ਪੰਜਾਬ ਵਿੱਚ ਕਣਕ ਸਣੇ ਹੋਰ ਫ਼ਸਲਾਂ ਦਾ ਝਾੜ ਅਤੇ ਗੁਣਵੱਤਾ ਘਟਣ ਦਾ ਕਿਉਂ ਖ਼ਤਰਾ ਹੋ ਰਿਹਾ ਖੜਾ

ਤਸਵੀਰ ਸਰੋਤ, Getty Images
- ਲੇਖਕ, ਰਵਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸਾਲ 2024 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਕਾਰਡ ਕੀਤਾ ਗਿਆ ਹੈ।
ਵਰਲਡ ਮੈਟਰੋਲੌਜੀਕਲ ਆਰਗੇਨਾਈਜੇਸ਼ਨ ਨੇ ਇਸ ਤੱਥ ਦੀ ਪੁਸ਼ਟੀ ਕਰਦਿਆਂ ਇਹ ਵੀ ਖੁਲਾਸਾ ਕੀਤਾ ਹੈ ਕਿ ਬੀਤਿਆ ਇੱਕ ਦਹਾਕਾ ਹੁਣ ਤੱਕ ਦਾ ਸਭ ਤੋਂ ਗਰਮੀ ਵਾਲੀ ਦਹਾਕਾ ਰਿਹਾ ਹੈ।
ਜਲਵਾਯੂ ਤਬਦੀਲੀ ਕਾਰਨ ਧਰਤੀ ਦਾ ਔਸਤ ਤਾਪਮਾਨ ਲਗਾਤਾਰ ਵਧ ਰਿਹਾ ਹੈ, ਜਿਸ ਨਾਲ ਗਲੇਸ਼ੀਅਰ ਪਿਘਲ਼ ਰਹੇ ਹਨ, ਸਮੁੰਦਰ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਕਿਤੇ ਅਣਕਿਆਸੇ ਹੜ੍ਹ ਆ ਰਹੇ ਹਨ ਅਤੇ ਕਿਤੇ ਸੋਕੇ ਵਰਗੇ ਹਾਲਾਤ ਬਣ ਰਹੇ ਹਨ।
ਜਾਣਕਾਰਾਂ ਮੁਤਾਬਕ ਜਲਵਾਯੂ ਤਬਦੀਲੀ ਨਾਲ ਜਿੱਥੇ ਮਨੁੱਖੀ ਰਹਿਣ ਸਹਿਣ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਇਹ ਭੋਜਨ ਲੜੀ ਲਈ ਵੀ ਨੁਕਸਾਨਦਾਇਕ ਸਾਬਿਤ ਹੋ ਰਹੀ ਹੈ।
ਫ਼ਸਲਾਂ ਉੱਤੇ ਪੈ ਰਹੇ ਮਾਰੂ ਅਸਰ ਦੇ ਨਾਲ-ਨਾਲ ਇਹ ਅਨਾਜ ਦੀ ਗੁਣਵੱਤਾ, ਖੇਤੀ ਲਈ ਜਰੂਰੀ ਮਿੱਤਰ ਕੀਟਾਂ ਅਤੇ ਜੈਵਿਕ ਵਿਭਿੰਨਤਾ ਉੱਤੇ ਮਾਰੂ ਅਸਰ ਪਾ ਰਹੀਆਂ ਹਨ।

ਖੇਤੀਬਾੜੀ: ਫ਼ਸਲਾਂ ਦੇ ਝਾੜ 'ਚ ਗਿਰਾਵਟ
ਪੰਜਾਬ ਨੂੰ ਭਾਰਤ ਦਾ 'ਅਨਾਜ ਭੜੌਲਾ' ਕਿਹਾ ਜਾਂਦਾ ਹੈ। ਪੰਜਾਬ ਸਣੇ ਸਮੁੱਚੇ ਭਾਰਤ ਵਿੱਚ ਜਲਵਾਯੂ ਤਬਦੀਲੀ ਕਾਰਨ ਖੇਤੀ ਸੈਕਟਰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਹੈ।
