ਇੱਥੇ ਕਿਸਾਨਾਂ ਨੇ ਪਿਸ਼ਾਬ ਤੋਂ ਖਾਦ ਬਣਾਉਣ ਦਾ ਕਿਹੜਾ ਨਵਾਂ ਤਰੀਕਾ ਲੱਭਿਆ

ਤਸਵੀਰ ਸਰੋਤ, Rich Earth Institute
- ਲੇਖਕ, ਬੇਕਾ ਵਾਰਨਰ
- ਰੋਲ, ਬੀਬੀਸੀ ਪੱਤਰਕਾਰ
ਪੁਰਾਣੇ ਸਮਿਆਂ ਦੌਰਾਨ ਪਿਸ਼ਾਬ ਦੀ ਵਰਤੋਂ ਖੇਤਾਂ ਵਿੱਚ ਖਾਦ ਵਜੋਂ ਕੀਤੀ ਜਾਂਦੀ ਸੀ। ਇਸ ਦੇ ਕਈ ਹਵਾਲੇ ਪ੍ਰਾਚੀਨ ਰੋਮ ਅਤੇ ਚੀਨ ਵਿੱਚ ਮਿਲਦੇ ਹਨ।
ਹੁਣ ਅਮਰੀਕਾ ਦੇ ਸੂਬੇ ਵਰਮੋਂਟ ਵਿੱਚ ਕਿਸਾਨਾਂ ਵੱਲੋਂ ਦੁਬਾਰਾ ਇਸ ਰੀਤ ਨੂੰ ਅਪਣਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਫ਼ਸਲੀ ਝਾੜ ਵਿੱਚ ਵਾਧਾ ਹੋ ਰਿਹਾ ਹੈ ਅਤੇ ਵਧੇਰੇ ਟਿਕਾਊ ਤਰੀਕੇ ਨਾਲ ਖੇਤੀ ਸੰਭਵ ਹੋ ਪਾ ਰਹੀ ਹੈ।
ਅਮਰੀਕਾ ਦੇ ਪੇਂਡੂ ਇਲਾਕੇ ਵਰਮੋਂਟ ਦੇ ਬੈਟਸੀ ਵਿਲੀਅਮਜ਼ ਕਹਿੰਦੇ ਹਨ ਕਿ ਹੁਣ ਉਨ੍ਹਾਂ ਦਾ ਪਿਸ਼ਾਬ ਬਰਬਾਦ ਨਹੀਂ ਹੁੰਦਾ ਹੈ।
ਪਿਛਲੇ 12 ਸਾਲਾਂ ਤੋਂ, ਉਹ ਅਤੇ ਇਲਾਕੇ ਵਿੱਚ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਮਨੁੱਖੀ ਪਿਸ਼ਾਬ ਇਕੱਠਾ ਕੀਤਾ ਜਾਂਦਾ ਹੈ ਅਤੇ ਇਸਨੂੰ ਕਿਸਾਨਾਂ ਨੂੰ ਫ਼ਸਲਾਂ ਲਈ ਖਾਦ ਵਜੋਂ ਵਰਤਣ ਲਈ ਦਿੱਤਾ ਜਾਂਦਾ ਹੈ।
ਵਿਲੀਅਮਜ਼ ਕਹਿੰਦੇ ਹੈ, "ਸਾਡੇ ਰੋਜ਼ਾਨਾ ਦੇ ਖਾਣੇ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਅਤੇ ਫਿਰ ਇਹੀ ਪੌਸ਼ਟਿਕ ਤੱਤ ਸਾਡੇ ਅਤੇ ਜਾਨਵਰਾਂ ਲਈ ਭੋਜਨ ਤਿਆਰ ਹੋਣ ਲਈ ਮਦਦ ਕਰਨ ਲਈ ਵਾਪਸ ਰੀਸਾਈਕਲ ਹੋ ਰਹੇ ਹਨ"
ਵਿਲੀਅਮਜ਼, ਯੂਰੀਨ ਨਿਊਟ੍ਰੀਐਂਟ ਰੀਕਲੇਮੇਸ਼ਨ ਪ੍ਰੋਗਰਾਮ ਦਾ ਹਿੱਸਾ ਹਨ, ਇਹ ਵਰਮੋਂਟ ਵਿੱਚ ਇੱਕ ਗੈਰ-ਮੁਨਾਫ਼ਾ ਸੰਸਥਾ 'ਰਿਚ ਅਰਥ ਇੰਸਟੀਚਿਊਟ' ਦੁਆਰਾ ਚਲਾਇਆ ਜਾਂਦਾ ਹੈ।

