ਮਨਮੋਹਨ ਸਿੰਘ ਨੂੰ ਪੰਥ ਰਤਨ ਸਨਮਾਨ ਕਿਉਂ ਨਹੀਂ ਦੇਣਾ ਚਾਹੀਦਾ, ਸਿੱਖ ਜਥੇਬੰਦੀਆਂ ਨੇ ਇਹ ਦਲੀਲਾਂ ਦਿੱਤੀਆਂ

ਡਾ. ਮਨਮੋਹਨ ਸਿੰਘ
ਤਸਵੀਰ ਕੈਪਸ਼ਨ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੇਂਟ ਪੀਟਰਸਬਰਗ, ਰੂਸ ਵਿੱਚ 6 ਸਤੰਬਰ, 2013 ਨੂੰ ਜੀ20 ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਂਦੇ ਹੋਏ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਗਰਮਸੁਰ ਪੰਥਕ ਜਥੇਬੰਦੀ ਦਲ ਖਾਲਸਾ ਨੇ ਡਾਕਟਰ ਮਨਮੋਹਨ ਸਿੰਘ ਨੂੰ ਪੰਥ ਰਤਨ ਐਵਾਰਡ ਦੇਣ ਦੀ ਮੰਗ ਦਾ ਵਿਰੋਧ ਕੀਤਾ ਹੈ।

ਜਥੇਬੰਦੀ ਨੇ ਆਪਣੇ ਬਿਆਨ ਵਿੱਚ ਕਿਹਾ, ''ਡਾਕਟਰ ਮਨਮੋਹਨ ਸਿੰਘ ਨੇ ਭਾਰਤ ਦੀ ਸੇਵਾ ਕੀਤੀ ਹੈ, ਸਿੱਖ ਭਾਈਚਾਰੇ ਦੀ ਨਹੀਂ। ਇਸ ਲਈ ਕਾਂਗਰਸ ਨੂੰ ਭਾਰਤ ਸਰਕਾਰ ਤੋਂ ਭਾਰਤ ਰਤਨ ਦੀ ਮੰਗ ਕਰਨੀ ਚਾਹੀਦੀ ਹੈ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੋਂ ਪੰਥ ਰਤਨ ਦੀ ਨਹੀਂ।''

ਦਲ ਖਾਲਸਾ ਦਾ ਇਹ ਬਿਆਨ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਕਾਲ ਤਖ਼ਤ ਨੂੰ ਲਿਖੀ ਗਈ ਉਸ ਚਿੱਠੀ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਲਈ ਪੰਥ ਰਤਨ ਦੀ ਮੰਗ ਕੀਤੀ ਸੀ।

ਡਾਕਟਰ ਮਨਮੋਹਨ ਸਿੰਘ ਅਜ਼ਾਦ ਭਾਰਤ ਦੇ ਇੱਕੋ-ਇੱਕ ਸਿੱਖ ਪ੍ਰਧਾਨ ਮੰਤਰੀ ਅਤੇ ਕੌਮਾਂਤਰੀ ਪ੍ਰਸਿੱਧੀ ਹਾਸਲ ਅਰਥ ਸਾਸ਼ਤਰੀ ਸਨ।

ਉਨ੍ਹਾਂ ਦਾ ਬੀਤੇ 26 ਦਸੰਬਰ 2024 ਨੂੰ ਦੇਹਾਂਤ ਹੋ ਗਿਆ ਸੀ। ਉਹ 92 ਵਰ੍ਹਿਆਂ ਦੇ ਸਨ।

ਡਾਕਟਰ ਮਨਮੋਹਨ ਸਿੰਘ ਦੀ ਮੌਤ ਤੋਂ ਬਾਅਦ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਿੱਖ ਕੌਮ ਦੇ ਹਰ ਵਰਗ ਨੇ ਉਨ੍ਹਾਂ ਦੇ ਕੰਮਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ। ਪਰ ਹੁਣ ਉਨ੍ਹਾਂ ਨੂੰ ਪੰਥ ਰਤਨ ਦੇਣ ਦੀ ਮੰਗ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪੰਥ ਰਤਨ ਸਨਮਾਨ ਕੀ ਹੈ

