤੀ ਸੀ।”

ਤਸਵੀਰ ਸਰੋਤ, NATIONAL MARITIME MUSEUM
‘ਲੂਸੈਟ ਦਾ ਆਖ਼ਰੀ ਸਮੁੰਦਰੀ ਸਫ਼ਰ'
ਸਾਲ 1970 ਵਿੱਚ ਮਰਚੈਂਟ ਨੇਵੀ ਵਿੱਚ ਕਪਤਾਨ ਰਹੇ ਡੂਗਲ ਰੌਬਰਟਸਨ ਕੋਲ ਆਪਣੀ ਪਤਨੀ ਲਿਨ, ਸੋਲਾਂ ਸਾਲਾ ਪੁੱਤਰ ਡੂਗਲਸ ਅਤੇ 17 ਸਾਲਾ ਧੀ ਐਨੇ ਅਤੇ 9 ਸਾਲਾਂ ਦੇ ਜੌੜੇ ਬੱਚੇ ਨੀਲ ਅਤੇ ਸੈਂਡੀ ਸਨ।
ਡੂਗਲਸ ਮੁਤਾਬਕ ਖੇਤ ਵਿੱਚ ਜ਼ਿੰਦਗੀ ਬਹੁਤ ਮੁਸ਼ਕਲ ਸੀ ਅਤੇ ਇਸੇ ਤੰਗੀ ਕਾਰਨ ਪਰਿਵਾਰ ਨੇ ਸਫ਼ਰ ’ਤੇ ਜਾਣ ਦਾ ਫ਼ੈਸਲਾ ਲਿਆ।
“ਅਸੀਂ ਅਬਾਦੀ ਤੋਂ ਦੂਰ ਰਹਿ ਰਹੇ ਸੀ। ਸਾਡੇ ਮਾਤਾ-ਪਿਤਾ, ਦੋਵੇਂ ਕੰਮਕਾਜੀ ਸਨ। ਮੇਰੇ ਪਿਤਾ ਇੱਕ ਜਹਾਜ਼ਰਾਨ ਅਤੇ ਮਾਂ ਨਰਸ ਸੀ। ਉਨ੍ਹਾਂ ਨੂੰ ਲੱਗਿਆ ਕਿ ਇਹ ਸਫ਼ਰ ਜ਼ਿੰਦਗੀ ਦੀ ਯੂਨੀਵਰਸਿਟੀ ਵਿੱਚ ਸਿੱਖਿਅਤ ਕਰਨ ਦਾ ਇੱਕ ਮੌਕਾ ਦੇਵੇਗਾ।“
ਉਮੀਦ ਮੁਤਾਬਕ ਸਫ਼ਰ ਦੀ ਤਿਆਰੀ ਵਿੱਚ ਕਾਫ਼ੀ ਸਮਾਂ ਲੱਗਿਆ। ਡੂਗਲ ਨੇ ਰਿਸ਼ਤੇਦਾਰਾਂ ਦੀ ਆਲੋਚਨਾ ਦੇ ਬਾਵਜੂਦ ਖੇਤ ਵੇਚ ਕੇ ਕਿਸ਼ਤੀ ਖ਼ਰੀਦੀ।
ਡੂਗਲਸ ਯਾਦ ਕਰਦੇ ਹਨ, “ਮੇਰੇ ਪਿਤਾ ਨੇ ਜ਼ਿੱਦ ਫੜ ਲਈ। ਉਹ ਕਹਿੰਦੇ ਸੀ ਕਿ ਦੁਨੀਆਂ ਦੀ ਸਮੁੰਦਰੀ ਸੈਰ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਤੋਂ ਬਹੁਤ ਵੱਖ ਹੋਵੇਗੀ।”
ਹਾਲਾਂਕਿ, ਡੂਗਲਸ ਨੂੰ ਕਾਫ਼ੀ ਦੇਰ ਮਗਰੋਂ ਯਕੀਨ ਹੋਇਆ ਕਿ ਉਹ “ਦੁਨੀਆਂ ਦੀ ਸੈਰ” ਕਰ ਰਹੇ ਹਨ।

ਤਸਵੀਰ ਸਰੋਤ, THE LAST VOYAGE OF THE LUCETTE (BOOK BY DOUGLAS ROBERTSON)
ਕਿਲਰ ਵੇਲ੍ਹਜ਼ ਨਾਲ ਪਹਿਲੀ ਮੁਲਾਕਾਤ
ਜਦੋਂ ਉਹ ਬਹਾਮਾਸ ਪਹੁੰਚ ਕੇ 20 ਸਾਲਾ ਐਨਾ ਦੀ ਮੁਲਾਕਾਤ ਇੱਕ ਵਿਅਕਤੀ ਨਾਲ ਹੋਈ। ਐਨਾ ਨੇ ਉਸੇ ਨਾਲ ਰਹਿਣ ਦਾ ਫ਼ੈਸਲਾ ਕੀਤਾ। ਜਦਕਿ ਪਰਿਵਾਰ ਨੇ ਜਮਾਇਕਾ ਅਤੇ ਪਨਾਮਾ ਨਹਿਰ ਰਾਹੀਂ ਆਪਣਾ ਸਫ਼ਰ ਜਾਰੀ ਰੱਖਿਆ।
