ਚਕਵਾਲ ਦੇ 'ਗਾਹ' ਪਿੰਡ ਦਾ 'ਮੋਹਨਾ', ਜਿਨ੍ਹਾਂ ਦੇ ਬਚਪਨ ਦੇ ਦੋਸਤ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ

ਤਸਵੀਰ ਸਰੋਤ, Getty Images
- ਲੇਖਕ, ਵਕਾਰ ਮੁਸਤਫ਼ਾ
- ਰੋਲ, ਪੱਤਰਕਾਰ ਅਤੇ ਖੋਜਕਾਰ
ਪਿੰਡ 'ਗਾਹ' ਦਾ ਮੋਹਨਾ ਨਹੀਂ ਰਿਹਾ, ਵੱਡੇ ਦਰੱਖ਼ਤ ਹੇਠਾਂ ਗੁੱਲੀ-ਡੰਡਾ, ਬੰਟੇ ਅਤੇ ਕਬੱਡੀ ਖੇਡਦਿਆਂ ਉਨ੍ਹਾਂ ਦੇ ਬਚਪਨ ਵਾਲੇ ਦੋਸਤ ਉਨ੍ਹਾਂ ਨੂੰ ਇਸੇ ਨਾਮ ਨਾਲ ਬੁਲਾਉਂਦੇ ਸਨ।
ਜਦੋਂ ਉਹ 1932 ਵਿੱਚ ਬਰਤਾਨਵੀ ਭਾਰਤ ਦੇ ਜੇਹਲਮ ਜ਼ਿਲ੍ਹੇ ਦੇ ਪਿੰਡ ਵਿੱਚ ਕੱਪੜੇ ਦੇ ਦੁਕਾਨਦਾਰ ਗੁਰਮੁਖ ਸਿੰਘ ਅਤੇ ਉਨ੍ਹਾਂ ਦੇ ਪਤਨੀ ਅੰਮ੍ਰਿਤ ਕੌਰ ਦੇ ਘਰ ਪੈਦਾ ਹੋਏ ਸਨ, ਤਾਂ ਉਨ੍ਹਾਂ ਦਾ ਨਾਮ ਮਨਮੋਹਨ ਸਿੰਘ ਰੱਖਿਆ ਗਿਆ ਸੀ।
ਹੁਣ ਇਹ ਪਿੰਡ ਚਕਵਾਲ ਜ਼ਿਲ੍ਹੇ ਦਾ ਹਿੱਸਾ ਹੈ, ਜੋ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ 100 ਕਿਲੋਮੀਟਰ ਦੱਖਣ-ਪੂਰਬ ਵੱਲ ਸਥਿਤ ਹੈ।
ਮਨਮੋਹਨ ਸਿੰਘ ਜਦੋਂ 2004 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਅਤੇ ਅਗਲੇ ਦਸ ਸਾਲ ਇਸੇ ਅਹੁਦੇ 'ਤੇ ਰਹੇ ਅਤੇ ਕਈ ਆਰਥਿਕ ਸੁਧਾਰ ਕੀਤੇ। ਉਦੋਂ ਉਨ੍ਹਾਂ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਉਨ੍ਹਾਂ ਦੇ ਪਿੰਡ ਦੇ ਸਾਥੀ ਸ਼ਾਹ ਵਲੀ ਅਤੇ ਰਾਜਾ ਦੇ ਦਿਲਾਂ ਵਿੱਚ ਹਲੋਰੇ ਮਾਰਨ ਲੱਗੀਆਂ।

'ਮੈਂ ਅੱਜ ਜੋ ਕੁਝ ਹਾਂ, ਸਿੱਖਿਆ ਦੀ ਵਜ੍ਹਾ ਨਾਲ ਹੀ ਹਾਂ'
ਸਮਾਜ ਸ਼ਾਸਤਰ ਦੇ ਮਾਹਰ ਜਾਰਜ ਮੈਥਿਊ ਸਾਲ 2004 ਵਿੱਚ ਗਾਹ ਗਏ ਸਨ।