ਭਾਰਤ ਸਰਕਾਰ ਵੱਲੋਂ ਜਲਵਾਯੂ ਤਬਦੀਲੀ ਕਾਰਨ ਖੇਤੀਬਾੜੀ ਪੈਦਾਵਰ 'ਤੇ ਕੀਤੇ ਗਏ ਅਧਿਐਨ ਵਿੱਚ ਲੰਬੇ ਸਮੇਂ ਦੇ ਪ੍ਰਭਾਵਾਂ ਨੂੰ ਉਜਾਗਰ ਕੀਤਾ ਗਿਆ ਹੈ।
ਇਸ ਅਧਿਐਨ ਮੁਤਾਬਕ 2050 ਤੱਕ ਕਣਕ ਦਾ ਝਾੜ 8-12 ਫੀਸਦ ਤੱਕ ਘੱਟ ਸਕਦਾ ਹੈ। ਜਦਕਿ ਝੋਨੇ ਦੇ ਝਾੜ ਵਿੱਚ 2050 ਤੱਕ 15-17 ਫੀਸਦ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਫਸਲਾਂ ਦੇ ਝਾੜ ਵਿੱਚ ਗਿਰਾਵਟ ਮੀਂਹ 'ਤੇ ਨਿਰਭਰਤਾ ਵਾਲੀਆਂ ਫਸਲਾਂ 'ਤੇ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਬਾਰਿਸ਼ ਦਰ ਵਿੱਚ ਕਮੀ ਆਵੇਗੀ।
ਭਾਵੇਂਕਿ ਕਿਸਾਨਾਂ ਕੋਲ ਸਿੰਚਾਈ ਦੀ ਸਹੂਲਤ ਹੈ ਪਰ ਬਾਰਿਸ਼ ਘਟਣ ਕਾਰਨ ਸਿੰਚਾਈ ਦੀ ਮੰਗ ਵਧੇਰੇ ਹੋਵੇਗੀ, ਜਿਸ ਨਾਲ ਪਹਿਲਾਂ ਤੋਂ ਹੀ ਘੱਟ ਪਾਣੀ ਦੇ ਸਰੋਤਾਂ 'ਤੇ ਦਬਾਅ ਹੋਰ ਵਧੇਗਾ।
ਫ਼ਸਲਾਂ ਦੇ ਨੁਕਸਾਨ ਦਾ ਦੂਜਾ ਵੱਡਾ ਕਾਰਨ ਅਣਕਿਆਸੇ ਹੜ੍ਹ ਅਤੇ ਸੌਕੇ ਬਣਨਗੇ।
ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਅਨੁਸਾਰ 2015 ਅਤੇ 2021 ਦੇ ਵਿਚਕਾਰ ਭਾਰਤ ਵਿੱਚ 3.4 ਕਰੋੜ ਹੈਕਟੇਅਰ ਫ਼ਸਲ ਮੌਸਮੀ ਮਾਰ ਕਾਰਨ ਨੁਕਸਾਨੀ ਗਈ ਸੀ, ਜਿਸ ਵਿੱਚ ਹੜ੍ਹ ਜਾਂ ਸੋਕੇ ਵਰਗੀਆਂ ਮੌਸਮੀ ਤਬਦੀਲੀਆਂ ਸ਼ਾਮਲ ਹਨ।
ਇਸੇ ਤਬਦੀਲੀ ਕਾਰਨ ਸਥਿਤੀ ਹੋਰ ਵਿਗੜ ਰਹੀ ਹੈ, 2022 ਵਿੱਚ ਮਾਰਚ ਦੇ ਅਖੀਰ ਵਿੱਚ ਗਰਮੀ ਵਧਣ ਕਾਰਨ ਫਸਲਾਂ ਨੂੰ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਸੀ। ਕਈ ਅਨੁਮਾਨਾਂ ਅਨੁਸਾਰ ਉਸ ਸਾਲ ਕਣਕ ਦੇ ਝਾੜ ਵਿੱਚ ਅੰਦਾਜ਼ਨ 10-30 ਪ੍ਰਤੀਸ਼ਤ ਦੀ ਕਮੀ ਦੇਖੀ ਗਈ ਸੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਲਵਾਯੂ ਤਬਦੀਲੀ ਵਿਭਾਗ ਦੇ ਮੁਖੀ ਪਵਨਪ੍ਰੀਤ ਕੌਰ ਕਿੰਗਰਾ ਕਹਿੰਦੇ ਹਨ ਕਿ ਸਾਡੇ ਵਾਤਾਵਰਨ ਵਿੱਚ ਔਸਤ ਤਾਪਮਾਨ ਵੱਧ ਰਿਹਾ ਹੈ ਹਾਲਾਂਕਿ ਇਹ ਵਾਧਾ ਬਹੁਤ ਹੌਲੀ ਦਰ ਨਾਲ ਹੋ ਰਿਹਾ ਹੈ, ਪਰ ਇਸ ਤਾਪਮਾਨ ਵਾਧੇ ਨੂੰ ਰੋਕ ਨਾ ਪਾਉਣਾ ਹੀ ਮਨੁੱਖਤਾ ਲਈ ਵੱਡੀ ਅਲਾਮਤ ਬਣ ਗਈ ਹੈ।