ਸਫ਼ਰ ਦੇ ਇਸ ਪੜਾਅ ਬਾਰੇ ਡੂਗਲਸ ਦਾ ਕਹਿਣਾ ਹੈ ਕਿ ਇੱਥੇ ਕੁਝ ਅਜਿਹਾ ਹੋਇਆ ਜਿਸ ਤੋਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਅੱਗੇ ਸਭ ਚੰਗਾ ਨਹੀਂ ਹੋਣ ਜਾ ਰਿਹਾ।
ਡੂਗਲਸ ਦੱਸਦੇ ਹਨ, “ਇੱਕ ਵਿਸ਼ਾਲ ਪੰਦਰਾਂ ਫੁੱਟ ਦੇ ਵੇਲ੍ਹ ਨੇ ਕਿਸ਼ਤੀ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕੀਤੀ।”
“ਮੇਰੇ ਯਾਦ ਹੈ ਕਿਸ਼ਤੀ ਦੇ ਵੈਂਟ ਵਿੱਚੋਂ ਸੜਾਂਦ ਮਾਰ ਰਹੀ ਸੀ। ਅਸਲ ਵਿੱਚ ਪੂਰੀ ਕਿਸ਼ਤੀ ਹੀ ਸੜਾਂਦ ਨਾਲ ਭਰ ਗਈ ਸੀ। ਫਿਰ ਉਹ ਚਲਿਆ ਗਿਆ।”
ਇਹ ਡਰਾਉਣ ਵਾਲਾ ਘਟਨਾਕ੍ਰਮ ਕਰੀਬ 15 ਮਿੰਟ ਤੱਕ ਚਲਿਆ। ਪਰਿਵਾਰ ਨੂੰ ਫਿਕਰ ਪੈ ਗਿਆ ਕਿ ਇੰਨਾ ਵੱਡਾ ਜੀਵ ਕਿਸ਼ਤੀ ਨੂੰ ਕਿੰਨਾ ਕੁ ਨੁਕਸਾਨ ਪਹੁੰਚਾ ਕੇ ਗਿਆ ਹੋਵੇਗਾ।
ਅਗਲਾ ਪੜਾਅ ਗਲਾਪਾਗੋਸ ਸੀ, ਅਤੇ ਉੱਥੋਂ ਅੱਗੇ ਫਰੈਂਚ ਪੋਲੀਨੇਸ਼ੀਆ ਦੇ ਮਰਾਕੁਏਸ ਦੀਪ ਸਮੂਹ ਤੱਕ 45 ਦਿਨਾਂ ਦੀ ਯਾਤਰਾ ਅੱਗੇ ਹੋਰ ਸੀ।

ਤਸਵੀਰ ਸਰੋਤ, Getty Images
ਹਮਲਾ
ਡੂਗਲਸ ਮੁਤਾਬਕ, “ਜੂਨ 15, 1972 ਦੀ ਸਵੇਰ ਦੇ 10 ਵੱਜੇ ਅਚਾਨਕ ਸਾਨੂੰ ਠਾਹ-ਠਾਹ-ਠਾਹ ਦੀ ਅਵਾਜ਼ ਸੁਣੀ। ਪਤਾ ਨਹੀਂ ਸਾਡੇ ਨਾਲ ਕੀ ਟਕਰਾਇਆ ਸੀ।”
ਡੂਗਲਸ ਅਤੇ ਉਨ੍ਹਾਂ ਦਾ ਭਰਾ ਉੱਪਰ ਡੈਕ ’ਤੇ ਸਨ ਕਿ ਉਨ੍ਹਾਂ ਨੇ ਕਾਤਲ ਵੇਲ੍ਹ ਮੱਛੀਆਂ ਦਾ ਇੱਕ ਝੁੰਡ ਕਿਸ਼ਤੀ ਦੇ ਥੱਲਿਓਂ ਨਿਕਲਦਾ ਦੇਖਿਆ। ਉਨ੍ਹਾਂ ਵਿੱਚੋਂ ਇੱਕ ਦੇ ਸਿਰ ’ਚੋਂ ਖੂਨ ਵਗ ਰਿਹਾ ਸੀ। ਉਸ ਦਾ ਸਿਰ ਕਿਸ਼ਤੀ ਨਾਲ ਟਕਰਾਇਆ ਸੀ।
“ਇਸ ਨੇ ਕਿਸ਼ਤੀ ਨੂੰ ਪਾਣੀ ਵਿੱਚੋਂ ਪੂਰੀ ਤਰ੍ਹਾਂ ਬਾਹਰ ਚੁੱਕ ਕੇ ਹਿਲਾ ਦਿੱਤਾ ਸੀ।”
ਡੂਗਲਸ ਆਪਣੇ ਪਿਤਾ ਨੂੰ ਦੇਖਣ ਡੈਕ ਦੇ ਥੱਲੇ ਗਏ। ਉਹ ਗਿੱਟੇ-ਗਿੱਟੇ ਪਾਣੀ ਵਿੱਚ ਖੜ੍ਹੇ ਸੀ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੇ ਕਿਸ਼ਤੀ ਡੁੱਬਣ ਲੱਗੀ ਤੇ ਪਾਣੀ ਲੱਕ ਤੱਕ ਪਹੁੰਚ ਗਿਆ।
ਡੂਗਲਸ ਮੁਤਾਬਕ, “ਉਨ੍ਹਾਂ ਨੇ ਫੌਰਨ ਕਿਹਾ, ਕਿਸ਼ਤੀ ਛੱਡ ਦਿਓ, ਮੈਂ ਪੁੱਛਿਆ ਪਰ ਕਿੱਥੇ?”