ਪੰਥ ਰਤਨ ਸਿੱਖ ਧਰਮ ਦੀ ਸਿਰਮੌਰ ਸੰਸਥਾ ਅਕਾਲ ਤਖ਼ਤ ਵੱਲੋਂ ਦਿੱਤੇ ਜਾਣ ਵਾਲੇ ਸਰਵਉੱਚ ਸਨਮਾਨਾਂ ਵਿੱਚੋਂ ਇੱਕ ਹੈ।

ਸਿੱਖ ਕੌਮ ਲਈ ਵਿਲੱਖਣ ਯੋਗਦਾਨ ਦੇਣ ਵਾਲੀਆਂ ਸ਼ਖਸੀਅਤਾਂ ਨੂੰ ਇਹ ਸਨਮਾਨ ਅਕਾਲ ਤਖ਼ਤ ਤੋਂ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਦਿੱਤਾ ਜਾਂਦਾ ਹੈ।

ਸਿੱਖ ਮਸਲਿਆਂ ਦੀ ਜਾਣਕਾਰੀ ਰੱਖਣ ਵਾਲੇ ਮਾਹਿਰਾਂ ਅਤੇ ਇਤਿਹਾਸਕਾਰਾਂ ਅਨੁਸਾਰ ਇਹ ਸਨਮਾਨ ਦੇਣ ਲਈ ਕੋਈ ਵੀ ਮਾਪਦੰਡ ਤੈਅ ਨਹੀਂ ਹਨ।

ਪ੍ਰੋਫੈਸਰ ਸਰਬਜਿੰਦਰ ਸਿੰਘ ਕਹਿੰਦੇ ਹਨ, "ਪੰਥ ਰਤਨ ਕਿਸ ਨੂੰ ਦਿੱਤਾ ਜਾ ਸਕਦਾ ਹੈ ਅਤੇ ਕਿਉਂ ਦਿੱਤਾ ਜਾ ਸਕਦਾ ਹੈ। ਇਸ ਬਾਰੇ ਕੋਈ ਵੀ ਮਾਪਦੰਡ ਤੈਅ ਨਹੀਂ ਕੀਤੇ ਹੋਏ। ਇਹ ਸਨਮਾਨ ਸਿੱਖ ਕੌਮ ਲਈ ਯੋਗਦਾਨ ਦੇਣ ਵਾਲੀਆਂ ਸ਼ਖਸ਼ੀਅਤਾਂ ਨੂੰ ਦਿੱਤਾ ਜਾਂਦਾ ਹੈ। ਇਹ ਯੋਗਦਾਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਸ ਬਾਰੇ ਕਿਤੇ ਵੀ ਕੋਈ ਜ਼ਿਕਰ ਨਹੀਂ ਹੈ।"

ਡਾ. ਸਰਬਜਿੰਦਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਡੀਨ ਫੈਕਲਟੀ ਆਫ਼ ਹਿਊਮੈਨਟੀਜ਼ ਐਂਡ ਰਿਲੀਜ਼ੀਅਸ ਸਟੱਡੀਜ਼ ਹਨ।

ਪੰਜਾਬ ਅਤੇ ਸਿੱਖ ਮਸਲਿਆਂ ਨੂੰ ਲੰਬੇ ਸਮੇਂ ਤੋਂ ਕਵਰ ਕਰਦੇ ਆ ਰਹੇ ਟਾਇਮਜ਼ ਆਫ ਇੰਡੀਆ ਦੇ ਸੀਨੀਅਰ ਪੱਤਰਕਾਰ ਆਈਪੀ ਸਿੰਘ ਵੀ ਕਹਿੰਦੇ ਹਨ ਕਿ ਪੰਥ ਰਤਨ ਦੇਣ ਬਾਰੇ ਕੋਈ ਮਾਪਦੰਡ ਨਹੀਂ ਹੈ। ਸਿੱਖ ਕੌਮ ਜਾਂ ਸਿੱਖਾਂ ਵਾਸਤੇ ਯੋਗਦਾਨ ਦੇਣ ਜਾਂ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਇਹ ਸਨਮਾਨ ਦਿੱਤਾ ਜਾ ਸਕਦਾ ਹੈ।