ਉਹ ਕਹਿੰਦੇ ਹਨ, ''ਤਾਪਮਾਨ ਵਿੱਚ ਵਾਧਾ ਝਾੜ ਨੂੰ ਸਭ ਤੋਂ ਪਹਿਲਾ ਪ੍ਰਭਾਵਿਤ ਕਰਦਾ ਹੈ। ਕਿਸੇ ਖੇਤਰ ਵਿੱਚ ਸਮੇਂ ਤੋਂ ਪਹਿਲਾ ਤਾਪਮਾਨ ਵੱਧ ਹੋਣ ਕਾਰਨ ਫ਼ਸਲ ਜਲਦੀ ਪੱਕ ਜਾਂਦੀ ਹੈ ਅਤੇ ਦਾਣੇ ਨੂੰ ਲੋੜੀਦਾ ਸਮਾਂ ਬਣਨ ਲਈ ਨਹੀਂ ਮਿਲਦਾ।''
ਪਵਨਪ੍ਰੀਤ ਕੌਰ ਆਗਾਮੀ ਸੀਜ਼ਨ ਬਾਰੇ ਕਹਿੰਦੇ ਹਨ, "ਹਾਲਾਂਕਿ ਇਸ ਸਾਲ ਤਾਪਮਾਨ ਵਿੱਚ ਥੋੜੀ ਗਰਮੀ ਮਹਿਸੂਸ ਕੀਤੀ ਗਈ ਹੈ ਪਰ ਘੱਟੋ-ਘੱਟ ਤਾਪਮਾਨ ਕਣਕ ਦੀ ਫਸਲ ਲਈ ਅਨੁਕੂਲ ਹੈ। ਇਸ ਕਾਰਨ ਅਜੇ ਤੱਕ ਕਣਕ ਦੀ ਫਸਲ 'ਤੇ ਕੋਈ ਨਕਰਾਤਮਕ ਅਸਰ ਨਹੀਂ ਦੇਖਿਆ ਗਿਆ। ਪਰ ਜੇਕਰ ਇਹ ਗਰਮੀ ਜ਼ਿਆਦਾ ਵਧਦੀ ਰਹਿੰਦੀ ਹੈ ਤਾਂ ਕਣਕ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੋ ਸਕਦਾ ਹੈ।
ਅਨਾਜ ਦੀ ਗੁਣਵੱਤਾ

ਤਸਵੀਰ ਸਰੋਤ, Getty Images
ਪੱਛਮੀ ਆਸਟ੍ਰੇਲੀਆ ਯੂਨੀਵਰਸਿਟੀ ਦੁਆਰਾ ਕੀਤੇ ਗਏ ਅਧਿਐਨ ਵਿੱਚ ਫਸਲੀ ਝਾੜ ਦੇ ਨਾਲ ਹੀ ਅਨਾਜ ਦੇ ਪੋਸ਼ਟਿਕ ਤੱਤਾਂ ਦੀ ਵੀ ਗੱਲ ਕੀਤੀ ਗਈ ਹੈ।
ਇਸ ਅਧਿਐਨ ਅਨੁਸਾਰ ਮੌਸਮੀ ਤਬਦੀਲੀ ਕਾਰਨ ਅਨਾਜ ਦੇ ਪ੍ਰੋਟੀਨ, ਅਮੀਨੋ ਐਸਿਡ, ਵਿਟਾਮਿਨ ਅਤੇ ਹੋਰਨਾਂ ਪੋਸ਼ਟਿਕ ਤੱਤਾਂ ਵਿੱਚ 10 ਪ੍ਰਤੀਸ਼ਤ ਅਤੇ ਕਈ ਹਾਲਾਤ ਵਿੱਚ ਇਸ ਤੋਂ ਵੀ ਵਧੇਰੇ ਕਮੀ ਆਈ ਸੀ। ਇਸ ਦੇ ਨਾਲ ਹੀ ਮੌਸਮੀ ਬਦਲਾਅ ਨਾਲ ਜੂਝਦਿਆਂ ਪੌਦਿਆ ਦੀ ਲੰਬਾਈ ਛੋਟੀ ਹੋਈ ਅਤੇ ਪੌਦਿਆਂ ਵਿੱਚ ਦਾਣਾ ਸਾਂਭੀ ਰੱਖਣ ਦੀ ਸਮੱਰਥਾ ਵੀ ਘੱਟ ਹੋਈ ਸੀ।