ਹੁਣ ਨੌਜਵਾਨ ਡੂਗਲਸ ਡਰ ਗਏ। “ਮੈਂ ਸੋਚਣ ਲੱਗਿਆ ਕਿ ਇਹ ਸਭ ਇੱਕ ਸੁਪਨਾ ਸੀ। ਮੈਂ ਉੱਠਾਂਗਾ ’ਤੇ ਸਭ ਠੀਕ ਹੋ ਜਾਵੇਗਾ।”

ਤਸਵੀਰ ਸਰੋਤ, Getty Images
'ਪਰ ਸਭ ਠੀਕ ਨਹੀਂ ਸੀ'
ਡੂਗਲਸ ਨੇ ਹੋਸ਼ ਸੰਭਾਲੀ ਅਤੇ ਕੈਨਰੀ ਦੀਪ ਸਮੂਹ ਤੋਂ ਖ਼ਰੀਦੀਆਂ ਗਈਆਂ ਰਬੜ ਦੀਆਂ ਕਿਸ਼ਤੀਆਂ (ਰਾਫਟਸ) ਵਿੱਚ ਹਵਾ ਭਰ ਕੇ ਜੋ ਹੱਥ ਲੱਗਿਆ ਉਨ੍ਹਾਂ ਵਿੱਚ ਭਰਨ ਲੱਗੇ।
ਅਗਲੇ ਕੁਝ ਮਿੰਟਾਂ ਵਿੱਚ ਹੀ ਕਿਸ਼ਤੀ ਰੌਬਰਟਸਨ ਦੇ ਪੈਰਾਂ ਥੱਲੋਂ ਗਾਇਬ ਹੋਣ ਲੱਗੀ, ਇੰਨੇ ਵਿੱਚ ਲਿਨ ਕੁਝ ਜ਼ਰੂਰੀ ਵਸਤਾਂ ਹੀ ਚੁੱਕ ਸਕੀ- ਕਿਸ਼ਤੀ ਦਾ ਰੋਜ਼ਨਾਮਚਾ, ਇੱਕ ਛੁਰੀ, 10 ਸੰਤਰੇ, ਛੇ ਨਿੰਬੂ ਅਤੇ ਕੁਝ ਰੌਸ਼ਨੀ ਵਾਲੀਆਂ ਆਤਿਸ਼ਬਾਜ਼ੀਆਂ।
“ਮੈਂ ਸਭ ਤੋਂ ਅਖ਼ੀਰ ਵਿੱਚ ਛੋਟੀ ਕਿਸ਼ਤੀ ’ਤੇ ਆਇਆ ਅਤੇ ਮੈਂ ਦੇਖਿਆ ਕਿ ਜੌੜੇ (ਬੱਚੇ) ਰੋ ਰਹੇ ਸਨ। ਡਰ ਦੇ ਮਾਰੇ ਨਹੀਂ ਸਗੋਂ ਸਾਡੀ ਕਿਸ਼ਤੀ ਡੁੱਬਣ ਕਰਕੇ।”
ਮੱਛੀਆਂ ਸ਼ਾਂਤ ਮਹਾਂ ਸਾਗਰ ਵਿੱਚ ਅਲੋਪ ਹੋ ਚੁੱਕੀਆਂ ਸਨ। ਪਰਿਵਾਰ ਅੰਤ ਹੀਣ ਪ੍ਰਸ਼ਾਂਤ ਮਹਾਂ ਸਾਗਰ ਵਿੱਚ ਦੋ ਬੇੜੀਆਂ ਵਿੱਚ ਡੂਨੇ ਦੇ ਦੀਵੇ ਵਾਂਗ ਤਰ ਰਿਹਾ ਸੀ।
ਡੂਗਲਸ ਨੂੰ ਉਦੋਂ ਆਪਣੇ ਪਿਤਾ ਦੇ ਸਖ਼ਤ ਸੁਭਾਅ ਦਾ ਅਹਿਸਾਸ ਹੋਇਆ।
ਲਿਨ ਇੱਕ ਨਿਸ਼ਠਾਵਾਨ ਈਸਾਈ ਸੀ, ਸਭ ਕੁਝ ਗੁਆ ਕੇ, ਉਸ ਨੇ ਆਪਣੇ ਬੱਚਿਆਂ ਸਮੇਤ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ।
ਡੂਗਲਸ ਉਨ੍ਹਾਂ ਦੇ ਨਾਲ ਪ੍ਰਾਰਥਨਾ ਵਿੱਚ ਸ਼ਾਮਲ ਨਹੀਂ ਹੋਏ। ਲਿਨ ਨੇ ਬੁਲਾਇਆ ਤਾਂ ਪਿਤਾ ਦਾ ਜਵਾਬ ਸੀ, “ਮੈਂ ਇੱਕ ਨਾਸਤਿਕ ਹਾਂ ਅਤੇ ਰੱਬ ਨੂੰ ਨਹੀਂ ਮੰਨਦਾ”।