'ਟ੍ਰਿਬਿਊਨ ਇੰਡੀਆ' ਵਿੱਚ ਲਿਖੇ ਆਪਣੇ ਲੇਖ ਅਨੁਸਾਰ ਸਕੂਲ ਦੇ ਰਜਿਸਟਰ ਵਿੱਚ ਮਨਮੋਹਨ ਸਿੰਘ ਦਾ ਨੰਬਰ 187 ਸੀ, ਪਿਤਾ ਦਾ ਨਾਂ ਗੁਰਮੁਖ ਸਿੰਘ, ਜਾਤ (ਪੰਜਾਬੀ ਖੱਤਰੀ) ਕੋਹਲੀ, ਪੇਸ਼ਾ-ਦੁਕਾਨਦਾਰ ਅਤੇ ਦਾਖ਼ਲੇ ਦੀ ਮਿਤੀ 17 ਅਪ੍ਰੈਲ 1937 ਦਰਜ ਸੀ।
ਪਿੰਡ ਵਿੱਚ ਮਨਮੋਹਨ ਸਿੰਘ ਦੇ ਦੋਸਤ ਸ਼ਾਹ ਵਲੀ ਨੇ ਜਾਰਜ ਮੈਥਿਊ ਨੂੰ ਦੱਸਿਆ ਕਿ ਦੋ ਕੱਚੇ ਕਮਰਿਆਂ ਵਾਲਾ ਸਕੂਲ ਸੀ।
ਸ਼ਾਹ ਵਲੀ ਦਾ ਕਹਿਣਾ ਸੀ ਕਿ, "ਸਾਡੇ ਅਧਿਆਪਕ ਦੌਲਤ ਰਾਮ ਅਤੇ ਹੈੱਡ ਮਾਸਟਰ ਅਬਦੁਲ ਕਰੀਮ ਸਨ। ਕੁੜੀਆਂ-ਮੁੰਡੇ ਇਕੱਠੇ ਪੜ੍ਹਦੇ ਸਨ।"
'ਟ੍ਰਿਬਿਊਨ ਪਾਕਿਸਤਾਨ' 'ਚ ਛਪੇ ਲੇਖ ਮੁਤਾਬਕ ਉਸ ਦੇ ਦੋਸਤ ਗੁਲਾਮ ਮੁਹੰਮਦ ਖ਼ਾਨ ਨੇ ਨਿਊਜ਼ ਏਜੰਸੀ ਏਐੱਫਪੀ ਨੂੰ ਦੱਸਿਆ, "ਮੋਹਨਾ ਸਾਡੀ ਜਮਾਤ ਦਾ ਮੌਨੀਟਰ ਸੀ ਅਤੇ ਅਸੀਂ ਇਕੱਠੇ ਖੇਡਦੇ ਸੀ।"
ਉਨ੍ਹਾਂ ਨੇ ਦੱਸਿਆ, "ਉਹ ਇੱਕ ਸ਼ਰੀਫ ਅਤੇ ਹੁਸ਼ਿਆਰ ਬੱਚਾ ਸੀ। ਸਾਡੇ ਅਧਿਆਪਕ ਹਮੇਸ਼ਾ ਸਾਨੂੰ ਸਲਾਹ ਦਿੰਦੇ ਸਨ ਕਿ ਜੇਕਰ ਕੋਈ ਗੱਲ ਸਮਝ ਨਾ ਆਵੇ ਤਾਂ ਉਸ ਦੀ ਮਦਦ ਲਵੋ।"
ਚੌਥੀ ਜਮਾਤ ਪਾਸ ਕਰਨ ਤੋਂ ਬਾਅਦ, ਮਨਮੋਹਨ ਆਪਣੇ ਪਰਿਵਾਰ ਨਾਲ ਆਪਣੇ ਪਿੰਡ ਤੋਂ 25 ਕਿਲੋਮੀਟਰ ਦੂਰ ਚਕਵਾਲ ਚਲੇ ਗਏ ਅਤੇ 1947 ਵਿੱਚ ਬ੍ਰਿਟਿਸ਼ ਭਾਰਤ ਦੀ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਤੋਂ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਚਲੇ ਗਏ।
ਇਸ ਤਰ੍ਹਾਂ ਉਨ੍ਹਾਂ ਦੇ ਪਿੰਡ ਦੇ ਮਿੱਤਰ ਸ਼ਾਹ ਵਲੀ ਉਨ੍ਹਾਂ ਨੂੰ ਮੁੜ ਕਦੇ ਨਾ ਮਿਲ ਸਕੇ। ਹਾਲਾਂਕਿ,ਉਨ੍ਹਾਂ ਦੇ ਬਚਪਨ ਦਾ ਦੋਸਤ ਰਾਜਾ ਮੁਹੰਮਦ ਅਲੀ ਉਨ੍ਹਾਂ ਨੂੰ 2008 ਵਿੱਚ ਮਨਮੋਹਨ ਸਿੰਘ ਦੀ ਪਾਰਟੀ ਵਿੱਚ ਮਿਲੇ ਸਨ। ਬਾਅਦ ਵਿੱਚ 2010 ਵਿੱਚ ਰਾਜਾ ਮੁਹੰਮਦ ਅਲੀ ਦੀ ਮੌਤ ਹੋ ਗਈ।