ਖੁਰਾਕ ਅਤੇ ਖੇਤੀ ਮਾਹਰ ਦਵਿੰਦਰ ਸ਼ਰਮਾ ਕਹਿੰਦੇ ਹਨ, "ਫ਼ਸਲ ਪੂਰਾ ਸਮਾਂ ਵਾਤਾਵਰਨ ਵਿੱਚ ਹੀ ਪੱਕਦੀ ਹੈ, ਜਿਸ ਲਈ ਖਾਸ ਮੌਸਮੀ ਹਾਲਾਤ ਦੀ ਲੋੜ ਹੁੰਦੀ ਹੈ, ਅਜਿਹੇ ਵਿੱਚ ਜਲਵਾਯੂ ਵਿੱਚ ਆਈ ਤਬਦੀਲੀ ਅਨਾਜ ਉੱਤੇ ਜ਼ਰੂਰ ਹੀ ਅਸਰ ਦਿਖਾਵੇਗੀ।"
ਉਹ ਕਹਿੰਦੇ ਹਨ, "ਅਸੀਂ ਦੇਖਿਆ ਹੈ ਕਿ ਵੱਧ ਤਾਪਮਾਨ ਦੇ ਕਾਰਨ ਕਣਕ ਦਾ ਦਾਣਾ ਸੁੰਘੜ ਜਾਂਦਾ ਹੈ ਅਤੇ ਦਾਣੇ ਦੀ ਨਮੀ 'ਚ ਵੀ ਕਮੀ ਆਉਂਦੀ ਹੈ। ਇਹ ਸਭ ਆਖ਼ਰ ਵਿੱਚ ਗੁਣਵੱਤਾ ਵਿੱਚ ਕਮੀ ਦਾ ਹੀ ਕਾਰਨ ਬਣਦਾ ਹੈ।"
''ਜਿਹੜੇ ਦਿਨੀ ਕਣਕ ਦੇ ਸਿੱਟੇ ਨੂੰ ਦਾਣਾ ਪੈ ਰਿਹਾ ਹੁੰਦਾ ਹੈ, ਉਸ ਸਮੇਂ ਮੌਸਮ ਵਿੱਚ ਠੰਡ ਦੀ ਲੋੜ ਹੁੰਦੀ ਹੈ, ਤਾਂ ਹੀ ਦਾਣੇ ਵਿੱਚ ਦੁੱਧ ਭਰੇਗਾ, ਜੇਕਰ ਲੋੜ ਤੋਂ ਜ਼ਿਆਦਾ ਗਰਮੀ ਪੈਣੀ ਸ਼ੁਰੂ ਹੋ ਜਾਵੇ। ਇਸ ਨਾਲ ਕਣਕ ਦਾ ਦਾਣਾ ਸੁੰਘੜ ਜਾਵੇਗਾ ਅਤੇ ਅਨਾਜ ਦਾ ਝਾੜ ਘਟੇਗਾ।''
ਫਸਲੀ ਜੀਵ-ਜੰਤੂ ਅਤੇ ਮਿੱਤਰ ਕੀੜੇ

ਤਸਵੀਰ ਸਰੋਤ, Getty Images
ਫਸਲਾਂ ਨੂੰ ਕੀਟ ਅਤੇ ਕੀੜੇ-ਮਕੌੜਿਆਂ ਨਾਲ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ। ਜਲਵਾਯੂ ਤਬਦੀਲੀ ਕਾਰਨ ਕੀੜਿਆਂ ਦੀਆਂ ਨਵੀਆਂ ਪ੍ਰਜਾਤੀਆਂ ਪੈਦਾ ਹੋ ਰਹੀਆਂ ਹਨ ਅਤੇ ਮੌਜੂਦਾ ਪ੍ਰਜਾਤੀਆਂ ਦੇ ਫਸਲਾਂ 'ਤੇ ਹਮਲਿਆਂ ਵਿੱਚ ਵਾਧਾ ਦੇਖਿਆ ਗਿਆ ਹੈ।
ਇੱਕ ਅਧਿਐਨ ਅਨੁਸਾਰ ਤਾਪਮਾਨ ਵਿੱਚ ਹਰ ਇੱਕ ਡਿਗਰੀ ਦਾ ਵਾਧਾ ਫਸਲਾਂ ਉੱਤੇ ਕੀਟਾਂ ਦੇ ਹਮਲੇ 10-20 ਪ੍ਰਤੀਸ਼ਤ ਤੱਕ ਵਧਾ ਦੇਵੇਗਾ।
ਖ਼ਾਸ ਕਰਕੇ ਕਣਕ, ਜੋ ਕਿ ਸਰਦੀਆਂ ਦੀ ਫ਼ਸਲ ਹੈ, ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਵੇਗੀ ਕਿਉਂਕਿ ਅਧਿਐਨ ਮੁਤਾਬਕ ਸਰਦੀਆਂ ਸਮੇਂ ਗਰਮ ਤਾਪਮਾਨ ਕੀਟਾਂ ਦੀ ਆਬਾਦੀ ਨੂੰ ਵਧਾਵੇਗਾ।