ਪ੍ਰਾਰਥਨਾ ਕਰਨ ਤੋਂ ਬਾਅਦ ਪਰਿਵਾਰ ਨੇ ਪਾਣੀ ’ਤੇ ਤੈਰ ਰਹੀਆਂ ਕੁਝ ਚੀਜ਼ਾਂ ਫੜੀਆਂ ਜੋ ਉਨ੍ਹਾਂ ਦੇ ਜ਼ਿੰਦਾ ਬਚੇ ਰਹਿਣ ਲਈ ਜ਼ਰੂਰੀ ਸਾਬਤ ਹੋਈਆਂ।

ਤਸਵੀਰ ਸਰੋਤ, DOUGLAS ROBERTSON
ਸਦਮੇ ਤੋਂ ਬਾਅਦ ਪਰਿਵਾਰ ਨੇ ਪੁੱਛਿਆ, “ਪਿਤਾ ਜੀ ਕੀ ਅਸੀਂ ਬਚ ਜਾਵਾਂਗੇ?”
ਡੂਗਲਸ ਨੇ ਆਪਣੇ ਪਰਿਵਾਰ ਵੱਲ ਇੱਕ ਤੱਕ ਦੇਖਿਆ। ਉਹ ਪਰਿਵਾਰ ਨੂੰ ਝੂਠਾ ਦਿਲਾਸਾ ਨਹੀਂ ਦੇਣਾ ਚਾਹੁੰਦੇ ਸਨ। ਸੱਚ ਕਹਿਣ ਲਈ ਉਹ ਸ਼ਬਦਾਂ ਦੀ ਭਾਲ ਕਰ ਰਹੇ ਸਨ।
ਆਖ਼ਰ ਉਨ੍ਹਾਂ ਨੇ ਕਿਹਾ ਕਿ ਭਾਵੇਂ ਖ਼ੁਸ਼ਕਿਸਮਤੀ ਨਾਲ ਅਸੀਂ ਜ਼ਿੰਦਾ ਹਾਂ ਪਰ ਜ਼ਿਆਦਾ ਦੇਰ ਸ਼ਾਇਦ ਨਹੀਂ ਰਹਾਂਗੇ।
ਡੂਗਲਸ ਨੂੰ ਯਾਦ ਹੈ ਪਿਤਾ ਨੇ ਆਪਣਾ ਪੂਰਾ ਜ਼ੋਰ ਲਗਾ ਕੇ ਉਨ੍ਹਾਂ ਨੂੰ ਸਮਝਾਇਆ ਕਿ ਉਹ ਕਿੱਥੇ ਖੜ੍ਹੇ ਸਨ ਅਤੇ ਉਨ੍ਹਾਂ ਮੁਤਾਬਕ ਉਨ੍ਹਾਂ ਕੋਲ ਸਿਰਫ 10 ਦਿਨਾਂ ਦਾ ਹੀ ਪਾਣੀ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਸਕੀਮ ਵੀ ਦੱਸੀ, “ਉਨ੍ਹਾਂ ਨੇ ਮੈਨੂੰ ਕਿਹਾ ਮੈਂ ਪਾਣੀ ਦੀਆਂ ਕੁਝ ਕੈਨੀਆਂ ਲੈ ਕੇ ਗਲਾਪਾਗੋਸ ਦੀਪ ਸਮੂਹ ਵੱਲ ਇੱਕ ਕਿਸ਼ਤੀ ਲੈ ਕੇ ਜਾਵਾਂ ਅਤੇ ਉੱਥੇ ਉਨ੍ਹਾਂ ਨੂੰ ਸਾਡੇ ਬਾਰੇ ਦੱਸਾਂ।“
ਜਦਕਿ ਡੂਗਲਸ ਜਾਣਦੇ ਸਨ ਕਿ ਉਹ ਇਸ ਬਾਰੇ ਸੋਚ ਵੀ ਨਹੀਂ ਸਕਦੇ ਸਨ। “ਮੈਂ ਕਿਹਾ, ਪਿਤਾ ਜੀ ਮੈਂ ਇਹ ਨਹੀਂ ਕਰਾਂਗਾ, ਉੱਥੇ ਇਕੱਲਾ ਜਾਣ ਨਾਲੋਂ ਮੈਂ ਇੱਥੇ ਤੁਹਾਡੇ ਸਾਰਿਆਂ ਨਾਲ ਮਰ ਜਾਵਾਂਗਾ।"
"ਜਦੋਂ ਮੈਂ ਸੋਚ ਹੀ ਰਿਹਾ ਸੀ ਕਿ ਉਹ ਮੈਨੂੰ ਮਾਰਨਗੇ ਪਿਤਾ ਨੇ ਮੇਰੀਆਂ ਅੱਖਾਂ ਵਿੱਚ ਦੇਖ ਕੇ ਕਿਹਾ ਕਿ ਮੈਨੂੰ ਅਸਲ ਵਿੱਚ ਇਹ ਕਹਿਣਾ ਹੀ ਨਹੀਂ ਚਾਹੀਦਾ ਸੀ।”