ਅਕਾਲ ਤਖ਼ਤ ਸਾਹਿਬ

ਪੰਥ ਰਤਨ ਦੀ ਕੀ ਮਹਾਨਤਾ ਹੈ

ਪ੍ਰੋਫੈਸਰ ਸਰਬਜਿੰਦਰ ਸਿੰਘ ਕਹਿੰਦੇ ਹਨ ਕਿ 'ਪੰਥ ਰਤਨ ਦੀ ਉਪਾਧੀ ਦਾ ਮਹਾਨਤਾ' ਇਸ ਨੂੰ ਸਿੱਖ ਕੌਮ ਦੇ ਸਰਵਉੱਚ ਅਸਥਾਨ ਅਕਾਲ ਤਖ਼ਤ ਵੱਲੋਂ ਦਿੱਤੇ ਜਾਣ ਕਰਕੇ ਹੈ।

"ਅਕਾਲ ਤਖ਼ਤ ਤੋਂ ਦਿੱਤੀ ਜਾਣ ਵਾਲੀ ਕੋਈ ਵੀ ਉਪਾਧੀ ਜਾਂ ਸਨਮਾਨ ਦਾ ਆਪਣੇ ਆਪ ਵਿੱਚ ਵਿਸ਼ੇਸ਼ ਅਤੇ ਵੱਡਾ ਰੁਤਬਾ ਹੁੰਦਾ ਹੈ। ਜਿਸ ਸ਼ਖਸ਼ੀਅਤ ਨੂੰ ਵੀ ਅਕਾਲ ਤਖ਼ਤ ਤੋਂ ਕੋਈ ਸਨਮਾਨ ਮਿਲਦਾ ਹੈ ਤਾਂ ਉਸ ਦਾ ਸਮਾਜ ਤੇ ਕੌਮ ਵਿੱਚ ਰੁਤਬਾ ਵੱਡਾ ਹੋ ਜਾਂਦਾ ਹੈ।"

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਕਹਿੰਦੇ ਹਨ, ''ਮਹਾਨ ਕੰਮ ਕਰਨ ਵਾਲੀਆਂ ਸ਼ਖਸ਼ੀਅਤਾਂ ਦਾ ਸਨਮਾਨ ਕਰਕੇ ਕੌਮ ਆਪਣਾ ਫਰਜ਼ ਅਦਾ ਕਰਦੀ ਹੈ। ਇਸ ਦਾ ਮਕਸਦ ਸਨਮਾਨਿਤ ਕੀਤੀ ਜਾ ਰਹੀ ਸ਼ਖ਼ਸੀਅਤ ਦੇ ਕੀਤੇ ਕੰਮ ਜਾਂ ਕੁਰਬਾਨੀ ਨੂੰ ਕੌਮ ਵਲੋਂ ਸਮੂਹਿਕ ਤੌਰ ਉੱਤੇ ਮਾਨਤਾ ਦੇਣਾ ਹੈ।''

''ਇਸੇ ਲਈ ਸਿੱਖ ਕੌਮ ਲਈ ਵਿਸ਼ੇਸ਼ ਯੋਗਦਾਨ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਅਕਾਲ ਤਖ਼ਤ ਵਲੋਂ ਸਨਮਾਨ ਕੀਤਾ ਜਾਂਦਾ ਹੈ, ਪਰ ਪੰਥ ਰਤਨ ਦਾ ਐਵਾਰਡ ਕੌਮ ਦਾ ਸਭ ਤੋਂ ਵੱਡਾ ਸਨਮਾਨ ਹੈ।''

