ਸੰਯੁਕਤ ਰਾਸ਼ਟਰ ਦੀ ਵਾਤਾਵਰਣ ਰਿਪੋਰਟ: ‘ਜੇ ਅਸੀਂ ਧਰਤੀ ਨੂੰ ਰਹਿਣਯੋਗ ਰੱਖਣਾ ਹੈ ਤਾਂ ਭਵਿੱਖ ਵਿੱਚ ਤੇਲ ਤੇ ਕੋਲੇ ਗੈਸ ਲਈ ਕੋਈ ਥਾਂ ਨਹੀਂ ਹੈ’

ਤਸਵੀਰ ਸਰੋਤ, Getty Images
- ਲੇਖਕ, ਮੈਟ ਮੈਕਗ੍ਰਾਥ
- ਰੋਲ, ਵਾਤਾਵਰਣ ਪੱਤਰਕਾਰ
ਸੰਯੁਕਤ ਰਾਸ਼ਟਰ ਨੂੰ ਵੱਧ ਰਹੇ ਵਾਤਾਵਰਣ ਦੇ ਤਾਪਮਾਨ ਬਾਰੇ ਸਲਾਹ ਦੇਣ ਲਈ ਜੋ ਵਿਗਿਆਨਕ ਕਮੇਟੀ ਹੈ, ਉਸ ਨੇ ਹਾਲ ਹੀ ਵਿੱਚ ਆਪਣੀ ਇੱਕ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ।
ਇਹ ਰਿਪੋਰਟ ਪਿਛਲੇ ਪੰਜ ਸਾਲਾਂ ਦੌਰਾਨ ਤਿਆਰ ਕੀਤੀਆਂ ਗਈਆਂ ਛੇ ਰਿਪੋਰਟਾਂ ਵਿੱਚੋਂ ਉੱਭਰੇ ਨੁਕਤਿਆਂ ਦਾ ਸਾਰ ਹੈ। ਵਾਤਾਵਰਣ ਪੱਤਰਕਾਰ ਮੈਟ ਮੈਕਗ੍ਰਾਥ ਦੀ ਰਿਪੋਰਟ...
ਬਦਲਦੇ ਵਾਤਾਵਰਣ ਬਾਰੇ ਕਈ ਦੇਸ਼ਾਂ ਦੀਆਂ ਸਰਕਾਰਾਂ ਦੇ ਪੈਨਲ (IPCC) ਨੇ ਦੱਬਵੀਂ ਸੁਰ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਦੁਨੀਆਂ ਦੇ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ ਹੋਰ ਵਧਣ ਤੋਂ ਰੋਕਿਆ ਜਾ ਸਕੇਗਾ ਇਸ ਗੱਲ ਦੀ ਬਹੁਤ ਥੋੜ੍ਹੀ ਸੰਭਾਵਨਾ ਹੈ।
ਹਾਲਾਂਕਿ ਪਹਿਲਾਂ ਸਰਕਾਰਾਂ ਇਸ ਤਾਪਮਾਨ ਨੂੰ ਵਧਣ ਤੋਂ ਰੋਕਣ ਦੀ ਕੋਸ਼ਿਸ਼ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਸਹਿਮਤ ਹੋ ਗਈਆਂ ਸਨ।