ਡੂਗਲਸ ਦੱਸਦੇ ਹਨ ਕਿ ਇਹ ਪਹਿਲੀ ਵਾਰ ਉਨ੍ਹਾਂ ਦੇ ਪਿਤਾ ਨੇ ਜ਼ਿੰਦਗੀ ਵਿੱਚ ਮਾਫ਼ੀ ਮੰਗੀ ਸੀ।
ਬਚੇ ਰਹਿਣ ਲਈ ਪਰਿਵਾਰ ਨੂੰ ਪਾਣੀ ਚਾਹੀਦਾ ਸੀ। ਜਦਕਿ ਉਨ੍ਹਾਂ ਕੋਲ ਜੋ ਪਾਣੀ ਸੀ ਉਹ ਸਿਰਫ ਦਸ ਦਿਨਾਂ ਜੋਗਾ ਹੀ ਸੀ। ਜਦਕਿ ਸਭ ਤੋਂ ਨਜ਼ਦੀਕੀ ਧਰਤੀ (ਗਲਾਪਾਗੋਸ ਦੀਪ ਸਮੂਹ) ਉਨ੍ਹਾਂ ਤੋਂ ਵੀਹ ਦਿਨ ਦੂਰ ਸੀ।

ਤਸਵੀਰ ਸਰੋਤ, Getty Images
ਮੀਂਹ ਦੇ ਰੂਪ ਵਿੱਚ ਉਮੀਦ ਵਰ੍ਹੀ
ਖਾਣਾ ਇੱਕ ਜਿਗਿਆਸੂ ਕੱਛੂਕੁੰਮੇ ਦੇ ਰੂਪ ਵਿੱਚ ਉਨ੍ਹਾਂ ਕੋਲ ਪਹੁੰਚਿਆ ਪਰ ਇਸ ਨੂੰ ਫੜਨਾ ਸੌਖਾ ਕੰਮ ਨਹੀਂ ਸੀ।
“ਉਹ ਮੇਰੇ ਬਹੁਤ ਨਜ਼ਦੀਕ ਸੀ। ਮੈਂ ਉਸ ਦੇ ਸਿਰ ਵਿੱਚ ਮਾਰਿਆ। ਉਸਦੀਆਂ ਅੱਖਾਂ ਖ਼ੂਨ ਨਾਲ ਭਰ ਗਈਆਂ ਪਰ ਉਹ ਪਰ੍ਹਾਂ ਭੱਜ ਗਿਆ। ਦੂਜੀ ਵਾਰ ਤਾਂ ਮੈਂ ਇਹ ਫੜ ਹੀ ਲੈਣਾ ਸੀ ਪਰ ਉਹ ਮੇਰੇ ਹੱਥਾਂ ਵਿੱਚੋਂ ਤਿਲਕ ਗਿਆ। ਆਖਰ ਤੀਜਾ ਕੱਛੂ ਆਇਆ ਅਤੇ ਅਸੀਂ ਉਸ ਨੂੰ ਫੜ ਸਕੇ।”
ਇਨ੍ਹਾਂ 38 ਦਿਨਾਂ ਦੌਰਾਨ ਉਨ੍ਹਾਂ ਨੇ ਮੀਟ ਸੁਕਾਉਣਾ ਸਿੱਖ ਲਿਆ ਤਾਂ ਜੋ ਲੰਬਾ ਸਮਾਂ ਚੱਲ ਸਕੇ ਅਤੇ ਮੀਂਹ ਦਾ ਪਾਣੀ ਵਰਤਣਾ ਵੀ ਸਿੱਖ ਲਿਆ।
ਡੂਗਲਸ ਦਾ ਕਹਿਣਾ ਹੈ ਕਿ ਜਦੋਂ ਪਾਣੀ ਦੀ ਮੁੜ ਤੋਂ ਕਮੀ ਹੋਣ ਲੱਗੀ ਤਾਂ ਉਨ੍ਹਾਂ ਦੀ ਮਾਂ ਨੇ ਮੀਂਹ ਦੇ ਗੰਦੇ ਪਾਣੀ ਨੂੰ ਖੂਨ ਅਤੇ ਗਰੀਸ ਵਿੱਚ ਮਿਲਾ ਕੇ ਅਨੀਮੇ ਵਜੋਂ ਦੇਣ ਦੀ ਗੱਲ ਕੀਤੀ।
“ਇਸ ਤਰ੍ਹਾਂ ਅਸੀਂ ਅਨੀਮੇ ਰਾਹੀਂ ਉਹ ਪਾਣੀ ਵੀ ਵਰਤਨਯੋਗ ਹੋ ਗਏ। ਇਸ ਤਰ੍ਹਾਂ ਤੁਹਾਡਾ ਢਿੱਡ ਪਾਣੀ ਤਾਂ ਸੋਖ ਲੈਂਦਾ ਹੈ ਪਰ ਕਿਉਂਕਿ ਇਹ ਦੂਜੇ ਪਾਸੇ ਤੋਂ ਆ ਰਿਹਾ ਹੋਣ ਕਾਰਨ ਕੋਈ ਪ੍ਰਦੂਸ਼ਕ ਤੁਹਾਡਾ ਸਰੀਰ ਗ੍ਰਹਿਣ ਨਹੀਂ ਕਰਦਾ। ਇਹ ਲਗਭਗ ਪਾਣੀ ਫਿਲਟਰ ਕਰਨ ਵਾਂਗ ਹੈ।”