ਪ੍ਰੋ. ਸਰਬਜਿੰਦਰ ਸਿੰਘ

ਤਸਵੀਰ ਸਰੋਤ, PROFESSOR SARABJINDER SINGH

ਤਸਵੀਰ ਕੈਪਸ਼ਨ, ਸਰਬਜਿੰਦਰ ਸਿੰਘ ਕਹਿੰਦੇ ਹਨ ਕਿ ਪੰਥ ਰਤਨ ਸਿੱਖ ਕੌਮ ਦੇ ਸਰਵਉੱਚ ਅਸਥਾਨ ਅਕਾਲ ਤਖ਼ਤ ਵੱਲੋਂ ਦਿੱਤਾ ਜਾਂਦਾ ਹੈ

ਸਨਮਾਨ ਦੇ ਸਿਧਾਂਤਾਂ ਨੂੰ ਠੇਸ

ਸਿੱਖ ਮਾਮਲਿਆਂ ਦੇ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਸਿਆਸੀ ਦਖ਼ਲਅੰਦਾਜ਼ੀ ਨੇ ਇਸ ਸਨਮਾਨ ਦੇ ਸਿਧਾਂਤ ਨੂੰ ਢਾਹ ਵੀ ਲਾਈ ਹੈ।

ਪ੍ਰੋਫੈਸਰ ਸਰਬਜਿੰਦਰ ਸਿੰਘ ਕਹਿੰਦੇ ਹਨ ਕਿ ਇਸ ਸਨਮਾਨ ਦੀ ਪਿਛਲੇ ਕੁਝ ਸਮੇਂ ਵਿੱਚ ਦੁਰਵਰਤੋਂ ਹੋਈ ਹੈ ਜਦੋਂ 'ਪੰਥ ਰਤਨ' ਸਨਮਾਨ ਸਿਆਸੀ ਹਿੱਤਾਂ ਜਾਂ ਉਦੇਸ਼ਾਂ ਨੂੰ ਪ੍ਰਮੁੱਖ ਰੱਖ਼ ਕੇ ਦਿੱਤਾ ਗਿਆ।

ਉਨ੍ਹਾਂ ਮੁਤਾਬਕ, "ਪਿਛਲੇ ਕੁਝ ਸਾਲਾਂ ਵਿੱਚ ਇਸ ਸਨਮਾਨ ਦਾ ਸਿਧਾਂਤ ਹਾਸ਼ੀਏ ਉੱਤੇ ਆ ਗਿਆ ਹੈ ਅਤੇ ਰਾਜਨੀਤੀ ਕੇਂਦਰ ਵਿੱਚ ਆ ਗਈ ਹੈ। ਫਲਸਰੂਪ ਇਹ ਸਨਮਾਨ ਉਨ੍ਹਾਂ ਸ਼ਖਸੀਅਤਾਂ ਨੂੰ ਵੀ ਦਿੱਤਾ ਗਿਆ ਜੋ ਇਸ ਦੇ ਹੱਕਦਾਰ ਨਹੀਂ ਸਨ।"

ਗੁਰਚਰਨ ਸਿੰਘ ਟੌਹੜਾ ਅਤੇ ਮਾਸਟਰ ਤਾਰਾ ਸਿੰਘ

ਤਸਵੀਰ ਸਰੋਤ, Getty Images/PROVIDED BY PAL SINGH

ਤਸਵੀਰ ਕੈਪਸ਼ਨ, ਗੁਰਚਰਨ ਸਿੰਘ ਟੌਹੜਾ ਅਤੇ ਮਾਸਟਰ ਤਾਰਾ ਸਿੰਘ

ਕਿਸ-ਕਿਸ ਨੂੰ ਮਿਲਿਆ ਪੰਥ ਰਤਨ

ਸਿੱਖ ਕੌਮ ਦੇ ਪੰਥ ਰਤਨ

ਹੁਣ ਤੱਕ ਕਈ ਸ਼ਖ਼ਸੀਅਤਾਂ ਨੂੰ ਅਕਾਲ ਤਖ਼ਤ ਵੱਲੋਂ ਪੰਥ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਨ੍ਹਾਂ ਵਿੱਚ ਗੁਰਚਰਨ ਸਿੰਘ ਟੌਹੜਾ, ਮਾਸਟਰ ਤਾਰਾ ਸਿੰਘ, ਗਿਆਨੀ ਸੰਤ ਸਿੰਘ ਮਸਕੀਨ ਅਤੇ ਕਈ ਹੋਰ ਸ਼ਖ਼ਸੀਅਤਾਂ ਸ਼ਾਮਲ ਹਨ।

ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੇ ਅਤੇ ਅੱਜ ਵੀ ਪੰਥਕ ਸਿੱਖਾਂ ਵਿੱਚ ਉਨ੍ਹਾਂ ਦਾ ਬਹੁਤ ਸਤਿਕਾਰ ਹੈ। ਉਨ੍ਹਾਂ ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਟੌਹੜਾ ਵਿੱਚ ਸਾਲ 1924 ਵਿੱਚ ਹੋਇਆ ਸੀ ਅਤੇ ਸਾਲ 2004 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਨੂੰ ਰਾਵਲਪਿੰਡੀ, ਪੰਜਾਬ ਵਿਖੇ ਹੋਇਆ ਸੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਥਾਪਕ ਮੈਂਬਰ ਸਨ। ਉਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼, ਵੰਡ ਅਤੇ ਪੰਜਾਬੀ ਸੂਬਾ ਅੰਦੋਲਨ ਦੌਰਾਨ ਸਿੱਖਾਂ ਦੀ ਅਗਵਾਈ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸਾਲ 1967 ਵਿੱਚ ਉਨ੍ਹਾਂ ਆਖ਼ਰੀ ਸਾਹ ਲਏ।

ਸੰਤ ਸਿੰਘ ਮਸਕੀਨ

ਸੰਤ ਸਿੰਘ ਮਸਕੀਨ ਇੱਕ ਸਿੱਖ ਵਿਦਵਾਨ ਅਤੇ ਧਰਮ ਸ਼ਾਸਤਰੀ ਸਨ। ਉਹ ਗੁਰਮਤਿ ਅਤੇ ਗੁਰਬਾਣੀ ਵਿੱਚ ਮੁਹਾਰਤ ਰੱਖਦੇ ਸਨ। ਇਸ ਤੋਂ ਇਲਾਵਾ ਉਹ ਸਿੱਖ ਧਰਮ ਪ੍ਰਚਾਰਕ ਵੀ ਸਨ।ਉਨ੍ਹਾਂ ਦਾ ਜਨਮ ਸਾਲ 1934 ਵਿੱਚ ਪਿੰਡ ਲੱਕੀ ਮਰਵਤ (ਹੁਣ ਪਾਕਿਸਤਾਨ ਵਿੱਚ) ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਆਖ਼ਰੀ ਸਾਹ ਸਾਲ 2005 ਵਿੱਚ ਲਏ ਸਨ।

ਗੁਰਬਾਣੀ ਰਾਹੀਂ ਮਨੁੱਖਤਾ ਦੀ ਸੇਵਾ ਲਈ ਸੰਦੇਸ਼ ਦੇਣ ਅਤੇ ਸਿੱਖ ਧਰਮ ’ਚ ਪਾਏ ਉਹਨਾਂ ਦੇ ਯੋਗਦਾਨ ਲਈ ਸੰਤ ਮਸਕੀਨ ਨੂੰ "ਪੰਥ ਰਤਨ" ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।

ਇਨ੍ਹਾਂ ਸਖਸ਼ੀਅਤਾਂ ਤੋਂ ਇਲਾਵਾ ਸਿੱਖ ਪ੍ਰਚਾਰਕ ਤੇ ਸਿੱਖ ਧਰਮਾ ਸੰਸਥਾ ਦੇ ਬਾਨੀ ਹਰਭਜਨ ਸਿੰਘ ਖਾਲਸਾ ਯੋਗੀ,