ਰਵਿੰਦਰ ਸਿੰਘ ਚੰਦੀ, ਸੀਨੀਅਰ ਕੀਟ ਵਿਗਿਆਨੀ ਪੰਜਾਬੀ ਯੂਨੀਵਰਸਿਟੀ, ਲੁਧਿਆਣਾ ਕਹਿੰਦੇ ਹਨ, "ਜੀਵ-ਜੰਤੂ ਅਤੇ ਕੀਟ ਕਈ ਪ੍ਰਕਾਰ ਦੇ ਹੁੰਦੇ ਹਨ ਅਤੇ ਹਰੇਕ ਲਈ ਵੱਖਰੇ ਤਰ੍ਹਾਂ ਦਾ ਤਾਪਮਾਨ ਅਨੁਕੂਲ ਹੁੰਦਾ ਹੈ। ਕੋਈ ਵੱਧ ਗਰਮੀ ਵਿਚ ਜ਼ਿਆਦਾ ਪੈਦਾ ਹੁੰਦੇ ਹਨ, ਕਿਸੇ ਲਈ ਠੰਢਾ ਮੌਸਮ ਸਾਜਗਾਰ ਹੁੰਦਾ ਹੈ।
ਹਾਲਾਂਕਿ ਕੁਦਰਤ ਦਾ ਖੇਤਰ ਬਹੁਤ ਵਿਆਪਕ ਹੈ, ਇਹ ਮਿੱਟੀ, ਪੌਦੇ, ਕੀੜੇ-ਮਕੌੜੇ ਵਾਤਾਵਰਨ ਦਾ ਅਟੁੱਟ ਹਿੱਸਾ ਹਨ ਅਤੇ ਅਰਬਾਂ ਸਦੀਆਂ ਤੋਂ ਜ਼ਿੰਦਗੀ ਦੇ ਚੱਕਰ ਵਿੱਚ ਸ਼ਾਮਲ ਹਨ।
ਰਵਿੰਦਰ ਸਿੰਘ ਚੰਦੀ ਨੇ ਕਿਹਾ, "ਥੋੜੇ ਸਮੇਂ ਲਈ ਤਾਂ ਕੀੜ-ਮਕੌੜਿਆਂ ਜਾਂ ਜੀਵ-ਜੰਤੂਆਂ 'ਤੇ ਜਲਵਾਯੂ ਤਬਦੀਲੀ ਦਾ ਅਸਰ ਜ਼ਰੂਰ ਹੋਵੇਗਾ, ਪਰ ਲੰਬੇ ਸਮੇਂ ਵਿੱਚ ਕੁਦਰਤ ਦਾ ਹਰੇਕ ਪ੍ਰਾਣੀ ਅਤੇ ਪ੍ਰਜਾਤੀ ਮੌਸਮ ਦੇ ਅਨੁਕੂਲ ਬਦਲਣਾ ਸਿੱਖ ਜਾਂਦੀ ਹੈ।"
ਕਈ ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਫਸਲਾਂ ਲਈ ਮਿੱਤਰ ਕੀੜਿਆਂ ਦੀ ਆਬਾਦੀ ਘੱਟ ਰਹੀ ਹੈ।
ਰਵਿੰਦਰ ਚੰਦੀ ਦੇ ਮੁਤਾਬਕ, ਮਿੱਤਰ ਕੀੜਿਆਂ ਦੇ ਘਟਣ ਦੇ ਹੋਰ ਕਈ ਕਾਰਨ ਹਨ ਅਤੇ ਉਹ ਇਸਨੂੰ ਇੱਕਲਾ ਜਲਵਾਯੂ ਤਬਦੀਲੀ ਨਾਲ ਨਹੀਂ ਜੋੜਦੇ।
"ਆਧੁਨਿਕ ਖੇਤੀ ਦੀ ਸ਼ੁਰੂਆਤ ਤੋਂ ਹੀ ਕੀਟਨਾਸ਼ਕਾਂ ਅਤੇ ਹੋਰ ਰਸਾਇਣਾਂ ਦੀ ਵਰਤੋਂ ਮਿੱਤਰ ਕੀੜਿਆਂ 'ਤੇ ਨਕਰਾਤਮਕ ਤੌਰ 'ਤੇ ਅਸਰ ਕੀਤੀ ਹੈ।"
ਹੱਲ ਕੀ ਹੋਣ, ਨਵੇਂ ਉਪਰਾਲੇ

ਤਸਵੀਰ ਸਰੋਤ, Getty Images
ਖੇਤੀ ਮਾਹਰ ਦਵਿੰਦਰ ਸ਼ਰਮਾ ਕਹਿੰਦੇ ਹਨ, "ਖੇਤੀਬਾੜੀ ਵਿੱਚ ਨਵੇਂ ਅਧਿਐਨਾਂ ਦੀ ਸਖ਼ਤ ਲੋੜ ਹੈ। ਵਿਗਿਆਨੀਆਂ ਅਤੇ ਸਰਕਾਰਾਂ ਨੂੰ ਵੱਡੇ ਪੱਧਰ 'ਤੇ ਨਵੀਆਂ ਤਕਨੀਕਾਂ ਦੀ ਖੋਜ ਵੱਲ ਧਿਆਨ ਦੇਣਾ ਚਾਹੀਦਾ ਹੈ, ਅਜਿਹੇ ਬੀਜਾਂ ਦੀ ਖੋਜ ਵੱਡੇ ਪੱਧਰ 'ਤੇ ਹੋਣ ਦੀ ਲੋੜ ਹੈ ਜੋ ਕਿ ਜਲਵਾਯੂ ਤਬਦੀਲੀ ਤੋਂ ਘੱਟ ਤੋਂ ਘੱਟ ਪ੍ਰਭਾਵਿਤ ਹੋਣ।"