ਉਹ ਆਪਸ ਵਿੱਚ ਮਜ਼ਾਕ ਕਰਦੇ ਅਤੇ ਕਹਿੰਦੇ ਕਿ ਵਾਪਸ ਜਾ ਕੇ ਇੱਕ ਰੈਸਟੋਰੈਂਟ ਖੋਲ੍ਹਣਗੇ ਜਿੱਥੇ ਉਹ ਆਪਣੇ ਸਾਰੇ ਸਬਕ ਵਰਤਣਗੇ।

ਤਸਵੀਰ ਸਰੋਤ, ROBERTSON FAMILY ARCHIVE
ਇਸੇ ਦੌਰਾਨ ਉਨ੍ਹਾਂ ਨੂੰ ਇੱਕ ਕਿਸ਼ਤੀ ਮਿਲ ਗਈ ਸੀ। ਉਹ ਸੋਚਣ ਲੱਗੇ ਕਿ ਚੱਪੂਆਂ ਦੀ ਮਦਦ ਨਾਲ ਉਹ ਕੇਂਦਰੀ ਅਮਰੀਕਾ ਪਹੁੰਚ ਜਾਣਗੇ।
“ਅਸੀਂ ਕੋਸਟਾਰੀਕਾ ਵੱਲ ਜਾ ਰਹੇ ਸੀ। ਅਸੀਂ ਬਚਾਅ ਲਏ ਜਾਣ ਦਾ ਵਿਚਾਰ ਛੱਡ ਕੇ ਰੈਸਟੋਰੈਂਟ ਖੋਲ੍ਹਣ ਦੀਆਂ ਸਲਾਹਾਂ ਕਰ ਰਹੇ ਸੀ। ਉਨ੍ਹਾਂ ਨੇ ਕਿਹਾ ਉਹ ਦੇਖੋ ਉੱਥੇ ਇੱਕ ਕਿਸ਼ਤੀ ਹੈ ਅਤੇ ਫਿਰ ਰੈਸਟੋਰੈਂਟ ਬਾਰੇ ਗੱਲਾਂ ਕਰਨ ਲੱਗ ਪਏ।”
“ਇਹ ਅਜਿਹਾ ਸੀ ਜਿਵੇਂ ਅਸੀਂ ਉਸ ਕਿਸ਼ਤੀ ਵੱਲੋਂ ਪੇਸ਼ ਕੀਤੇ ਬਚਾਅ ਦੇ ਮੌਕੇ ਬਾਰੇ ਭੁੱਲ ਹੀ ਗਏ ਸੀ। ਸਾਡਾ ਸਾਰਾ ਧਿਆਨ ਬਚੇ ਰਹਿਣ ਅਤੇ ਕੋਸਟਾਰੀਕਾ ਪਹੁੰਚਣ ’ਤੇ ਸੀ।”
ਆਖਰ ਡੂਗਲਸ ਨੇ ਖੜ੍ਹੇ ਹੋ ਕੇ ਰੌਸ਼ਨੀ ਵਾਲੇ ਪਟਾਕੇ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸ਼ਤੀ ਆਪਣੇ ਰਾਹ ’ਤੇ ਅੱਗੇ ਵਧ ਚੁੱਕੀ ਸੀ।
ਡੂਗਲਸ ਦੱਸਦੇ ਹਨ, “ਉਨ੍ਹਾਂ ਨੇ ਦੂਜੀ ਰੌਸ਼ਨੀ ਜਗਾਈ ਅਤੇ ਅਸੀਂ ਦੇਖਿਆ ਕਿ ਕਿਵੇਂ ਕਿਸ਼ਤੀ ਨੇ ਆਪਣਾ ਰੁਖ਼ ਲਗਭਗ 20 ਡਿਗਰੀ ਸਾਡੀ ਦਿਸ਼ਾ ਵੱਲ ਮੋੜ ਲਿਆ ਪਰ ਸਾਡੇ ਵੱਲ ਨਹੀਂ।"
"ਜਦੋਂ ਉਨ੍ਹਾਂ ਨੇ 20 ਡਿਗਰੀ ਹੋਰ ਮੋੜ ਕੱਟਿਆ ਤਾਂ ਮੈਂ ਸੋਚਿਆ ਕਿ ਚੜ੍ਹੇ ਸਮੁੰਦਰ ਵਿੱਚ ਕਿਸ਼ਤੀਆਂ ਬੇਮਤਲਬ ਆਪਣਾ ਰਾਹ ਨਹੀਂ ਬਦਲਦੀਆਂ। ਉਸੇ ਸਮੇਂ ਭੋਂਪੂ ਵੱਜਿਆ।”