ਗੁਰਬਾਣੀ ਕੀਰਤਨੀਏ ਤੇ ਸਮਾਜ ਸੇਵੀ ਭਾਈ ਜਸਬੀਰ ਸਿੰਘ ਖਾਲਸਾ ਖੰਨੇਵਾਲੇ, ਨਿਹੰਗ ਮੁਖੀ ਹਰਭਜਨ ਸਿੰਘ ਹਰੀਆਂਵੇਲਾਂ ਵਾਲੇ, ਸਿੱਖ ਪ੍ਰਚਾਰਕ ਬੀਬੀ ਇੰਦਰਜੀਤ ਕੌਰ ਖਾਲਸਾ ਨੂੰ ਵੀ "ਪੰਥ ਰਤਨ" ਦੀ ਦੁਰਲੱਭ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ।

ਪੰਥਕ ਰਤਨ ਸਨਮਾਨ ਦੇ ਮਾਮਲੇ ਦਾ ਇੱਕ ਰੋਚਕ ਤੱਥ ਇਹ ਹੈ ਕਿ ਅਮਰੀਕਾ ਵਿੱਚ ਸਿੱਖ ਧਰਮ ਦਾ ਪ੍ਰਚਾਰ ਪਸਾਰ ਕਰਨ ਵਾਲੇ ਹਰਭਜਨ ਸਿੰਘ ਖਾਲਸਾ ਯੋਗੀ ਅਤੇ ਉਨ੍ਹਾਂ ਦੀ ਪਤਨੀ ਇੰਦਰਜੀਤ ਕੌਰ ਖਾਲਸਾ ਦੋਵਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ।

ਵਿਰੋਧ ਦੇ ਸੁਰ

ਦਲ ਖਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ, ''ਅਸੀਂ ਕਾਂਗਰਸ ਵੱਲੋਂ ਡਾਕਟਰ ਮਨਮੋਹਨ ਸਿੰਘ ਲਈ ਪੰਥ ਰਤਨ ਦੀ ਮੰਗ ਦਾ ਸਖ਼ਤ ਵਿਰੋਧ ਕਰਦੇ ਹਾਂ। ਉਹ ਭਾਰਤ ਦੇ ਸਭ ਤੋਂ ਵੱਡੇ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ 10 ਸਾਲ ਰਹੇ, ਪਰ ਉਨ੍ਹਾਂ ਸਿੱਖ ਪਛਾਣ ਅਤੇ ਕੌਮ ਦੇ ਹਿੱਤਾਂ ਲਈ ਕੁਝ ਖਾਸ ਨਹੀਂ ਕੀਤਾ।''

ਮੰਡ ਨੇ ਕਿਹਾ, ''ਜੇਕਰ ਕਾਂਗਰਸ ਡਾਕਟਰ ਮਨਮੋਹਨ ਸਿੰਘ ਲਈ ਕੋਈ ਖਿਤਾਬ ਚਾਹੁੰਦੀ ਹੈ, ਤਾਂ ਉਸ ਨੂੰ ਨਰਿੰਦਰ ਮੋਦੀ ਸਰਕਾਰ ਕੋਲ ਪਹੁੰਚ ਕਰਨੀ ਚਾਹੀਦੀ ਹੈ ਅਤੇ ਉਹਨਾਂ ਲਈ ਭਾਰਤ ਰਤਨ ਦੀ ਮੰਗ ਕਰਨੀ ਚਾਹੀਦੀ ਹੈ। "

ਮੰਡ ਨੇ ਕਿਹਾ ਕਿ ਕੇਂਦਰ ਦੀ ਸੱਜੇ ਪੱਖੀ ਹਿੰਦੂਤਵ ਸਰਕਾਰ ਦੀ ਫਿਰਕੂ ਅਤੇ ਸੰਕੀਰਣ ਮਾਨਸਿਕਤਾ ਨੂੰ ਦੇਖਦੇ ਹੋਏ, ਸਾਨੂੰ ਨਹੀਂ ਲੱਗਦਾ ਕਿ ਉਹ ਕਿਸੇ ਦਸਤਾਰਧਾਰੀ ਸਿੱਖ ਨੂੰ ਆਪਣਾ ਸਨਮਾਨ ਦੇਣਗੇ।

