ਮਨਮੋਹਨ ਸਿੰਘ ਯਾਦਗਾਰੀ ਸਮਾਰਕ: ਸਿੱਖ ਧਰਮ ਦੀ ਕੀ ਹੈ ਸਮਾਧ ਬਾਰੇ ਮਾਨਤਾ, ਕਿਸ ਨੁਕਤੇ ਉੱਤੇ ਚੱਲ ਰਹੀ ਬਹਿਸ

Dr. Manmohan Singh

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਡਾਕਟਰ ਮਨਮੋਹਨ ਸਿੰਘ ਭਾਰਤ ਦੇ ਇਕਲੌਤੇ ਸਿੱਖ ਪ੍ਰਧਾਨ ਮੰਤਰੀ ਸਨ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਸਸਕਾਰ ਅਤੇ ਯਾਦਗਾਰ ਲਈ ਰਾਜਘਾਟ ਉੱਤੇ ਥਾਂ ਨਾ ਦੇਣ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਹੈ।

ਵਿਰੋਧੀ ਧਿਰਾਂ ਅਤੇ ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਹੁਣ ਇਹ ਚਰਚਾ ਚੱਲ ਰਹੀ ਹੈ ਕਿ ਕੀ ਸਿੱਖ ਧਰਮ ਵਿੱਚ ਮੌਤ ਮਗਰੋਂ ਸਮਾਧ ਬਣਾਉਣ ਦੀ ਮਰਿਆਦਾ ਹੈ ਵੀ ਜਾਂ ਨਹੀਂ।

ਇਹ ਗੱਲ ਉਦੋਂ ਸੁਰਖ਼ੀਆਂ ਵਿੱਚ ਆਈ ਜਦੋਂ 31 ਦਸੰਬਰ ਨੂੰ ਸਾਬਕਾ ਰਾਜ ਸਭਾ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਮਨਮੋਹਨ ਸਿੰਘ ਦੀ ਪਤਨੀ ਨੂੰ ਇੱਕ ਚਿੱਠੀ ਭੇਜ ਕੇ ਸੁਝਾਅ ਦਿੱਤਾ ਕਿ ਸਿੱਖ ਧਰਮ ਵਿੱਚ ਸਮਾਧੀ ਬਣਾਉਣ ਦੀ ਕੋਈ ਮਾਨਤਾ ਨਹੀਂ ਹੈ।

ਤਰਲੋਚਨ ਸਿੰਘ ਦੇ ਇਸ ਬਿਆਨ ਦਾ ਸਿੱਖ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

"ਸਿੱਖ ਧਰਮ ਵਿੱਚ ਕਬਰ ਬਣਾਉਣਾ ਮਨਮੱਤ"

ਅਕਾਲੀ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ਪਰਮਜੀਤ ਸਿੰਘ ਸਰਨਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਤਰਲੋਚਨ ਸਿੰਘ ਦੇ ਬਿਆਨ ਦਾ ਵਿਰੋਧ ਕੀਤਾ।

ਉਨ੍ਹਾਂ ਦਾ ਕਹਿਣਾ ਹੈ, "ਸਿੱਖ ਧਰਮ ਵਿੱਚ ਮ੍ਰਿਤਕ ਸਰੀਰ ਦੀਆਂ ਅਸਥੀਆਂ ਜਾਂ ਸਰੀਰ ਮਿੱਟੀ ਵਿੱਚ ਦੱਬ ਕੇ ਕਬਰ ਬਣਾਉਣ ਦੀ ਮਨਾਹੀ ਹੈ। ਕਬਰ ਨਹੀਂ ਬਣ ਸਕਦੀ ਪਰ ਯਾਦਗਾਰ ਬਣ ਸਕਦੀ ਹੈ ਤੇ ਯਾਦਗਾਰ ਵਿੱਚ ਥੜਾ ਵੀ ਬਣ ਸਕਦਾ ਹੈ ਕਿਉਂਕਿ ਉਹ ਇੱਕ ਯਾਦਗਾਰ ਹੈ, ਉਹ ਕੋਈ ਕਬਰ ਨਹੀਂ ਹੈ। ਕਬਰ ਮਨਮੱਤ ਹੈ।"