ਉਹ ਸਾਨੂੰ ਬਚਾਉਣ ਆ ਰਹੇ ਸਨ! ਉਹ ਪਲ ਜਿਸਦਾ ਅਸੀਂ 38 ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸੀ।
ਇਹ ਇੱਕ ਮੱਛੀਆਂ ਫੜਨ ਵਾਲੀ ਜਪਾਨੀ ਕਿਸ਼ਤੀ ਸੀ। ਜਦੋਂ ਮਛੇਰਿਆਂ ਨੇ ਉਨ੍ਹਾਂ ਵੱਲੋਂ ਕੱਛੂ ਅਤੇ ਸ਼ਾਰਕ ਦਾ ਸੁੱਕਾ ਕੇ ਇਕੱਠਾ ਕੀਤਾ ਹੋਇਆ ਮਾਸ ਸੁੱਟਿਆ ਤਾਂ ਡੂਗਲਸ ਹੈਰਾਨ ਹੋ ਗਏ। ਉਹ ਅਜੇ ਵੀ ਉਸੇ ਰੌਂਅ ਵਿੱਚ ਸਨ ਕਿ ਹੋਰ ਖਾਣਾ ਨਹੀਂ ਹੈ।
ਉਹ ਦੱਸਦੇ ਹਨ, ਸਾਨੂੰ ਯਕੀਨ ਸੀ ਕਿ ਅਸੀਂ ਉਹ ਖਾਣਾ ਨਹੀਂ ਸੁੱਟਾਂਗੇ। ਸਾਨੂੰ ਨਹੀਂ ਪਤਾ ਸੀ ਕਿ ਉਹ ਸਾਨੂੰ ਝੂਠ ਬੋਲ ਰਹੇ ਸਨ। ਉਨ੍ਹਾਂ ਕੋਲ ਕਿਸ਼ਤੀ ’ਤੇ ਕੋਈ ਖਾਣਾ ਨਹੀਂ ਹੈ। ਅਜਿਹੀਆਂ ਗੱਲਾਂ ਸਾਡੇ ਦਿਮਾਗਾਂ ਵਿੱਚ ਚਲ ਰਹੀਆਂ ਸਨ।

ਤਸਵੀਰ ਸਰੋਤ, DOUGLAS ROBERTSON
ਆਖਰ ਉਹ ਪਨਾਮਾ ਸ਼ਹਿਰ ਪਹੁੰਚੇ, ਜਿੱਥੇ ਉਨ੍ਹਾਂ ਦੀ ਕਹਾਣੀ ਉੱਡਦੀ-ਉੱਡਦੀ ਕੌਮਾਂਤਰੀ ਪ੍ਰੈੱਸ ਤੱਕ ਪਹੁੰਚ ਗਈ।
ਉਨ੍ਹਾਂ ਨੂੰ ਹੋਟਲ ਵਿੱਚ ਲੈ ਕੇ ਗਏ, ਜਿੱਥੇ ਉਨ੍ਹਾਂ ਨੇ ਰੱਜਵਾਂ ਖਾਣਾ ਖਾਧਾ। ਉਨ੍ਹਾਂ ਵਿੱਚ ਖੂਨ-ਪਾਣੀ ਦੀ ਕਮੀ ਸੀ ਪਰ ਪਰਿਵਾਰ ਹੈਰਾਨੀਜਨਕ ਰੂਪ ਤੋਂ ਤੰਦਰੁਸਤ ਸੀ।
ਇਸ ਤੋਂ ਵੀ ਹੈਰਾਨੀਜਨਕ ਸੀ ਕਿ ਅਗਲੇ ਕੁਝ ਦਿਨਾਂ ਬਾਅਦ ਪਰਿਵਾਰ ਕਿਸ਼ਤੀ ਰਾਹੀਂ ਵਾਪਸ ਇੰਗਲੈਂਡ ਵੀ ਆ ਗਿਆ।
ਡੂਗਲ ਪਰਿਵਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਉਸ ਮੁਸ਼ਕਲ ਸਥਿਤੀ ਵਿੱਚ ਪਾਉਣ ਦੇ ਅਪਰਾਧ ਬੋਧ ਤੋਂ ਕਦੇ ਮੁਕਤ ਨਹੀਂ ਹੋ ਸਕੇ ਅਤੇ ਆਖ਼ਰ ਉਨ੍ਹਾਂ ਨੇ ਤਲਾਕ ਲੈ ਲਿਆ।