ਉਹ ਅਤੇ ਉਨ੍ਹਾਂ ਦੇ 250 ਦੇ ਕਰੀਬ ਗੁਆਂਢੀ ਹਰ ਸਾਲ ਪ੍ਰੋਗਰਾਮ ਨੂੰ ਕੁੱਲ 12,000 ਗੈਲਨ (45,400 ਲੀਟਰ) ਪਿਸ਼ਾਬ ਦਾਨ ਕਰਦੇ ਹਨ ਤਾਂ ਜੋ ਇਸਨੂੰ ਰੀਸਾਈਕਲ ਕੀਤਾ ਜਾ ਸਕੇ। ਉਹ ਇਸ ਨੂੰ ਪੀ-ਸਾਈਕਲਿੰਗ ਕਹਿੰਦੇ ਹਨ।
ਇਹ ਪਿਸ਼ਾਬ ਟੈਂਕਰਾਂ ਰਾਹੀਂ ਲਿਜਾਇਆ ਜਾਂਦਾ ਹੈ ਅਤੇ ਫਿਰ 80 ਸੈਲੀਸੀਅਸ 'ਤੇ 90 ਸਕਿੰਟਾਂ ਲਈ ਗਰਮ ਕਰਕੇ ਪਾਸਚਰਾਈਜ਼ ਕੀਤਾ ਜਾਂਦਾ ਹੈ ਅਤੇ ਅਖੀਰ ਇਸ ਨੂੰ ਟੈਂਕਰਾਂ ਵਿੱਚ ਸਟੋਰ ਕੀਤਾ ਜਾਂਦਾ ਹੈ, ਬਾਅਦ ਵਿੱਚ ਲੋੜ ਮੁਤਾਬਕ ਫਸਲਾਂ ਨੂੰ ਖਾਦ ਪਾਉਣ ਲਈ ਛਿੜਕਾਅ ਕੀਤਾ ਜਾਂਦਾ ਹੈ।
ਇਤਿਹਾਸਕ ਹਵਾਲਿਆਂ ਅਨੁਸਾਰ ਪ੍ਰਾਚੀਨ ਚੀਨ ਅਤੇ ਰੋਮ ਵਿੱਚ ਫ਼ਸਲਾਂ ਉਗਾਉਣ ਲਈ ਪਿਸ਼ਾਬ ਦੀ ਖਾਦ ਵਜੋਂ ਵਰਤੋਂ ਕੀਤੀ ਜਾਂਦੀ ਸੀ। ਵਿਗਿਆਨੀਆਂ ਮੁਤਾਬਕ, ਹੋਰਨਾਂ ਖਾਦਾਂ ਦੀ ਵਰਤੋਂ ਨਾ ਕਰਦਿਆਂ ਸਿਰਫ਼ ਪਿਸ਼ਾਬ ਦੀ ਖਾਦ ਵਜੋਂ ਵਰਤੋਂ ਫਸਲਾਂ ਦੇ ਝਾੜ ਨੂੰ ਦੁੱਗਣਾ ਕਰ ਸਕਦੀ ਹੈ, ਅਤੇ ਮਿੱਟੀ ਨੂੰ ਵੀ ਵਧੇਰੇ ਉਪਜਾਊ ਬਣਾਉਂਦੀ ਹੈ।
ਖੇਤਾਂ ਵਿੱਚ ਪਿਸ਼ਾਬ ਦੇ ਖਾਦ ਦੇ ਤੌਰ 'ਤੇ ਚੰਗੇ ਪ੍ਰਭਾਵਾਂ ਦਾ ਕਾਰਨ ਇਸ ਵਿੱਚ ਮੌਜੂਦ ਨਾਈਟ੍ਰੋਜਨ ਅਤੇ ਫਾਸਫੋਰਸ ਹਨ। ਇਨ੍ਹਾਂ ਹੀ ਤੱਤਾਂ ਨੂੰ ਆਮ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਰਸਾਇਣਕ ਖਾਦਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਪਰ ਇਹ ਰਸਾਇਣਕ ਖਾਦਾਂ ਵਾਤਾਵਰਣ 'ਤੇ ਮਾੜਾ ਪ੍ਰਭਾਵ ਛੱਡਦੀਆਂ ਹਨ।
ਨਾਈਟ੍ਰੋਜਨ ਕੱਚੇ ਤੇਲ ਨੂੰ ਕੱਢਣ ਸਮੇਂ ਹੈਬਰ-ਬੋਸ਼ ਪ੍ਰਕਿਰਿਆ ਦੀ ਵਰਤੋਂ ਨਾਲ ਪੈਦਾ ਹੁੰਦਾ ਹੈ ਅਤੇ ਫਾਸਫੋਰਸ ਦੀ ਮਾਈਨਿਗ ਸਮੇਂ ਜ਼ਹਿਰੀਲਾ ਰਹਿੰਦ-ਖੂੰਹਦ ਪੈਦਾ ਹੁੰਦਾ ਹੈ, ਇਸ ਦੇ ਉਲਟ ਪਿਸ਼ਾਬ ਮੁਫ਼ਤ ਵਿੱਚ ਉਪਲੱਬਧ ਹੈ।

ਤਸਵੀਰ ਸਰੋਤ, Rich Earth Institute