'ਟਾਈਮਜ਼ ਆਫ਼ ਇੰਡੀਆ' ਅਨੁਸਾਰ ਰਾਜਾ ਮੁਹੰਮਦ ਅਲੀ ਨੇ 'ਮੋਹਨਾ' ਨੂੰ ਇੱਕ ਸ਼ਾਲ, ਚੱਕਵਾਲੀ ਜੁੱਤੀ ਅਤੇ ਪਿੰਡ ਦੀ ਮਿੱਟੀ ਅਤੇ ਪਾਣੀ ਦਿੱਤਾ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਤੋਹਫ਼ੇ ਵਜੋਂ ਇੱਕ ਪੱਗ ਅਤੇ ਇੱਕ ਕਢਾਈ ਵਾਲਾ ਸ਼ਾਲ ਮਿਲਿਆ।
ਸੱਤਾ ਸੰਭਾਲਣ ਤੋਂ ਕੁਝ ਸਮੇਂ ਬਾਅਦ ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਤਤਕਾਲੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਕਿਹਾ ਗਿਆ ਸੀ ਕਿ 'ਗਾਹ' ਪਿੰਡ ਦੇ ਵਿਕਾਸ ਲਈ ਯਤਨ ਕੀਤੇ ਜਾਣ।
'ਟਾਈਮਜ਼ ਆਫ਼ ਇੰਡੀਆ' ਦੇ ਅਨੁਸਾਰ, 1 ਅਪ੍ਰੈਲ 2010 ਨੂੰ ਇੱਕ ਅਸਾਧਾਰਨ ਤੌਰ 'ਤੇ ਭਾਵੁਕ ਰਾਸ਼ਟਰੀ ਭਾਸ਼ਣ ਵਿੱਚ, ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮਿੱਟੀ ਦੇ ਤੇਲ ਦੇ ਦੀਵੇ ਦੀ ਰੌਸ਼ਨੀ ਨਾਲ ਪੜ੍ਹਾਈ ਕੀਤੀ।
ਕੰਬਦੀ ਆਵਾਜ਼ ਵਿੱਚ ਉਨ੍ਹਾਂ ਨੇ ਕਿਹਾ ਸੀ, "ਅੱਜ ਮੈਂ ਜੋ ਕੁਝ ਵੀ ਹਾਂ,ਪੜ੍ਹਾਈ ਕਰਕੇ ਹਾਂ।"

'ਮੋਹਨਾ' ਦੇ ਗਾਹ ਪਿੰਡ ਵਾਲੇ ਦੋਸਤਾਂ ਦਾ ਇੰਤਜ਼ਾਰ ਅਤੇ ਅਧੂਰੀ ਇੱਛਾ
ਮਨਮੋਹਨ ਸਿੰਘ ਨੇ ਕੈਂਬਰਿਜ ਅਤੇ ਫਿਰ ਆਕਸਫੋਰਡ ਜਾਣ ਤੋਂ ਪਹਿਲਾਂ ਭਾਰਤ ਵਿੱਚ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ ਸੀ।
ਜਦੋਂ ਉਹ ਸਾਲ 1991 ਵਿੱਚ ਭਾਰਤ ਦੇ ਵਿੱਤ ਮੰਤਰੀ ਬਣੇ ਤਾਂ ਆਰਥਿਕਤਾ ਤਬਾਹੀ ਦੇ ਕੰਢੇ 'ਤੇ ਸੀ ਪਰ ਫਿਰ 2007 ਤੱਕ ਭਾਰਤ ਨੇ ਆਪਣੀ ਸਭ ਤੋਂ ਉੱਚੀ ਜੀਡੀਪੀ ਦਰ ਹਾਸਲ ਕੀਤੀ।