"ਸਰਕਾਰ ਨੂੰ ਖੇਤੀਬਾੜੀ ਲਈ ਟਿਕਾਊ ਨੀਤੀਆਂ 'ਤੇ ਕੰਮ ਕਰਨਾ ਚਾਹੀਦਾ ਹੈ ਅਤੇ ਵਾਤਾਵਰਨ ਅਨੁਕੂਲ ਖੇਤੀ ਕਰ ਰਹੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਅਤੇ ਹੋਰ ਸਕੀਮਾਂ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ।"
ਰਵਿੰਦਰ ਸਿੰਘ ਚੰਦੀ ਕਹਿੰਦੇ ਹਨ, "ਅੱਜ ਦੇ ਸਮੇਂ ਵਿੱਚ ਟਿਕਾਊ ਤਰੀਕਿਆਂ ਨਾਲ ਖੇਤੀ ਕਰਕੇ ਨਾ ਸਿਰਫ਼ ਵਾਤਵਰਨ ਦੀ ਰੱਖਿਆ ਕੀਤੀ ਜਾ ਸਕਦੀ ਹੈ, ਸਗੋਂ ਖੇਤੀ ਦੀ ਵਧਦੀ ਲਾਗਤ ਦਾ ਹੱਲ ਵੀ ਨਿਕਲ ਸਕਦਾ ਹੈ।''
ਉਹ ਇਹ ਵੀ ਦੱਸਦੇ ਹਨ ਕਿ ਨਿੰਮ ਅਤੇ ਸੁਆਹ ਦੇ ਪਾਣੀ ਨਾਲ ਛਿੜਕਾਅ, ਸਬਜ਼ੀਆਂ 'ਤੇ ਕੀੜਿਆਂ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਹੁੰਦੇ ਹਨ। ਅਜਿਹੇ ਹੀ ਕਈ ਕੁਦਰਤੀ ਤਰੀਕੇ ਕਣਕ-ਝੋਨੇ ਵਰਗੀਆਂ ਮੁੱਖ ਫਸਲਾਂ ਲਈ ਵੀ ਮੌਜੂਦ ਹਨ।
ਫਿਰ ਵੀ, ਅੱਜ ਦੀ ਸਹੀਂ ਲੋੜ ਕਿਸਾਨਾਂ ਵਿੱਚ ਟਿਕਾਊ ਅਤੇ ਵਾਤਾਵਰਨ ਆਧਾਰਿਤ ਖੇਤੀ ਦੀ ਜਾਗਰੂਕਤਾ ਵਧਾਉਣ ਦੀ ਹੈ।
ਰਵਿੰਦਰ ਚੰਦੀ ਮੁਤਾਬਕ ਖੇਤੀ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਵਰਤੋਂ ਸਭ ਤੋਂ ਆਖ਼ਰੀ ਤਰੀਕਾਂ ਹੋਣਾ ਚਾਹੀਦਾ ਹੈ।
ਜੈਵਿਕ ਵਿਭਿਨੰਤਾ

ਤਸਵੀਰ ਸਰੋਤ, Getty Images
ਫ਼ਸਲੀ ਕੀੜੇ-ਮਕੌੜੇ ਪੌਦਿਆਂ ਨੂੰ ਖਾਂਦੇ ਹਨ ਅਤੇ ਫ਼ਿਰ ਖ਼ੁਦ ਕੁਝ ਕੀੜੇ-ਮਕੌੜੇ ਦੀ ਖ਼ੁਰਾਕ ਬਣ ਜਾਂਦੇ ਹਨ। ਕੁਦਰਤ ਦਾ ਇਹ ਸਿਸਟਮ ਆਪਸੀ ਸੰਪਰਕ ਅਤੇ ਕੁਦਰਤ ਦੇ ਜੁੜਾਵ ਦਾ ਪ੍ਰਮੁੱਖ ਉਦਾਹਰਨ ਹੈ।
ਦਰਅਸਲ ਪੌਦੇ ਕੀਟਾਂ ਦੇ ਖਾਏ ਜਾਣ ਉਪੰਰਤ ਇੱਕ ਖ਼ਾਸ ਕਿਸਮ ਦੀ ਮਹਿਕ ਛੱਡਦੇ ਹਨ ਇਹ ਮਹਿਕ ਮਨੁੱਖਾਂ ਦੇ ਪਕੜ ਵਿੱਚ ਨਹੀਂ ਆਉਂਦੀ ਪਰ ਇਸ ਮਹਿਕ ਦੇ ਸਹਾਰੇ ਪੌਦੇ ਨੂੰ ਖਾਣ ਵਾਲੇ ਕੀਟਾਂ ਦੇ ਦੁਸ਼ਮਣ ਜੀਵ-ਜੰਤੂ ਉਨ੍ਹਾਂ ਕੋਲ ਪਹੁੰਚ ਜਾਂਦੇ ਹਨ।