ਮਿਸ਼ੀਗਨ ਯੂਨੀਵਰਸਿਟੀ ਵਿੱਚ ਸਿਵਲ ਅਤੇ ਵਾਤਾਵਰਣ ਇੰਜੀਨੀਅਰਿੰਗ ਦੇ ਪ੍ਰੋਫੈਸਰ ਨੈਨਸੀ ਲਵ ਦੇ ਮੁਤਾਬਕ, ਰਸਾਇਣਕ ਖਾਦ ਦੀ ਬਜਾਏ ਪਿਸ਼ਾਬ ਦੀ ਵਰਤੋਂ ਨਾਲ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਇਆ ਜਾ ਸਕਿਆ ਹੈ ਅਤੇ ਪਾਣੀ ਦੀ ਵਰਤੋਂ ਵੀ ਅੱਧੀ ਰਹਿ ਗਈ ਹੈ।
ਯੂਐੱਨਆਰਪੀ ਦੇ ਅੰਦਾਜ਼ੇ ਅਨੁਸਾਰ, ਇਸ ਨਾਲ ਟਾਇਲਟ ਫਲੱਸ਼ ਨੂੰ ਸੀਮਤ ਕਰਕੇ 2.7 ਮਿਲੀਅਨ ਗੈਲਨ (10.2 ਮਿਲੀਅਨ ਲੀਟਰ) ਤੋਂ ਵੱਧ ਪਾਣੀ ਦੀ ਬਚਤ ਵੀ ਕੀਤੀ ਜਾ ਚੁੱਕੀ ਹੈ।
ਉਹ ਕਹਿੰਦੇ ਹਨ, "ਮੈਂ ਹਮੇਸ਼ਾ ਸਿਸਟਮ ਨੂੰ ਲੈ ਕੇ ਚਿੰਤਕ ਰਿਹਾ ਹਾਂ। ਸਾਡੇ ਪਾਣੀ ਦੀ ਸੰਭਾਲ ਲਈ ਤਰੀਕੇ ਕਾਰਗਰ ਨਹੀਂ ਹਨ। ਅੱਜ ਦੇ ਸਮੇਂ ਪਿਸ਼ਾਬ ਨੂੰ ਪਾਈਪਾਂ ਰਾਹੀ ਘਰਾਂ ਤੋਂ ਕੱਢਿਆ ਜਾਂਦਾ ਹੈ ਅਤੇ ਕਿਸੇ ਟ੍ਰੀਟਮੈਂਟ ਪਲਾਂਟ ਵਿੱਚ ਭੇਜਿਆ ਜਾਂਦਾ ਹੈ। ਫਿਰ ਬਹੁਤ ਸਾਰੀ ਉਰਜਾ ਦੀ ਵਰਤੋਂ ਕਰਦਿਆਂ ਪਿਸ਼ਾਬ ਨੂੰ ਟ੍ਰੀਟ ਕਰਦੇ ਹਾਂ ਅਤੇ ਇਸ ਨੂੰ ਕਿਰਿਆਸ਼ੀਲ ਰੂਪ ਵਿੱਚ ਵਾਤਾਵਰਣ ਵਿੱਚ ਛੱਡ ਦਿੰਦੇ ਹਾਂ।"
ਆਮ ਤੌਰ ਉੱਤੇ ਪਿਸ਼ਾਬ ਦੇ ਇਹ ਪੌਸ਼ਟਿਕ ਤੱਤ ਨਦੀਆਂ-ਨਾਲ਼ਿਆਂ ਭਾਵ ਪਾਣੀ ਦੇ ਸਰੋਤਾਂ ਵਿੱਚ ਵਹਿ ਜਾਂਦੇ ਹਨ। ਟ੍ਰੀਟਮੈਂਟ ਪਲਾਟਾਂ ਵਿੱਚ ਫਾਲਤੂ ਪਾਣੀ ਨੂੰ ਟ੍ਰੀਟ ਕਰਨ ਸਮੇਂ ਪਿਸ਼ਾਬ 'ਚੋਂ ਨਾਈਟ੍ਰੋਜਨ ਅਤੇ ਫਾਸਫੋਰਸ ਪੂਰੀ ਤਰ੍ਹਾਂ ਨਹੀਂ ਨਿਕਲਦੇ।
ਇਹ ਪੋਸ਼ਕ ਤੱਤ ਨਦੀਆਂ-ਨਾਲਿਆਂ ਵਿੱਚ ਕਾਈ ਦੁਆਰਾ ਸੋਖ ਲਏ ਜਾਂਦੇ ਹਨ। ਇਸ ਦੇ ਨਤੀਜੇ ਵਜੋਂ ਕਾਈ ਵਧੇਰੇ ਵੱਧਦੀ ਹੈ ਅਤੇ ਪਾਣੀ ਦੇ ਵਹਾਅ 'ਚ ਰੋਕ ਪੈਦਾ ਕਰਦੀ ਹੈ। ਇਹ ਵਾਤਾਵਰਨ ਵਿੱਚ ਅਸੰਤੁਲਨ ਬਣਾਉਂਦੀ ਹੈ।
ਆਰਈਆਈ ਦੀ ਕਾਰਜਕਾਰੀ ਨਿਰਦੇਸ਼ਕ ਜਮੀਨਾ ਸ਼ੂਪੈਕ ਕਹਿੰਦੇ ਹਨ, "ਸਾਡੇ ਖਾਣੇ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਅਤੇ ਇਸ ਸਮੇਂ ਉਹ ਪੌਸ਼ਟਿਕ ਤੱਤ ਨਾ ਸਿਰਫ਼ ਬਰਬਾਦ ਹੋ ਰਹੇ ਹਨ, ਸਗੋਂ ਉਹ ਵਾਤਵਰਨ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਰਹੇ ਹਨ।"