ਗਾਹ ਪਿੰਡ ਵਿੱਚ ਮਨਮੋਹਨ ਸਿੰਘ ਦੇ ਹੋਰ ਦੋਸਤ ਉਨ੍ਹਾਂ ਦੇ ਪਾਕਿਸਤਾਨ ਆਉਣ ਅਤੇ ਉਨ੍ਹਾਂ ਨੂੰ ਮਿਲਣ ਦਾ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੇ ਪਾਕਿਸਤਾਨ ਆਉਣ ਦਾ ਸੱਦਾ ਪ੍ਰਵਾਨ ਕਰ ਲਿਆ ਸੀ ਪਰ ਕਿਸੇ ਕਾਰਨ ਉਹ ਨਹੀਂ ਜਾ ਸਕੇ।
'ਮੋਹਨਾ' ਦੇ ਆਉਣ ਦੀ ਉਮੀਦ ਇਸ ਲਈ ਵੀ ਸੀ ਕਿਉਂਕਿ ਮਨਮੋਹਨ ਸਿੰਘ ਦੇ ਪਤਨੀ ਗੁਰਸ਼ਰਨ ਕੌਰ ਦਾ ਪਰਿਵਾਰ ਵੀ ਵੰਡ ਤੋਂ ਪਹਿਲਾਂ ਪੰਜਾਬ ਦੇ ਜਿਹਲਮ ਜ਼ਿਲ੍ਹੇ ਦੇ ਪਿੰਡ ਢੱਕੂ ਵਿੱਚ ਰਹਿੰਦਾ ਸੀ।

ਤਸਵੀਰ ਸਰੋਤ, Getty Images
ਭਾਰਤ ਅਤੇ ਪਾਕਿਸਤਾਨ ਦੇ ਆਗੂਆਂ ਦਾ ਦਾ ਰਵੱਈਆ ਅਜੀਬ ਹੁੰਦਾ ਹੈ। ਮਿਲਣਾ ਹੋਵੇ ਤਾਂ ਬਹਾਨਾ ਲੱਭਦੇ ਹਨ,ਜੇ ਨਾ ਮਿਲਣਾ ਹੋਵੇ ਤਾਂ ਕੋਲੋਂ ਲੰਘਦੇ ਹੋਏ ਵੀ ਅੱਖ ਨਹੀਂ ਮਿਲਾਉਂਦੇ।
ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜ਼ਨਲ ਕਾਰਪੋਰੇਸ਼ਨ(ਸਾਰਕ) ਦਾ ਸੋਲ੍ਹਵਾਂ ਸਿਖ਼ਰ ਸੰਮੇਲਨ 2010 ਵਿੱਚ ਭੂਟਾਨ ਵਿੱਚ ਹੋਇਆ ਸੀ।
ਮੈਂ ਦੱਖਣੀ ਏਸ਼ੀਆ ਦੇ ਪੱਤਰਕਾਰਾਂ ਦੀ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਉੱਥੇ ਸੀ।
'ਸਾਰਕ' ਦੇ ਹੋਰ ਦੇਸ਼ ਸਮਝਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਅਤੇ ਗੱਲਬਾਤ ਦੀ ਘਾਟ ਦੱਖਣੀ ਏਸ਼ੀਆ ਦੇ ਵਿਕਾਸ ਵਿੱਚ ਰੁਕਾਵਟ ਹੈ ਅਤੇ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਖੁੱਲ੍ਹ ਕੇ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ।