ਜ਼ਿਕਰਯੋਗ ਹੈ ਕਿ ਦੁਨੀਆਂ ਦਾ ਤਾਪਮਾਨ ਪਹਿਲਾਂ ਹੀ 1.5 ਡਿਗਰੀ ਵੱਧ ਚੁੱਕਿਆ ਹੈ ਅਤੇ ਮਾਹਰਾਂ ਦੀ ਰਾਇ ਹੈ ਕਿ ਸਿਆਸੀ ਭਾਸ਼ਨਾਂ ਦੇ ਬਾਵਜੂਦ ਸਾਲ 2030 ਤੱਕ ਇਹ ਇਸ ਨਿਸ਼ਾਨ ਨੂੰ ਵੀ ਪਾਰ ਕਰ ਜਾਵੇਗਾ।
ਤਾਪਮਾਨ ਦੀ ਹੱਦ ਟੱਪਣਾ ਤੈਅ ਹੈ

ਤਸਵੀਰ ਸਰੋਤ, EMMA LYNCH/BBC
ਪਹਿਲਾਂ ਇਸ ਡੇਢ ਡਿਗਰੀ ਤਾਪਮਾਨ ਦੇ ਸੰਕਲਪ ਨੂੰ ਸਮਝਣਾ ਜ਼ਰੂਰੀ ਹੈ।
ਵਾਤਾਵਰਣ ਤਬਦੀਲੀ ਬਾਰੇ 2015 ਦਾ ਪੈਰਿਸ ਸਮਝੌਤਾ ਦੇਸ਼ਾਂ ਨੂੰ ਪਾਬੰਦ ਕਰਦਾ ਹੈ ਕਿ ਉਹ ਦੁਨੀਆਂ ਦੇ ਤਾਪਮਾਨ ਨੂੰ ਜਿੰਨਾ ਇਹ ਵੱਧ ਚੁੱਕਿਆ ਹੈ ਉਸ ਤੋਂ 2 ਡਿਗਰੀ ਹੋਰ ਵੱਧਣ ਤੋਂ ਰੋਕਣ ਦੇ ਉਪਰਾਲੇ ਕਰਨਗੀਆਂ।
ਸਨਅਤੀ ਕ੍ਰਾਂਤੀ ਤੋਂ ਬਾਅਦ, ਦੇਖਿਆ ਗਿਆ ਹੈ ਕਿ 1950 ਤੋਂ ਬਾਅਦ ਦਾ ਹਰ ਦਹਾਕਾ 1850 ਤੋਂ ਬਾਅਦ ਦੇ ਦਹਾਕਿਆਂ ਦੇ ਮੁਕਾਬਲੇ ਗਰਮ ਰਿਹਾ ਹੈ। 1950 ਤੋਂ ਬਾਅਦ ਦਾ ਹਰ ਦਹਾਕਾ ਪਹਿਲੇ ਨਾਲੋਂ ਜ਼ਿਆਦਾ ਗਰਮ ਰਿਹਾ ਹੈ।
ਇਸ ਲਈ 1.5 ਡਿਗਰੀ ਨੂੰ ਟੀਚਾ ਮਿੱਥਿਆ ਗਿਆ ਕਿ ਵਿਸ਼ਵੀ ਤਾਪਮਾਨ ਨੂੰ ਇਸ ਤੋਂ ਥੱਲੇ ਰੱਖਣ ਲਈ ਪੂਰੀ ਵਾਹ ਲਾਈ ਜਾਵੇਗੀ।
ਸਾਇੰਸਦਾਨਾਂ ਦਾ ਮੰਨਣਾ ਹੈ ਕਿ ਜੇ ਦੁਨੀਆ ਦਾ ਤਾਪਮਾਨ 1.5 ਡਿਗਰੀ ਤੋਂ ਟੱਪਿਆ ਤਾਂ ਅਜਿਹੇ ਸਿੱਟੇ ਨਿਕਲਣਗੇ ਜੋ ਮਨੁੱਖਤਾ, ਵਣ-ਜੀਵਨ ਲਈ ਘਾਤਕ ਸਾਬਤ ਹੋਣਗੇ।