ਇਸ ਸਾਰੇ ਵਰਤਾਰੇ ਨੂੰ ਵਿਗਿਆਨਕ ਭਾਸ਼ਾ ਵਿੱਚ ਟ੍ਰਾਈਟ੍ਰੋਫਿਕ ਇੰਟਰਐਕਸ਼ਨ ਕਿਹਾ ਜਾਂਦਾ ਹੈ।
ਰਵਿੰਦਰ ਚੰਦੀ ਕਹਿੰਦੇ ਹਨ, "ਖੇਤੀਬਾੜੀ ਸਭ ਤੋਂ ਵੱਧ ਕੁਦਰਤ ਨਾਲ ਜੁੜਿਆ ਹੋਇਆ ਧੰਦਾ ਹੈ, ਕਿਉਕਿ ਜ਼ਮੀਨ ਸਿਰਫ਼ ਮਨੁੱਖਾਂ ਲਈ ਹੀ ਭੋਜਨ ਪੈਦਾ ਨਹੀਂ ਕਰਦੀ ਬਲਕਿ ਸਭ ਜੀਵਾਂ ਲਈ ਖੁਰਾਕ ਪੈਦਾ ਕਰਦੀ ਹੈ ਅਤੇ ਉਸੇ ਖੁਰਾਕ ਖਾਣ ਵਾਲੇ ਜੀਵ ਕਿਸੇ ਹੋਰ ਦੀ ਖੁਰਾਕ ਬਣ ਜਾਂਦੇ ਹਨ।
ਉਹ ਕਹਿੰਦੇ ਹਨ, "ਖੇਤੀਬਾੜੀ ਦੀ ਸੰਭਾਲ ਲਈ ਜੈਵਿਕ ਵਿਭਿੰਨਤਾ ਦੀ ਸੰਭਾਲ ਬਹੁਤ ਜ਼ਰੂਰੀ ਹੈ।"
ਖੇਤੀ ਮਾਹਰ ਦਵਿੰਦਰ ਸ਼ਰਮਾ ਵੀ ਅਜਿਹੇ ਹੀ ਵਿਚਾਰ ਪੇਸ਼ ਕਰਦਿਆਂ ਕਹਿੰਦੇ ਹਨ, "ਕਿਸਾਨੀ ਖੇਤਰ ਫ਼ਸਲੀ ਝਾੜ ਅਤੇ ਵੱਸੋਂ ਦਾ ਢਿੱਡ ਭਰਨ ਤੱਕ ਸੀਮਤ ਨਹੀਂ ਮੰਨਿਆ ਜਾ ਸਕਦਾ, ਜਦੋਂ ਤੱਕ ਜੀਵ-ਜੰਤੂਆਂ, ਮਿੱਤਰ ਕੀੜਿਆਂ ,ਕੁਦਰਤੀ ਸਰੋਤਾਂ ਅਤੇ ਜੈਵਿਕ ਵਿਭਿਨੰਤਾ ਦੀ ਗੱਲ ਨਹੀਂ ਹੋਵੇਗੀ, ਉਦੋਂ ਤੱਕ ਕਿਸਾਨੀ ਲਈ ਕੀਤੀ ਗਈ ਹਰੇਕ ਬਹਿਸ ਅਤੇ ਚਰਚਾ ਅਧੂਰੀ ਹੀ ਰਹੇਗੀ।"
ਸਰਕਾਰ ਵੱਲੋਂ ਉਠਾਏ ਕਦਮ
ਭਾਰਤ ਸਰਕਾਰ ਵੱਲੋਂ ਸਾਲ 2011 ਵਿੱਚ ਭਾਰਤੀ ਖੇਤੀਬਾੜੀ ਅਧਿਐਨ ਕੌਂਸਲ' ਦੀ ਸਥਾਪਨਾ ਕੀਤੀ ਗਈ ਸੀ।
ਇਹ ਜਲਵਾਯੂ ਤਬਦੀਲੀ ਦੇ ਖੇਤੀਬਾੜੀ 'ਤੇ ਪ੍ਰਭਾਵ 'ਤੇ ਧਿਆਨ ਕੇਦ੍ਰਿਤ ਕਰਦੀ ਹੈ ਅਤੇ ਨਾਂਹਪੱਖੀ ਪ੍ਰਭਾਵਾਂ ਨੂੰ ਹੱਲ ਕਰਨ ਲਈ ਖੋਜ ਅਤੇ ਸਰਕਾਰ ਨੂੰ ਸਲਾਹ ਦੇਣ ਦਾ ਕੰਮ ਕਰਦੀ ਹੈ।
ਇਸ ਦੇ ਕੰਮਾਂ ਵਿੱਚ ਮੌਸਮੀ ਤਬਦੀਲੀ ਨਾਲ ਵਧੇਰੇ ਪ੍ਰਭਾਵਿਤ ਖੇਤਰਾਂ ਦੀ ਪਛਾਣ ਕਰਨਾ, ਮੌਸਮੀ ਤਬਦੀਲੀ ਤੋਂ ਬਚਾਅ ਰਹਿਤ ਬੀਜ ਦੀਆਂ ਕਿਸਮਾਂ ਨੂੰ ਵਿਕਸਿਤ ਕਰਨਾ ਅਤੇ ਟਿਕਾਊ ਤੇ ਵਾਤਾਵਰਨ ਅਨੁਕੂਲ ਖੇਤੀਬਾੜੀ ਨੂੰ ਉਤਸ਼ਾਹਿਤ ਕਰਨਾ ਹੈ।