ਇਹ ਪੌਸ਼ਟਿਕ ਤੱਤ ਕਾਈ ਲਈ ਲਾਭਕਾਰੀ ਹਨ ਅਤੇ ਫਸਲਾਂ ਲਈ ਵੀ।
ਸ਼ੂਪੈਕ ਦੱਸਦੇ ਹਨ, "ਨਾਈਟ੍ਰੋਜਨ ਪੌਦਿਆਂ ਨੂੰ ਵਧਣ ਵਿੱਚ ਮਦਦਗਾਰ ਹੈ। ਇਸ ਲਈ ਪਾਣੀ ਵਿੱਚ ਇਹ ਕਾਈ ਨੂੰ ਵਧਣ ਵਿੱਚ ਮਦਦ ਕਰ ਰਿਹਾ ਹੈ, ਪਰ ਜੇਕਰ ਇਹ ਜ਼ਮੀਨ 'ਤੇ ਹੋਵੇ ਤਾਂ ਇਹ ਪੌਦਿਆਂ ਨੂੰ ਵਧਣ ਵਿੱਚ ਮਦਦ ਕਰੇਗਾ। ਇਸ ਕਰਕੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਪਿਸ਼ਾਬ ਨੂੰ ਪਾਣੀ ਦੇ ਸਰੋਤਾਂ ਤੋਂ ਦੂਰ ਕਰਦਿਆਂ ਜ਼ਮੀਨ 'ਤੇ ਫਸਲਾਂ ਵੱਲ ਮੋੜਨ ਨਾਲ ਕਿਸਾਨਾਂ ਨੂੰ ਫ਼ਸਲਾਂ ਉਗਾਉਣ ਲਈ ਸਹਾਈ ਸਾਬਤ ਹੋ ਸਕਦਾ ਹੈ।"
ਸ਼ੂਪੈਕ ਕਹਿੰਦੇ ਹਨ, "ਆਰਈਆਈ ਦੀ ਟੀਮ ਅਤੇ ਕਿਸਾਨ ਪਾਣੀ ਦੇ ਸਰੋਤਾਂ 'ਚ ਪਿਸ਼ਾਬ ਦੀ ਮਾਤਰਾ ਨੂੰ ਘੱਟ ਤੋਂ ਘੱਟ ਕਰਨ ਲਈ ਯਤਨਸ਼ੀਲ ਹਨ। ਪਿਸ਼ਾਬ ਦੀ ਖਾਦ ਵਜੋਂ ਵਰਤੋਂ ਦਾ ਸਮਾਂ ਵੀ ਧਿਆਨ ਨਾਲ ਰੱਖਿਆ ਜਾਂਦਾ ਹੈ, ਤਾਂ ਜੋ ਪੌਦਾ ਪੌਸ਼ਟਿਕ ਤੱਤ ਨੂੰ ਸਹੀਂ ਤਰ੍ਹਾਂ ਸੋਖ ਲਵੇ, ਮਿੱਟੀ ਦੀ ਨਮੀ ਨੂੰ ਵੀ ਮਾਪਿਆ ਜਾਂਦਾ ਹੈ।"
ਉਹ ਅੱਗੇ ਕਹਿੰਦੇ ਹਨ, "ਪੀਸਾਈਕਲਿੰਗ, ਪਾਣੀ ਦੇ ਸਰੋਤਾਂ ਵਿੱਚ ਦਾਖਲ ਹੋਣ ਵਾਲੇ ਪੌਸ਼ਟਿਕ ਤੱਤਾਂ ਦੀ ਕੁੱਲ ਮਾਤਰਾ ਨੂੰ ਘਟਾਉਂਦੀ ਹੈ। ਮੌਜੂਦਾ ਪ੍ਰਣਾਲੀ ਵਿੱਚ, ਸਿੰਥੈਟਿਕ ਖਾਦ ਪਾਣੀ ਦੇ ਸਰੋਤਾਂ ਵਿੱਚ ਵਹਿ ਜਾਂਦੇ ਹਨ, ਅਤੇ ਨਾਲ ਹੀ ਪਿਸ਼ਾਬ ਸਿੱਧੇ ਗੰਦੇ ਪਾਣੀ ਰਾਹੀਂ ਨਦੀਆਂ-ਨਾਲ਼ਿਆਂ ਵਿੱਚ ਦਾਖਲ ਹੁੰਦਿਆਂ ਪਾਣੀ ਪ੍ਰਦੁਸ਼ਣ ਦਾ ਕਾਰਨ ਬਣਦਾ ਹੈ।
ਯੂਐੱਨਆਰਪੀ ਵੱਲੋਂ ਵਰਮੋਂਟ, ਅਮਰੀਕਾ ਵਿੱਚ ਪੀਸਾਈਕਲਿੰਗ ਦਾ ਕੰਮ ਕੀਤਾ ਜਾਂਦਾ ਹੈ, ਪਰ ਅਜਿਹੇ ਕਈ ਪ੍ਰੋਜੈਕਟ ਦੂਜੇ ਦੇਸ਼ਾਂ ਵਿੱਚ ਵੀ ਸ਼ੁਰੂ ਹੋ ਰਹੇ ਹਨ।