ਮੰਡ ਨੇ ਕਿਹਾ ਇੱਕ ਦਸਤਾਰਧਾਰੀ ਸਿੱਖ ਦੇਸ ਦਾ ਪ੍ਰਧਾਨ ਮੰਤਰੀ ਹੋਵੇ ਅਤੇ ਭਾਰਤੀ ਸੰਵਿਧਾਨ ਦੀ ਧਾਰਾ 25(2) (ਬੀ) ਵਿੱਚ ਸੋਧ ਕਰਵਾਉਣ ਵਿੱਚ ਅਸਫ਼ਲ ਰਹੇ। ਇਸ ਤੋਂ ਵੱਡੀ ਨਮੋਸ਼ੀ ਕੀ ਹੋ ਸਕਦੀ ਹੈ। ਇਹ ਧਾਰਾ ਸਿੱਖਾਂ ਨੂੰ ਹਿੰਦੂਆਂ ਵਜੋਂ ਸ਼੍ਰੇਣੀਬੱਧ ਕਰਦੀ ਹੈ। ਸਿੱਖਾਂ ਨੂੰ ਹਿੰਦੂ ਦੱਸਣਾ ਸਿੱਖਾਂ ਨਾਲ ਸੰਵਿਧਾਨਕ ਵਿਤਕਰੇ ਦਾ ਮੂਲ ਕਾਰਨ ਹੈ।

ਮਨਮੋਹਨ ਸਿੰਘ ਵੱਲੋਂ 1984 ਦੇ ਸਿੱਖ ਵਿਰੋਧੀ ਕਤਲੇਆਮ ਲ਼ਈ ਸੰਸਦ ਵਿੱਚ ਮਾਫੀ ਮੰਗਣ ਦੇ ਸਬੰਧ ਵਿੱਚ ਪਰਮਜੀਤ ਮੰਡ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਗੁਨਾਹਾਂ ਦੀ ਮਾਫੀ ਵੀ ਸਿੱਖ ਤੋਂ ਹੀ ਮੰਗਵਾਈ।

ਕਿਰਨਜੋਤ ਕੌਰ ਸ਼੍ਰੋਮਣੀ ਕਮੇਟੀ ਦੀ ਮੈਂਬਰ ਹੈ, ਪੰਥ ਰਤਨ ਅਤੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਾਸਟਰ ਤਾਰਾ ਸਿੰਘ ਦੀ ਦੋਹਤੀ ਹੈ।

ਉਨ੍ਹਾਂ ਵੀ ਫੇਸਬੁੱਕ ਪੋਸਟ ਰਾਹੀ ਮਨਮੋਹਨ ਸਿੰਘ ਨੂੰ ਪੰਥ ਰਤਨ ਐਵਾਰਡ ਦੇਣ ਖਿਲਾਫ਼ ਰਾਇ ਪ੍ਰਗਟਾਈ ਹੈ।

ਕਿਰਨਜੋਤ ਕੌਰ ਲਿਖਦੇ ਹਨ, ''ਡਾ. ਮਨਮੋਹਨ ਸਿੰਘ ਕੇਵਲ ਸਿੱਖਾਂ ਲਈ ਹੀ ਨਹੀਂ ਸਗੋਂ ਹਰ ਕਿਸੇ ਲਈ ਪ੍ਰੇਰਨਾਦਾਇਕ ਸ਼ਖਸੀਅਤ ਸਨ। ਉਨ੍ਹਾਂ ਵਿੱਚ ਸਖ਼ਤ ਮਿਹਨਤ, ਨਿਮਰਤਾ, ਇਮਾਨਦਾਰੀ, ਬਿਨਾਂ ਕਿਸੇ ਬਦਨਾਮੀ ਦੇ ਅਰਥਪੂਰਨ ਬੋਲਣ, ਸਭਨਾਂ ਦੀ ਭਲਾਈ ਲਈ ਕੰਮ ਕਰਨ ਦੇ ਗੁਣ ਸਨ। ਅਜਿਹੇ ਗੁਣਾਂ ਨਾਲ ਬਿਨਾਂ ਕੋਈ ਸਮਝੌਤਾ ਕੀਤੇ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਪਹੁੰਚੇ।

ਪਰ ਕਿਰਨਜੋਤ ਕੌਰ ਕਹਿੰਦੇ ਹਨ ਕਿ ਮਨਮੋਹਨ ਸਿੰਘ "ਪੰਥ ਰਤਨ" ਦੇ ਉਮੀਦਵਾਰ ਨਹੀਂ ਹੋ ਸਕਦੇ ਕਿਉਂਕਿ ਉਨ੍ਹਾਂ ਨੇ ਪੰਥ ਲਈ ਖਾਸ ਤੌਰ 'ਤੇ ਕੁਝ ਨਹੀਂ ਕੀਤਾ। ਪੰਥਕ ਰਵਾਇਤਾਂ ਦੀ ਘੱਟ ਜਾਣਕਾਰੀ ਰੱਖਣ ਵਾਲੇ ਕਾਂਗਰਸੀਆਂ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਿੱਖਾਂ ਅੰਦਰ ਡਾਕਟਰ ਮਨਮੋਹਨ ਸਿੰਘ ਦੀ ਯਾਦ ਵਿਚ ਕੋਈ ਵਿਵਾਦ ਪੈਦਾ ਨਹੀਂ ਕਰਨਾ ਚਾਹੀਦਾ।

ਡਾ. ਮਨਮੋਹਨ ਸਿੰਘ ਦਾ ਸਫ਼ਰ

ਡਾ. ਮਨਮੋਹਨ ਸਿੰਘ

ਡਾ. ਮਨਮੋਹਨ ਸਿੰਘ ਭਾਰਤ ਦੇ ਸਭ ਤੋਂ ਲੰਬਾ ਸਮਾਂ ਪ੍ਰਧਾਨ ਮੰਤਰੀ ਰਹਿਣ ਵਾਲਿਆਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਆਪਣੀ ਬੇਦਾਗ ਸ਼ਖ਼ਸੀਅਤ ਲਈ ਸਤਿਕਾਰ ਖੱਟਿਆ।

ਉਨ੍ਹਾਂ ਨੂੰ ਪਹਿਲਾਂ ਵਿੱਤ ਮੰਤਰੀ ਵਜੋਂ ਅਤੇ ਫਿਰ 2004-14 ਦਰਮਿਆਨ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਆਰਥਿਕਤਾ ਦੇ ਉਦਾਰੀਕਰਨ ਦੇ ਮੋਢੀ ਹੋਣ ਦਾ ਸਿਹਰਾ ਦਿੱਤਾ ਜਾਂਦਾ ਹੈ।

ਡਾ. ਮਨਮੋਹਨ ਸਿੰਘ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ।

ਉਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਆਪਣਾ ਪਹਿਲਾ ਕਾਰਜਕਾਲ ਪੂਰਾ ਕਰਨ ਤੋਂ ਮਗਰੋਂ ਦੁਬਾਰਾ ਚੁਣੇ ਜਾਣ ਵਾਲੇ ਦੂਜੇ ਪ੍ਰਧਾਨ ਮੰਤਰੀ ਵੀ ਬਣੇ।

ਉਨ੍ਹਾਂ ਨੇ ਸਾਲ 1984 ਦੇ ਸਿੱਖ ਕਤਲੇਆਮ ਲਈ ਸੰਸਦ ਵਿੱਚ ਜਨਤਕ ਮੁਆਫ਼ੀ ਮੰਗੀ, ਜਿਸ ਵਿੱਚ ਕਰੀਬ 3000 ਸਿੱਖਾਂ ਦੀ ਜਾਨ ਗਈ ਸੀ।

ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਦੂਜਾ ਕਾਰਜਕਾਲ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਕਾਰਨ ਵਿਵਾਦਾਂ ਵਿੱਚ ਰਿਹਾ। ਇਨ੍ਹਾਂ ਵਿੱਚ ਘਪਲਿਆਂ ਬਾਰੇ ਕਈਆਂ ਦਾ ਕਹਿਣਾ ਹੈ ਕਿ ਇਹੀ ਸਾਲ 2014 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਨਮੋਸ਼ੀ ਭਰੀ ਹਾਰ ਦਾ ਕਾਰਨ ਬਣੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)