ਰਿਪੋਰਟ ਦੇ ਲੇਖਕਾਂ ਦੀ ਕੋਰ ਕਮੇਟੀ ਵਿੱਚ ਸ਼ਾਮਲ ਜਰਮਨੀ ਦੇ ਕੌਮਾਂਤਰੀ ਅਤੇ ਰੱਖਿਆ ਬਾਰੇ ਇੰਸਟੀਚਿਊਟ ਦੇ ਡਾ. ਓਲੀਵਰ ਜੇਦਾਨ ਨੇ ਦੱਸਿਆ, "IPCC ਅਤੇ ਵਾਤਾਵਰਣ ਵਿਗਿਆਨ ਵਿੱਚ ਇਹ ਗੱਲ ਹਮੇਸ਼ਾ ਸਪਸ਼ਟ ਰਹੀ ਹੈ ਕਿ ਬਹੁਤ ਥੋੜ੍ਹੀ ਸੰਭਾਵਨਾ ਹੈ ਕਿ ਅਸੀਂ ਹਮੇਸ਼ਾ 1.5 ਡਿਗਰੀ ਦੇ ਅੰਦਰ ਹੀ ਰਹਾਂਗੇ।"
ਡਾ. ਜੇਦਾਨ ਦਾ ਮੰਨਣਾ ਹੈ ਕਿ ਹੁਣ ਸਾਡਾ ਟੀਚਾ ਜਿੰਨੀ ਜਲਦੀ ਹੋ ਸਕੇ ਵਾਪਸ ਇਸ ਤੋਂ ਥੱਲੇ ਆਉਣ ਦਾ ਹੋਣਾ ਚਾਹੀਦਾ ਹੈ।
ਰਿਪੋਰਟ ਵਿੱਚ ਮੰਨਿਆ ਗਿਆ ਹੈ ਕਿ ਇਸ ਤੋਂ ਉੱਪਰ ਜਾਣਾ ਖ਼ਤਰਨਾਕ ਹੈ। ਕਿਉਂਕਿ ਇਸ ਨਾਲ ਅਜਿਹਾ ਘਟਨਾ ਚੱਕਰ ਸ਼ੁਰੂ ਹੋ ਸਕਦਾ ਹੈ, ਜਿਸ ਤੋਂ ਬਚਿਆ ਨਹੀਂ ਜਾ ਸਕੇਗਾ। ਇਸ ਨਾਲ ਬਹੁਤ ਠੰਡੇ ਇਲਾਕਿਆਂ ਵਿੱਚ ਧਰਤੀ ਦੀ ਜੋ ਪਰਤ ਸਦਾ ਜੰਮੀ ਰਹਿੰਦੀ ਹੈ, ਉਹ ਪਿਘਲਣ ਲੱਗੇਗੀ। ਨਤੀਜੇ ਵਜੋਂ ਅਜਿਹੀਆਂ ਗੈਸਾਂ ਵਾਯੂ ਮੰਡਲ ਵਿੱਚ ਰਿਸਣ ਲੱਗ ਪੈਣਗੀਆਂ, ਜੋ ਧਰਤੀ ਦੇ ਤਾਪਮਾਨ ਨੂੰ ਹੋਰ ਵਧਾ ਦੇਣਗੀਆਂ।
ਤਾਪਮਾਨ ਥੱਲੇ ਲਿਆਉਣ ਲਈ ਅਜਿਹੀ ਮਹਿੰਗੀ ਤਕਨੀਕ ਦੀ ਵਰਤੋਂ ਕਰਨੀ ਪਵੇਗੀ ਜਿਸ ਨੂੰ ਅਜੇ ਚੰਗੀ ਤਰ੍ਹਾਂ ਪਰਖਿਆ ਵੀ ਨਹੀਂ ਗਿਆ ਹੈ। ਮੁੱਖ ਰੂਪ ਵਿੱਚ ਇਸ ਵਿੱਚ ਹਵਾ ਵਿੱਚ ਘੁਲ ਚੁੱਕੀ ਕਾਰਬਨ ਡਾਈਕਸਾਈਡ ਨੂੰ ਚੂਸਣਾ ਸ਼ਾਮਲ ਹੈ।