ਸ਼ਾਇਦ ਇਸੇ ਕਰਕੇ ਸਿਖਰ ਸੰਮੇਲਨ ਦੇ ਮੇਜ਼ਬਾਨ ਭੂਟਾਨ ਨੇ ਰਾਜਧਾਨੀ ਥਿੰਫੂ ਦੇ 'ਸਾਰਕ' ਵਿਲੇਜ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੂੰ ਹਿਮਾਲਿਆ ਦੀ ਖੁਸ਼ਗਵਾਰ ਪਹਾੜੀ ਹਵਾ ਦੇ ਵਿਚਕਾਰ ਇੱਕ ਦੋ ਮੰਜ਼ਿਲਾ ਵਿਲਾ ਵਿੱਚ ਗੁਆਂਢੀ ਬਣਾਇਆ।
ਸ਼ਾਇਦ ਉਹ ਉਮੀਦ ਕਰ ਰਹੇ ਸਨ ਕਿ ਉਹ ਦਿਨ ਵਿੱਚ ਕਿਸੇ ਸਮੇਂ ਇੱਕ-ਦੂਜੇ ਦਾ ਹਾਲ-ਚਾਲ ਪੁੱਛ ਲੈਣਗੇ।

ਥਿੰਪੂ ਦੇ ਇੱਕ ਟੈਬਲਾਇਡ, 'ਭੂਟਾਨ ਟੂਡੇ' ਦੇ ਅਨੁਸਾਰ,ਇਹ ਮਨਮੋਹਨ ਸਿੰਘ ਅਤੇ ਗਿਲਾਨੀ ਨੂੰ ਘੱਟੋ-ਘੱਟ ਗੁਆਂਢੀਆਂ ਵਜੋਂ ਮਿਲਣ ਲਈ ਮਜਬੂਰ ਕਰਨ ਦੀ ਇੱਕ ਪੁਰਾਣੀ ਪਰ ਪ੍ਰਭਾਵਸ਼ਾਲੀ ਭੂਟਾਨੀ ਕੋਸ਼ਿਸ਼ ਸੀ।
ਪਰ ਦੋਵੇਂ ਪ੍ਰਧਾਨ ਮੰਤਰੀਆਂ ਨੇ ਇਸ ਕੋਸ਼ਿਸ਼ ਨਾਕਾਮ ਕਰ ਦਿੱਤੀ ਸੀ,ਜਿਨ੍ਹਾਂ ਨੇ ਮਿਲਣਾ ਸੀ,ਉਹ ਨਹੀਂ ਮਿਲੇ।
ਇੱਥੋਂ ਤੱਕ ਕੇ 'ਸਾਰਕ' ਦੇਸ਼ਾਂ ਦੇ ਮੁਖੀਆਂ ਨੂੰ ਵੀ ਇੱਕ ਦਿਨ ਕਹਿਣਾ ਪਿਆ ਕਿ ਢਲਦੇ ਸੂਰਜ ਦੌਰਾਨ ਉਹ ਦੋਵੇਂ ਇੱਕ ਪਾਸੇ ਹੋ ਕੇ ਟਹਿਲ ਲੈਣ।
ਫਿਰ 'ਸਾਰਕ' ਦੀ ਪ੍ਰੈਸ ਰਿਲੀਜ਼ ਅਨੁਸਾਰ ਉਨ੍ਹਾਂ ਦੇ ਜ਼ੋਰ ਪਾਉਣ 'ਤੇ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਨੇ ਸਾਰਕ ਵਿਲੇਜ ਵਿੱਚ ਇਕੱਠੇ ਸੈਰ ਕੀਤੀ ਅਤੇ ਗੱਲਬਾਤ ਵੀ ਕੀਤੀ।
ਹਾਲਾਂਕਿ, ਮਨਮੋਹਨ ਸਿੰਘ ਅਤੇ ਗਿਲਾਨੀ ਦੀ ਦੁਬਾਰਾ ਮੁਲਾਕਾਤ ਹੋਈ,ਜਿੱਥੇ ਉਨ੍ਹਾਂ ਨੇ ਵਿਸ਼ਵਾਸ ਬਹਾਲ ਕਰਨ ਲਈ ਗੱਲਬਾਤ ਦੇ ਰਾਹਾਂ ਨੂੰ ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ।
ਭਾਰਤ-ਪਾਕਿਸਤਾਨ ਰਿਸ਼ਤਿਆਂ ਨੂੰ ਸੁਧਾਰਨ ਦੇ ਇਰਾਦੇ ਪੂਰਾ ਨਾ ਹੋਏ

ਤਸਵੀਰ ਸਰੋਤ, Getty Images
ਉਸ ਸਮੇਂ ਵਿਰੋਧੀ ਭਾਰਤੀ ਜਨਤਾ ਪਾਰਟੀ ਨੇ ਮਨਮੋਹਨ ਸਿੰਘ ਦੀ ਕਾਂਗਰਸ 'ਤੇ ਪਾਕਿਸਤਾਨ ਦੇ ਬਾਰੇ ਨਰਮ ਰਵੱਈਆ ਰੱਖਣ ਦਾ ਇਲਜ਼ਾਮ ਲਗਾਇਆ।