ਕੇਂਦਰ ਸਰਕਾਰ ਵੱਲੋਂ ਪ੍ਰੈਸ ਬਿਆਨ 'ਚ ਦੱਸਿਆ ਗਿਆ ਕਿ 2014-2024 ਦੇ ਵਕਫ਼ੇ ਦੌਰਾਨ 2900 ਬੀਜਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ, ਜਿਸ ਵਿੱਚੋਂ 2661 ਕਿਸਮਾਂ ਜਲਵਾਯੂ ਤਬਦੀਲੀ ਤੋਂ ਆਪਣਾ ਬਚਾਅ ਕਰ ਸਕਦੀਆਂ ਹਨ।
ਭਾਰਤ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਮੋਟੇ ਅਨਾਜ ਅਤੇ ਦਾਲਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਸਨ। ਇਸ ਦਾ ਇਹ ਵੀ ਤਰਕ ਸੀ ਕਿ ਇਹ ਫਸਲਾਂ ਮੌਸਮੀ ਤਬਦੀਲੀ ਤੋਂ ਘੱਟ ਪ੍ਰਭਾਵਿਤ ਹੁੰਦੀਆਂ ਹਨ ਅਤੇ ਕੁਦਰਤੀ ਸੋਮੇ ਵੀ ਘੱਟ ਵਰਤਦੀਆਂ ਹਨ।
ਦਵਿੰਦਰ ਸ਼ਰਮਾ ਕਹਿੰਦੇ ਹਨ, "ਮੋਟੇ ਅਨਾਜ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਜਾ ਰਹੇ ਕਦਮ ਠੀਕ ਹਨ, ਪਰ ਕਿਸਾਨ ਦੇ ਆਰਥਿਕ ਪੱਖ ਨੂੰ ਨਹੀਂ ਵਿਚਾਰਿਆ ਜਾ ਰਿਹਾ। ਜੇ ਕਿਸਾਨਾਂ ਨੂੰ ਕਣਕ ਝੋਨੇ ਦੇ ਬਰਾਬਰ ਆਮਦਨ ਮਿਲੇ, ਤਾਂ ਉਹ ਖੁਦ ਹੀ ਇਨ੍ਹਾਂ ਫਸਲਾਂ ਵੱਲ ਉਤਸ਼ਾਹਿਤ ਹੋਣਗੇ।"
ਮੌਸਮੀ ਮਾਰ ਸਮੇਂ ਫਸਲ ਦੇ ਨੁਕਸਾਨੇ ਜਾਣ 'ਤੇ ਫਸਲ ਬੀਮਾ ਇੱਕ ਅਹਿਮ ਪਹਿਲੂ ਹੈ।
ਭਾਰਤ ਸਰਕਾਰ ਵੱਲੋਂ ਫਸਲ ਬੀਮਾ ਯੋਜਨਾ ਦਹਾਕੇ ਭਰ ਤੋਂ ਲਾਗੂ ਹੈ ਪਰ ਤਤਕਾਲੀ ਪੰਜਾਬ ਸਰਕਾਰ ਵੱਲੋਂ ਕੇਂਦਰੀ ਬੀਮਾ ਯੋਜਨਾ ਨੂੰ ਸੂਬੇ ਲਈ ਵਿਵਹਾਰਕ ਨਾ ਦੱਸਦਿਆ ਲਾਗੂ ਨਹੀਂ ਕੀਤਾ ਗਿਆ ਸੀ।
ਪੰਜਾਬ ਖੇਤੀਬਾੜੀ ਖਰੜੇ ਵਿੱਚ ਸੂਬੇ ਲਈ ਵਿਸ਼ੇਸ਼ ਬੀਮਾ ਪਾਲਿਸੀ ਦੀ ਸਿਫਾਰਿਸ਼ ਕੀਤੀ ਗਈ ਹੈ ਪਰ ਅਜੇ ਪੰਜਾਬ ਦੇ ਕਿਸਾਨ ਨੂੰ ਕੋਈ ਸਟੀਕ ਬੀਮਾ ਪਾਲਿਸੀ ਦਾ ਸਹਾਰਾ ਨਹੀਂ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