ਇਸ ਦਾ ਇੱਕ ਹੋਰ ਮਤਲਬ ਇਹ ਹੈ ਕਿ ਸਾਨੂੰ ਹੋਰ ਕਾਹਲ਼ੀ ਨਾਲ ਕੰਮ ਕਰਨਾ ਪਵੇਗਾ। ਸਾਨੂੰ ਵਾਤਾਵਰਣ ਵਿੱਚ ਹਰੇ ਗ੍ਰਹਿ ਪ੍ਰਭਾਵ ਵਾਲੀਆਂ ਗੈਸਾਂ ਦੇ ਰਿਸਾਅ ਨੂੰ ਜਲਦੀ ਤੋਂ ਜਲਦੀ ਰੋਕਣਾ ਪਵੇਗਾ। ਧਰਤੀ ਦੇ ਤਾਪਮਾਨ ਵਿੱਚ ਹੋ ਰਹੇ ਲਗਾਤਰ ਵਾਧੇ ਨੂੰ ਰੋਕਣਾ ਪਵੇਗਾ।
ਪਥਰਾਟ ਬਾਲਣ ਧਰਤੀ 'ਚ ਹੀ ਪਿਆ ਰਹਿਣ ਦਿਓ

ਤਸਵੀਰ ਸਰੋਤ, Getty Images
ਸਿੱਧੇ ਰੂਪ ਵਿੱਚ ਤਾਂ ਨਹੀਂ ਪਰ ਰਿਪੋਰਟ ਵਿੱਚ ਇਹ ਇਸ਼ਾਰਾ ਜ਼ਰੂਰ ਕੀਤਾ ਗਿਆ ਹੈ ਕਿ ਜੇ ਅਸੀਂ ਦੁਨੀਆਂ ਨੂੰ ਰਹਿਣਯੋਗ ਰੱਖਣਾ ਹੈ ਤਾਂ ਭਵਿੱਖ ਵਿੱਚ ਤੇਲ, ਕੋਲੇ ਗੈਸ ਲਈ ਕੋਈ ਥਾਂ ਨਹੀਂ ਹੈ।
ਰਿਪੋਰਟ ਵਿੱਚ ਗੱਲ ਕੀਤੀ ਗਈ ਹੈ ਕਿ ਕਿਵੇਂ ਨਵਿਉਣਯੋਗ ਊਰਜਾ ਦੇ ਰੂਪ ਜਿਵੇਂ ਸੌਰ ਅਤੇ ਪੌਣ ਊਰਜਾ ਹੁਣ ਸਸਤੇ ਹਨ। ਕਈ ਥਾਵਾਂ 'ਤੇ ਤਾਂ ਹੁਣ ਘੱਟ ਕਾਰਬਨ ਉਤਸਰਜਨ ਵਾਲੇ ਤਰੀਕੇ ਅਪਣਾਉਣ ਨਾਲੋਂ ਪਥਰਾਟ ਬਾਲਣ ਵਰਤਦੇ ਰਹਿਣਾ ਕਿਤੇ ਮਹਿੰਗਾ ਸਾਬਤ ਹੋਵੇਗਾ।
ਰਿਪੋਰਟ ਦੇ ਲੇਖਕਾਂ ਵਿੱਚੋਂ ਇੱਕ ਡਾ. ਫ਼ਰੈਡਰਿਕ ਓਟੋ ਨੇ ਬੀਬੀਸੀ ਨੂੰ ਦੱਸਿਆ, "ਜ਼ਰੂਰੀ ਸੁਨੇਹਾ ਮੈਂ ਸਮਝਦਾ ਹਾਂ ਉਹ ਇਹ ਹੈ ਕਿ ਪਥਰਾਟ ਬਾਲਣ ਨੂੰ ਬਾਲਣਾ ਜਿੰਨੀ ਜਲਦੀ ਹੋ ਸਕੇ ਬੰਦ ਕਰ ਦਿਓ।"
"ਇਸ ਲਈ ਨਹੀਂ ਕਿ ਸਾਡੇ ਕੋਲ ਟੈਕਨੋਲੋਜੀ ਦੀ ਜਾਂ ਕਿਸੇ ਜਾਣਕਾਰੀ ਦੀ ਕਮੀ ਹੈ। ਸਗੋਂ ਇਸ ਲਈ ਕਿਉਂਕਿ ਜਿੱਥੇ ਮਹੱਤਪੂਰਨ ਫ਼ੈਸਲੇ ਲਏ ਜਾਂਦੇ ਹਨ, ਉਨ੍ਹਾਂ ਥਾਵਾਂ 'ਤੇ ਇਸ ਦੇ ਅਤਿ ਜ਼ਰੂਰੀ ਹੋਣ ਦੀ ਭਾਵਨਾ ਦੀ ਅਣਹੋਂਦ ਰਹੀ ਹੈ।"