ਫ਼ਰਾਂਸ ਦੇ ਪੈਰਿਸ ਵਿੱਚ ਵਲੰਟੀਅਰ ਕਣਕ ਦੀ ਖਾਦ ਲਈ ਪਿਸ਼ਾਬ ਇਕੱਠਾ ਕਰ ਰਹੇ ਹਨ। ਸਵੀਡਿਨ ਵਿੱਚ ਵੀ ਅਜਿਹੇ ਕਈ ਪ੍ਰੋਜੈਕਟ ਕਾਰਜਸ਼ੀਲ ਹਨ। ਦੱਖਣੀ ਅਫਰੀਕਾ, ਨੇਪਾਲ ਅਤੇ ਹੋਰਨਾਂ ਕਈ ਦੇਸ਼ਾਂ ਵਿੱਚ ਵੀ ਪੀਸਾਈਕਲਿੰਗ 'ਤੇ ਕੰਮ ਜਾਰੀ ਹੈ।

ਤਸਵੀਰ ਸਰੋਤ, Rich Earth Institute
ਸ਼ੁਪੈਕ ਮੁਤਾਬਕ, ਇਹ ਕੰਮ ਕਾਫੀ ਮੁਸ਼ਕਿਲ ਹੈ।
ਉਹ ਕਹਿੰਦੇ ਹਨ ਕਿ ਵਰਮੋਂਟ ਵਿੱਚ ਕਿਸਾਨਾਂ ਵੱਲੋਂ ਪਿਸ਼ਾਬ ਦੀ ਮੰਗ ਸਪਲਾਈ ਨਾਲੋਂ ਕਿਤੇ ਵੱਧ ਹੈ, ਪਰ ਪਿਸ਼ਾਬ ਇਕੱਠਾ ਕਰਨਾ ਬੜਾ ਮੁਸ਼ਕਿਲ ਭਰਿਆ ਕੰਮ ਹੈ। ਨਿਯਮ ਵੀ ਰੁਕਾਵਟਾਂ ਖੜ੍ਹੀ ਕਰਦੇ ਹਨ।
ਇਸ ਦੇ ਲਈ ਕੋਈ ਸਟੀਕ ਕਾਨੂੰਨੀ ਪ੍ਰਕਿਰਿਆ ਨਹੀਂ ਹੈ। ਪਿਸ਼ਾਬ ਨੂੰ ਇੱਕਠਾ ਕਰਨਾ ਅਤੇ ਪੇਸ਼ਚਰਾਈਜ਼ ਕਰਨ ਦੇ ਕੰਮ ਨੂੰ ਕਾਨੂੰਨ ਵਿੱਚ ਕਿਤੇ ਸ਼੍ਰੇਣੀਬੱਧ ਨਹੀਂ ਕੀਤਾ ਗਿਆ ਹੈ, ਇਸ ਕੰਮ ਨੂੰ ਕਰਨ ਲਈ ਅਸੀਂ ਕਈ ਨਿਯਮਾਂ ਦਾ ਅਧਿਐਨ ਕਰਦਿਆਂ ਰਾਹ ਲੱਭਿਆ ਹੈ।
ਵਰਮੋਂਟ ਦੇ ਵਾਤਾਵਰਣ ਸੰਭਾਲ ਵਿਭਾਗ ਦੇ ਪ੍ਰੋਗਰਾਮ ਮੈਨੇਜਰ, ਈਮਨ ਟੂਹਿਗ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਆਰਈਆਈ ਨੇ ਸ਼ੁਰੂ ਵਿੱਚ ਵਿਭਾਗ ਨਾਲ ਸੰਪਰਕ ਕੀਤਾ ਸੀ ਤਾਂ ਉਦੋਂ ਕੋਈ ਵੀ ਸੱਪਸ਼ਟ ਨਿਯਮਾਵਲੀ ਨਹੀਂ ਸੀ। ਹਾਲਾਂਕਿ ਹੁਣ ਆਰਈਆਈ ਨੇ ਕਾਨੂੰਨੀ ਪ੍ਰਕਿਰਿਆ ਰਾਹੀਂ ਰਾਹ ਅਖਤਿਆਰ ਕੀਤਾ ਹੈ, ਉਨ੍ਹਾਂ ਕੋਲ ਪਿਸ਼ਾਬ ਦੀ ਪੀਸਾਈਕਲਿੰਗ ਲਈ ਯੋਗ ਰੈਗੂਲੇਟਰੀ ਪ੍ਰਕਿਰਿਆ ਅਤੇ ਅਧਿਕਾਰ ਹਨ।"
ਸ਼ੁਪੈਕ ਕਹਿੰਦੇ ਹਨ ਆਰਈਆਈ ਕੋਲ ਕੰਮ ਕਰਨ ਲਈ ਲੋੜੀਂਦੇ ਸਾਰੇ ਪਰਮਿਟ ਹਨ।
ਇਹ ਸੰਸਥਾ ਹੁਣ ਮੈਸੇਚਿਸੇਟਸ ਅਤੇ ਮਿਸ਼ੀਗਨ ਵਿੱਚ ਭਾਈਵਾਲਾਂ ਨਾਲ ਮਿਲ ਕੇ ਅੱਗੇ ਵਧਣ ਲਈ ਕੰਮ ਕਰ ਰਹੀ ਹੈ।