ਜਨਵਰੀ ਵਿੱਚ ਆਪਣੀ ਵਿਦਾਇਗੀ ਪ੍ਰੈੱਸ ਕਾਨਫਰੰਸ ਵਿੱਚ ਮਨਮੋਹਨ ਸਿੰਘ ਨੇ ਇਹ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਪਰਵੇਜ਼ ਮੁਸ਼ੱਰਫ ਸਰਕਾਰ ਨਾਲ ਕਸ਼ਮੀਰ 'ਤੇ ਸ਼ਾਂਤੀ ਸਮਝੌਤਾ ਕਰਨ ਦੇ ਬਹੁਤ ਨਜ਼ਦੀਕ ਪਹੁੰਚ ਚੁੱਕੀ ਸੀ ਪਰ ਫਿਰ 2008 ਵਿੱਚ ਮੁੰਬਈ 'ਚ ਅੱਤਵਾਦੀ ਹਮਲਾ ਹੋ ਗਿਆ।
ਮਨਮੋਹਨ ਸਿੰਘ ਦੀ ਸਲਾਹ ਸੀ ਕਿ ਜੇ ਭਾਰਤ ਨੂੰ ਆਪਣੀ ਆਰਥਿਕ ਇੱਛਾਵਾਂ ਨੂੰ ਪੂਰਾ ਕਰਨਾ ਹੈ ਤਾਂ ਉਸ ਲਈ ਕਸ਼ਮੀਰ ਸਮੱਸਿਆ ਨੂੰ ਹੱਲ ਕਰਨਾ ਹੋਵੇਗਾ।
ਮੁਸ਼ੱਰਫ਼ ਦੇ ਬਾਅਦ ਆਉਣ ਵਾਲੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨਾਲ ਮਨਮੋਹਨ ਸਿੰਘ ਦੀ ਮੁਲਾਕਾਤ ਨਿਊਯਾਰਕ ਵਿੱਚ ਹੋਈ।
ਸਾਲ 2011 ਵਿੱਚ ਉਸ ਸਮੇਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੂੰ ਪੰਜਾਬ ਦੇ ਸ਼ਹਿਰ ਮੁਹਾਲੀ ਵਿੱਚ ਕ੍ਰਿਕਟ ਵਿਸ਼ਵ ਕੱਪ ਦਾ ਮੈਚ ਦੇਖਣ ਦੀ ਦਾਵਤ ਦਿੱਤੀ ਗਈ।
ਪੱਤਰਕਾਰ ਅਭੀਕ ਬਰਮਨ ਨੇ ਲਿਖਿਆ ਕਿ ਭਾਰਤ ਨੇ ਕ੍ਰਿਕਟ ਵਿੱਚ ਪਾਕਿਸਤਾਨ ਨੂੰ ਹਰਾ ਦਿੱਤਾ ਪਰ ਇੱਕ ਹੋਰ ਮੈਦਾਨ "ਕ੍ਰਿਕਟ ਕੁਟਨੀਤੀ" ਵਿੱਚ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਜਿੱਤੇ ਹੋਏ ਹਨ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਯੂਸੁਫ਼ ਰਾਜਾ ਗਿਲਾਨੀ ਨੇ ਕ੍ਰਿਕਟ ਮੈਚ ਅਤੇ ਡਿਨਰ ਦੇ ਦੌਰਾਨ ਇੱਕ-ਦੂਜੇ ਨਾਲ ਬਿਨਾਂ ਰੁਕਾਵਟ ਅੱਠ ਘੰਟੇ ਗੱਲਬਾਤ ਕੀਤੀ।