ਬਦਲਾਅ ਦੀ ਤਾਕਤ ਸਾਡੇ ਹੱਥਾਂ ਵਿੱਚ

ਤਸਵੀਰ ਸਰੋਤ, Getty Images
ਹਾਲਾਂਕਿ ਇਹ ਸੋਚ ਲੈਣਾ ਸੌਖਾ ਹੈ ਕਿ ਵਾਤਾਵਰਣੀ ਤਬਦੀਲੀ ਬਾਰੇ ਰਿਪੋਰਟਾਂ ਦਾ ਸਰੋਕਾਰ ਸਿਰਫ਼ ਸਰਕਾਰਾਂ ਅਤੇ ਊਰਜਾ ਨੀਤੀਆਂ ਨਾਲ ਹੈ। ਜਦਕਿ IPCC ਨੇ ਇਸ ਗੱਲ 'ਤੇ ਰੋਸ਼ਨੀ ਪਾਈ ਹੈ ਕਿ ਇਸ ਦਿਸ਼ਾ ਵਿੱਚ ਲੋਕਾਂ ਵੱਲੋਂ ਆਪਣੇ ਪੱਧਰ 'ਤੇ ਕੀਤੇ ਕੰਮ ਸਮੁੱਚੀ ਤਸਵੀਰ 'ਤੇ ਬਹੁਤ ਜ਼ਿਆਦਾ ਅਸਰ ਪਾਉਂਦੇ ਹਨ।
IPCC ਦੀ ਪ੍ਰਵਾਨਗੀ ਕਮੇਟੀ ਵਿੱਚ ਨਿਗਰਾਨ ਰਹੇ ਕਾਇਸਾ ਕੋਸੋਨੇਨ ਦੱਸਦੇ ਹਨ, "ਕਾਰਬਨ ਨਿਕਾਸੀ ਲਈ ਜੋ ਅਨੁਮਾਨ 2050 ਲਈ ਲਗਾਏ ਗਏ ਹਨ, ਅਸੀਂ ਲੋਕਾਂ ਦੇ ਉਪਰਾਲਿਆਂ ਨਾਲ ਹੀ ਉਨ੍ਹਾਂ ਵਿੱਚ 40 ਤੋਂ 70% ਤੱਕ ਦੀ ਕਮੀ ਲਿਆ ਸਕਦੇ ਹਾਂ।"
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਸ ਵਿੱਚ ਸ਼ਾਮਲ ਹੈ ਸ਼ਾਕਾਹਾਰ ਨੂੰ ਅਪਣਾਉਣਾ, ਹਵਾਈ ਸਫ਼ਰ ਤੋਂ ਪਰਹੇਜ਼ ਕਰਨਾ, ਅਜਿਹੇ ਸ਼ਹਿਰਾਂ ਦਾ ਨਿਰਮਾਣ ਜਿਨ੍ਹਾਂ ਵਿੱਚ ਸਾਈਕਲ ਚਲਾਉਣਾ ਜਾਂ ਤੁਰਨਾ ਸੁਖਾਲਾ ਹੋਵੇ।"
ਰਿਪੋਰਟ ਸਰਕਾਰਾਂ 'ਤੇ ਆਪਣੀਆਂ ਟਰਾਂਸਪੋਰਟ, ਸਨਅਤੀ ਅਤੇ ਊਰਜਾ ਪ੍ਰਣਾਲੀਆਂ ਵਿੱਚ ਅਜਿਹੇ ਕ੍ਰਾਂਤੀਕਾਰੀ ਸੁਧਾਰ ਕਰਨ ਦਾ ਦਬਾਅ ਬਣਾਉਂਦੀ ਹੈ, ਜਿਨ੍ਹਾਂ ਨਾਲ ਘੱਟ ਕਾਰਬਨ ਉਤਸਰਜਨ ਵਾਲੀਆਂ ਚੋਣਾਂ ਕਰਨਾ ਲੋਕਾਂ ਲਈ ਸੌਖਾ ਅਤੇ ਸਸਤਾ ਹੋ ਸਕੇ।
ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲ੍ਹਣੀਆਂ ਪੈ ਸਕਦੀਆਂ ਹਨ

ਤਸਵੀਰ ਸਰੋਤ, Getty Images
ਇਹ ਸੋਚਣਾ ਵੀ ਹੈਰਾਨੀਜਨਕ ਹੈ ਕਿ ਆਉਣ ਵਾਲੇ ਸੱਤ ਸਾਲਾਂ ਵਿੱਚ ਅਸੀਂ ਜੋ ਫ਼ੈਸਲੇ ਲਵਾਂਗੇ ਉਨ੍ਹਾਂ ਦੀ ਗੂੰਜ ਆਉਣ ਵਾਲੇ ਕਈ ਸੌ ਸਾਲਾਂ ਤੱਕ ਸੁਣਾਈ ਦਿੰਦੀ ਰਹੇਗੀ।
ਰਿਪੋਰਟ ਆਗਾਹ ਕਰਦੀ ਹੈ ਕਿ ਤਾਪਮਾਨ 2 ਤੋਂ 3 ਡਿਗਰੀ ਦੇ ਵਿਚਕਾਰ ਵਧਣ ਨਾਲ ਗਰੀਨਲੈਂਡ ਅਤੇ ਪੱਛਮੀ ਅੰਟਰਾਕਟਿਕਾ ਦੀ ਬਰਫ਼ "ਲਗਭਗ ਪੂਰਨ ਰੂਪ ਵਿੱਚ ਅਤੇ ਨਾ ਮੋੜੇ ਜਾਣ ਦੀ ਹੱਦ ਤੱਕ" ਖੁਰ ਜਾਵੇਗੀ।
ਇਸ ਦੌਰਾਨ ਵਾਤਾਵਰਣੀ ਤਬਦੀਲੀ ਦੀਆਂ ਕਈ ਦਹਿਲੀਜ਼ਾਂ ਲੰਘੀਆਂ ਜਾਣਗੀਆਂ, ਜਿਨ੍ਹਾਂ ਦਾ ਅਸਰ ਗਲੇਸ਼ੀਅਰਾਂ ਉੱਪਰ ਵੀ ਪਵੇਗਾ।
ਤਾਪਮਾਨ ਵਧਣ ਦੀ ਇਸ 'ਬਰਨਿੰਗ ਟਰੇਨ' ਨੂੰ ਰੋਕਣ ਲਈ, ਜ਼ਰੂਰੀ ਹੈ ਕਿ ਸਰਕਾਰਾਂ ਆਪਣੀਆਂ ਵਚਨਬੱਧਤਾਵਾਂ 2030 ਤੋਂ ਪਹਿਲਾਂ ਪੂਰੀਆਂ ਕਰਨ। ਜ਼ਰੂਰੀ ਹੈ ਕਿ ਤਾਪਮਾਨ ਨੂੰ 2100 ਤੱਕ 1.5 ਡਿਗਰੀ ਤੱਕ ਰੋਕ ਕੇ ਰੱਖਣ ਲਈ 2050 ਤੱਕ ਨੈੱਟ ਜ਼ੀਰੋ ਦਾ ਟੀਚਾ ਹਾਸਲ ਕੀਤਾ ਜਾ ਸਕੇ।
ਡਾ. ਓਟੋ ਕਹਿੰਦੇ ਹਨ, "ਮੈਂ ਸੋਚਦਾ ਹਾਂ ਕਿ ਨਾ ਸਿਰਫ਼ ਸਾਡੀ ਵਾਤਾਵਰਣ ਪ੍ਰਣਾਲੀ ਸਗੋਂ ਸਾਡੀਆਂ ਸਮਾਜਿਕ ਪ੍ਰਣਾਲੀਆਂ ਵੀ ਦਿਖਾ ਰਾਹੀਆਂ ਹਨ ਕਿ ਇਹ ਕਿੰਨਾ ਜ਼ਰੂਰੀ ਹੈ। ਅਸੀਂ ਦੁਨੀਆਂ ਨੂੰ ਸਾਡੇ ਸਾਰਿਆਂ ਲਈ ਬਿਹਤਰ ਬਨਾਉਣ ਲਈ ਅਜੇ ਵੀ ਬਦਲ ਸਕਦੇ ਹਾਂ।"