"ਅਸੀਂ ਇਸਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਨਵੇਂ ਵਾਤਾਵਰਣ ਨਿਯਮਾਂ ਨੂੰ ਅਪਡੇਟ ਕਰਨਾ ਹਮੇਸ਼ਾ ਆਸਾਨ ਨਹੀਂ ਹੁੰਦਾ"
ਉਹ ਅੱਗੇ ਕਹਿੰਦੇ ਹਨ ਕਿ ਸਭ ਤੋਂ ਵੱਡੀਆਂ ਚੁਣੌਤੀਆਂ ਹਨ ਕਿ ਮੌਕੇ 'ਤੇ ਵੱਖ ਕੀਤੇ ਗਏ ਮਨੁੱਖੀ ਰਹਿੰਦ-ਖੂੰਹਦ ਅਤੇ ਇੱਕਠੇ ਗੰਦੇ ਪਾਣੀ ਦੇ ਵਹਾਅ ਵਿੱਚ ਕੋਈ ਕਾਨੂੰਨੀ ਅੰਤਰ ਨਹੀਂ ਹੈ।
ਇਸ ਸਭ ਪ੍ਰਕਿਰਿਆਂ ਵਿੱਚ ਹੋਰ ਸੀਮਾਵਾਂ ਵੀ ਹਨ। ਭਾਰ ਪੱਖੋਂ ਪਿਸ਼ਾਬ ਭਾਰੀ ਹੁੰਦਾ ਹੈ ਜਿਸ ਕਰਕੇ ਢੋਆ-ਢੁਆਈ ਵਿੱਚ ਔਖਾਈ ਹੁੰਦੀ ਹੈ। ਅੱਜ ਦੇ ਸਮੇਂ ਪਿਸ਼ਾਬ ਨੂੰ ਵਰਮੋਂਟ ਵਿੱਚ ਸਥਾਨਕ ਤੌਰ 'ਤੇ ਟਰਾਸਪੋਰਟ ਕੀਤਾ ਜਾਂਦਾ ਹੈ। ਪਰ ਇਸ ਦੇ ਵਿਸਤਾਰ ਮਗਰੋਂ ਪਿਸ਼ਾਬ ਨੂੰ ਵੱਡੀ ਦੂਰੀ 'ਤੇ ਲਿਜਾਣਾ ਹੋਵੇਗਾ, ਇਸ ਲਈ ਆਰਈਆਈ ਨੇ ਇੱਕ ਫ੍ਰੀਜ਼ ਪ੍ਰਣਾਲੀ ਵਿਕਸਤ ਕੀਤੀ ਹੈ ਜਿਸ ਨਾਲ ਪਿਸ਼ਾਬ ਨੂੰ ਛੇ ਗੁਣਾ ਗਾੜ੍ਹਾ ਕੀਤਾ ਜਾਂਦਾ ਹੈ ਅਤੇ ਵਰਤਮਾਨ ਵਿੱਚ ਇਹ ਤਕਨੀਕ ਮਿਸ਼ੀਗਨ ਯੂਨੀਵਰਸਿਟੀ ਵਿੱਚ ਵਰਤੀ ਜਾ ਰਹੀ ਹੈ।
ਇਸ ਸਭ ਦੇ ਵਿੱਚ ਘਰ ਜਾਂ ਇਮਾਰਤ ਦੀ ਪਲੰਬਿੰਗ ਵੀ ਵੱਡੀ ਚੁਣੌਤੀ ਹੈ।
ਉਹ ਕਹਿੰਦੇ ਹਨ ਕਿ ਪਿਸ਼ਾਬ ਨੂੰ ਵੱਖ ਕਰਨ ਵਾਲੇ ਸਿਸਟਮ ਫਲੱਸ਼ਿੰਗ ਦੇ ਸਟੈਂਡਰਡ ਟਾਇਲਟ ਵਾਂਗ ਕੰਮ ਨਹੀਂ ਕਰਦੇ। ਹਾਲਾਂਕਿ ਇਹ ਪਾਣੀ ਦੀ ਵਰਤੋਂ ਘਟਾਉਣ ਲਈ ਕਾਰਗਰ ਹੈ, ਪਰ ਪਲੰਬਿੰਗ ਲਈ ਦਿੱਕਤ ਦਾ ਸਬੱਬ ਹੈ। ਜਦੋਂ ਪਾਣੀ ਸਿਸਟਮ ਵਿੱਚੋਂ ਆਮ ਵਾਂਗ ਨਹੀਂ ਵਹਿੰਦਾ, ਤਾਂ ਕਈ ਘਾਤਕ ਬਿਮਾਰੀਆਂ ਦਾ ਖ਼ਤਰਾ ਬਣ ਜਾਂਦਾ ਹੈ।
ਉਹ ਕਹਿੰਦੇ ਹਨ, "ਹਰੇਕ ਦਿੱਕਤ ਦੇ ਵਾਂਗ ਇਸ ਦੇ ਵੀ ਹੱਲ ਹਨ, ਇਮਾਰਤ ਵਿੱਚ ਵੱਖਰੇ ਤਰੀਕੇ ਦੇ ਪਲੰਬਿੰਗ ਸਿਸਟਮ ਸਹਾਈ ਹੋ ਸਕਦੇ ਹਨ। ਇਸ 'ਤੇ ਲਵ ਅਤੇ ਉਨ੍ਹਾਂ ਦੇ ਸਾਥੀ ਕੰਮ ਕਰ ਰਹੇ ਹਨ, ਤਾਂ ਜੋ ਅਮਰੀਕਾ ਦੀਆਂ ਨਵੀਆਂ ਇਮਾਰਤਾਂ ਵਿੱਚ ਸ਼ੁਰੂ ਤੋਂ ਹੀ ਪਿਸ਼ਾਬ ਵੱਖ ਕਰਨ ਵਾਲੇ ਸਿਸਟਮ ਸਥਾਪਤ ਕੀਤੇ ਜਾ ਸਕਣ।