ਸਰਨਾ ਨੇ ਕਿਹਾ, "ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਥੜੇ ਬਣੇ ਹੋਏ ਹਨ। ਰਾਜਘਾਟ ਵਿੱਚ ਹੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਯਾਦਗਾਰ ਬਣੀ ਹੋਈ ਹੈ। ਫੇਰ ਡਾਕਟਰ ਮਨਮੋਹਨ ਸਿੰਘ ਦੀ ਯਾਦਗਾਰ ਕਿਉਂ ਨਹੀਂ ਬਣ ਸਕਦੀ।"

ਤਰਲੋਚਨ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਰਲੋਚਨ ਸਿੰਘ ਨੇ ਮਰਹੂਮ ਡਾ. ਮਨਮੋਹਨ ਸਿੰਘ ਪਤਨੀ ਨੂੰ ਸਮਾਧ ਬਣਾਉਣ ਸਬੰਧੀ ਚਿੱਠੀ ਲਿਖੀ

ਤਰਲੋਚਨ ਸਿੰਘ ਨੇ ਗੁਰਸ਼ਰਨ ਕੌਰ ਨੂੰ ਲਿਖੀ ਚਿੱਠੀ ਵਿੱਚ ਕੀ ਕਿਹਾ?

31 ਦਸੰਬਰ ਨੂੰ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਨੂੰ ਚਿੱਠੀ ਲਿਖ ਕੇ ਕਿਹਾ, "ਸਿੱਖ ਧਰਮ ਵਿੱਚ ਸਮਾਧੀ ਜਾਂ ਯਾਦਗਾਰ ਦੀ ਇਜਾਜ਼ਤ ਨਹੀਂ ਹੈ। ਸਿੱਖ ਧਾਰਮਿਕ ਆਗੂਆਂ ਨੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਸਮਾਧੀ ਨੂੰ ਸਵੀਕਾਰ ਨਹੀਂ ਕੀਤਾ ਸੀ।"

"ਸਾਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਂ 'ਤੇ ਇੰਟਰਨੈਸ਼ਨਲ ਡਾ. ਮਨਮੋਹਨ ਸਿੰਘ ਸਕੂਲ ਆਫ਼ ਇਕਨਾਮਿਕਸ ਜਾਂ ਡਾ. ਮਨਮੋਹਨ ਸਿੰਘ ਸਕੂਲ ਆਫ਼ ਐਡਮਿਨਿਸਟ੍ਰੇਸ਼ਨ ਸਥਾਪਤ ਕਰਨ ਦੀ ਮੰਗ ਚੁੱਕਣੀ ਚਾਹੀਦੀ ਹੈ। ਜਿੱਥੇ ਵੱਖ-ਵੱਖ ਦੇਸ਼ਾਂ ਦੇ ਨੌਜਵਾਨ ਆ ਕੇ ਪੜ੍ਹਾਈ ਕਰ ਸਕਣ ਤੇ ਡਾ. ਮਨਮੋਹਨ ਸਿੰਘ ਦਾ ਨਾਂਅ ਹਮੇਸ਼ਾ ਯਾਦ ਰੱਖਿਆ ਜਾਵੇਗਾ।"

ਹਾਲਾਂਕਿ, ਤਰਲੋਚਨ ਸਿੰਘ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਰਾਜਘਾਟ ਉੱਤੇ ਥਾਂ ਕਿਉਂ ਨਹੀਂ ਦਿੱਤੀ ਇਸ ਦਾ ਦੁੱਖ ਹੈ ਪਰ ਹੁਣ "ਸਾਨੂੰ ਅੱਗੇ ਸੋਚਣਾ ਚਾਹੀਦਾ ਹੈ।"

ਬੀਬੀਸੀ

ਰਾਜਘਾਟ ਵਿੱਚ ਯਾਦਗਾਰ ਬਣਾਉਣ ਦੀ ਮੰਗ ਕਿਉਂ?

ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਬੀਬੀਸੀ ਨਾਲ ਗੱਲ ਕਰਦਿਆਂ ਕਹਿੰਦੇ ਹਨ, "ਇਹ ਮੰਗ ਜਾਇਜ਼ ਹੈ, ਰਾਜਘਾਟ ਉਹ ਥਾਂ ਹੈ ਜਿੱਥੇ ਵਿਦੇਸ਼ ਤੋਂ ਆਇਆ ਹਰ ਰਸੂਖ਼ਦਾਰ ਵਿਅਕਤੀ ਭਾਰਤ ਦੀਆਂ ਮਹਾਨ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਦਿੰਦਾ, ਉਨ੍ਹਾਂ ਨੂੰ ਯਾਦ ਕਰਦਾ ਹੈ।"

"ਜੇਕਰ ਮਨਮੋਹਨ ਸਿੰਘ ਦੀ ਯਾਦਗਾਰ ਰਾਜਘਾਟ ਵਿੱਚ ਨਹੀਂ ਹੋਵੇਗੀ ਤਾਂ ਉਹ ਲੋਕ ਭਾਰਤ ਦੇ ਮਹਾਨ ਅਰਥਸ਼ਾਸ਼ਤਰੀ ਅਤੇ ਬੇਦਾਗ਼ ਪ੍ਰਧਾਨ ਮੰਤਰੀ ਨੂੰ ਯਾਦ ਨਹੀਂ ਕਰਨਗੇ।"

ਉਨ੍ਹਾਂ ਅੱਗੇ ਕਿਹਾ, "ਉਨ੍ਹਾਂ ਦੀ ਯਾਦਗਾਰ ਕਿਸੇ ਹੋਰ ਥਾਂ ਉੱਤੇ ਬਣ ਵੀ ਜਾਵੇਗੀ, ਲੋਕ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਆਪ ਮੁਹਾਰੇ ਯਾਦ ਵੀ ਰੱਖਣਗੇ ਪਰ ਰਾਜਘਾਟ ਵਿੱਚ ਉਨ੍ਹਾਂ ਦੀ ਯਾਦਗਾਰ ਨਾ ਹੋਣ ਦਾ ਮਤਲਬ ਹੋਵੇਗਾ ਭਾਰਤ ਦੇ ਇਤਿਹਾਸ ਵਿੱਚ ਇੱਕ ਮਹਾਨ ਵਿਅਕਤੀ ਨੂੰ ਸੋਚ ਸਮਝ ਕੇ ਅਲੋਪ ਕਰ ਦੇਣਾ।"

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਸਾਨੂੰ ਸਮਝਣਾ ਪਵੇਗਾ ਕਿ ਇਹ ਮਸਲਾ ਸਮਾਧ ਬਣਾਉਣ ਦਾ ਨਹੀਂ ਹੈ। ਸਮਾਧ ਬਣਾਉਣ ਦੀ ਮੰਗ ਕੋਈ ਨਹੀਂ ਕਰ ਰਿਹਾ। ਭਾਜਪਾ ਨੇ ਰਾਜਘਾਟ ਉੱਤੇ ਥਾਂ ਨਾ ਦੇ ਕੇ ਵਿਤਕਰੇ ਦਾ ਪ੍ਰਗਟਾਵਾ ਕੀਤਾ ਹੈ।"

"ਅਸੀਂ ਯਾਦਗਾਰ ਬਣਾਉਣ ਦੀ ਮੰਗ ਕਰ ਰਹੇ ਹਾਂ। ਤਰਲੋਚਨ ਸਿੰਘ ਗਿਆਨੀ ਜ਼ੈਲ ਸਿੰਘ ਦੇ ਪੀਏ ਰਹੇ ਹਨ ਅਤੇ ਗਿਆਨੀ ਜ਼ੈਲ ਸਿੰਘ ਦੀ ਯਾਦਗਾਰ ਬਣਵਾਉਣ ਵਾਲਿਆਂ ਵਿੱਚ ਉਹ ਸਭ ਤੋਂ ਅੱਗੇ ਸਨ।"