ਸਾਲ 2012 ਵਿੱਚ ਇਸ ਸਮੇਂ ਦੇ ਭਾਰਤੀ ਵਿਦੇਸ਼ ਮੰਤਰੀ ਐੱਸਐੱਮ ਕ੍ਰਿਸ਼ਣ ਅਤੇ ਪਾਕਿਸਤਾਨੀ ਵਿਦੇਸ਼ ਮੰਤਰੀ ਰਹਿਮਾਨ ਮਲਿਕ ਨੇ ਸੁਤੰਤਰ ਵੀਜ਼ਾ ਸਮਝੌਤੇ 'ਤੇ ਦਸਤਖ਼ਤ ਕੀਤੇ, ਜਿਸ ਨਾਲ ਦੋਵੇਂ ਪਾਸੇ ਦੇ ਲੋਕਾਂ ਲਈ ਦੂਜੇ ਦੇਸ਼ ਵਿੱਚ ਯਾਤਰਾ ਵੀਜ਼ਾ ਹਾਸਲ ਕਰਨਾ ਆਸਾਨ ਹੋ ਗਿਆ।

ਤਸਵੀਰ ਸਰੋਤ, Getty Images
ਸਾਲ 2013 ਵਿੱਚ ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੇ ਮੌਕੇ 'ਤੇ ਨਿਊਯਾਰਕ ਵਿੱਚ ਮਿਲੇ।
ਦੋਵਾਂ ਨੇ ਇੱਕ-ਦੂਜੇ ਦੇ ਦੇਸ਼ਾਂ ਦੇ ਦੌਰੇ ਦੀ ਦਾਵਤ ਵੀ ਕਬੂਲ ਕੀਤੀ ਪਰ ਕੋਈ ਤਾਰੀਖ ਤੈਅ ਨਹੀਂ ਹੋਈ।
ਉਸੇ ਸਾਲ ਮਈ ਵਿੱਚ ਨਵਾਜ਼ ਸ਼ਰੀਫ਼ ਦੇ ਪੀਐੱਮ ਚੁਣੇ ਜਾਣ ਦੇ ਬਾਅਦ ਇਹ ਉਨ੍ਹਾਂ ਦੀ ਆਹਮੋ-ਸਾਹਮਣੇ ਦੀ ਪਹਿਲੀ ਮੁਲਾਕਾਤ ਸੀ।
ਅਗਲਾ ਸਾਲ ਮਨਮੋਹਨ ਸਿੰਘ ਦੀ ਸਰਕਾਰ ਦਾ ਆਖਰੀ ਸਾਲ ਸੀ।
ਮਨਮੋਹਨ ਸਿੰਘ ਜਦੋਂ ਸਾਲ 2019 ਵਿੱਚ ਪਾਕਿਸਤਾਨ ਆਏ ਤਾਂ ਉਹ 'ਇੱਕ ਆਮ ਆਦਮੀ' ਦੇ ਤੌਰ 'ਤੇ ਯਾਤਰੀਆਂ ਦੇ ਪਹਿਲੇ ਜਥੇ ਵਿੱਚ ਕਰਤਾਰਪੁਰ ਤੱਕ ਗਏ, ਜਿੱਥੇ ਸਿੱਖਾਂ ਲਈ ਪਵਿੱਤਰ ਗੁਰਦੁਆਰਾ ਦਰਬਾਰ ਸਾਹਿਬ ਤੱਕ ਭਾਰਤ ਤੋਂ ਡੇਰਾ ਬਾਬਾ ਨਾਨਕ ਦੇ ਰਾਸਤੇ ਆਉਣ ਲਈ ਲਾਂਘੇ ਦਾ ਉਦਘਾਟਨ ਹੋਇਆ ਸੀ।
ਉਨ੍ਹਾਂ ਨੇ ਉਮੀਦ ਜਤਾਈ ਸੀ ਕਿ 'ਕਰਤਾਰਪੁਰ ਮਾਡਲ' ਭਵਿੱਖ ਦੇ ਵਿਵਾਦਾਂ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਸੀ, "ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਸ਼ਾਂਤੀ ਅਤੇ ਸਦਭਾਵਨਾ ਹੀ ਅੱਗੇ ਵੱਧਣ ਦਾ ਇੱਕੋ-ਇੱਕ ਰਾਹ ਹੈ।"
ਪਰ 'ਮੋਹਨਾ' ਦੀ ਪਾਕਿਸਤਾਨ 'ਚ ਆਪਣੇ ਜਨਮ ਸਥਾਨ ਦਾ ਦੌਰਾ ਕਰਨ ਦੀ ਇੱਛਾ ਪੂਰੀ ਨਹੀਂ ਹੋ ਸਕੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