"ਜੇਕਰ ਅਸੀਂ ਇਸ ਸਦੀ ਦੇ ਅੰਤ ਤੱਕ ਟਿਕਾਊ ਜਲ ਪ੍ਰਣਾਲੀਆਂ ਦੀ ਕੋਈ ਉਮੀਦ ਰੱਖਦੇ ਹਾਂ, ਤਾਂ ਸਾਨੂੰ ਹੁਣ ਤੋਂ ਹੀ ਇਹਨਾਂ ਨਵੀਨਤਾਕਾਰੀ ਹੱਲਾਂ ਵੱਲ ਧਿਆਨ ਦੇਣਾ ਸ਼ੁਰੂ ਕਰਨਾ ਪਵੇਗਾ।"

ਤਸਵੀਰ ਸਰੋਤ, Rich Earth Institute
ਇਨ੍ਹਾਂ ਨਵੀਆਂ ਪ੍ਰਣਾਲੀਆਂ ਦਾ ਟੀਚਾ ਪਿਸ਼ਾਬ ਨੂੰ ਸਟੋਰ ਅਤੇ ਟਰਾਂਸਪੋਰਟ ਕਰਨਾ ਆਸਾਨ ਬਣਾਉਣਾ ਹੈ।
ਸ਼ੁਰੂਆਤੀ ਦੌਰ ਵਿੱਚ ਵਿਲੀਅਮਜ਼ ਵੱਲੋਂ ਵੱਡੀਆਂ ਬੋਤਲਾਂ ਨੂੰ ਆਪਣੀ ਗੱਡੀ ਵਿੱਚ ਰੱਖਕੇ ਮਹੀਨੇ ਵਿੱਚ ਇੱਕ ਵਾਰ ਕੇਂਦਰੀ ਟੈਂਕ ਤੱਕ ਪਿਸ਼ਾਬ ਟਰਾਂਸਪੋਰਟ ਕੀਤਾ ਜਾਂਦਾ ਸੀ। ਇੱਕ ਵਾਰ ਜਦੋਂ ਉਨ੍ਹਾਂ ਨੂੰ ਪਿਸ਼ਾਬ ਇਕੱਠਾ ਕਰਨ ਦੀ ਆਦਤ ਪੈ ਗਈ, ਤਾਂ ਵਿਲੀਅਮਜ਼ ਇਸਨੂੰ ਬਰਬਾਦ ਕਰਨਾ ਪਸੰਦ ਨਹੀਂ ਕਰਦੇ।
ਉਹ ਕਹਿੰਦੇ ਹਨ, "ਮੈਨੂੰ ਕਿਤੇ ਵੀ ਅਜਿਹੀ ਥਾਂ ਜਾਣਾ ਪਸੰਦ ਨਹੀਂ ਸੀ ਜਿੱਥੇ ਮੈਨੂੰ ਪਿਸ਼ਾਬ ਕਰਨਾ ਪਵੇ ਅਤੇ ਮੇਰੇ ਕੋਲ ਸਟੋਰ ਕਰਨ ਲਈ ਜੱਗ ਨਾ ਹੋਵੇ। ਇਹ ਮੇਰੇ ਰੁਟੀਨ ਦਾ ਹਿੱਸਾ ਬਣ ਗਿਆ, ਜਿਵੇਂ ਸੀਟ ਬੈਲਟ ਲਗਾਉਣਾ।"
ਉਨ੍ਹਾਂ ਨੇ ਆਪਣੇ ਘਰ ਵਿੱਚ ਟਾਇਲਟ ਬਣਾਇਆ ਹੋਇਆ ਹੈ। ਇਸ ਦੇ ਰਾਹੀਂ ਪਿਸ਼ਾਬ ਨੂੰ ਦੂਜੇ ਮਲ ਆਦਿ ਤੋਂ ਵੱਖ ਕੀਤਾ ਜਾਂਦਾ ਹੈ। ਬੇਸਮੈਂਟ ਦੇ ਟੈਂਕ ਵਿੱਚ ਪਿਸ਼ਾਬ ਨੂੰ ਸਟੋਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਸਾਲ ਵਿੱਚ ਦੋ ਵਾਰ ਬਾਹਰ ਕੱਢਿਆ ਜਾਂਦਾ ਹੈ।
ਵਿਲੀਅਮਜ਼ ਕਹਿੰਦੇ ਹਨ, "ਇਹ ਇੱਕ ਵਧੀਆ ਤਬਦੀਲੀ ਹੈ, ਇਸਦੀ ਗੁੰਝਲਦਾਰ ਪ੍ਰਕਿਰਿਆ ਨਾਲ ਨਜਿੱਠਣ ਦੀ ਬਜਾਏ, ਲੋਕਾਂ ਲਈ ਇਸਨੂੰ ਆਸਾਨ ਬਣਾਉਣਾ ਇੱਕ ਵੱਡਾ ਕਦਮ ਹੈ।"
ਸ਼ੁਪੈਕ ਕਹਿੰਦੇ ਹਨ, "ਹਾਲਾਂਕਿ, ਬਹੁਤ ਸਾਰੇ ਲੋਕ ਪਿਸ਼ਾਬ ਵਿੱਚ ਫਾਰਮਾਸਿਊਟੀਕਲ ਸਮੱਗਰੀ ਬਾਰੇ ਚਿੰਤਤ ਹਨ।