ਗੁਰਚਨ ਸਿੰਘ ਗਰੇਵਾਲ
ਤਸਵੀਰ ਕੈਪਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਚਨ ਸਿੰਘ ਗਰੇਵਾਲ

ਸਿੱਖ ਰਹਿਤ ਮਰਿਯਾਦਾ ਕੀ ਹੈ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਮੁਤਾਬਕ ਸਿੱਖ ਰਹਿਤ ਮਰਿਆਦਾ ਅਨੁਸਾਰ ਮ੍ਰਿਤਕ ਪ੍ਰਾਣੀ ਦੇ ਸਸਕਾਰ ਤੋਂ ਬਾਅਦ ਸਰੀਰ ਦੀ ਭਸਮ ਅਸਥੀਆਂ ਸਮੇਤ ਜਲ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉੱਥੇ ਹੀ ਦੱਬ ਕੇ ਜ਼ਮੀਨ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਅਸਥਾਨ ਉੱਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾਂ ਹੈ।

ਡਾ. ਮਨਮੋਹਨ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ. ਮਨਮੋਹਨ ਸਿੰਘ 26 ਦਸੰਬਰ ਨੂੰ ਦੇਹਾਂਤ ਹੋ ਗਿਆ ਸੀ

ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਉੱਤੇ ਵਿਵਾਦ ਕਿਉਂ?

ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ 28 ਦਸੰਬਰ 2024 ਨੂੰ ਦਿੱਲੀ ਦੇ ਨਿਗਮਬੋਧ ਘਾਟ 'ਤੇ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਮਨਮੋਹਨ ਸਿੰਘ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾਇਆ।

ਉਨ੍ਹਾਂ ਐਕਸ 'ਤੇ ਲਿਖਿਆ ਸੀ, "ਮੌਜੂਦਾ ਸਰਕਾਰ ਨੇ ਭਾਰਤ ਮਾਤਾ ਦੇ ਮਹਾਨ ਪੁੱਤਰ ਅਤੇ ਸਿੱਖ ਕੌਮ ਦੇ ਪਹਿਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਨਿਗਮਬੋਧ ਘਾਟ ਵਿਖੇ ਸਸਕਾਰ ਕਰਕੇ ਅਪਮਾਨ ਕੀਤਾ ਹੈ।"

ਕਾਂਗਰਸ ਦੇ ਨਾਲ ਨਾਲ ਅਕਾਲੀ ਦਲ ਨੇ ਵੀ ਕੇਂਦਰ ਸਰਕਾਰ ਖਿਲਾਫ ਨਾਰਾਜ਼ਗੀ ਜਤਾਈ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਡਾ. ਮਨਮੋਹਨ ਸਿੰਘ ਨੇ ਭਾਰਤ ਨੂੰ ਆਰਥਿਕ ਤੌਰ 'ਤੇ ਸਥਿਰ ਕੀਤਾ, ਉਨ੍ਹਾਂ ਦਾ ਸਸਕਾਰ ਰਾਜ ਘਾਟ ਵਿਖੇ ਨਾ ਕਰਨਾ ਨਿਰਾਦਰ ਵਾਂਗ ਹੈ।

ਹਲਾਂਕਿ ਇਸਤੋਂ ਬਾਅਦ ਬੀਜੇਪੀ ਪ੍ਰਧਾਨ ਜੇਪੀ ਨੱਡਾ ਦਾ ਵੀ ਬਿਆਨ ਸੀ।

ਉਨ੍ਹਾਂ ਦਾ ਕਹਿਣਾ ਸੀ, "ਇਹ ਬਹੁਤ ਮੰਦਭਾਗੀ ਗੱਲ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਮੌਜੂਦਾ ਪ੍ਰਧਾਨ ਮਲਿਕਾਅਰਜੁਨ ਖੜਗੇ ਜੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ, ਮਾਨਯੋਗ ਡਾਕਟਰ ਮਨਮੋਹਨ ਸਿੰਘ ਜੀ ਦੇ ਦੁਖਦਾਈ ਦੇਹਾਂਤ ਤੋਂ ਬਾਅਦ ਵੀ ਰਾਜਨੀਤੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)