ਇਹ ਹੁਣ ਸਿਰਫ਼ ਸਾਇੰਸ ਬਾਰੇ ਨਹੀਂ ਸਗੋਂ ਸਰਕਾਰਾਂ ਬਾਰੇ ਹੈ

ਤਸਵੀਰ ਸਰੋਤ, Getty Images
IPCC ਦੀ ਅਸਲ ਖੂਬੀ ਇਹ ਹੈ ਕਿ ਇਸ ਬਾਰੇ ਸਰਕਾਰਾਂ ਦੀ ਸਹਿਮਤੀ ਹੈ। ਦੂਸਰੇ, ਸਰਕਾਰਾਂ ਦੇ ਨੁਮਾਇੰਦੇ ਇਨ੍ਹਾਂ ਰਿਪੋਰਟਾਂ ਨੂੰ ਉਨ੍ਹਾਂ ਸਾਇੰਸਦਾਨਾਂ ਦੀ ਮੌਜੂਦਗੀ ਵਿੱਚ ਪ੍ਰਵਾਨ ਕਰਦੇ ਹਨ, ਜੋ ਇਸ ਖੇਤਰ ਵਿਚ ਖੋਜ ਕਰਕੇ ਹਨ ਅਤੇ ਇਹ ਰਿਪੋਰਟਾਂ ਲਿਖਦੇ ਹਨ।
ਹਾਲਾਂਕਿ ਪਥਰਾਟ ਬਾਲਣ ਦੀ ਭਵਿੱਖ ਵਿੱਚ ਥਾਂ ਦਾ ਸਵਾਲ, ਸਿਆਸੀ ਸਵਾਲ ਜ਼ਿਆਦਾ ਬਣ ਗਿਆ ਹੈ।
ਪਿੱਛਲੇ ਨਵੰਬਰ ਵਿੱਚ ਸਰਮ ਅਲ-ਸ਼ੇਖ਼ ਵਿੱਚ ਕਈ ਦੇਸਾਂ ਨੇ ਸੰਯੁਕਤ ਰਾਸ਼ਟਰ ਨੂੰ ਕੋਲੇ ਸਮੇਤ ਤੇਲ ਅਤੇ ਗੈਸ ਦੀ ਵਰਤੋਂ ਪੜਾਅਵਾਰ ਤਰੀਕੇ ਨਾਲ ਬੰਦ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ।
ਇਹ ਦਲੀਲ ਹੁਣ ਹੋਰ ਮਜ਼ਬੂਤ ਹੋ ਰਹੀ ਹੈ ਅਤੇ ਯੂਰਪੀ ਯੂਨੀਅਨ ਇਸ ਦੀ ਖੁੱਲ੍ਹੇ ਤੌਰ 'ਤੇ ਹਮਾਇਤ ਕਰ ਰਹੀ ਹੈ।
ਨਿਸ਼ਚਿਤ ਹੀ ਇਸੇ ਸਾਲ ਜਦੋਂ ਦੁਨੀਆਂ ਦੇ ਆਗੂ COP28 ਦੀ ਬੈਠਕ ਲਈ ਦੁਬਈ ਵਿੱਚ ਇੱਕਠੇ ਹੋਣਗੇ ਤਾਂ ਜ਼ਰੂਰ ਹੀ ਇਹ ਨਵੀਂ IPCC ਰਿਪੋਰਟ ਬਹਿਸ ਦਾ ਕੇਂਦਰੀ ਬਿੰਦੂ ਹੋਵੇਗੀ।