"ਇਹ ਸਾਨੂੰ ਪੁਛਿਆ ਜਾਣ ਵਾਲਾ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਆਰਈਆਈ ਨੇ ਇਹ ਪਤਾ ਲਗਾਉਣ ਲਈ ਖੋਜ ਕੀਤੀ ਹੈ ਕਿ ਪਿਸ਼ਾਬ ਖਾਦ ਦੀ ਵਰਤੋਂ ਨਾਲ ਉਗਾਈਆਂ ਗਈਆਂ ਸਬਜ਼ੀਆਂ ਵਿੱਚ ਕੈਫੀਨ ਅਤੇ ਆਮ ਦਵਾਈਆਂ ਵੀ ਹੁੰਦੀਆਂ ਹਨ। ਹਾਲਾਂਕਿ ਪੂਰਨ ਨਤੀਜੇ ਅਜੇ ਜਾਰੀ ਨਹੀਂ ਕੀਤੇ ਜਾਣੇ ਹਨ, ਪਰ ਸ਼ੁਰੂਆਤੀ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਪਿਸ਼ਾਬ ਖਾਦ ਵਾਲੀਆਂ ਸਬਜ਼ੀਆਂ ਵਿੱਚ ਦਵਾਈਆਂ ਦੀ ਮਾਤਰਾ "ਬਹੁਤ ਘੱਟ" ਹੈ।
ਸ਼ੁਪੈਕ ਕਹਿੰਦੇ ਹਨ, "ਤੁਹਾਨੂੰ ਸਬਜ਼ੀਆਂ ਰਾਹੀਂ ਇੱਕ ਕੱਪ ਕੌਫੀ ਜਿੰਨੀ ਕੈਫੀਨ ਹਾਸਲ ਕਰਨ ਲਈ ਹਰ ਰੋਜ਼ ਬਹੁਤ ਜ਼ਿਆਦਾ ਸਬਜ਼ੀਆਂ ਖਾਣੀਆਂ ਪੈਣਗੀਆਂ, ਜਿੰਨੀ ਤੁਹਾਡੀ ਉਮਰ ਹੈ ਉਸ ਤੋਂ ਵੀ ਕਿਤੇ ਜ਼ਿਆਦਾ ਸਮੇਂ ਲਈ।"
"ਕੂੜੇ ਅਤੇ ਰਹਿੰਦ-ਖੁਹਿੰਦ ਨੂੰ ਲੈ ਕੇ ਆਪਣਾ ਰੱਵਈਆ ਬਦਲਣ ਦੀ ਲੋੜ ਹੈ। ਖਾਸ ਕਰਕੇ ਅਮਰੀਕਾ ਵਿੱਚ ਲੋਕ ਇਹ ਨਹੀਂ ਸੋਚਦੇ ਕਿ ਉਨ੍ਹਾਂ ਦਾ ਕੂੜਾ ਕਿੱਥੇ ਜਾਂਦਾ ਹੈ। ਉਹ ਕੁਝ ਹੱਦ ਤੱਕ ਰੀਸਾਈਕਲਿੰਗ ਤੱਕ ਸੋਚਦੇ ਹਨ, ਪਰ ਮਨੁੱਖੀ ਕੂੜੇ ਦੇ ਮਾਮਲੇ ਵਿੱਚ ਇੰਨਾ ਜ਼ਿਆਦਾ ਗੰਭੀਰ ਨਹੀਂ ਹਨ।"
ਜਲਵਾਯੂ ਤਬਦੀਲੀ ਅਤੇ ਪਾਣੀ ਪ੍ਰਦੂਸ਼ਣ ਬਹੁਤ ਵੱਡੀਆਂ ਔਕੜਾਂ ਜਾਪ ਸਕਦੀਆਂ ਹਨ, ਪਰ ਵਿਲੀਅਮਜ਼ ਨੇ ਆਪਣੀ ਸਮਰੱਥਾ ਮੁਤਾਬਕ ਕੰਮਾਂ 'ਤੇ ਵਧੇਰੇ ਧਿਆਨ ਕੇਂਦ੍ਰਿਤ ਰੱਖਿਆ ਹੈ।
ਉਹ ਕਹਿੰਦੇ ਹੈਨ, "ਅਸੀਂ ਸਿਰਫ਼ ਆਪਣਾ ਹਿੱਸਾ ਪਾ ਸਕਦੇ ਹਾਂ, ਅਸੀਂ ਸੰਪੂਰਨ ਨਹੀਂ ਹਾਂ, ਪਰ ਅਸੀਂ ਘੱਟੋ-ਘੱਟ ਆਪਣੇ ਵੱਲੋਂ ਪੈਦਾ ਕੀਤੇ ਰਹਿੰਦ-ਖੂੰਹਦ ਨਾਲ ਕੀ ਹੁੰਦਾ ਹੈ, ਇਸ ਮਾਮਲੇ ਵਿੱਚ ਜ਼ਿੰਮੇਵਾਰ ਬਣਨ ਦੀ ਕੋਸ਼ਿਸ਼ ਕਰ ਸਕਦੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