ਲਿਨ ਖੇਤ ਵਿੱਚ ਵਾਪਸ ਆ ਗਈ ਜਦਕਿ ਡੂਗਲ ਨੇ ਉਸ ਸਫ਼ਰ ਬਾਰੇ ਇੱਕ ਕਿਤਾਬ ਲਿਖੀ ਅਤੇ ਆਪਣੀ ਰਹਿੰਦੀ ਜ਼ਿੰਦਗੀ ਰੂਮ-ਸਾਗਰ ਵਿੱਚ ਇੱਕ ਕਿਸ਼ਤੀ ’ਤੇ ਕੱਟੀ।
ਜਦਕਿ ਡੂਗਲਸ ਪਹਿਲਾਂ ਜਲ ਸੈਨਾ ਵਿੱਚ ਚਲੇ ਗਏ ਅਤੇ ਫਿਰ ਯਾਟ ਕਿਸ਼ਤੀਆਂ ਦਾ ਕਾਰੋਬਾਰ ਵੀ ਕੀਤਾ।
ਉਨ੍ਹਾਂ ਨੇ ਵੀ ਇਸ ਸਫ਼ਰ ਬਾਰੇ ਕਿਤਾਬ ਲਿਖੀ। ਜਿਸ ਦਾ ਨਾਮ ਸੀ ਲੂਸੈਟ ਦਾ ਆਖ਼ਰੀ ਸਫ਼ਰ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਸਫ਼ਰ ਦੀਆਂ ਸਿੱਖਿਆਵਾਂ ਨੇ ਜੀਵਨ ਭਰ ਉਨ੍ਹਾਂ ਦਾ ਰਾਹ ਰੁਸ਼ਨਾਇਆ ਹੈ।
ਉਹ ਕਹਿੰਦੇ ਹਨ, “ਮੈਂ ਕਈ ਵੱਖੋ-ਵੱਖ ਜ਼ਿੰਦਗੀਆਂ ਜੀਵੀਆਂ ਹਨ। ਦਿੱਕਤ ਇਹ ਹੈ ਕਿ ਉਹ ਸਾਰੀਆਂ ਇਸ ਸਫ਼ਰ ਦੇ ਰੁਮਾਂਚ ਅੱਗੇ ਫਿੱਕੀਆਂ ਪੈ ਜਾਂਦੀਆਂ ਹਨ।"
"ਮੇਰੇ ਬੇਟੇ ਨਾਲ ਇੱਕ ਦੁਖਦਾਈ ਹਾਦਸਾ ਹੋਇਆ। ਇੱਕ ਕਾਰ ਹਾਦਸੇ ਵਿੱਚ ਉਸ ਦੇ ਦਿਮਾਗ਼ ’ਤੇ ਸੱਟ ਲੱਗ ਗਈ। ਉਸ ਕਿਸ਼ਤੀ ’ਤੇ ਜੋ ਕੁਝ ਹੋਇਆ ਉਸ ਨੇ ਬੇਟੇ ਨੂੰ ਸੰਭਾਲਣ ਵਿੱਚ ਮੇਰੀ ਮਦਦ ਕੀਤੀ।"
“ਮੈਂ ਯਕੀਨੀ ਬਣਾਇਆ ਕਿ ਕੰਮ ਹੋਣੇ ਚਾਹੀਦੇ ਹਨ। ਜਿਵੇਂ ਕਿ ਡੂਗਲਸ ਨੇ ਕੀਤਾ ਸੀ। ਡੂਗਲਸ ਨੇ ਨਿੱਕੀ-ਨਿੱਕੀ ਚੀਜ਼ ਵੱਲ ਧਿਆਨ ਦਿੱਤਾ ਜਦੋਂ ਤੱਕ ਉਨ੍ਹਾਂ ਨੇ ਸਭ ਕੁਝ ਠੀਕ ਨਹੀਂ ਕਰ ਲਿਆ। ਇਹੀ ਮੈਂ ਸਿੱਖਿਆ ਹੈ ਅਤੇ ਅੱਗੇ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦਾ ਹਾਂ।
“ਪਰ ਤੁਸੀਂ ਦੇਖ ਹੀ ਸਕਦੇ ਹੋ ਮੇਰੇ ਬੱਚੇ ਤਾਂ ਪਹਿਲਾਂ ਹੀ ਕਹਿ ਰਹੇ ਹਨ ਕਿ 38 ਦਿਨ ਮੁੜ ਤੋਂ ਵਹਿਣਾ, ਨਹੀਂ!”












